dr t virli

dr t virli

Saturday 29 June 2013

ਹਰ ਰੋਜ਼ ਦੀ ਲੁਟਮਾਰ ਤੇ ਬੇਖ਼ਬਰ ਸਰਕਾਰ

ਲੁਟਮਾਰ ਸੰਬੰਧੀ ਅੱਜਕੱਲ ਹਰ ਰੋਜ ਇਕੋ ਕਿਸਮ ਦੀਆਂ ਖ਼ਬਰਾਂ ਪੜਨ ਨੂੰ ਮਿਲ ਰਹੀਂਆਂ ਹਨ। ਕਿਤੇ ਚੈਨ ਖਿੱਚੀ ਗਈ, ਕਿਤੇ ਵਾਲੀਆਂ ਧੂਹ ਲਈਆਂ, ਕਿਤੇ ਹੋਰ ਕੀਮਤੀ ਸਮਾਨ ਖੋਹ ਲਿਆ ਤੇ ਕਿਤੇ ਲੁੱਟਣ ਆਏ ਹਮਲਾਵਰਾਂ ਨੇ ਕਤਲ ਕਰ ਦਿੱਤਾ। ਪਿੱਛਲੇ ਕੁਝ ਸਾਲਾਂ ਤੋਂ ਸਾਰੇ ਦੇਸ਼ ਦੇ ਮੁਕਾਬਲੇ ਪੰਜਾਬ ਵਿਚ ਇਸ ਤਰ੍ਹਾਂ ਦਾ ਵਰਤਾਰਾ ਕੁਝ ਜ਼ਿਆਦਾ ਹੀ ਵਧ ਗਿਆ ਹੈ ਜਿਹੜਾ ਕਿਤੇ ਰੁਕਣ ਦਾ ਨਾਲ ਹੀ ਨਹੀਂ ਲੈ ਰਿਹਾ। ਸਗੋਂ ਆਏ ਦਿਨ ਹੋਰ ਵੀ ਵਧਦਾ ਜਾ ਰਿਹਾ ਹੈ। ਇਨ੍ਹਾਂ ਲੁਟੇਰਿਆਂ ਦੀ ਬਦੌਲਤ ਲੋਕ ਘਰਾਂ ਦੇ ਬੂਹੇ ਰਿਸ਼ਤੇਦਾਰਾਂ ਤੇ ਲੋੜ ਬੰਦਾਂ ਲਈ ਵੀ ਨਹੀਂ ਖੋਲ੍ਹਦੇ। ਲੁਟੇਰਿਆਂ ਲਈ ਰਾਤ ਦਿਨ ਵਿਚ ਕੋਈ ਫਰਕ ਨਹੀਂ ਹੈ। ਅਖ਼ਬਾਰਾਂ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਛਾਪ- ਛਾਪਕੇ ਜਿਵੇਂ ਅੱਕ ਹੀ ਗਈਆਂ ਹਨ। ਕਿਸ ਦਿਨ ਕਿਸ ਨੇ ਕਿੱਥੇ ਇਨ੍ਹਾਂ ਲੁਟੇਰਿਆਂ ਦੇ ਪੰਜੇ ਵਿਚ ਆ ਫਸਣਾ ਹੈ ਇਸ ਦਾ ਖੌਫ ਹਰ ਵਕਤ ਮਨ ਵਿਚ ਬੈਠਾ ਰਹਿੰਦਾ ਹੈ। ਸਾਮ ਨੂੰ ਸੂਰਜ ਢਲਣ ਵੇਲੇ ਤਾਂ ਜਿਵੇਂ ਲੁਟੇਰਿਆਂ ਦਾ ਹੀ ਰਾਜ ਹੁੰਦਾ ਹੈ। ਸੜਕਾਂ ’ਤੇ ਹਰ ਪਾਸੇ ਇਸ ਤਰ੍ਹਾਂ ਚੁਪ ਪਸਰ ਜਾਂਦੀ ਹੈ ਜਿਵੇ ਲੁਟੇਰਿਆਂ ਦਾ ਅਣ ਐਲਾਨਿਆਂ ਕਿਰਫੳੂ ਹੀ ਲੱਗ ਗਿਆ ਹੋਵੇ। ਜਿਹੜੀ ਪੁਲਿਸ ਸ਼ਹਿਰ ਵਿਚ ਥਾਂ ਥਾਂ ਤੇ ਨਾਕੇ ਲਾਕੇ ਰਾਹਗੀਰਾਂ ਦੇ ਚਲਾਣ ਕੱਟਣ ਵਿਚ ਵਿਅਸਤ ਦਿਖਾਈ ਦਿੰਦੀ ਹੈ ਉਹ ਰਾਤ ਸਮੇਂ ਪਤਾਂ ਨਹੀਂ ਕਿੱਥੇ ਚਲੇ ਜਾਂਦੀ ਹੈ। ਅਜਿਹੇ ਵਾਰਤਾਲਾਪ ਅਸੀਂ ਅਕਸਰ ਹੀ ਹਰ ਉਸ ਥਾਂ ’ਤੇੇ ਸੁਣਦੇ ਹਾਂ ਜਿੱਥੇ ਵੀ ਚਾਰ ਲੋਕ ਜੁੜ ਬੈਠਦੇ ਹਨ। ਪਰ ਇਹ ਵਰਤਾਰਾ ਬਿਨ੍ਹਾਂ ਕਿਸੇ ਵੀ ਰੋਕ ਟੋਕ ਦੇ ਜਾਰੀ ਹੈ।
ਅੱਜ ਜਦੋਂ ਹਾਕਮ ਧਿਰਾਂ ਇਹ ਪ੍ਰਚਾਰ ਤੇ ਪ੍ਰਸਾਰ ਰਹੀਂਆਂ ਹਨ ਕਿ ਪੰਜਾਬ ਦਾ ਵਿਕਾਸ ਬਹੁਤ ਹੋਇਆ ਹੈ ਅਸੀਂ ਵਿਕਾਸ ਦੇ ਨਾਮ ਤੇ ਹੀ ਚੋਣਾ ਲੜ੍ਹਾਂਗੇ ਤੇ ਦੂਸਰੇ ਹੀ ਪਾਸੇ ਇਨ੍ਹਾਂ ਵਾਦਿਆਂ ਦੀ ਪੋਲ ਖੋਲਦੀਆਂ ਖ਼ਬਰਾਂ ਲੱਗੀਆਂ ਹੁੰਦੀਆਂ ਹਨ ਕਿ ਫਲਾਣੇ ਮੋੜ ’ਤੇ ਫਲਾਣੇ ਨੂੰ ਲੁਟ ਲਿਆ। ਕੁਝ ਵੀ ਪਿਆ ਹੋਵੇ ਇਕ ਗੱਲ ਤਾਂ ਜੱਗ ਜਾਹਰ ਹੈ ਕਿ ਇਹ ਖ਼ਬਰਾਂ ਮਹਿਜ ਅਖ਼ਬਾਰਾਂ ਦਾ ਢਿੱਡ ਭਰਨ ਦਾ ਹੀ ਕੰਮ ਕਰਦੀਆਂ ਹਨ। ਨਾ ਤਾਂ ਇਸ ਨਾਲ ਕੋਈ ਲੋਕ ਉਭਰਾ ਪੈਦਾ ਹੋ ਰਿਹਾ ਹੈ ਜਿਹੜਾ ਸਰਕਾਰ ਨੂੰ ਮਜਬੂਰ ਕਰ ਦੇਵੇ ਕਿ ਸਰਕਾਰ ਇਸ ਬਾਰੇ ਕੁਝ ਸੋਚੇ ਤੇ ਨਾ ਹੀ ਸਰਕਾਰ ਦੇ ਕੰਨ ਉਪਰ ਇਸ ਨਾਲ ਕੋਈ ਜੂੰ ਸਰਕਦੀ ਹੈ। ਹੋਰ ਤਾਂ ਹੋਰ ਆਪੋਜੀਸ਼ਨ ਕਰ ਰਹੀਂ ਕਾਂਗਰਸ ਪਾਰਟੀ ਵੀ ਇਸ ਮਸਲੇ ’ਤੇ ਚੱੁਪ ਧਾਰੀ ਰੱਖਣੀ ਹੀ ਬੇਹਤਰ ਸਮਝਦੀ ਹੈ। ਇਸੇ ਕਰਕੇ ਸੌਂਕਣਾ ਵਾਂਗ ਮਹਿਣੋ ਮਹਿਣੀ ਹੋਣ ਵਾਲੇ ਸਾਡੇ ਅੱਜ ਦੇ ਆਗੂ ਇਸ ਮਾਮਲੇ ’ਤੇ ਸਰਕਾਰ ਨੂੰ ਘੇਰਨ ਲਈ ਵੀ ਤਿਆਰ ਨਹੀਂ, ਜਿਸ ਦਾ ਇਹ ਅਸਰ ਹੈ ਕਿ ਸਰਕਾਰ ਲਈ ਲੋਕਾਂ ਦਾ ਇਹ ਮਸਲਾ ਕੋਈ ਮਸਲਾ ਹੀ ਬਣਿਆਂ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਹਰ ਰੋਜ਼ ਦੀਆਂ ਲੁੱਟਾਂ ਮਾਰਾਂ ਦਾ ਆਖਰ ਕੀ ਕਾਰਨ ਹੈ? ਜੇ ਕੋਈ ਇਕ ਕਾਰਨ ਹੁੰਦਾ ਤਾਂ ਉਸ ਦੀ ਦਵਾਅ ਵੀ ਦੱਸੀ ਜਾ ਸਕਦੀ ਸੀ। ਜੋ ਵੀ ਹੋਵੇ ਇਹ ਸਮਾਜ ਪ੍ਰਬੰਧ ਦੀ ਉਪਜ ਹੈ। ਇਸ ਕਰਕੇ ਨਾ ਤਾਂ ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਬਿਨ੍ਹਾਂ ਕਿਸੇ ਯਤਨ ਦੇ ਇਹ ਸਮਾਜਕ ਪਬੰਧ ਸੁਧਰ ਜਾਵੇਗਾ। ਜੇ ਸਰਕਾਰ ਇਸ ਬਾਰੇ ਸੰਜੀਦਾ ਨਹੀਂ ਵੀ ਹੁੰਦੀ ਤਾਂ ਕੀ ਇਸ ਪ੍ਰਬੰਧ ਨੂੰ ਇਸੇ ਤਰ੍ਹਾਂ ਚਲਦਾ ਰਹਿਣ ਦੇਣਾ ਚਾਹੀਦਾ ਹੈ? ਇਹ ਹੋਰ ਵੀ ਵੱਡਾ ਸਵਾਲ ਪੈਦਾ ਹੁੰਦਾ ਹੈ। ਕੀ ਡਰ ਦੇ ਮਾਰੇ ਲੋਕਾਂ ਨੂੰ ਘਰਾਂ ਵਿਚ ਵੜ ਜਾਣਾ ਚਾਹੀਦਾ ਹੈ? ਕੀ ਲੋਕਾਂ ਨੂੰ ਇਸ ਤਰ੍ਹਾਂ ਦਾ ਵਰਤਾਰਾ ਕਰਨ ਵਾੁਿਲਆਂ ਦੇ ਖਿਲਾਫ ਲਾਮ ਬੰਦ ਹੋਣਾ ਚਾਹੀਦਾ ਹੈ। ਜਾਂ ਚੁਪ ਚਾਪ ਭਲੇ ਦਿਨਾਂ ਦੀ ਉਡੀਕ ਕਰਨੀ ਚਾਹੀਦੀ ਹੈ। ਕੀ ਇਹ ਮਸਲਾ ਕੇਵਲ ਲਾਅ ਐਂਡ ਆਡਰ ਦਾ ਹੀ ਮਸਲਾ ਹੈ? ਜਦੋਂ ਸਾਡੇ ਮਨ ਵਿਚ ਅਜਿਹੇ ਅਨੇਕਾਂ ਸਵਾਲ ਘੁੰਮਣਘੇਰੀ ਬਣ ਕੇ ਆਉਦੇ ਹਨ ਤਾਂ ਹੀ ਅਸੀਂ ਕੁਝ ਸੋਚਣ ਲਈ ਮਜਬੂਰ ਹੁੰਦੇ ਹਾਂ। ਇਸ ਲਈ ਆਓ ਝਾਤੀ ਮਾਰੀਏ ਕਿ ਆਖਰ ਉਹ ਕੌਣ ਲੋਕ ਹਨ ਜਿਹੜੇ ਲੁਟਮਾਰ ਦੇ ਇਸ ਕਿਸਮ ਦੇ ਵਰਤਾਰਿਆਂ ਨੂੰ ਅੰਜਾਮ ਦਿੰਦੇ ਹਨ। ਅਕਸਰ ਦੇਖਣ ਵਿਚ ਆਇਆ ਹੈ ਕਿ ਕਿਸੇ ਘਟਨਾਂ ਵਿਚ ਮੌਕੇ ’ਤੇ ਫੜਿਆ ਜਾਣ ਵਾਲ ਲੁਟੇਰਾ ਨਸ਼ੇੜੀ ਸੀ ਜਾਂ ਗਲਤ ਸੰਗਤ ਵਿਚ ਪੈ ਕੇ ਖਾਂਦੇ ਪੀਂਦੇ ਘਰ ਦਾ ਪੱਤਰ ਗਲਤ ਕਿਸਮ ਦੇ ਕੰਮਾਂ ਵਿਚ ਪੈ ਗਿਆ। ਐਸ ਪ੍ਰਸਤੀ ਦੀਆਂ ਵਧ ਗਈਆਂ ਲੋੜਾਂ ਨੂੰ ਪੂਰਾ ਕਰਨ ਲਈ ਉਸ ਨੇ ਲੁੱਟਾਂ ਮਾਰਾਂ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਨਾਲ ਅਜਿਹੇ ਕੇਸ ਵੀ ਸਾਹਮਣੇ ਆ ਰਹੇ ਹਨ ਕਿ ਰਾਤੇ ਰਾਤ ਅਮੀਰ ਹੋਣ ਦੇ ਇਰਾਦੇ ਨਾਲ ਕਿਸੇ ਨੇ ਲੁਟ ਮਾਰ ਕਰਨ ਨੂੰ ਹੀ ਧੰਦੇ ਵਾਂਗ ਅਪਣਾ ਲਿਆ। ਕਿਉਂਕਿ ਇਹ ਧੰਦਾ ਵੱਡੇ ਲੋਕਾਂ ਲਈ ਏਨ੍ਹਾਂ ਖ਼ਤਨਾਕ ਨਹੀਂ। ਇਸ ਤਰ੍ਹਾਂ ਦੇ ਇਰਾਦੇ ਨਾਲ ਇਸ ਖੇਤਰ ਵਿਚ ਪ੍ਰਵੇਸ਼ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਜਰਾਇਮ ਪੇਸ਼ਾ ਲੋਕ ਵੀ ਇਸ ਖੇਤਰ ਵਿਚ ਆ ਰਹੇ ਹਨ। ਕਿਤੇ ਕਿਤੇ ਇਹ ਵੀ ਦੇਖਣ ਵਿਚ ਆਇਆ ਹੈ ਕਿ ਲੜਕੀਆਂ ਵੀ ਲੁਟ ਮਾਰ ਦੇ ਇਸ ਧੰਦੇ ਵਿਚ ਸ਼ਾਮਲ ਹੋ ਰਹੀਂਆਂ ਹਨ। ਅਕਸਰ ਹੀ ਚਰਚਾ ਇਹ ਵੀ ਹੁੰਦੀ ਹੈ ਕਿ ਗ਼ਰੀਬ ਝੁੱਗੀਆਂ ਝੋਪੜੀਆਂ ਵਿਚ ਰਹਿਣ ਵਾਲੇ ਲੋਕ ਇਸ ਕਿਸਮ ਦੇ ਧੰਦਿਆਂ ਨੂੰ ਇੰਜਾਮ ਦਿੰਦੇ ਹਨ ਪਰ ਵੱਡੀ ਪੱਧਰ ’ਤੇ ਘਟਨਾ ਦੌਰਾਨ ਫੜੇ ਜਾਣ ਵਾਲੇ ਲੋਕ ਕਦੇ ਘੱਟ ਹੀ ਇਸ ਵਰਗ ਦੇ ਹੁੰਦੇ ਹਨ। ਜਿਨ੍ਹਾਂ ਕੇ ਖ਼ਾਦੇ ਪੀਦੇ ਵਰਗ ਦੇ ਲੋਕ। ਇਸੇ ਵਿੱਚੋ ਹੀ ਅਸੀਂ ਉਸ ਨੁਕਤੇ ਨੂੰ ਫੜ ਸਕਦੇ ਹਾਂ ਕਿ ਇਸ ਨੂੰ ਇਕ ਪੇਸ਼ੇ ਵਾਂਗ ਕੇਵਲ ਉਹ ਲੋਕ ਹੀ ਅਪਣਾ ਰਹੇ ਹਨ ਜਿਨ੍ਹਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੁੰਦਾ ਹੈ ਕਿ ਉਨ੍ਹਾਂ ਦੇ ਮਾਂ ਬਾਪ ਨੇ ਆਪਣਾ ਅਸਰ ਰਸੂਕ ਵਰਤ ਕੇ ਉਨ੍ਹਾਂ ਨੂੰ ਛਡਾ ਹੀ ਲੈਣਾ ਹੁੰਦਾ ਹੈ। ਇਹੋ ਹੀ ਕਾਰਨ ਹੈ ਕਿ ਅੱਜ ਵੱਡੇ ਪੱਧਰ ਤੇ ਲੁਟ ਮਾਰ ਹੁੰਦੀ ਹੈ ਪਰ ਅਜਿਹੇ ਲੋਕਾਂ ਦੀ ਗਿਣਤੀ ਨਾ ਮਾਤਰ ਹੀ ਹੁੰਦੀ ਹੈ ਜਿਨ੍ਹਾਂ ਤੇ ਕੇਸ ਚੱਲਦੇ ਹਨ। ਤੇ ਜੇਲ੍ਹ ਦੀਆਂ ਕੋਠੜੀਆਂ ਵਿਚ ਰਹਿਣਾ ਪੈਦਾ ਹੈ।
ਕੇਸ ਨਾ ਚੱਲਣ ਵਿਚ ਸਾਡਾ ਪੁਲਿਸ ਤੰਤਰ ਵੀ ਇਨ੍ਹਾਂ ਲਟੇਰਿਆਂ ਦੀ ਜਾਣੇ ਅਣਜਾਣੇ ਮਦਦ ਕਰ ਜਾਂਦਾ ਹੈ। ਜਦੋਂ ਕਿਸੇ ਨਾਲ ਕੋਈ ਲੁਟਮਾਰ ਦੀ ਘਟਨਾ ਵਾਪਰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪੁਲਿਸ ਕੋਲ ਦੌੜਦਾ ਹੈ। ਉਸ ਨੂੰ ਇਕ ਵਿਸ਼ਵਾਸ਼ ਹੁੰਦਾ ਹੈ ਕਿ ਹੁੰਣੇ ਹੀ ਸਾਰਾ ਪੁਲਿਸ ਤੰਤਰ ਹਰਕਤ ਵਿਚ ਆ ਜਾਵੇਗਾ ਤੇ ਮਿੰਟਾਂ ਵਿਚ ਹੀ ਲੁਟੇਰੇ ਫੜੇ ਜਾਣਗੇ। ਪਰ ਪਹਿਲੀ ਵਾਰ ਉਸਨੂੰ ਮਾਜੂਸੀ ਉਦੋਂ ਹੁੰਦੀ ਹੈ ਜਦ ਠਾਣੇ ਦਾ ਮੁਣਸ਼ੀ ਉਸ ਨਾਲ ਹੋਈ ਘਟਨਾ ਨੂੰ ਬਿਨ੍ਹਾਂ ਕਿਸੇ ਵੀ ਮਨੁੱਖੀ ਸੰਵੇਦਨਾਂ ਦੇ ਸੁਣਦਾ ਹੈ। ਬੰਦੇ ਦਾ ਵਿਸ਼ਵਾਸ ਉਦੋਂ ਟੁੱਟਦਾ ਹੈ ਜਦੋਂ ਉਹ ਆਖਦਾ ਹੈ ਸਾਹਿਬ ਮੰਤਰੀ ਸਾਹਿਬ ਨਾਲ ਉਦਘਾਟਨ ਕਰਨ ਗਏ ਹੋਏ ਨੇ ਹੁਣੇ ਆਉਂਦੇ ਤਾਂ ਬੰਦੇ ਭੇਜਦੇ ਹਾਂ। ਅਚਾਨਕ ਆਇਆ ਪੱਤਰਕਾਰ ਫੋਟੋ ਖਿੱਚਕੇ ਲੈ ਜਾਂਦਾ ਹੈ ਤੇ ਮੁਣਸ਼ੀ ਲੁਟਮਾਰ ਦਾ ਸਾਰਾ ਵੇਰਵਾ ਦੱਸ ਦਿੰਦਾ ਹੈ ਜਿਵੇਂ ਉਹ ਚਸਮਦੀਦ ਗਵਾਹ ਹੋਵੇ। ਆਪਣੀ ਲੁੱਟੀ ਗਈ ਵਸਤੂ ਦੇ ਕਦੇ ਵੀ ਨਾ ਮੁੜਨ ਦੀ ਸਮਝ ਉਸ ਨੂੰ ਉਸ ਵਕਤ ਆ ਜਾਂਦੀ ਹੈ ਜਦ ਬਾਰ ਬਾਰ ਆਖਣ ’ਤੇ ਵੀ ਐਫ ਆਈ ਆਰ ਠਾਣੇ ਵਿਚ ਦਰਜ਼ ਨਹੀਂ ਹੁੰਦੀ। ਉਹ ਮੁੜਕੇ ਕਦੇ ਵੀ ਠਾਣੇ ਨਾ ਆਉਣ ਬਾਰੇ ਉਦੋਂ ਮਨ ਹੀ ਮਨ ਕਸਮ ਖਾ ਲੈਂਦਾ ਹੈ। ਜਦੋਂ ਮੁਣਸ਼ੀ ਮੁੱਛਾਂ ’ਤੋੇ ਹੱਥ ਫੇਰ ਕੇ ਆਖਦਾ ਹੈ ਰੋਜ਼ਨਾਮਚੇ ਵਿਚ ਦਰਜ਼ ਕਰ ਲੈਂਦੇ ਹਾਂ। ਇੱਥੇ ਤਾਂ ਹਰ ਪੰਦਰਾਂ ਮਿੰਟਾਂ ਬਆਦ ਹੀ ਤੇਰੇ ਵਰਗਾ ਆ ਜਾਂਦਾ ਹੈ। ਬੜੀ ਛੇਤੀ ਹੀ ਉਹ ਘਰ ਨੂੰ ਮੁੜ ਪੈਂਦਾ ਹੈ ਹਰ ਰੋਜ਼ ਦੀਆਂ ਮਾੜੀਆਂ ਖ਼ਬਰਾਂ ਦੇ ਵਾਕਫ ਉਸ ਨੂੰ ਤਰੰੁਤ ਹੀ ਹੌਸਲਾ ਦਿੰਦੇ ਹਨ, ‘‘ ਸ਼ੁਕਰ ਕਰ ਬਚਕੇ ਆ ਗਿਆ ਪਰਸੋਂ ਤਾਂ ਸਾਲਿਆਂ ਨੇ ਸ਼ੁਰਾ ਮਾਰਕੇ ਬੰਦਾ ਹੀ ਮਾਰ ਦਿੱਤਾ। ’’ ਕੋਲ ਬੈਠੀ ਮਾਂ ਘਬਰਾ ਜਾਂਦੀ ਹੈ ’ਤੇ ਸੱੁਖਣਾ ਸੱੁਖਦੀ ਹੈ ‘‘ਬਕਸ਼ਣਹਾਰਿਆਂ ਤੂੰ ਹੀ ਰੱਖਿਆ ਇਹ ਤਾਂ ਮੇਰੇ ਪੁੱਤਰ ਦਾ ਦੂਜਾ ਜਨਮ ਹੈ’’ ਕੋਲ ਬੈਠੀ ਪਤਨੀ ਹੌਸਲਾ ਦਿੰਦੀ ਆਖਦੀ ਹੈ, ‘‘ ਛੱਡੋ ਜੀ ਜਾਨ ਬਚ ਗਈ ਇਹ ਪੈਸੇ ਆਪਣੇ ਕਰਮਾਂ ਵਿਚ ਹੀ ਨਹੀਂ ਸਨ।’’ ਕਰਮਾਂ ਦਾ ਐਸਾ ਗੇੜ ਚਲਦਾ ਹੈ ਤੇ ਵਿਅਕਤੀ ਅਚੇਤ ਵਿਚ ਹੋਈਆਂ ਭੁੱਲਾਂ ਬਾਰੇ ਬਿਸਤਰ ਉਪਰ ਉੱਸਲਵੱਟੇ ਲੈਣ ਲੱਗ ਪੈਂਦਾ ਹੈ। ਜਦ ਲੰਮਾਂ ਸਮਾਂ ਨੀਂਦ ਨਹੀਂ ਆਉਂਦੀ ਤਾਂ ਉਹ ਨੀਂਦ ਦੀ ਗੋਲੀ ਖਾ ਕੇ ਸੌਣ ਦਾ ਯਤਨ ਕਰਦਾ ਹੈ। ਦੋ ਚਾਰ ਦਿਨਾਂ ਤੱਕ ਗੱਲ ਪੁਰਾਣੀ ਹੋਣ ਲੱਗਦੀ ਹੈ। ਜਦ ਫੇਰ ਕਿਸੇ ਨਾਲ ਕੋਈ ਅਜਿਹੀ ਘਟਨਾਂ ਵਾਪਰਦੀ ਹੈ ਤਾਂ ਪਹਿਲਾ ਆਦਮੀ ਆਪਣੇ ਤਜ਼ਬੇ ’ਚੋ ਆਖਦਾ ਹੈ ਛੱਡ ਹੁਣ ਠਾਣੇ ਨਾ ਜਾਵੀ। ਕਰਮਾਂ ਦਾ ਫਲ ਸਮਝ ਕੇ ਸਬਰ ਕਰ ਲੈ । ਪੰਜਾਬ ਵਿਚ ਇਹ ਵਰਤਾਰਾ ਪਿੱਛਲੇ ਲੰਮੇ ਸਮੇਂ ਤੋਂ ਵਾਪਰ ਰਿਹਾ ਹੈ। ਇਸੇ ਕਰਕੇ ਇਹ ਹਰ ਵਿਅਕਤੀ ਦੇ ਨਿੱਜੀ ਅਨੁਭਵ ਦੇ ਨੇੜੇ ਹੁੰਦਾ ਜਾ ਰਿਹਾ ਹੈ।
ਇਸ ਦੇ ਬਹੁਤੇ ਕਾਰਨਾਂ ਵਿੱਚੋਂ ਇਕ ਕਾਰਨ ਇਹ ਵੀ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਲੋਕਾਂ ਨੂੰ ਕੋਈ ਪੱਕਾ ਰੁਜ਼ਗਾਰ ਨਹੀਂ ਮਿਲ ਰਿਹਾ। ਠੇਕਾ ਪ੍ਰਬੰਧ ਨੇ ਲੋਕਾਂ ਦੀਆਂ ਕੇਵਲ ਪੱਕੀਆਂ ਨੌਕਰੀਆਂ ਨੂੰ ਹੀ ਹੱਥ ਨਹੀਂ ਪਾਇਆ। ਵੱਡੇ ਵੱਡੇ ਲਲਚਾਵਣੇ ਮਹੌਲ ਨੇ ਵਿਅਕਤੀ ਨੂੰ ਬੇਚੈਨ ਵੀ ਕਰ ਦਿੱਤਾ ਹੈ। ਜਿੱਥੇ ਇਕ ਪਾਸੇ ਆਮਦਨ ਦੇ ਵਸੀਲੇ ਸੀਮਤ ਹੋ ਰਹੇ ਹਨ ਉੱਥੇ ਦੂਸਰੇ ਪਾਸੇ ਬਜ਼ਾਰ ਨੇ ਲੋਕਾਂ ਦੇ ਮਨਾਂ ਵਿਚ ਪ੍ਰਵੇਸ਼ ਕਰ ਲਿਆ ਹੈ। ਵਧ ਰਹੇ ਬਜ਼ਾਰਵਾਦ ਨੇ ਵਿਅਕਤੀ ਨੂੰ ਉਹ ਹਰ ਕੰਮ ਕਰਨ ਲਈ ਤਿਆਰ ਕਰ ਦਿੱਤਾ ਹੈ ਜਿਹੜਾ ਕਰ ਕੇ ਉਹ ਪੈਸਾ ਕਮਾਂ ਸਕਦਾ ਹੈ। ਇਸੇ ਕਰਕੇ ਨੈਤਿਕ ਕਦਰਾਂ ਕੀਮਤਾਂ ਹਾਸ਼ਈਏ ਉਪਰ ਜਾ ਪਈਆਂ ਹਨ ਤੇ ਜਿਸਮ ਬਜ਼ਾਰ ਦੀ ਇਕ ਮਹਿਜ਼ ਵਸਤ ਬਣ ਕੇ ਰਿਹ ਗਿਆ ਹੈ। ਲੁਟਮਾਰ ਦੀ ਇਕ ਕੜੀ ਇਸ ਕਿਸਮ ਦੀ ਆਜ਼ਾਸੀ ਨਾਲ ਵੀ ਜਾ ਜੁੜਦੀ ਹੈ।
ਜਿਸ ਦੇਸ਼ ਦੀ ਪਾਰਲੀਮੈਂਟ ਦਾ ਪੰਜਵਾਂ ਹਿੱਸਾ ਭਰਿਸ਼ਟ ਲੋਕਾਂ ਨਾਲ ਭਰਿਆ ਪਿਆ ਹੋਵੇ ਉਸ ਦੇਸ਼ ਦੇ ਨੌਜਵਾਨ ਦਾ ਰੋਲ ਮਾਡਲ ਇਨ੍ਹਾਂ ਲੋਕਾਂ ਨੇ ਦੇਰ ਸਵੇਰ ਬਣਨਾ ਹੀ ਸੀ। ਜਿਸ ਦੇਸ਼ ਦੇ ਵਜੀਰ ਭਰਿਸ਼ਟਾਚਾਰ ਦੇ ਕੇਸਾਂ ਵਿਚ ਲਿਪਤ ਹੋਣ ਉਸ ਦੇਸ਼ ਦੇ ਨੌਜਵਾਨ ਨੂੰ ਨਿੱਕੀਆਂ ਮੋਟੀਆਂ ਲੁੱਟਾਂ ਮਾਰਾਂ ਕਰਦਿਆਂ ਕਿਸ ਗੱਲ ਦਾ ਡਰ ਹੋ ਸਕਦਾ ਹੈ।ਉਪਰੋ ਲੈਕੇ ਹੇਠਤੱਕ ਇਕ ਐਸਾ ਪ੍ਰਬੰਧ ਸਥਾਪਿਤ ਹੋ ਗਿਆ ਹੈ ਜਿਸ ਨੇ ਚੋਰਾਂ ਅਚੱਕਿਆਂ ਨੂੰ ਥਾਂ ਥਾਂ ਮਾਣ ਸਨਮਾਨ ਦਿੱਤੇ ਹਨ। ਜਿੰਨਾਂ ਵੱਡਾ ਗੁੰਡਾ ਏਨੀ ਵੱਡੀ ਪਦਵੀ ਵਾਲਾ ਜੰਗਲ ਦਾ ਕਾਨੂੰਨ ਜਿਵੇਂ ਹੁਣ ਪੰਜਾਬ ਵਿਚ ਸਥਾਪਿਤ ਹੋ ਚੱਕਾ ਹੈ। ਕੋਈ ਬੰਦਾ ਨਿੱਕੀਆਂ ਨਿੱਕੀਆਂ ਚੋਰੀਆਂ ਕਰਦਾ ਵੱਡਾ ਆਗੂ ਬਣਕੇ ਲਾਲ ਬੱਤੀ ਵਾਲੀ ਕਾਰ ਵਿਚ ਸਫਰ ਕਰਦਾ ਦੇਖਕੇ ਇਕ ਨੌਜਵਾਨ ਕੀ ਫਰੇਰਨਾਂ ਲੈ ਸਕਦਾ ਹੈ? ਜੇ ਸਰਕਾਰੀ ਅਫਸਰ ਤੇ ਹਾਕਮ ਚੰਦ ਟਕਿਆਂ ਦੀ ਖਾਤਰ ਦੇਸ਼ ਦੇ ਹਿੱਤ ਬਦੇਸ਼ੀਆਂ ਨੂੰ ਵੇਚਸਕਦੇ ਹਨ ਤਾਂ ਇਕ ਬੇਰੁਜ਼ਗਾਰ ਨੌਜਵਾਨ ਤਾਂ ਇਸ ਕੰਮ ਲਈ ਹੈ ਹੀ ਵਹਿਲਾ। ਜੇ ਮੁੱਖ ਮੰਤਰੀ ਲਰਕਾਰ ਦੇ ਬਜਟ ਦੇ ਬਰਾਬਰ ਧੋਖਾ ਕਰਕੇ ਜੇਲ੍ਹ ਦੀਆਂ ਕੋਠੀਆਂ ਵਿਚ ਬੈਠਾ ਪੈਸੇ ਦੇ ਜੋਰ ਨਾਲ ਆਪਣੀ ਧਰਮ ਪਤਨੀ ਨੂੰ ਐਮ.ਐਲ.ਏ। ਦੀ ਚੌਣ ਜਤਾ ਸਕਦਾ ਹੈ ਤਾਂ ਇਸ ਤੋਂ ਇਕ ਨੌਜਵਾਨ ਕੀ ਪ੍ਰੇਰਨਾ ਲੈ ਸਕਦਾ ਹੈ।
ਇਸ ਵਿਚ ਕੋਈ ਵੀ ਸ਼ੱਕ ਨਹੀਂ ਕਿ ਪਿਛਲੇ ਲੰਮੇਂ ਸਮੇਂ ਤੋਂ ਕੋਈ ਵੀ ਹਾਂ ਪੱਖੀ ਲਹਿਰ ਪੰਜਾਬ ਵਿਚ ਨਹੀਂ ਚੱਲੀ ਜਿਸ ਦੀ ਬਦੌਲਤ ਕੋਈ ਵੱਡੇ ਕਰਮ ਨਾਲੋਂ ਟੁੱਟ ਰਹੇ ਹਨ। ਵਿਅਕਤੀਗਤ ਹੀਰੋਇਜ਼ਮ ਅਤੇ ਵਿਅਕਤੀਗਤ ਵਿਕਾਸ ਦੀ ਅੰਨੀ ਲਾਲਸਾ ਵਿੱਚੋਂ ਅਜਿਹੀਆਂ ਘਟਨਵਾਂ ਨੂੰ ਅੰਜਾਂਮ ਦੇਣ ਵਾਲੀ ਮਾਨਸਿਕਤਾ ਜਨਮ ਲੈਂਦੀ ਹੈ। ਅੱਜ ਦੇ ਮਨੱਖ ਦਾ ਵੱਡੇ ਅਦਰਸ਼ ਨਾਲੋਂ ਟੁੱਟ ਜਾਂਣਾ ਤੇ ਵਸਤਾਂ ਲਈ ਜਿੰਦਗੀ ਨੂੰ ਕੇਂਦਰਿਤ ਕਰਕੇ ਸੋਚਣਾ ਇਹ ਇਸ ਨਾਹਵਾਚੀ ਵਰਤਾਰੇ ਦਾ ਸਿਧਾਂਤਕ ਫਲਸਫਾ ਹੈ। ਹਾਕਮ ਧਿਰਾਂ ਨੂੰ ਅਜਿਹੇ ਗੈਰ ਸਮਾਜ ਤੱਤ ਇਸ ਕਰਕੇ ਸੂਟ ਬੈਠਦੇ ਹਨ ਕਿਉਂਕਿ ਅਜਿਹਾਂ ਗੈਰ ਸਮਾਜਕ ਲੋਕਾਂ ਨੂੰ ਕਿਸੇ ਵੀ ਲਾਲਚ ’ਤੇ ਆਪਣੇ ਨਾਲ ਜੋੜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਗੈਰ ਸਾਜਕ ਤੱਤਾਂ ਤੋਂ ਕਿਸੇ ਕਿਸਮ ਦੀ ਇਨਕਲਾਬੀ ਤਬਦੀਲੀ ਦਾ ਡਰ ਸਰਕਾਰ ਨੂੰ ਕਦੇ ਵੀ ਨਹੀਂ ਹੁੰਦਾ ਸਗੋਂ ਇਨ੍ਹਾਂ ਨੂੰ ਤਾਂ ਇਨਕਲਾਬੀ ਸ਼ਕਤੀਆਂ ਦੇ ਖਿਲਾਫ ਵੀ ਬੜੀ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਗਾਹ ਵਧੂ ਸ਼ਕਤੀਆਂ ਦੇ ਖਿਲਾਫ ਸਰਕਾਰ ਨੇ ਅਜਿਹੇ ਤੱਤਾਂ ਨੂੰ ਕਈ ਵਾਰ ਵਰਤਿਆ ਹੈ। ਇਸ ਕਰਕੇ ਇਹ ਜਕੀਨਨ ਹੀ ਚਿੱਟੇ ਦਿਨ ਵਾਂਗ ਸਾਫ ਹੈ ਇਕ ਕੇਵਲ ਪੁਲਿਸ ਪ੍ਰਸ਼ਾਸਨ ਦੇ ਵਿਗਾੜ ਦਾ ਹੀ ਮਸਲਾ ਨਾ ਹੋਕੇ ਸਮਾਜਕ ਵਿਗਾੜ ਦੀ ਉਪਜ ਹੈ ਜਿਸ ਨੂੰ ਵੱਡੇ ਆਦਸ਼ ਨਾਲ ਜੁੜ ਕੇ ਖ਼ਤਮ ਕੀਤਾ ਜਾ ਸਕਦਾ ਹੈ। ਹੁਣ ਤੱਕ ਦਾ ਇਤਿਹਾਸ ਇਸ ਗੱਲ ਦੇ ਪ੍ਰਣਮਾਣ ਵਜੋਂ ਦੇਖਿਆ ਜਾ ਸਕਦਾ ਹੈ ਕਿ ਵੱਡੇ ਅਦਰਸ਼ ਨੇ ਹੀ ਲੋਕਾਂ ਨੂੰ ਤੇ ਉਨ੍ਹਾਂ ਦੀਆਂ ਨਾਂਹਵਾਚੀ ਪ੍ਰਵਿਰਤੀਆਂ ਨੂੰ ਖਤਮ ਕੀਤਾ ਹੈ। ਜਿੱਥੇ ਹਾਕਮ ਧਿਰਾਂ ਇਸ ਵਰਤਾਰੇ ਨੂੰ ਜਿੳੂ ਦਾ ਤਿੳੂ ਬਣਿਆ ਰੱਖਣਾ ਚਾਹੁੰਦੀਆਂ ਹਨ ਉੱਤੇ ਅਗਾਂਹ ਵਧੂ ਧਿਰਾਂ ਦੇ ਹਿੱਤ ਇਸ ਗੱਲ ਵਿਚ ਸਰੱਖਿਅਤ ਹਨ ਇਕ ਇਹ ਨਾਹਵਾਚੀ ਵਰਤਾਰਾ ਲੋਕ ਲਾਮਬੰਦੀ ਦੀ ਤਾਕਤ ਨਾਲ ਖਤਮ ਕੀਤਾ ਜਾਵੇ। ਤਾਂ ਕਿ ਲੋਕ ਟੁੱਟ ਮਾਰ ਕਰਨ ਦੀ ਥਾਂ ਸੰਘਰਸ਼ਾਂ ਰਾਹੀਂ ਹੋਕ ਮੰਗਣ ਲਈ ਲਾਮਬੰਦ ਹੋਣ।
ਡਾ. ਤੇਜਿੰਦਰ ਵਿਰਲੀ

Sunday 23 June 2013

ਕੁਦਰਤੀ ਕਹਿਰ ਨੇ ਇਕ ਵਾਰੀ ਫਿਰ ਸਰਕਾਰਾਂ ਦੀ ਪੋਲ ਖੋਲੀ

                                                                                             ਡਾ. ਤੇਜਿੰਦਰ ਵਿਰਲੀ 9464797400
ਪਿੱਛਲੇ ਹਫਤੇ ਮੀਂਹ ਨਾਲ ਹੋਈ ਤਬਾਹੀ ਦੇ ਨਾਲ ਉੱਤਰਾਖੰਡ ਤੇ ਗੁਆਢੀ ਰਾਜਾਂ ਵਿਚ ਜਿਹੜੀ ਤਬਾਹੀ ਹੋਈ ਹੈ ਉਸ ਦਾ ਦਰਦਨਾਕ ਦ੍ਰਿਸ਼ ਦੇਖ ਕੇ ਮਨ ਖੌਫ ਨਾਲ ਕੰਬ ਉੱਠਦਾ ਹੈ। ਸੁੱਤੇ ਪਏ ਲੋਕਾਂ ਉੱਪਰ ਜਿਸ ਤਰ•ਾਂ ਨਾਲ ਇਹ ਕੁਦਰਤ ਦਾ ਕਹਿਰ ਵਾਪਰਿਆ ਹੈ ਇਸ ਨਾਲ ਵੱਡੇ ਪੱਧਰ 'ਤੇ ਮੌਤਾ ਹੋਈਆਂ ਹਨ। ਕਿਉਂਕਿ ਇਹ ਇਲਾਕਾ ਭਾਰਤ ਦੇ ਲੋਕਾਂ ਲਈ ਧਾਰਮਿਕ ਦਰਿਸ਼ਟੀ ਤੋਂ ਤੀਰਥ ਅਸਥਾਨਾਂ ਦਾ ਇਲਾਕਾ ਹੈ ਤੇ ਉੱਪਰੋਂ ਇਹ ਦਰਦਨਾਕ ਘਟਨਾ ਉਦੋਂ ਵਾਪਰੀ ਹੈ ਜਦੋਂ ਉੱਤਰੀ ਭਾਰਤ ਵਿਚ ਛੱਟੀਆਂ ਹਨ। ਬਹੁਤ ਸਾਰੇ ਸ਼ਰਧਾਲੂ ਸੈਰ ਸਿਪਾਟੇ ਦੇ ਲਿਹਾਜ਼ ਨਾਲ ਇਨ•ਾਂ ਥਾਂਵਾਂ ਵੱਲ ਘੁੰਮਣ ਗਏ ਸਨ। ਇਸ ਹਿਸਾਬ ਨਾਲ ਇਸ ਕੁਦਰਤੀ ਕਹਿਰ ਨਾਲ ਜਿਹੜੀ ਤਬਾਹੀ ਹੋਈ ਹੈ ਉਸ ਦੀ ਲਪੇਟ ਵਿਚ ਲਗਭੱਗ ਸਾਰਾ ਹੀ ਉੱਤਰੀ ਭਾਰਤ ਆ ਗਿਆ ਹੈ। ਸਥਾਨਕ ਲੋਕਾਂ ਦੇ ਨਾਲ ਨਾਲ ਯਾਤੂਆਂ ਦੇ ਵੱਡੇ ਪੱਧਰ ਉਪਰ ਮਾਰੇ ਜਾਣ ਦੀਆਂ ਖਬਰਾਂ ਹਨ।
   

ਇਸ ਵੱਡੀ ਤਬਾਹੀ ਦੇ ਨਾਲ ਕਈ ਸਵਾਲ ਖੜੇ ਹੋ ਗਏ ਹਨ। ਇਨ•ਾਂ ਵਿੱਚੋਂ ਸਭ ਤੋਂ ਵੱਡਾ ਤੇ ਅਹਿਮ ਸਵਾਲ ਇਹ ਹੀ ਬਣਦਾ ਹੈ, ਕਿ ਕੀ ਭਾਰਤ ਦੇ ਵੱਖ ਵੱਖ ਤੀਰਥ ਸਥਨਾ ਉਪਰ ਜਾਣ ਵਾਲੇ ਲੋਕਾਂ ਦੀ ਗਿਣਤੀ ਦੇ ਮੁਤਾਬਕ ਇਨ•ਾਂ ਸਥਾਨਾਂ ਕੋਲ ਏਨਾ ਪ੍ਰਬੰਧ ਹੈ? ਕਿ ਅਗਰ ਕਿਸੇ ਕਿਸਮ ਦੀ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਉੱਥੇ ਦਾ ਪ੍ਰਸਾਸ਼ਨ ਉਨ•ਾਂ ਸ਼ਰਧਾਲੂਆਂ ਦੀ ਮਦਦ ਕਰਨ ਦੇ ਸਮਰੱਥ ਹੋਵੇ? ਜੇ ਨਹੀਂ ਤਾਂ ਕੀ ਲੋਕਾਂ ਨੂੰ ਵੱਡੀ ਗਿਣਤੀ ਵਿਚ ਜਾਣ ਦੇਣਾ ਪ੍ਰਬੰਧਕੀ ਕੁਤਾਹੀ ਨਹੀਂ?  ਇਸ ਕਿਸਮ ਦੀਆਂ ਘਟਨਾਵਾਂ ਹਰ ਆਏ ਸਾਲ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਵਾਪਰਦੀਆਂ ਹੀ ਰਹਿੰਦੀਆਂ ਹਨ ਪਰ ਜਿਸ ਕਿਸਮ ਦੀ ਗੰਭੀਰ ਚਰਚਾ ਇਸ ਬਾਰੇ ਕੀਤੀ ਜਾਣੀ ਬਣਦੀ ਹੈ ਉਹ ਕਦੀ ਵੀ ਨਹੀਂ ਕੀਤੀ ਜਾਂਦੀ। ਸਿੱਟੇ ਵਜੋਂ ਹਰ ਆਏ ਸਾਲ ਲੋਕ ਮੌਤ ਦਾ ਖਾਜਾ ਬਣਦੇ ਰਹਿੰਦੇ ਹਨ ਤੇ ਸਾਡੀਆਂ ਸਰਕਾਰਾਂ ਕੇਵਲ ਗੱਲਾਂ ਕਰਕੇ ਹੀ ਟਾਇਮ ਪਾਸ ਕਰ ਲੈਂਦੀਆਂ ਹਨ। ਵੱਡੇ ਪੱਧਰ ਉਪਰ ਕੋਈ ਫੈਸਲੇ ਨਹੀਂ ਲੈਏ ਜਾਂਦੇ ਇਸ ਕਰਕੇ ਦੁਖਾਂਤ ਦਰ ਦੁਖਾਂਤ ਖਬਰਾਂ ਸੁਣਨ ਦੀ ਵੀ ਲੋਕਾਂ ਨੂੰ ਆਦਤ ਪੈ ਗਈ ਹੈ।
ਇਸ ਦਰਦਨਾਕ ਹਾਦਸੇ ਨੇ ਇਸ ਕਿਸਮ ਦਾ ਮਹੌਲ ਬਣਾ ਦਿੱਤਾ ਹੈ ਕਿ ਸਥਾਨਕ ਲੋਕਾਂ ਦੀ ਥਾਂ ਯਾਤੂਆਂ ਦੀ ਵੱਡੀ ਗਿਣਤੀ ਨੇ ਬਚਾਅਭਿਆਨ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜਿਸ ਨਾਲ ਸਥਾਨਕ ਲੋਕਾਂ ਦੇ ਮਨਾਂ ਵਿਚ ਬਹੁਤ ਹੀ ਗੁੱਸਾ ਹੈ ਜਿਨ•ਾਂ ਕੋਲ ਨਾ ਤਾਂ ਕੁਝ ਖਾਣ ਲਈ ਹੈ ਤੇ ਨਾ ਹੀ ਉਨ•ਾਂ ਦੇ ਸਿਰਾਂ ਉਪਰ ਛੱਤ ਹੀ ਰਹੀ ਹੈ। ਜਿਨ•ਾਂ ਨੇ ਅਜੇ ਵੀਂਹ ਵੀਂਹ ਸਾਲ ਇਸ ਸੰਤਾਪ ਨੂੰ ਭੋਗਣਾ ਹੈ। ਜਿਨ•ਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਨੇ ਆਣ ਘੇਰਿਆ ਹੈ।
ਸਾਡੇ ਦੇਸ਼ ਦੇ ਉਹ ਸੂਬੇ ਜਿਹੜੇ ਇਸ ਕਿਸਮ ਦੀਆਂ ਧਾਰਮਿਕ ਥਾਂਵਾਂ ਕਰਕੇ ਆਪਣੇ ਸੂਬੇ ਦੀ ਆਮਦਨੀ ਵਧਾਉਂਦੇ ਹਨ ਉਨ•ਾਂ ਦੀਆਂ ਸੂਬਾਈ ਸਰਕਾਰਾਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ ਘੱਟੋ ਘੱਟ ਇਸ ਕਾਬਲ ਵੀ ਹੋਣ ਕਿ ਮੁਸੀਬਤ ਵਿਚ ਫਸੇ ਆਪਣੇ ਮਹਿਮਾਨਾਂ ਦੀ ਮਦਦ ਕਰ ਸਕਣ। ਇਸ ਘਟਨਾ ਨੇ ਸੂਬਾਈ ਸਰਕਾਰਾਂ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜਿਹੜੀਆਂ ਕਮਾਈ ਤਾਂ ਆਪ ਕਰਦੀਆਂ ਹਨ ਪਰ ਨਿੱਕੀ ਤੋਂ ਵੱਡੀ ਮੁਸੀਬਤ ਨੂੰ ਨਜਿੱਠਣ ਲਈ ਕੇਂਦਰ ਦੀ ਸਰਕਾਰ ਵੱਲ ਭੱਜਦੀਆਂ ਹਨ। ਹਾਲ ਹੀ ਵਿਚ ਹੋਈ ਤਬਾਹੀ ਨਾਲ ਇਸ ਕਿਸਮ ਦੀ ਇਕ ਅਹਿਮ ਘਟਨਾ ਹਿਮਾਚਲ ਪ੍ਰਦੇਸ਼ ਵਿਚ ਦੇਖਣ ਨੂੰ ਮਿਲੀ। ਜਦੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਪਣੀ ਹੀ ਪਾਰਟੀ ਦੀ ਕੇਂਦਰ ਸਰਕਾਰ ਨੂੰ ਰਾਸ਼ਟਰੀ ਚੈਨਲ ਉਪਰ ਪਾਣੀ ਪੀ ਪੀ ਕੇ ਕੋਸਿਆ। ਉਨ•ਾਂ ਨੇ ਕਿਹਾ ਕਿ ' ਕੇਦਰ ਦੀ ਸਰਕਾਰ ਨੇ ਫਸੇ ਲੋਕਾਂ ਨੂੰ ਕੱਢਣ ਵਾਸਤੇ ਹੈਲੀਕਾਪਟਰ ਬਹੁਤ ਹੀ ਦੇਰ ਬਾਦ ਭੇਜੇ ਤੇ ਜਿਹੜੇ ਭੇਜੇ ਵੀ ਉਨ•ਾਂ ਵਿਚ ਤੇਲ ਨਹੀਂ ਸੀ। ਇਸ ਕਰਕੇ ਉਹ ਵੀ ਮਦਦ ਨਹੀਂ ਕਰ ਸਕੇ।' ਅਕਸਰ ਹੀ ਇਹ ਦੇਖਣ ਸੁਣਨ ਵਿਚ ਆਉਂਦਾ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਇਸ ਕਿਸਮ ਦੀ ਨੁਕਤਾਚੀਨੀ ਕਰਦੇ ਹਨ ਪਰ ਜੇ ਕਾਂਗਰਸ ਪਾਰਟੀ ਦੀ ਆਪਣੀ ਹੀ ਸਰਕਾਰ ਦੇ ਖਿਲਾਫ ਉਸੇ ਹੀ ਪਾਰਟੀ ਦੀ ਸਥਾਨਿਕ ਸਰਕਾਰ ਦੇ ਮੁਖੀ ਨੇ ਇਸ ਕਿਸਮ ਦੀ ਟਿਪਣੀ ਕੀਤੀ ਹੈ ਤਾਂ ਯਕੀਨਨ ਹੀ ਕਿੰਨੇ ਵੱਡੇ ਪੱਧਰ ਉਪਰ ਕੁਤਾਹੀ ਹੋਈ ਹੋਵੇਗੀ ਇਸ ਦਾ ਅੰਦਾਜ਼ਾ ਬੜੀ ਹੀ ਆਸਾਨੀ ਦੇ ਨਾਲ ਲਾਇਆ ਜਾ ਸਕਦਾ ਹੈ। ਉੱਤਰਾਖੰਡ ਦੀ ਗੱਲ ਕੀਤੀ ਜਾਵੇ ਤਾਂ ਇਕ ਪਾਸੇ ਤਬਾਹੀ ਦੀਆਂ ਤਸਵੀਰਾਂ ਦੇਖ ਕੇ ਸਾਰਾ ਦੇਸ਼ ਕੀ ਸਾਰਾ ਸੰਸਾਰ ਹੀ ਦਹਿਸ਼ਤ ਵਿਚ ਆ ਗਿਆ ਹੈ ਤੇ ਦੂਸਰੇ ਪਾਸੇ ਉਤਰਾਖੰਡ ਦਾ ਮੁੱਖ ਮੰਤਰੀ ਫਸੇ ਲੋਕਾਂ ਦੀ ਮਦਦ ਕਰਨ ਦੀ ਥਾਂ ਬਦੇਸ਼ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ। ਜਿਸ ਨੂੰ ਉਸ ਦੀ ਆਪਣੀ ਪਾਰਟੀ ਦੀ ਆਹਲਾ ਕਮਾਨ ਨੇ ਜਾਣ ਤੋਂ ਰੋਕਿਆ ਹੈ। ਇਸ ਕਿਸਮ ਦੀ ਮੁਸੀਬਤ ਨੇ ਇਹ ਤਾਂ ਚਿੱਟੇ ਦਿਨ ਵਾਂਗ ਸਾਫ ਕਰ ਦਿੱਤਾ ਹੈ ਕਿ 'ਇਹ ਦੇਸ਼ ਰੱਬ ਦੇ ਆਸਰੇ ਹੀ ਚੱਲਦਾ ਹੈ'।
ਇਸ ਗੱਲ ਵਿਚ ਭੋਰਾ ਜਿਨ•ਾਂ ਵੀ ਛੱਕ ਨਹੀਂ ਹੋਣਾ ਚਾਹੀਦਾ ਕਿ ਕਿਸੇ ਵੀ ਕੁਦਰਤੀ ਆਫਤ ਦੇ ਨਾਲ ਲੜ ਸਕਣ ਦੇ ਕੋਈ ਵੀ  ਮਨੁੱਖੀ ਸਮਾਜ ਸਮਰੱਥ ਨਹੀਂ ਹੁੰਦਾ ਪਰ ਕਿਸੇ ਵੀ ਸਮਾਜ ਦੀ ਤਰੱਕੀ ਦੀ ਪਹਿਚਾਣ ਵੀ ਇਸੇ ਸਮੇ ਹੀ ਹੁੰਦੀ ਹੈ। ਕਿ ਆਫਤ ਵਿਚ ਘੱਟ ਤੋਂ ਘੱਟ ਨੁਕਸਾਨ ਹੋਵੇ ਇਸ ਲਈ ਕੀ ਕੀ ਪ੍ਰਬੰਧ ਕੀਤੇ ਗਏ ਹਨ? ਗਣਤੰਤਰ ਦਿਵਸ ਉਪਰ ਕੀਤੀ ਹਥਿਆਰਾਂ ਦੀ ਪਰੇਡ ਜਾਂ ਵੋਟਾਂ ਬਟੋਰਨ ਲਈ ਲੋਕਾਂ ਨੂੰ ਬੁੱਧੂ ਬਣਾਉਣ ਲਈ ਕੀਤਾ ਗਿਆ ਹਵਾਈ ਭਾਸ਼ਨ ਇਸ ਦਾ ਪੈਮਾਨਾ ਕਦੀ ਵੀ ਨਹੀਂ ਬਣਦੇ। ਜਪਾਨ ਵਿਚ ਆਏ ਭਿਆਨਕ ਤੁਫਾਨ ਦੇ ਨਾਲ ਜਿਸ ਕਿਸਮ ਦੀ ਤਬਾਹੀ ਉਪਰ ਪੂਰਾ ਜਪਾਨ ਖੜਾ ਸੀ ਉਸ ਨੂੰ ਜਿਸ ਤਰੀਕੇ ਦੇ ਨਾਲ ਜਪਾਨੀਆਂ ਨੇ ਆਪਣੀਆਂ ਜਾਨਾਂ ਉਪਰ ਖੇਡਕੇ ਕਾਬੂ ਵਿਚ ਕੀਤਾ ਉਸ ਦੀ ਉਦਾਹਰਣ ਉਹ ਹੀ ਸੀ। ਇਸ ਕਿਸਮ ਦੀਆਂ ਅਨੇਕਾਂ ਹੀ ਉਦਾਹਰਣਾ ਸੰਸਾਰ ਭਰ ਵਿਚ ਦੇਖੀਆਂ ਜਾ ਸਕਦੀਆਂ ਹਨ ਜਿੱਥੇ ਕੁਦਰਤੀ ਤਬਾਹੀ ਦੇ ਬਾਦ ਸਾਰਾ ਰਾਸ਼ਟਰ ਇਕ ਜੁਟ ਹੋ ਕੇ ਖੜ ਜਾਂਦਾ ਹੈ, ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਦੀ ਹਾਲਤ ਤਾਂ ਹੈ ਕਿ ਸੰਕਟ ਵਿਚ ਫਸੇ ਲੋਕ ਆਪ ਹੀ ਆਪਣੀ ਮਦਦ ਲਈ ਵੀਹ ਲੱਖ ਰੁਪਏ ਖਰਚਕੇ ਇਕ ਹੈਲੀਕਾਪਟਰ ਦਾ ਪ੍ਰਬੰਧ ਕਰਦੇ ਹਨ ਤੇ ਆਪਣੇ ਸਾਰੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲੈਂਦੇ ਹਨ। ਇਸ ਵਿਚ ਵੀ ਕੋਈ ਛੱਕ ਨਹੀਂ ਕਿ ਉਹ ਕੁਝ ਹੋਰ ਲੋਕਾਂ ਦੀ ਮਦਦ ਵੀ ਕਰਦੇ ਹਨ। ਸਰਕਾਰ ਦੇ ਵੱਲੋਂ ਕੀਤੀ ਗਈ ਹਵਾਈ ਸਰਵੇਖਣ ਦੀ ਸੇਵਾ ਨੂੰ ਜੇ ਲੋਕ ਸੇਵਾ ਵਿਚ ਤਬਦੀਲ ਕਰ ਦਿੱਤਾ ਜਾਂਦਾ ਤਾਂ ਯਕੀਨਨ ਹੀ ਕੁਝ ਹੋਰ ਲੋੜਬੰਦਾ ਨੂੰ ਉਸ ਜਹਾਜ ਰਾਹੀ ਵੀ ਕੱਢਿਆ ਜਾ ਸਕਦਾ ਸੀ। ਜਿਸ ਵਿੱਚੋਂ ਮੁਰ ਚੁੱਕੇ ਤੇ ਮਰ ਰਹੇ ਲੋਕਾਂ ਨੂੰ ਕੇਵਲ ਨਹਾਰਿਆ ਹੀ ਗਿਆ ਸੀ।
ਇਸ ਦੇ ਮੁਕਾਬਲੇ ਉਪਰ ਕੋਰੀਆ, ਚੀਨ ਤੇ ਕੀਊਬਾ ਦੀਆਂ ਸਰਕਾਰਾਂ ਆਪਣੇ ਲੋਕਾਂ ਦੀ ਕਿਸ ਤਰ•ਾਂ ਮਦਦ ਕਰਦੀਆਂ ਹਨ ਇਸ ਦੀ ਉਦਾਹਰਣ ਉਹ ਦੇਸ਼ ਆਪ ਹੀ ਹਨ। ਪਿੱਛਲੇ ਦਿਨ•ਾਂ ਵਿਚ ਚੀਨ ਵਿਚ ਆਏ ਵੱਡੀ ਪੱਧਰ ਉਪਰ ਹੜਾਂ ਨਾਲ ਹੋਈ ਤਬਾਹੀ ਨੂੰ ਬਹੁਤ ਹੀ ਛੇਤੀ ਕਾਬੂ ਕਰ ਲਿਆ ਗਿਆ ਸੀ। ਸਾਰੇ ਸੰਸਾਰ ਨੇ ਦੇਖਿਆ ਸੀ ਕਿ ਕਿਸ ਤਰ•ਾਂ ਚੀਨ ਦੀ ਫੌਜ ਨੇ ਰੱਸਿਆਂ ਦਾ ਇਕ ਪੁੱਲ ਬਣਾਕੇ ਉਸ ਉਪਰ ਫੱਟਿਆਂ ਦੀ ਥਾਂ ਫੌਜੀਆਂ ਨੇ ਲੰਮੇਂ ਪੈਕੇ ਲੋਕਾਂ ਨੂੰ ਆਪਣੇ ਉਪਰੋਂ ਦੀ ਬਾਹਰ ਕੱਢਣ ਵਿਚ ਮਦਦ ਕੀਤੀ ਸੀ। ਅੱਜ ਫੱਟਿਆਂ ਦੀ ਥਾਂ ਮਨੁੱਖਾਂ ਵੱਲੋਂ ਬਣਿਆ ਪੁਲ ਸ਼ੋਸਲ ਮੀਡੀਏ ਉਪਰ ਭਾਰਤ ਦੇ ਪ੍ਰਬੰਧ ਨੂੰ ਮੂਹ ਚੜਾ ਰਿਹਾ ਹੈ।
ਉੱਤਰਾ ਖੰਡ ਦਾ ਇਹ ਇਲਾਕਾ ਜਿੱਥੇ ਏਨੀ ਵੱਡੀ ਤਬਾਹੀ ਹੋਈ ਹੈ। ਪ੍ਰਕਿਰਤਕ ਦਿਰਸ਼ਟੀ ਤੋਂ ਬਹੁਤ ਹੀ ਸੰਵੇਦਨਸ਼ੀਲ ਇਲਾਕਾ ਹੈ ਇੱਥੇ ਭਚਾਲ ਤੇ ਬਦਲਾਂ ਦੇ ਫਟਨ ਦੀਆਂ ਸੰਭਾਵਨਵਾਂ ਸਦਾ ਹੀ ਤੀਬਰ ਬਣੀਆਂ ਰਹਿੰਦੀਆਂ ਹਨ ਜਿਸ ਕਰਕੇ ਇਸ ਇਲਾਕੇ ਦੀ ਪ੍ਰਕਿਰਤਕ ਨਿਜਾਰਿਆਂ ਨੂੰ ਮਾਨਣ ਵਾਲੇ ਲੋਕਾਂ ਨੂੰ ਭੀੜਾਂ ਵਿਚ ਤਬਦੀਲ ਨਹੀਂ ਹੋਣ ਦੇਣਾ ਚਾਹੀਦਾ। ਕਿਉਂਕਿ ਇਹ ਪ੍ਰਕਿਰਤਕ ਨਿਜ਼ਾਰੇ ਆਪਣੇ ਆਪ ਵਿਚ ਖਾਸ ਮਹੱਤਵ ਦੇ ਲਿਖਾਇਕ ਸਨ ਇਸ ਕਰਕੇ ਲੋਕਾਂ ਦਾ ਇਸ ਪਾਸੇ ਵੱਲ ਖਿੱਚੇ ਜਾਣਾ ਸੁਭਾਵਿਕ ਹੀ ਸੀ। ਪਰ ਜਦੋਂ ਇਸ ਨਾਲ ਧਾਰਮਿਕ ਸਥਾਨ ਦਾ ਮੱਹਤਵ ਵੀ ਜੁੜ ਗਿਆ ਤਾਂ ਕੁਦਰਤੀ ਹੀ ਸੀ ਕਿ ਲੋਕਾਂ ਭੀੜਾਂ ਇਸ ਪਾਸੇ ਵੱਲ ਨੂੰ ਤੁਰ ਪੈਂਦੀਆਂ । ਉੱਤਰਾ ਖੰਡ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਇਸ ਨੂੰ ਕਮਾਈ ਦਾ ਇਕ ਸਾਧਨ ਬਣਾ ਲਿਆ। ਕਮਾਈ ਦੇ ਲਾਲਚ ਨਾਲ ਇਸ ਇਲਾਕੇ ਵਿਚ ਜੋ ਪ੍ਰਕਿਰਤੀ ਦੀ ਤਬਾਹੀ ਹੋਈ ਉਸ ਦਾ ਕੋਈ ਵੀ ਜਵਾਬ ਨਹੀਂ ਹੈ। ਇਸ ਸੰਵੇਦਨਸ਼ੀਲ ਇਲਾਕੇ ਵਿਚ ਸੱਤ ਸੱਤ ਮੰਜਲੇ ਹੋਲਟ ਵੱਡੇ ਸਰਮਾਏਦਾਰਾਂ ਨੇ ਮੁਨਾਫਾ ਕਮਾਉਣ ਲਈ ਖੋਲ ਲਏ। ਪਹਾੜਾਂ ਨੂੰ ਕੱਟ ਕੇ ਰਸਤੇ ਬਣ ਗਏ। ਹੋਰ ਤਾਂ ਹੋਰ ਇਸ ਸਾਰੇ ਇਲਾਕੇ ਵਿਚ ਛੋਟੇ ਵੱਡੇ ਸੱਤਰ ਡੈਮ ਬਣਾ ਦਿੱਤੇ ਗਏ ਜਿਨ•ਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਡੈਮ ਕਿਸੇ ਦਿਨ ਵੱਡੀ ਤਬਾਹੀ ਦਾ ਕਰਾਨ ਬਣਨਗੇ। ਇਨ•ਾਂ ਡੈਮਾਂ ਨੂੰ ਬਣਾਉਣ ਲਈ ਵੱਡੇ ਪੱਧਰ ਉਪਰ ਜੰਗਲਾਂ ਦੀ ਕਟਾਈ ਹੋਈ। ਇਸ ਸਾਰੇ ਕੁਝ ਨੇ ਪ੍ਰਕਿਰਤੀ ਦੇ ਨਿਯਮ ਨੂੰ ਬੁਰੀ ਤਰ•ਾਂ ਨਾਲ ਤੋੜਿਆ ਹੀ ਹੈ। ਇਸ ਲਈ ਪ੍ਰਕਿਰਤੀ ਦਾ ਗੁੱਸਾ ਮਨੁੱਖ ਉਪਰ ਨਿਕਲਣਾ ਹੀ ਸੀ। ਸੰਸਾਰ ਦੇ ਹੋਰ ਵੱਖ ਵੱਖ ਕੋਨਿਆਂ ਵਿਚ ਜਿੱਥੇ ਇਸ ਕਿਸਮ ਦੀਆਂ ਭੂਗੋਲਿਕ ਸਥਿਤੀਆਂ ਹਨ ਉੱਥੇ ਇਸ ਤੋਂ ਵੀ ਵੱਡੀਆਂ ਕੁਦਰਤੀ ਤਬਾਹੀਆਂ ਆਉਂਦੀਆਂ ਹਨ ਪਰ ਏਨੀ ਵੱਡੀ ਗਿਣਤੀ ਵਿਚ ਮੌਤਾ ਨਹੀਂ ਹੁੰਦੀਆਂ ਕਿਉਕਿ ਉੱਥੇ ਸਰਕਾਰਾਂ ਨੇ ਇਸ ਕਿਸਮ ਦੀਆਂ ਮੁਨਾਫੇ ਲਈ ਮਨਮਰਜ਼ੀਆਂ ਕਰਨ ਦੀ ਕਿਸੇ ਨੂੰ ਖੁਲ ਹੀ ਨਹੀਂ ਦਿੱਤੀ। ਇਸ ਕੁਦਰਤੀ ਤਬਾਹੀ ਦੇ ਨਾਲ ਹੀ ਕਈ ਵੱਡੇ ਸਵਾਲ ਖੜੇ ਹੋਏ ਹਨ ਜਿਹੜੇ ਭਾਰਤ ਦੇ ਲੋਕਾਂ ਤੇ ਭਾਰਤ ਦੇ ਹਾਕਮਾਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ।
ਇਕ ਸਿੱਟਾ ਜੋ ਸਭ ਤੋਂ ਵਧ ਮਹੱਤਵ ਦਾ ਲਿਖਾਇਕ ਹੈ ਕਿ ਮਨੁੱਖ ਨੇ ਕੁਦਰਤ ਦੇ ਹਿਸਾਬ ਦੇ ਨਾਲ ਰਹਿਣਾ ਹੈ ਨਾ ਕਿ ਕੁਦਰਤ ਨੂੰ ਮਨੁੱਖੀ ਲੋੜਾਂ ਦੇ ਹਿਸਾਬ ਨਾਲ ਢਾਲਣਾ ਹੈ। ਕੁਦਰਤ ਦੇ ਨਿਜਾਰਿਆਂ ਤੇ ਧਾਰਮਿਕ ਅਸਥਾਨਾਂ ਦਾ ਅੰਤਰ ਹੁੰਦਾ ਹੈ। ਧਾਰਮਿਕ ਅਸਥਾਨਾਂ ਨੂੰ ਕਮਾਈ ਦੇ ਅੱਡੇ ਵਜੋਂ ਵਿਕਸਤ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਾਰੇ ਤੋਂ ਵਧ ਕੇ ਦੇਸ਼ ਵਿਚ ਰਾਸ਼ਟਰੀ ਕਿਰਦਾਰ ਪੈਦਾ ਹੋਣਾ ਚਾਹੀਦਾ ਹੈ ਜਿਸ ਲਈ ਸਾਡੀਆਂ ਸਰਕਾਰਾਂ ਨੇ ਕੋਈ ਉਪਰਾਲਾ ਕਦੇ ਘਟ ਹੀ ਕੀਤਾ ਹੈ। ਇਹ ਹੀ ਕਾਰਨ ਹੈ ਕਿ ਇਸ ਰਾਸ਼ਟਰੀ ਆਫਤ ਵੇਲੇ ਵੀ ਰਾਸ਼ਟਰ ਇਕ ਜੁੱਟ ਨਹੀਂ ਹੋਇਆ। ਲੋਕ ਕ੍ਿਰਕਟ ਦਾ ਮੈਚ ਦੇਖਣ ਵਿਚ ਵਿਅਸਤ ਹਨ। ਰਾਜਸੀ ਆਗੂ ਰਾਜਸੀ ਰੋਟੀਆਂ ਸੈਕਣ ਵਿਚ ਵਿਅਸਤ ਹਨ ਤੇ ਚੋਰ ਕਿਸਮ ਦੇ ਲੋਕ ਕੈਦਾਰਨਾਥ ਦੇ ਧੰਨ ਦੌਲਤ ਨੂੰ ਲੁੱਟਣ ਲਈ ਵਿਅਸਤ ਹਨ ਜਿਸ ਦਿਨ ਵੱਡੇ ਪੱਧਰ ਉਪਰ ਮੌਤਾ ਹੋਈਆਂ। ਲੋਕ ਫਸੇ ਹੋਏ ਸਨ। ਉਸੇ ਦਿਨ ਕੈਦਾਰਨਾਥ ਦੀ ਸਰਕਾਰੀ ਬੈਂਕ ਵਿੱਚੋਂ ਤਿੰਨ ਕਰੋੜ ਦੀ ਚੋਰੀ ਦੀਆਂ ਖਬਰਾਂ ਦੇਸ਼ ਦੀ ਅਸਲੀਅਤ ਨੂੰ ਸੰਸਾਰ ਸਾਹਮਣੇ ਜਗ ਜਾਹਰ ਕਰ ਰਹੀ ਹੈ। ਕੈਦਾਰਨਾਥ ਦੇ ਭਗਤਾਂ ਵੱਲੋਂ ਕੈਦਾਰਨਾਥ ਵੀ ਲੁੱਟਿਆ ਗਿਆ। ਇਸ ਆਫਤ ਨੇ ਦੇਸ਼ ਦੀ ਅਸਲੀਅਤ ਨੂੰ ਸੰਸਾਰ ਦੇ ਸਾਹਮਣੇ ਨੰਗਿਆਂ ਕਰ ਦਿੱਤਾ ਹੈ। ਇਸੇ ਕਰਕੇ ਕੁਦਰਤ ਦੇ ਇਸ ਕਹਿਰ ਨੂੰ ਤੇ ਉਸ ਦੇ ਸੁਨੇਹੇ ਨੂੰ ਸਮਝਣ ਦੀ ਲੋੜ ਹੈ। ਆਓ ਆਪਣੇ ਅੰਦਰ ਦੀ ਸਫਾਈ ਕਰੀਏ ਤਾਂ ਕਿ ਕੁਦਰਤ ਨੂੰ ਸਫਾਈ ਅਭਿਆਨ ਨਾ ਚਲਾਉਣਾ ਪਵੇ।

Monday 17 June 2013

ਸੱਤਿਆਪਾਲ ਡਾਂਗ ਦੇ ਤੁਰ ਜਾਣ ਤੋਂ ਬਆਦ

                                                                                            ਡਾ. ਤੇਜਿੰਦਰ ਵਿਰਲੀ 9464797400
'ਕਾਮਰੇਡ ਸੱਤਿਆਪਾਲ ਡਾਂਗ ਨਹੀਂ ਰਹੇ।' ਇਸ ਮੰਦਭਾਗੀ ਖਬਰ ਦੇ ਨਾਲ ਕੁਦਰਤੀ ਹੀ ਸੀ ਕਿ ਉਸ ਨਾਇਕ ਦੇ ਜੀਵਨ ਤੇ ਫਲਸਲੇ ਸੰਭੰਧੀ ਚਰਚਾ ਛਿੜਦੀ। ਉਸ ਚਰਚਾ ਨੇ ਕੌਮਨਿਸਟਾਂ ਦਾ ਸਿਰ ਇਕ ਵਾਰੀ ਫਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।



93 ਸਾਲਾਂ ਦੀ ਉਮਰ ਮਾਰਕਸਵਾਦੀ ਫਲਸਫੇ ਦੇ ਤਹਿਤ ਕਿਰਤੀ ਲੋਕਾਂ ਦੇ ਲੇਖੇ ਲਾ ਕੇ ਸਦਾ ਸਦਾ ਦੀ ਨੀਂਦ ਸੌ ਜਾਣ ਵਾਲੇ ਕਾਮਰੇਡ ਨੇ ਸਾਰੀ ਉਮਰ ਲੋਕਾਂ ਦੇ ਲੇਖੇ ਲਾਉਣ ਦਾ ਜਿਹੜਾ ਪ੍ਰਣ ਲਿਆ ਸੀ। ਉਸ ਨੂੰ ਆਪਣੇ ਦਰਿੜ ਇਰਾਦੇ ਦੇ ਨਾਲ ਐਸਾ ਪੂਰਾ ਕੀਤਾ ਕਿ ਹਥ ਵਿਚ ਫੜਿਆ ਲਾਲ ਝੰਡਾ ਵੀ ਇਕ ਵਾਰ ਸਾਨ ਨਾ ਲਹਿਰਾ ਉੱਠਿਆ। ਨਿੱਕੇ ਕੱਦ ਤੇ ਬਾਲੰਦ ਇਰਾਦਿਆਂ ਵਾਲੇ ਕਾਮਰੇਡ ਡਾਂਗ ਨੇ ਏਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਨ•ਾਂ ਨੂੰ ਯਾਦ ਕਰਕੇ ਕੇਵਲ ਉਨ•ਾਂ ਦੇ ਕਰੋੜ ਹਾ ਵਿਚਾਰਧਾਰਕ ਵਾਰਸ ਹੀ ਮਾਣ ਨਾਲ ਉੱਚੇ ਨਹੀਂ ਹੋਣਗੇ ਸਗੋਂ ਪੰਜਾਬ ਦੀ ਧਰਤੀ ਵੀ ਵੱਡਭਾਗੀ ਹੋਵੇਗੀ ਕਿ ਉਸ ਧਰਤੀ ਨੇ ਇਸ ਮਹਾਨ ਯੋਧੇ ਨੂੰ ਜਨਮ ਦਿੱਤਾ ਸੀ। ਲਾਲ ਝੰਡੇ ਦੇ ਹੇਠ ਇਸ ਜਹਾਨ ਤੋਂ ਵਿਦਾ ਹੋਣ ਦੀ ਖਾਹਸ਼ ਕਰਨ ਵਾਲਾ ਉਹ ਜੋਧਾ ਪੰਦਰਾਂ ਜੂਨ ਦੀ ਸਿਖਰ ਦਪਿਹਰ ਨੂੰ ਹਸਪਤਾਲ ਵਿਚ ਜਿੰਦਗੀ ਮੌਤ ਦੀ ਅੰਤਿਮ ਲੜਾਈ ਲੜਦਾ ਹੋਇਆ ਆਪਣੇ ਪ੍ਰੇਮੀਆਂ ਨੂੰ ਰੋਦਿਆਂ ਵਿਲਕਦਿਆਂ ਛੱਡ ਆਪਣੇ ਆਦਰਸ਼ ਨੂੰ ਪ੍ਰਨਾਅ ਗਿਆ।
1967 ਦੀਆਂ ਚੋਣਾ ਵਿਚ ਅੰਮ੍ਰਿਤਸਰ ਦੇ ਪੱਛਮੀ ਹਲਕੇ ਤੋਂ ਆਪਣੇ ਵਿਰੋਧੀ ਉਮੀਦਵਾਰ ਤੇ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਸ. ਗੁਰਮੁਖ ਸਿੰਘ ਮੁਸਾਫਰ ਨੂੰ ਦਸ ਹਜ਼ਾਰ ਤੋਂ ਵਧ ਵੋਟਾਂ ਨਾ ਹਰਾ ਕੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ। ਉਨਾਂ ਦੀ ਇਸ ਜਿੱਤ ਨੇ ਕਈ ਤਰ•ਾਂ ਮੀਲ ਪੱਥਰ ਸਥਾਪਿਤ ਕੀਤੇ। ਇਸ ਕਰਕੇ ਸਾਂਝੇ ਮੋਰਚੇ ਦੀ ਸਰਕਾਰ ਨੇ ਖੁਰਾਕ ਤੇ ਸਪਲਾਈ ਮੰਤਰੀ ਦਾ ਕਾਰਜ ਤੇ ਆਹੁੰਦਾ ਦੇ ਕੇ ਪੰਜਾਬ ਤੇ ਖਾਸ ਤੋਰ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਸਹੀ ਚੋਣ ਦਾ ਮੁੱਲ ਤਾਰਿਆ ਸੀ। ਇਹ ਹੀ ਉਹ ਇਤਿਹਾਸਕ ਦੌਰ ਸੀ ਜਦੋਂ ਸਰਕਾਰੀ ਖਰੀਦ ਅਤੇ ਜਨਤਕ ਵੰਡ ਪ੍ਰਨਾਲੀ ਸਖਾਪਤ ਹੋਈ ਸੀ। ਅੱਜ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਉਪਰ ਚੱਲਦੀਆਂ ਸਰਕਾਰਾਂ ਜਿਸ ਨੂੰ ਹੋਲੀ ਹੋਲੀ ਬੰਦ ਕਰਨ ਵੱਲ ਵਧ ਰਹੀਆਂ ਹਨ। ਸੱਤਿਆਪਾਲ ਡਾਂਗ ਨੂੰ ਉਸ ਦੇ ਇਸ ਕਾਰਜ ਕਰਕੇ ਹਮੇਸ਼ਾਂ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਜਿਸ ਦਾ ਲਾਭ ਜਿੱਥੇ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਹੋਇਆ ਸੀ ਉੱਥੇ ਪੰਜਾਬ ਦੇ ਕਰੋੜਾਂ ਖਪਤਕਾਰਾਂ ਦੇ ਘਰਾਂ ਦੇ ਚੁੱਲੇ ਵੀ ਮਘੇ ਸਨ।
ਅੱਜ ਦੇ ਸਾਡੇ ਰਾਜਸੀ ਆਗੂ ਜਿਨਾਂ ਲਈ ਰਾਜਨੀਤੀ ਕੇਵਲ ਇਕ ਗੋਰਖ ਧੰਦੇ ਦੇ ਸਮਾਨ ਹੈ। ਉਹ ਕਾਮਰੇਡ ਡਾਂਗ ਦੇ ਸਾਦਗੀ ਭਰੇ ਜੀਵਨ ਵਾਰੇ  ਪੜ• ਸੁਣ ਕੇ ਸ਼ਰਮਸ਼ਾਰ ਹੋਣ ਲਈ ਮਜਬੂ ਹਨ। ਇਹ ਹੀ ਉਨਾਂ ਦਾ ਸੁਪਨਾ ਸੀ ਕਿ ਉਹ ਇਕ ਮਿਸਾਲੀ ਕਾਮਰੇਡ ਦਾ ਜੀਵਨ ਜੀਅ ਕੇ ਜਹਾਨ ਤੋਂ ਵਿਧਾ ਹੋਣ। ਇਹ ਸਾਦਗੀ ਤੇ ਇਮਾਨਦਾਰੀ ਉਸ ਵਕਤ ਵੀ ਕਾਇਮ ਰਹੀ ਜਦੋ ਉਹ ਪੰਜਾਬ ਦੇ ਮੰਤਰੀ ਸਨ। ਜਦੋਂ ਸਿਆਸੀ ਹਲਕਿਆਂ ਵਿਚ ਉਨ•ਾਂ ਦੇ ਨਾਮ ਦਾ ਮੁੱਲ ਸੀ। ਉਸ ਸਮੇਂ ਉਨ•ਾਂ ਨੇ ਜਿਹੜੀਆਂ  ਉੁੱਚੀਆਂ ਸਿਆਸੀ ਕਦਰਾਂ ਕੀਮਤਾਂ ਸਥਾਪਿਤ ਕੀਤੀਆਂ ਹਨ ਉਹ ਪੀੜੀਆਂ ਤੱਕ ਉਨ•ਾਂ ਨੂੰ ਅਮਰ ਰੱਖਣ ਲਈ ਕਾਫੀ ਹਨ। ਜਦੋਂ ਉਹ ਮੰਤਰੀ ਸਨ ਉਸ ਸਮੇਂ ਆਪਣੇ ਆਹੁਦੇ ਦੀ ਵਰਤੋਂ ਨਾ ਆਪਣੇ ਨਿੱਜ ਲਈ ਤੇ ਨਾ ਹੀ ਪਾਰਟੀ ਦੇ ਨਿੱਜ ਲਈ ਕੀਤੀ। ਉਹ ਇਮਾਨਦਾਰੀ ਦਾ ਅਜਿਹਾ ਮੁਜਸਮਾਂ ਸਨ ਕਿ ਸਰਕਾਰੀ ਗੱਡੀ ਦੀ ਵਰਤੋਂ ਤੱਕ ਵੀ ਨਿੱਜੀ ਕੰਮਾਂ ਲਈ ਨਹੀਂ ਸਨ ਕਰਦੇ। ਇਸ ਕਰਕੇ ਉਮਰ ਭਰ ਵੱਖ ਵੱਖ ਪਾਰਟੀਆਂ ਦੇ ਆਗੂ ਜਿਨਾਂ ਦੇ ਵਿਚਾਰਧਾਰਕ ਤੋਰ ਉਪਰ ਭਾਂਵੇਂ ਮੱਤ ਭੇਦ ਹੁੰਦੇ ਸਨ ਉਹ ਵਿਅਕਤੀਗਤ ਤੌਰ 'ਤੇ ਕਾਮਰੇਡ ਸੱਤਿਆਪਾਲ ਜੀ ਦਾ ਦਿਲੋਂ ਸਤਿਕਾਰ ਕਰਦੇ ਸਨ। ਉਨ•ਾਂ ਦੀ ਇਮਨਾਦਾਰੀ, ਸਾਦਗੀ,ਜਿੰਦਾਦਿਲੀ ਤੇ ਪ੍ਰਤੀਬਧਤਾ ਦੀ ਉਦਾਹਰਣ ਸੰਸਾਰ ਦੇ ਕੋਨੇ ਕੋਨੇ ਵਿਚ ਦਿੱਤੀ ਜਾਂਦੀ ਹੈ ਤੇ ਦਿੱਤੀ ਜਾਂਦੀ ਰਹੇਗੀ।
ਕਾਮਰੇਡ ਸੱਤਿਆਪਾਲ ਚਾਰ ਵਾਰ ਵਿਧਾਇਕ ਰਹੇ ਤੇ ਅਨੇਕਾ ਵਾਰ ਅਮਿੰ੍ਰਤਸਰ ਮਿਊਂਸਪੈਲਟੀ ਦੇ ਪ੍ਰਧਾਨ ਰਹੇ। ਉਨ•ਾਂ ਦੀ ਪਤਨੀ ਤੇ ਯੁੱਧ ਸਾਥਣ ਸਵਰਗੀ ਬਿਮਲਾ ਡਾਂਗ ਵੀ ਦੋ ਵਾਰ ਵਿਧਾਇਕ ਤੇ ਕਮੇਟੀ ਪ੍ਰਧਾਨ ਰਹੇ। ਉਨ•ਾਂ ਨੇ ਆਪਣਾ ਘਰ ਤੱਕ ਨਹੀਂ ਬਣਾਇਆ ਤੇ ਸਾਰੀ ਉਮਰ ਕਿਰਾਏ ਦੇ ਘਰ ਵਿਚ ਹੀ ਰਹੇ। ਉਹ ਜਦੋਂ ਵਿਧਾਇਕ ਹੁੰਦੇ ਉਦੋਂ ਵੀ ਸਰਕਾਰੀ ਰਹਾਇਸ਼ ਵਿਚ ਘੱਟ ਹੀ ਰਹਿੰਦੇ ਕਿਉਂਕਿ ਲੋਕਾਂ ਵਿਚ ਰਹਿਣ ਦੀ ਖਾਹਸ਼ ਉਨ•ਾਂ ਨੂੰ ਛਿਆਟੇ ਵਾਲੇ ਕਿਰਾਏ ਦੇ ਮਕਾਨ ਵਿਚ ਖਿੱਚ ਲਿਆਉਂਦੀ। ਉਨ•ਾਂ  ਦੋਹਾਂ ਜੋਧਿਆਂ ਨੇ ਆਪਣੇ ਵਿਆਹ ਸਮੇਂ ਹੀ ਆਪਸ ਵਿਚ ਇਕ ਇਕਰਾਰ ਕੀਤਾ ਸੀ ਕਿ ਉਹ ਸਾਰੀ ਉਮਰ ਲੋਕਾਂ ਦੇ ਲੇਖੇ ਲਾਉਣਗੇ ਤੇ ਇਸ ਲਈ ਕੋਈ ਬੱਚਾ ਪੈਦਾ ਨਹੀਂ ਕਰਨਗੇ। ਉਨ•ਾਂ ਦੇ ਜੀਵਨ ਵਿਚ ਨਿੱਜ ਲਈ ਕੋਈ ਥਾਂ ਨਹੀਂ ਸੀ। ਪੰਜਾਬ ਹੀ ਨਹੀਂ ਸਗੋਂ ਸੁੱਚੇ ਭਾਰਤ ਦੇ ਵਿਧਾਇਕਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਵਾਸਤੇ ਉਨਾਂ ਦਾ ਜੀਵਨ ਇਕ ਚੈਲਿੰਜ ਹੈ। ਜਿਹੜੇ ਆਪਣੇ ਪਰਿਵਾਰ ਤੇ ਬੱਚਿਆਂ ਲਈ ਦੇਸ਼ ਤੇ ਕੌਮ  ਦੇ ਹਿੱਤ ਆਪਣੇ ਪਰਿਵਾਰ ਲਈ ਕੁਰਬਾਨ ਕਰ ਦਿੰਦੇ ਹਨ। ਗੋਡੇ ਗੋਡੇ ਭਰਿਸ਼ਟਾਚਾਰ ਵਿਚ ਧੱਸੇ ਅੱਜ ਦੇ ਆਗੂਆਂ ਲਈ ਕਾਮਰੇਡ ਡਾਂਗ ਇਕ ਸੀਸ਼ਾ ਸਨ ਤੇ ਸਦਾ ਹੀ ਸੀਸ਼ਾ ਬਣੇ ਰਹਿਣਗੇ।
ਸੱਤਿਆਪਾਲ ਨੇ ਆਪਣਾ ਸਿਆਸੀ ਜੀਵਨ ਵਿਦਿਆਰਥੀ ਜੀਵਨ ਤੋਂ ਹੀ ਆਰੰਭ ਦਿੱਤਾ ਸੀ। ਜਦੋਂ ਉਹ ਲਾਹੌਰ ਕਾਲਜ ਵਿਚ ਪੜਦੇ ਸਨ ਉਸ ਸਮੇਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਦੀ ਹੈਸੀਅਤ ਵਿਚ ਦੇਸ਼ ਦੀ ਆਜ਼ਾਦੀ ਲਈ ਤਾਂਘ ਆਰੰਭ ਦਿੱਤੀ ਸੀ। ਇਹ ਆਜ਼ਾਦੀ ਦੀ ਤਾਂਘ ਉਨ•ਾਂ ਨੂੰ ਮਾਰਕਸਾਦੀ ਪ੍ਰਤੀਬੱਧਤਾ ਨਾਲ ਇਸ ਕਦਰ ਜੋੜ ਦੇਵੇਗੀ ਤੇ ਸਾਰੀ ਮਰ ਉਹ ਇਸ ਤਰ•ਾਂ ਲੋਕਾਂ ਦੇ ਲੇਖੇ ਲਾ ਦੇਣਗੇ ਇਹ ਤਾਂ ਉਨਾਂ ਦੇ ਮਾਪਿਆਂ ਤੇ ਯੁੱਧ ਸਾਥੀਆਂ ਨੇ ਵੀ ਨਹੀਂ ਸੋਚਿਆ ਹੋਣਾ। 1946 ਦੀ ਜਹਾਜ਼ੀਆਂ ਦੀ ਇਤਿਹਾਸਕ ਹੜਤਾਲ ਸਮੇਂ ਆਪਣੇ ਆਗੂਆਂ ਵੱਲੋਂ ਲਗਾਈ ਗਈ ਡੀਊਟੀ 'ਤੇ ਬੰਬਈ ਚਲਾ ਗਏ। ਜਿੱਥੇ ਜਾਨ ਤੇ ਖੇਡ ਕੇ ਹੜਤਾਲੀਆਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ ਕਰਦੇ। ਅੰਗਰੇਜ਼ ਸਰਕਾਰ ਤੋਂ ਲੁਕ ਕੇ ਲੰਮਾਂ ਸਮਾਂ ਤੈਰਨ ਤੋਂ ਬਾਦ ਉਨ•ਾਂ ਲਈ ਭੋਜਨ ਦਾ ਪ੍ਰਬੰਧ ਕਰਨਾ ਉਨ•ਾਂ ਦੀ ਮੁਖ ਜਿੰਮੇਵਾਰੀ ਸੀ। 1946 ਵਿਚ ਸ਼ੁਰੂ ਹੋਇਆ ਇਹ ਸਫਰ ਲਾਹੌਰ ਤੋਂ ਬੰਬਈ ਤੇ ਬੰਬਈ ਤੋਂ 15 ਜੂਨ 2013 ਅੰਮ੍ਰਿਤਸਰ ਤੱਕ ਉਹ ਲੋਕਾਂ ਦੇ ਅੰਗ ਸੰਗ ਹੀ ਰਹੇ। ਜੇ ਇਹ ਕਹਿ ਲਿਆ ਜਾਵੇ ਕਿ ਉਨਾਂ ਨੇ ਸਾਰੀ ਉਮਰ ਆਪਣੇ ਲੋਕਾਂ ਵੱਲ ਪਿੱਠ ਕਰਕੇ ਸੋਣਾ ਵੀ ਮੁਨਾਸਬ ਨਹੀਂ ਸਮਝਿਆ ਤਾਂ ਵੀ ਇਹ ਗਲਤ ਨਹੀਂ ਹੋਵੇਗਾ। ਉਨ•ਾਂ ਧਰਮ ਲੋਕ ਸਨ ਉਨ•ਾਂ ਦਾ ਅਕੀਦਾ ਲੋਕ ਸਨ ਉਨ•ਾਂ ਦੀ ਪ੍ਰੇਰਨਾ ਲੋਕ ਸਨ।
ਆਪਣੇ ਦੇਸ਼ ਤੇ ਕੌਮ ਲਈ ਆਪਾ ਵਾਰਨ ਵਾਲੇ ਅਜਿਹੇ ਆਗੂ ਕਦੇ ਸਦੀਆਂ ਬਾਦ ਹੀ ਪੈਦਾ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਦ ਉਨਾਂ ਨੇ ਅੰਮ੍ਰਿਤਸਰ ਦੇ ਨਾਲ ਲਗਦੇ ਨਿੱਕੇ ਜਿਹੇ ਕਸਬੇ ਛਿਆਹਟੇ ਨੂੰ ਆਪਣੀ ਠਾਹਰ ਬਣਾਇਆ। ਇਹ ਠਾਹਰ ਵਾਲੀ ਛੱਤ ਤਾਂ ਭਾਂਵੇ ਕਿਰਾਏ ਉਪਰ ਸੀ ਪਰ ਇਹ ਹੀ ਉਸ ਦਾ ਪੱਕਾ ਪਤਾ ਸੀ। ਕਾਮਰੇਡ ਡਾਂਗ ਦੇ ਨਾਮ ਦੀ ਚਿੱਠੀ ਕੇਵਲ ਡਾਂਗ ਲਿਖਣ ਤੇ ਹੀ ਉਨਾਂ ਦੇ ਹੱਥਾਂ ਵਿਚ ਹੁੰਦੀ। ਛਿਆਹਟੇ ਦੀਆਂ ਕਪੜਾਂ ਮਿੱਲਾਂ ਦੇ ਭੁੱਖੇ ਮਰਦੇ ਮਜਦੂਰਾਂ ਲਈ ਉਹ ਇਕ ਦੇਵਤਾਂ ਬਣਕੇ ਆਇਆ ਸੀ। ਉਨਾਂ ਨੇ ਲੋਕਾਂ ਦੀ ਐਸੀ ਬਾਂਹ ਫੜੀ ਕਿ ਸਾਰੀ ਉਮਰ ਨਹੀਂ ਛੱਡੀ। ਭਾਰਤ ਪਾਕਿ ਦੀ ਵੰਡ ਵੇਲੇ ਉਸ ਨੇ ਬਾਡਰ ਉਪਰ ਹੁੰਦੀ ਕਤਲੋ ਗਾਰਦ ਲਈ ਖੂਨ ਦੇ ਅੱਥਰੂ ਕੇਰੇ। ਤ ਭਾਰਤ ਵਿੱਚੋਂ ਉੱਜੜ ਕੇ ਜਾਂਦੇ ਮੁਸਲਮਾਨ ਭਰਾਂਵਾਂ ਨੂੰ ਸੁਰੱਖਿਅਤ ਬਾਡਰ ਤੱਕ ਲੈ ਕੇ ਜਾਣ ਦਾ ਕਾਰਜ ਕੀਤਾ। ਓਧਰੋਂ ਉੱਜੜ ਕੇ ਆਏ ਹਿੰਦੂਆਂ ਤੇ ਸਿੱਖਾਂ ਲਈ ਹਰ ਸੰਭਵ ਕੋਸਿਸ ਕੀਤੀ ਕਿ ਉਨ•ਾਂ ਦਾ ਦਰਦ ਘਟ ਕਰ ਸਕੇ। ਜਦ ਜਦ ਵੀ ਔਖੀਆਂ ਸਥਿਤੀਆਂ  ਆਈਆਂ ਉਹ ਲੋਕਾਂ ਦੇ ਅੰਗ ਸੰਗ ਹੀ ਰਹੇ। ਭਾਰਤ ਪਾਕਿ ਦੀਆਂ ਦੋਹਾਂ ਹੀ ਜੰਗਾਂ ਵਿਚ ਉਹ ਵਰਦੀ ਬੰਬਾਰੀ ਵਿਚ ਸ਼ਹਿਰੀਆਂ ਦੇ ਹਿੱਤਾਂ ਲਈ ਇਸ ਜੰਗ ਦੇ ਵਿਰੋਧ ਤੇ ਲੋਕਾਂ ਦੇ ਉਜਾੜੇ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਲਾਮਬੰਦ ਕਰਦਾ ਰਿਹਾ। ਦੋਹਾਂ ਹੀ ਜੰਗਾਂ ਵਿਚ ਬਾਡਰ ਤੇ ਲੜਦੇ ਭਾਰਤੀ ਫੌਜੀਆਂ ਦੀ ਮਦਦ ਲਈ ਲੋਕਾਂ ਨੂੰ ਪ੍ਰੇਰਦਾ ਰਿਹਾ। ਜਦੋਂ ਲੋਕਾਂ ਨੇ ਬਾਡਰ ਦੇ ਸ਼ਹਿਰਾਂ ਨੂੰ ਛੱਡਣ ਦਾ ਸਿਲਸਲਾ ਆਰੰਭ ਕਰ ਦਿੱਤਾ ਤਾਂ ਵੀ ਆਪਣੇ ਕਿਰਾਏ ਦੇ ਦੋਹਾਂ ਕਮਰਿਆਂ ਵਿਚ ਡਟਿਆ ਬੈਠਾ ਰਿਹਾ। ਇਤਿਹਾਸ ਨੇ ਉਸ ਦੇ ਲੋਕ ਪਿਆਰ ਦਾ ਆਖਰੀ ਇਮਤਿਹਾਨ ਪੰਜਾਬ ਦੇ ਕਾਲੇ ਦਿਨਾਂ ਵਿਚ ਲਿਆ। ਜਦੋਂ 1982 ਤੋਂ 1992 ਤੱਕ ਅੱਤਵਾਦੀਆਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਿੰਦੂ ਅੰਮ੍ਰਿਤਸਰ ਬਣਿਆ ਰਿਹਾ। ਉਹ ਇਸੇ ਧਰਤੀ ਉਪਰ ਬੈਠਾ ਹਿੰਦੂ ਸਿੱਖ ਏਕਤਾ ਦਾ ਰਾਗ ਅਲਾਪਦਾ ਰਿਹਾ। ਜਿੰਦਗੀ ਵਿਚ ਉਸ ਨੇ ਕਦੇ ਵੀ ਸਮਝੋਤਾ ਨਹੀਂ ਸੀ ਕੀਤਾ ਇਸ ਕਰਕੇ ਆਪਣੀ ਇਸ ਆਖਰੀ ਲੜਾਈ ਵਿਚ ਵੀ ਉਹ ਆਡੋਲ ਖੜਾ ਰਿਹਾ। ਭਾਂਵੇਂ ਉਨ•ਾਂ ਨੂੰ ਮਾਰਨ ਲਈ ਧਮਕੀ ਪੱਤਰ ਆਉਂਦੇ। ਜਿਨ•ਾਂ ਵਿਚ ਲਿਖਿਆ ਹੁੰਦਾ ਕਿ ਪਰਿਵਾਰ ਸਮੇਤ ਮਾਰ ਦਿੱਤਾ ਜਾਵੇਗਾ। ਉਹ ਗੰਭੀਰ ਹੋਕੇ ਆਖਦੇ ' ਮੇਰਾ ਪਰਿਵਾਰ ਤਾਂ ਮੇਰੇ ਇਹ ਲੋਕ ਹਨ ਜਿਨ•ਾਂ ਨੂੰ ਤੁਸੀਂ ਮਾਰ ਹੀ ਰਹੇ ਹੋ। ਮੇਰਾ ਹੋਰ ਕੀ ਕਰੋਗੇ?' ਉਹ ਲੋਕਾਂ ਦੇ ਦੁੱਖਾਂ ਉਪਰ ਨਾ ਕੇਵਲ ਮੱਲਮ ਲਾਉਂਦੇ ਰਹੇ ਸਗੋਂ ਦਹਿਸ਼ਗਰਦੀ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਦਾ ਇਤਿਹਾਸਕ ਕਾਰਜ ਵੀ ਕਰਦੇ ਰਹੇ। ਗੋਲੀਆਂ ਦੀ ਕੰਨ ਚੀਰਦੀ ਆਵਾਜ਼ ਵੀ ਉਨਾਂ ਦੀ ਆਵਾਜ਼ ਨੂੰ ਜੇ ਚੁਪ ਨਹੀਂ ਕਰਵਾ ਸਕੀ ਤਾਂ ਇਸ ਦਾ ਇਕੋ ਇਕ ਕਾਰਨ ਇਹ ਹੀ ਸੀ ਕਿ ਉਹ ਆਪਣੇ ਲੋਕਾਂ ਨੂੰ ਆਪਣੇ ਨਾਲੋਂ ਵਧ ਪਿਆਰ ਕਰਦੇ ਸਨ। Àਨਾਂ ਨੇ ਜਿੱਥੇ ਅੱਤਵਾਦੀਆਂ ਨੂੰ ਲਲਕਾਰਿਆ ਉੱਥੇ ਹਿੰਦੂ ਸਿੱਖ ਏਕਤਾ ਲਈ ਲੇਖ ਲਿਖੇ ਤੇ ਨਾਲ ਦੀ ਨਾਲ ਦਹਿਸ਼ਤਗਰਦਾਂ ਹੱਥੋਂ ਸ਼ਹੀਦ ਹੋਇਆ ਦੇ ਪਰਿਵਾਰਾਂ ਲਈ ਟਰਸਟ ਬਣਕੇ ਲੱਖਾਂ ਵਿਚ ਆਰਥਿਕ ਮਦਦ ਕੀਤੀ। ਇਹ ਉਹ ਸਮਾਂ ਸੀ ਜਦੋਂ ਖੱਬੀਆਂ ਧਿਰਾਂ ਦੇ ਕਰੀਬ ਤਿੰਨ ਸੌ ਤੋਂ ਵਧ ਮੈਂਬਰ ਇਸ ਭਰਾ ਮਾਰੂ ਜੰਗ ਵਿਚ ਸ਼ਹੀਦ ਹੋ ਚੁੱਕੇ ਸਨ। ਉਨ•ਾਂ ਨੇ ਸ਼ਹੀਦਾਂ ਦੇ ਬੱਚਿਆਂ ਦੀ ਪੜਾਈ ਲਈ ਯਤਨ ਕੀਤੇ। ਹੋਰ ਤਾਂ ਹੋਰ ਉਨ•ਾਂ ਨੇ ਇਸ ਕਾਲੇ ਦੌਰ ਬਾਰੇ ਇਕ ਇਤਿਹਾਸਕ ਕਿਤਾਬ ਵੀ ਲਿਖੀ। ਕਾਲੇ ਦਿਨਾਂ ਦੇ ਦੌਰ ਵਿਚ ਇਤਿਹਾਸਕ ਜਿੰਮੇਵਾਰੀ ਨਿਭਾਉਣ ਕਰਕੇ ਭਾਰਤ ਦੀ ਸਰਕਾਰ ਨੇ ਉਨਾਂ ਨੂੰ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਤ ਕੀਤਾ। ਇਸੇ ਕਾਰਜ ਕਰਕੇ ਹੀ ਉਨ•ਾਂ ਦੀ ਪਤਨੀ ਸ਼੍ਰੀ ਮਤੀ ਬਿਮਲਾ ਡਾਂਗ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਇਨ•ਾਂ ਦੋਹਾਂ ਦਾ ਜੀਵਨ ਇਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਸੀ।
ਕਾਮਰੇਡ ਸਤਿੱਆਪਾਲ ਡਾਂਗ ਨੇ ਸੀ ਪੀ ਆਈ ਦੇ ਉਚ ਆਹੁਦਿਆਂ ਉਪਰ ਕੰਮ ਕੀਤਾ। ਉਹ ਲੰਮਾਂ ਸਮਾਂ ਕੌਮੀ ਕਾਰਜਕਾਰਨੀ, ਸੂਬਾ ਸਕੱਤਰੇਤ ਅਤੇ ਸੂਬਾ ਕੌਸਲ ਦੇ ਮੈਂਬਰ ਰਹੇ। 
Ñਲੋਕਾਂ ਲਈ ਜੀਣ ਮਰਨ ਵਾਲੇ ਇਸ ਜੋਧੇ ਦੇ ਤੁਰ ਜਾਣ ਨਾਲ ਕਰੋੜਾਂ ਲੋਕਾਂ ਦਾ ਆਸਰਾ ਤੇ ਲੱਖਾਂ ਲੋਕਾਂ ਦਾ ਰਾਹ ਦਸੇਰਾ ਉਨ•ਾਂ ਤੋਂ ਜੁਦਾ ਹੋ ਗਿਆ ਹੈ। ਪਰ ਯਕੀਨਨ ਉਨ•ਾਂ ਦੀ ਯਾਦ ਸਦਾ ਹੀ ਲੋਕਾਂ ਦੇ ਅੰਗ ਸੰਗ ਰਹੇਗੀ। ਤੇ ਉਹ ਦੋਵੇਂ ਅੰਬਰਾਂ ਦੇ ਤਾਰੇ ਬਣਕੇ ਆਪਣੇ ਲੋਕਾਂ ਲਈ ਸਦਾ ਸਦਾ ਚਮਕਦੇ ਹੀ ਰਹਿਣਗੇ।

Tuesday 11 June 2013

ਹਾਦਸਾ ਦਰ ਹਾਦਸਾ ਸ਼ਹੀਦ ਮਦਨ ਲਾਲ ਢੀਂਗਰਾ


ਸ਼ਹੀਦ Îਮਦਨ ਲਾਲ ਢੀਂਗਰਾ ਦਾ ਨਾਮ ਕਿਸੇ ਵੀ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਵਿਦੇਸ਼ੀ ਸ਼ਾਸਕਾਂ ਨੂੰ ਉਨ•ਾਂ ਦੀ ਧਰਤੀ ਇਗੰਲੈਂਡ ਵਿਚ ਜਾਕੇ ਵੰਗਾਰਨ ਵਾਲੇ ਇਸ ਮਹਾਨ ਜੋਧੇ ਨੇ 18 ਸਤੰਬਰ 1883 ਨੂੰ ਅਮੀਰ ਪਿਤਾ ਸ਼੍ਰੀ ਦੱਤਾ ਮੱਲ ਦੇ ਘਰ ਅਮ੍ਰਿੰਤਸਰ ਦੀ ਇਤਿਹਾਸਕ ਧਰਤੀ ਉਪਰ ਜਨਮ ਲਿਆ। ਸ਼੍ਰੀ ਦੱਤਾ ਮੱਲ ਦਾ ਸਾਰਾ ਪਰਿਵਾਰ ਅੰਗਰੇਜ਼ ਪ੍ਰਸਤਾਂ ਦਾ ਪਰਿਵਾਰ ਸੀ ਪਰ ਮਦਨ ਲਾਲ ਅੰਗਰੇਜ਼ ਪ੍ਰਸਤੀ ਦਾ ਵਿਰੋਧੀ ਸੀ। ਇਸ ਦੀਆਂ ਰਾਜਸੀ ਗਤੀਵਿਧੀਆਂ ਕਰਕੇ ਉਸ ਨੂੰ ਲਾਹੌਰ ਦੇ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਇਸ ਘਟਨਾ ਨਾਲ ਘਰ ਵਿਚ ਟਕਰਾ ਹੋਇਆ। ਮਦਨ ਲਾਲ ਨੇ ਚੰਗੇ ਖਾਂਦੇ - ਪੀਦੇ ਘਰ ਦੇ ਸੁੱਖਾਂ ਨੂੰ ਜਿਵੇਂ ਲੱਤ ਮਾਰ ਦਿੱਤੀ ਤੇ ਬੰਬਈ ਚਲਾ ਗਿਆ। ਜਿੱਥੇ ਉਸ ਨੇ ਰਿਕਸ਼ਾ ਚਲਾਉਣ ਦਾ ਕੰਮ ਕੀਤਾ। ਉਸ ਨੇ ਕੁਝ ਸਮਾਂ ਕਲਰਕੀ ਵੀ ਕੀਤੀ ਉਦੋਂ ਮਦਨ ਲਾਲ ਨੇ ਸੁਪਨਾ ਲਿਆ ਕਿ ਉਹ ਇਨ•ਾਂ ਲੋਕਾਂ ਨੂੰ ਸੰਘਰਸ਼ ਲਈ ਲਾਮ ਬੰਦ ਕਰੇ। ਇਸ ਲਾਇਕ ਨੌਜਵਾਨ ਨੂੰ ਉਸ ਦੇ ਵੱਡੇ ਭਰਾ ਨੇ ਇਗਲੈਂਡ ਵਿਚ ਪੜਾਉਣ ਦਾ ਮਨ ਬਣਾਇਆ। ਉਸ ਦੇ ਪਿਆਰ ਨੇ ਮਦਨ ਲਾਲ ਨੂੰ ਇੰਗਲੈਂਡ ਜਾਣ ਲਈ ਤਿਆਰ ਕਰ ਲਿਆ। 1906 ਈ. ਨੂੰ ਉਹ ਇੰਗਲੈਂਡ ਚਲਾ ਗਿਆ। ਇੱਥੇ ਆਕੇ ਉਹ ਭਾਰਤੀ ਦੇਸ਼ ਭਗਤਾਂ ਦੇ ਸੰਪਰਕ ਵਿਚ ਆਇਆ। ਇੱਥੇ ਹੀ ਉਸ ਨੂੰ ਭਾਰਤ ਤੇ ਭਾਰਤੀਆਂ ਨਾਲ ਹੁੰਦੇ ਵਿਤਕਰੇ ਦਾ ਜਿੱਥੇ  ਗਿਆਨ ਹੋਇਆ ਉੱਥੇ ਇਸ ਜੁਲਮ ਨਾਲ ਨਿਜੱਠਣ ਲਈ ਉਸ ਨੇ ਅੰਗਰੇਜ ਸ਼ਾਸਕਾਂ ਨੂੰ ਉਨ•ਾਂ ਦੀ ਭਾਸਾਂ ਵਿਚ ਹੀ ਜਵਾਬ ਦੇਣ ਦੇ ਸੁਪਨੇ ਸਿਰਜੇ। ਖੁਦੀ ਰਾਮ ਬੋਸ, ਪੰਡਿਤ ਕਾਂਸ਼ੀ ਰਾਮ ਤੇ ਕਨੀ ਰਾਮ ਨੂੰ ਫਾਂਸੀ ਦੇਣ ਦੀ ਘਟਨਾਂ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ। 1 ਜੁਲਾਈ 1909 ਨੂੰ ਕਰਜ਼ਨ ਵੈਲੀ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਵੰਦੇ ਮਾਤਰਮ ਦੇ ਨਾਹਰੇ ਲਾਏ । ਇਸੇ ਦੋਸ਼ ਕਰਕੇ 17 ਅਗਸਤ 1909 ਨੂੰ ਪੈਨਟੋਨਵਿਲ ਜੇਲ• ਵਿਚ ਫ਼ਾਂਸੀ ਲਾ ਦਿੱਤਾ ਗਿਆ। ਇਸ ਮਹਾਨ ਨਾਇਕ ਨਾਲ ਹੀ ਭਾਰਤ ਤੇ ਭਾਰਤੀਆਂ ਦਾ ਸਿਰ ਮਾਣ ਸਨਮਾਨ ਨਾਲ ਉੱਚਾ ਹੁੰਦਾ ਹੈ। ਕਰਜ਼ਨ ਵੈਲੀ ਦਾ ਕਤਲ ਭਾਰਤ ਲਈ ਇਕ ਵੱਡੀ ਘਟਨਾ ਸੀ। ਮਦਨ ਲਾਲ ਢੀਂਗਰਾ ਨੇ ਕਰਜ਼ਨ ਵੈਲੀ ਨੂੰ ਨਾ ਕੇਵਲ ਕਤਲ ਹੀ ਕੀਤਾ ਬਲਕਿ ਇਹ ਫਲਸਫਾ ਵੀ ਦਿੱਤਾ ਕਿ ਜਦ ਤੱਕ ਜੁਲਮ ਹੁੰਦਾ ਰਹੇਗਾ ਤਦ ਤਕ ਇਸ ਜੁਲਮ ਨਾਲ ਦਸਤ ਪੰਜਾ ਲੈਣ ਵਾਲੇ ਸੂਰਮੇਂ ਵੀ ਪੈਦਾ ਹੁੰਦੇ ਰਹਿਣਗੇ। ਇਹੋ ਹੀ ਹੋਇਆ ਕਿ ਖੂਨ ਦਾ ਬਦਲਾ ਖੂਨ ਵਿਚ ਲੈਣ ਵਾਲੇ ਸੂਰਮੇਂ ਸਮੇਂ ਸਮੇਂ ਉਪਰ ਪੈਦਾ ਹੁੰਦੇ ਰਹੇ। ਸ਼ਹੀਦ ਮਦਨ ਲਾਲਾ ਢੀਂਗਰਾ ਦਾ ਸਥਾਂਨ ਮੋਢੀਆਂ ਵਾਲਾ ਹੈ ਜਿਸ ਤੋਂ ਕਰਤਾਰ ਸਰਾਭਾ, ਸ਼ਹੀਦ ਭਗਤ ਸਿੰਘ ਤੇ ਚੰਦਰ ਸ਼ੇਖਰ ਵਰਗੇ ਪ੍ਰੇਰਨਾ ਲੈਂਦੇ ਹਨ।
ਅੱਜ ਜਦੋਂ ਅਖ਼ਬਾਰਾਂ ਵਿਚ ਇਸ ਮਹਾਨ ਸ਼ਹੀਦ ਦੇ ਘਰ ਨੂੰ ਵੱਡੀਆਂ ਕੀਮਤਾਂ ਉਪਰ ਵੇਚ ਦੇਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਈਆਂ ਹਨ ਉਸ ਵਕਤ ਉਸ ਮਹਾਨ ਸ਼ਹੀਦ ਦੇ ਸੁਪਨਿਆਂ ਦੀ ਪੈੜ 'ਤੇ ਉਸ ਦੀ ਵਿਚਾਰਧਾਰਕ ਵਿਰਾਸਤ ਦੀ ਬਾਂਹ ਫੜਕੇ ਚੱਲਣ ਵਾਲਿਆਂ ਦਾ ਮਨ ਵੰਲੂਦਰਿਆ ਗਿਆ ਹੈ। '' ਖਬਰ ਹੈ ਕਿ ਸ਼ਹੀਦ ਦਾ ਜੱਦੀ ਘਰ ਵੱਡੀਆਂ ਕੀਮਤਾਂ ਲੈਕੇ ਵੇਚ ਦਿੱਤਾ ਗਿਆ ਤੇ ਇਸ ਇਤਿਹਾਸਕ ਥਾਂ ਨੂੰ ਲੈਣ ਵਾਲਿਆਂ ਨੇ ਇਸ ਨੂੰ ਵਿਉਪਾਰਕ ਦਰਿਸ਼ਟੀ ਤੋਂ ਢਾਉਣਾ ਵੀ ਸ਼ੁਰੂ ਕਰ ਦਿੱਤਾ ਹੈ।'' ਅੱਜ ਵਿਉਪਾਰਕ ਦਰਿਸ਼ਟੀ ਤੋਂ ਮਦਨ ਲਾਲ ਢੀਂਗਰਾ ਦਾ ਇਹ ਘਰ ਕਰੋੜਾਂ ਦਾ ਹੋ ਸਕਦਾ ਹੈ ਪਰ ਇਸ ਦੇ ਨਾਲ ਹੀ ਕਈ ਅਹਿਮ ਸਵਾਲ ਇਹ ਘਰ ਖੜੇ ਕਰ ਗਿਆ ਹੈ। ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਇਸ ਸ਼ਹੀਦ ਦਾ ਘਰ ਸੌ ਸਾਲ ਬਾਅਦ ਵੀ ਆਰਕਾਇਵ ਵਿਭਾਗ ਦੀ ਮਲਕੀਅਤ ਕਿਉਂ ਨਹੀਂ ਬਣਿਆ? ਉਸ ਸ਼ਹੀਦ ਦੀਆਂ ਅਸਥੀਆਂ 13 ਦਸੰਬਰ 1976 ਨੂੰ  ਛੇ ਦਹਾਕਿਆਂ ਤੋਂ ਬਆਦ ਦੇਸ਼ ਵਿਚ ਲਿਆਉਣ ਦਾ ਕੀ ਮਕਸਦ ਸੀ ਜੇ ਉਸ ਦੀਆਂ ਅੰਤਿਮ ਨਿਸ਼ਾਨੀਆਂ ਨੇ ਇੰਝ ਹੀ ਰੁਲਣਾ ਸੀ। ਕਿ ਉਨ•ਾਂ ਅਸਥੀਆਂ ਨੂੰ ਬੇਨਾਮ ਹੀ ਨਹੀਂ ਸੀ ਰਹਿਣ ਦੇਣਾ ਚਾਹੀਦਾ ਸੀ?
ਅੱਜ ਜਦੋਂ ਮਦਨ ਲਾਲ ਢੀਂਗਰਾ ਦੇ ਪਰਿਵਾਰ ਨੇ ਇਸ ਜੱਦੀ ਘਰ ਨੂੰ ਵਿਉਪਾਰਕ ਦਰਿਸ਼ਟੀ ਤੇ ਵੇਚ ਦੇਣ ਦਾ ਨਿੱਜੀ ਨਿਰਣਾ ਲਿਆ ਹੈ ਤਾਂ ਸਵਾਲ ਖੜਾ ਹੁੰਦਾ ਹੈ ਕਿ ਇਕ ਸ਼ਹੀਦ ਦੇ ਪਰਿਵਾਰ ਨੂੰ ਇਹ ਮੰਦ ਭਾਗਾ ਫੈਸਲਾ ਕਿਉਂ ਲੈਣਾ ਪਿਆ? ਜਦੋ  ਮਦਨ ਲਾਲ ਢੀਂਗਰਾ ਨੇ ਕਰਜ਼ਨ ਵੈਲੀ ਦਾ ਕਤਲ ਕਰਕੇ ਦੇਸ਼ ਕੌਮ ਦੇ ਸਵੈਮਾਣ ਦਾ ਬਦਲਾ ਲਿਆ ਸੀ ਤਾਂ ਉਸ ਸਮੇਂ ਮਦਨ ਲਾਲ ਦੇ ਪਰਿਵਾਰ ਨੇ ਉਸ ਨੂੰ ਬੇਦਖਲ ਕਰਕੇ ਬਰਤਾਨਵੀ ਹਕੂਮਤ ਦੇ ਵਫਾਦਾਰੀ ਦਾ ਸਬੂਤ ਦਿੰਦਿਆਂ ਕਿਹਾ ਸੀ ਕਿ ਅਸੀਂ ਇਸ ਦੀ ਲਾਸ਼ ਵੀ ਲੈਣਾ ਨਹੀਂ ਚਾਹੁੰਦੇ ਕਿਉਂਕਿ ਇਹ ਅੰਗਰੇਜ਼ ਪ੍ਰਸਤ ਪਰਿਵਾਰ ਆਪਣੇ ਇਸ ਪੁੱਤਰ ਤੋਂ ਜੀਉਂਦੇ ਜੀ ਬੇਮੁੱਖ ਹੋ ਚੁੱਕਾ ਸੀ। ਇਸ ਲਈ ਇਹ ਬਹੁਤ ਹੀ ਜਰੂਰੀ ਬਣ ਜਾਂਦਾ ਹੈ ਕਿ ਸ਼ਹੀਦ ਮਦਦ ਲਾਲ ਢੀਂਗਰਾ ਦੇ ਉਨ•ਾਂ ਅੰਤਿਮ ਬਿਆਨਾ ਨੂੰ ਯਾਦ ਕਰੀਏ ਜੋ ਉਨ•ਾਂ ਨੇ ਅਦਾਲਤ ਵਿਚ ਦਿੰਦਿਆਂ ਕਿਹਾ ਸੀ, '' ਸਾਨੂੰ ਅੰਗਰੇਜਾਂ ਨੇ ਇਕ ਯੁੱਧ ਦੇ ਮੈਦਾਨ ਵਿਚ ਧੱਕ ਦਿੱਤਾ ਹੈ। ਅਸੀਂ ਨਿਹੱਥੇ ਇਹ ਜੰਗ ਨਹੀਂ ਲੜ ਸਕਦੇ ਇਸ ਕਰਕੇ ਹੀ ਮੈਂ ਅਚਾਨਕ ਵਾਰ ਕੀਤਾ ਹੈ। ਮੇਰੇ ਕੋਲ ਬੰਦੂਕ ਨਹੀਂ ਸੀ ਇਸੇ ਕਰਕੇ ਮੈਂ ਪਸਤੋਲ ਨਾਲ ਮਾਰਿਆ ਹੈ। ਮੇਰੇ ਵਰਗੇ ਗ਼ਰੀਬਾਂ  ਕੋਲ ਮਾਂ ਧਰਤੀ ਨੂੰ ਅਰਪਿਤ ਕਰਨ ਲਈ ਹੋਰ ਕੁਝ ਵੀ ਨਹੀਂ ਕੇਵਲ ਆਪਣਾ ਖੂਨ ਹੀ ਹੈ। ਅੱਜ ਹਰ ਭਾਰਤੀ ਨੂੰ ਸਿੱਖਣਾ ਪਵੇਗਾ ਕਿ ਉਸ ਨੇ ਕਿਵੇਂ ਮਰਨਾਂ ਹੈ ਇਸ ਲਈ ਮੈਂ ਮਰ ਕੇ ਦੱਸ ਰਿਹਾ ਹਾਂ ਕਿ ਅੱਜ ਦਾ ਨੌਜਵਾਨ ਮਰਨ ਦੀ ਜਾਚ ਸਿੱਖ ਲਵੇ। ਮੈਂ ਰੱਬ ਨੂੰ ਪ੍ਰਰਾਥਨਾਂ ਕਰਦਾ ਹਾਂ ਕਿ ਮੈਂ ਇਸੇ ਮਾਂ ਦੀ ਕੁੱਖੋ ਜਨਮ ਲੈ ਕੇ ਮਾਂ ਧਰਤੀ ਦਾ ਕਰਜ਼ਾ ਉਤਾਰਨ ਲਈ ਫਿਰ ਪੈਦਾ ਹੋਵਾਂ।'' ਬੇਦਖਲ ਕਰ ਦੇਣ ਵਾਲੀ ਮਾਂ ਨੂੰ ਅਮਰ ਕਰ ਜਾਣ ਵਾਲਾ ਇਹ ਭਾਰਤ ਦਾ ਮਹਾਨ ਸਪੂਤ ਅੱਜ ਆਜ਼ਾਦ ਭਾਰਤ ਵਿਚ ਚੰਦ ਟਕਿਆਂ ਦੀ ਮੁਥਾਜੀ ਦਾ ਕਿਵੇਂ ਗੁਲਾਮ ਹੋ ਸਕਦਾ ਹੈ? 
Îਮਦਨ ਲਾਲ ਢੀਂਗਰਾ ਦਾ ਸਾਰਾ ਜੀਵਨ ਹੀ ਸੰਘਰਸ਼ਾਂ ਤੇ ਚੁਨੌਤੀਆਂ ਦਾ ਨਹੀਂ ਰਿਹਾ ਸਗੋਂ ਉਸ ਦੀ ਸ਼ਹਾਦਤ ਤੋਂ ਬਆਦ ਵੀ ਉਸ ਨਾਲ ਵਿਤਕਰੇ ਹੁੰਦੇ ਰਹੇ। ਦੁਨੀਆ ਨੂੰ ਸਭਿਆਤਾ ਦਾ ਪਾਠ ਪੜ•ਾਉਣ ਵਾਲੀ ਬਰਤਾਨਵੀ ਹਕੂਮਤ ਨੇ ਭਾਰਤ ਦੇ ਇਸ ਕ੍ਰਾਂਤੀਕਾਰੀ ਨੂੰ ਕਾਨੂੰਨੀ ਸਹਾਇਤਾ ਤੱਕ ਨਾ ਲੈਣ ਦਿੱਤੀ। ਅਦਾਲਤ ਦੇ ਨਾਟਕ ਨੂੰ ਸ਼ਹੀਦ ਮਦਨ ਲਾਲ ਨੇ ਚੁਪ ਕਰਕੇ ਬਰਦਾਸ਼ਤ ਨਹੀਂ ਕੀਤਾ ਸਗੋਂ ਬਰਤਾਨਵੀ ਅਦਾਲਤ ਵਿਚ ਭਾਰਤੀ ਲੋਕਾਂ ਦੀ ਹੁੰਦੀ ਦੁਰਦਸ਼ਾ ਦੇ ਖਿਲਾਫ ਉਹ ਅਦਾਲਤ ਵਿਚ ਅਹਿਲ ਖੜਾ ਭਾਰਤੀ ਲੋਕਾਂ ਦੀ ਅਵਾਜ਼ ਨੂੰ ਜ਼ਬਾਨ ਦਿੰਦਾ ਰਿਹਾ । ਉਸ ਨੂੰ ਭੋਰਾ ਜਿਨੀ ਵੀ ਸ਼ਿਕਨ ਨਹੀਂ ਸੀ ਕਿ ਉਸ ਨੇ ਇਹ ਕੀ ਕੀਤਾ। ਕਰਜ਼ਨ ਵੈਲੀ ਨੂੰ ਬਚਾਉਣ ਲਈ ਆਏ ਇਕ ਡਾਕਟਰ ਦੀ ਮੌਤ ਬਾਰੇ ਉਸ ਨੇ ਕਿਹਾ ਸੀ ਮੈਨੂੰ ਇਸ ਬੇਗੁਨਾਹ ਦੀ ਮੌਤ ਦਾ ਹਮੇਸਾਂ ਦੁਖ ਰਹੇਗਾਂ ਮੈਂ ਇਸ ਨਿਰਦੋਸ਼ ਨੂੰ ਮਾਰਨਾਂ ਨਹੀਂ ਸੀ ਚਾਹੁੰਦਾ ਪਰ ਇਹ ਬਦਕਿਸਮਤ ਮੇਰੀ ਗੋਲੀ ਦੇ ਮੋਹਰੇ ਆਕੇ ਮਰ ਗਿਆ। ਇਸ ਤੋਂ ਬਆਦ ਵੀ ਮਦਨ ਲਾਲ ਢੀਂਗਰਾ ਨੂੰ ਆਪਣੇ ਪਰਿਵਾਰ ਦੀ ਬੇਰੁਖੀ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੇ ਸ਼ਪਸਟ ਕਿਹਾ ਮਾਂ ਧਰਤੀ ਪ੍ਰਤੀ ਮੇਰੀ ਜ਼ਿੰਮੇਵਾਰੀ ਜਨਮ ਦੇਣ ਵਾਲੀ ਮਾਂ ਤੋਂ ਕਿੰਨੇ ਗੁਣਾ ਵੱਡੀ ਹੈ। ਭੈਣ ਭਰਾਵਾਂ ਨਾਲੋਂ ਹਜ਼ਾਰਾਂ ਭਾਰਤੀਆਂ ਦੀ ਮੋਹ ਦਾ ਰਿਸਤਾ ਮੇਰੇ ਲਈ ਵਧੇਰੇ ਅਰਥ ਰੱਖਦਾ ਹੈ। ਫ਼ਾਂਸੀ ਦੇ ਤਖਤੇ ਤੋਂ ਵੀ ਵੰਦੇ ਮਾਤਰਮ ਦੀ ਅਵਾਜ ਦੇਣ ਵਾਲੇ ਇਸ ਮਹਾਨ ਇਨਕਲਾਬੀ ਦਾ ਅੰਤਮ ਸੁਨੇਹਾ ਭਾਰਤੀਆਂ ਤੱਕ ਬਰਤਾਨਵੀ ਹਕੂਮਤ ਨੇ ਨਹੀਂ ਜਾਣ ਦਿੱਤਾ। ਉਸ ਦੀ ਲਾਸ਼ ਜਦੋਂ ਪਰਿਵਾਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਲਾਸ਼ ਇੰਡੀਆ ਹਾਉਸ  ਦੇ ਸਾਥੀਆਂ ਨੂੰ ਨਹੀਂ ਦਿੱਤੀ ਗਈ।
ਭਾਂਵੇਂ ਮਦਨ ਲਾਲ ਢੀਂਗਰਾ ਲਈ ਮਾਂ ਧਰਤੀ ਦਾ ਰਿਸ਼ਤਾ ਵੱਡੀ ਮਹੱਤਤਾ ਦਾ ਲਿਖਾਇਕ ਸੀ। ਉਹ ਹਿੰਦੂ ਮੁਸਲਮਾਨਾ ਤੇ ਸਿੱਖਾਂ ਸਭਨਾ ਦਾ ਸਾਝਾਂ ਸੀ। ਉਸ ਦਾ ਜਨਮ ਹਿੰਦੂ ਪਰਿਵਾਰ ਵਿਚ ਹੋਇਆ ਸੀ ਪਰ ਉਸ ਦੀਆਂ ਅੰਤਿਮ ਰਸਮਾਂ ਹਿੰਦੂ ਰੀਤੀ ਰੀਵਾਜ਼ ਦੇ ਅਨੁਸਾਰ ਨਹੀਂ ਕੀਤੀਆਂ ਗਈਆਂ ਤੇ ਇਸ ਦੇ ਉਲਟ ਕਰਿਸ਼ਚੀਅਨ ਰਸਮਾਂ ਦੇ ਅਨੁਸਾਰ ਉਸ ਸ਼ਹੀਦ ਦਾ ਪਵਿਤੱਤ ਸਰੀਰ ਗੁਮਨਾਮ ਦਫਨਾ ਦਿੱਤਾ ਗਿਆ। ਮਹਾਤਮਾਂ ਗਾਂਧੀ ਨੇ ਤਾਂ ਉਸ ਮਹਾਨ ਇਨਕਲਾਬੀ ਦੇ ਇਸ ਕਾਰਜ ਦੀ ਸਖਤ ਸ਼ਬਦਾ ਵਿਚ ਨਿਖੇਧੀ ਵੀ ਕੀਤੀ ਸੀ ਜਦ ਕਿ ਆਇਰਿਸ਼ ਇਨਕਲਾਬੀਆਂ ਨੇ ਉਸ ਨੂੰ ਆਪਣੇ ਆਦਰਸ਼ ਵਜੋਂ ਮਾਨਤਾ ਦਿੱਤੀ ਸੀ ਤੇ ਕਿਹਾ ਸੀ ਕਿ ਗੁਲਾਮ ਕੌਮਾਂ ਇਸ ਤਰ•ਾਂ ਹੀ ਆਜ਼ਾਦੀ ਪ੍ਰਾਪਤ ਕਰ ਸਕਦੀਆਂ ਹਨ।
1947 ਤੋਂ ਬਆਦ ਵੀ ਆਜ਼ਾਦ ਭਾਰਤ ਦੀ ਹਕੂਮਤ ਨੇ ਆਪਣੇ ਉਸ ਮਹਾਨ ਸਪੂਤ ਬਾਰੇ ਨਾ ਕੋਈ ਫਿਕਰ ਕੀਤਾ ਤੇ ਨਾ ਹੀ ਬਰਤਾਨਵੀ ਹਾਕਮਾਂ ਕੋਲ ਉਸ ਦਾ ਜ਼ਿਕਰ ਕੀਤਾ। 1976 ਵਿਚ ਜਦੋਂ ਭਾਰਤ ਦੇ ਲੋਕ ਭਾਰਤੀ ਆਜ਼ਾਦੀ ਨੂੰ  ਮਹਿਜ ਸਤਾ ਪਰਿਵਰਤਨ ਦਾ ਨਾਮ ਦੇ ਕੇ ਭਾਰਤੀ ਹਕੂਮਤ ਦੇ ਖਿਲਾਫ ਉਠ ਖੜੇ ਹੋਏ ਤਾਂ ਉਸ ਵਕਤ ਭਾਰਤ ਦੀ ਸਰਕਾਰ ਨੂੰ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਣਸਨਮਾਨ ਕਰਨ ਦਾ ਖਿਆਲ ਆਇਆ। ਉਸ ਵਕਤ ਵਿਦੇਸ਼ਾਂ ਵਿਚ ਸ਼ਹੀਦ ਹੋਏ ਸਾਥੀਆਂ ਦੀਆਂ ਅਸਥੀਆਂ ਲਿਆਉਣ ਦੇ ਉਪਰਾਲੇ ਕੀਤੇ ਗਏ। ਇੱਥੇ ਵੀ ਮਦਨ ਲਾਲ ਢੀਂਗਰਾ ਨਾਲ ਵੱਡੇ ਪੱਧਰ ਉਪਰ ਧੱਕਾ ਹੋਇਆ। ਇਸ ਸ਼ਹੀਦ ਦੀਆਂ ਅਸਥੀਆਂ ਲਿਆਉਣ ਦਾ ਤਾਂ ਕੋਈ ਪ੍ਰੋਗਰਾਮ ਹੀ ਨਹੀਂ ਸੀ। ਇਸ ਮਹਾਨ ਸ਼ਹੀਦ ਦੀਆਂ ਅਸਥੀਆਂ ਤਾਂ ਸ਼ਹੀਦ ਉਧਮ ਸਿੰਘ ਦੀਆਂ ਅਸਥੀਆਂ ਲੈਣ ਗਿਆਂ ਨੂੰ ਅਚਾਨਕ ਮਿਲ ਗਈਆਂ। ਭਾਰਤ ਦਾ ਵਿਦੇਸ਼ਾਂ ਵਿਚ ਪਹਿਲਾ ਸ਼ਹੀਦ ਮਦਨ ਲਾਲ ਢੀਂਗਰਾ ਭਾਰਤ ਦੀ ਹਕੂਮਤ ਦੇ ਰਿਕਾਰਡ ਵਿਚ ਬੋਲਦਾ ਹੀ ਨਹੀਂ ਸੀ। ਇਸ ਤੋਂ ਵੱਡੀ ਦੁਖਦਾਈ ਘਟਨਾ ਇਸ ਮਹਾਨ ਸ਼ਹੀਦ ਨਾਲ ਹੋਰ ਕੀ ਹੋ ਸਕਦੀ ਸੀ। ਤਾਜ਼ਾ ਛਪੀਆਂ ਖਬਰਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਮਦਨ ਲਾਲ ਦੀਆਂ ਅਸਥੀਆਂ ਤਾਂ ਭਾਰਤ ਵਿਚ ਆ ਗਈਆਂ ਪਰ ਉਸ ਦੀਆਂ ਅਸਥੀਆਂ ਲਈ ਕੋਈ ਮਾਣ ਯੋਗ ਸਮਾਧ ਭਾਰਤ ਵਿਚ ਅਜੇ ਤੱਕ ਨਹੀਂ ਬਣੀ। ਅੱਜ ਅਖਬਾਰਾਂ ਵਿਚ ਉਸ ਮਹਾਨ ਕ੍ਰਾਂਤੀਕਾਰੀ ਦਾ ਘਰ ਢਾਅ ਕੇ ਨਵੀਂ ਉਸਾਰੀ ਦੀਆਂ ਖ਼ਬਰਾਂ ਨੇ ਉਸ ਮਹਾਨ ਸ਼ਹੀਦ ਨਾਲ ਇਕ ਹੋਰ ਵਿਤਕਰਾ ਕਰ ਦਿੱਤਾ ਹੈ। ਅੱਜ ਫਿਰ ਉਸਦੇ ਵਿਚਾਰਧਾਰਕ ਵਾਰਸ ਉਸ ਦੀ ਇਸ ਵਿਰਾਸਤ ਨੂੰ ਸਾਂਭਣ ਲਈ ਯਤਨ ਕਰ ਰਹੇ ਹਨ।
ਅੱਜ ਜਦੋਂ ਇਹ ਖ਼ਬਰਾਂ ਛਪ ਰਹੀਂਆਂ ਹਨ ਤਾਂ ਉਸ ਦੀ ਸੋਚ ਦੇ ਵਾਰਸ ਇਸ ਗੱਲ ਬਾਰੇ ਚਿੰਤਤ ਹੋ ਰਹੇ ਹਨ ਕਿ ਇਕ ਪਾਸੇ ਸ਼ਹੀਦਾਂ ਦੀਆਂ ਯਾਦਗਰਾਂ ਖਤਮ ਕੀਤੀਆਂ ਜਾ ਰਹੀਂਆਂ ਹਨ ਦੂਸਰੇ ਪਾਸੇ ਸ਼ਹੀਦਾ ਦੇ ਸੁਪਨਿਆਂ ਦਾ ਦੇਸ਼ ਸਿਰਜਣ ਦੀਆਂ ਡੀਂਗਾਂ ਸਰਕਾਰ ਵੱਲੋਂ ਮਾਰੀਆਂ ਜਾ ਰਹੀਂਆਂ ਹਨ। ਅੱਜ ਦੇਸ਼ ਨਵਬਸਤੀਵਾਦੀ ਨੀਤੀਆਂ ਦੇ ਤਹਿਤ ਸਾਮਰਾਜਵਾਦੀਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਕਿਸੇ ਇਕ ਸ਼ਹੀਦ ਦੀ ਵਿਰਾਸਤ ਨੂੰ ਸਾਂਭਣ ਦੀ ਹੀ ਗੱਲ ਨਹੀਂ ਹੈ। ਜਲਿ•ਆਂ ਵਾਲਾ ਬਾਗ ਆਪਣੀ ਇਤਿਹਾਸਕ ਹੋਂਦ ਬਰਕਰਾਰ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਅੱਜ ਜਦੋਂ ਵੱਡੇ ਵੱਡੇ ਮਾਲ ਖੁੱਲ ਰਹੇ ਹਨ ਉਸ ਵਕਤ ਸ਼ਹੀਦਾਂ ਦੀਆਂ ਜਨਮ ਭੂਮੀਆਂ ਨੂੰ ਇਨ•ਾਂ ਧਾੜੀਆਂ  ਤੋਂ ਮਹਿਫੂਜ ਰੱਖਣ ਦਾ ਇਕ ਹੋਰ ਇਤਿਹਾਸਕ ਕਾਰਜ ਚਿੰਤਨ ਸ਼ੀਲ ਲੋਕਾਂ ਦੇ ਮੋਢਿਆਂ ਉਪਰ ਆ ਪਿਆ ਹੈ। ਆਓ ਸ਼ਹੀਦਾ ਦੇ ਰੁਲਦੇ ਸੁਪਨਿਆਂ ਦੀ ਗੱਲ ਕਰੀਏ ਤੇ ਉਨ•ਾਂ ਦੀਆਂ ਖਤਮ ਹੁੰਦੀਆਂ ਅੰਤਮ ਨਿਸ਼ਾਨੀਆਂ ਨੂੰ ਸਾਂਭੀਏ।
   ਡਾ. ਤੇਜਿੰਦਰ ਵਿਰਲੀ (9464797400)

Sunday 9 June 2013

ਗੀਤ, ਅਣਜੰਮੀ ਧੀ ਦਾ ਆਖਰੀ ਤਰਲਾ

ਡਾ. ਤੇਜਿੰਦਰ ਵਿਰਲੀ
ਜੁਲਮ ਸਿਤਮ ਦੀਆਂ ਲੰਮੀਆਂ ਰਾਹਵਾਂ
ਐਪਰ ਮੇਰੀਆਂ ਨਿੱਕੀਆਂ ਬਾਹਵਾਂ
ਨਿੱਕੇ ਹੱਥਾਂ ਨਾਲ ਜੁਲਮ ਮੈਂ ਥੰਮਣਾ ਚਾਹੁੰਦੀ ਹਾਂ।
ਮਾਰ ਨਾ ਮੇਰੀ ਮਾਂ, ਨੀ ਮਾਂ ਮੈਂ ਜੰਮਣਾ ਚਾਹੁੰਦੀ ਹਾਂ।

ਦਸ ਕਦ ਨਹੀਂ ਮੈਂ ਇੱਜ਼ਤ ਰੱਖੀ ਬਾਬਲ ਦੇ ਚੀਰੇ ਦੀ?
ਦਸ ਕਦ ਨਹੀਂ ਮੈਂ ਸੁੱਖ ਮਨਾਈ ਨਿੱਕੇ ਵੀਰੇ ਦੀ?
ਫੇਰ ਕਿਉਂ ਮੇਰੀਆਂ ਨਿੱਕੀਆਂ ਲੱਤਾਂ ਭੱਨਣਾ ਚਾਹੁੰਦੀ ਆਂ
ਮਾਰ ਨਾ ਮੇਰੀ ਮਾਂ ਨੀ ਮਾਂ ਮੈਂ ਜੰਮਣਾ ਚਾਹੁੰਦੀ ਹਾਂ।

ਨਾ ਕਦੇ ਮੈਨੂੰ ਝਿੜਕਾਂ ਦਿੱਤੀਆਂ,ਨਾ ਹੀ ਲਾਡ ਲਡਾਇਆ
ਮੋਹ ਮਮਤਾ ਦਾ ਕੈਸਾ ਜਜਬਾ ਇਹ ਮੇਰੇ ਹਿੱਸੇ ਆਇਆ।
ਮੈਂ ਤਾਂ ਰੋਮ ਰੋਮ ਵਿਚ ਤੇਰੇ ਰੰਮਣਾ ਚਾਹੁੰਦੀ ਸਾਂ
ਮਾਰ ਨਾ ਮੇਰੀ ਮਾਂ, ਨੀ ਮਾਂ ਮੈਂ ਜੰਮਣਾ ਚਾਹੁੰਦੀ ਹਾਂ।

ਜਿਸ ਪੁੱਤਰ ਲਈ ਰੀਝਾਂ ਵਾਲੀ ਰੱਖਦੀ ਰੱਖਦੀ ਮੰਝੀ ਢਾਈ
ਉਸ ਪੁੱਤਰ ਲਈ ਨੁੰਹ ਨਹੀਂ ਲੱਭਣੀ ਤੈਨੂੰ ਕਿਤੋਂ ਥਿਆਈ
ਕਿਉਂ ਨਦੀਆਂ ਦੇ ਵਹਿਣ ਕੁਦਰਤੀ ਥੰਮਣਾ ਚਾਹੁੰਦੀ ਆਂ
ਮਾਰ ਨਾ ਮੇਰੀ ਮਾਂ, ਨੀ ਮਾਂ ਮੈਂ ਜੰਮਣਾ ਚਾਹੁੰਦੀ ਹਾਂ।

ਕੁੱਖ ਵਿਚ ਕਤਲ ਕਰਾਕੇ ਅੰਮੀਏ ਬਣਨਾ ਆਤਮ ਘਾਤੀ,
ਮਾਨਵਤਾ ਦੀਆਂ ਜੜ•ਾਂ 'ਚ ਮਾਂਏ ਫੇਰ ਨਾ ਡੂੰਘੀ ਦਾਤੀ,
ਕਿਉ ਤੂੰ ਕਿਉ ਪਿਓ ਤੇ ਬਾਬੇ ਵਾਲਾ ਹੀ ਮੁੱਢ ਬੰਨਣਾ ਚਾਹੁੰਦੀ ਆ?
ਮਾਰ ਨਾ ਮੇਰੀ ਮਾਂ ਨੀ ਮਾਂ ਮੈਂ ਜੰਮਣਾ ਚਾਹੁੰਦੀ ਹਾਂ

ਪਾ ਦਾਦੀ ਦਾ ਤਰਲਾ ਮਾਏ, ਭੂਆ ਨੂੰ ਤੂੰ ਸਮਝਾ ਲੈ
ਮੇਰੇ ਬਾਬਲ ਨੂੰ ਆਖੀ ਆਖੀ ਮੈਨੂੰ ਡਾਕਟਰ ਤੋਂ ਬਚਾਲੈ
ਮੈਂ ਚੰਡੀ ਦੀ ਵਾਰ ਵਾਂਗਰਾਂ ਜੁਲਮ ਨੂੰ ਝੰਮਣਾ ਚਾਹੁੰਦੀ ਆਂ।
ਮਾਰ ਨਾ ਮੇਰੀ ਮਾਂ ਨੀ ਮਾਂ ਮੈਂ ਜੰਮਣਾ ਚਾਹੁੰਦੀ ਆਂ।

ਮੇਰੀਆਂ ਰੀਝਾਂ ਚਾਅ ਤੇ ਸਧਰਾਂ ਰਹਿ ਗਏ ਸਭ ਅਧੂਰੇ
ਐਪਰ ਕਲੰਕਤ ਕੁੱਖਾਂ ਵਿੱਚੋਂ ਕਦੇ ਨਾ ਜੰਮਦੇ ਸੂਰੇ
ਕਰ ਕਲੰਕਤ ਕੁੱਖ ਨੂੰ ਮਾਏ ਕਿਉਂ ਸਮਾਜ ਦਾ ਮੱਥਾ ਡੰਮਣਾ ਚਾਹੁੰਦੀ ਆਂ
ਮਾਰ ਨਾ ਮੇਰੀ ਮਾਂ, ਨੀ ਮਾਂ ਮੈਂ ਜੰਮਣਾ ਚਾਹੁੰਦੀ ਆ।

ਜਦ ਵਿਰਲੀ ਦੇ ਗੀਤਾਂ ਮਾਏ ਅਮਰ ਮੈਨੂੰ ਕਰ ਜਾਣਾ, 
ਤੇਰੇ ਲਈ ਔਖਾ ਹੋ ਜਉ ਮਾਂਏ ਸੁਣਨਾ ਉਹਦਾ ਗਾਣਾ.
ਕਿਉਂ ਸੰਵਾਦ ਆਖਰੀ ਮੇਰਾ ਸੁਣਨਾ ਚਾਹੁੰਦੀ ਨਾ
ਮਾਰ ਨਾ ਮੇਰੀ ਮਾਂ ਨੀ ਮਾਂ ਮੈਂ ਜੰਮਣਾ ਚਾਹੁੰਦੀ ਹਾਂ।

Saturday 8 June 2013

ਖੇਡ ਪ੍ਰੇਮੀਆਂ ਦੇ ਨਾਲ ਧੋਖੇ ਦਾ ਦੂਜਾ ਨਾਮ ਆਈ ਪੀ ਐਲ

                                                                                           ਡਾ. ਤੇਜਿੰਦਰ ਵਿਰਲੀ (9464797400)
ਆਈ.ਪੀ.ਐਲ ਵਿਚ ਹੋਈ ਫਿਕਸਿੰਗ ਤੇ ਹਰ ਰੋਜ਼ ਜਾਹਰ ਹੋ ਰਹੀਆਂ ਇਸ ਦੀਆਂ ਨਵੀਆਂ ਪਰਤਾਂ ਨੇ ਇਹ ਜੱਗ ਜਾਹਰ ਕਰ ਦਿੱਤਾ ਹੈ ਕਿ ਦੇਸ਼ ਕਿਸ ਪਾਸੇ ਵੱਲ ਜਾ ਰਿਹਾ ਹੈ। ਲੋਕਾਂ ਨੂੰ ਬੁੱਧੂ ਬਣਾਉਣ ਤੇ ਲੁੱਟਣ ਦੀ ਕਵਾਇਤ ਕਿਸ ਹੱਦ ਤੱਕ ਭਾਰੂ ਹੈ। ਇਸ ਖੇਡ ਨਾਲ ਜੁੜੀਆਂ ਵੱਡੀਆਂ ਹਸਤੀਆਂ ਭਾਂਵੇਂ ਉਹ ਰਾਜਸੀ ਹੋਣ ਤੇ ਭਾਂਵੇ ਕਿਸੇ ਵੀ ਹੋਰ ਜਗਤ ਨਾਲ ਸੰਬੰਧਿਤ ਹੋਣ ਕਿਸ ਤਰ•ਾਂ ਨਾਲ ਲੋਕਾਂ ਨੂੰ ਲੁੱਟਣ ਲਈ ਹਰ ਰੋਜ਼ ਹਰ ਪਲ ਕੋਈ ਨਾ ਕੋਈ ਨਵਾਂ ਤਰੀਕਾ ਲੱਭ ਰਹੀਆਂ ਹਨ। ਖਿਡਾਰੀਆਂ ਤੋਂ ਲੈਕੇ ਪ੍ਰਬੰਧਕਾਂ ਤੇ ਵੱਖ ਵੱਖ ਟੀਮਾਂ ਦੇ ਮਾਲਕਾਂ ਦਾ ਇਸ ਗੋਰਖ ਧੰਦੇ ਵਿਚ ਸ਼ਾਮਲ ਹੋਣਾ ਕਿੰਨਾਂ ਸ਼ਰਮਨਾਕ ਹੈ। ਇਸ ਦਾ ਸ਼ਾਇਦ ਅਜੇ ਅੰਦਾਜਾ ਲਗਾਉਣਾ ਸੰਭਵ ਵੀ ਨਹੀਂ ਹੈ, ਕਿਉਂਕਿ ਅਜੇ ਹੋਰ ਵੀ ਬਹੁਤ ਵੱਡੀਆਂ ਹਸਤੀਆਂ ਦੇ ਇਸ ਵਿਚ ਸ਼ਾਮਲ ਹੋਣ ਦੇ ਸੰਕੇਤ ਹਨ। ਅੰਡਰਵਰਲ ਦੀ ਦੁਨੀਆਂ ਦੀਆਂ ਤਾਰਾਂ ਵੀ ਇਸ ਨਾਲ ਜੁੜੀਆਂ ਹੋਈਆਂ ਹਨ। ਸਮਾਜ ਦਾ ਇਕ ਵੱਡਾ ਵਰਗ ਘਟੀਆ ਤਰੀਕੇ ਨਾਲ ਪੈਸੇ ਕਮਾਉਣ  ਲਈ ਕੋਈ ਵੀ ਹੱਥਕੰਡਾ ਵਰਤਣ ਲਈ ਤਿਆਰ ਹੈ। ਘਟੀਆ ਤਰੀਕੇ ਨਾਲ ਪੈਸੇ ਕਮਾਉਣਾ ਕਿੰਨਾਂ ਦੁਖ ਦਾਇਕ ਹੈ। ਇਹ ਤਾਂ ਉਹ ਹੀ ਜਾਣਦਾ ਹੈ ਜਿਸ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਆਪਣਾ ਘਰ- ਬਾਰ ਇਸ ਤਰਾਂ ਫਿਕਸਿੰਗ ਵਿਚ ਲਾ ਕੇ ਤਬਾਹ ਕਰ ਦਿੱਤਾ ਹੈ। ਹਰ ਕਿਸਮ ਦੇ ਮੈਚ ਵਿਚ ਦਰਸ਼ਕ ਭਾਵੁਕ ਤੌਰ ਉਪਰ ਸ਼ਾਮਲ ਹੋ ਹੀ ਜਾਂਦੇ ਹਨ। ਆਪਣੀ ਭਾਵੁਕਤਾ ਕਰਕੇ ਉਹ ਟੀਮ ਦੀ ਜਿੱਤ ਹਾਰ ਤੇ ਇੱਥੋਂ ਤੱਕ ਇਕ ਇਕ ਰਨ ਲਈ ਵੀ ਉਤਸੁਕ ਹੋ ਉਠਦਾ ਹੈ। ਉਸ ਦੀ ਉਤਸੁਕਤਾ ਦਾ ਨਾਜਾਇਜ਼ ਫਾਇਦਾ ਉਠਾਕੇ ਕੁਝ ਚਲਾਕ ਲੋਕ ਇਕ ਇਕ ਗੇਂਦ ਉਪਰ ਸੱਟਾ ਲਾ ਲੈਂਦੇ ਹਨ। ਸਧਾਰਨ ਵਿਅਕਤੀ ਦੀ ਖੇਡ ਭਾਵਨਾ ਨਾਲ ਇਹ ਕਿੱਡਾ ਵੱਡਾ ਖਿਲਵਾੜ ਹੈ। ਅਜੇ ਫਿਕਸਿੰਗ ਨਾਲ ਜੁੜੇ ਅਧਿਕਾਰੀਆਂ ਦੇ ਫਿਕਰਾਂ ਵਿਚ ਇਹ ਸ਼ਾਮਲ ਹੀ ਨਹੀਂ ਹੋਇਆ। ਇਹ ਸਧਾਰਨ ਲੋਕਾਂ ਨਾਲ ਕਿੱਡਾ ਧੋਖਾ ਹੈ ਅਜੇ ਇਸ ਬਾਰੇ ਵਿਚਾਰ ਵੀ ਨਹੀਂ ਹੋਣ ਲੱਗੀ।
ਕ੍ਰਿਕਟ ਦੀ ਦੁਨੀਆਂ ਵਿਚ ਗਵਾਚੇ ਲੋਕਾਂ ਨੂੰ ਹੁਣ ਸ਼ਾਇਦ ਕੁਝ ਵਗੋਚਾ ਵੀ ਹੋਵੇ ਕਿ ਉਨ•ਾਂ ਨੇ ਆਪਣੇ ਰੁਝੇਵੇਂ ਛੱਡਕੇ ਇਸ ਖੇਡ ਲਈ ਆਪਣਾ ਸਮਾਂ ਬਰਬਾਦ ਕੀਤਾ। ਭਾਰਤ ਦਾ ਇਕ ਚਿੰਤਨਸ਼ੀਲ ਵਰਗ ਇਸ ਸਾਰੇ ਵਰਤਾਰੇ ਤੋਂ ਬੇਹੱਦ ਉਦਾਸ ਹੈ ਕਿ ਉਹ ਕਿਸ ਦੌਰ ਵਿਚ ਜੀ ਰਿਹਾ ਹੈ। ਕਲਕੱਤਾ ਵਿਖੇ ਹੋਏ ਪੰਜਵੇ ਆਈ.ਪੀ.ਐਲ. ਦੇ ਆਖਰੀ ਉਤਸਵ ਵਿਚ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਲੱਖਾਂ ਰੁਪਏ ਇਕ ਨਿੱਜੀ ਕੰਪਣੀ ਦੀ ਜੇਤੂ ਟੀਮ ਉਪਰ ਖਰਚ ਕਰ ਦਿੱਤੇ ਗਏ ਤੇ  ਖੇਡ ਪ੍ਰੇਮੀਆਂ ਦੇ ਜਨੂੰਨੀ ਹੜ• ਨੂੰ ਪੁਲਿਸ ਦੀਆਂ ਡਾਂਗਾਂ ਦੇ ਨਾਲ ਨਵਾਜਿਆ ਗਿਆ। ਇਸ ਨਜ਼ਾਰੇ ਨੂੰ ਮੀਡੀਏ ਰਾਹੀਂ ਸੰਸਾਰ ਭਰ ਵਿਚ ਦੇਖਿਆ ਗਿਆ ਸੀ। ਲੋਕਾਂ ਨੂੰ ਪੁਲਿਸ ਦੀ ਕੁੱਟ ਦਾ ਦਰਦ ਤਾਂ ਸ਼ਾਇਦ ਭੁਲ ਜਾਵੇਗਾ ਪਰ ਇਸ ਖੇਡ ਟੂਰਨਾਮੈਂਟ ਦਾ ਸਿਧਾਂਤਕ ਫਲਸਫਾ ਜਿਹੜਾ ਲੋਕਾਂ ਦੇ ਮਨਾਂ ਵਿਚ ਬੜੀ ਹੀ ਚਲਾਕੀ ਦੇ ਨਾਲ ਠੂਸਿਆ ਜਾ ਰਿਹਾ ਹੈ ਉਹ ਦੇਰ ਤੱਕ ਆਪਣਾ ਰੰਗ ਦਿਖਾਉਂਦਾ ਰਹੇਗਾ।
         ਭਾਰਤ ਜਿੱਥੇ 73 ਕਰੋੜ ਲੋਕ ਰੋਜ 20 ਰੁਪਏ ਤੋਂ ਘੱਟ ਨਾਲ ਗੁਜ਼ਾਰਾ ਕਰਦੇ ਹੋਣ। ਆਜ਼ਾਦੀ ਦੇ 65 ਸਾਲ ਬੀਤ ਜਾਣ ਬਾਦ ਵੀ ਜਿੱਥੇ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਪੀਣ ਲਈ ਸ਼ੁੱਧ ਪਾਣੀ ਨਾ ਮਿਲ ਰਿਹਾ ਹੋਵੇ। ਜਿਸ ਦੇਸ਼ ਦੀ ਕੇਵਲ 12% ਆਬਾਦੀ ਹੀ ਉਚ ਵਿਦਿਆ ਪ੍ਰਾਪਤ ਕਰਨ ਲਈ ਕਾਲਜਾਂ ਯੁਨੀਵਰਸਿਟੀਆਂ ਵਿਚ ਜਾਂਦੀ ਹੋਵੇ। ਜਿਸ ਦੇਸ਼ ਦੀ ਲੱਗਭਗ ਅੱਧੀ ਆਬਾਦੀ ਬੇ ਇਲਾਜ ਮਰਨ ਲਈ ਮਜਬੂਰ ਹੋਵੇ। ਜਿਸ ਦੇਸ਼ ਵਿਚ ਰੋਟੀ ਦੀ ਖਾਤਰ ਔਰਤਾਂ ਜਿਸਮ ਵੇਚਣ ਲਈ ਮਜਬੂਰ ਹੋਣ। ਉਸ ਦੇਸ਼ ਵਿਚ ਜੇ ਕਰ ਆਈ.ਪੀ.ਐਲ. ਵਰਗਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਂਦਾ ਹੋਵੇ ਜਿਸ ਵਿਚ ਕਰੋੜਾਂ ਰੁਪਏ ਦੀ ਬੋਲੀ 'ਤੇ ਖਿਡਾਰੀ ਵਿਕਦੇ ਹੋਣ। ਤਾਂ ਇਕ ਇਕ ਰਨ ਉਪਰ ਲੱਗਦੇ ਲੱਖਾਂ ਦੇ ਸੱਟੇ ਦੇ ਸਿਧਾਂਤਕ ਫਲਸਫੇ ਨੂੰ ਸਮਝਣਾ ਸਮੇਂ ਦੀ ਲੋੜ ਵੀ ਬਣ ਜਾਂਦਾ ਹੈ।
           ਭਾਰਤ ਦਾ ਰਾਜਸੀ ਤੰਤਰ ਇਹ ਹੀ ਚਾਹੁੰਦਾ ਹੈ ਕਿ ਸਾਰੇ ਭਾਰਤ ਵਾਸੀ ਆਪਣੇ ਗ਼ਲ ਵਿਚ ਪਏ ਰੱਸੇ ਦੀ ਗੰਢ ਦਾ ਸਿਰਾ ਲੱਭਣ ਦੀ ਥਾਂ ਧੋਨੀ ਦੀਆਂ ਵਿਕਟਾਂ ਦੀ ਗਿਣਤੀ ਕਰਨ ਵਿਚ ਵਿਅਸਤ ਹੋ ਜਾਣ। ਉਹ ਚਾਹੁੰਦੇ ਹਨ ਕਿ ਲੋਕ ਰਾਤ ਦੀ ਰੋਟੀ ਦਾ ਫਿਕਰ ਕਰਨ ਦੀ ਥਾਂ ਤੰਦੂਲਕਰ ਦੇ ਚੌਕਿਆਂ ਛੱਕਿਆਂ ਦਾ ਫਿਕਰ ਕਰਨ। ਬੁਹ ਰਾਸ਼ਟਰੀ ਕੰਪਣੀਆਂ ਦਾ ਵੀ ਇਸੇ ਵਿਚ ਫਾਇਦਾ ਹੈ ਕਿ ਉਹ ਇਨ•ਾਂ ਅਖੌਤੀ ਲੋਕ ਨਾਇਕਾਂ ਪਾਸੋਂ ਆਪਣੇ ਪ੍ਰੌਡਕਟ ਦੀ ਐਡਵਰਟਾਈਜ਼ਮੈਂਟ ਕਰਵਾਉਣ ਤੇ ਲੋਕਾਂ ਵਿਚ ਆਪਣੇ ਉਤਪਾਦ ਵੇਚਣ। ਇਸ ਲਈ ਇਹ ਟੂਰਨਾਂਮੈਂਟ ਚਲਦਾ ਹੀ ਰਹੇਗਾ ਭਾਂਵੇਂ ਮੇਰੇ ਵਰਗੇ ਇੱਕਾ ਦੁੱਕਾ ਲੋਕ ਇਸ ਟੂਰਨਾਮੈਂਟ ਬਾਰੇ ਕੁਝ ਵੀ ਕਹਿਣ ਤੇ ਕੁਝ ਵੀ ਕਰਨ।
         ਇਸ ਟੂਰਨਾਂਮੈਂਟ ਵਿਚ ਮੁਟਿਆਰ ਕੁੜੀਆਂ ਨੂੰ ਨਚਾਰ ਦੇ ਤੋਰ 'ਤੇ ਪੇਸ਼ ਕਰਨਾਂ ਤਾਂ ਹੁਣ ਸਥਾਪਿਤ ਹੋ ਹੀ ਗਿਆ ਹੈ। ਪਰ ਇਕ ਔਰਤ ਵੱਲੋਂ ਜਿਤ ਦੇ ਸਮੇਂ ਨਿਬਸਤਰ ਹੋ ਜਾਣਾ ਭਾਰਤੀਆਂ ਲਈ ਅਜੇ ਨਵੀਂ ਗੱਲ ਸੀ। ਇਸ ਖੇਡ ਨੇ ਇਹ ਧਾਰਨਾਂ ਨੂੰ ਹੋਰ ਪੱਕਿਆਂ ਕਰ ਦਿੱਤਾ ਹੈ ਕਿ ਪੂੰਜੀਵਾਦੀ ਪ੍ਰਬੰਧ ਲਈ ਔਰਤ ਕੇਵਲ ਮਨੋਰੰਜਨ ਦਾ ਹੀ ਇਕ ਸਾਧਨ ਹੈ। ਹੁਣ ਤਾਂ ਨਸ਼ਾ ਵੀ ਇਸ ਖੇਡ ਦੇ ਨਾਲ ਪੱਕੇ ਤੋਰ 'ਤੇ ਜੁੜਦਾ ਜਾ ਰਿਹਾ ਹੈ। ਸ਼ਰਾਬ ਤੇ ਸ਼ਬਾਬ ਇਸ ਖੇਡ ਦੇ ਨਾਲ ਨਾਲ ਰਹੇ ਹਨ। ਇਹ ਉਹ ਖੇਡ ਹੈ ਜਿਸ ਵਿਚ ਮਧ ਵਰਗੀ ਘਰਾਂ ਦੇ ਬੱਚੇ ਇਮਤਿਹਾਨ ਦੇ ਦਿਨ•ਾਂ ਵਿਚ ਘਰਦਿਆਂ ਤੋਂ ਚੋਰੀ ਇਕ ਇਕ ਗੇਂਦ ਨੂੰ ਜਿਤ ਹਾਰ ਦੇ ਉਤਸਾਹ ਨਾਲ ਦੇਖਣ ਲਈ ਘੰਟਿਆਂ ਬੱਦੀ ਟੀਵੀ ਵੱਲ ਮੂੰਹ ਕਰਕੇ ਬੈਠੇ ਰਹਿੰਦੇ ਹਨ। ਆਈ. ਪੀ. ਐਲ. ਜਿਸ ਵਿਚ ਸੰਸਾਰ ਭਰ ਦੇ ਖਿਡਾਰੀਆਂ ਦੀ ਬੋਲੀ ਲਗਦੀ ਹੈ, ਪਾਕਿ ਖਿਡਾਰੀਆਂ ਲਈ ਇਸ ਬੋਲੀ ਵਿਚ ਸ਼ਾਮਲ ਹੋਣਾ ਵਰਜਿਤ ਹੈ। ਇਸ ਖੇਡ ਦੇ ਨਾਲ ਨਾਲ ਚਲਦਾ ਹੈ ਹਿੰਦੂ ਅੰਧਰਾਸ਼ਟਰਵਾਦ ਦਾ ਕੁਹਾੜਾ। ਅਖੌਤੀ ਰਾਸ਼ਟਰਵਾਦ ਤੇ ਆਈ.ਪੀ.ਐਲ. ਦੀ ਹੀ ਕੇਵਲ ਸਾਂਝ ਨਹੀਂ ਵੱਖ ਵੱਖ ਹਾਕਮ ਪਾਰਟੀਆਂ ਦੇ ਆਗੂਆਂ ਨੂੰ ਬੀ.ਸੀ.ਸੀ.ਆਈ. ਵਿਚ ਸ਼ਾਤ ਚਿੱਤ ਬੈਠ ਕੇ ਇਕੱਠਿਆਂ ਲੋਕਾਂ ਨੂੰ ਬੁੱਧੂ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਇਸ ਖੇਡ ਵਿੱਚੋ ਗੁਲਾਮ ਪ੍ਰਥਾ ਦੇ ਦਰਸ਼ਣ ਵੀ ਕੀਤੇ ਜਾ ਸਕਦੇ ਹਨ ਜਦੋਂ ਅਮੀਰ ਲੋਕ ਇਨ•ਾਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਬੋਲੀ ਲਾਕੇ ਖਰੀਦ ਲੈਂਦੇ ਹਨ। ਕੁਲ ਮਿਲਾ ਕੇ ਇਹ ਕਰੋੜਾਂ ਦਾ ਧੰਦਾ ਬਣ ਜਾਂਦਾ ਹੈ। ਇਹ ਟੂਰਨਾਮੈਂਟ ਮੀਡੀਏ ਲਈ ਕਈ ਪਰਤਾਂ ਵਿਚ ਕਮਾਈ ਦਾ ਸਾਧਨ ਬਣਕੇ ਕਮਾਊ ਪੁੱਤਰ ਵਜੋਂ ਹਰ ਸਾਲ ਆ ਹਾਜ਼ਰ ਹੁੰਦਾ ਹੈ। ਧੰਨ ਦੇ ਲਾਲਚ ਵਿਚ ਖਿਡਾਰੀਆਂ ਅੰਦਰ ਰਾਸ਼ਟਰ ਦੀ ਭਾਵਨਾ ਖਤਮ ਹੋ ਰਹੀ ਹੈ ਇਹੋ ਹੀ ਕਾਰਨ ਹੈ ਕਿ ਨਾਮੀ ਖਿਡਾਰੀ ਕਿਸੇ ਦੇਸ਼ ਦੀ ਟੀਮ ਤੋਂ ਤਾਂ ਭਾਵੇਂ ਸਨਿਆਸ ਲੈ ਲੈਂਦਾ ਹੈ ਪਰ ਇਸ ਕਮਾਈ ਵਾਲੇ ਧੰਦੇ ਤੋਂ ਸਨਿਆਸ ਨਹੀਂ ਲੈਂਦਾ। ਜਦ ਤੱਕ ਮੰਡੀ ਵਿਚ ਉਸ ਦਾ ਰੇਟ ਮਿਲਦਾ ਹੈ ਉਦੋਂ ਤੱਕ ਉਹ ਵਿਕਦਾ ਹੈ। ਘਰਾਂ ਵਿਚ ਬੈਠੇ ਦਰਸ਼ਕ ਵੀ ਆਪੋਂ ਆਪਣੀ ਪਸੰਦ ਦੇ ਮੁਤਾਬਕ ਵੱਖ ਵੱਖ ਟੀਮਾਂ ਦੇ ਹਮਦਰਦ ਹੋ ਜਾਂਦੇ ਹਨ। ਰਾਸਟਰ ਭਾਵਨਾਂ ਤੇ ਰਾਸ਼ਟਰ ਭਗਤੀ ਦੀ ਥਾਂ ਵਿਅਕਤੀਵਾਦ ਤੇ ਕੰਪਣੀਆਂ ਦੇ ਝੰਡੇ ਰਾਸ਼ਟਰੀ ਝੰਡੇ ਨਾਲੋਂ ਉੱਚੇ ਹੁੰਦੇ ਹਨ। ਇਸ ਖੇਡ ਦਾ ਇੱਕੋ ਇਕ ਮਨੋਰਥ ਪੈਸਾ ਕਮਾਉਣਾ ਤੇ ਮਨੋਰੰਜਨ ਕਰਨਾ ਹੀ ਰਹਿ ਜਾਂਦਾ ਹੈ। ਇਸ ਮਨੋਰਥ ਦੀ ਪ੍ਰਾਪਤੀ ਲਈ ਕੋਈ ਕਿਵੇਂ ਪੈਸਾ ਕਮਾਉਂਦਾ ਹੈ ਇਸ ਬਾਰੇ ਫਿਕਰ ਘੱਟ ਹੀ ਕੀਤਾ ਜਾਂਦਾ ਹੈ। ਇਸੇ ਕਰਕੇ ਅੱਜ ਇਹ ਆਵਾਜ਼ ਵੀ Àੁੱਠ ਰਹੀ ਹੈ ਕਿ ਫਿਕਸਿੰਗ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਜਾਣੀ ਚਾਹੀਦੀ ਹੈ। ਚੋਰਾਂ ਲਈ ਦੇਸ਼ ਦੇ ਕਾਨੂੰਨ ਨੂੰ ਹੋਰ ਮੋਕਲਾ ਕਰਨ ਦੀਆਂ ਸਲਾਹਾਂ ਹੋ ਰਹੀਆਂ ਹਨ।
          ਆਈ.ਪੀ.ਐਲ ਦਾ ਆਪਣਾ ਹੀ ਵਿਵਾਦਾਂ ਭਰਿਆ ਇਤਿਹਾਸ ਹੈ ਇਸ ਤੋਂ ਪਹਿਲਾਂ ਵੀ ਐਸਾ ਹੀ ਹੁੰਦਾ ਰਿਹਾ ਹੈ। ਏੱਥੋਂ ਤੱਕ ਕਿ ਆਈ.ਪੀ.ਐਲ. ਦੇ ਪਹਿਲੇ ਪ੍ਰਬੰਧਕਾਂ ਉਪਰ ਵੱਡੇ ਭਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਹਨ। ਜਿਨ•ਾਂ ਵਿੱਚੋਂ ਕਈ ਅੱਜ ਵੀ ਜੇਲ•ਾਂ ਵਿਚ ਹਨ। ਇਸੇ ਕਰਕੇ ਭਾਰਤ ਦੀ ਸੰਸਦ ਵਿੱਚੋਂ ਵੀ ਇਸ ਨੂੰ ਬੰਦ ਕਰਵਾਉਣ ਦੀਆਂ ਮੱਧਮ ਜਹੀਆਂ ਆਵਾਜ਼ਾਂ ਵੀ ਉੱਠਣ ਲੱਗ ਪਈਆਂ ਹਨ। ਇਹ ਇਲਜ਼ਾਮ ਸ਼ਰੇਆਮ ਭਾਰਤ ਦੇ ਸੰਸਦਾਂ ਨੇ ਲਾਏ ਹਨ ਕਿ ਇਹ ਟੂਰਨਾਂਮੈਂਟ ਕਾਲੇ ਧੰਨ ਨੂੰ ਚਿੱਟਾ ਕਰਨ ਦਾ ਹੀ ਇਕ ਸਾਧਨ ਹੈ।
      ਜੇ ਇਹ ਕੇਵਲ ਕਾਲੇ ਧਨ ਨੂੰ ਚਿੱਟਾ ਕਰਨ ਦਾ ਹੀ ਸਾਧਨ ਹੁੰਦਾ ਤਾਂ ਹੋ ਸਕਦਾ ਸੀ ਕਿ ਹੁਣ ਤੱਕ ਬੰਦ ਵੀ ਹੋ ਜਾਂਦਾ ਇਹ ਰਾਜਸੀ ਪ੍ਰਬੰਧ ਦੀਆਂ ਕਾਲੀਆਂ ਕਰਤੂਤਾਂ ਉਪਰ ਆਈ.ਪੀ.ਐਲ ਦੀ ਚਾਦਰ ਪਾਉਣ ਦਾ ਵੀ ਕੰਮ ਕਰਦਾ ਹੈ। ਇਸ ਕਰਕੇ ਹਾਕਮ ਧਿਰਾਂ ਇਸ ਦੇ ਇਸ ਮਹੱਤਵ ਨੂੰ ਸਭ ਤੋਂ ਵੱਧ ਮਹੱਤਵ ਦਿੰਦੀਆਂ ਹਨ ਤੇ ਇਸ ਕੋਸ਼ਿਸ਼ ਵਿਚ ਹਨ ਕਿ ਇਹ ਚਲਦਾ ਰਹੇ ਤੇ ਭਾਰਤ ਦੇ ਮੱਧ ਵਰਗੀ ਲੋਕ ਇਚ ਖੇਡ ਵਿਚ ਹੀ ਵਿਅਸਤ ਹੋਕੇ ਰਹਿ ਜਾਣ। ਇਸੇ ਮਕਸਦ ਲਈ ਹੀ ਇਸ ਮਹਿਗੀ ਖੇਡ ਨੂੰ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਹੈ। ਜਦ ਕਿ ਅਸਲੀਅਤ ਇਹ ਹੈ ਕਿ ਭਾਰਤ ਦੇ ਆਮ ਲੋਕਾਂ ਕੋਲ ਇਸ ਖੇਡ ਨੂੰ ਖੇਡਣ ਲਈ ਨਾ ਤਾਂ ਖੁੱਲੇ ਖੇਡ ਮੈਦਾਨ ਹਨ ਤੇ ਨਾ ਹੀ ਐਸਾ ਪ੍ਰਬੰਧ ਹੈ ਕਿ ਇਹ ਲੋਕ ਸਟੇਡੀਅਮ ਵਿਚ ਜਾਕੇ ਆਪਣਾ ਮਨ ਪ੍ਰਚਾਵਾ ਕਰ ਸਕਣ। ਪਰ ਬੁਹ ਰਾਸ਼ਟਰੀ ਕੰਪਣੀਆਂ ਦੇ ਹਿੱਤ ਇਸ ਗੱਲ ਵਿਚ ਸੁਰੱਖਿਅਤ ਹਨ ਕਿ ਇਹ ਚੱਲਦਾ ਰਹੇ। ਇਸ ਕਰਕੇ ਆਓ ਸੱਤਵੇਂ ਆਈ.ਪੀ.ਐਲ ਦੀ ਉਡੀਕ ਕਰੀਏ। ਇਹੋ ਹੀ ਇਸ ਖੇਡ ਟੂਰਨਾਮੈਂਟ ਦਾ ਸਿਧਾਂਤਕ ਫਲਸਫਾ ਹੈ।

Tuesday 4 June 2013

ਗੈਰ ਵਿਦਿਅਕ ਕੰਮਾਂ ਵਿਚ ਉਲਝਕੇ ਰਹਿ ਗਿਆ ਪੰਜਾਬ ਦਾ ਵਿਦਿਅਕ ਤੰਤਰ

 ਡਾ. ਤੇਜਿੰਦਰ ਵਿਰਲੀ 9464797400
ਫੈਲੇ ਵਿਦਿਆ ਚਾਨਣ ਹੋਏ ਦੇ ਅਮਰ ਸੁਨੇਹੇ ਵਾਲਾ ਪੰਜਾਬ ਸਕੂਲ ਸਿਖਿਆ ਬੋਰਡ ਆਪ ਹੀ ਤਿਲ ਤਿਲ ਕਰਕੇ ਹਰ ਘੜੀ ਹਰ ਪਲ ਮਰ ਰਿਹਾ ਹੈ। ਇਸੇ ਕਰਕੇ ਅੱਜ ਕਿਹਾ ਜਾ ਰਿਹਾ ਹੈ ਕਿ ਵਿਦਿਆ ਫੈਲ ਨਹੀਂ ਰਹੀ ਸਗੋਂ ਸੁੰਗੜ ਰਹੀ ਹੈ ਤੇ ਸਿੱਟੇ ਵਜੋਂ ਪੰਜਾਬ ਹਨੇਰੇ ਸਾਗਰਾਂ ਵਿਚ ਗਰਕ ਹੋਣ ਜਾ ਰਿਹਾ ਹੈ। ਹਰ ਰੋਜ਼ ਇਸ ਤਰ•ਾਂ ਦੀਆਂ ਖਬਰਾਂ ਪ੍ਰਕਾਸ਼ਤ ਹੋ ਰਹੀਆਂ ਹਨ ਜਿਸ ਨੂੰ ਪੜ• ਸੁਣਕੇ ਇਹ ਜਾਪਦਾ ਹੈ ਕਿ ਇਸ ਵਿਭਾਗ ਦਾ ਵੀ ਹੁਣ ਰੱਬ ਹੀ ਰਾਖਾ ਹੈ। ਸਕੂਲਾਂ ਵਿਚ ਨਬਾਲਕ ਬਾਲੜੀਆਂ ਨਾਲ ਹੁੰਦੇ ਬਲਾਤਕਾਰ ਵਰਗੀਆਂ ਸ਼ਰਮਨਾਕ ਖਬਰਾਂ ਇਸ ਪ੍ਰਬੰਧ ਦਾ ਸਿਖਰ ਬਣਕੇ ਪੇਸ਼ ਹੁੰਦੀਆਂ ਹਨ। ਸਕੂਲ ਦੇ ਚਪੜਾਸੀ ਤੋਂ ਲੈਕੇ ਵਿਭਾਗ ਦੇ ਮੁਖੀ ਤੱਕ ਸਭ ਕਝ ਜਗ ਜਾਹਰ ਹੋ ਚੁੱਕਾ ਹੈ। ਅਧਿਆਪਕ ਭਰਤੀ ਵਿਚ ਅਦਾਲਤ ਵਿੱਚੋਂ ਪੈਂਦੀਆਂ ਝਾੜਾਂ ਤੇ ਕਿਤਾਬਾਂ ਦੇ ਘੁਟਾਲੇ ਤੋਂ ਜੇ ਧਿਆਨ ਕੁਝ ਸਮਾਂ ਪਾਸੇ ਵੀ ਕਰ ਲਿਆ ਜਾਵੇ ਤਾਂ ਵੀ ਇੱਥੇ ਜੋ ਬਾਕੀ ਬਚਦਾ ਹੈ  ਉਹ ਸਭ ਵੀ ਠੀਕ ਨਹੀਂ। ਹਥਲੇ ਲੇਖ ਦਾ ਮਕਸਦ ਅਧਿਆਪਕਾਂ ਦੇ ਗੈਰ ਵਿਦਿਅਕ ਕੰਮਾਂ ਨੂੰ ਹੀ ਫੋਰਸ ਕਰਨਾ  ਹੈ।


ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਸਕੂਲਾਂ ਦੀ ਹਾਲਤ ਇਹ ਹੈ ਕਿ ਅਧਿਆਪਕਾਂ ਨੂੰ ਵੋਟਾਂ ਬਣਾਉਣ ਤੋਂ ਲੈਕੇ ਵੋਟਾਂ ਪਵਾਉਣ ਤੱਕ ਦੇ ਸਾਰੇ ਕੰਮਾਂ ਵਿਚ ਲੱਗਣਾ ਪੈਂਦਾ ਹੈ। ਇਸ ਤੋਂ ਬਿਨ•ਾਂ ਜਨ ਗਣਨਾ ਜਿਹੜੀ ਭਾਂਵੇ ਦਸ ਸਾਲਾਂ ਬਾਦ ਹੀ ਆਉਂਦੀ ਹੈ ਇਹ ਜਨਗਣਨਾ ਦਾ ਸਾਲ ਅਧਿਆਪਕਾਂ ਨੂੰ ਹੋਰ ਪਾਸੇ ਨੂੰ ਮੋੜ ਲੈਂਦਾ ਹੈ। ਇਸ ਦਹਾਕੇ ਦੀ ਜਨਗਣਨਾ ਨੇ ਦੋ ਵਾਰੀ ਅਧਿਆਪਕਾਂ ਨੂੰ ਪਰੇਸ਼ਾਨ ਕੀਤਾ। ਇਸ ਤੋਂ ਬਿਨ•ਾਂ ਹੋਰ ਏਧਰ ਓਧਰ ਦੇ ਡੈਪੂਟੇਸ਼ਨਾਂ ਤੇ ਆਨਡੀਉਟੀ ਅਧਿਆਪਕ ਅਮਲੇ ਦੀ ਜੇ ਗਲ ਕਰ ਲਈ ਜਾਵੇ ਤਾਂ ਇਹ ਹੀ ਇਕ ਅਜਿਹਾ ਵਿਭਾਗ ਹੈ ਜਿਹੜਾ ਕਿਸੇ ਵੀ ਕੰਮ ਲਈ ਤੋਰ ਦਿੱਤਾ ਜਾਂਦਾ ਹੈ। ਇਸ ਸੰਬੰਧੀ ਵੱਖ ਵੱਖ ਸਮੇਂ ਉਪਰ ਇਹ ਵੀ ਚਰਚਾ ਹੁੰਦੀ ਰਹੀ ਹੈ ਕਿ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਵਿਚ ਉਲਝਾ ਕੇ ਰੱਖਣਾ ਠੀਕ ਨਹੀਂ ਹੈ। ਇਸ ਦੀ ਮੰਗ ਸਕੂਲ ਅਧਿਆਪਕਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੀ ਕਰਦੀਆਂ ਆ ਰਹੀਆਂ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਜਿਨੀ ਇਸ ਦੀ ਮੰਗ ਵਧ ਰਹੀ ਹੈ ਐਨ ਇਸ ਦੇ ਉਲਟ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਵਿਚ ਉਲਝਾ ਕੇ ਰੱਖਣ ਦਾ ਰੁਝਾਨ ਵੀ ਏਨੀ ਹੀ ਸਪੀਡ ਨਾਲ ਵਧ ਰਿਹਾ ਹੈ।
ਪਿੱਛਲੇ ਕੁਝ ਸਾਲਾਂ ਤੋਂ ਖਾਸ ਤੋਰ ਉਪਰ ਜਦੋਂ ਤੋਂ ਵਿਗਿਆਨਕ ਤਕਨੌਲੋਜੀ ਨੇ ਤਰੱਕੀ ਕੀਤੀ ਹੈ। ਜਦੋਂ ਤੋਂ ਸਕੂਲਾਂ ਨੂੰ ਇਨਟਰਨੈਟ ਦੇ ਨਾਲ ਜੋੜ ਦਿੱਤਾ ਗਿਆ ਹੈ ਉਦੋਂ ਤੋਂ ਸਕੂਲਾਂ ਦੇ ਅਧਿਆਪਕਾਂ ਨੂੰ ਡਾਕ ਤਿਆਰ ਕਰਨ ਵਾਲੇ ਕਲਰਕ ਹੀ ਬਣਾਕੇ ਰੱਖ ਦਿੱਤਾ ਗਿਆ ਹੈ। ਸਵੇਰ ਤੋਂ ਸ਼ਾਮ ਤੱਕ ਚਾਰ ਚਾਰ ਕਿਸਮ ਦੀ ਡਾਕ ਦੀ ਮੰਗ ਕੀਤੀ ਜਾਂਦੀ ਹੈ। ਡਾਕ ਦਾ ਆਲਮ ਇਹ ਹੈ ਕਿ ਛੁੱਟੀ ਤੋਂ ਬਾਦ ਵੀ ਇਹ ਡਾਕ ਅਧਿਆਪਕਾਂ ਦੀ ਜਾਨ ਨਹੀਂ ਛੱਡਦੀ। ਬਹੁਤੇ ਸਕੂਲਾਂ ਵਿਚ ਕਲਰਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਜਾਂ ਜਿੱਥੇ ਭਰੀਆਂ ਵੀ ਪਈਆਂ ਹਨ ਉੱਥੇ ਕਲਰਕਾਂ ਨੂੰ ਕੰਪਿਊਟਰ ਦਾ ਗਿਆਨ ਨਹੀਂ ਹੈ। ਇਸ ਕਰਕੇ ਇਹ ਸਾਰਾ ਕੰਮ ਹਰ ਇਕ ਸਕੂਲ ਵਿਚ ਕੰਪਿਊਟਰ ਟੀਚਰਾਂ ਨੂੰ ਹੀ ਕਰਨਾ ਪੈ ਰਿਹਾ ਹੈ। ਸੱਚ ਤਾਂ ਇਹ ਹੈ ਕਿ ਹਰ ਸਕੂਲ ਵਿਚ ਇਹ ਕੰਪਿਊਟਰ ਟੀਚਰ ਕਲਰਕ ਬਣਕੇ ਹੀ ਰਹਿ ਗਏ ਹਨ। ਸਰਕਾਰ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਸ ਨੇ ਭਰਤੀ ਤਾਂ ਅਧਿਆਪਕ ਕੀਤੇ ਹਨ ਤੇ ਤਨਖਾਹ ਵੀ ਅਧਿਆਪਕ ਦੀ ਹੀ ਦਿੱਤੀ ਜਾ ਰਹੀ ਹੈ ਪਰ ਕੰਮ ਉਸ ਦੀ ਯੋਗਤਾਂ ਤੋਂ ਬਹੁਤ ਘਟਾ ਕੇ ਲਿਆ ਜਾ ਰਿਹਾ ਹੈ। ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ ਕਿ ਇਸ ਵਿਚ ਸਰਕਾਰ ਨੇ ਕੀ ਖੱਟਿਆ ਹੈ। ਮੈਂ ਤਾਂ ਪ੍ਰਾਪਤ ਕੀਤੀ ਜਾਣਕਾਰੀ ਦੇ ਆਧਾਰ 'ਤੇ ਇਹ ਦੱਸ ਸਕਦਾ ਹਾਂ ਕਿ ਕੰਪਿਊਟਰ ਦੀਆਂ ਕਲਾਸਾਂ ਨਹੀਂ ਲਗ ਸਕਦੀਆਂ ਕਿਉਂਕਿ ਇਨ•ਾਂ ਅਧਿਆਪਕਾਂ ਨੇ ਹੀ ਕਲਰਕ ਦਾ ਕੰਮ ਕਰਨਾ ਹੁੰਦਾ ਹੈ ਤੇ ਹਰ ਪਲ ਹਰ ਘੜੀ ਆ ਰਹੀ ਈਮੇਲ ਉਪਰ ਜਿਹੜੀ ਨਵੀਂ ਜਾਣਕਾਰੀ ਮੰਗੀ ਜਾ ਰਹੀ ਹੈ ਉਸ ਦੇ ਹਿਸਾਬ ਦੇ ਨਾਲ ਤਾਂ ਇਹ ਸੰਭਵ ਹੀ ਨਹੀਂ ਹੈ ਕਿ ਇਹ ਕਪਿਊਟਰ ਟੀਚਰ ਪੜ•ਾ ਵੀ ਸਕਣ। ਕੰਮ ਦਾ ਆਲਮ ਤਾਂ ਇਹ ਹੈ ਕਿ ਇਨ•ਾਂ ਅਧਿਆਪਕਾਂ ਨੂੰ ਘਰ ਜਾ ਕੇ ਵੀ ਚੈਨ ਨਹੀਂ ਹੈ ਇਹ ਤਾਂ ਘਰ ਜਾ ਕੇ ਡਾਕ ਭੇਜਣ ਦਾ ਹੀ ਪ੍ਰਬੰਧ ਕਰਦੇ ਰਹਿੰਦੇ ਹਨ। ਇਸ ਡਾਕ ਦੀ ਕੀਮਤ ਵਿਦਿਆਰਥੀਆਂ ਦੇ ਪੀਰੀਅਡ ਦਾ ਸਮਾਂ ਡਾਕ ਤਿਆਰ ਕਰਨ ਵਿਚ ਲੱਗਣ ਕਾਰਨ  ਵਿਦਿਆਰਥੀਆਂ ਨੂੰ ਤਾਰਨੀ ਪੈਂਦੀ ਹੈ। ਇਹ ਕਿੰਨੀ ਵੱਡੀ ਕੀਮਤ ਹੈ ਇਸ ਦਾ ਹਿਸਾਬ ਸਾਇਦ ਆਉਣ ਵਾਲੀਆਂ ਪੀੜੀਆਂ ਹੀ ਲਾਉਣਗੀਆਂ। ਕਿਉਂਕਿ ਇਸ ਪੀੜੀ ਦਾ ਤਾਂ ਵਕਤ ਹੀ ਨਹੀਂ ਹੈ ਕਿ ਡਾਕ ਤੋਂ ਵਹਿਲੀ ਹੋ ਸਕੇ।
ਪਾਠਕ ਇੱਥੇ ਹੈਰਾਨ ਹੋਵੇਗਾ ਕਿ ਆਖਰ ਕਿੰਨੀ ਕੁ ਡਾਕ ਹਰ ਰੋਜ਼ ਭੇਜਣੀ ਪੈ ਸਕਦੀ ਹੈ। ਮੈਂ ਇਸ ਦੇ ਜੁਆਬ ਵਿਚ ਬਸ ਇਹ ਹੀ ਆਖ ਸਕਦਾ ਹਾਂ ਕਿ ਪਹਿਲੀ ਜੂਨ ਤੋਂ ਸਾਰੇ ਹੀ ਸਰਕਾਰੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ। ਪਰ ਹਰ ਸਕੂਲ ਦਾ ਸਾਰਾ ਹੀ ਅਮਲਾ ਫੈਲਾ ਸਕੂਲਾਂ ਵਿਚ ਹਾਜ਼ਰ ਹੈ। ਇਹ ਕਿਸ ਕੰਮ ਲਈ ਹਾਜ਼ਰ ਹੈ? ਜਵਾਬ, ਇਹ ਡਾਕ ਤਿਆਰ ਕਰ ਰਿਹਾ ਹੈ। ਡਾਕ ਦਾ ਆਲਮ ਇਹ ਹੈ ਕਿ ਬਹੁਤੀ ਵਾਰ ਐਤਵਾਰ ਵਾਲੇ ਦਿਨ ਵੀ ਇਹ ਅਧਿਆਪਕ ਡਾਕ ਦੇ ਸੰਬੰਧ ਵਿਚ ਸਕੂਲੇ ਹੀ ਹੁੰਦੇ ਹਨ। ਜੇ ਡਾਕ ਛੁੱਟੀਆਂ ਵਿਚ ਵੀ ਪੂਰੀ ਨਹੀਂ ਹੁੰਦੀ ਤਾਂ ਪੜਾਈ ਦੇ ਨਾਲ ਨਾਲ ਇਹ ਕਿਵੇਂ ਸੰਭਵ ਹੈ ਕਿ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਕੀਤੇ ਤੋਂ ਬਿਨਾਂ ਇਹ ਤਿਆਰ ਹੋ ਸਕਦੀ ਹੈ?
ਉਦਾਹਰਣ ਵਜੋਂ ਰੈਸੇਨੇਲਾਈਜੇਸ਼ਨ ਦੀ ਡਾਕ ਪਿੱਛਲੇ ਇਕ ਮਹੀਨੇ ਤੋਂ ਤਿਆਰ ਹੋ ਰਹੀ ਹੈ। ਇਹ ਅਜੇ ਤਿਆਰ ਹੀ ਹੋ ਰਹੀ ਸੀ ਕਿ ਐਸ. ਸੀ.,ਤੇ ਬੀ. ਸੀ. ਬੱਚਿਆ ਦੀ ਡਾਕ ਦਾ ਫਰਮਾਨ ਆ ਗਿਆ। ਕਿਉਂਕਿ ਇਹ ਫਰਮਾਨ ਮਾਣਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਕਰਕੇ ਆਇਆ ਹੈ ਇਸ ਕਰਕੇ ਇਹ ਕੰਮ ਹੋਰ ਵੀ ਜਰੂਰੀ ਹੋ ਗਿਆ। ਪਿੱਛਲੇ ਦੋ ਸਾਲਾਂ ਤੋਂ ਇਨ•ਾਂ ਵਿਦਿਆਰਥੀਆਂ ਨੂੰ ਬਣਦਾ ਵਜੀਫਾ ਦਿੱਤਾ ਨਹੀਂ ਗਿਆ ਇਸ ਕਰਕੇ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਹ ਵਜੀਫਾ ਦੇਵੇ। ਵਿਦਿਆਰਥੀ ਪੜ• ਕੇ ਜਾ ਚੁੱਕੇ ਹਨ। ਉਨ•ਾਂ ਦੇ ਆਧਾਰ ਕਾਰਡ ਚਾਹੀਦੇ ਹਨ। ਉਨ•ਾਂ ਦੇ ਬੈਂਕ ਅਕਾਂਉਟ ਚਾਹੀਦੇ ਹਨ। ਹੋਰ ਅਨੇਕਾ ਦਸਤਾਵੇਜ਼ ਹਨ ਜਿਹੜੇ ਰਾਤੋ ਰਾਤ ਇਕੱਠੇ ਕਰਨੇ ਹਨ। ਇਸ ਸਾਰੇ ਕੁਝ ਨੇ ਸਕੂਲਾਂ ਦੇ ਸਮੁੱਚੇ ਤੰਤਰ ਨੂੰ ਬੇਚੈਨ ਕਰ ਦਿੱਤਾ ਹੈ। ਵਿਭਾਗ ਦੇ ਮੁਖੀ ਤੋਂ ਲੋਕੇ ਚਪੜਾਸੀ ਤੱਕ ਸਭ ਦਾ ਸਾਹ ਸੂਤਿਆ ਗਿਆ ਹੈ। ਉਪਰੋਂ ਅਧਿਆਪਕਾਂ ਦੇ ਸੈਮੀਨਾਰ, ਵਿਦਿਆਰਥੀਆਂ ਦੇ ਮੁਕਾਬਲੇ, ਸਾਇਸ ਮੇਲਾ, ਇਮਤਿਹਾਨੀ ਡੀਉਟੀਆਂ ਤੇ ਖੇਡਾਂ ਦਾ ਸਾਰਾ ਪ੍ਰਬੰਧ ਵੀ ਨਾਲ ਨਾਲ ਚਲ ਰਿਹਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਸਮੇਂ ਸਿਰ ਵਜੀਫੇ ਨਾ ਵੰਡਣ ਦੀ ਕੁਤਾਹੀ ਤਾਂ ਸਰਕਾਰ ਨੇ ਕੀਤੀ ਹੈ ਪਰ ਇਸ ਦੀ ਕੀਮਤ ਉਹ ਗਰੀਬ ਵਿਦਿਆਰਥੀ ਕਿਉਂ ਅਦਾ ਕਰ ਰਿਹਾ ਹੈ। ਜਿਸ ਦੇ ਅਧਿਆਪਕ ਗੈਰ ਵਿਦਿਅਕ ਕੰਮਾਂ ਵਿਚ ਉਲਝਾ ਦਿੱਤਾ ਗਿਆ ਹੈ। ਕਦੇ ਰਮਸਾ ਦੀ ਡਾਕ, ਕਦੇ ਸਰਬ ਸਿੱਖਿਆ ਅਭਿਆਨ ਦੀ ਡਾਕ, ਕਦੇ ਮਿੱਡਡੇ ਮੀਲ ਦੀ ਡਾਕ, ਕਦੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਡਾਕ, ਕਦੇ ਇਮਤਿਹਾਨਾਂ ਵਿੱਚੋਂ ਪਾਸ ਹੋਏ ਵਿਧਿਆਰਥੀਆਂ ਤੇ ਫੇਲ ਹੋਏ ਵਿਦਿਆਰਥਈਆਂ ਦੀ ਡਾਕ, ਕਦੇ ਤਨਖਾਹ ਦੀ ਡਾਕ, ਕਦੇ ਏਰੀਅਰ ਦੀ ਡਾਕ ਤੇ ਸਾਲ ਪਹਿਲਾਂ ਆਈਆਂ ਫੋਲਕ ਏਸਡ ਦੀ ਵਰਤੀਅੰ ਗਈਆਂ ਗੋਲੀਆਂ ਦੀ ਡਾਕ। ਇਸ ਸਾਰੇ ਦੇ ਨਾਲ ਨਾਲ ਸਕੂਲਾਂ ਦੀ ਰਟੀਨ ਡਾਕ ਤੋਂ ਬਿਨਾਂ ਮੈਗਜੀਨ ਸੰਬੰਧੀ ਡਾਕ ਤੇ ਹੋਰ ਪਤਾ ਨਹੀਂ ਕੀ ਕੀ ਹਰ ਰੋਜ਼ ਮੰਗਿਆ ਜਾ ਰਿਹਾ ਹੈ। ਹੋਰ ਤਾਂ ਹੋਰ ਇਹ ਸਭ ਕੁਝ ਕੇਵਲ ਈਮੇਲ ਦੇ ਰਾਹੀ ਹੀ ਨਹੀਂ ਮੰਗਿਆ ਜਾ ਰਿਹਾ ਸਗੋਂ ਇਕ ਇਕ ਕਾਪੀ ਵੱਖ ਵੱਖ ਸੰਭੰਧਿਤ ਦਫਤਰਾਂ ਵਿਚ ਦਸਤੀ ਦੇਣ ਦੇ ਹੁਮ ਵੀ ਚਾੜ ਦਿੱਤੇ ਜਾਂਦੇ ਹਨ ਜਿਸ ਲਈ ਯਕੀਨਨ ਹੀ ਅਧਿਆਪਕ ਨੂੰ ਸਕੂਲ ਤੋਂ ਪਹਿਲਾਂ ਤੁਰਨਾ ਪੈ ਰਿਹਾ ਹੈ। ਇਹ ਸਾਰਾ ਕੁਝ ਵਿਦਿਆਰਥੀਆਂ ਦੀ ਪੜਾਈ ਦੀ ਕੀਮਤ ਉਪਰ ਹੀ ਹੁੰਦਾ ਹੈ।
ਜੇ ਕਰ ਪੰਜਾਬ ਸਰਕਾਰ ਵੱਲੋਂ ਚਲਾਏ ਜਾਂਦੇ ਸਕੂਲਾਂ ਦੀ ਗੱਲ ਹੋਰ ਵਿਸਥਾਰ ਨਾਲ ਕਰਨੀ ਹੋਵੇ ਤਾਂ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਇਨ•ਾਂ ਸਕੂਲਾਂ ਵਿਚ ਸਮਾਜ ਦੇ ਗਰੀਬ ਵਰਗ ਦੇ ਬੱਚੇ ਹੀ ਪੜਦੇ ਹਨ। ਜਿਹੜੇ ਅਖੌਤੀ ਪਬਲਿਕ ਸਕੂਲਾਂ ਦੀ ਫੀਸ ਨਹੀਂ ਦੇ ਸਕਦੇ। ਗਰੀਬ ਬੱਚਿਆਂ ਦੇ ਇਨ•ਾਂ ਸਕੂਲਾਂ ਦੇ ਅਧਿਆਪਕਾਂ ਨੂੰ ਜਿਸ ਤਰੀਕੇ ਨਾਲ ਗੈਰ ਵਿਦਿਅਕ ਕੰਮਾਂ ਵਿਚ ਬੇਮਤਲਬ ਦਾ ਹੀ ਉਲਝਾ ਕੇ ਰੱਖਿਆ ਜਾ ਰਿਹਾ ਹੈ ਇਸ ਨਾਲ ਯਕੀਨਨ ਹੀ ਇਸ ਵਰਗ ਦੀ ਅਗਲੀ ਪੀੜੀ ਸਕੂਲਾਂ ਵਿਚ ਬੈਠਕੇ ਅਨਪੜ• ਰਹਿਣ ਵਾਲੀ ਪੀੜੀ ਬਣਕੇ ਰਹਿ ਜਾਵੇਗੀ। ਜੇ ਕਰ ਇਸ ਤੱਖ ਦੀ ਪੜਤਾਲ ਕਰਨੀ ਹੋਵੇ ਤਾਂ ਹਰ ਰੋਜ਼ ਸਕੂਲਾਂ ਤੋਂ ਵਿਭਾਗ ਦੇ ਵੱਖ ਵੱਖ ਦਫਤਰਾਂ ਨੂੰ ਜਾ ਰਹੇ ਮੁਲਾਜ਼ਮਾਂ ਨੂੰ ਕੇਵਲ ਇਕ ਮਹੀਨੇ ਦਾ ਟੀ.ਏ. ਡੀ.ਏ ਦੇਖ ਲਿਆ ਜਾਵੇ। ਹਰ ਰੋਜ਼ ਹਰ ਇਕ ਸਕੂਲ ਦਾ ਕੋਈ ਨਾ ਕੋਈ ਮੁਲਾਜ਼ਮ ਇਨ•ਾਂ ਦਫਤਰਾਂ ਦੇ ਗੇੜੇ ਮਾਰ ਰਿਹਾ ਹੈ। ਉਸ ਨੂੰ ਪੰਜਾਹ ਪੰਜਾਹ ਕਿਲੋਮੀਟਰ ਦਾ ਸਫਰ ਸਰਕਾਰੀ ਕੰਮਾਂ ਲਈ ਬਿਨ•ਾਂ ਟੀ.ਏ. ਡੀ.ਏ. ਲਿਆਂ ਕਰਨਾ ਪੈ ਰਿਹਾ ਹੈ। ਇਹ ਉਹ ਮੁਲਾਜ਼ਮ ਹਨ ਜਿਨਾਂ ਨੂੰ ਠੇਕੇ ਉਪਰ ਭਰਤੀ ਕੀਤਾ ਗਿਆ ਹੈ। ਜਿਨ•ਾਂ ਨੂੰ ਪੰਜਾਬ ਸਰਵਿਸ ਰੂਲਜ਼ ਦੇ ਮੁਤਾਬਕ ਨਾ ਤਾਂ ਬਣਦੀਆਂ ਛੁੱਟੀਆਂ ਹੀ ਦਿੱਤੀਆਂ ਜਾਂਦੀਆਂ ਹਨ ਤੇ ਨਾ ਹੀ ਤਨਖਾਹ।
ਭਾਰਤ ਸਰਕਾਰ ਦੇ ਆਂਕੜਿਆਂ ਦੇ ਮੁਤਾਬਕ ਕੇਵਲ 12 ਪ੍ਰਤੀਸ਼ਤ ਵਿਦਿਆਰਥੀ ਹੀ ਸਕੂਲਾਂ ਦੀ ਪੜਾਈ ਪੜ ਪਾ ਰਹੇ ਹਨ। ਇਨ•ਾਂ ਦੀ ਪੜਾਈ ਦਾ ਜੇ ਕਰ ਮਿਆਰ ਦੇਖਿਆ ਜਾਵੇ ਤਾਂ ਇਕ ਦਸਵੀ ਪਾਸ ਦਾ ਮਿਆਰ ਅੱਠਵੀਂ ਪਾਸ ਤੋਂ ਵੀ ਘਟ ਬਣਦਾ ਹੈ। ਹੁਣ ਯਕੀਨਨ ਹੀ ਇਹ ਮਿਆਰ ਹੋਰ ਵੀ ਡਿਗਣ ਦੇ ਅਸਾਰ ਹਨ। ਪੰਜਾਬ ਵਿਚ ਵਿਦਿਆ ਦੇ ਡਿਗਦੇ ਮਿਆਰ ਨੂੰ ਚੁੱਕਣ ਲਈ ਜਿੱਥੇ ਸੰਜੀਦਾ ਯਤਨ ਕਰਨ ਦੀ ਲੋੜ ਹੈ ਉੱਥੇ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਵਿਚ ਉਲਝਾਉਣ ਤੋਂ ਬਚਾਣਾਉਣ ਦੀ ਵੀ ਲੋੜ ਹੈ।