dr t virli

dr t virli

Monday 4 March 2013

ਪੰਜਾਬ 'ਚ ਕੈਂਸਰ ਦਾ ਕਹਿਰ ਅਤੇ ਸਰਕਾਰੀ ਸਰਵੇਖਣ


ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਮਦਦ ਨਾਲ ਕੈਂਸਰ ਦਾ ਘਰੋਂ-ਘਰੀ ਸਰਵੇਖਣ ਕਰਵਾਕੇ ਜਿੱਥੇ ਆਪਣੀ ਬਣਦੀ ਜਿੰਮੇਵਾਰੀ ਨਿਭਾਈ ਹੈ ਉੱਥੇ ਉਸ ਜਟਿਲ ਕੰਮ ਨੂੰ ਹੱਥ ਪਾਇਆ ਹੈ, ਜਿਸ ਨੂੰ ਅੱਜ ਤੋਂ ਵੀਹ ਸਾਲ ਪਹਿਲਾਂ ਹੀ ਹੱਥ ਪਾ ਲਿਆ ਜਾਣਾ ਚਾਹੀਦਾ ਸੀ। ਦੇਰ ਆਏ ਦਰੁਸਤ ਆਏ ਵਾਂਗ ਹੁਣ ਵੀ ਸਰਕਾਰ ਦੇ ਇਸ ਕਾਰਜ ਨੂੰ ਜੀ ਆਇਆ ਆਖਣਾ ਬਣਦਾ ਹੈ। ਪੰਜਾਬ ਦੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਇਨ੍ਹਾਂ ਸਰਵਿਆਂ 'ਤੇ ਸੁੰਤੁਸ਼ਟੀ ਜਾਹਰ ਕਰਦਿਆਂ ਕਿਹਾ ਹੈ ਕਿ ਰਾਸ਼ਟਰੀ ਔਸਤ ਇਕ ਲੱਖ ਅਬਾਦੀ ਪਿੱਛੇ 80 ਮਰੀਜ਼ਾਂ ਦੀ ਹੈ ਅਤੇ ਪੰਜਾਬ 'ਚ ਇਹ ਔਸਤ 90 ਮਰੀਜ਼ਾਂ ਦੀ ਹੈ, ਇਹ ਕੋਈ ਬਹੁਤੀ ਫਿਕਰ ਕਰਨ ਵਾਲੀ ਗੱਲ ਨਹੀਂ। ਇਹ ਬਿਆਨ ਵੀ ਹੈਰਾਨੀ ਪ੍ਰਗਟਾਉਂਦਾ ਹੈ। ਇਕ ਹੋਰ ਹਿਸਾਬ ਮੁਤਬਿਕ ਪੰਜਾਬ 'ਚ ਹਰ ਰੋਜ਼ 18 ਵਿਅਕਤੀ ਕੈਂਸਰ ਦੇ ਨਾਲ ਮਰ ਰਹੇ ਹਨ।
ਪੰਜਾਬ ਅੱਜ ਪੂਰੀ ਤਰ੍ਹਾਂ ਨਾਲ ਬਿਮਾਰੀਆਂ ਦੀ ਗਫ੍ਰਿਤ 'ਚ ਹੈ। ਬਿਮਾਰੀ ਦਾ ਇਲਾਜ ਨਾ ਕਰਵਾ ਸਕਣ ਦੀ ਮਜਬੂਰੀ 'ਚ ਲੋਕ ਸਾਧਾਂ ਦੇ ਡੇਰਿਆਂ ਵੱਲ ਧੱਕੇ ਖਾ ਰਹੇ ਹਨ। ਭਾਰਤ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ ਇਲਾਜ  ਕਰਵਾਉਣ ਦੇ ਯਤਨਾਂ 'ਚ ਹਰ ਸਾਲ 2.5 ਫ਼ੀਸਦੀ ਲੋਕ ਗਰੀਬੀ ਦੀ ਰੇਖਾ ਤੋ ਹੇਠਾਂ ਡਿੱਗ ਰਹੇ ਹਨ। ਮਾਲਵੇ ਦੀ ਉਹ ਬੈਲਟ ਜਿੱਥੇ ਕਪਾਹ ਦੀ ਖੇਤੀ ਹੁੰਦੀ ਹੈ, ਕੈਂਸਰ ਬੈਲਟ ਵਜੋਂ ਮਸ਼ਹੂਰ ਹੋ ਗਈ ਹੈ। ਉਕਤ ਸਰਵੇਖਣ ਨੂੰ ਮੁੜ ਤੋਂ ਕਰਵਾਉਣ ਦੀ ਮੰਗ ਵੀ ਸਾਹਮਣੇ ਆ ਰਹੀਂ ਹੈ, ਜਿੱਥੇ ਕੈਂਸਰ ਵਰਗੇ ਲੱਛਣਾਂ ਵਾਲੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਕੈਂਸਰ ਦੇ ਮਰੀਜ਼ ਹੀ ਨਹੀਂ ਮੰਨਿਆਂ ਗਿਆ।
ਪੰਜਾਬ ਜਿਸ ਦੀ ਪਹਿਚਾਣ ਹੀ ਪੰਜ ਪਾਣੀਆਂ ਕਰਕੇ ਹੈ। ਅੱਜ ਪਾਣੀ ਹੀ ਜ਼ਹਿਰ ਬਣ ਗਿਆ ਹੈ ਜਿਸ ਪਾਣੀ ਨੂੰ ਅਮ੍ਰਿੰਤ ਵਰਗਾ ਹੋਣ ਦਾ ਮਾਣ ਪ੍ਰਾਪਤ ਸੀ। ਅੱਜ ਪੰਜਾਬ ਦਾ ਪਾਣੀ ਏਨਾਂ ਪ੍ਰਦੂਸ਼ਤ ਹੋਇਆ ਹੈ ਕਿ ਨਦੀਆਂ ਵੀ ਸ਼ਰਮਸ਼ਾਰ ਹਨ, ਜਿਸ ਕਰਕੇ ਕੈਂਸਰ ਦੀ ਬਿਮਾਰੀ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋਂ ਪਾਲਤੂ ਜਾਨਵਰਾਂ ਨੂੰ ਵੀ ਲੱਗ ਰਹੀ ਹੈ।
ਬਠਿੰਡੇ ਤੋਂ ਬੀਕਾਨੇਰ ਨੂੰ ਜਾਣ ਵਾਲੀ ਰੇਲ ਗੱਡੀ 'ਚ ਪੰਜਾਬ ਦੇ ਕੈਂਸਰ ਪੀੜਤ ਲੋਕ ਹੀ ਸਫਰ ਕਰਦੇ ਹਨ। ਪੰਜਾਬ ਸਰਕਾਰ ਨੂੰ ਇਸ ਗੱਲ ਦਾ ਫਿਕਰ ਕਰਨਾ ਚਾਹੀਦਾ ਹੈ ਕਿ ਪੰਜਾਬ ਦੇ ਮਰੀਜ਼ਾਂ ਨੂੰ ਪੰਜਾਬ ਦੇ ਗਵਾਂਢੀ ਸੂਬਿਆਂ 'ਚ ਇਲਾਜ ਕਰਵਾਉਣ ਲਈ ਜਾਣਾ ਪੈ ਰਿਹਾ ਹੈ। ਪੰਜਾਬ ਦੇ ਸਰਕਾਰੀ ਹਸਪਤਾਲ ਤਾਂ ਆਪ ਨਿਗਮੀਕਰਨ ਦੇ ਕੈਂਸਰ ਤੋਂ ਪੀੜਤਹਨ।
ਸਾਉਥ ਅਫਰੀਕਾ ਤੋਂ ਆਈ ਇੱਕ ਡਾਕਟਰ ਕੈਰਨ ਸਮਿਥ ਦੀ ਟੀਮ ਨੇ 2008 'ਚ ਆਪਣੇ 14 ਮਹੀਨੇ ਦੇ ਠੋਸ ਅਧਿਐਨ ਤੋਂ ਬਾਅਦ ਜਿਹੜੇ ਸਿੱਟੇ ਕੱਢੇ ਸਨ, ਉਨ੍ਹਾਂ ਸਿੱਟਿਆਂ ਨੇ ਪੂਰੀ ਦੁਨੀਆਂ ਦਾ ਧਿਆਨ ਪੰਜਾਬ ਦੀ ਇਸ ਧਰਤੀ ਵੱਲ ਖਿੱਚਿਆ ਸੀ। ਉਸ ਦਾ ਅਧਿਐਨ ਕੇਂਦਰ ਮਾਲਵੇ ਦਾ ਖਿੱਤਾ ਸੀ। ਉਸ ਦੇ ਹੈਰਾਨੀਜਨਕ ਸਿੱਟੇ ਇਹ ਦਸਦੇ ਹਨ ਕਿ ਪੰਜਾਬ ਦੇ ਪਾਣੀਆਂ 'ਚ ਯੂਰੇਨੀਅਮ ਨਾਮ ਦੀ ਧਾਂਤ ਦਾ ਮਿਸ਼ਰਣ ਲੋੜੀਂਦੀ ਮਾਤਰਾ ਤੋਂ ਬਹੁਤ ਜ਼ਿਆਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਕਈ ਪਿੰਡਾਂ 'ਚ ਇਹ ਲੋੜੀਂਦੀ ਮਾਤਰਾ ਤੋਂ 60 ਗੁਣਾ ਤੋਂ ਵੀ ਵੱਧ ਹੈ। ਡਾ. ਕੈਰਨ ਸਮਿਥ ਨੇ ਪੰਜਾਬ ਤੇ ਭਾਰਤ ਦੀਆਂ ਸਰਕਾਰਾਂ ਨੂੰ ਖੁੱਲੇ ਖਤ ਲਿਖੇ ਸਨ। ਐਪਰ ਅਜੋਕੇ ਸਰਵੇ ਨੇ ਇਹ ਚਿੰਤਾ ਦਾ ਘੇਰਾ ਵਿਸ਼ਾਲ ਕਰ ਦਿੱਤਾ ਹੈ ਕਿ ਕੇਵਲ ਮਾਲਵਾ ਹੀ ਕੈਂਸਰ ਦੀ ਲਪੇਟ 'ਚ ਨਹੀਂ ਸਗੋਂ ਸਾਰਾ ਪੰਜਾਬ ਹੀ ਕੈਂਸਰ ਦੀ ਲਪੇਟ 'ਚ ਹੈ।
ਬਾਬਾ ਫਰੀਦ ਸੈਂਟਰ ਦੇ ਅਧਿਐਨ ਨੇ ਵੀ ਇਹ ਹੀ ਰਿਪੋਰਟ ਦਿੱਤੀ ਸੀ ਕਿ ਮਾਲਵੇ ਦੇ ਇਸ ਖਿੱਤੇ 'ਚ ਸਭ ਤੋਂ ਵਧੇਰੇ ਮਾਰੂ ਪ੍ਰਭਾਵ ਬੱਚਿਆਂ ਦੀ ਸਿਹਤ ਉਪਰ ਪੈ ਰਿਹਾ ਹੈ। ਬਾਬਾ ਫਰੀਦ ਅਧਿਐਨ ਸੈਂਟਰ ਨੇ ਇਹ ਸ਼ੰਕਾ ਪ੍ਰਗਟ ਕੀਤੀ ਸੀ ਕਿ ਇੱਥੇ ਦੇ ਦੋ ਵੱਡੇ ਬਿਜਲੀ ਪਲਾਂਟ ਇਸ ਦਾ ਕਾਰਨ ਹਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਸੰਭਵ ਹੈ ਕਿ ਇਨ੍ਹਾਂ ਵੱਡੇ ਬਿਜਲੀ ਪਲਾਂਟਾਂ ਦਾ ਬਾਲਣ ਕੋਲਾ ਸੜਕੇ ਸਵਾਹ ਦੇ ਰੂਪ 'ਚ ਜਦੋਂ ਧੂੜ 'ਚ ਰਲਦਾ ਹੈ ਤਾਂ ਇਹ ਧੂੜ ਮਾਲਵੇ ਦੇ ਜਿਸ-ਜਿਸ ਹਿੱਸੇ ਤੱਕ ਪਹੁੰਚਦੀ ਹੈ, ਉੱਥੇ-ਉੱਥੇ ਦਾ ਜਲਵਾਯੂ ਖਰਾਬ ਹੋ ਰਿਹਾ ਹੈ। ਇਸ ਤਾਜਾ ਸਰਵੇਖਣ ਨੇ ਹੋਰ ਵੀ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਕਿ ਮਾਲਵੇ ਦੇ ਲੋਕਾਂ ਨੂੰ ਬਿਜਲੀ ਦੀ ਕਿੰਨੀ ਵੱਡੀ ਕੀਮਤ ਦੇਣੀ ਪੈ ਰਹੀ ਹੈ। ਜੇ ਇਹ ਸ਼ੰਕੇ ਠੀਕ ਹਨ ਕਿ ਕੋਇਲੇ ਦੇ ਜਲੇ ਹੋਏ ਕਣ ਹੀ ਵੱਡੀ ਸਮੱਸਿਆ ਬਣ ਰਹੇ ਹਨ ਤਾਂ ਨਿਉਕੂਲੀਅਰ ਬਿਜਲੀ ਘਰਾਂ ਦੀ ਕੀਮਤ ਕਿੰਨੀ ਵੱਡੀ ਦੇਣੀ ਪਵੇਗੀ? ਇਸ ਦਾ ਅਨੁਮਾਨ ਤਾਂ ਅਸਾਨੀ ਦੇ ਨਾਲ ਹੀ ਲਾਇਆ ਜਾ ਸਕਦਾ ਹੈ। ਤਾਜਾ ਸਰਵੇਖਣ ਨੇ ਇਹ ਚਿੰਤਾ ਹੋਰ ਪੱਕੀ ਕਰ ਦਿੱਤੀ ਹੈ ਕਿ ਪੰਜਾਬ ਤਬਾਹੀ ਦੇ ਵੱਲ ਵਧ ਰਿਹਾ ਹੈ ਤੇ ਸਾਡੀਆਂ ਸਰਕਾਰਾਂ ਪ੍ਰਮਾਣੂ ਬਿਜਲੀ ਪਲਾਂਟ ਲਗਾਉਣ ਬਾਰੇ ਅਮਰੀਕੀ ਮਾਹਰਾਂ ਦੀ ਸਲਾਹ ਲੈ ਰਹੀਆਂ ਹਨ।
ਪਿੰਡਾਂ ਦੇ ਸਧਾਰਨ ਲੋਕਾਂ ਨੂੰ ਇਹ ਜਾਪ ਰਿਹਾ ਹੈ ਕਿ ਹਰਾ ਇਨਕਲਾਬ ਹੀ ਉਨ੍ਹਾਂ ਲਈ ਤਬਾਹੀ ਲੈ ਕੇ ਆਇਆ ਹੈ। ਬਿਮਾਰੀਆਂ ਨੇ ਵੀ ਉਦੋਂ ਹੀ ਜੋਰ ਫੜਿਆਂ ਹੈ ਜਦੋਂ ਤੋਂ ਹਰਾ ਇਨਕਲਾਬ ਆਪਣੇ ਸਿਖਰ ਉਪਰ ਜਾ ਕੇ ਖੜ ਗਿਆ ਹੈ। ਜਿੰਮੀਦਾਰ ਆਪਣੀ ਉਪਜ ਨੂੰ ਵਧਾਉਣ ਲਈ ਜ਼ਹਿਰਾਂ ਦੀ ਵਰਤੋਂ ਹੋਰ ਵੀ ਵਧੇਰੇ ਕਰਨ ਵੱਲ ਰੁਝ ਗਿਆ ਹੈ। ਲੱਗ ਰਿਹਾ ਹੈ ਕਿ ਹਰਾ ਇਨਕਲਾਬ ਹੀ ਸਮਾਜ ਦੇ ਵੱਡੇ ਵਰਗ ਲਈ ਮੁਸੀਬਤਾਂ ਲੈ ਕੇ ਆਇਆ ਹੈ। 2009 'ਚ ਹੀ ਗਰੀਨ ਪੀਸ ਰਿਸਰਚ ਲੈਬੋਰਟਰੀ ਇਨਵੈਸਟੀਗੇਸ਼ਨ ਦੇ ਡਾ. ਰੀਅਸ ਤਰਾਦੋ, ਇੰਗਲੈਂਡ ਤੋਂ ਮੁਕਤਸਰ ਅਤੇ ਬਠਿੰਡਾ ਦੇ ਪਿੰਡਾਂ ਦਾ ਅਧਿਐਨ ਕਰਨ ਲਈ ਪੰਜਾਬ ਆਏ ਸਨ ਨੇ ਆਪਣੀ ਜਾਂਚ ਪੜਤਾਲ 'ਚ ਪਾਇਆ ਕਿ ਨਮੂਨੇ ਦੇ 20 ਫੀਸਦ 'ਚ ਨਾਈਟਰੇਟ ਦੀ ਮਾਤਰਾ ਵਿਸ਼ਵ ਸਿਹਤ ਸੰਸਥਾ (ਡਬਲਯੂ. ਐਚ. ਓ.) ਵੱਲੋਂ ਨਿਰਧਾਰਤ ਮਾਤਰਾ ਨਾਲੋਂ ਜਿਆਦਾ ਹੈ। ਇਸ ਅਧਿਐਨ ਨੇ ਫਸਲਾਂ ਉਪਰ ਵਰਤੇ ਜਾਣ ਵਾਲੇ ਕੀਟਨਾਸ਼ਕ ਨੂੰ ਇਸ ਲਈ ਜਿੰਮੇਵਾਰ ਮੰਨਿਆ ਹੈ। ਫਸਲਾਂ ਉਪਰ ਵਰਤੇ ਜਾਣ ਵਾਲੇ ਕੀਟਨਾਸ਼ਕ ਦੀ ਜੜ ਹਰੇ ਇਨਕਲਾਬ 'ਚ ਜਾ ਪਹੁੰਚਦੀ ਹੈ। ਅੱਜ ਹਰੇ ਇਨਕਲਾਬ ਦੇ ਹਾਮੀ ਬੁੱਧੀਜੀਵੀ ਵੀ ਇਹ ਮੰਨਣ ਲੱਗ ਪਏ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਨੇ 1995 'ਚ ਹੀ ਅਜਿਹਾ ਖੋਜ ਕਾਰਜ ਪ੍ਰਕਾਸ਼ਿਤ ਕੀਤਾ ਸੀ, ਜਿਸ ਨੇ ਇਹ ਚਿੰਤਾਂ ਦਾ ਪ੍ਰਗਟਾਵਾ ਕੀਤਾ ਸੀ ਕਿ ਪੰਜਾਬ ਦੇ ਪਾਣੀਆਂ 'ਚ ਧਾਤਾਂ ਦਾ ਮਿਸ਼ਰਣ ਚਿੰਤਾਜਨਕ ਹੱਦ ਤੱਕ ਵਧ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਖੋਜ ਕਾਰਜ ਨੇ ਇਸ ਸੰਬੰਧੀ ਹੋਰ ਖੋਜ ਕਾਰਜ ਦੀ ਲੋੜ ਉਪਰ ਜੋਰ ਦਿੱਤਾ ਸੀ ਪਰ ਸਾਡੀਆਂ ਸਰਕਾਰਾਂ ਨੇ ਇਸ ਕਿਸਮ ਦੀ ਖੋਜ ਕਾਰਜ ਦੀ ਸ਼ਾਇਦ ਕੋਈ ਲੋੜ ਹੀ ਨਹੀਂ ਸੀ ਸਮਝੀ। ਇਹ ਖੋਜ ਕਾਰਜ ਲਾਇਬਰੇਰੀਆਂ ਦੀ ਵਸਤ ਬਣਕੇ ਹੀ ਰਹਿ ਗਿਆ ਹੈ। ਜੇ ਉਦੋਂ ਇਹ ਕਾਰਜ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਪੰਜਾਬ ਦੀਆਂ ਕੀਮਤੀ ਜਾਨਾਂ ਕੈਂਸਰ ਦੀ ਭੇਂਟ ਨਾ ਚੜ੍ਹਦੀਆਂ।
ਜਿਵੇਂ ਭਾਰਤ 'ਚ ਅਕਸਰ ਹੀ ਹੁੰਦਾ ਹੈ ਕਿ ਜਦੋਂ ਹਰ ਪਾਸਿਓ ਤੋਏ ਤੋਏ ਹੋਣ ਲੱਗ ਪੈਂਦੀ ਹੈ ਤਾਂ ਸਰਕਾਰਾਂ ਜਾਗਦੀਆਂ ਹਨ।ਪੰਜਾਬ 'ਚ ਵੀ ਅਜਿਹਾ ਹੀ ਹੋਇਆ ਹੈ। ਅਪ੍ਰੈਲ 2009 'ਚ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਕਰਨ ਲਈ ਭਾਬਾ ਅਟੌਮਕ ਰਿਸਰਚ ਸੈਂਟਰ, ਟਰੋਂਬੇ ਨੂੰ ਇਸ ਸੰਬੰਧੀ ਜਾਂਚ ਪੜਤਾਲ ਕਰਨ ਲਈ ਕਿਹਾ ਸੀ।
ਪੰਜਾਬ 'ਚ ਲੋਕਾਂ ਦੀ ਵਿਗੜ ਰਹੀ ਸਿਹਤ ਲਈ ਇੱਥੋਂ ਦਾ ਜਲਵਾਯੂ ਮੁੱਖ ਰੂਪ 'ਚ ਜਿੰਮੇਵਾਰ ਹੈ। ਵਾਯੂਮੰਡਲ ਨੂੰ ਖਰਾਬ ਕਰਨ ਵਾਲੀਆਂ ਧਿਰਾਂ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ। ਇਸੇ ਲਈ ਵਾਤਾਵਰਨ ਲਈ ਕੰਮ ਕਰਨ ਵਾਲੇ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਸਰਕਾਰ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਕੇਵਲ ਪੇਪਰਾਂ 'ਚ ਹੀ ਕੰਮ ਕਰਦਾ ਹੈ। ਉਨਾਂ ਨੇ ਸਰਕਾਰ ਨੂੰ ਬਹੁਤ ਹੀ ਸਖ਼ਤ ਸ਼ਬਦਾਂ 'ਚ ਕਿਹਾ ਹੈ ਕਿ ਪੰਜਾਬ ਦੀਆਂ ਫੈਕਟਰੀਆਂ ਦਾ ਪਾਣੀ ਜਿਸ 'ਚ ਸਾਇਆਨਾਈਡ ਵਰਗੇ ਖਤਰਨਾਕ ਕੈਮੀਕਲ ਵੀ ਹਨ ਨਾਲਿਆਂ ਰਾਹੀਂ ਪੰਜਾਬ ਦੇ ਪਾਣੀਆਂ 'ਚ ਰਲ ਰਹੇ ਹਨ ਤੇ ਇਹ ਖਤਰਨਾਕ ਕੈਮੀਕਲ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਤ ਕਰ ਰਹੇ ਹਨ।
ਪੰਜਾਬ ਦੇ ਹਰ ਰੋਜ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਅਜੇ ਤੱਕ ਕੋਈ ਲਾਮਬੰਦੀ ਤਾਂ ਦੂਰ ਰਹੀ ਅਜੇ ਚਰਚਾ ਵੀ ਨਹੀਂ ਚਲ ਰਹੀ। ਸ. ਬਲਜਿੰਦਰ ਸਿੰਘ ਲੂਵਾਂ ਦੁਆਰਾ ਪੰਜਾਬ ਦੀ ਹਾਈਕੋਰਟ 'ਚ ਪਬਲਿਕ ਇਨਟਰੈਸਟ ਲਿਟੀਕੇਸ਼ਨ ਪਾਈ ਗਈ ਸੀ ਜਿਸ ਤਹਿਤ ਚੀਫ ਜਸਟਿਸ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਉਹ ਦੱਸੇ ਕਿ ਹੁਣ ਤੱਕ ਪਾਣੀਆਂ 'ਚ ਯੁਰੇਨੀਅਮ ਦੀ ਵਧ ਰਹੀ ਮਾਤਰਾ ਬਾਰੇ ਸਰਕਾਰ ਨੇ ਕੀ ਕੀ ਕੰਮ ਕੀਤਾ ਹੈ? ਭਾਬਾ ਅਟੋਂਮਿਕ ਰਿਸਰਚ ਸੈਂਟਰ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਹਾਈ ਕੋਰਟ ਨੂੰ ਦੱਸਿਆ ਹੈ ਕਿ ਹਰ ਦੇਸ਼ ਦੇ ਪੌਣ-ਪਾਣੀ ਦੇ ਮੁਤਾਬਕ ਉੱਥੋਂ ਦੇ ਪਾਣੀਆਂ 'ਚ ਵੱਖ ਵੱਖ ਧਾਤਾਂ ਹੁੰਦੀਆਂ ਹਨ। ਭਾਬਾ ਰਿਸਰਚ ਸੈਂਟਰ ਨੇ ਇਸ ਸੰਬੰਧੀ ਹਾਈ ਕੋਰਟ ਨੂੰ ਇਕ ਐਫੀਡੇਵਿਟ ਵੀ ਦਿੱਤਾ ਹੈ ਕਿ ਮਾਲਵਾ ਖੇਤਰ 'ਚ ਵਧ ਰਹੀਆਂ ਘਾਤਕ ਬਿਮਾਰੀਆਂ ਦਾ ਕਾਰਨ ਪਾਣੀ 'ਚ ਯੁਰੇਨੀਅਮ ਦੀ ਵਧ ਮਾਤਰਾ ਦਾ ਹੋਣਾ ਨਹੀਂ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਆਰ. ਓ. ਸਿਸਟਮ ਰਾਹੀਂ ਪਾਣੀ 'ਚੋਂ ਯੁਰੇਨੀਅਮ ਨੂੰ 99% ਘੱਟ ਵੀ ਕੀਤਾ ਜਾ ਸਕਦਾ ਹੈ। ਪੰਜਾਬ 'ਚ ਇਕ ਪਾਸੇ ਲੋਕ ਨਾਮੁਰਾਦ ਬਿਮਾਰੀਆਂ ਨਾਲ ਮਰ ਰਹੇ ਹਨ ਦੂਸਰੇ ਪਾਸੇ ਕੁਝ ਡਾਕਟਰ ਵੱਡੀਆਂ ਰਕਮਾਂ ਇਨ੍ਹਾਂ ਬਿਮਾਰਾਂ ਦੇ ਸਿਰ ਤੋਂ ਕਮਾ ਰਹੇ ਹਨ। ਜਿਨ੍ਹਾਂ ਕੰਪਨੀਆਂ ਦਾ ਪਾਣੀ ਉਦੋਂ ਹੀ ਵਿਕਣਾ ਸੀ ਜਦੋਂ ਪੰਜਾਬ ਦਾ ਪਾਣੀ ਪ੍ਰਦੂਸ਼ਤ ਹੁੰਦਾ ਤਾਂ ਇਹ ਗੱਲ ਸਮਝ ਆਉਣ 'ਚ ਦੇਰ ਨਹੀਂ ਲੱਗਣੀ ਚਾਹੀਦੀ ਕਿ ਪੰਜਾਬ ਦੀ ਇਸ ਤਬਾਹੀ 'ਚੋਂ ਹੀ ਕੁੱਝ ਲੋਕ ਕੰਗਾਲ ਹੋ ਰਹੇ ਹਨ ਅਤੇ ਕੁੱਝ ਮਾਲੋ ਮਾਲ ਹੋ ਰਹੇ ਹਨ।
-ਡਾ. ਤੇਜਿੰਦਰ ਵਿਰਲੀ
            94647-97400      

(ਲੇਖਕ ਚਲੰਤ ਮਾਮਲਿਆਂ ਦੇ ਮਾਹਿਰ ਹਨ)

No comments:

Post a Comment