dr t virli

dr t virli

Tuesday 11 June 2013

ਹਾਦਸਾ ਦਰ ਹਾਦਸਾ ਸ਼ਹੀਦ ਮਦਨ ਲਾਲ ਢੀਂਗਰਾ


ਸ਼ਹੀਦ Îਮਦਨ ਲਾਲ ਢੀਂਗਰਾ ਦਾ ਨਾਮ ਕਿਸੇ ਵੀ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਵਿਦੇਸ਼ੀ ਸ਼ਾਸਕਾਂ ਨੂੰ ਉਨ•ਾਂ ਦੀ ਧਰਤੀ ਇਗੰਲੈਂਡ ਵਿਚ ਜਾਕੇ ਵੰਗਾਰਨ ਵਾਲੇ ਇਸ ਮਹਾਨ ਜੋਧੇ ਨੇ 18 ਸਤੰਬਰ 1883 ਨੂੰ ਅਮੀਰ ਪਿਤਾ ਸ਼੍ਰੀ ਦੱਤਾ ਮੱਲ ਦੇ ਘਰ ਅਮ੍ਰਿੰਤਸਰ ਦੀ ਇਤਿਹਾਸਕ ਧਰਤੀ ਉਪਰ ਜਨਮ ਲਿਆ। ਸ਼੍ਰੀ ਦੱਤਾ ਮੱਲ ਦਾ ਸਾਰਾ ਪਰਿਵਾਰ ਅੰਗਰੇਜ਼ ਪ੍ਰਸਤਾਂ ਦਾ ਪਰਿਵਾਰ ਸੀ ਪਰ ਮਦਨ ਲਾਲ ਅੰਗਰੇਜ਼ ਪ੍ਰਸਤੀ ਦਾ ਵਿਰੋਧੀ ਸੀ। ਇਸ ਦੀਆਂ ਰਾਜਸੀ ਗਤੀਵਿਧੀਆਂ ਕਰਕੇ ਉਸ ਨੂੰ ਲਾਹੌਰ ਦੇ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਇਸ ਘਟਨਾ ਨਾਲ ਘਰ ਵਿਚ ਟਕਰਾ ਹੋਇਆ। ਮਦਨ ਲਾਲ ਨੇ ਚੰਗੇ ਖਾਂਦੇ - ਪੀਦੇ ਘਰ ਦੇ ਸੁੱਖਾਂ ਨੂੰ ਜਿਵੇਂ ਲੱਤ ਮਾਰ ਦਿੱਤੀ ਤੇ ਬੰਬਈ ਚਲਾ ਗਿਆ। ਜਿੱਥੇ ਉਸ ਨੇ ਰਿਕਸ਼ਾ ਚਲਾਉਣ ਦਾ ਕੰਮ ਕੀਤਾ। ਉਸ ਨੇ ਕੁਝ ਸਮਾਂ ਕਲਰਕੀ ਵੀ ਕੀਤੀ ਉਦੋਂ ਮਦਨ ਲਾਲ ਨੇ ਸੁਪਨਾ ਲਿਆ ਕਿ ਉਹ ਇਨ•ਾਂ ਲੋਕਾਂ ਨੂੰ ਸੰਘਰਸ਼ ਲਈ ਲਾਮ ਬੰਦ ਕਰੇ। ਇਸ ਲਾਇਕ ਨੌਜਵਾਨ ਨੂੰ ਉਸ ਦੇ ਵੱਡੇ ਭਰਾ ਨੇ ਇਗਲੈਂਡ ਵਿਚ ਪੜਾਉਣ ਦਾ ਮਨ ਬਣਾਇਆ। ਉਸ ਦੇ ਪਿਆਰ ਨੇ ਮਦਨ ਲਾਲ ਨੂੰ ਇੰਗਲੈਂਡ ਜਾਣ ਲਈ ਤਿਆਰ ਕਰ ਲਿਆ। 1906 ਈ. ਨੂੰ ਉਹ ਇੰਗਲੈਂਡ ਚਲਾ ਗਿਆ। ਇੱਥੇ ਆਕੇ ਉਹ ਭਾਰਤੀ ਦੇਸ਼ ਭਗਤਾਂ ਦੇ ਸੰਪਰਕ ਵਿਚ ਆਇਆ। ਇੱਥੇ ਹੀ ਉਸ ਨੂੰ ਭਾਰਤ ਤੇ ਭਾਰਤੀਆਂ ਨਾਲ ਹੁੰਦੇ ਵਿਤਕਰੇ ਦਾ ਜਿੱਥੇ  ਗਿਆਨ ਹੋਇਆ ਉੱਥੇ ਇਸ ਜੁਲਮ ਨਾਲ ਨਿਜੱਠਣ ਲਈ ਉਸ ਨੇ ਅੰਗਰੇਜ ਸ਼ਾਸਕਾਂ ਨੂੰ ਉਨ•ਾਂ ਦੀ ਭਾਸਾਂ ਵਿਚ ਹੀ ਜਵਾਬ ਦੇਣ ਦੇ ਸੁਪਨੇ ਸਿਰਜੇ। ਖੁਦੀ ਰਾਮ ਬੋਸ, ਪੰਡਿਤ ਕਾਂਸ਼ੀ ਰਾਮ ਤੇ ਕਨੀ ਰਾਮ ਨੂੰ ਫਾਂਸੀ ਦੇਣ ਦੀ ਘਟਨਾਂ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ। 1 ਜੁਲਾਈ 1909 ਨੂੰ ਕਰਜ਼ਨ ਵੈਲੀ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਵੰਦੇ ਮਾਤਰਮ ਦੇ ਨਾਹਰੇ ਲਾਏ । ਇਸੇ ਦੋਸ਼ ਕਰਕੇ 17 ਅਗਸਤ 1909 ਨੂੰ ਪੈਨਟੋਨਵਿਲ ਜੇਲ• ਵਿਚ ਫ਼ਾਂਸੀ ਲਾ ਦਿੱਤਾ ਗਿਆ। ਇਸ ਮਹਾਨ ਨਾਇਕ ਨਾਲ ਹੀ ਭਾਰਤ ਤੇ ਭਾਰਤੀਆਂ ਦਾ ਸਿਰ ਮਾਣ ਸਨਮਾਨ ਨਾਲ ਉੱਚਾ ਹੁੰਦਾ ਹੈ। ਕਰਜ਼ਨ ਵੈਲੀ ਦਾ ਕਤਲ ਭਾਰਤ ਲਈ ਇਕ ਵੱਡੀ ਘਟਨਾ ਸੀ। ਮਦਨ ਲਾਲ ਢੀਂਗਰਾ ਨੇ ਕਰਜ਼ਨ ਵੈਲੀ ਨੂੰ ਨਾ ਕੇਵਲ ਕਤਲ ਹੀ ਕੀਤਾ ਬਲਕਿ ਇਹ ਫਲਸਫਾ ਵੀ ਦਿੱਤਾ ਕਿ ਜਦ ਤੱਕ ਜੁਲਮ ਹੁੰਦਾ ਰਹੇਗਾ ਤਦ ਤਕ ਇਸ ਜੁਲਮ ਨਾਲ ਦਸਤ ਪੰਜਾ ਲੈਣ ਵਾਲੇ ਸੂਰਮੇਂ ਵੀ ਪੈਦਾ ਹੁੰਦੇ ਰਹਿਣਗੇ। ਇਹੋ ਹੀ ਹੋਇਆ ਕਿ ਖੂਨ ਦਾ ਬਦਲਾ ਖੂਨ ਵਿਚ ਲੈਣ ਵਾਲੇ ਸੂਰਮੇਂ ਸਮੇਂ ਸਮੇਂ ਉਪਰ ਪੈਦਾ ਹੁੰਦੇ ਰਹੇ। ਸ਼ਹੀਦ ਮਦਨ ਲਾਲਾ ਢੀਂਗਰਾ ਦਾ ਸਥਾਂਨ ਮੋਢੀਆਂ ਵਾਲਾ ਹੈ ਜਿਸ ਤੋਂ ਕਰਤਾਰ ਸਰਾਭਾ, ਸ਼ਹੀਦ ਭਗਤ ਸਿੰਘ ਤੇ ਚੰਦਰ ਸ਼ੇਖਰ ਵਰਗੇ ਪ੍ਰੇਰਨਾ ਲੈਂਦੇ ਹਨ।
ਅੱਜ ਜਦੋਂ ਅਖ਼ਬਾਰਾਂ ਵਿਚ ਇਸ ਮਹਾਨ ਸ਼ਹੀਦ ਦੇ ਘਰ ਨੂੰ ਵੱਡੀਆਂ ਕੀਮਤਾਂ ਉਪਰ ਵੇਚ ਦੇਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਈਆਂ ਹਨ ਉਸ ਵਕਤ ਉਸ ਮਹਾਨ ਸ਼ਹੀਦ ਦੇ ਸੁਪਨਿਆਂ ਦੀ ਪੈੜ 'ਤੇ ਉਸ ਦੀ ਵਿਚਾਰਧਾਰਕ ਵਿਰਾਸਤ ਦੀ ਬਾਂਹ ਫੜਕੇ ਚੱਲਣ ਵਾਲਿਆਂ ਦਾ ਮਨ ਵੰਲੂਦਰਿਆ ਗਿਆ ਹੈ। '' ਖਬਰ ਹੈ ਕਿ ਸ਼ਹੀਦ ਦਾ ਜੱਦੀ ਘਰ ਵੱਡੀਆਂ ਕੀਮਤਾਂ ਲੈਕੇ ਵੇਚ ਦਿੱਤਾ ਗਿਆ ਤੇ ਇਸ ਇਤਿਹਾਸਕ ਥਾਂ ਨੂੰ ਲੈਣ ਵਾਲਿਆਂ ਨੇ ਇਸ ਨੂੰ ਵਿਉਪਾਰਕ ਦਰਿਸ਼ਟੀ ਤੋਂ ਢਾਉਣਾ ਵੀ ਸ਼ੁਰੂ ਕਰ ਦਿੱਤਾ ਹੈ।'' ਅੱਜ ਵਿਉਪਾਰਕ ਦਰਿਸ਼ਟੀ ਤੋਂ ਮਦਨ ਲਾਲ ਢੀਂਗਰਾ ਦਾ ਇਹ ਘਰ ਕਰੋੜਾਂ ਦਾ ਹੋ ਸਕਦਾ ਹੈ ਪਰ ਇਸ ਦੇ ਨਾਲ ਹੀ ਕਈ ਅਹਿਮ ਸਵਾਲ ਇਹ ਘਰ ਖੜੇ ਕਰ ਗਿਆ ਹੈ। ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਇਸ ਸ਼ਹੀਦ ਦਾ ਘਰ ਸੌ ਸਾਲ ਬਾਅਦ ਵੀ ਆਰਕਾਇਵ ਵਿਭਾਗ ਦੀ ਮਲਕੀਅਤ ਕਿਉਂ ਨਹੀਂ ਬਣਿਆ? ਉਸ ਸ਼ਹੀਦ ਦੀਆਂ ਅਸਥੀਆਂ 13 ਦਸੰਬਰ 1976 ਨੂੰ  ਛੇ ਦਹਾਕਿਆਂ ਤੋਂ ਬਆਦ ਦੇਸ਼ ਵਿਚ ਲਿਆਉਣ ਦਾ ਕੀ ਮਕਸਦ ਸੀ ਜੇ ਉਸ ਦੀਆਂ ਅੰਤਿਮ ਨਿਸ਼ਾਨੀਆਂ ਨੇ ਇੰਝ ਹੀ ਰੁਲਣਾ ਸੀ। ਕਿ ਉਨ•ਾਂ ਅਸਥੀਆਂ ਨੂੰ ਬੇਨਾਮ ਹੀ ਨਹੀਂ ਸੀ ਰਹਿਣ ਦੇਣਾ ਚਾਹੀਦਾ ਸੀ?
ਅੱਜ ਜਦੋਂ ਮਦਨ ਲਾਲ ਢੀਂਗਰਾ ਦੇ ਪਰਿਵਾਰ ਨੇ ਇਸ ਜੱਦੀ ਘਰ ਨੂੰ ਵਿਉਪਾਰਕ ਦਰਿਸ਼ਟੀ ਤੇ ਵੇਚ ਦੇਣ ਦਾ ਨਿੱਜੀ ਨਿਰਣਾ ਲਿਆ ਹੈ ਤਾਂ ਸਵਾਲ ਖੜਾ ਹੁੰਦਾ ਹੈ ਕਿ ਇਕ ਸ਼ਹੀਦ ਦੇ ਪਰਿਵਾਰ ਨੂੰ ਇਹ ਮੰਦ ਭਾਗਾ ਫੈਸਲਾ ਕਿਉਂ ਲੈਣਾ ਪਿਆ? ਜਦੋ  ਮਦਨ ਲਾਲ ਢੀਂਗਰਾ ਨੇ ਕਰਜ਼ਨ ਵੈਲੀ ਦਾ ਕਤਲ ਕਰਕੇ ਦੇਸ਼ ਕੌਮ ਦੇ ਸਵੈਮਾਣ ਦਾ ਬਦਲਾ ਲਿਆ ਸੀ ਤਾਂ ਉਸ ਸਮੇਂ ਮਦਨ ਲਾਲ ਦੇ ਪਰਿਵਾਰ ਨੇ ਉਸ ਨੂੰ ਬੇਦਖਲ ਕਰਕੇ ਬਰਤਾਨਵੀ ਹਕੂਮਤ ਦੇ ਵਫਾਦਾਰੀ ਦਾ ਸਬੂਤ ਦਿੰਦਿਆਂ ਕਿਹਾ ਸੀ ਕਿ ਅਸੀਂ ਇਸ ਦੀ ਲਾਸ਼ ਵੀ ਲੈਣਾ ਨਹੀਂ ਚਾਹੁੰਦੇ ਕਿਉਂਕਿ ਇਹ ਅੰਗਰੇਜ਼ ਪ੍ਰਸਤ ਪਰਿਵਾਰ ਆਪਣੇ ਇਸ ਪੁੱਤਰ ਤੋਂ ਜੀਉਂਦੇ ਜੀ ਬੇਮੁੱਖ ਹੋ ਚੁੱਕਾ ਸੀ। ਇਸ ਲਈ ਇਹ ਬਹੁਤ ਹੀ ਜਰੂਰੀ ਬਣ ਜਾਂਦਾ ਹੈ ਕਿ ਸ਼ਹੀਦ ਮਦਦ ਲਾਲ ਢੀਂਗਰਾ ਦੇ ਉਨ•ਾਂ ਅੰਤਿਮ ਬਿਆਨਾ ਨੂੰ ਯਾਦ ਕਰੀਏ ਜੋ ਉਨ•ਾਂ ਨੇ ਅਦਾਲਤ ਵਿਚ ਦਿੰਦਿਆਂ ਕਿਹਾ ਸੀ, '' ਸਾਨੂੰ ਅੰਗਰੇਜਾਂ ਨੇ ਇਕ ਯੁੱਧ ਦੇ ਮੈਦਾਨ ਵਿਚ ਧੱਕ ਦਿੱਤਾ ਹੈ। ਅਸੀਂ ਨਿਹੱਥੇ ਇਹ ਜੰਗ ਨਹੀਂ ਲੜ ਸਕਦੇ ਇਸ ਕਰਕੇ ਹੀ ਮੈਂ ਅਚਾਨਕ ਵਾਰ ਕੀਤਾ ਹੈ। ਮੇਰੇ ਕੋਲ ਬੰਦੂਕ ਨਹੀਂ ਸੀ ਇਸੇ ਕਰਕੇ ਮੈਂ ਪਸਤੋਲ ਨਾਲ ਮਾਰਿਆ ਹੈ। ਮੇਰੇ ਵਰਗੇ ਗ਼ਰੀਬਾਂ  ਕੋਲ ਮਾਂ ਧਰਤੀ ਨੂੰ ਅਰਪਿਤ ਕਰਨ ਲਈ ਹੋਰ ਕੁਝ ਵੀ ਨਹੀਂ ਕੇਵਲ ਆਪਣਾ ਖੂਨ ਹੀ ਹੈ। ਅੱਜ ਹਰ ਭਾਰਤੀ ਨੂੰ ਸਿੱਖਣਾ ਪਵੇਗਾ ਕਿ ਉਸ ਨੇ ਕਿਵੇਂ ਮਰਨਾਂ ਹੈ ਇਸ ਲਈ ਮੈਂ ਮਰ ਕੇ ਦੱਸ ਰਿਹਾ ਹਾਂ ਕਿ ਅੱਜ ਦਾ ਨੌਜਵਾਨ ਮਰਨ ਦੀ ਜਾਚ ਸਿੱਖ ਲਵੇ। ਮੈਂ ਰੱਬ ਨੂੰ ਪ੍ਰਰਾਥਨਾਂ ਕਰਦਾ ਹਾਂ ਕਿ ਮੈਂ ਇਸੇ ਮਾਂ ਦੀ ਕੁੱਖੋ ਜਨਮ ਲੈ ਕੇ ਮਾਂ ਧਰਤੀ ਦਾ ਕਰਜ਼ਾ ਉਤਾਰਨ ਲਈ ਫਿਰ ਪੈਦਾ ਹੋਵਾਂ।'' ਬੇਦਖਲ ਕਰ ਦੇਣ ਵਾਲੀ ਮਾਂ ਨੂੰ ਅਮਰ ਕਰ ਜਾਣ ਵਾਲਾ ਇਹ ਭਾਰਤ ਦਾ ਮਹਾਨ ਸਪੂਤ ਅੱਜ ਆਜ਼ਾਦ ਭਾਰਤ ਵਿਚ ਚੰਦ ਟਕਿਆਂ ਦੀ ਮੁਥਾਜੀ ਦਾ ਕਿਵੇਂ ਗੁਲਾਮ ਹੋ ਸਕਦਾ ਹੈ? 
Îਮਦਨ ਲਾਲ ਢੀਂਗਰਾ ਦਾ ਸਾਰਾ ਜੀਵਨ ਹੀ ਸੰਘਰਸ਼ਾਂ ਤੇ ਚੁਨੌਤੀਆਂ ਦਾ ਨਹੀਂ ਰਿਹਾ ਸਗੋਂ ਉਸ ਦੀ ਸ਼ਹਾਦਤ ਤੋਂ ਬਆਦ ਵੀ ਉਸ ਨਾਲ ਵਿਤਕਰੇ ਹੁੰਦੇ ਰਹੇ। ਦੁਨੀਆ ਨੂੰ ਸਭਿਆਤਾ ਦਾ ਪਾਠ ਪੜ•ਾਉਣ ਵਾਲੀ ਬਰਤਾਨਵੀ ਹਕੂਮਤ ਨੇ ਭਾਰਤ ਦੇ ਇਸ ਕ੍ਰਾਂਤੀਕਾਰੀ ਨੂੰ ਕਾਨੂੰਨੀ ਸਹਾਇਤਾ ਤੱਕ ਨਾ ਲੈਣ ਦਿੱਤੀ। ਅਦਾਲਤ ਦੇ ਨਾਟਕ ਨੂੰ ਸ਼ਹੀਦ ਮਦਨ ਲਾਲ ਨੇ ਚੁਪ ਕਰਕੇ ਬਰਦਾਸ਼ਤ ਨਹੀਂ ਕੀਤਾ ਸਗੋਂ ਬਰਤਾਨਵੀ ਅਦਾਲਤ ਵਿਚ ਭਾਰਤੀ ਲੋਕਾਂ ਦੀ ਹੁੰਦੀ ਦੁਰਦਸ਼ਾ ਦੇ ਖਿਲਾਫ ਉਹ ਅਦਾਲਤ ਵਿਚ ਅਹਿਲ ਖੜਾ ਭਾਰਤੀ ਲੋਕਾਂ ਦੀ ਅਵਾਜ਼ ਨੂੰ ਜ਼ਬਾਨ ਦਿੰਦਾ ਰਿਹਾ । ਉਸ ਨੂੰ ਭੋਰਾ ਜਿਨੀ ਵੀ ਸ਼ਿਕਨ ਨਹੀਂ ਸੀ ਕਿ ਉਸ ਨੇ ਇਹ ਕੀ ਕੀਤਾ। ਕਰਜ਼ਨ ਵੈਲੀ ਨੂੰ ਬਚਾਉਣ ਲਈ ਆਏ ਇਕ ਡਾਕਟਰ ਦੀ ਮੌਤ ਬਾਰੇ ਉਸ ਨੇ ਕਿਹਾ ਸੀ ਮੈਨੂੰ ਇਸ ਬੇਗੁਨਾਹ ਦੀ ਮੌਤ ਦਾ ਹਮੇਸਾਂ ਦੁਖ ਰਹੇਗਾਂ ਮੈਂ ਇਸ ਨਿਰਦੋਸ਼ ਨੂੰ ਮਾਰਨਾਂ ਨਹੀਂ ਸੀ ਚਾਹੁੰਦਾ ਪਰ ਇਹ ਬਦਕਿਸਮਤ ਮੇਰੀ ਗੋਲੀ ਦੇ ਮੋਹਰੇ ਆਕੇ ਮਰ ਗਿਆ। ਇਸ ਤੋਂ ਬਆਦ ਵੀ ਮਦਨ ਲਾਲ ਢੀਂਗਰਾ ਨੂੰ ਆਪਣੇ ਪਰਿਵਾਰ ਦੀ ਬੇਰੁਖੀ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੇ ਸ਼ਪਸਟ ਕਿਹਾ ਮਾਂ ਧਰਤੀ ਪ੍ਰਤੀ ਮੇਰੀ ਜ਼ਿੰਮੇਵਾਰੀ ਜਨਮ ਦੇਣ ਵਾਲੀ ਮਾਂ ਤੋਂ ਕਿੰਨੇ ਗੁਣਾ ਵੱਡੀ ਹੈ। ਭੈਣ ਭਰਾਵਾਂ ਨਾਲੋਂ ਹਜ਼ਾਰਾਂ ਭਾਰਤੀਆਂ ਦੀ ਮੋਹ ਦਾ ਰਿਸਤਾ ਮੇਰੇ ਲਈ ਵਧੇਰੇ ਅਰਥ ਰੱਖਦਾ ਹੈ। ਫ਼ਾਂਸੀ ਦੇ ਤਖਤੇ ਤੋਂ ਵੀ ਵੰਦੇ ਮਾਤਰਮ ਦੀ ਅਵਾਜ ਦੇਣ ਵਾਲੇ ਇਸ ਮਹਾਨ ਇਨਕਲਾਬੀ ਦਾ ਅੰਤਮ ਸੁਨੇਹਾ ਭਾਰਤੀਆਂ ਤੱਕ ਬਰਤਾਨਵੀ ਹਕੂਮਤ ਨੇ ਨਹੀਂ ਜਾਣ ਦਿੱਤਾ। ਉਸ ਦੀ ਲਾਸ਼ ਜਦੋਂ ਪਰਿਵਾਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਲਾਸ਼ ਇੰਡੀਆ ਹਾਉਸ  ਦੇ ਸਾਥੀਆਂ ਨੂੰ ਨਹੀਂ ਦਿੱਤੀ ਗਈ।
ਭਾਂਵੇਂ ਮਦਨ ਲਾਲ ਢੀਂਗਰਾ ਲਈ ਮਾਂ ਧਰਤੀ ਦਾ ਰਿਸ਼ਤਾ ਵੱਡੀ ਮਹੱਤਤਾ ਦਾ ਲਿਖਾਇਕ ਸੀ। ਉਹ ਹਿੰਦੂ ਮੁਸਲਮਾਨਾ ਤੇ ਸਿੱਖਾਂ ਸਭਨਾ ਦਾ ਸਾਝਾਂ ਸੀ। ਉਸ ਦਾ ਜਨਮ ਹਿੰਦੂ ਪਰਿਵਾਰ ਵਿਚ ਹੋਇਆ ਸੀ ਪਰ ਉਸ ਦੀਆਂ ਅੰਤਿਮ ਰਸਮਾਂ ਹਿੰਦੂ ਰੀਤੀ ਰੀਵਾਜ਼ ਦੇ ਅਨੁਸਾਰ ਨਹੀਂ ਕੀਤੀਆਂ ਗਈਆਂ ਤੇ ਇਸ ਦੇ ਉਲਟ ਕਰਿਸ਼ਚੀਅਨ ਰਸਮਾਂ ਦੇ ਅਨੁਸਾਰ ਉਸ ਸ਼ਹੀਦ ਦਾ ਪਵਿਤੱਤ ਸਰੀਰ ਗੁਮਨਾਮ ਦਫਨਾ ਦਿੱਤਾ ਗਿਆ। ਮਹਾਤਮਾਂ ਗਾਂਧੀ ਨੇ ਤਾਂ ਉਸ ਮਹਾਨ ਇਨਕਲਾਬੀ ਦੇ ਇਸ ਕਾਰਜ ਦੀ ਸਖਤ ਸ਼ਬਦਾ ਵਿਚ ਨਿਖੇਧੀ ਵੀ ਕੀਤੀ ਸੀ ਜਦ ਕਿ ਆਇਰਿਸ਼ ਇਨਕਲਾਬੀਆਂ ਨੇ ਉਸ ਨੂੰ ਆਪਣੇ ਆਦਰਸ਼ ਵਜੋਂ ਮਾਨਤਾ ਦਿੱਤੀ ਸੀ ਤੇ ਕਿਹਾ ਸੀ ਕਿ ਗੁਲਾਮ ਕੌਮਾਂ ਇਸ ਤਰ•ਾਂ ਹੀ ਆਜ਼ਾਦੀ ਪ੍ਰਾਪਤ ਕਰ ਸਕਦੀਆਂ ਹਨ।
1947 ਤੋਂ ਬਆਦ ਵੀ ਆਜ਼ਾਦ ਭਾਰਤ ਦੀ ਹਕੂਮਤ ਨੇ ਆਪਣੇ ਉਸ ਮਹਾਨ ਸਪੂਤ ਬਾਰੇ ਨਾ ਕੋਈ ਫਿਕਰ ਕੀਤਾ ਤੇ ਨਾ ਹੀ ਬਰਤਾਨਵੀ ਹਾਕਮਾਂ ਕੋਲ ਉਸ ਦਾ ਜ਼ਿਕਰ ਕੀਤਾ। 1976 ਵਿਚ ਜਦੋਂ ਭਾਰਤ ਦੇ ਲੋਕ ਭਾਰਤੀ ਆਜ਼ਾਦੀ ਨੂੰ  ਮਹਿਜ ਸਤਾ ਪਰਿਵਰਤਨ ਦਾ ਨਾਮ ਦੇ ਕੇ ਭਾਰਤੀ ਹਕੂਮਤ ਦੇ ਖਿਲਾਫ ਉਠ ਖੜੇ ਹੋਏ ਤਾਂ ਉਸ ਵਕਤ ਭਾਰਤ ਦੀ ਸਰਕਾਰ ਨੂੰ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਣਸਨਮਾਨ ਕਰਨ ਦਾ ਖਿਆਲ ਆਇਆ। ਉਸ ਵਕਤ ਵਿਦੇਸ਼ਾਂ ਵਿਚ ਸ਼ਹੀਦ ਹੋਏ ਸਾਥੀਆਂ ਦੀਆਂ ਅਸਥੀਆਂ ਲਿਆਉਣ ਦੇ ਉਪਰਾਲੇ ਕੀਤੇ ਗਏ। ਇੱਥੇ ਵੀ ਮਦਨ ਲਾਲ ਢੀਂਗਰਾ ਨਾਲ ਵੱਡੇ ਪੱਧਰ ਉਪਰ ਧੱਕਾ ਹੋਇਆ। ਇਸ ਸ਼ਹੀਦ ਦੀਆਂ ਅਸਥੀਆਂ ਲਿਆਉਣ ਦਾ ਤਾਂ ਕੋਈ ਪ੍ਰੋਗਰਾਮ ਹੀ ਨਹੀਂ ਸੀ। ਇਸ ਮਹਾਨ ਸ਼ਹੀਦ ਦੀਆਂ ਅਸਥੀਆਂ ਤਾਂ ਸ਼ਹੀਦ ਉਧਮ ਸਿੰਘ ਦੀਆਂ ਅਸਥੀਆਂ ਲੈਣ ਗਿਆਂ ਨੂੰ ਅਚਾਨਕ ਮਿਲ ਗਈਆਂ। ਭਾਰਤ ਦਾ ਵਿਦੇਸ਼ਾਂ ਵਿਚ ਪਹਿਲਾ ਸ਼ਹੀਦ ਮਦਨ ਲਾਲ ਢੀਂਗਰਾ ਭਾਰਤ ਦੀ ਹਕੂਮਤ ਦੇ ਰਿਕਾਰਡ ਵਿਚ ਬੋਲਦਾ ਹੀ ਨਹੀਂ ਸੀ। ਇਸ ਤੋਂ ਵੱਡੀ ਦੁਖਦਾਈ ਘਟਨਾ ਇਸ ਮਹਾਨ ਸ਼ਹੀਦ ਨਾਲ ਹੋਰ ਕੀ ਹੋ ਸਕਦੀ ਸੀ। ਤਾਜ਼ਾ ਛਪੀਆਂ ਖਬਰਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਮਦਨ ਲਾਲ ਦੀਆਂ ਅਸਥੀਆਂ ਤਾਂ ਭਾਰਤ ਵਿਚ ਆ ਗਈਆਂ ਪਰ ਉਸ ਦੀਆਂ ਅਸਥੀਆਂ ਲਈ ਕੋਈ ਮਾਣ ਯੋਗ ਸਮਾਧ ਭਾਰਤ ਵਿਚ ਅਜੇ ਤੱਕ ਨਹੀਂ ਬਣੀ। ਅੱਜ ਅਖਬਾਰਾਂ ਵਿਚ ਉਸ ਮਹਾਨ ਕ੍ਰਾਂਤੀਕਾਰੀ ਦਾ ਘਰ ਢਾਅ ਕੇ ਨਵੀਂ ਉਸਾਰੀ ਦੀਆਂ ਖ਼ਬਰਾਂ ਨੇ ਉਸ ਮਹਾਨ ਸ਼ਹੀਦ ਨਾਲ ਇਕ ਹੋਰ ਵਿਤਕਰਾ ਕਰ ਦਿੱਤਾ ਹੈ। ਅੱਜ ਫਿਰ ਉਸਦੇ ਵਿਚਾਰਧਾਰਕ ਵਾਰਸ ਉਸ ਦੀ ਇਸ ਵਿਰਾਸਤ ਨੂੰ ਸਾਂਭਣ ਲਈ ਯਤਨ ਕਰ ਰਹੇ ਹਨ।
ਅੱਜ ਜਦੋਂ ਇਹ ਖ਼ਬਰਾਂ ਛਪ ਰਹੀਂਆਂ ਹਨ ਤਾਂ ਉਸ ਦੀ ਸੋਚ ਦੇ ਵਾਰਸ ਇਸ ਗੱਲ ਬਾਰੇ ਚਿੰਤਤ ਹੋ ਰਹੇ ਹਨ ਕਿ ਇਕ ਪਾਸੇ ਸ਼ਹੀਦਾਂ ਦੀਆਂ ਯਾਦਗਰਾਂ ਖਤਮ ਕੀਤੀਆਂ ਜਾ ਰਹੀਂਆਂ ਹਨ ਦੂਸਰੇ ਪਾਸੇ ਸ਼ਹੀਦਾ ਦੇ ਸੁਪਨਿਆਂ ਦਾ ਦੇਸ਼ ਸਿਰਜਣ ਦੀਆਂ ਡੀਂਗਾਂ ਸਰਕਾਰ ਵੱਲੋਂ ਮਾਰੀਆਂ ਜਾ ਰਹੀਂਆਂ ਹਨ। ਅੱਜ ਦੇਸ਼ ਨਵਬਸਤੀਵਾਦੀ ਨੀਤੀਆਂ ਦੇ ਤਹਿਤ ਸਾਮਰਾਜਵਾਦੀਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਕਿਸੇ ਇਕ ਸ਼ਹੀਦ ਦੀ ਵਿਰਾਸਤ ਨੂੰ ਸਾਂਭਣ ਦੀ ਹੀ ਗੱਲ ਨਹੀਂ ਹੈ। ਜਲਿ•ਆਂ ਵਾਲਾ ਬਾਗ ਆਪਣੀ ਇਤਿਹਾਸਕ ਹੋਂਦ ਬਰਕਰਾਰ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਅੱਜ ਜਦੋਂ ਵੱਡੇ ਵੱਡੇ ਮਾਲ ਖੁੱਲ ਰਹੇ ਹਨ ਉਸ ਵਕਤ ਸ਼ਹੀਦਾਂ ਦੀਆਂ ਜਨਮ ਭੂਮੀਆਂ ਨੂੰ ਇਨ•ਾਂ ਧਾੜੀਆਂ  ਤੋਂ ਮਹਿਫੂਜ ਰੱਖਣ ਦਾ ਇਕ ਹੋਰ ਇਤਿਹਾਸਕ ਕਾਰਜ ਚਿੰਤਨ ਸ਼ੀਲ ਲੋਕਾਂ ਦੇ ਮੋਢਿਆਂ ਉਪਰ ਆ ਪਿਆ ਹੈ। ਆਓ ਸ਼ਹੀਦਾ ਦੇ ਰੁਲਦੇ ਸੁਪਨਿਆਂ ਦੀ ਗੱਲ ਕਰੀਏ ਤੇ ਉਨ•ਾਂ ਦੀਆਂ ਖਤਮ ਹੁੰਦੀਆਂ ਅੰਤਮ ਨਿਸ਼ਾਨੀਆਂ ਨੂੰ ਸਾਂਭੀਏ।
   ਡਾ. ਤੇਜਿੰਦਰ ਵਿਰਲੀ (9464797400)

1 comment: