dr t virli

dr t virli

Monday 28 January 2013

ਆਮ ਆਦਮੀ ਦੀ ਵਧ ਰਹੀ ਬੇਚੈਨੀ ਤੇ ਹਾਕਮ ਧਿਰਾਂ

ਸਾਡੇ ਦੇਸ਼ ਵਿਚ ਹਰ ਰੋਜ ਕੁਝ  ਨਾ ਕੁਝ ਅਜਿਹਾ ਹੁੰਦਾ ਹੈ ਜਿਸ  ਦਾ ਮਕਸਦ ਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾਕੇ  ਕਿਸੇ ਖਾਸ ਧਿਰ ਨੂੰ ਲਾਭ ਪਹੁਚਾਉਣਾ ਹੁੰਦਾ ਹੈ। ਜਿਸ ਦੇ ਬਦਲੇ ਦੇਸ਼ ਦੇ ਲੋਕਾਂ ਨੂੰ ਜਿਨੀ ਮਰਜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਇਸ ਦਾ ਫਿਕਰ ਕਿਸੇ ਨੂੰ ਵੀ ਨਹੀਂ। ਇਸ ਕਿਸਮ ਦੀਆਂ ਅਨੇਕਾਂ ਉਦਾਹਰਣਾ ਦੇਖੀਆਂ ਜਾ ਸਕਦੀਆਂ ਹਨ। ਜਦੋਂ ਕਿਸੇ ਨਾ ਕਿਸੇ ਬਹਾਨੇ ਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾਕੇ ਕਿਸੇ ਖਾਸ ਚਹੇਤੇ ਨੂੰ ਲਾਭ ਪਹੁਚਾਇਆ ਜਾਂਦਾ ਹੈ। ਇਸ ਦੀ ਸਭ ਤੋਂ ਅਹਿਮ ਉਦਾਹਰਣ ਹੈ ਆਧਾਰ ਕਾਰਡ। ਜਿਸ ਕਾਰਡ ਨੂੰ ਬਣਾਉਣ ਤੇ ਇਸ ਦੀ ਅਹਿਮੀਅਤ ਨੂੰ ਬਿਆਨ ਕਰਨ ਲਈ ਇਸ ਦੇ ਸੋਹਲੇ ਵੱਡੇ ਪੱਧਰ ਉਪਰ ਗਾਏ ਗਏ ਸਨ। ਕਿਹਾ ਇਹ ਗਿਆ ਸੀ ਕਿ ਕਾਰਡ ਦੇ ਬਣ ਜਾਣ ਨਾਲ ਦੇਸ਼ ਦੇ ਹਰ ਇਕ ਨਾਗਰਿਕ ਨੂੰ ਇਕ ਵਿਲੱਖਣ ਪਹਿਚਾਣ ਨੰਬਰ ਮਿਲ ਜਾਵੇਗਾ। ਉਸ ਨੰਬਰ ਤੋਂ ਉਸ ਵਿਅਕਤੀ ਬਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ। ਇਸ ਕਾਰਡ ਦੀ ਅਹਿਮੀਅਤ ਬਿਆਨ ਕਰਦਿਆਂ ਇਥੋਂ ਤਕ ਵੀ ਕਿਹਾ ਗਿਆ ਸੀ ਕਿ ਇਸ ਕਾਰਡ ਦੇ ਬਣ ਜਾਣ ਨਾਲ ਭਰਿਸ਼ਟਾਚਾਰ ਵੀ ਖਤਮ ਹੋ ਜਾਵੇਗਾ। ਜਿੰਨੀ ਵੱਡੀ ਪੱਧਰ ਉਪਰ ਇਸ ਕਾਰਡ ਦੀ ਐਡਵਰਟਾਇਜਮੈਂਟ ਹੋ ਰਹੀ ਸੀ ਉਸੇ ਹਿਸਾਬ ਨਾਲ ਇਸ ਨੂੰ ਬਣਾਉਣ ਲਈ ਲੋਕਾਂ ਦੀਆਂ ਭੀੜਾਂ ਜੁੜਨ ਲੱਗੀਆਂ। ਸਾਰਾ ਦੇਸ਼ ਅੱਡੀਆਂ ਦੇ ਭਾਰ ਹੋਕੇ ਇਕ ਦੂਸਰੇ ਤੋਂ ਮੋਹਰੇ ਹੋਕੇ ਇਕ ਨੇਕ ਕੰਮ ਵਿਚ ਜੁਟ ਗਿਆ। ਮਧ ਵਰਗ ਭੇਡ ਚਾਲ ਵਿਚ ਇਕ ਦੂਸਰੇ ਤੋਂ ਮੋਹਰੇ ਹੋਕੇ ਲਾਇਨਾਂ ਮੱਲ ਰਿਹਾ ਸੀ। ਲੋਕਾਂ ਨੇ ਇਸ ਕੰਮ ਲਈ ਕਈ- ਕਈ ਛੁੱਟੀਆਂ ਲਈਆਂ। ਫੇਰ ਇਕ ਦਿਨ ਅਚਾਨਕ ਇਹ ਕਾਰਡ 'ਤੇ ਰੋਕ ਲੱਗ ਗਈ। ਖਬਰਾਂ ਇਸ ਕਿਸਮ ਦੀਆਂ ਆਉਣ ਲੱਗੀਆਂ ਕਿ ਇਹ ਕਾਰਡ ਬਣਾਉਣ ਦੀ ਪ੍ਰਵਾਨਗੀ ਤਾਂ ਭਾਰਤ ਦੀ ਸੰਸਦ ਨੇ ਦਿੱਤੀ ਹੀ ਨਹੀਂ। ਲੋਕ ਹੱਕੇ ਬੱਕੇ ਰਹਿ ਗਏ। ਕਨਸੋਆਂ ਇਹ ਵੀ ਆਈਆਂ ਕਿ ਇਹ ਕਾਰਡ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਕਿਸੇ ਖਾਸ ਕੰਪਣੀ ਦੇ ਹਾਵਾਲੇ ਕਰਨ ਦਾ ਲੁਕਿਆ ਕਾਰਜ ਕਰਨ ਲਈ ਸੀ। ਜਿਸ ਉਪਰ ਖਰਚਾ ਬਦਕਿਸਮਤੀ ਨਾਲ ਭਾਰਤ ਦੀ ਸਰਕਾਰ ਕਰ ਰਹੀ ਸੀ। ਇਸ ਕਾਰਡ ਨੂੰ ਬਣਾਉਣ ਵਾਲੀਆਂ ਨਿੱਜੀ ਕੰਪਣੀਆਂ ਰਾਤੋ ਰਾਤ ਮਾਲੋਂ ਮਾਲ ਹੋ ਗਈਆਂ ਤੇ ਅੱਜ ਵਿਚਾਰੇ ਲੋਕ ਇਸ ਕਾਰਡ ਦੇ ਟੁਕੜੇ ਨੂੰ ਚੁੱਕੀ ਫਿਰਦੇ ਹਨ। ਜਿਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਕਿ ਇਹ ਬਣਨੇ ਹਨ ਜਾ ਨਹੀਂ। ਇਸ ਨਾਲ ਲੋਕਾਂ ਨੂੰ ਕੀ ਕੀ ਲਾਭ ਹੋਣਾ ਹੈ? ਇਹ ਸਭ ਕੁਝ ਉਸ ਦੇਸ਼ ਵਿਚ ਹੋ ਰਿਹਾ ਹੈ ਜਿਸ ਦੇਸ਼ ਵਿਚ ਰਾਸ਼ਣ ਕਾਰਡ ਬਣਾਉਣ ਲਈ ਵੱਡੀ ਗਿਣਤੀ ਵਿਚ ਲੋਕ ਤਰਲੇ ਮਾਰਦੇ ਹਨ ਪਰ ਜਿਨ੍ਹਾਂ ਦੇ ਰਾਸ਼ਣ ਕਾਰਡ ਨਹੀਂ ਬਣਦੇ। ਜਿਨ੍ਹਾਂ ਦੀਆਂ ਆਜ਼ਾਦੀ ਦੇ 65 ਸਾਲਾਂ ਬਾਦ ਵੀ ਵੋਟਾਂ ਨਹੀਂ ਬਣੀਆਂ। ਜਿਨ੍ਹਾਂ ਦੀ ਗਿਣਤੀ ਕਰਨਾ ਭਾਰਤ ਦਾ ਭਾਰਤ ਦਾ ਜਨਗਣਨਾ ਵਿਭਾਗ ਵੀ ਬਹੁਤੀ ਜਰੂਰੀ ਨਹੀਂ ਸਮਝਦਾ। ਜਿਹੜੇ ਜਾਨਵਰਾਂ ਦੇ ਘੁਰਨਿਆਂ ਤੋਂ ਬਦਤਰ ਘਰਾਂ ਵਿਚ ਜਾਨਵਰਾਂ ਤੋਂ ਵੀ ਬਦਤਰ ਜਿੰਦਗੀ ਜੀ ਰਹੇ ਹਨ। ਜਿਨ੍ਹਾਂ ਦੀ ਜੀਵਨ ਨੂੰ ਦੇਖ ਕੇ ਜਿੰਦਗੀ ਆਖਣਾ ਜਿੰਦਗੀ ਸ਼ਬਦ ਦੀ ਹੀ ਤੁਹੀਨ ਹੈ। ਉਨ੍ਹਾਂ ਲੋਕਾਂ ਨੂੰ ਆਧਾਰ ਕਾਰਡ ਬਣਾਉਣ ਲਈ ਸੁਨਿਹਰੀ ਸੁਪਨੇ ਦਿਖਾਏ ਜਾ ਰਹੇ ਹਨ। ਜਿਨ੍ਹਾਂ ਲੋਕਾਂ ਦਾ ਹੁਣ ਤੱਕ ਬਣੇ ਨੀਲੇ, ਪੀਲੇ, ਹਰੇ ਕਾਰਡਾ ਨੇ ਹੁਣ ਤੱਕ ਕੁਝ ਵੀ ਨਹੀਂ ਸਵਾਰਿਆ। ਹਰ ਵਾਰ ਦੀ ਤਰ੍ਹਾਂ ਆਧਾਰ ਕਾਰਡ ਦੇ ਸੰਬੰਧ ਵਿਚ ਵੀ ਮਧ ਵਰਗ ਹੀ ਅੱਡੀ ਚੋਟੀ ਦਾ ਜੋਰ ਲਾ ਰਿਹਾ ਸੀ ਕਿ ਉਸ ਦਾ ਇਹ ਕਾਰਡ ਵੀ ਬਣ ਜਾਵੇ ਉਹ ਕਾਰਡ ਵੀ ਬਣ ਜਾਵੇ। ਦੁੱਖ ਦੀ ਗੱਲ ਇਹ ਹੈ ਕਿ ਇਸ ਕਾਰਡ ਬਣਾਉਣ ਦਾ ਮਕਸਦ ਦੇਸ਼ ਵਿਚ ਨਿੱਜੀ ਕੰਪਣੀ ਨੂੰ ਲੋੜੀਦੀ ਜਾਣਕਾਰੀ ਪ੍ਰਦਾਨ ਕਰਨਾ ਸੀ।

ਇਸੇ ਕਿਸਮ ਦੀ ਇਕ ਹੋਰ ਪ੍ਰੇਸ਼ਾਨੀ ਸਾਰੇ ਭਾਰਤ ਦੇ ਲੋਕਾਂ ਨੂੰ ਉਸ ਸਮੇਂ ਸਾਹਮਣਏ ਆਈ ਜਦੋਂ ਇਹ ਫਿਰਮਾਨ ਜਾਰੀ ਹੋ ਗਿਆ ਕਿ ਹਰ ਇਕ ਵਹੀਕਲ ਨੂੰ ਹਾਈ ਸੀਕੋਰਟੀ ਨੰਬਰ ਪਲੇਟ ਲੱਗਣੀ ਹੈ। ਇਸ ਖਾਸ ਕਿਸਮ ਦੀ ਨੰਬਰ ਪਲੇਟ ਨੂੰ ਨਾ ਲਾਉਣ 'ਤੇ ਚਲਾਣ ਕੱਟੇ ਜਾਣਗੇ। ਇਸ ਲਈ ਲੋਕਾਂ ਦਾ ਹੜ੍ਹ ਰਾਤੋ ਰਾਤ ਉਸ ਪਾਸੇ ਵੱਲ ਦੌਂੜਨਾਂ ਸ਼ੁਰੂ ਹੋ ਗਿਆ। ਕੋਈ ਫੋਟੋ ਸਟੈਟ ਕਰਵਾ ਰਿਹਾ ਸੀ। ਕੋਈ ਆਰਸੀ ਚੁੱਕੀ ਖੜਾ ਸੀ। ਦੂਰ ਦੁਰਾਡੇ ਪਿੰਡਾਂ ਵਿਚ ਵਸਦੇ ਲੋਕਾਂ ਨੂੰ ਆਪਣੀਆਂ ਗੱਡੀਆਂ ਡੀਟੀਓ ਦਫਤਰ ਤੱਕ ਲੈ ਆਉਂਣੀਆਂ ਪਈਆਂ ਜਿਨ੍ਹਾਂ ਲੋਕਾਂ ਨੇ ਸਾਲ ਭਰ ਸਹਿਰ ਦਾ ਮੂੰਹ ਵੀ ਨਹੀਂ ਸੀ ਦੇਖਣਾ। ਉਹ ਸ਼ਹਿਰਾਂ ਵੱਲ ਭੱਜਣ ਲੱਗੇ। ਜਿਸ ਦੋ ਦੋ ਹਜ਼ਾਰ ਦੇ ਸਕੂਟਰ ਨੂੰ ਚੋਰੀ ਦਾ ਕੋਈ ਵੀ ਖਤਰਾ ਨਹੀਂ ਉਨ੍ਹਾਂ ਸਕੂਟਰਾਂ ਦੇ ਮਾਲਕ ਵੀ ਹਾਈ ਸੀਕੋਰਟੀ ਨੰਬਰ ਪਲੇਟਾਂ ਲਗਵਾਉਣ ਲਈ ਧੱਕੇ ਖਾ ਰਹੇ ਹਨ। ਇਹ ਨਵੀਂ ਨੰਬਰ ਪਲੇਟ ਦੀ ਆਖਰ ਕੀ ਜਰੂਰਤ ਸੀ? ਅੱਜ ਇਸ ਕਿਸਮ ਦੇ ਸਵਾਲ ਗਰੀਬ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਅੱਜ ਹਰ ਜਿਲ੍ਹੇ ਵਿਚ ਨੰਬਰ ਪਲੇਟਾਂ ਲਗਾਉਣ ਵਾਲੀ ਕੰਪਣੀ ਕੋਲ ਅਸਹਿ ਭੀੜ ਜਮਾਂ ਹੋਣ ਲੱਗੀ ਹੈ। ਇਸ ਵਰਤਾਰੇ ਨੇ ਲੋਕਾਂ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਹੈ। ਹੁਣ ਮਾਣਯੋਗ ਅਦਾਲਤ ਦਾ ਫੈਸਲਾ ਆਇਆ ਕਿ ਇਨ੍ਹਾਂ ਨੰਬਰ ਪਲੇਟਾਂ ਦੀ ਅਜੇ ਕੋਈ ਜਰੂਰਤ ਨਹੀਂ। ਇਸ ਸੰਬੰਧੀ ਵਿਧੀ ਵਿਧਾਨ ਬਣਾਇਆ ਜਾਵੇਗਾ। ਪਰ ਜਿਹੜੇ ਲੋਕ ਵੱਡੀ ਗਿਣਤੀ ਵਿਚ ਪਰੇਸ਼ਾਨ ਹੋਏ ਉਨ੍ਹਾਂ ਦਾ ਕੀ ਕਾਸੂਸ ਸੀ? ਇਸ ਹਾਈ ਸੀਕੋਰਟੀ ਨੰਬਰ ਪਲੇਟ ਨੂੰ ਨਵੀਆਂ ਗੱਡੀਆਂ ਲਈ ਹੀ ਸੀਮਤ ਕਿਉਂ ਨਹੀਂ ਕਰ ਦਿੱਤਾ ਜਾਂਦਾ? ਜਾਂ ਜਿਸ ਨੂੰ ਇਸ ਦੀ ਜਰੂਰਤ ਹੈ ਉਹ ਇਸ ਨੂੰ ਲਗਵਾ ਲਵੇ ? ਇਹ ਧੱਕੇ ਸ਼ਾਹੀ  ਡੰਡੇ ਦੇ ਜੋਰ ਨਾਲ ਕਿਉਂ ਹੋ ਰਹੀ ਹੈ? ਕਿ ਹਰ ਗੱਡੀ ਉਪਰ ਹਾਈ ਸੀਕੋਰਟੀ ਨੰਬਰ ਪਲੇਟ ਹੋਵੇਗੀ ਤਾਂ ਹੀ ਉਹ ਰੋਡ ਉਪਰ ਚੱਲ ਸਕੇਗੀ। ਇਸ ਪਿੱਛੇ ਕਿਹੜਾ ਤਰਕ ਕੰਮ ਕਰਦਾ ਹੈ? ਪਰ ਕਿਉਂਕਿ ਮਕਸਦ ਕਿਸੇ ਨਿੱਜੀ ਕੰਪਣੀ ਨੂੰ ਲਾਭ ਦੇਣਾ ਸੀ ਇਸ ਕਰਕੇ ਲੋਕਾਂ ਦੀ ਪ੍ਰਵਾਹ ਨਾ ਕਰਦਿਆਂ ਇਹ ਸਾਰੇ ਲੋਕਾਂ ਉਪਰ ਠੋਸ ਦਿੱਤਾ ਗਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਸਾਰੇ ਕੰਮ ਅਦਾਲਤ ਨੇ ਹੀ ਕਰਨੇ ਹਨ ਤਾਂ ਇਹ ਮੰਤਰੀਆਂ ਦੀ ਫੌਜ ਕੇਂਦਰ ਵਿਚ ਤੇ ਵੱਖ ਵੱਖ ਸੂਬਿਆਂ ਵਿਚ ਕੀ ਕਰਦੀ ਹੈ? ਇਸ ਤਰਾ੍ਹਂ ਦੇ ਸਵਾਲ ਅੱਜ ਖੜੇ ਹੋਣੇ ਕੁਦਰਤੀ ਹੀ ਹਨ। ਕਿ ਇਕ ਆਮ ਆਦਮੀ ਲਈ ਸਰਕਾਰ ਅੱਜ ਕੀ ਕਰ ਰਹੀ ਹੈ? ਨਿੱਜੀ ਕੰਪਣੀਆਂ ਦੀ ਸਰਕਾਰ ਲੋਕਾਂ ਤੇ ਨਾ ਕੇਵਲ ਅਸਿੱਧੇ ਟੈਕਸ ਹੀ ਲਗਾ ਰਹੀ ਹੈ ਸਗੋਂ ਆਮ ਲੋਕਾਂ ਦੀ ਕੀਮਤ ਉਪਰ ਨਿੱਜੀ ਕੰਪਣੀਆਂ ਨੂੰ ਸਾਰੇ ਕਾਨੂੰਨ ਛਿੱਕੇ ਉਪਰ ਟੰਗਕੇ ਲਾਭ ਪਹੁਚਾਏ ਜਾ ਰਹੇ ਹਨ।

ਜਾਂਦੇ ਜਾਂਦੇ ਕੇਵਲ ਟੀਵੀ ਸੰਬੰਧੀ ਸਰਕਾਰ  ਦੇ ਫੈਸਲੇ ਬਾਰੇ ਵੀ ਚਰਚਾ ਕਰ ਲੈਣੀ ਬਹੁਤ ਹੀ ਜਰੂਰੀ ਬਣ ਜਾਂਦੀ ਹੈ। ਚਾਰ ਵੱਡੇ ਸ਼ਹਿਰਾਂ ਵਿਚ ਕੇਵਲ ਰਾਹੀ ਟੀਵੀ ਦੇ ਵੱਖ ਵੱਖ ਚੈਨਲਾ ਨੂੰ ਦੇਖਣ ਵਾਲੇ ਗਾਹਕਾਂ ਨੂੰ ਸੈਟਅੱਪ ਬਾਕਸ ਲਗਵਾਉਣਾ ਲਾਜ਼ਮੀ ਕੀਤਾ ਗਿਆ ਸੀ। ਪਰ ਬਦ ਕਿਸਮਤ ਇਹ ਹੈ ਕਿ ਪੰਜਾਬ ਵਿਚ ਫਾਸਟ ਵੇਅ ਨਾਮ ਦੀ ਕੇਵਲ ਕੰਪਣੀ ਨੇ ਉਸ ਹਫਤੇ ਜਲੰਧਰ ਦੇ ਗਾਹਕਾਂ ਉਪਰ ਵੀ ਇਹ ਮਨ ਮਰਜੀ ਦਾ ਕਾਨੂੰਨ ਠੋਸ ਦਿੱਤਾ। ਸਥਿਤੀ ਦਾ ਦੁਖਾਂਤ ਇਹ ਹੈ ਕਿ ਜਿਨ੍ਹਾਂ ਨੇ ਦਸ ਪੰਦਰਾਂ ਦਿਨ ਪੁਹਿਲਾਂ ਹੀ ਇਹ ਬਾਕਸ ਲਗਵਾਇਆ ਸੀ ਉਸ ਨੂੰ ਵੀ ਨਵਾਂ ਬਾਕਸ ਲਗਵਾਉਣ ਲਈ ਮਜਬੂਰ ਕੀਤਾ ਗਿਆ। ਭਾਂਵੇ ਦੋ ਹਫਤਿਆਂ ਬਾਦ ਇਹ ਵਰਤਾਰਾ ਬੰਦ ਹੋ ਗਿਆ ਪਰ ਦੋ ਹਫਤੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ ਤੇ ਕਈਆਂ ਨੇ ਮਜਬੂਰ ਹੋਕੇ ਇਹ ਨਵੇਂ ਬਾਕਸ ਲਗਵਾ ਵੀ ਲਏ। ਇਸ ਦਾ ਮਕਸਦ ਵੀ ਲੋਕਾਂ ਨੂੰ ਲੁੱਟਕੇ ਨਿੱਜੀ ਵਿਚ ਹੋ ਰਿਹਾ ਹੈ ਕਿ ਦੇਸ਼ ਦੀ ਆਮ ਜੰਨਤਾ ਨੂੰ ਬੁੱਧੂ ਬਣਾਕੇ ਦੇਸ਼ ਦੇ ਹਾਕਮ ਆਪਣੀ ਮਨ ਮਰਜੀ ਜਾਰੀ ਰੱਖਣੀ ਚਾਹੁੰਦੇ ਹਨ। ਤਾਂ ਕਿ ਦੇਸ਼ ਦੇ ਆਮ ਲੋਕਾਂ ਦਾ ਧਿਆਨ ਭਰਿਸ਼ਟਾਚਾਰ, ਬੇਰੁਜਗਾਰੀ, ਭੁੱਖਮਰੀ ਵਰਗੇ ਬੁਨਿਆਦੀ ਮਸਲਿਆਂ ਵੱਲ ਨਾ ਜਾਵੇ। ਕੇਂਦਰ ਦੀ ਸਰਕਾਰ ਨੇ ਹਾਲ ਹੀ ਵਿਚ ਗੈਸ ਸੰਬੰਧੀ ਬਦਲੀ ਨੀਤੀ ਦੇ ਤਹਿਤ ਸਾਰੇ ਦੇਸ਼ ਦੇ ਲੋਕਾਂ ਨੂੰ ਅਜੀਬ ਸਥਿਤੀ ਵਿਚ ਪਾ ਦਿੱਤਾ ਹੈ ਅੱਜ ਹਰ ਕੋਈ ਗੈਸ ਕੁਨਿਕਸਨ ਸੰਬੰਧੀ ਲੋੜੀਦੇ ਦਸਤਾਵੇਜ ਹੱਥਾਂ ਵਿਚ ਫੜਕੇ ਵੱਖ ਵੱਖ ਗੈਸ ਏਜੰਸੀਆਂ ਦੇ ਬਾਹਰ ਲੱਗੀਆਂ ਭੀੜਾਂ ਵਿਚ ਖੱਜਲ ਖੁਆਰ ਹੋ ਰਿਹਾ ਹੈ। ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਸਰਕਾਰ ਨੇ ਲੋਕਾਂ ਨੂੰ ਉਸ ਬੇਲੋੜੇ ਕੰਮ ਵਿਚ ਵਿਅਸਤ ਕਰ ਦਿੱਤਾ ਜਿਸ ਦਾ ਕੋਈ ਮਕਸਦ ਹੀ ਨਹੀਂ। ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹੈ ਜਿਹੜੀ ਇਹ ਦੁਹਾਈ ਦੇ ਰਹੀ ਹੈ ਕਿ ਇਹ ਆਮ ਆਦਮੀ ਦੀ ਸਰਕਾਰ ਹੈ ਇਹੋ ਹੀ ਕਾਰਨ ਹੈ ਕਿਅੱਜ ਆਮ ਆਦਮੀ ਬੇ ਲੋੜੇ ਕੰਮਾਂ ਵਿਚ ਉਲਝਾ ਕੇ ਰੱਖ ਦਿੱਤਾ ਗਿਆ ਹੈ।

ਇਸ ਤਰ੍ਹਾਂ ਦੀਆਂ ਹਜ਼ਾਰਾਂ ਹੀ ਹੋਰ ਉਦਾਹਰਣਾ ਦੇਖੀਆਂ ਜਾ ਸਕਦੀਆਂ ਹਨ ਜਿੱਥੇ ਆਮ ਆਦਮੀ  ਲਈ ਜੀਉਂਣਾ ਮੁਸ਼ਕਲ ਕੀਤਾ ਜਾ ਰਿਹਾ ਹੈ। ਅਵੈਦ ਕਲੋਨੀਆਂ ਦਾ ਮਸਲਾ ਹੋਵੇ ਜਾਂ ਆਪਣੀ  ਖੇਤੀਬਾੜੀ ਵਾਲੀ ਜਮੀਨ ਉਪਰ ਉਸਾਰੀ ਕਰਨ  ਦਾ ਸਵਾਲ ਹੋਵੇ, ਆਪਣੇ ਹੀ ਖੇਤਾਂ ਵਿੱਚੋਂ ਮਿੱਟੀ ਪੁੱਟਣ ਦਾ ਮਸਲਾ ਹੋਵੇ। ਜਾਂ ਰੇਤਾ ਬੱਝਰੀ ਦਾ ਮਸਲਾ ਹੋਵੇ ਇਹ ਸਾਰੇ ਹੀ ਵਰਤਾਰਿਆਂ ਨੇ ਆਮ ਆਦਮੀ ਨੂੰ ਏਨਾਂ ਉਲਝਾ ਦਿੱਤਾ ਜਾਂਦਾ ਹੈ ਕਿ ਉਹ ਲੱਤਾਂ ਹੇਠਦੀ ਕੰਨ ਫੜਨ ਲਈ ਤਿਆਰ ਹੋ ਗਿਆ ਹੈ। ਅਜਿਹੀਆਂ ਸਥਿਤੀਆਂ ਵਿਚ ਨਾ ਤਾਂ ਉਸ ਤੋਂ ਆਪਣੇ ਬੱਚਿਆਂ ਦੀ ਪੜਾਈ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਨਾਂ ਆਪਣੀ ਤੇ ਪਰਿਵਾਰ ਦੀ ਸਿਹਤ ਵੱਲ। ਉਹ ਘਰ ਤੋਂ ਕੰਮ ਉਪਰ ਤੇ ਕੰਮ ਤੋਂ ਘਰ ਜਾਣ ਦੇ ਆਹਰ ਦੇ ਨਾਲ ਨਾਲ ਇਨ੍ਹਾਂ ਬੇਲੋੜੇ ਝਮੇਲਿਆਂ ਵਿਚ ਫਸਕੇ ਜੀਵਨ ਦੇ ਦਿਨ ਕੱਟ ਰਿਹਾ ਹੈ।

ਅਜਿਹੀ ਸਥਿਤੀ ਵਿਚ ਆਮ ਵਿਅਕਤੀ ਦਾ ਬੁਖਲਾ ਜਾਣਾ ਜਾਂ ਅੰਦੋਲਨ ਦੇ ਰਾਹ ਉਪਰ ਆ ਜਾਣਾ ਸੰਭਵ ਹੀ ਹੁੰਦਾ ਹੈ।  ਇਹ ਤਾਂ ਸਮਾਂ ਹੀ ਦੱਸੇਗਾ ਕਿ ਆਮ ਆਦਮੀ ਆਪਣੀ  ਮੁਕਤੀ ਦਾ ਰਾਹ ਤਲਾਸ਼ ਕਰਦਾ ਹੈ ਜਾਂ ਜਿੰਦਗੀ 'ਚੋਂ ਭੱਜਣ ਨੂੰ ਤਰਜੀਹ ਦਿੰਦਾ ਹੈ।
-ਡਾ. ਤੇਜਿੰਦਰ ਵਿਰਲੀ

ਮਾਲਵੇ ਵਿਚ ਬਿਮਾਰੀਆਂ ਦਾ ਕਹਿਰ ਤੇ ਸਾਡੀਆਂ ਸਰਕਾਰਾਂ

ਪੰਜਾਬ ਅੱਜ ਪੂਰੀ ਤਰ੍ਹਾਂ ਨਾਲ ਬਿਮਾਰੀਆਂ ਦੀ ਗਰਿਫਤ ਵਿਚ ਹੈ। ਬਿਮਾਰੀ ਦਾ ਇਲਾਜ ਨਾ ਕਰਵਾ ਸਕਣ ਦੀ ਮਜਬੂਰੀ ਵਿਚ ਲੋਕ ਸਾਧਾਂ ਦੇ ਡੇਰਿਆਂ ਵੱਲ ਧੱਕੇ ਖਾ ਰਹੇ ਹਨ। ਭਾਰਤ ਸਰਕਾਰ ਦੇ ਆਂਕੜੇ ਦਸਦੇ ਹਨ ਕਿ ਇਲਾਜ ਕਰਵਾਉਣ ਦੇ ਯਤਨਾ ਵਿਚ ਹਰ ਸਾਲ 2.5% ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਡਿੱਗ ਰਹੇ ਹਨ। ਪਰ ਬਿਮਾਰੀਆਂ ਰੁਕਣ ਦੀ ਥਾਂ ਹਰ ਆਏ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਮਲਵੇ ਦੀ ਉਹ ਬੈਲਟ ਜਿੱਥੇ ਕਪਾਹ ਦੀ ਖੇਤੀ ਹੁੰਦੀ ਹੈ ਕੈਂਸਰ ਬੈਲਟ ਵਜੋਂ ਮਸ਼ਹੂਰ ਹੋ ਗਈ ਹੈ। 2001 ਤੋਂ 2009 ਤੱਕ ਇਕੱਲੇ ਮੁਕਤਸਰ ਜਿਲ੍ਹੇ ਵਿਚ ਹੀ 1074 ਲੋਕ ਕੈਂਸਰ ਨਾਲ ਮਰ ਗਏ। ਲੱਗ ਭਗ ਏਨੇ ਹੀ ਇਸ ਬਿਮਾਰੀ ਤੋਂ ਪੀੜਤ ਮਰਨ ਕਿਨਾਰੇ ਪਏ ਹਨ। ਇਸੇ ਸਮੇਂ ਦੌਰਾਨ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਕੇ ਲੰਬੀ ਵਿਚ 211 ਵਸਨੀਕ ਕੈਂਸਰ ਨਾਲ ਮਰ ਗਏ। ਇਸ ਤਰ੍ਹਾਂ ਹੋ ਰਹੀਆਂ ਮੌਤਾਂ ਲਈ ਜਿੰਮੇਵਾਰ ਕਿਹੜੀ ਚੀਜ ਹੈ। ਇਸ ਸਾਰੇ ਬਾਰੇ ਅਜੇ ਤੱਕ ਵਿਦਵਾਨ ਇਕ ਮੱਤ ਨਹੀਂ ਹੋਏ ਕਿ ਬਿਮਾਰੀਆਂ ਦਾ ਅਸਲ ਕਾਰਨ ਕੀ ਹੈ? ਬਹੁਤੇ ਲੋਕ ਇੱਥੋਂ ਦੇ ਪ੍ਰਦੂਸਤ ਹੋ ਰਹੇ ਪਾਣੀ ਨੂੰ ਇਸ ਦਾ ਇਕ ਅਹਿਮ ਕਾਰਨ ਮਨ ਰਹੇ ਹਨ।
ਪੰਜਾਬ ਜਿਸ ਦੀ ਪਹਿਚਾਣ ਹੀ ਪੰਜ ਪਾਣੀਆਂ ਕਰਕੇ ਹੈ। ਅੱਜ ਪਾਣੀਆਂ ਦੇ ਪ੍ਰਦੂਸ਼ਤ ਹੋ ਜਾਣ ਕਰਕੇ ਆਪਣੀ ਤਬਾਹੀ ਵੱਲ ਵਧ ਰਿਹਾ ਹੈ। ਅੱਜ ਪਾਣੀ ਹੀ ਜਹਿਰ ਬਣ ਗਿਆ ਹੈ। ਜਿਸ ਪਾਣੀ ਨੂੰ ਅੰਮ੍ਰਿਤ ਵਰਗਾ ਹੋਣ ਦਾ ਮਾਣ ਪ੍ਰਾਪਤ ਸੀ। ਪਾਣੀ ਦੇ ਮਹੱਤਵ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ, ਵਾਤਾਵਰਨ ਮਨੁੱਖ ਲਈ ਕਿਨ੍ਹਾਂ ਮਹੱਤਵ ਪੂਰਨ ਹੈ ਤੇ ਇਸ ਵਿਚ ਪਾਣੀ ਨੂੰ ਬਾਪ ਦਾ ਦਰਜਾ ਮਿਲਿਆ ਹੈ ਜਿਸ ਤੋਂ ਬਿਨ੍ਹਾਂ ਜੀਵਨ ਸੰਭਵ ਹੀ ਨਹੀਂ ਹੈ। ਜਿਸ ਬਾਰੇ ਗੁਰਬਾਣੀ ਵਿਚ ਵੀ ਆਉਂਦਾ ਹੈ ਜਲ ਮਿਲਿਆ ਪ੍ਰਮੇਸ਼ਵਰ ਮਿਲਿਆ , ਜਾਂ ਪਹਿਲਾ ਪਾਣੀ ਜੀਊ ਹੈ ਜਿਤ ਹਰਿਆ ਸਭ ਕੋਇ। ਦੁਨੀਆਂ ਭਰ ਵਿਚ ਮਨੁੱਖੀ ਸੱਭਿਅਤਾ ਦਾ ਵਿਕਾਸ ਪਾਣੀ ਦੀ ਬੁਨਿਆਦੀ ਲੋੜ ਦੇ ਹਿਸਾਬ ਨਾਲ ਹੀ ਹੋਇਆ ਹੈ। ਜਿੱਥੇ ਜਿੱਥੇ ਪਾਣੀ ਸੀ ਪਹਿਲੇ ਮਨੁੱਖ ਨੇ ਉਸੇ ਧਰਤੀ ਨੂੰ ਹੀ ਆਪਣੇ  ਰਹਿਣ ਲਈ ਚੁਣਿਆ। ਇਸੇ ਕਰਕੇ ਮਨੁੱਖੀ ਸੱਭਿਆਤਾ ਦਾ ਵਿਕਾਸ ਨਦੀਆਂ ਦੇ ਕਨਾਰਿਆਂ ਉਪਰ ਹੀ ਹੋਇਆ ਹੈ। ਜਿਨ੍ਹਾਂ ਨਦੀਆਂ ਨੇ ਅੱਜ ਦੇ ਮਨੁੱਖ ਨੂੰ ਸੱਭਿਅਕ ਮਨੁੱਖ ਬਣਾਇਆ ਸੀ। ਬਦਕਿਸਮਤੀ ਨਾਲ ਉਨ੍ਹਾਂ ਨਦੀਆਂ ਦਾ ਪਾਣੀ ਅੱਜ ਦੇ ਸੱਭਿਅਕ ਮਨੁੱਖ ਹੱਥੋ ਹੀ ਏਨਾਂ ਪ੍ਰਦੂਸ਼ਤ ਹੋਇਆ ਹੈ ਕਿ ਉਹ ਨਦੀਆਂ ਵੀ ਸ਼ਰਮਸਾਰ ਹਨ।

ਅੱਜ ਬਠਿੰਡੇ ਤੋਂ ਬੀਕਾਨੇਰ ਨੂੰ ਜਾਣ  ਵਾਲੀ ਟਰੇਨ ਵਿਚ ਪੰਜਾਬ ਦੇ ਕੈਂਸਰ ਪੀੜਤ ਲੋਕ ਹੀ ਸਫਰ ਕਰਦੇ ਹਨ। ਬਠਿੰਡਾ ਜਿਸ  ਧਰਤੀ ਉਪਰ ਬੈਠਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ' ਜਫਰਨਾਵਾਂ' ਲਿਖਿਆ ਸੀ।  ਉਸ ਧਰਤੀ ਨੂੰ ਅੱਜ ਗੁਰੂਆਂ ਦੇ ਬੇਵੱਸ ਵਾਰਸ ਬੇਦਾਵਾ ਲਿਖਣ ਲਈ ਮਜਬੂਰ ਹਨ। ਕਿਉਂਕਿ ਉੱਥੋ ਦਾ ਪੌਣ- ਪਾਣੀ ਏਨ੍ਹਾਂ ਪ੍ਰਦੂਸ਼ਤ ਹੋ ਗਿਆ ਹੈ ਕਿ ਉੱਥੇ ਹੁਣ ਰਿਹਾ ਨਹੀਂ ਜਾ ਸਕਦਾ।

ਸਾਉਥ ਅਫਰੀਕਾ ਤੋਂ ਆਈ ਡਾ.( ਮੈਡਮ) ਕੈਰਨ ਸਮਿਥ ਦੀ ਟੀਮ ਨੇ ਆਪਣੇ 14 ਮਹੀਨੇ ਦੇ ਗਹਿਨ ਅਧਿਐਨ ਤੋਂ ਬਾਦ ਜਿਹੜੇ ਸਿੱਟੇ ਕੱਢੇ ਹਨ, ਇਹ ਅਧਿਐਨ 2008 ਵਿਚ ਹੋਇਆ ਤੇ 2009 ਵਿਚ ਇਸ ਸੰਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਉਨ੍ਹਾਂ ਸਿੱਟਿਆਂ ਨੇ ਪੂਰੀ ਦੁਨੀਆਂ ਦਾ ਧਿਆਨ ਪੰਜਾਬ ਦੀ ਇਸ ਧਰਤੀ ਵੱਲ ਖਿੱਚਿਆ ਹੈ। ਉਸ ਦਾ ਅਧਿਐਨ ਕੇਂਦਰ ਸੀ ਮਾਲਵੇ ਦਾ ਖਿੱਤਾ। ਜਿਸ ਨੂੰ ਫਰੀਦਕੋਟ ਦੇ ਪਿੰਡਾਂ ਉਪਰ ਕੇਂਦਰਿਤ ਕੀਤਾ ਗਿਆ ਸੀ। ਉਸ ਦੇ ਹੈਰਾਨੀਜਨਕ ਸਿੱਟੇ ਇਹ ਦਸਦੇ ਹਨ ਕਿ ਪੰਜਾਬ ਦੇ ਪਾਣੀਆਂ ਵਿਚ ਯੂਰੇਨੀਅਮ ਨਾਮ ਦੀ ਧਾਂਤ ਦਾ ਮਿਸ਼ਰਨ ਲੋੜੀਂਦੀ ਮਾਤਰਾ ਤੋਂ ਬਹੁਤ ਜ਼ਿਆਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਕਈ ਪਿੰਡਾਂ ਵਿਚ ਇਹ ਲੋੜੀਂਦੀ ਮਾਤਰਾ ਤੋਂ 60 ਗੁਣਾ ਤੋਂ ਵੀ ਵਧ ਹੈ। ਡਾ. ਕੈਰਨ ਸਮਿਥ ਨੇ ਪੰਜਾਬ ਤੇ ਭਾਰਤ ਦੀਆਂ ਸਰਕਾਰਾਂ ਨੂੰ ਖੁੱਲੇ ਖਤ ਲਿਖੇ। ਇਨ੍ਹਾਂ ਖਤਾਂ ਵਿਚ ਉਸ ਨੇ ਪੰਜਾਬ ਦੇ ਖਰਾਬ ਪਾਣੀਆਂ ਬਾਰੇ ਚਿੰਤਾ ਵਿਅਕਤ ਕਰਦੇ ਆਪਣੇ ਖੋਜ਼ ਕਾਰਜ ਦਾ ਹਵਾਲਾ ਦਿੱਤਾ ਤੇ ਕਿਹਾ ਇਹ ਪਾਣੀ ਜੀਵ ਦੇ ਪੀਣ ਤੇ ਹੋਰ ਕੰਮਾਂ ਲਈ ਵਰਤਣ ਦੇ ਕਾਬਲ ਨਹੀਂ ਹੈ। ਉਸ ਨੇ ਪੰਜਾਬ ਦੇ ਭਵਿੱਖ ਬਾਰੇ ਵੀ ਚਿੰਤਾ ਜਾਹਰ ਕੀਤੀ ਤੇ ਕਿਹਾ ਕਿ ਮਾਲਵੇ ਦੇ ਇਸ ਖਿੱਤੇ ਵਿਚ ਜਿੱਥੇ ਬੱਚੇ ਅਬਨਾਰਮਲ ਪੈਦਾ ਹੋ ਰਹੇ ਹਨ ਉਸ ਦਾ ਵੱਡਾ ਕਾਰਨ ਕੋਈ ਹੋਰ ਨਾ ਹੋਕੇ ਪਾਣੀ ਵਿਚ ਯੁਰੇਨੀਅਮ ਦੀ ਵੱਧ ਮਾਤਰਾ ਦਾ ਹੋਣਾ ਹੀ ਹੈ।

 ਇਸ ਦੇ ਨਾਲ ਜੁੜਦੇ ਅਧਿਐਨ  ਵਿਚ ਉੱਤਰੀ ਭਾਰਤ ਦੇ 120 ਬੱਚਿਆਂ  ਦਾ ਅੰਤਰਰਾਸ਼ਟਰੀ ਅਧਿਐਨ ਲਈ ਨਮੂਨਾਂ  ਲਿਆ ਗਿਆ। ਇਨ੍ਹਾਂ 120 ਬੱਚਿਆਂ ਵਿੱਚੋਂ 113 ਦੇ ਨਮੂਨੇ ਵਿਚ ਯੁਰੇਨੀਅਮ ਦੀ ਮਾਤਰਾ ਵੱਧ ਪਾਈ ਗਈ। ਕੁਝ ਬੱਚਿਆਂ ਵਿਚ ਤਾਂ ਇਹ ਨਾਰਮਲ ਨਾਲੋਂ 50 ਗੁਣਾ ਵੱਧ ਪਾਈ ਗਈ। ਇਹ ਅਧਿਐਨ ਵੀ ਲੱਗ- ਭਗ ਇਸੇ ਸਿੱਟੇ ਵੱਲ ਹੀ ਜਾ ਰਿਹਾ ਸੀ ਕਿ ਪਾਣੀ ਰਾਹੀ ਯੁਰੇਨੀਅਮ ਦੀ ਵਧ ਮਾਤਰਾ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰ ਰਹੀ ਹੈ।

ਬਾਬਾ ਫਰੀਦ ਸੈਂਟਰ ਦੇ ਅਧਿਐਨ ਨੇ ਵੀ ਇਹ ਹੀ ਰੀਪੋਰਟ ਦਿੱਤੀ ਕਿ ਮਾਲਵੇ ਦੇ ਇਸ ਖਿੱਤੇ ਵਿਚ ਸਭ ਤੋਂ ਵਧੇਰੇ ਮਾਰੂ ਪ੍ਰਭਾਵ ਬੱਚਿਆਂ ਦੀ ਸਿਹਤ ਉਪਰ ਪੈ ਰਿਹਾ ਹੈ। ਬਾਬਾ ਫਰੀਦ ਅਧਿਐਨ ਸੈਂਟਰ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ ਇੱਥੇ ਦੇ ਦੋ ਵੱਡੇ ਬਿਜਲੀ ਪਲਾਂਟ ਇਸ ਦਾ ਕਾਰਨ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਇਨ੍ਹਾਂ ਵੱਡੇ ਬਿਜਲੀ ਪਲਾਂਟਾਂ ਦਾ ਬਾਲਣ ਕੋਲਾ ਸੜਕੇ ਸਵਾਹ ਦੇ ਰੂਪ ਵਿਚ ਜਦੋਂ ਧੂੜ ਵਿਚ ਰਲਦਾ ਹੈ ਤੇ ਇਹ ਧੂੜ ਮਾਲਵੇ ਦੇ ਜਿਸ ਜਿਸ ਹਿੱਸੇ ਤੱਕ ਪਹੁੰਚਦੀ ਹੈ ਉੱਥੇ ਉੱਥੇ ਦਾ ਜਲਵਾਯੂ ਖਰਾਬ ਹੋ ਰਿਹਾ ਹੈ। ਭੁੱਚੋ ਮੰਡੀ ਜਿਲ੍ਹਾ ਬਠਿਡਾ ਦੇ ਉਸ ਇਲਾਕੇ ਦਾ ਹੀ ਨੇੜਲਾ ਹਿੱਸਾ ਹੈ ਜਿਸ ਪਾਸੇ ਵੱਲ ਲਹਿਰਾ ਮਹੱਬਤ ਥਰਮਲ ਪਲਾਂਟ ਹੈ। ਇਸ ਪਲਾਂਟ ਵਿਚ ਬਲਣ ਵਾਲੇ ਕੋਲੇ ਦੀ ਸਵਾਹ ਭੁੱਚੋਂ ਮੰਡੀ ਦੇ ਲਾਗਲੇ ਪਿੰਡਾਂ ਵੱਲ ਜਾਂਦੀ ਹੈ। ਇਸ ਸਵਾਹ ਵਾਲੇ ਪਾਉਂਡ ਦੇ ਨੇੜੇ ਵਸਦਾ ਪਿੰਡ ਜੈ ਸਿੰਘ ਵਾਲਾ ਬਿਮਾਰੀਆਂ ਨਾਲ ਸਭ ਤੋਂ ਵਧੇਰੇ ਪੀੜਤ ਹੈ ਇਸ ਪਿੰਡ ਦੇ ਪਾਣੀ ਵਿਚ ਧਾਤਾਂ ਦੀ ਮਕਦਾਰ 52.79 ਮਿਲੀ ਗ੍ਰਾਮ ਹੈ। ਇਸ ਅਧਿਐਨ ਸੈਂਟਰ ਨੇ ਇਹ ਵੀ ਸ਼ੰਕਾ ਵਿਅਕਤ ਕੀਤੀ ਕਿ ਇਸ ਖਿੱਤੇ ਵਿਚ ਖੇਤੀਬਾੜੀ ਦਾ ਵਧ ਝਾੜ ਲੈਣ ਲਈ ਵਰਤੀਆਂ ਜਾਂਦੀਆਂ ਜਹਿਰਾਂ ਵੀ ਇਸ ਦਾ ਵੱਡਾ ਕਾਰਨ ਹਨ। ਇਹ ਜ਼ਹਿਰਾਂ ਸਮਾਂ ਪਾਕੇ ਧਰਤੀ ਰਾਹੀ ਪਾਣੀ ਵਿਚ ਪ੍ਰਵੇਸ਼ ਕਰ ਰਹੀਆਂ ਹਨ ਤੇ ਪਾਣੀ ਪ੍ਰਦੂਸ਼ਤ ਹੋ ਰਿਹਾ ਹੈ। ਬਾਬਾ ਫਰੀਦ ਅਧਿਐਨ ਸੈਂਟਰ ਦੇ ਵਿਦਵਾਨ ਡਾ. ਪ੍ਰਿਤਪਾਲ ਸਿੰਘ ਨੇ ਵਾਤਾਵਰਣ ਵਿਚ ਵੱਡੇ ਪੱਧਰ 'ਤੇ ਆ ਰਹੀ ਖਰਾਬੀ ਨੂੰ ਇਨ੍ਹਾਂ ਬਿਮਾਰੀਆਂ ਲਈ ਜਿੰਮੇਵਾਰ ਮੰਨਿਆਂ ਹੈ।

ਇਸ ਅਧਿਐਨ ਨੇ ਹੋਰ ਵੀ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਕਿ ਮਾਲਵੇ ਦੇ ਮਨੁੱਖ  ਨੂੰ ਬਿਜਲੀ ਦੀ ਕਿੰਨੀ ਵੱਡੀ ਕੀਮਤ ਦੇਣੀ ਪੈ ਰਹੀ ਹੈ। ਜੇ ਇਹ ਸ਼ੰਕੇ ਠੀਕ ਹਨ ਕਿ ਕੋਲੇ ਦੇ ਜਲੇ ਹੋਏ ਕਣ ਹੀ ਵੱਡੀ ਸਮੱਸਿਆ ਬਣ ਰਹੇ ਹਨ ਤਾਂ ਪ੍ਰਮਾਣੂ ਬਿਜਲੀ ਘਰਾਂ ਦੀ ਕੀਮਤ ਕਿੰਨੀ ਵੱਡੀ ਦੇਣੀ ਪਵੇਗੀ। ਇਸ ਦਾ ਅਨੁਮਾਨ ਤਾਂ ਅਸਾਨੀ ਦੇ ਨਾਲ ਹੀ ਲਾਇਆ ਜਾ ਸਕਦਾ ਹੈ।

ਪਾਣੀ ਵਿਚ ਯੁਰੇਨੀਅਮ ਬਾਰੇ ਡਾ. ਕੈਰਨ ਸਮਿਥ ਦੀ ਖੋਜ਼ ਤੋਂ ਵੱਖਰੀ ਧਾਰਨਾ ਵਿਅਕਤ ਕਰਦਿਆਂ ਫਰੀਦਕੋਟ ਦੇ ਸਿਵਲ ਸਰਜਨ  ਡਾ.ਵਿਵੇਕ ਜੈਨ ਨੇ ਕਿਹਾ ਹੈ ਕਿ ਇਨ੍ਹਾਂ ਬਿਮਾਰੀਆਂ ਲਈ ਯੁਰੇਨੀਅਮ ਜਿੰਮੇਵਾਰ ਨਹੀਂ ਹੈ ਸਗੋਂ ਇਸ ਦਾ ਕਾਰਨ ਤਾਂ ਕੋਈ ਹੋਰ ਹੈ। ਡਾ. ਵਿਵੇਕ ਜੈਨ ਦੀ ਇਸ ਦਲੀਲ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਣੀ ਵਿਚ ਯੁਰੇਨੀਅਮ ਦੀ ਮਾਤਰਾ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਵਧ ਹੈ ਪਰ ਉੱਥੇ ਨਾ ਤਾਂ ਏਨੀ ਵੱਡੀ ਤ੍ਹਰਾਂ ਨਾਲ ਕੈਂਸਰ ਹੈ ਤੇ ਨਾ ਹੀ ਬੱਚਿਆਂ ਵਿਚ ਅਬਨਾਰਮੈਲਟੀ। ਡਾ. ਜੈਨ ਨੇ ਇਸ ਕਿਸਮ ਦੀ ਅਬਨਾਰਮਿਲਟੀ ਨੂੰ ਜੈਨੇਟਿਕ ਨਾਲ ਜੋੜਿਆ ਹੈ। ਪਰ ਉਥੋਂ ਦੇ ਲੋਕ ਇਸ ਕਿਸਮ ਦੀ ਦਲੀਲ ਨੂੰ ਰੱਦ ਕਰਦੇ ਹੋਏ ਆਖਦੇ ਹਨ ਕਿ ਉਨ੍ਹਾਂ ਦੇ ਪੁਰਖਿਆਂ ਵਿਚ ਕਦੇ ਵੀ ਇਸ ਕਿਸਮ ਦੀਆਂ ਬਿਮਾਰੀਆਂ ਨਹੀਂ ਸਨ। ਪਿੰਡਾ ਦੇ ਸਧਾਰਨ ਲੋਕਾਂ ਨੂੰ ਇਹ ਹੀ ਜਾਪ ਰਿਹਾ ਹੈ ਕਿ ਹਰਾ ਇਨਕਲਾਬ ਹੀ ਉਨ੍ਹਾਂ ਲਈ ਤਬਾਹੀ ਲੈ ਕੇ ਆਇਆ ਹੈ। ਤੇ ਉਨ੍ਹਾਂ ਦੀਆਂ ਬਿਮਾਰੀਆਂ ਵੀ ਉਦੋਂ ਹੀ ਜੋਰ ਫੜੀਆਂ ਹਨ ਜਦੋਂ ਹਰਾ ਇਨਕਲਾਬ ਆਪਣੇ ਸਿਖਰ ਉਪਰ ਜਾ ਕੇ ਖੜ ਗਿਆ ਹੈ ਤੇ ਜਿੰਮੀਦਾਰ ਆਪਣੀ ਉਪਜ ਨੂੰ ਵਧਾਉਣ ਲਈ ਜਹਿਰਾਂ ਦੀ ਵਰਤੋਂ ਹੋਰ ਵੀ ਵਧੇਰੇ ਕਰਨ ਵੱਲ ਰੁਝ ਗਿਆ ਹੈ।

2008 ਵਿਚ ਪੰਜਾਬ ਐਗਰੀਕਲਚਰ ਯੁਨੀਵਰਸਿਟੀ  ਲੁਧਿਆਣਾ ਨੇ ਇਕ ਖੋਜ ਕਾਰਜ  ਪ੍ਰਕਾਸ਼ਤ ਕੀਤਾ ਜਿਸ ਅਨੁਸਾਰ ਬੁੱਢੇ  ਨਾਲੇ ਦਾ ਪ੍ਰਦੂਸ਼ਤ ਪਾਣੀ ਵੱਡੇ  ਇਲਾਕੇ ਵਿਚ ਸਬਜੀਆਂ ਦੀ ਕਾਸ਼ਤ  ਲਈ ਵਰਤਿਆ ਜਾਂਦਾ ਹੈ। ਇਹ ਬੁੱਢਾ  ਨਾਲਾ ਨਹਿਰਾਂ ਰਾਹੀ ਮਲੋਟ, ਲੰਬੀ, ਜੀਰਾ  ਆਦ ਦੇ ਖੇਤਰਾਂ ਨੂੰ ਪ੍ਰਭਾਵਤ ਕਰਦਾ  ਹੈ। ਇਸ ਪਾਣੀ ਵਿਚ ਯੁਰੇਨੀਅਮ ,ਪਾਰਾ  ਤੇ ਸਾਈਨਾਈਡ ਏਸਡ ਤੇ ਹੋਰ  ਧਾਤਾਂ ਦਾ ਮਿਸ਼ਰਣ ਹੈ। ਜਿਸ ਪਾਣੀ  ਦੀ ਕਾਸ਼ਤ ਨਾਲ ਪੈਦਾ ਹੋਣ ਵਾਲੀਆਂ  ਸਬਜੀਆਂ ਵੀ ਇਨ੍ਹਾਂ ਧਾਤਾਂ ਦੀ ਕੁਝ ਮਾਤਰਾ ਆਪਣੇ ਅੰਦਰ ਲੈ ਲੈਦੀਆਂ ਹਨ। ਜਦੋਂ ਮਨੁੱਖ ਇਨ੍ਹਾਂ ਨੂੰ ਖਾਂਦਾ ਹੈ ਤਾਂ ਇਹ ਮਨੁੱਖ ਦੇ ਅੰਦਰ ਵੀ ਜਾਂਦੀਆਂ ਹਨ। ਲੁਧਿਆਣਾ ਯੁਨੀਵਰਸਿਟੀ ਨੇ ਇਹ ਵੀ ਚਿੰਤਾ ਵਿਅਕਤ ਕੀਤੀ ਹੈ ਕਿ ਇਨ੍ਹਾਂ ਮਾਰੂ ਧਾਤਾਂ ਦਾ ਅਸਰ ਪਸ਼ੂਆਂ ਦੇ ਚਾਰੇ ਰਾਹੀ ਪੁਸ਼ੂਆਂ ਉਪਰ ਵੀ ਹੋ ਰਿਹਾ ਹੈ ਤੇ ਉਨ੍ਹਾਂ ਦਾ ਦੁੱਧ ਪੀਣ ਦੇ ਨਾਲ ਇਹ ਜ਼ਹਿਰ ਮਨੁੱਖ ਦੇ ਅੰਦਰ ਵੀ ਜਾ ਰਹੀ ਹੈ। ਬੁੱਢੇ ਨਾਲੇ ਬਾਰੇ ਹੋਏ ਖੋਜਕਾਰਜ ਨੇ ਇਹ ਸਿੱਧ ਕੀਤਾ ਹੈ ਕਿ ਇਹ ਨਾਲਾ ਕਦੇ ਸਾਫ ਪਾਣੀ ਦਾ ਵਹਿਣ ਹੁੰਦਾ ਸੀ। 1964 ਵਿਚ ਇਸ ਨਾਲੇ ਦੇ ਪਾਣੀ ਵਿਚ 56 ਕਿਸਮ ਦੀਆਂ ਮੱਛੀਆਂ ਹੁੰਦੀਆਂ ਸਨ ਪਰ ਹੁਣ ਇਸ ਦੇ ਜਹਿਰੀਲੇ ਪਾਣੀ ਵਿਚ ਮੱਛੀ ਤਾਂ ਕੀ ਕੋਈ ਵੀ ਮਨੁੱਖ ਦਾ ਮਿੱਤਰ ਜੀਵ ਨਹੀਂ ਰਹਿੰਦਾ। ਬਾਣੀ ਦਾ ਇਹ ਸ਼ਬਦ ਅੱਜ ਸਾਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ, ਪਹਿਲਾ ਪਾਣੀ ਜੀਊ ਹੈ ਜਿਤ ਹਰਿਆ ਸਬ ਕੋਇ। ਪਹਿਲੇ ਜੀਵ ਦੀ ਹੋਦ ਅੱਜ ਖਤਰੇ ਵਿਚ ਹੈ ਜਿਸ ਤੋਂ ਸਾਰੀ ਜੀਵ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਹ ਸਾਨੂੰ ਸੰਕੇਤ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਮਨੁੱਖ ਦੀ ਹੋਂਦ ਦਾ ਵੀ ਇਹ ਹੀ ਹਸ਼ਰ ਹੋ ਸਕਦਾ ਹੈ ਜੇ ਅੱਜ ਲੋੜੀਂਦਾ ਧਿਆਨ ਨਾ ਦਿੱਤਾ।

ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਨੇ 1995 ਵਿਚ ਹੀ ਅਜਿਹਾ ਖੋਜ਼ ਕਾਰਜ ਪ੍ਰਕਾਸ਼ਿਤ ਕੀਤਾ ਸੀ ਜਿਸ ਨੇ ਇਹ ਚਿੰਤਾ ਵਿਅਕਤ ਕੀਤੀ ਸੀ ਕਿ ਪੰਜਾਬ ਦੇ ਪਾਣੀਆਂ ਵਿਚ ਧਾਤਾਂ ਦਾ ਮਿਸ਼ਰਣ ਚਿੰਤਾਜਨਕ ਹੱਦ ਤੱਕ ਵਧ ਰਿਹਾ ਹੈ। ਜਿਨ੍ਹਾਂ ਧਾਤਾਂ ਵਿੱਚੋਂ ਯੁਰੇਨੀਅਮ ਦੀ ਭਰਮਾਰ ਸਭ ਤੋਂ ਅਸਿਹ ਹੈ। ਜਿਸ ਦੇ ਮਾਰੂ ਪ੍ਰਭਾਵ ਮਨੁੱਖੀ ਜਾਨਾ ਉਪਰ ਪੈਣ ਦੇ ਖਦਸ਼ੇ ਵੀ ਉਸ ਖੋਜ ਕਾਰਜ ਨੇ ਜਾਹਰ ਕੀਤੇ ਸਨ। ਪਰ ਜਿਸ ਨੂੰ ਪੰਜਾਬ ਤੇ ਭਾਰਤ ਦੀਆਂ ਸਰਕਾਰਾਂ ਨੇ ਬਹੁਤੀ ਸੰਜੀਦਗੀ ਨਾਲ ਨਹੀਂ ਸੀ ਲਿਆ। ਇਸ ਖੋਜ਼ ਕਾਰਜ ਨੂੰ ਆਧਾਰ ਬਣਾਕੇ ਜਿਸ ਕਿਸਮ ਦੀ ਖੋਜ ਆਰੰਭ ਹੋਣੀ ਚਾਹੀਦੀ ਸੀ ਉਹ ਅਜੇ ਤੱਕ ਨਹੀਂ ਹੋਈ ਤੇ ਸ਼ਾਇਦ ਅੱਜ ਦੀ ਤਬਾਹੀ ਵਾਲੀ ਸਥਿਤੀ ਦਾ ਦੁਖਾਂਤ ਵੀ ਇੱਥੋਂ ਹੀ ਆਰੰਭ ਹੋਇਆ ਹੈ। ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਹੱਥਲੇ ਖੋਜ ਕਾਰਜ ਨੇ ਇਸ ਸੰਬੰਧੀ ਹੋਰ ਅਡਵਾਂਸ ਖੋਜ ਕਾਰਜ ਦੀ ਲੋੜ ਉਪਰ ਜੋਰ ਦਿੱਤਾ ਸੀ ਪਰ ਸਾਡੀਆਂ ਸਰਕਾਰਾਂ ਨੇ ਇਸ ਕਿਸਮ ਦੀ ਖੋਜ ਕਾਰਜ ਦੀ ਸ਼ਾਇਦ ਕੋਈ ਲੋੜ ਹੀ ਨਹੀਂ ਸੀ ਸਮਝੀ। ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਕੀਤਾ ਗਿਆ ਖੋਜ ਕਾਰਜ ਲਾਇਬਰੇਰੀਆਂ ਦੀ ਵਸਤੂ ਬਣਕੇ ਹੀ ਰਹਿ ਗਿਆ ਹੈ।

ਜਿਵੇ ਭਾਰਤ ਵਿਚ ਅਕਸਰ ਹੀ ਹੁੰਦਾ ਹੈ  ਕਿ ਜਦੋਂ ਹਰ ਪਾਸਿਓ ਤੋਏ ਤੋਏ ਹੋਣ ਲੱਗ ਪੈਂਦੀ ਹੈ ਤਾਂ ਭਾਰਤ ਦੀਆਂ ਸਰਕਾਰਾਂ ਜਾਗਦੀਆਂ ਹਨ। ਪੰਜਾਬ ਵਿਚ ਵੀ ਅਜਿਹਾ ਹੀ ਹੋਇਆ ਹੈ। ਅਪ੍ਰੈਲ 2009 ਵਿਚ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਕਰਨ ਲਈ ' ਭਾਬਾ ਅਟੌਮਿਕ ਰਿਸਰਚ ਸੈਂਟਰ, ਟਰੋਂਬੇ ਨੂੰ ਇਸ ਸੰਬੰਧੀ ਜਾਂਚ ਪੜਤਾਲ ਕਰਨ ਲਈ ਕਿਹਾ। ਇਸ ਸੈਂਟਰ ਨੇ ਵੀ ਲੋਕਾਂ ਦੀ ਵਿਗੜਦੀ ਸਿਹਤ ਤੇ ਨਵ ਜਨਮੇਂ ਬੱਚਿਆਂ ਵਿਚ ਆ ਰਹੀ ਅਬਨੋਰਮੈਲਟੀ ਲਈ ਯੁਰੇਨੀਅਮ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਸਗੋਂ ਇਸ ਦੇ ਕਾਰਨ ਕੋਈ ਹੋਰ ਹੋਣ ਵਾਰੇ ਸ਼ੰਕਾ ਵਿਅਕਤ ਕੀਤੀ ਹੈ। ਉਨਾਂ ਨੇ ਵੀ ਆਪਣੇ ਖੋਜ ਕਾਰਜ ਵਿਚ ਕਿਹਾ ਹੈ ਕਿ ਇਸ ਦਾ ਕਾਰਨ ਜੱਦੀ ਪੁਸ਼ਤੀ ਹੋ ਸਕਦਾ ਹੈ।

2009 ਵਿਚ ਹੀ 'ਗਰੀਨ ਪੀਸ ਰੀਸਰਚ ਲੈਬੋਟਰੀ ਇਨਵੈਸਟੀਗੇਸ਼ਨ' ਦੇ ਡਾ. ਰੀਅਸ ਤਰਾਦੋ ਜੋਂ ਇੰਗਲੈਂਡ ਤੋਂ ਮੁਕਤਸਰ ਤੇ ਬਠਿੰਡਾ ਦੇ ਪਿੰਡਾ ਦਾ ਅਧਿਐਨ ਕਰਨ ਲਈ ਪੰਜਾਬ ਆਏ ਸਨ ਨੇ ਆਪਣੀ ਜਾਂਚ ਪੜਤਾਲ ਵਿਚ ਪਾਇਆ ਕਿ ਨਮੂਨੇ ਦੇ 20% ਵਿਚ ਨਾਈਟਰੇਟ ਦੀ ਮਾਤਰਾ ਵਰਲਡ ਹੈਲਥ ਆਰਗਨਾਈਜੇਸ਼ਨ ( ਡਲਯੂ.ਐਚ. ਓ) ਵੱਲੋਂ ਨਿਰਧਾਰਤ ਮਾਤਰਾ ਨਾਲੋਂ ਜਿਆਦਾ ਹੈ। ਇਸ ਅਧਿਐਨ ਨੇ ਫਸਲਾਂ ਉਪਰ ਵਰਤੇ ਜਾਣ ਵਾਲੇ ਕੀਟਨਾਸ਼ਕ ਨੂੰ ਇਸ ਲਈ ਜਿੰਮੇਵਾਰ ਮੰਨਿਆ ਹੈ। ਫਸਲਾਂ ਉਪਰ ਵਰਤੇ ਜਾਣ ਵਾਲੇ ਕੀਟਨਾਸ਼ਕ ਦੀ ਜੜ ਹਰੇ ਇਨਕਲਾਬ ਵਿਚ ਜਾ ਪਹੁੰਚਦੀ ਹੈ। ਅੱਜ ਹਰੇ ਇਨਕਲਾਬ ਦੇ ਹਾਮੀ ਭਰਨ ਵਾਲੇ ਬੁੱਧੀਜੀਵੀ ਵੀ ਇਹ ਮੰਨਣ ਲੱਗ ਪਏ ਹਨ ਕਿ ਹਰਾ ਇਨਕਲਾਬ ਸਮਾਜ ਦੇ ਵੱਡੇ ਵਰਗ ਲਈ ਮੁਸੀਬਤਾਂ ਲੈ ਕੇ ਹੀ ਆਇਆ ਹੈ। ਕਿਸਾਨੀ ਦੀਆਂ ਵਧ ਰਹੀਆਂ ਆਤਮ ਹੱਤਿਆਵਾਂ ਲਈ ਵੀ ਕਿਸੇ ਹੱਦ ਤੱਕ ਹਰਾ ਇਨਕਲਾਬ ਹੀ ਜਿੰਮੇਵਾਰ ਹੈ। ਜਿਸ ਨੇ ਨਿੱਕੇ ਜਿੰਮੀਦਾਰ ਨੂੰ ਮਜਦੂਰ ਤੋਂ ਵੀ ਬਦਤਰ ਬਣਾ ਦਿੱਤਾ।
 
ਪੰਜਾਬ ਵਿਚ ਲੋਕਾਂ ਦੀ ਵਿਗੜ ਰਹੀ ਸਿਹਤ ਲਈ ਇੱਥੇ ਦਾ ਜਲ ਵਾਯੂ ਮੁੱਖ ਰੂਪ ਵਿਚ ਜਿੰਮੇਵਾਰ ਹੈ ਇਸ ਜਿੰਮੇਵਾਰੀ ਤੋਂ ਭੱਜਿਆ ਨਹੀਂ ਜਾ ਸਕਦਾ। ਗੱਲ ਭਾਂਵੇ ਪਾਣੀ ਤੇ ਸੀਮਤ ਰਹੇ ਜਾਂ ਪੰਜਾਬ ਦੀਆਂ ਹਵਾਵਾਂ ਦੀ ਹੋਵੇ ਜਾਂ ਇੱਥੋ ਦੀ ਖਾਦ ਖਰਾਕ ਦੀ ਕਿਸੇ ਵੀ ਕੀਮਤ ਉਪਰ ਵਾਯੂਮੰਡਲ ਨੂੰ ਖਰਾਬ ਕਰਨ ਵਾਲੀਆਂ ਧਿਰਾਂ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ। ਮੁੱਖ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ ਜਿਸ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਪੂਰੀ ਤਰ੍ਹਾਂ ਨਾਲ ਫਾਲਤੂ ਦੀ ਵਸਤ ਬਣ ਕੇ ਰਹਿ ਗਿਆ ਹੈ। ਇਸੇ ਲਈ ਵਾਤਾਵਰਨ ਲਈ ਕੰਮ ਕਰਨ ਵਾਲੇ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਸਰਕਾਰ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਕੇਵਲ ਪੇਪਰਾਂ ਵਿਚ ਹੀ ਕੰਮ ਕਰਦਾ ਹੈ। ਉਨਾਂ ਨੇ ਸਰਕਾਰ ਨੂੰ ਬੜੇ ਹੀ ਸਖਤ ਸਬਦਾਂ ਵਿਚ ਕਿਹਾ ਹੈ ਪੰਜਾਬ ਦੀਆਂ ਫੈਕਟਰੀਆਂ ਦਾ ਪਾਣੀ ਜਿਸ ਵਿਚ ਸਾਇਨਾਡ ਵਰਗੇ ਖਤਰਨਾਕ ਏਸਡ ਵੀ ਹਨ ਨਾਲਿਆਂ ਰਾਹੀ ਪੰਜਾਬ ਦੇ ਪਾਣੀਆਂ ਵਿਚ ਰਲ ਰਿਹਾ ਹੈ ਤੇ ਇਹ ਖਤਰਨਾਕ ਕੈਮੀਕਲ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸਤ ਕਰ ਰਹੇ ਹਨ। ਮਾਲਵੇ ਦੇ ਨਾਲ ਨਾਲ ਲੁਧਿਆਣਾ, ਜਲੰਧਰ ਤੇ ਫਗਵਾੜਾ ਵਿਚ ਹਰ ਰੋਜ ਇਹ ਵਰਤਾਰਾ ਬਿਨਾਂ ਰੋਕ ਟੋਕ ਦੇ ਜਾਰੀ ਹੈ। ਹਰ ਰੋਜ਼ 1144 ਮਿਲੀਅਨ ਲੀਟਰ ਪ੍ਰਦੂਸ਼ਤ ਪਾਣੀ ਇਕੱਲੇ ਸਤਲੁਜ ਦਰਿਆ ਵਿਚ ਹੀ ਪੈ ਰਿਹਾ ਹੈ।

ਪੰਜਾਬ ਦੇ ਹਰ ਰੋਜ਼ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਅਜੇ ਤੱਕ ਕੋਈ ਲਾਮਬੰਦੀ ਤਾਂ ਦੂਰ ਰਹੀ ਅਜੇ ਚਰਚਾ ਵੀ ਨਹੀਂ ਚਲ ਰਹੀ। ਇਸੇ ਕਰਕੇ ਸਾਡੀਆਂ ਸਰਕਾਰਾਂ ਇਸ ਪਾਸੇ ਵੱਲ ਲੋੜੀਂਦਾ ਧਿਆਨ ਹੀ ਨਹੀਂ ਦੇ ਰਹੀਆਂ। ਸ. ਬਲਜਿੰਦਰ ਸਿੰਘ ਲੂਵਾਂ ਦੁਆਰਾ ਪੰਜਾਬ ਦੀ ਹਾਈਕੋਰਟ ਵਿਚ ਪਬਲਿਕ ਇਨਟਰੈਸਟ ਲਿਟੀਕੇਸ਼ਨ ਪਾਈ ਗਈ ਸੀ ਜਿਸ ਦੇ ਤਹਿਤ ਚੀਫ ਜਸਟਿਸ ਸ਼੍ਰੀ ਐਮ.ਐਮ. ਕੁਮਾਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਉਹ ਦੱਸੇ ਕਿ ਹੁਣ ਤੱਕ ਪਾਣੀਆਂ ਵਿਚ ਯੁਰੇਨੀਅਮ ਦੀ ਵਧ ਰਹੀ ਮਾਤਰਾ ਬਾਰੇ ਸਰਕਾਰ ਨੇ ਕੀ ਕੀ ਕੰਮ ਕੀਤਾ ਹੈ? ਤੇ ਕਿੰਨੇ ਪੀਣ ਵਾਲੇ ਆਰੋ ਸਿਸਟਮ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਹਨ? ਹਾਈ ਕੋਰਟ ਨੇ ਪੀਣ ਵਾਲੇ ਪਾਣੀ ਬਾਰੇ ਆਪਣੀ ਚਿੰਤਾ ਵਿਅਕਤ ਕੀਤੀ ਹੈ ਤੇ ਸਰਕਾਰ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। 'ਭਾਬਾ ਅਟੋਂਮਿਕ ਰਿਸਰਚ ਸੈਂਟਰ' ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਹਾਈ ਕੋਰਟ ਨੂੰ ਦੱਸਿਆ ਹੈ ਕਿ ਹਰ ਦੇਸ਼ ਦੇ ਪੌਣ -ਪਾਣੀ ਦੇ ਮੁਤਾਬਕ ਉੱਥੋਂ ਦੇ ਪਾਣੀਆਂ ਵਿਚ ਵੱਖ ਵੱਖ ਧਾਤਾਂ ਹੁੰਦੀਆਂ ਹਨ। ਪੰਜਾਬ ਦੇ ਪਾਣੀਆਂ ਵਿਚ ਯੁਰੇਨੀਅਮ ਦੀ ਵਧ ਮਾਤਰਾ ਬਾਰੇ ਉਸ ਨੇ ਇਹ ਜਵਾਬ ਦਿੱਤਾ ਹੈ ਕਿ ਡਬਲਯੂ ਐਚ ਓ ਦੇ ਮੁਤਾਬਕ ਪਾਣੀ ਵਿਚ ਯੁਰੇਨੀਅਮ ਦੇ ਤੱਤ 15 ਪਾਰਟ ਪਰ ਬਿਲੀਅਨ ਹੋ ਸਕਦੇ ਹਨ। ਜਦ ਕਿ ਭਾਰਤ ਵਿਚ 60 ਪਾਰਟ ਪਰ ਬਿਲੀਅਨ ਹਨ। 'ਭਾਬਾ ਰਿਸਰਚ ਸੈਂਟਰ' ਦੇ ਵਿਗਿਆਨੀ ਤੇ ਅਧਿਕਾਰੀ ਉਂਕਾਰ ਸਿੰਘ ਬਟਾਲਵੀ ਨੇ ਇਸ ਸੰਬੰਧੀ ਹਾਈ ਕੋਰਟ ਨੂੰ ਇਕ ਐਫੀਡੇਵਿਟ ਵੀ ਦਿੱਤਾ ਹੈ ਕਿ ਮਾਲਵਾ ਖੇਤਰ ਵਿਚ ਵਧ ਰਹੀਆਂ ਘਾਤਕ ਬਿਮਾਰੀਆਂ ਦਾ ਕਾਰਨ ਪਾਣੀ ਵਿਚ ਯੁਰੇਨੀਅਮ ਦੀ ਵਧ ਮਾਤਰਾ ਦਾ ਹੋਣਾ ਨਹੀਂ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਆਰ ਓ ਸਿਸਟਮ ਰਾਹੀ ਪਾਣੀ ਵਿੱਚੋਂ ਯੁਰੇਨੀਅਮ ਨੂੰ 99% ਘੱਟ ਵੀ ਕੀਤਾ ਜਾ ਸਕਦਾ ਹੈ।

ਅੱਜ ਪੰਜਾਬ ਦੀ ਹਾਲਤ ਚਿੰਤਾਜਨਕ ਬਣੀ  ਹੋਈ ਹੈ ਸਰਕਾਰ ਦੀ ਤਰਫੋ ਭਾਬਾ ਰਿਸਰਚ  ਸੈਂਟਰ ਦੇ ਦਿੱਤੇ ਸਾਰਟੀਫੀਕੇਟ ਨਾਲ  ਅਦਾਲਤ ਵਿੱਚੋਂ ਸਰਕਾਰ ਦੀ ਜਾਨ ਤਾਂ ਸੁਖਾਲੀ ਹੋ ਸਕਦੀ ਹੈ ਪਰ ਪੰਜਾਬ ਦੇ ਵਸਨੀਕਾਂ ਦੀ ਜਾਨ  ਤੇ ਜੋ ਮੁਸੀਬਤ ਬਣੀ ਹੈ ਉਸ ਦਾ ਕੋਈ ਹੱਲ ਨਹੀਂ ਹੋ ਰਿਹਾ। ਅੱਜ ਲੋਕ  ਮਾਲਵੇ ਦੀ ਇਸ ਧਰਤੀ ਤੋਂ ਦੋੜ ਰਹੇ  ਹਨ। ਸਾਰੇ ਦੇ ਸਾਰੇ ਪਿੰਡ ਵਿਕਾਊ ਪਏ  ਹਨ ਕੋਈ ਖਰੀਦਦਾਰ ਨਹੀਂ। ਸਰਕਾਰ ਮਹਿਜ਼ ਮੂਕ ਦਰਸ਼ਕ ਬਣਕੇ ਦੇਖ ਰਹੀ ਹੈ। ਤੇ ਹਰ ਰੋਜ ਕੈਂਸਰ ਟਰੇਨ ਅੰਦਰ ਭੀੜ ਵਧ ਰਹੀ ਹੈ ਤੇ ਸ਼ਾਇਦ ਸਰਕਾਰ ਇਸ ਟਰੇਨ ਦੇ ਕੁਝ ਕੋਚ ਹੋਰ ਵਧਾ ਦੇਵੇ ਇਸ ਤੋਂ ਵਧ ਸਰਕਾਰ ਕੁਝ ਕਰਦੀ ਨਹੀਂ ਜਾਪਦੀ।
-ਡਾ. ਤੇਜਿੰਦਰ ਵਿਰਲੀ

ਘਟਾਲਿਆਂ ਨੇ ਕਿੰਨਾਂ ਬੇਸ਼ਰਮ ਬਣਾ ਦਿੱਤਾ ਹੈ ਭਾਰਤੀ ਤੰਤਰ

ਇਕ ਤੋਂ ਬਾਦ ਇਕ ਘੁਟਾਲੇ ਦੇ ਹੋ ਰਹੇ ਪਰਦਾਫਾਸ ਨੇ ਜਿੱਥੇ ਦੇਸ਼ ਦੀ ਚਿੰਤਾਜਨਕ ਸਥਿਤੀ ਦਾ ਗਿਆਨ ਦੇਸ਼ ਦੇ ਨਾਗਰਿਕਾਂ ਨੂੰ ਕਰਵਾਇਆ ਹੈ ਉੱਥੇ ਦੇਸ਼ ਦੇ ਬੁੱਧੀਜੀਵੀ ਵਰਗ ਦੇ ਫਿਕਰਾਂ ਵਿਚ ਹੋਰ ਵਾਧਾ ਹੋ ਗਿਆ ਹੈ। ਕਿ ਆਖਰ ਇਸ ਦੇਸ਼ ਦਾ ਕੀ ਬਣੇਗਾ? ਅਰਵਿੰਦ ਕੇਜਵਰੀਵਾਲ ਤੇ ਉਨ੍ਹਾਂ ਦੀ ਟੀਮ ਇਨ੍ਹਾਂ ਘੁਟਾਲਿਆਂ ਨੂੰ ਉਜਾਗਰ ਕਰਕੇ ਚਰਚਾ ਵਿਚ ਹੈ। ਕੇਜਰੀਵਾਲ ਨੇ ਟੀਮ ਅੰਨਾਂ ਤੋਂ ਵੱਖ ਹੋਕੇ ਆਪਣੀ ਵੱਖਰੀ ਹੋਂਦ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਇਸ ਗੱਲ ਦਾ ਅਹਿਸਾਸ ਵੀ ਭਾਰਤ ਦੇ ਆਮ ਲੋਕਾਂ ਨੂੰ ਕਰਵਾ ਦਿੱਤਾ ਹੈ ਭਾਰਤ ਦੀ ਸਤਾ ਉਪਰ ਕਾਬਜ ਧਿਰਾਂ ਤੇ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀਆਂ ਰਾਜਸੀ ਧਿਰਾਂ ਦਾ ਨਾਪਾਕ ਗਠਜੋੜ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਅੱਗੇ ਵਧਕੇ ਉਨ੍ਹਾਂ ਨੇ ਵੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਸ਼ ਲਈ ਚਿੰਤਾ ਦਾ ਵਿਸ਼ਾ ਐਮ ਐਨ ਸੀ ਤੇ ਰਾਜਸੀ ਪਾਰਟੀਆਂ ਦਾ ਗੱਠਜੋੜ ਵੀ ਹੈ। ਜਿਸ ਨਾਪਾਕ ਗੱਠਜੋੜ ਨੂੰ ਭਾਰਤ ਦੇ ਕੁਝ ਉਚ ਅਧਿਕਾਰੀ ਹੋਰ ਪੱਕਿਆਂ ਕਰਨ ਦਾ ਕਾਰਜ ਹੀ ਦਿਨ ਰਾਤ ਕਰਦੇ ਹਨ। ਜਿਹੜੇ ਸਰਕਾਰ ਤੇ ਇਨ੍ਹਾਂ ਵੱਡੇ ਘਰਾਣਿਆਂ ਵਿਚਕਾਰ ਇਕ ਕੜੀ ਦਾ ਕੰਮ ਕਰਦੇ ਹਨ। ਜਿਸ ਤੋਂ ਦੇਸ਼ ਦੀ ਆਜ਼ਾਦੀ ਨੂੰ ਖਤਰਾ ਹੈ। ਵੱਡੀਆਂ ਕੁਰਬਾਨੀਆਂ ਨਾਲ ਲਈ ਆਜ਼ਾਦੀ ਨੂੰ।                    

 ਅਰਵਿੰਦ ਕੇਜਰੀਵਾਲ ਨੇ ਪਿੱਛਲੇ ਦਿਨ੍ਹਾਂ ਵਿਚ ਵਿਚ ਭਾਰਤ ਦੇ ਸਭ ਤੋਂ ਵੱਡੇ ਪਰਿਵਾਰ ਦੇ ਸਭ ਤੋਂ ਅਹਿਮ ਮੈਂਬਰ ਉਪਰ ਮੀਡੀਆ ਦੇ ਸਾਹਮਣੇ ਸਬੂਤਾਂ ਸਮੇਤ ਇਲਜਾਮ ਲਾਏ ਹਨ। ਕਿ ਇਸ ਪਰਿਵਾਰ ਦੇ ਜਵਾਈ ਸ਼੍ਰੀ ਰਾਬਰਟ ਵਡੇਰਾਂ ਨੇ ਸਰਕਾਰ ਦੇ ਨਾਲ ਆਪਣੀ ਨਜ਼ਦੀਕੀ ਰਿਸ਼ਤੇਦਾਰੀ ਦੇ ਪ੍ਰਭਾਵ ਕਰਕੇ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਈ ਹੈ। ਅਰਵਿੰਦ ਕੇਜਰੀਵਾਲ ਤੇ ੳਨ੍ਹਾਂ ਦੇ ਸਾਥੀਆਂ ਨੇ ਜਿਸ ਕਿਸਮ ਦੇ ਔਖੇ ਕੰਮ ਨੂੰ ਹੱਥ ਪਾਇਆ ਹੈ ਉਸ ਲਈ ਉਨ੍ਹਾਂ ਨੇ ਚਰਚਾ ਦਾ ਵਿਸ਼ਾ ਬਣਨਾ ਹੀ ਸੀ। ਇਸ ਚਰਚਾ ਨੂੰ ਇਲੈਕਟਰਿਕ ਮੀਡੀਏ ਨੇ ਜਿੰਨੀ ਬਰੀਕੀ ਨਾਲ ਬਿਆਨ ਕੀਤਾ ਹੈ ਇਹ ਮੀਡੀਏ ਦੀ ਲੋੜ ਵੀ ਸੀ ਤੇ ਮਜਬੂਰੀ ਵੀ। ਸਰਕਾਰ ਦੇ ਲਾਲਚਾ ਤੇ ਸੰਭਾਵੀ ਨਰਾਜਗੀ ਦੀ ਪ੍ਰਵਾਹ ਨਾ ਕਰਦਿਆਂ ਮੀਡੀਏ ਨੇ ਇਸ ਖ਼ਬਰ ਨੂੰ ਬਣਦੀ ਥਾਂ ਦਿੱਤੀ ਹੈ।
 
ਇਸ ਦੇਸ਼ ਲਈ ਚਿੰਤਾ  ਦਾ ਵਿਸ਼ਾ ਇਹ ਵੀ ਹੈ ਕਿ ਵਡੇਰਾ ਨੇ ਆਪਣੀ ਸਫਾਈ ਵਿਚ ਆਪ ਭਾਂਵੇ ਕੋਈ ਵੀ ਸਬਦ ਨਹੀਂ ਕਿਹਾ ਪਰ ਉਸ ਦੇ ਬਚਾਅ ਲਈ ਸਾਰੀ ਕੇਂਦਰੀ ਸਰਕਾਰ ਤੇ ਕਾਂਗਰਸ ਪਾਰਟੀ ਵੱਡੀ ਧਿਰ ਬਣਕੇ ਆ ਗਈ ਹੈ। ਉਨ੍ਹਾਂ ਦਾ ਉਹ ਹੀ ਘਸਿਆ ਪਿਟਿਆ ਤਰਕ ਹੈ ਕਿ ਇਹ ਸਾਰੇ ਦੋਸ਼ ਬੇ ਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਤ ਹਨ। ਇਸ ਕਰਕੇ ਇਨ੍ਹਾਂ ਦੀ ਜਾਂਚ ਕਰਵਾਉਣ ਦੀ ਵੀ ਕੋਈ ਜਰੂਰਤ ਨਹੀਂ ਹੈ। ਇਕ ਸਧਾਰਨ ਬੁੱਧੀ ਵਾਲਾ ਪਾਠਕ ਸਰੋਤਾ ਵੀ ਇਹ ਸੁਣਕੇ ਦੰਗ ਰਹਿ ਜਾਂਦਾ ਹੈ ਕਿ ਜੇ ਕਰ  ਇਹ ਦੋਸ਼ ਬੇਬੁਨਿਆਦ ਹਨ ਤਾਂ ਇਨ੍ਹਾਂ ਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ? ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੇਖਣ ਵਿਚ ਹਰਜ ਹੀ ਕੀ ਹੈ?

ਇਸ ਘਟਨਾ ਨੇ ਜਿੱਥੇ ਸੰਵੇਦਨਸ਼ੀਲ ਮਨੁੱਖ ਨੂੰ ਹਲਾ ਕੇ ਰੱਖ ਦਿੱਤਾ ਹੈ ਉੱਥੇ ਕਾਂਗਰਸ ਦੇ ਆਗੂਆਂ ਨੂੰ ਇਕ ਵਾਰ ਫਿਰ ਸ਼ੀਮਤੀ ਸੋਨੀਆਂ ਗਾਂਧੀ ਨਾਲ ਆਪਣੀ ਵਫਾਦਾਰੀ ਦਾ ਸਬੂਤ ਦੇਣ ਦਾ ਇਕ ਅਹਿਮ ਮੌਕਾ ਦੇ ਦਿੱਤਾ ਹੈ। ਭਰਿਸ਼ਟਾਚਾਰ ਵਿਚ ਲਿਪਟੇ ਲੀਡਰ ਭਾਂਵੇ ਉਹ ਵੱਖੋ ਵੱਖਰੀਆਂ ਰਾਜਸੀ ਪਾਰਟੀਆਂ ਵਿਚ ਹੀ ਕੰਮ ਕਰ ਰਹੇ ਹਨ ' ਇਸ ਦੁਖ ਦੀ ਘੜੀ' ਵਿਚ ਸੋਨੀਆਂ ਦੇ ਨਾਲ ਖੜੇ ਹਨ। ਵਿਰੋਧੀ ਧਿਰ ਵਿਚ ਬੈਠੇ ਬਹੁਤ ਸਾਰੇ ਆਗੂ ਚੁਪ ਰਹਿ ਕੇ ਸੋਨੀਆਂ ਜੀ ਦਾ ਸਾਥ ਦੇ ਰਹੇ ਹਨ।

 ਇਸ ਦੇਸ਼ ਦਾ ਦੁਖਾਂਤ  ਵੀ ਇਹ ਹੀ ਹੈ ਬੀ ਜੇ ਪੀ ਦੀ ਅਗਵਾਈ ਵਾਲੀ ਰਾਜਸੀ ਧਿਰ ਨੂੰ ਰਾਜ ਭਾਗ ਤਾਂ ਭਾਂਵੇਂ ਕਾਂਗਰਸ ਦੇ ਮੁਕਾਬਲੇ ਬਹੁਤ ਹੀ ਘੱਟ ਮਿਲਿਆ ਪਰ ਘੁਟਾਲਿਆਂ ਵਿਚ ਇਹ ਥੋੜੇ ਸਮੇਂ ਵਿਚ ਹੀ ਕਾਂਗਰਸ ਦੇ ਹਾਣਦੀ ਹੋਣ ਲੱਗੀ। ਕੇਜ਼ਰੀਵਾਲ ਦਾ ਦੂਸਰਾ ਬੰਬ ਬੀ.ਜੇ.ਪੀ ਉਪਰ ਡਿਗਣਾ ਤਹਿ ਹੀ ਸੀ ਕਿਉਂਕਿ ਉਹ ਤੇ ਉਸ ਦੇ ਸਾਥੀ ਦੋਹਾਂ ਹੀ ਰਾਜਸੀ ਪਾਰਟੀਆਂ ਵਿਚ ਕੋਈ ਸਿਫਤੀ ਤਬਦੀਲੀ ਨਹੀਂ ਦੇਖਦੇ। ਇਹੋ ਹੀ ਕਾਰਨ ਸੀ ਕਿ ਦੇਸ਼ ਦੀ ਵੱਡੀ ਵਿਰੋਧੀ ਧਿਰ ਦਾ ਪ੍ਰਧਾਨ ਸ਼੍ਰੀ ਨਿਤਿਨ ਗਟਕਰੀ ਕਿਵੇ ਇਕ ਸਧਾਰਨ ਵਿਅਕਤੀ ਤੋਂ ਕੁਝ ਸਾਲਾਂ ਵਿਚ ਹੀ ਮਾਲੋਂ ਮਾਲ ਹੋਕੇ ਆਮ ਤੋਂ ਖਾਸ ਹੋ ਗਿਆ। ਬੀ ਜੇ ਪੀ ਨੂੰ ਅਰਵਿੰਦ ਕੇਜਰੀਵਾਲ ਦੀਆਂ ਭਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਗੱਲਾਂ ਇਸੇ ਕਰਕੇ ਚੰਗੀਆਂ ਨਹੀਂ ਸਨ ਲੱਗ ਰਹੀਂਆਂ, ਕਿਉਂਕਿ ਉਨ੍ਹਾਂ ਨੂੰ ਇਸ ਦੀ ਭਿਣਕ ਸੀ ਕਿ ਆਪਣੇ ਘਰ ਵੀ ਸਭ ਕੁਝ ਚੰਗਾ ਨਹੀਂ। ਜੋ ਕੁਝ ਵਡੇਰਾ ਦੇ ਸੰਬੰਧ ਵਿਚ ਕਾਂਗਰਸ ਨੇ ਕੀਤਾ ਉਸੇ ਤਰ੍ਹਾਂ ਦਾ ਇਮਾਨਦਾਰੀ ਦਾ ਸਾਰਟੀਫੀਕੇਟ ਨਿਤਿਨ ਗਟਕਰੀ ਨੂੰ ਵੀ ਉਸ ਦੀ ਪਾਰਟੀ ਤੇ ਸਹਿਯੋਗੀਆਂ ਨੇ ਦੇ ਦਿੱਤਾ ਹੈ। ਇੱਥੇ ਥੋੜਾ ਜਿਹਾ ਫਰਕ ਵੀ ਹੈ ਜਿਸ ਨੂੰ ਜੇ ਕਰ ਅਸੀਂ ਅਣਡਿੱਠ ਕਰਦੇ ਹਾਂ ਤਾਂ ਇਹ ਵੀ ਇਮਾਨਦਾਰੀ ਨਹੀਂ ਹੋਵੇਗੀ। ਕਿਉਂਕਿ ਕਾਂਗਰਸ ਵਾਂਗ ਬੀ ਜੇ ਪੀ ਇਕ ਪ੍ਰਵਾਰ ਦੀ ਪਾਰਟੀ ਨਾ ਹੋਕੇ ਇਕ ਭਾਈਚਾਰੇ ਦੀ ਪਾਰਟੀ ਹੈ। ਇਸ ਲਈ ਇੱਥੇ ਨਿਤਿਨ ਗਟਕਰੀ ਨੂੰ ਪਾਰਟੀ ਅੰਦਰਲੇ ਉਸ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਤੇ ਸ਼ਾਇਦ ਇਸੇ ਕਰਕੇ ਗਟਕਰੀ ਸਾਹਿਬ ਹਿਮਾਚਲ ਦੇ ਚੋਣ ਪ੍ਰਚਾਰ ਤੋਂ ਬੇਰੰਗ ਵਾਪਸ ਪਰਤ ਆਏ।

ਕੇਜਰੀਵਾਲ ਦਾ ਤੀਸਰਾ ਵਾਰ  ਦੇਸ਼ ਦੀ ਸਭ ਤੋਂ ਵੱਡੀ ਫਰਮ ਜਿਸ ਦਾ ਕਾਰੋਬਾਰ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚ ਫੈਲਿਆ ਹੋਇਆ ਹੈ ਉਸ ਉਪਰ ਸੀ।  ਇਸ ਰੀਲਾਇਸ ਨਾਮ ਦੀ ਫਰਮ ਨੂੰ  ਭਾਰਤ ਦੀਆਂ ਹੁਣ ਤੱਕ ਦੀਆਂ ਸਭ ਸਰਕਾਰਾਂ ਨੇ ਕਿਵੇਂ ਰਾਸਟਰ ਨਾਲੋਂ ਵੱਡਿਆਂ ਕੀਤਾ ਹੈ? ਇਹ ਆਪਣੇ ਆਪ ਵਿਚ ਸ਼ਰਮਨਾਕ ਵਰਤਾਰਾ ਹੈ। ਇਸ ਦੇ ਬਦਲੇ ਵਿਚ ਰੀਲਾਇਸ ਮਦਦ ਕਰਨ ਵਾਲੀਆਂ ਧਿਰਾਂ ਨੂੰ ਕਿੱਦਾਂ ਲਾਭ ਪਹੁੰਚਾਦੀ ਹੈ ਇਸ ਵਰਤਾਰੇ ਦੀਆਂ ਸਾਰੀਆਂ ਤੈਆਂ ਕੇਜਰੀਵਾਲ ਦੀ ਟੀਮ ਨੇ ਖੋਲ੍ਹ ਦਿੱਤੀਆਂ ਹਨ। ਭਾਂਵੇ ਰੀਲਾਇਸ ਸਮੇਤ ਸਾਰੀਆਂ ਹੀ ਧਿਰਾਂ ਨੇ ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਸਬੂਤ ਦੇ ਦਿੱਤਾ ਹੈ ਪਰ ਆਮ ਆਦਮੀ ਇਸ ਸਾਰੇ ਵਰਤਾਰੇ ਨੂੰ ਪੜ੍ਹ ਤੇ ਸਮਝ ਰਿਹਾ ਹੈ ਕਿ ਦੇਸ਼ ਵਿਚ ਆਖਰ ਕੀ ਕੀ ਹੋ ਰਿਹਾ ਹੈ?

ਦੇਸ਼ ਵਿਚ ਠੱਗੀਆਂ ਮਾਰਕੇ ਕਮਾਏ  ਕਾਲੇ ਧੰਨ ਦੇ ਅੰਬਾਰ ਸੰਸਾਰ ਦੀਆਂ ਵੱਖ  ਵੱਖ ਬੈਂਕਾਂ ਵਿਚ ਕਿਵੇਂ ਲੱਗੇ ਹੋਏ ਹਨ? ਉਨ੍ਹਾਂ ਨੂੰ ਵਾਪਸ ਲਿਆਉਣ ਦੀ ਲੜਾਈ ਬਾਬਾ ਰਾਮ ਦੇਵ ਵੀ ਲੜ ਰਿਹਾ ਹੈ ਪਰ ਸਰਕਾਰ ਨੇ ਆਪਣੀ ਆਸਮਰਥਾ ਵਿਅਕਤ ਕਰ ਦਿੱਤੀ ਸੀ ਕਿ ਉਸ ਧੰਨ ਸੰਬੰਧੀ ਜਾਣਕਾਰੀ ਪਬਲਿਕ ਨਹੀਂ ਕੀਤੀ ਜਾ ਸਕਦੀ। ਕੇਜਰੀਵਾਲ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਇਸ ਕਠਿਨ ਕਾਰਜ ਨੂੰ ਵੀ ਆਰੰਭ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਜੱਗ ਜਾਹਰ ਹੋਇਆ ਹੈ ਕਿ ਦੇਸ਼ ਦਾ ਇਕ ਉਚ ਅਧਿਕਾਰੀ ਕਿਵੇਂ ਛਾਪਾ ਮਾਰਨ ਗਿਆ ਰੀਲਾਇਸ ਦਾ ਹੋਕੇ ਰਹਿ ਗਿਆ। ਤੇ ਕਿਵੇ ਉਸ ਦਾ ਵੀ ਧਨ ਅੱਜ ਸਵਿਟਜਰਲੈਂਡ ਦੀਆਂ ਬੈਂਕਾਂ ਨੂੰ ਭਾਗ ਲਾ ਰਿਹਾ ਹੈ। ਤੇ ਉਸ ਉਚ ਅਧਿਕਾਰੀ ਦੀ ਪਤਨੀ ਭਾਰਤ ਦੀ ਸੰਸਦ ਤੱਕ ਪਹੁੰਚ ਗਈ ਹੈ। ਕੇਜਰੀਵਾਲ ਨੇ ਭਾਰਤੀ ਨਿਆਂ ਪਾਲਿਕਾ ਬਾਰੇ ਟਿਪਣੀ ਕਰਦਿਆਂ ਕਿਹਾ ਕਿ ਹਾਈ-ਪ੍ਰਫਾਈਲ ਕੇਸ ਅੱਜ ਵੀ ਅਦਾਲਤਾਂ ਵਿਚ ਲਟਕ ਰਹੇ ਹਨ। ਨੇੜੇ ਭਵਿੱਖ ਵਿਚ ਵੀ ਜਿਨ੍ਹਾਂ ਬਾਰੇ ਕੋਈ ਫੈਸਲਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਇਸ ਗੱਲ ਦੇ ਸੰਕੇਤ ਵੀ ਦਿੱਤੇ ਹਨ ਕਿ ਹੁਣ ਭਾਰਤੀ ਨਿਆਂ ਪਾਲਿਕਾ ਅੰਦਰਲੇ ਕੋਹਜ ਨੂੰ ਨੰਗਿਆਂ ਕਰਨ ਦੀ ਵਾਰੀ ਹੈ। ਜਦੋਂ ਪੱਤਰਕਾਰਾਂ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਉਹ ਅਦਾਲਤ ਵਿਚ ਕਿਉਂ ਨਹੀਂ ਜਾਂਦੇ ? ਜਦ ਕਿ ਉਨ੍ਹਾਂ ਕੋਲ ਸਬੂਤ ਹਨ। ਤਾਂ ਉਨ੍ਹਾਂ ਨੇ ਹੱਸਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਾਰਤ ਦੀ ਨਿਆਂ ਪਾਲਿਕਾ ਬਾਰੇ ਭਾਰਤ ਦੇ ਉੱਘੇ ਵਕੀਲ ਸ਼੍ਰੀ ਪ੍ਰਸ਼ਾਂਤ ਭੂਸ਼ਨ ਅਹਿਮ ਜਾਣਕਾਰੀ ਦੇਣਗੇ ਕਿ ਇਨਸਾਫ ਦੇ ਇਨ੍ਹਾਂ ਮੰਦਰਾਂ ਵਿਚ ਕੀ ਕੀ ਹੋ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੇ ਆਮ ਆਦਮੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਹ ਹੁਣ ਜਾਵੇ ਤਾਂ ਜਾਵੇ ਕਿੱਧਰ। ਇਹੋ ਹੀ ਅੱਜ ਦਾ ਸਮਾਂ ਮੰਗ ਕਦਾ ਸੀ।

ਕੇਜਰੀਵਾਲ ਨੇ ਦਿੱਲੀ ਵਿਚ  ਉਹ ਸਪੇਸ ਮੱਲ ਲਈ ਹੈ ਜਿਹੜੀ  ਭਾਰਤ ਦੀਆਂ ਰਾਜਸੀ ਪਾਰਟੀਆਂ ਨੇ ਸਾਰੇ ਦੇਸ਼ ਵਿਚ ਹੀ ਖਾਲੀ ਛੱਡੀ ਹੋਈ ਸੀ। ਕੇਵਲ ਸ਼ਬਦੀ ਬਾਂਣ ਚਲਾਉਣ ਤੋਂ ਅੱਗੇ ਚਲਦਿਆਂ ਕੇਜਰੀਵਾਲ ਦੀ ਟੀਮ ਨੇ 'ਆਜ ਤੱਕ' ਟੀ ਵੀ ਵੱਲੋਂ ਜਾਹਰ ਕੀਤੇ ਗਏ ਖੁਲਾਸੇ ਨੂੰ ਲੋਕ ਘੋਲ ਨਾਲ ਵੀ ਜੋੜਿਆਂ ਹੈ। ਜਿਹੜਾ ਕਾਰਜ ਹੋਰ ਕਿਸੇ ਵੀ ਰਾਜਸੀ ਧਿਰ ਨੇ ਨਹੀਂ ਕੀਤਾ। ਜਿਸ ਲਈ ਟੀਮ ਕੇਜਰੀਵਾਲ ਨੂੰ ਉਸ ਸਮੇਂ ਦੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੀਆਂ ਧਮਕੀਆਂ ਵੀ ਸੁਣਨੀਆਂ ਪਈਆਂ। ਤੇ ਜਿਸ ਦੀ ਪ੍ਰਵਾਹ ਨਾ ਕਰਦਿਆਂ ਅਪਾਹਜ ਲੋਕਾਂ ਲਈ ਲਈ ਹਾਅ ਦਾ ਨਾਹਰਾ ਮਾਰਨ ਵਾਲੇ ਕੇਜਰੀਵਾਲ ਨੇ ਉਨ੍ਹਾਂ ਲੋਕਾਂ ਦੀ ਬਾਂਹ ਫੜੀ ਹੈ। ਸਲਮਾਨ ਖੁਰਸ਼ੀਦ ਦੇ ਚੋਣ ਹਲਕੇ ਫਰੂਕਾਬਾਦ ਵਿਚ ਜਾਕੇ ਉੱਥੋਂ ਦੇ ਲੋਕਾਂ ਨੂੰ ਸੁਚੇਤ ਕਰਨ ਦਾ ਕਾਰਜ ਕਾਤਾ ਹੈ। ਕੇਜਰੀਵਾਲ ਦੀ ਪਾਰਟੀ ਦੀ ਜਿੰਨੀ ਸਮਰਥਾ ਹੈ ਉਹ ਉਸ ਤੋਂ ਵੱਧਕੇ ਕੰਮ ਕਰ ਰਹੀ ਹੈ। ਇਸ ਪਾਰਟੀ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਹੈ ਉਹ ਹੈ ਕਿ ਭਾਰਤੀ ਰਾਜਨੀਤੀ ਵਿਚ ਸਰਗਰਮ ਵੱਖ ਵੱਖ ਪਾਰਟੀਆਂ ਨੂੰ ਇਕੋਂ ਥਾਲੀ ਦੇ ਚੱਟੇ ਵੱਟੇ ਸਿੱਧ ਕਰ ਦਿੱਤਾ ਹੈ। ਜਿਨ੍ਹਾਂ ਦਾ ਰਾਜਸੀ ਪ੍ਰੋਗਰਾਮ ਇਕੋ ਹੀ ਹੈ ਪਰ ਚੋਣ ਨਿਸ਼ਾਨ ਵੱਖਰੇ ਵੱਖਰੇ ਹਨ।

ਕਿਉਂਕਿ ਭਾਰਤੀ ਰਾਜਨੀਤੀ  ਵਿਚ ਲੋਕਤੰਤਰ ਪੈਸੇ ਦੇ ਨਾਲ ਪ੍ਰਭਾਵਿਤ  ਹੋ ਜਾਂਦਾ ਹੈ ਇਸ ਲਈ ਕੇਜਰੀਵਾਲ ਦੀ ਟੀਮ ਵੋਟਾਂ ਵਿਚ ਕੋਈ ਬਹੁਤ ਵਧੀਆਂ ਪ੍ਰਦਰਸ਼ਨ ਕਰ ਸਕੇਗੀ ਇਸ ਬਾਰੇ ਕੋਈ ਹਾਂ ਪੱਖੀ ਟਿੱਪਣੀ ਨਹੀ ਕੀਤੀ ਜਾ ਸਕਦੀ ਪਰ ਇਸ ਗੱਲ ਤੋਂ  ਅੱਜ ਦੀ ਤਰੀਕ ਵਿਚ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੇਜਰੀਵਾਲ ਦਾ ਅੱਜ ਤੱਕ ਦਾ ਕੀਤਾ ਕੱਮ ਆਮ ਆਦਮੀ ਨੂੰ ਸੋਚਣ ਲਈ  ਮਜਬੂਰ ਕਰ ਰਿਹਾ ਹੈ ਭਾਰਤ ਵਿਚ ਕਾਰਜਸ਼ੀਲ  ਹੋਰ ਇਮਮਾਨਦਾਰ ਪਾਰਟੀਆਂ ਜਿਨ੍ਹਾਂ ਦਾ ਦਾਮਨ ਸਾਫ ਹੈ ਜਿਨਾੰਂ ਨੇ ਕੋਲੇ ਦੀ ਖਾਨ ਵਿਚ ਰਹਿ ਕੇ ਵੀ ਆਪਣੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਉਹ ਦੇਰ ਸਵੇਰ ਟੀਮ ਕੇਜਰੀਵਾਲ ਦੀ ਧਿਰ ਬਣਨਗੀਆਂ ਜਾ ਨਹੀਂ, ਦੇਸ਼ ਦਾ ਨੇੜਲਾ ਭਵਿੱਖ ਇਸ ਗੱਲ ਉਪਰ ਨਿਰਭਰ ਕਰਦਾ ਹੈ। ਨਾ ਕੇ ਦੋ ਚਾਰ ਸਾਲਾਂ ਵਿਚ ਆਉਂਦੀਆਂ ਚੋਣਾ ਉਪਰ। ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਸੰਸਦ ਨੂੰ ਜਾਂਣ ਵਾਲਾ ਰਸਤਾ ਲੋਕ ਸੱਘਰਸ਼ਾਂ ਵਿੱਚੋਂ ਦੀ ਲੰਘਕੇ ਹੀ ਜਾਂਦਾ ਹੈ।
-ਡਾ. ਤੇਜਿੰਦਰ ਵਿਰਲੀ

ਆਜ਼ਾਦੀ ਦੀ ਜਵਾਲਾ ਪ੍ਰਚੰਡ ਕਰਨ ਵਾਲਾ ਬਾਬਾ ਜਵਾਲਾ ਸਿੰਘ

ਰੁਜਗਾਰ  ਦੀ ਭਾਲ ਲਈ ਕੈਨੇਡਾ ਅਮਰੀਕਾ ਜਾਣ ਵਾਲਿਆਂ ਵਿਚ ਜਵਾਲਾ ਸਿੰਘ ਇਕ ਸਨ ਜਿਹੜੇ ਵੀਂਹਵੀ ਸਦੀ ਦੇ ਮੁੱਢਲੇ ਸਾਲਾਂ ਵਿਚ ਹੀ ਘਰੋਂ ਨਿਕਲ ਤੁਰੇ। ਰੁਜਗਾਰ ਲਈ ਸੱਤ ਸਮੁੰਦਰੋਂ ਪਾਰ ਜਾਣ ਵਾਲਿਆਂ ਵਿਚ ਜਵਾਲਾ ਸਿੰਘ ਪਹਿਲਿਆਂ ਵਿਚੋ ਸਨ। ਉਹ 1905 ਵਿਚ ਘਰੋਂ ਤੁਰੇ ਫਿਰ ਚੀਨ,ਪਨਾਮਾ ਤੇ ਮੈਕਸੀਕੋ ਆਦ ਦੇਸ਼ਾਂ ਤੋਂ ਹੁੰਦੇ ਹੋਏ,1908, ਵਿਚ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆਂ ਪੁੱਜੇ। ਇਹ ਸਾਰੇ ਆਜ਼ਾਦ ਦੇਸ਼ ਗੁਲਾਮ ਦੇਸ਼ਾਂ ਦੇ ਮਜਦੂਰਾਂ ਵਾਸਤੇ ਸਵਰਗ ਦਾ ਨਮੂਨਾ ਸਨ। ਅਮਰੀਕਾ ਵਿਚ ਹੀ ਜਵਾਲਾ ਸਿੰਘ ਦਾ ਮੇਲ ਵਿਸਾਖਾ ਸਿੰਘ ਦਦੇਹਰ ਨਾਲ ਹੋਇਆ। ਦੋਹਾਂ ਨੇ ਮਿਲ ਕੇ ਕਾਰੋਬਾਰ ਆਰੰਭ ਕੀਤਾ। ਦੋਹਾਂ ਵਿਚ ਅਜਿਹਾ ਸਨੇਹ ਪਿਆਰ ਪੈਦਾ ਹੋਇਆ ਜੋ ਆਖਰੀ ਸਾਹਾਂ ਤਕ ਨਿਭਿਆ। ਕਿਸਾਨੀ ਪਿਛੋਕੜ ਵਾਲੇ ਦੋਹਾਂ ਉਦਮੀਆਂ ਨੇ ਕਸਬਾ ਹੋਲਟ ਦੇ ਕਰੀਬ ਪੰਜ ਸੌ ਏਕੜ ਜਮੀਨ ਠੇਕੇ ਤੇ ਲੈ ਕੇ ਖੇਤੀ ਦਾ ਕੰਮ ਸ਼ੁਰੂ ਕੀਤਾ ਮਿਹਨਮ ਤੇ ਲਗਨ ਨਾ ਕੰਮ ਕਰਨ ਦੀ ਬਦੌਲਤ ਕੁਝ ਕੁ ਸਾਲਾਂ ਵਿਚ ਹੀ ਜਵਾਲਾ ਸਿੰਘ ਇਲਾਕੇ ਵਿਚ ਆਲੂਆਂ ਦੇ ਬਾਦਸ਼ਾਹ ਵਜੋਂ ਮਸ਼ਹੂਰ ਹੋ ਗਏ। ਆਲੂਆਂ ਦੇ ਖੇਤਾਂ ਵਿਚ ਹੀ ਕਿੱਤੇ ਆਜ਼ਾਦੀ ਦੇ ਬੀਜ ਪੁੰਗਰ ਆਏ ਸਨ। ਜਿਨ੍ਹਾਂ ਨੂੰ ਸਾਂਭਣ ਦਾ ਕਾਰਜ ਸਭ ਤੋਂ ਪਹਿਲਾਂ ਜਵਾਲਾ ਸਿੰਘ ਨੇ ਹੀ ਆਰੰਭ ਕੀਤਾ ਸੀ। ਜਦੋਂ ਚਾਰ ਵੱਖ ਵੱਖ ਸੂਬਿਆਂ ਦੇ ਵਿਦਿਆਰਥੀਆਂ ਨੂੰ ਪੜਾਉਣ ਲਈ ਜਵਾਲਾ ਸਿੰਘ ਨੇ ਖਰਚਾ ਦਿੱਤਾ ਤਾਂ ਕਿਸੇ ਨੇ ਕਿਹਾ ਕਿ ਸਾਨੂੰ ਪੰਜਾਬ ਤੋਂ ਆਏ ਸਿੱਖ ਵਿਦਿਆਰਥੀਆਂ ਨੂੰ ਪੜਾਉਣ ਲਈ ਹੀ ਖਰਚਾ ਕਰਨਾ ਚਾਹੀਦਾ ਹੈ ਨਾ ਕੇ ਵੱਖ ਵੱਖ ਧਰਮਾਂ ਜਾਤਾ ਦੇ ਵਿਦਿਆਰਥੀਆਂ ਲਈ ਤਾਂ ਜਵਾਲਾ ਸਿੰਘ ਨੇ ਜਵਾਬ ਦਿੱਤਾ,'' ਸਭ ਹਿੰਦੁਸਤਾਨੀ ਇਨਸਾਨ ਹਨ ਤੇ ਸਾਰਿਆਂ ਨੂੰ ਮਿਲਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।'' ਜਵਾਲਾ ਸਿੰਘ ਦਾ ਇਹ ਪਿਆਰ ਹੀ ਸੀ ਕਿ ਛੁੱਟੀਆਂ ਦੇ ਦਿਨਾਂ ਵਿਚ ਕੈਲੇਫੋਰਨੀਆਂ ਵਿਚ ਪੜਦੇ ਹਿਦੁਸਤਾਨੀ ਵਿਦਿਆਰਥੀ ਉਨ੍ਹਾਂ ਦੇ ਫਾਰਮ 'ਤੇ ਆਉਂਦੇ। ਇਹ ਸਾਰੇ ਹਿੰਦੁਸਤਾਨੀਆਂ ਨੂੰ ਇਕੋ ਜਿਹੇ ਸਨੇਹ ਦੇ ਨਾਲ ਹੀ ਮਿਲਦੇ ਸਨ। ਉਨ੍ਹਾਂ ਦੇ ਫਾਰਮ ਉੱਤੇ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਰੀਰਕ ਤੌਰ 'ਤੇ ਘੱਟ ਕੰਮ ਕਰਨ 'ਤੇ ਵੀ ਪੂਰਾ ਮਿਹਨਤਾਨਾ ਦੇਣਾ ਜਵਾਲਾ ਸਿੰਘ ਦਾ ਹੀ ਕਮਾਲ ਸੀ। ਜਵਾਲਾ ਸਿੰਘ ਜਦੋਂ ਆਜ਼ਾਦੀ ਦੀਆਂ ਗੱਲਾਂ ਸੁਣਦੇ ਜਾਂ ਕਰਦੇ ਸਨ ਉਨ੍ਹਾਂ ਦੀਆਂ ਅੱਖਾਂ ਚਮਕ ਉੱਠਦੀਆਂ ਸਨ ਤੇ ਫਿਰ ਦੇਖਦਿਆਂ ਹੀ ਦੇਖਦਿਆਂ ਅੱਖਾਂ ਵਿੱਚੋਂ ਹਿੰਝੂ ਵਹਿ ਤੁਰਦੇ। ਦਿਲ ਦਾ ਦਰਦ ਅੱਖਾਂ ਰਾਹੀ ਬਾਹਰ ਆਉਣ ਲੱਗਦਾ। ਉਹ ਦਿਨ ਰਾਤ ਦੇਸ਼ ਦੀ ਆਜ਼ਾਦੀ ਦੀਆਂ ਹੀ ਗੱਲਾਂ ਕਰਦੇ ਰਹਿੰਦੇ। ਇੱਥੋਂ ਹੀ ਸ਼ੁਰੂ ਹੋਇਆ ਜਵਾਲਾ ਸਿੰਘ ਜੀ ਦਾ ਬਾਬਾ ਜਵਾਲਾ ਸਿੰਘ ਦਾ ਅਮੁਕ ਸਫਰ ਜੋ ਅੱਜ ਇਕ ਸਤਾਬਦੀ ਬਾਦ ਵੀ ਜਾਰੀ ਹੈ।

ਦੋਹਾਂ  ਦੇਸ਼ਾਂ ਦੀਆਂ ਸਥਿਤੀਆਂ ਦਾ ਜਮੀਨ ਅਸਮਾਨ  ਦਾ ਫਰਕ ਸੀ। ਅਮਰੀਕਾ ਵਰਗੇ ਆਜ਼ਾਦ ਦੇਸ਼ ਨੂੰ ਦੇਖ ਕੇ ਆਪਣੇ ਦੇਸ਼ ਦੀ ਗੁਲਾਮੀ ਦਾ ਅਹਿਸਾਸ ਹੋਇਆ। ਆਪਣੀ ਗੁਲਾਮੀ ਨੂੰ ਯਾਦ ਕਰਕੇ ਮਨ ਵਿਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਦਿਨ ਰਾਤ ਦੀ ਬੇਚੈਨੀ ਤੰਗ ਕਰਨ ਲੱਗੀ ਕਿ ਸਾਡਾ ਦੇਸ਼ ਆਜ਼ਾਦ ਕਿਉਂ ਨਹੀ ਹੈ? ਆਜ਼ਾਦੀ ਵਿਚ ਕਿਨ੍ਹਾਂ ਆਨੰਦ ਸੀ ਕਿਨ੍ਹਾਂ ਮਾਣ ਸਨਮਾਨ ਸੀ। ਗੁਲਾਮੀ ਦਾ ਖਿਆਲ ਆਉਂਦਿਆਂ ਹੀ ਸਿਰ ਸ਼ਰਮ ਨਾਲ ਝੁਕ ਜਾਂਦਾ। ਅਣਖੀਲੇ ਬਾਬਾ ਜਵਾਲਾ ਸਿੰਘ ਲਈ ਮਿਹਨਤ ਨਾਲ ਕਮਾਇਆ ਪੈਸਾ ਵੀ ਉਹ ਸਕੂਨ ਨਾ ਦਿੰਦਾ ਜਿਨ੍ਹਾਂ ਗੁਲਾਮੀ ਦਾ ਅਹਿਸਾਸ ੳਨ੍ਹਾਂ ਨੂੰ ਬੇਚੈਨ ਕਰਦਾ ਸੀ। ਅਜਿਹੀ ਸਥਿਤੀ ਅਮਰੀਕਾ ਵਿਚ ਰਹਿ ਰਹੇ ਹੋਰਾਂ ਭਾਰਤੀਆਂ ਦੀ ਵੀ ਸੀ। ਜਿਨ੍ਹਾਂ ਵਿਚੋ ਕੁਝ ਤਾਂ ਆਪਣਾ ਦੇਸ਼ ਹੀ ਭਾਰਤ ਨਹੀਂ ਸਨ ਦੱਸਦੇ। ਕਿਸੇ ਦੇ ਪੁੱਛਣ ਤੇ ਉਹ ਇਰਾਨ , ਇਰਾਕ ਆਦ ਦੇਸ਼ਾਂ ਦਾ ਨਾਮ ਲੈ ਦਿੰਦੇ ਸਨ।

ਸਭ  ਤੋਂ ਪਹਿਲਾ ਕੰਮ ਕੋ ਬਾਬਾ ਜੀ ਨੇ ਕੀਤਾ ਉਹ ਸੀ ਕਿ ਚਾਰ ਪੰਜ ਲਾਇਕ ਤੇ ਲੋੜ  ਬੰਦ ਵਿਦਿਆਰਥੀਆਂ ਨੂੰ ਭਾਰਤ ਤੋਂ ਅਮਰੀਕਾ ਪੜ੍ਹਨ ਵਾਸਤੇ ਬਲਾਉਣਾ ਤਾਂ ਕੇ ਉੱਚ ਸਿੱਖਿਆ ਪ੍ਰਾਪਤ ਕਰ ਕੇ ਉਹ ਦੇਸ਼ ਦੇ ਮਸਲਿਆਂ ਨੂੰ ਸਮਝ ਸਕਣ ਤੇ ਦੇਸ਼ ਦੀ ਸੇਵਾ ਕਰ ਸਕਣ। ਇਹ ਵਿਦਿਆਰਥੀ ਵੱਖ ਵੱਖ ਸੂਬਿਆਂ ਦੇ ਤੇ ਵੱਖ ਵੱਖ ਧਰਮਾਂ ਦੇ ਸਨ। ਬਾਬਾ ਜੀ ਨੇ ਇਨ੍ਹਾਂ ਦਾ ਕਰਾਇਆ ਵੀ ਆਪ ਭੇਜਿਆ ਤੇ ਹੋਰ ਖਰਚੇ ਵੀ ਕੀਤੇ ਬਾਬਾ ਜੀ ਨੇ ਹੀ  ਕੀਤੇ। ਉਸ ਸਮੇਂ ਦੇਸ਼ ਦੀ ਸੇਵਾ ਦਾ ਮਤਲਬ ਸੀ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨਾ। ਬਾਬਾ ਜੀ ਦਾ ਇਕੋ ਇਕ ਮਨੋਰਥ ਬਣ ਚੁੱਕਾ ਸੀ ਆਜਾਦੀ। ਉਨ੍ਹਾਂ ਦੀ ਹਰ ਗੱਲ ਦੇਸ਼ ਦੀ ਆਜਾਦੀ ਦੇ ਮਜਮੂਨ ਨਾਲ ਸ਼ਰੂ ਹੁੰਦੀ ਤੇ ਇਸੇ ਨਾਲ ਹੀ ਖਤਮ ਹੁੰਦੀ। ਬਾਬਾ ਜਵਾਲਾ ਸਿੰਘ ਜੀ ਦੀ ਇਸ ਦੇਸ਼ ਭਗਤੀ ਦੀ ਲਗਨ ਨੇ ਛੇਤੀ ਹੀ ਵਿਸਾਖਾ ਸਿੰਘ ਦਦੇਹਰ ਨੂੰ ਵੀ ਆਪਣੇ ਵਰਗਾ ਦੇਸ਼ ਭਗਤ ਬਣਾ ਲਿਆ ਸੀ। ਇਨ੍ਹਾਂ ਹੀ ਦਿਨਾਂ ਵਿਚ ਬਾਬਾ ਜਵਾਲਾ ਸਿੰਘ ਦਾ ਸੰਪਰਕ ਭਾਈ ਸੰਤੋਖ ਸਿੰਘ ਧਰਦਿਓ ਨਾਲ ਹੋਇਆ, ਜਿਹੜਾ ਇਕ ਪੜ੍ਹਿਆ ਲਿਖਿਆ ਨੌਜਵਾਨ ਸੀ। ਜਿਸ ਦੀ ਅੰਗਰੇਜ਼ੀ ਉਪਰ ਕਮਾਲ ਦੀ ਪਕੜ ਸੀ। ਜਿਹੜਾ ਛੋਟੀ ਉਮਰ ਵਿਚ ਹੀ ਆਜ਼ਾਦੀ ਵਰਗੇ ਵੱਡੇ ਸੁਪਨੇ ਦੇਖਣ ਲੱਗ ਪਿਆ ਸੀ। ਜਵਾਲਾ ਸਿੰਘ ਨੇ ਖਤ ਲਿਖ ਕੇ ਨੌਜਵਾਨ ਸੰਤੋਖ ਨੂੰ ਕੈਨੇਡਾ ਤੋਂ ਆਪਣੇ ਕੋਲ ਅਮਰੀਕਾ ਬੁਲਾਇਆ ਸੀ। ਇਤਿਹਾਸ ਵਿਚ ਇਨ੍ਹਾਂ ਤਿੰਨਾਂ ਸਖਸ਼ੀਅਤਾਂ ਦੇ ਮੇਲ ਨੂੰ ਤਿੰਨ ਦਰਵੇਸ਼ਾਂ ਦੇ ਮੇਲ ਨਾਲ ਯਾਦ ਕੀਤਾ ਜਾਂਦਾ ਹੈ।

  ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤਰ  ਜਨਮ ਦਿਨ ਦੇ ਦਿਹਾੜੇ 'ਤੇ ਇਨ੍ਹਾਂ ਤਿੰਨਾਂ ਯੋਧਿਆਂ ਨੇ ਦੇਸ਼ ਦੀ ਖਾਤਰ ਲੜ੍ਹਨ ਮਰਨ  ਦੀਆਂ ਕਸਮਾਂ ਖਾਦੀਆਂ।'' ਅਰਦਾਸਾ ਸੋਧਿਆ ਕਿ ਬਸ ਅੱਜ ਤੋਂ ਸਾਡਾ ਤਨ, ਮਨ ਤੇ ਧਨ ਮੁਲਕ ਦਾ ਹੋ ਚੁੱਕਾ,ਅਸੀਂ ਜਿਨ੍ਹਾਂ ਚਿਰ ਜੀਵਾਂਗੇ ਦੇਸ਼ ਦੀ ਸੇਵਾ ਤੋਂ ਕਦੇ ਮੂੰਹ ਨਾ ਮੋੜਣਗੇ''। ਅਮਰੀਕਾ ਵਿਚ ਜਿਹੜਾ ਆਜ਼ਾਦੀ ਦਾ ਅੰਦੋਲਨ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਉਸ ਵਿਚ ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਤੇ ਭਾਈ ਸੰਤੋਖ ਸਿੰਘ ਹੀ ਸੀ। ਇਹ ਤਿੰਨੇ ਸੂਰਮੇਂ ਪੰਜਾਬ ਦੀ ਧਰਤੀ ਦੇ ਜਾਏ ਮਾਝੇ ਦੇ ਵਸਨੀਕ ਸਨ। ਇਨ੍ਹਾਂ ਦੇ ਪਿੰਡ ਵੀ ਨਾਲ ਨਾਲ ਹੀ ਸਨ। ਇਨ੍ਹਾਂ ਲਈ ਪ੍ਰੇਰਨਾ ਦਾ ਸਰੇਤ ਸਨ ਗੁਰੂ ਗੋਬਿੰਦ ਸਿੰਘ ਜੀ।

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ  ਦਿਨ ਤੇ ਦੂਰੋਂ ਨੇੜਿਉ ਕਈ ਹਿੰਦੁਸਤਾਨੀ ਬਾਬਾ ਜਵਾਲਾ ਸਿੰਘ ਜੀ ਪਾਸ ਇਕੱਠੇ ਹੋਏ।  ਇਸ ਇਕੱਠ ਵਿਚ ਸਭ ਧਰਮਾਂ ਦੇ ਲੋਕ  ਸ਼ਾਮਲ ਹੋਏ। ਵਿਦੇਸ਼ਾਂ ਵਿਚ ਭਾਰਤੀਆਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਇਕ ਤਰ੍ਹਾਂ ਨਾਲ ਭਾਰਤੀਆਂ ਦੇ ਸਾਂਝੇ ਮਸਲਿਆਂ ਦੀ ਪਹਿਲੀ ਪ੍ਰਤੀਨਿਧ ਮੀਟਿੰਗ ਸੀ। ਇਸੇ ਮੀਟਿੰਗ ਨੇ ਹੀ ਇਹ ਤਹਿ ਕੀਤਾ ਕਿ ਭਾਰਤੀ ਕੇਵਲ ਆਪਣੀ ਰੋਟੀ ਰੋਜ਼ੀ ਲਈ ਹੀ ਨਹੀਂ ਲੜ੍ਹ ਰਹੇ ਸਗੋਂ ਆਪਣੀ ਆਨਂਸ਼ਾਨ ਤੇ ਇੱਜ਼ਤ ਲਈ ਵੀ ਲੜ੍ਹ ਰਹੇ ਹਨ। ਇਸ ਮੀਟਿੰਗ ਨੇ ਇਹ ਵੀ ਤਹਿ ਕਰ ਲਿਆ ਸੀ ਕਿ ਭਾਰਤੀਆਂ ਦੀ ਇਸ ਦੁਰਦਸ਼ਾ ਦਾ ਇਕ ਕਾਰਨ ਇਨ੍ਹਾਂ ਦੀ ਗੁਲਾਮੀ ਹੈ ਤੇ ਗੁਲਾਮ ਕੌਮਾਂ ਨਾਲ ਹਰ ਥਾਂ ਤੇ ਇਸ ਤਰਾਂ ਦਾ ਦੁਰ ਵਿਹਾਰ ਹੁੰਦਾ ਹੀ ਹੈ।

ਕਿਰਤੀ ਅਖਬਾਰ ਦੇ ਮੁਤਾਬਕ ਇਸ 1911 ਦੇ ਗੁਰ ਪੁਰਬ ਵਿਚ ਵੱਡੀ ਗਿਣਤੀ ਵਿਚ ਹਿੰਦੂ ਤੇ ਮੁਸਲਮਾਨ ਵੀ ਸ਼ਾਮਲ ਸਨ। ਇਨ੍ਹਾਂ ਵਿਚ ਪ੍ਰਮੁੱਖ ਸਨ ਬਾਬਾ ਸਹੋਣ ਸਿੰਘ ਭਕਨਾ, ਬਾਬਾ ਕੇਸਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਾ.ਉਧਮ ਸਿੰਘ ਕਸੇਲ, ਸ਼ਹੀਦ ਭਗਤ ਸਿੰਘ ਉਰਫ ਗਾਂਧਾ ਸਿੰਘ, ਸ਼ਹੀਦ ਕਾਂਸੀ ਰਾਮ, ਸ਼ਹੀਦ ਬਾਬੂ ਹਰਨਾਮ ਸਿੰਘ, ਕਰਤਾਰ ਸਿੰਘ ਲਤਾਲਾ ਤੇ  ਸੋਹਣ ਲਾਲ ਪੱਟੀ ਆਦ ਸਨ। ਅਮਰੀਕਾ ਵਿਚ ਭਾਰਤੀਆਂ ਦਾ ਇਹ ਪਹਿਲਾ ਜਲਸਾ ਸੀ। ਕੈਲੇਫੋਰਨੀਆਂ ਵਿਚ ਹਿੰਦੋਸਤਾਨੀਆਂ ਦੇ ਇਸ ਰਾਜਸੀ ਤੇ ਧਾਰਮਿਕ ਇਕੱਠ ਦੀ ਭਣਿਕ ਵੀ ਭਾਰਤ ਦੇ ਹਾਕਮ ਬਣ ਬੈਠੇ ਅੰਗਰੇਜਾਂ ਨੂੰ ਪੈ ਗਈ ਸੀ। ਕਿਉਂਕਿ ਇਸ ਇਕੱਠ ਦੀਆਂ ਖਬਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਗਈਆਂ ਸਨ। ਬਾਬਾ ਜਵਾਲਾ ਸਿੰਘ, ਬਾਬਾ ਵਿਸ਼ਾਖਾ ਸਿੰਘ ਤੇ ਸੰਤੋਖ ਸਿੰਘ ਦੀ ਤਲਾਸ਼ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਹੋਣ ਲੱਗ ਪਈ ਸੀ। ਗ਼ਦਰ ਪਾਰਟੀ ਭਾਂਵੇ ਅਜੇ ਹੋਂਦ ਵਿਚ ਨਹੀਂ ਸੀ ਆਈ ਪਰ ਇਸ ਦਾ ਆਰੰਭ ਇਸੇ ਇਕੱਠ ਤੋਂ ਹੀ ਹੋ ਗਿਆ ਸੀ। ਇਥੇ ਹੀ ਸਟਾਕਟਨ ਵਿਚ ਜਗ੍ਹਾ ਖਰੀਦ ਕੇ ਸ਼ਾਨਦਾਰ ਗੁਰਦਵਾਰਾ ਬਣਾਇਆ ਗਿਆ, ਜਿਸ ਨੂੰ ਅੱਜ ਵੀ ਗ਼ਦਰੀਆਂ ਦਾ ਗੁਰਦਵਾਰਾ ਕਿਹਾ ਜਾਂਦਾ ਹੈ ਜਿਸ ਉਪਰ ਅੱਜ ਕਬਜਾ ਭਾਂਵੇ ਗ਼ਦਰੀਆਂ ਦੇ ਵਾਰਸਾਂ ਦਾ ਨਹੀਂ ਹੈ। ਇਸ ਕਮੇਟੀ ਦੇ ਪਹਿਲੇ ਪ੍ਰਧਾਨ ਜਵਾਲਾ ਸਿੰਘ ਸਨ ਤੇ ਸਕੱਤਰ ਸੰਤੋਖ ਸਿੰਘ। ਇਸ ਤੋਂ ਪਹਿਲਾਂ ਹਿੰਦੁਸਤਾਨੀਆਂ ਕੋਲ ਕੋਈ ਐਸੀ ਜਗ੍ਹਾ ਨਹੀਂ ਸੀ ਜਿਥੇ ਚਾਰ ਪੰਜਾਬੀ ਘਰ ਵਾਂਗ ਬੈਠ ਸਕਣ। ਸਟਾਕਟਨ ਦਾ ਇਹ ਗੁਰਦਵਾਰਾ ਬਦੇਸ਼ਾਂ ਵਿਚ ਭਟਕਦੇ ਭਾਰਤੀਆਂ ਦੀ ਪਹਿਲੀ ਠਾਹਰ ਬਣਿਆਂ ਤੇ ਛੇਤੀ ਹੀ ਇਹ ਗੁਰਦਵਾਰਾ ਦੇਸ਼ ਦੀ ਅਜਾਦੀ ਲਈ ਰਾਜਸੀ ਸਰਗਮੀਆਂ ਦਾ ਕੇਦਰ ਬਣ ਗਿਆ। ਇਥੇ ਦੇਸ਼ ਦੇ ਰਾਜਸੀ ਮਸਲਿਆਂ ਬਾਰੇ ਵੀ ਇਕ ਕਮੇਟੀ ਬਣਾਈ ਗਈ ਜਿਸ ਦੇ ਪ੍ਰਧਾਨ ਵੀ ਬਾਬਾ ਜਵਾਲਾ ਸਿੰਘ, ਸਕੱਤਰ ਭਾਈ ਸੰਤੋਖ ਸਿੰਘ ਜੀ ਬਣਾਏ ਗਏ।

ਅਮਰੀਕਾ  ਵਿਚ ਭਾਰਤੀਆਂ ਦਾ ਹਰ ਥਾਂ ਤੇ ਅਪਮਾਨ  ਹੁੰਦਾ ਸੀ ਹੋਟਲਾਂ ਦੇ ਬਾਹਰ ਲਿਖਿਆ ਹੁੰਦਾ  ਸੀ ਕਿ ''ਕੁੱਤੇ ਤੇ ਭਾਰਤੀ ਅੰਦਰ ਨਹੀਂ ਜਾ ਸਕਦੇ।'' ਕੁਝ ਸਿਆਣੇ ਅਮਰੀਕਣ ਇਹ ਵੀ ਆਖਦੇ ਸਨ ਕਿ ਜੇ ਹਿੰਦੁਸਤਾਨੀ ਫੈਸਲਾ ਕਰ ਲੈਣ ਕਿ ਉਨ੍ਹਾਂ ਨੇ ਆਜ਼ਾਦੀ ਲੈਣੀ ਹੈ ਤਾਂ ਮੁੱਠੀ ਭਰ ਅੰਗਰੇਜ਼ ਉਨ੍ਹਾਂ ਨੂੰ ਗੁਲਾਮ ਨਹੀਂ ਰੱਖ ਸਕਦੇ। ''ਆਜ਼ਾਦੀ ਦੀਆਂ ਚਾਹਵਾਨ ਕੌਮਾਂ ਕਦੇ ਵੀ ਗੁਲਾਮ ਨਹੀਂ ਰਹਿੰਦੀਆਂ।'' ਅੰਗਰੇਜ਼ਾਂ ਦੁਆਰਾ ਬੋਲੇ ਅਜਿਹੇ ਫਿਕਰੇ ਭਾਰਤੀਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਦੇ  ਸਨ। ਕਈ ਵਾਰ ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਯੂਨੀਅਨ ਜੈਕ ਨੂੰ ਆਪਣਾ ਝੰਡਾ ਆਖਣ ਤੇ ਸ਼ਰਮਨਾਕ ਹਾਲਤ ਵਿਚ ਗੁਜ਼ਰਨਾ ਪੈਂਦਾ ਸੀ। ਅਜਿਹੀਆਂ ਹਜ਼ਾਰਾਂ ਹੀ ਉਦਾਹਰਣਾ ਹਨ ਜਦੋਂ ਹਿੁਸਤਾਨੀਆਂ ਨੂੰ ਆਜ਼ਾਦੀ ਲਈ ਮਰ ਮਿਟਣ ਦਾ ਅਹਿਦ ਆਪਣੇ ਆਪ ਨਾਲ ਕਰਨਾ ਪੈਂਦਾ ਸੀ। ਇਹ ਸਾਰਾ ਕੁਝ ਕਿਸੇ ਅਮਰੀਕਾ ਵਰਗੇ ਆਜ਼ਾਦ ਮੁਲਕ ਵਿਚ ਹੀ ਸੰਭਵ ਹੋ ਸਕਦਾ ਸੀ। ਬਾਬਾ ਜਵਾਲਾ ਸਿੰਘ ਜੀ ਦਸਦੇ ਸਨ ਕਿ ਲੱਗ ਭਗ ਹਰ ਭਾਰਤੀ ਦੇ ਨਾਲ ਅਜਿਹਾ ਕਦੀ ਨਾ ਕਦੀ ਕੁਝ ਨਾ ਕੁਝ ਜਰੂਰ ਵਾਪਰਿਆ ਸੀ ਕਿ ਉਨ੍ਹਾਂ ਦੀ ਆਤਮਾਂ ਆਜ਼ਾਦੀ ਲਈ ਤਾਂਘ ਰਹੀ ਸੀ।

 ਉਸ ਸਮੇਂ ਬਹੁਤੇ ਭਾਰਤੀ  ਆਪਣੇ ਆਪ ਨੂੰ ਬੜੇ ਮਾਣ ਨਾਲ  ਬਰਤਾਨਵੀ ਪਰਜਾ ਅਖਵਾਉਂਦੇ ਸਨ। ਇਨ੍ਹਾਂ ਵਿੱਚੋ ਬਹੁਤਿਆਂ ਕੋਲ ਬਰਤਾਨਵੀ ਸਾਮਰਾਜ ਲਈ ਲੜ੍ਹੀਆਂ ਜੰਗਾਂ 'ਚ ਮਿਲੇ ਬਹਾਦਰੀ ਦੇ ਤਮਗੇ ਸਨ, ਜਿਹੜੇ ਥਾਂ ਪਰ ਥਾਂ ਦਿਖਾਏ ਜਾਂਦੇ ਸਨ ਪਰ ਫਿਰ ਵੀ ਬਰਤਾਨੀਆਂ ਦੀ ਹੀ ਦੂਸਰੀ ਬਸਤੀ ਕੈਨੇਡਾ ਵਿਚ ਉਨ੍ਹਾਂ ਦਾ ਅਪਮਾਨ ਹੁੰਦਾ ਸੀ। ਇਹ ਬਹਾਦਰੀ ਦੇ ਤਮਗੇ ਵੀ ਇੱਥੇ ਹੁੰਦੇ ਅਪਮਾਨ ਨੂੰ ਕੋਈ ਰੋਕ ਨਹੀਂ ਸਨ ਪਾਉਂਦੇ ਸਗੋਂ ਹੋਰ ਅਪਮਾਨ ਕਰਵਾਉਣ ਦਾ ਸਬੱਬ ਬਣਦੇ ਸਨ। ਆਜ਼ਾਦ ਮੁਲਕਾਂ ਦੇ ਲੋਕ ਆਖਦੇ, ''ਜੇ ਇਨ੍ਹੇ ਹੀ ਬਹਾਦਰ ਹੋ ਤਾਂ ਆਪਣਾ ਦੇਸ਼ ਆਜ਼ਾਦ ਕਿਉ ਨਹੀਂ ਕਰਵਾ ਲੈਂਦੇ?'' ਇਹ ਬਹਾਦਰੀ ਦੇ ਤਮਗੇ ਗੋਰੀ ਚਮੜੀ ਵਾਲਿਆਂ ਦੇ ਬਰਾਬਰ ਹੱਕ ਦਿਵਾਉਣ ਵਿਚ ਅਸਮਰਥ ਸਨ।

ਉਸ ਸਮੇਂ ਕੈਨੇਡਾ ਵਿਚ ਭਾਰਤੀਆਂ  ਦੀਆਂ ਸਮੱਸਿਆਂਵਾਂ ਹੀ ਏਨੀਆਂ ਸਨ ਕਿ ਜਿਸ  ਦਾ ਕਿਸੇ ਜਥੇਬੰਦੀ ਤੋਂ ਬਿਨ੍ਹਾਂ ਹੋਰ  ਕੋਈ ਹੱਲ ਨਹੀਂ ਸੀ । ਜਾਪਾਨੀਆਂ ਤੇ ਚੀਨ ਦੇ ਮੁਕਾਬਲੇ 'ਤੇ ਭਾਰਤੀਆਂ ਲਈ ਕੋਈ ਨਾ ਕੋਈ ਬਹਾਨਾ ਟੋਲਿਆ ਜਾ ਰਿਹਾ ਸੀ ਕਿ ਇਨ੍ਹਾਂ ਦਾ ਦਾਖਲਾ ਕੈਨੇਡਾ ਵਿਚ ਨਾ ਹੋਵੇ ਇਸ ਲਈ ਸਿੱਧੇ ਸਫ਼ਰ ਦੀ ਸ਼ਰਤ ਰੱਖੀ ਗਈ ਜਿਹੜੀ ਕੋਈ ਵੀ ਭਾਰਤੀ ਪੂਰੀ ਨਹੀਂ ਸੀ ਕਰ ਸਕਦਾ। ਭਾਰਤੀਆਂ ਦੀਆਂ ਸਾਰੀਆਂ ਦਲੀਲਾਂ ਤੇ ਫਰਿਆਦਾਂ ਦੀ ਕਿਤੇ ਵੀ ਸੁਣਵਾਈ ਨਹੀਂ ਸੀ ਉਹ ਅੱਕ ਥੱਕ ਚੁੱਕੇ ਸਨ। ਹੋਰ ਤਾਂ ਹੋਰ ਜੇ ਕੋਈ ਭਾਰਤੀ ਮਰ ਜਾਂਦਾ ਤਾਂ ਉਸ ਦੇ ਸਸਕਾਰ ਲਈ ਥਾਂ ਤੱਕ ਨਾ ਦਿੱਤੀ ਜਾਂਦੀ। ਭਾਰਤੀ ਰਾਤ ਬਰਾਤੇ ਲੁੱਕ ਛਿਪ ਕੇ ਮੁਰਦੇ ਦਾ ਸਸਕਾਰ ਕਰਦੇ ਤਾਂ ਕਿ ਸਰਕਾਰ ਤੇ ਗੋਰਿਆਂ ਨੂੰ ਪਤਾ ਨਾ ਲੱਗ ਜਾਵੇ। ਉੱਥੇ ਦੀਆਂ ਸਥਿਤੀਆਂ ਇਸ ਗੱਲ ਦੀ ਮੰਗ ਕਰਦੀਆਂ ਸਨ ਕਿ ਕੋਈ ਐਸੀ ਜਥੇਬੰਦੀ ਹੋਵੇ ਜਿਹੜੀ ਨਾ ਕੇਵਲ ਸਿਧਾਂਤ ਵਿਚ ਹੀ ਸਗੋਂ ਵਿਹਾਰ ਵਿਚ ਵੀ ਭਾਰਤੀਆਂ ਦੇ ਦੁੱਖਾਂ ਦਰਦਾਂ ਵਿਚ ਉਨ੍ਹਾਂ ਦੀ ਬਾਂਹ ਫ਼ੜੇ। ਇਸ ਲਈ ਮੁੱਢਲੀ ਤਿਆਰੀ ਤਾਰਕਨਾਥ ਦਾਸ ਦੇ ਪਰਚੇ ਨਾਲ ਹੀ ਹੋ ਗਈ ਸੀ। ਸੰਤੋਖ ਸਿੰਘ ਵਰਗੇ ਪੜੇ ਲਿਖੇ ਉਸ ਪਰਚੇ ਦੇ ਪਾਠਕ ਬਣ ਗਏ ਸਨ।
 
ਇਹ ਉਹ ਸਮਾਂ ਸੀ ਜਦੋਂ ਜਥੇਬੰਦੀ ਦੇ ਮੁਢਲੇ ਹਲਾਤ ਬਣ ਚੁੱਕੇ ਸਨ। ਅਮਰੀਕਾ ਕੈਨੇਡਾ ਵਿਖੇ ਰਹਿ ਰਹੇ ਹਿੰਦੁਸਤਨੀ ਇਕ ਦੂਸਰੇ ਨਾਲ ਚਿੱਠੀ ਪੱਤਰ ਰਾਹੀ ਸੰਪਰਕ ਕਰ ਰਹੇ ਸਨ। ਔਰਗਨ ਦੇ ਹਿੰਦੀਆਂ ਨੇ ਲਾਲਾ ਹਰਦਿਆਲ ਨੂੰ ਕੈਲੇਫੋਰਨੀਆਂ ਤੋਂ ਆਪਣੇ ਕੋਲ ਮਗਵਾ ਲਿਆ ਤੇ ਜਥੇਬੰਦੀ ਦਾ ਮੁੱਢਲਾ ਖਾਕਾ ਤਿਆਰ ਹੋਣ ਲੱਗਾ। ਜਿਹੜੀ ਪਹਿਲੀ ਜਥੇਬੰਦੀ ਬਣਾਈ ਗਈ ਉਸ ਦਾ ਨਾਮ ''ਹਿੰਦੀ ਐਸੋਸੀਏਸ਼ਨ'' ਰੱਖਿਆ ਗਿਆ। ਇਸ ਜਥੇਬੰਦੀ ਦੇ ਕੈਲੇਫੋਰਨੀਆਂ ਸੈਕਸ਼ਨ ਦੇ ਪ੍ਰਧਾਨ ਬਾਬਾ ਜਵਾਲਾ ਸਿੰਘ ਨੂੰ ਬਣਾਇਆ ਗਿਆ। ਵੱਡੀ ਗਿਣਤੀ ਵਿਚ ਹਿੰਦੁਸਤਾਨ ਤੋਂ ਗਏ ਲੋਕ ਇਸ ਜਥੇਬੰਦੀ ਦੇ ਮੈਂਬਰ ਬਣ ਗਏ। ਲੋਕਾਂ ਦੇ ਮਨ੍ਹਾਂ ਵਿਚ ਇਕ ਉਤਸ਼ਾਹ ਸੀ। ਉਹ ਦਿਲ ਖੋਲ ਕੇ ਚੰਦੇ ਦੇ ਰਹੇ ਸਨ। ਵੱਡੀ ਗਿਣਤੀ ਵਿਚ ਰੁਪਿਆ ਜਮਾਂ ਹੋਣ ਲੱਗਾ। ਇਹ ਸਾਰਾ ਕੁਝ ਇਕ ਮਜਬੂਤ ਜਥੇਬੰਦੀ ਲਈ ਅਤਿ ਲੋੜੀਂਦਾ  ਸੀ। ਜਥੇਬੰਦੀ ਨੇ ਇਕ ਅਖ਼ਬਾਰ ਕੱਢਣ ਦਾ ਪ੍ਰੋਗਰਾਮ ਬਣਾਇਆ। ਜਿਸ ਦੇ ਤਹਿਤ ਗ਼ਦਰ ਨਾਮ ਦਾ ਅਖਬਾਰ ਪ੍ਰਕਾਸ਼ਿਤ ਹੋਇਆ। ਜਿਹੜਾ ਪਹਿਲਾਂ ਉਰਦੂ ਵਿਚ ਤੇ ਬਆਦ ਵਿਚ ਪੰਜਾਬੀ ਭਾਸ਼ਾ ਵਿਚ ਕੱਢਿਆ ਗਿਆ। ਜਥੇਬੰਦੀ ਦਾ ਦਫਤਰ ਕੈਲੀਫੋਰਨੀਆਂ ਦੇ ਸ਼ਹਿਰ ਸਾਨਫਰਾਂਸਿਸਕੋ ਵਿਚ ਰੱਖਿਆ ਗਿਆ ਕਿਉਂਕਿ ਉੱਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿ ਰਹੇ ਸਨ। ਇਹ ਜਥੇਬੰਦੀ ਦੀ ਅਖਬਾਰ ਏਨੀ ਪ੍ਰਸਿੱਧ ਹੋ ਗਈ ਕਿ ਅਖ਼ਬਾਰ ਦੇ ਨਾਮ ਉਪਰ ਹੀ ਬਆਦ ਵਿਚ ਪਾਰਟੀ ਦਾ ਨਾਮ ਗ਼ਦਰ ਪਾਰਟੀ ਪ੍ਰਚਲਤ ਹੋ ਗਿਆ।

ਫਰਬਰੀ 1914 ਵਿਚ ਸਟਾਕਟਨ ਵਿਖੇ ਬਾਬਾ ਜਵਾਲਾ ਸਿੰਘ ਦੀ ਪ੍ਰਧਾਨਗੀ ਹੇਠ ਇਕ ਜਲਸਾ ਰੱਖਿਆ ਗਿਆ ਜਿਸ ਜਲਸੇ ਵਿਚ ਵੱਡੀ ਗਿਣਤੀ ਵਿਚ  ਲੋਕ ਪਹੁੰਚੇ। ਇਨ੍ਹਾਂ ਵਿਚ ਪ੍ਰਮੁੱਖ ਸਨ ਬਾਬਾ ਸਹੋਣ ਸਿੰਘ ਭਕਨਾ, ਬਾਬਾ ਕੇਸਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਾ.ਉਧਮ ਸਿੰਘ ਕਸੇਲ, ਸ਼ਹੀਦ ਭਗਤ ਸਿੰਘ ਉਰਫ ਗਾਂਧਾ ਸਿੰਘ, ਸ਼ਹੀਦ ਕਾਂਸੀ ਰਾਮ, ਲਾਲਾ ਹਰਦਿਆਲ, ਤਾਰਕਨਾਥ ਦਾਸ, ਕਾਮਰੇਡ ਪ੍ਰਿਥਵੀ ਸਿੰਘ, ਬਾਬਾ ਕਰਮ ਸਿੰਘ ਚੀਮਾਂ,ਵਸਾਖਾ ਸਿੰਘ, ਪੂਰਨ ਸਿੰਘ ਜੰਡਿਆਲਾ, ਨਰੰਜਣ ਸਿੰਘ ਪੰਡੇਰੀ,ਦਲੀਪ ਸਿੰਘ ਫਾਲਾ, ਪੰਡਿਤ ਜਗਤ ਰਾਮ ਹਰਿਆਣਾ, ਕਰਮ ਸਿੰਘ ਧੂਤ, ਬਾਬਾ ਅਰੂੜ ਸਿੰਘ ਐਮ.ਐਲ.ਏ, ਨਿਰੰਜਣ ਸਿੰਘ ਪੰਡੇਰੀ, ਨਿਧਾਨ ਸਿੰਘ ਮਹੇਸਰੀ, ਬਾਬਾ ਨਿਧਾਨ ਸਿੰਘ ਚੁਘਾ, ਸ਼ਹੀਦ ਬਾਬੂ ਹਰਨਾਮ ਸਿੰਘ, ਕਰਤਾਰ ਸਿੰਘ ਲਤਾਲਾ ਤੇ  ਸੋਹਣ ਲਾਲ ਪੱਟੀ ਆਦ ਸਨ। ਬਾਦ ਵਿਚ ਛੇਤੀ ਹੀ ਇਕ ਅਜਿਹਾ ਹੀ ਜਲਸਾ ਰਿਆਸਤ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਹੋਇਆ। ਇਸ ਦੇ ਨਾਲ ਹੀ ਵੱਖ ਵੱਖ ਥਾਵਾਂ ਉਪਰ ਜਲਸੇ ਹੋਣ ਲੱਗੇ।

ਕਾਮਾਗਾਟਾਮਾਰੂ ਜਹਾਜ ਨੂੰ ਜਦੋਂ ਕੈਨੇਡਾ ਦੀ ਹਕੂਮਤ ਨੇ ਵੈਨਕੋਵਰ ਪੁੱਜਣ ਤੋਂ ਬਾਦ ਵੀ ਬੰਦਰਗਾਹ ਤੇ ਨਹੀਂ ਸੀ ਲੱਗਣ ਦਿੱਤਾ ਤਾਂ ਬਿਦੇਸ਼ਾਂ ਵਿਚ ਬੈਠੇ ਹਿੰਦੁਸਤਾਨੀਆਂ ਦੇ ਦਿਲ ਵਲੂਦਰੇ ਗਏ । ਪਰ ਗ਼ਦਰੀਆਂ ਤੋਂ ਬਿਨ੍ਹਾਂ ਕਿਸੇ ਵੀ ਰਾਜਸੀ ਧਿਰ ਨੇ ਹਾਅ ਦਾ ਨਾਹਰਾ ਤੱਕ ਨਹੀਂ ਸੀ ਨਹੀਂ ਮਾਰਿਆ। ਇਹ ਭਾਰਤੀਆਂ ਦੀ ਸਭ ਤੋਂ ਵੱਡੀ ਬੇਇਜਤੀ ਸੀ। 23 ਜੁਲਾਈ 1914 ਨੂੰ ਕਾਮਾਗਾਟਾਮਾਰੂ ਜਹਾਜ ਨੂੰ ਵਾਪਸ ਮੋੜ ਦਿੱਤਾ ਗਿਆ ਸੀ। ਇਹ ਪਹਿਲੀ ਸੰਸਾਰ ਜੰਗ ਦੇ ਦਿਨ ਸਨ। ਗ਼ਦਰ ਪਾਰਟੀ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਜਪਾਨ ਜਾ ਕੇ ਯੋਕੋਹਾਮਾ ਵਿਚ ਹਿੰਦੁਸਤਾਨੀ ਮੁਸਾਫਰਾਂ ਨੂੰ ਮਿਲਣ ਗਏ ਸਨ। ਫਿਰ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਇਸ ਕੰਮ ਲਈ ਗਿਆ ਸੀ ਤੇ ਫੈਸਲਾ ਕੀਤੀ ਗਿਆ ਸੀ ਕਿ ਇਸ ਜਹਾਜ ਦੇ ਸਾਰੇ ਮੁਸਾਫਰ ਹਿੰਦੁਸਤਾਨ ਵਾਪਸ ਚਲੇ ਜਾਣ ਤੇ ਹਥਿਆਰ ਬੰਦ ਘੋਲ ਦੀਆਂ ਤਿਆਰੀਆਂ ਕਰਨ। ਇਸ ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਨੇ ਗ਼ਦਰੀਆਂ ਦੇ ਮਨਾਂ ਵਿਚ ਬੇਚੈਨੀ ਦੇ ਬੀਜ ਬੀਜ ਦਿੱਤੇ ਸਨ। ਇਸੇ ਹੀ ਸਮੇ ਦੌਰਾਨ ਸਾਨਫਰਾਂਸਿਸਕੋ ਤੋਂ ਕੋਰੀਯਾ ਨਾਮ ਦਾ ਜਹਾਜ਼ 62 ਭਾਰਤੀਆਂ ਨੂੰ ਲੈ ਕੇ ਕੈਲੇਫੋਰਨੀਆਂ ਤੋਂ ਚੱਲਿਆ ਸੀ। ਇਸ ਵਿਚ 62 ਮੁਸਾਫਰ ਸਵਾਰ ਸਨ। ਜਿਨ੍ਹਾਂ ਵਿੱਚੋਂ 60 ਗ਼ਦਰ ਪਾਰਟੀ ਦੇ ਮੈਂਬਰ ਸਨ। ਜਿਨ੍ਹਾਂ ਵਿਚ ਇਕ ਬਾਬਾ ਜਵਾਲਾ ਸਿੰਘ ਵੀ ਸਵਾਰ ਸਨ। ਦੂਸਰੇ ਦੋ ਮੈਂਬਰ ਸੀ.ਆਈ. ਡੀ ਦੇ ਬੰਦੇ ਸਨ। ਇਸੇ ਜਹਾਜ਼ ਵਿਚ ਯੋਕੋਹਾਮਾਂ ਤੋ ਸਾਥੀਆਂ ਸਮੇਤ ਪੰਡਿਤ ਪ੍ਰਮਾਨੰਦ ਝਾਂਸੀ ਵੀ ਚੜੇ ਸਨ। ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਤੋਂ ਬਾਦ ਬਰਤਾਨਵੀ ਹਰ ਇਕ ਮੁਸਾਫਰ ਜਹਾਜ਼ ਨਾਲ ਸਖਤੀ ਨਾਲ ਪੇਸ਼ ਆ ਰਹੀ ਸੀ। ਜਿਸ ਜਹਾਜ਼ ਵਿਚ ਬਾਬਾ ਜਵਾਲਾ ਸਿੰਘ ਜੀ ਸਨ ਉਸ ਜਹਾਜ਼ ਨੂੰ ਵੀ ਅੰਡੇਮਾਨ ਹੀ ਰੋਕ ਲਿਆ ਗਿਆ। ਅਖੀਰ ਬਾਬਾ ਜਵਾਲਾ ਸਿੰਘ ਆਪਣੇ ਨਾਲ ਅਰੂੜ ਸਿੰਘ ਸ਼ੇਰ ਸਿੰਘ ਵੇਈ ਪੋਈ, ਈਸ਼ਰ ਸਿੰਘ ਮਰਹਾਣਾ ਤੇ ਸਜਨ ਸਿੰਘ ਨੂੰ ਨਾਲ ਲੈਕੇ ਗਵਰਨਰ ਦੀ ਕੋਠੀ ਵਿਚ ਉਸ ਨੂੰ ਮਿਲਣ ਲਈ ਗਏ। ਲੰਮੀ ਗੱਲ ਬਾਤ ਤੋਂ ਬਾਦ ਗਵਰਨ ਜਹਾਜ਼ ਨੂੰ ਤੋਰਨ ਲਈ ਰਾਜੀ ਹੋ ਗਿਆ ਤੇ ਮੁਸ਼ਾਫਰਾਂ ਨੂੰ ਰਾਸ਼ਣ ਲਈ ਪੰਦਰਾਂ ਸੌ ਰੁਪਿਆ ਵੀ ਦਿੱਤਾ। ਪਰ ਇਹ ਜਹਾਜ਼ ਕਲਕੱਤੇ ਹੀ ਰੋਕ ਲਿਆ ਗਿਆ ਤੇ ਇਸ ਦੇ ਮੁਸਾਫਰਾਂ ਨੂੰ ਗਰਿਫਤਾਰ ਕਰ ਕੇ ਵੱਖ ਵੱਖ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ। ਬਾਬਾ ਜਵਾਲਾ ਸਿੰਘ ਨੂੰ ਵੀ ਮਿੰਟਗੁਮਰੀ ਜੇਲ੍ਹ ਵਿਚ ਕੈਦ ਕੀਤਾ ਗਿਆ।

ਜਦੋਂ  ਪਹਿਲਾ ਲਾਹੌਰ ਸਾਜ਼ਿਸ ਕੇਸ ਚੱਲਿਆ ਉਸ ਸਮੇਂ ਬਾਬਾ ਜਵਾਲਾ ਸਿੰਘ ਨੂੰ ਵੀ ਪਾਰਟੀ ਬਣਾਇਆ ਗਿਆ। ਜਿਸ ਦਿਨ ਸਿਨਾਖਤ ਹੋ ਰਹੀ ਸੀ ਉਸੇ ਦਿਨ ਜਵਾਲਾ ਸਿੰਘ ਦੀ ਝੜਪ ਸਰਕਾਰੀ ਵਕੀਲ ਨਾਲ ਹੋ ਗਈ। ਜਿਸ ਕਰਕੇ ਤੀਹ ਬੈਤਾਂ ਦੀ ਸਜਾ ਦਿੱਤੀ ਗਈ। ਪੰਦਰਾਂ ਇਕ ਆਦਮੀ ਨੇ ਮਾਰੇ ਪੰਦਰਾਂ ਦੂਸਰੇ ਨੇ ਮਾਰੇ । ਬਾਬਾ ਜਵਾਲਾ ਸਿੰਘ ਦੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ ਕਿ ਉਹ ਹਾਲ ਪਾਰਿਆ ਪਾਉਣ ਦੀ ਥਾਂ ਇਕ ਦੋ ਤਿੰਨ .. ਗਿਣਨ ਲੱਗ ਪਏ। ਇਹ ਦੇਖ ਕੇ ਜੇਲ੍ਹ ਦੇ ਅਫਸਰ ਦੰਗ ਰਹਿ ਗਏ। ਜਦੋਂ ਸਜ਼ਾ ਖਤਮ ਹੋ ਗਈ ਤਾਂ ਬੈਂਤ ਦੇ ਜਖਮਾਂ ਉਪਰ ਮਲਮ ਲਗਾਉਣ ਲਈ ਸਰਕਾਰ ਨੇ ਕੋਸਿਸ ਕੀਤੀ ਤਾਂ ਬਾਬਾ ਜੀ ਨੇ ਮਲਮ ਲਗਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਸਿਰ ਤੋਂ ਪੈਰਾਂ ਤੱਕ ਬੈਂਤਾਂ ਦੇ ਨਿਸ਼ਾਨਾਂ ਤੋਂ ਬਾਦ ਜਵਾਲਾ ਸਿੰਘ ਧਾਰੀਦਾਰ ਸ਼ੇਰ ਵਰਗਾ ਜਾਪਣ ਲੱਗ ਪਿਆ ਸੀ। ਸੇਰ ਜਿਸ ਦੀ ਇਕ ਦਹਾੜ ਨਾਲ ਜੇਲਰ ਤਾਂ ਕੀ ਜੇਲ੍ਹ ਦੀਆਂ ਕੰਧਾਂ ਕੰਬਣ  ਲੱਗ ਪੈਂਦੀਆਂ ਸਨ। ਜੇਲ੍ਹ ਵਿਚ ਸਾਥੀਆਂ ਨੂੰ ਇਸ ਸਜ਼ਾ ਦਾ ਉਦੋਂ ਪਤਾ ਲਗਾ ਜਦੋਂ ਇਹ ਧਾਰੀਦਾਰ ਸ਼ੇਰ ਨਹਾਉਣ ਲਈ ਕਪੜੇ ਉਤਾਰ ਰਿਹਾ ਸੀ। ਜਿੱਥੇ ਹਾਕਮ ਇਸ ਸਾਰੇ ਵਰਤਾਰੇ ਨੂੰ ਦੇਖ ਕੇ ਦੰਗ ਰਹਿ ਗਏ ਸਨ ਉੱਥੇ ਨਾਲ ਦੇ ਸਾਥੀ ਪ੍ਰੇਸ਼ਾਨ ਹੋ ਗਏ ਕਿ ਇਹ ਜੁਲਮ ਕਿਉ ਕੀਤਾ ਗਿਆ ਹੈ। ਇਸ ਮੁਕੱਦਮੇਂ ਦੇ ਸਮੇਂ ਬਾਬਾ ਸੋਹਣ ਸਿੰਘ ਭਕਨਾ ਸਮੇਤ 26 ਸਾਥੀਆਂ ਨੂੰ ਫਾਂਸੀ ਦੀ ਸਜਾ ਦਿੱਤੀਆਂ ਗਈ ਸੀ। ਇਸ ਵੱਡੀ ਬੇਇਨਸਾਫੀ ਦੇ ਖਿਲਾਫ ਵੀ ਅਦਾਲਤ ਦੇ ਅੰਦਰ ਹੀ ਜਵਾਲਾ ਸਿੰਘ ਦੇ ਅੰਦਰਲੀ ਜਵਾਲਾ ਭੜਕ ਉੱਠੀ ਸੀ ਤੇ ਉਹ ਕੜਕ ਕੇ ਅਦਾਲਤ ਵਿਚ ਬੋਲੇ ਸਨ '' ਕੀ ਮੇਰਾ ਦੋਸ਼ ਕਿਸੇ ਨਾਲੋਂ ਘੱਟ ਹੈ? ਮੈਂਨੂੰ ਫਾਂਸੀ ਦੀ ਸਜ਼ਾਂ ਕਿਉਂ ਨਹੀਂ ਦਿੱਤੀ ਗਈ। '' ਇਹ ਦੇਖ ਕੇ ਬਾਰਤਾਨਵੀ ਹਕੂਮਤ ਨੂੰ ਕੱਨ ਹੋ ਗਏ ਸਨ ਕਿ ਅਮਰੀਕਾ ਦੇ ਸਵਰਗ ਨੂੰ ਲੱਤ ਮਾਰ ਕੇ ਆ ਜਾਣ ਵਾਲੇ ਇਹ ਭਾਰਤੀ ਭਾਵੁਕ ਕਿਸਮ ਦੇ ਬੰਦੇ ਨਹੀਂ ਸਗੋਂ ਦੁਨੀਆਂ ਦੇ ਮਹਾਨ ਇਨਕਲਾਬੀਆਂ 'ਤੋਂ ਵੀ ਬੇਹਤਰ ਹਨ। ਬਾਦ ਵਿਚ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਸਾਥੀਆਂ ਦੀ ਫਾਂਸੀ ਵਾਇਸਰਾਏ ਨੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਸੀ ਤੇ ਕਰਤਾਰ ਸਰਾਭਾ ਸਮੇਤ 7 ਨੂੰ ਫਾਂਸੀ ਹੋਈ ਸੀ। ਇਹ ਮੁਕੱਦਮਾਂ 64 ਸਾਥਈਆਂ ਉਪਰ ਚੱਲਿਆ ਸੀ। ਬਾਬਾ ਜਵਾਲਾ ਸਿੰਘ ਤੇ ਕੁਝ ਸਾਥੀਆਂ ਨੂੰ ਉਮਰ ਕੈਦ ਦੇ ਨਾਲ ਨਾਲ ਜਾਇਦਾਦ ਜ਼ਬਤੀ ਦੇ ਹੁਕਮ ਵੀ ਹੋਏ ਸਨ। ਅਮਰੀਕਾ ਵਿੱਚੋਂ ਸਭ ਕੁਝ ਛੱਡ ਕੇ ਆਏ ਬਾਬਾ ਜਵਾਲਾ ਸਿੰਘ ਦੀ ਭਾਰਤੀ ਜਾਇਦਾਦ ਅੰਗਰੇਜ਼ਾਂ ਨੇ ਕੁਰਕ ਕਰਨ ਦੇ ਹੁਕਮ ਦਿੱਤੇ ਸਨ।

  ਮਾਈਕਲ ਓਡਵਾਇਰ ਲਿਖਦਾ ਹੈ, '' ਪਹਿਲੇ ਸੰਸਾਰ ਯੁਧ ਸਮੇਂ ਹਕੂਮਤ ਬਹੁਤ ਹੀ ਕਮਜੋਰ ਹੋ ਚੁੱਕੀ ਸੀ, ਕੇਵਲ ਤੇਰਾਂ ਹਜ਼ਾਰ ਗੋਰੇ ਸਿਪਾਹੀ ਸਨ। ਜਿਨ੍ਹਾਂ ਦਾ ਦਿਖਾਵਾ ਹਿਦੁਸਤਾਨ ਭਰ ਵਿਚ ਕੀਤਾ ਜਾ ਰਿਹਾ ਸੀ। ਇਹ ਵੀ ਬੁੱਢੇ ਸਨ ਜਾਂ ਬੱਚੇ। ਨੌਜਵਾਨ ਤਾਂ ਯੂਰਪ ਦੀ ਰਣਭੂਮੀ ਵਿਚ ਲੜ ਰਹੇ ਸਨ। ਜੇ ਇਹਨਾਂ ਹਾਲਤਾਂ ਵਿਚ ਸਾਨਫਰਾਂਸਿਸਕੋ ਤੋਂ ਚੱਲਣ ਵਾਲੇ ਗ਼ਦਰ ਪਾਰਟੀ ਦੇ ਸਿਪਾਹੀਆਂ ਦੀ ਆਵਾਜ਼ ਦੇਸ਼ ਸੁਣਦਾ ਤਾਂ ਯਕੀਨੀ ਸੀ ਕਿ ਹਿੰਦੁਸਤਾਨ ਅੰਗਰੇਜ਼ ਦੇ ਹੱਥੋਂ ਨਿਕਲ ਜਾਂਦਾ। '' ਜਦੋਂ ਅਸੀ ਓਡਵਾਇਰ ਦੀ ਗ਼ਦਰ ਪਾਰਟੀ ਬਾਰੇ ਕੀਤੀ ਟਿਪਣੀ ਨੂੰ ਪੜ੍ਹ ਰਹੇ ਹਾਂ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਸਮੇਂ ਸਾਡੇ ਧਾਰਮਿਕ ਆਗੂਆਂ ਨੇ ਇਨ੍ਹਾਂ ਗ਼ਦਰੀਆਂ ਨੂੰ ਆਪਣੇ ਪੰਥ ਵਿੱਚੋਂ ਖਾਰਜ ਕਰ ਦਿੱਤਾ ਸੀ। ਕਿਹਾ ਗਿਆ ਸੀ ਕਿ ਇਹ ਸਿੱਖ ਨਹੀਂ ਇਨ੍ਹਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ।

ਰਾਵਲ  ਪਿੰਡੀ ਦੀ ਜੇਲ੍ਹ ਵਿਚ ਜਵਾਲਾ ਸਿੰਘ ਨੇ ਬੰਬ ਬਣਾਉਣ ਵਾਲੇ ਮਸਾਲੇ ਦਾ ਪ੍ਰਬੰਧ  ਕਰ ਲਿਆ ਸੀ ਪਰ ਛੇਤੀ ਹੀ ਇਹ ਮਸਾਲਾ ਜੇਲ੍ਹ ਵਿੱਚੋਂ ਫੜਿਆ ਗਿਆ ਸੀ। ਇਸ ਕਰਕੇ ਬਾਬਾ ਜਵਾਲਾ ਸਿੰਘ ਨੂੰ ਅੰਡੇਮਾਨ ਦੀ ਜੇਲ੍ਹ ਵਿਚ ਤਬੀਲ ਕਰਨ ਦਾ ਹੁਕਮ ਹੋਇਆ ਸੀ। ਇਹ ਜੇਲ੍ਹ ਨਰਕ ਦੀ ਹੀ ਦੂਸਰੀ ਤਸਵੀਰ ਸੀ। ਇੱਥੇ ਕੈਦੀਆਂ ਤੋਂ ਸਮਰਥਾ ਤੋਂ ਵਧ ਮੁਸ਼ੱਕਤ ਕਰਵਾਈ ਜਾਂਦੀ ਸੀ। ਉਦਾਹਰਣ ਦੇ ਤੌਰ ਤੇ ਹਰ ਇਕ ਕੈਦੀ ਤੋਂ ਤੀਹ ਪੌਂਡ ਨਾਰੀਅਲ ਦਾ ਤੇਲ ਕਢਵਾਇਆ ਜਾਂਦਾ ਸੀ। ਇਹ ਬਹੁਤ ਹੀ ਕਠਨ ਕਾਰਜ ਸੀ ਜਿਸ ਤੋਂ ਤੰਗ ਆਕੇ ਬਹੁਤ ਸਾਰੇ ਕੈਦੀ ਹਰ ਮਹੀਨੇ ਖੁਦਕਸ਼ੀ ਕਰ ਲੈਂਦੇ ਸਨ। ਬਾਬਾ ਜਵਾਲਾ ਸਿੰਘ ਨੇ ਇਸ ਮੁਸ਼ੱਕਤ ਨੂੰ ਗੈਰ ਕਾਨੂੰਨੀ ਆਖਦਿਅੰ ਕੈਦੀਆਂ ਨੂੰ ਲਾਮ ਬੰਦ ਕੀਤਾ ਤੇ ਸੰਘਰਸ਼ ਰਾਹੀ ਇਹ ਅਣ ਮਨੁੱਖੀ ਵਰਤਾਰਾ ਬੰਦ ਵੀ ਕਰਵਾਇਆ। ਇਸ ਅੰਦੋਲਨ ਦੀ ਕੀਮਤ ਵੀ ਜਵਾਲਾ ਸਿੰਘ ਨੂੰ ਹੀ ਸਭ ਤੋਂ ਵੱਧ ਤਾਰਨੀ ਪਈ ਉਨ੍ਹਾਂ ਨੂੰ ਛੇ ਮਹੀਨੇ ਖੜੀ ਹੱਥ ਕੜੀ ਛੇ ਮਹੀਨੇ ਕੋਠੀ ਬੰਦ ਰੱਖਣ ਤੇ ਡੰਡਾ ਬੇੜੀ ਦੀ ਸਜਾ ਦਿੱਤੀ ਗਈ। ਇਸ ਸਾਰੀ ਸਜ਼ਾ ਦੇ ਨਾਲ ਨਾਲ ਉਨ੍ਹਾਂ ਨੂੰ ਬਹੁਤ ਹੀ ਘੱਟ ਖੁਰਾਕ ਦਿੱਤੀ ਜਾਂਦੀ ਸੀ। ਅਜਿਹੀਆਂ ਸਜ਼ਾਵਾਂ ਬਾਬਾ ਜਵਾਲਾ ਸਿੰਘ ਤੇ ਉਨ੍ਹਾਂ ਸਾਥੀਆਂ ਲਈ ਹੀ ਰਾਖਵੀਆਂ ਸਨ ਜਿਹੜੇ ਇਸ ਅਣਮਨੁੱਖੀ ਮਸ਼ੱਕਤ ਦੇ ਖਿਲਾਫ ਸੰਘਰਸ਼ ਕਰ ਰਹੇ ਸਨ। ਜਦੋਂ ਬਾਬਾ ਜਵਾਲਾ ਸਿੰਘ ਤੇ ਸਾਥੀਅੰ ਦਾ ਸੰਘਰਸ਼ ਖਤਮ ਨਾ ਹੋਇਆ ਤਾਂ ਸਰਕਾਰ ਨੇ ਕੁਝ ਕੈਦੀਆਂ ਵਾਸਤੇ ਪਿੰਜਰੇ ਬਣਾ ਲਏ ਜਿਨ੍ਹਾਂ ਵਿਚ ਕੈਦੀ ਨਾ ਤਾਂ ਠੀਕ ਤਰਾਂ ਨਾਲ ਬੈਠ ਸਕਦਾ ਸੀ ਤੇ ਨਾ ਹੀ ਲੱਕ ਸਿੱਧਾ ਕਰ ਸਕਦਾ ਸੀ ਇਹ ਵਰਤਾਰਾ ਚਾਰ ਸਾਲ ਤੱਕ ਚਲਦਾ ਰਿਹਾ।ਲ ਕੈਦੀਆਂ ਨੂੰ ਨਾ ਸੂਰਜ ਦੇਖ ਦਿੱਤਾ ਗਿਆ ਨਾਂ ਹੀ ਧੁੱਪ ਛਾਂ।

ਜਿਹੜਾ ਅੰਦੋਲਨ ਗੈਰ ਮਨੁੱਖੀ ਮਸ਼ੱਕਤ ਦੇ ਖਿਲਾਫ  ਸੀ ਉਹ ਹੁਣ ਅੰਡੇਮਾਨ ਜਾਲ੍ਹ ਦੇ ਖਿਲਾਫ  ਹੀ ਹੋ ਗਿਆ ਸੀ। ਇਸ ਜੇਲ੍ਹ ਦੇ ਅਣਮਨੁੱਖੀ ਵਰਤਾਰੇ ਵਾਰੇ ਦੇਸ਼ ਦੇ ਅੰਦਰ ਬੁੱਧੀਜੀਵੀ  ਧਿਰਾਂ ਹੀ ਆਵਾਜ਼ ਬਲੰਦ ਕਰਨ ਲੱਗ ਪਈਅੰ ਸਨ। ਅੰਡੇਮਾਨ ਦੀ ਜੇਲ੍ਹ ਦੇ ਨਰਕ ਖਿਲਾਫ ਜੇਲ੍ਹ ਦੇ ਅੰਦਰ ਵੀ ਤੇ ਬਾਹਰ ਵੀ ਅੰਦੋਲਨ ਹੋਣ ਲੱਗੇ। ਸਿੱਟੇ ਵਜੋਂ 1920 ਵਿਚ ਰਾਇਲ ਅੰਡੇਮਾਨ ਕਮਿਸ਼ਨ ਨੇ ਜੇਲ੍ਹ ਦਾ ਦੌਰਾ ਕੀਤਾ ਤੇ ਜੇਲ੍ਹ ਦੀਆਂ ਭੈੜੀਆਂ ਹਾਲਤਾਂ ਦੇਖ ਕੇ ਸਾਰੇ ਕੈਦੀ ਮੁਲਕ ਦੀਆਂ ਜੇਲ੍ਹ ਵਿਚ ਹੀ ਤਬਦੀਲ ਕਰਨ ਦੀ ਸ਼ਿਫਾਰਸ਼ ਕੀਤੀ ਗਈ। 1921 ਇਚ ਇਹ ਅਣਮਨੁੱਖੀ ਜੇਲ੍ਹ ਰਾਜਸੀ ਕੈਦੀਆਂ ਲਈ ਬੰਦ ਕਰ ਦਿੱਤੀ ਗਈ।

  ਉਸ ਸਮੇਂ ਬਾਬਾ ਜਵਾਲਾ ਸਿੰਘ ਜੀ ਵੀ ਸਾਥੀਆਂ ਸਮੇਤ ਬੰਗਾਲ ਦੀ ਜੇਲ੍ਹ ਕੈਂਮਬਟੋਂਰ ਵਿਚ ਤਬਦੀਲ ਕਰ ਦਿੱਤੇ ਗਏ। ਇਹ ਮੋਪਲਿਆਂ ਦੇ ਗਦਰ ਦਾ ਜਮਾਨਾ ਸੀ। ਹਜਾਰਾ ਦੀ ਗਿਣਤੀ ਵਿਚ ਮੋਪਲੇ ਕੈਂਮਬਟੋਰ ਜੇਲ੍ਹ ਵਿਚ ਬਾਬਾ ਜਵਾਲਾ ਸਿੰਘ ਨਾਲ ਕੈਦ ਸਨ। ਇਨ੍ਹਾਂ ਕੈਦੀਆਂ ਲਈ ਜੇਲ੍ਹ ਵਿਚ ਨਾ ਖਾਣ ਦਾ ਵਧੀਆ ਪ੍ਰਬੰਧ ਤੇ ਨਾ ਹੀ ਰਹਾਇਸ਼ ਦਾ, ਜੇਲ੍ਹ ਵਿਚ ਮੋਪਲਿਆਂ ਦੇ ਬੱਚੇ,ਔਰਤਾਂ ਤੇ ਖੁਦ ਉਹ ਭੁੱਖੇ ਮਰ ਰਹੇ ਸਨ। ਪੰਜਾਬੀ ਕੈਦੀਆਂ ਲਈ ਵੱਖਰਾ ਖਾਣ ਪੀਣ ਦਾ ਪ੍ਰਬੰਧ ਸੀ। ਬਾਬਾ ਜਵਾਲਾ ਸਿੰਘ ਅੰਦੋਲਨਕਾਰੀ ਮੋਪਲਿਆਂ ਦੇ ਬੱਚਿਆਂ ਨੂੰ ਆਪਣੀ ਰੋਟੀ ਵਿਚੋ ਰੋਟੀ ਦੇ ਦਿਆ ਕਰਦੇ ਸਨ। ਜੋ ਜੇਲ੍ਹ ਪ੍ਰੰਬਧਕਾਂ ਨੂੰ ਹਰਗਿਜ ਮੰਜੂਰ ਨਹੀਂ ਸੀ। ਜੇਲ੍ਹਰ ਨੇ ਕਈ ਵਾਰ ਬਾਬਾ ਜੀ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਸੀ ਪਰ ਬਾਬਾ ਜੀ ਲਈ ਇਹ ਸੰਭਵ ਹੀ ਨਹੀਂ ਸੀ ਕਿ ਦੇਸ਼ ਦੇ ਬੱਚੇ ਭੁੱਖੇ ਵਿਲਕ ਰਹੇ ਹੋਣ ਤੇ ਬਾਬਾ ਜੀ ਰੱਜ ਕੋੇ ਰੋਟੀ ਖਾ ਲੈਣ। ਬਾਬਾ ਜੀ ਨੇ ਉਨ੍ਹਾਂ ਵਾਸਤੇ ਜੇਲ੍ਹ ਵਿਚ ਭੁੱਖ ਹੜਤਾਲ ਕਰ ਦਿੱਤੀ। ਜੇਲ੍ਹ ਹਾਕਮ ਤਾਂ ਪਹਿਲਾਂ ਹੀ ਚਿੜੇ ਬੈਠੇ ਸਨ। ਹੁਣ ਉਨ੍ਹਾਂ ਨੂੰ ਬਹਾਨਾ ਮਿਲ ਗਿਆ ਸੀ ਉਨ੍ਹਾਂ ਨੇ ਬਾਬਾ ਜੀ ਨੂੰ ਆਪਣੇ ਖਾਣੇ ਵਿਚੋ ਮੋਪਲਿਆਂ ਦੇ ਬੱਚਿਆਂ ਨੂੰ ਖਾਣਾ ਦੇਣ ਦੇ ਜੁਰਮ ਵਿਚ ਤੀਂਹ ਬੈਂਤਾਂ ਦੀ ਸਜਾ ਸੁਣਾ ਦਿੱਤੀ। ਬਾਬਾ ਜਵਾਲਾ ਸਿੰਘ ਜੀ ਨੂੰ ਤੀਹ ਬੈਤਾਂ ਲਈ ਟਿਕਟਿਕੀ ਤੇ ਚਾੜ੍ਹ ਲਿਆ ਗਿਆ। ਬਾਬਾ ਜੀ ਨੇ ਫਿਰ ਹੱਸਦੇ ਹੱਸਦੇ ਇਹ ਸਜਾ ਬਰਦਾਸਤ ਕੀਤੀ। ਇਸ ਭੁੱਖ ਹੜਤਾਲ ਵਿਚ ਬਾਬਾ ਜੀ ਦਾ ਭਾਰ ਘੱਟਕੇ ਦੋ ਸੌ ਪੌਂਡ ਤੋਂ ਸੌ ਪੌਂਡ ਹੀ ਰਹਿ ਗਿਆ ਸੀ। ਜੇਲ੍ਹ ਦੀ ਬੱਦਸਲੂਕੀ ਵਿਰੁਧ ਬਾਬਾ ਜੀ ਨੂੰ ਜਾਨ ਦੀ ਬਾਜੀ ਲਾਉਣੀ ਪੈਦੀ ਤਾਂ ਉਹ ਇਹ ਵੀ ਲਾ ਦਿੰਦੇ। ਪਰ ਸਰਕਾਰ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਭੰਡਾਰਾ ਜੇਲ੍ਹ ਸੀ.ਪੀ. ਵਿਚ ਬਦਲ ਦਿੱਤਾ। ਬਾਬਾ ਜੀ ਨੇ ਇਸ ਤਰ੍ਹਾਂ ਸੰਘਰਸ ਕਰਕੇ ਆਪਣੀਆਂ ਜੇਲ੍ਹ ਸੰਬੰਧੀ ਸਾਰੀਆਂ ਮੰਗਾਂ ਮਨਵਾ ਲਈਆਂ।

ਦੇਸ਼ ਵਿਚ ਗ਼ਦਰ ਕਰਕੇ ਦੇਸ਼ ਨੂੰ ਆਜਾਦ ਕਰਵਾਉਣ ਆਏ ਗ਼ਦਰੀਆਂ ਦੀਆਂ ਸਜਾਵਾਂ ਪੂਰੀਆਂ ਹੋ ਚੱਕੀਆਂ ਸਨ ਪਰ ਸਰਕਾਰ ਰਿਹਆ ਕਰਨ ਦਾ ਨਾਮ ਤਕ ਨਹੀਂ ਸੀ ਲੈਦੀ ਸਗੋ ਕਿਸੇ ਆਨੇ ਬਹਾਨੇ ਜੇਲ੍ਹਾਂ ਅੰਦਰ ਹੋਰ ਤੇ ਹੋਰ ਤਸੀਹੇ ਦਿੱਤੇ ਜਾ ਰਹੇ ਸਨ। ਇਸ ਵਿਰੁਧ ਘੋਲ ਵੀ ਜੇਲ੍ਹਾਂ ਦੇ ਅੰਦਰ ਹੀ ਲੜ੍ਹਿਆ ਗਿਆ। ਜੇਲ੍ਹ ਦੇ ਅੰਦਰ ਕੈਦੀਆਂ ਨੇ ਫਿਰ ਭੁੱਖ ਹੜਤਾਲ ਕਰ ਦਿੱਤੀ ਸਰਕਾਰ ਨੂੰ ਕੈਦੀ ਛੱਡਣੇ ਪਏ, ਤਾਂ ਜਾ ਕੇ ਬਾਬਾ ਜਵਾਲਾ ਸਿੰਘ ਜੀ 1933 ਵਿਚ ਰਿਹਾ ਹੋਏ। ਇਹ ਗ਼ਦਰੀਅੰ ਦੀ ਬੜੀ ਵੱਡੀ ਜਿੱਤ ਸੀ।

  ਇਸੇ ਸਾਲ ਕਾਬਲ ਦੀ ਹਕੂਮਤ ਦੇ  ਖਿਲਾਫ ਚਲ ਰਹੇ ਘੋਲ ਵਿਚ ਸ਼ਾਮਲ  ਹੋ ਗਏ। ਪੰਜਾਬ ਵਿਚ ਵੀ ਇਹ ਜੋਰਾਂ ਉਪਰ ਸੀ। ਜਵਾਲਾ ਸਿੰਘ ਜੇਲ੍ਹ ਵਿੱਚੋਂ ਰਿਹਾ ਹੁੰਦੇ ਹੀ ਇਸ ਅੰਦੋਲਨ ਵਿਚ ਪ੍ਰਵੇਸ਼ ਕਰ ਗਏ।  ਇਸੇ ਸਮਏ ਦੌਰਾਨ ਸ਼ਹੀਦ ਭਾਗ ਸਿੰਘ ਹੁਰਾਂ ਦੀ  ਸਪੁੱਤਰੀ ਸਖਤ ਬਿਮਾਰ ਹੋ ਗਏ ਉਨ੍ਹਾਂ ਦੀ ਦੇਖ ਭਾਲ ਦੀ ਜੁੰਮੇਵਾਰੀ ਵੀ ਆਪ ਨੂੰ ਹੀ ਸੌਪੀ ਗਈ। ਪਰ ਬੜੇ ਯਤਨਾ ਨਾਲ ਵੀ ਸ਼ਹੀਦ ਦੀ ਇਮਾਨਤ ਨੂੰ ਬਚਾ ਨਾ ਸਕੇ। 1934, ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੇ ਐਕਟਿੰਗ ਪ੍ਰਧਾਨ ਬਣੇ ਤੇ ਸ਼ਹੀਦਾਂ ਦੇ ਪਰਿਵਾਰਾਂ ਲਈ ਚੰਦਾ ਇਕੱਠਾ ਕਰਨ ਲਈ ਸਾਰੇ ਦੇਸ਼ ਦਾ ਭਰਮਣ ਕੀਤਾ। ਇਸੇ ਸਾਲ ਆਪ ਨੂੰ  ਕਿਰਤੀ ਅਖਬਾਰ ਦੇ ਮੈਨੇਜਰ ਦੀ ਡੀਉਟੀ ਵੀ ਸੌਪ ਦਿੱਤੀ ਗਈ। 1935 ਦੇ ਸਾਲ ਆਪ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ ਇਕ ਸਾਲ ਦੀ ਸਖਤ ਸਜਾ ਹੋਈ। ਜਦੋਂ ਹੀ ਬਾਬਾ ਜੀ ਰਿਹਾ ਹੋਏ ਉਸੇ ਸਾਲ ਨਵੀਂ ਰਾਜ ਬਣਤਰ ਹੇਠ ਚੋਣਾ ਦੀ ਤਿਆਰੀ ਹੋ ਰਹੀ ਸੀ। ਇਸ ਵਿਚ ਸੋਸਲਿਸਟ ਉਮੀਦਵਾਰਾਂ ਨੂੰ ਸਫਲ ਬਨਾਉਣ ਲਈ ਦੇਸ਼ ਭਗਤ ਇਲੈਕਸ਼ਨ ਬੋਰਡ ਕਾਇਮ ਕੀਤਾ ਗਿਆ ਜਵਾਲਾ ਸਿੰਘ ਜੀ ਇਸ ਬੋਰਡ ਦੇ ਪ੍ਰਧਾਨ ਬਣੇ।

ਚੋਣਾ ਦੇ ਸੰਬੰਧ ਵਿਚ ਘੁੰਮਣ 'ਤੇ ਤਲਖ ਤਜਰਬਾ ਹੋਇਆ ਕਿ ਦੇਸ਼ ਨੂੰ ਅੰਨ ਦੇਣ ਵਾਲੇ ਕਿਸਾਨ ਦੀ ਹਾਲਤ ਤਾਂ ਬਹੁਤ ਮਾੜੀ ਹੈ ਤੇ ਇਸ ਦਾ ਇਕੋ ਇਕ ਕਾਰਨ ਕਿਸੇ ਜਥੇਬੰਦੀ ਦੀ ਅਣਹੋਂਦ ਹੀ ਸੀ। ਬਾਬਾ ਜੀ ਨੇ ਪੰਜਾਬ ਦੇ ਕਿਸਾਨਾ ਦੀ ਪਹਿਲੀ ਜਥੇਬੰਦੀ ਬਣਾਈ। ਥੋੜੇ ਹੀ ਸਮੇਂ ਵਿਚ,75000 ਕਿਸਾਨ ਇਸ ਦੇ ਮੈਬਰ ਬਣ ਗਏ। ਇਸ ਜਥੇਬੰਦੀ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਵੀ ਬਾਬਾ ਜੀ ਦੇ ਸਿਰ ਹੀ ਸੀ। ਨੀਲੀਬਾਰ ਵਿਚ ਜਦੋਂ 50,000 ਮੁਜਾਰਿਆਂ ਨੇ ਜਿੰਮੀਂਦਾਰਾਂ ਦੇ ਜੁਲਮਾਂ ਵਿਰੁਧ ਹੜਤਾਲ ਕੀਤੀ ਤਾਂ ਬਾਬਾ ਜੀ ਆਪਣੇ ਸਾਥੀਆਂ ਨਾਲ ਉਸ ਅੰਦੋਲਨ ਵਿਚ ਸ਼ਾਮਲ ਹੋ ਗਏ।

ਆਪਣੀ ਜਿੰਦਗੀ ਦੀ ਆਖਰੀ ਲੜਾਈ ਉਨ੍ਹਾਂ ਨੇ ਨੀਲੀਬਾਰ ਵਿਚ ਲੜੀ। ਜਦੋਂ  50,000 ਮੁਜ਼ਾਰਿਆਂ ਨੇ ਜਿੰਮੀਦਾਰਾਂ ਦੇ ਜੁਲਮੋਂ ਸਿਤਮ ਦੇ ਵਿਰੁਧ ਹੜਤਾਲ ਕੀਤੀ ਸੀ। ਬਾਬਾ ਜੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘੋਲ ਦਾ ਸਾਥ ਦੇਣ ਲਈ ਉੱਥੇ ਪਹੁੰਚੇ ਸਨ ਤੇ ਮੁਜ਼ਾਰਿਆਂ ਦੀ ਧਿਰ ਬਣਕੇ ਖੜ ਗਏ ਸਨ। ਇਸ ਸੰਘਰਸ਼ ਨੂੰ ਦੇਸ਼ ਵਿਆਪੀ ਹੁੰਗਾਰਾ ਮਿਲਣ ਨਾਲ ਮੁਜ਼ਾਰਿਆਂ ਦੀ ਜਿੱਤ ਹੋਈ ਸੀ। ਬਾਬਾ ਭਗਤ ਸਿੰਘ ਬਿਲਗਾ ਨੇ ਲਿਖਿਆ ਹੈ ਕਿ '' ਇਹ ਮੁਜ਼ਾਰਿਆਂ ਦੀ ਪਹਿਲੀ ਵੱਡੀ ਜਿੱਤ ਸੀ।''

1938,ਵਿਚ  ਕੋਮੀਲਾ (ਬੰਗਾਲ) ਵਿਚ ਹੋਣ ਵਾਲੀ  ਆਲ ਇੰਡੀਆ ਕਿਸਾਨ ਕਾਨਫਰੰਸ  ਵਿਚ ਸ਼ਾਮਲ ਹੋਣ ਲਈ ਇਸੇ ਦੀਆਂ  ਤਿਆਰੀਆਂ ਦੇ ਸੰਬੰਧ ਵਿਚ 6, ਮਈ 1938, ਵਿਚ ਬੱਸ ਰਾਹੀ ਲਾਹੌਰ ਨੂੰ ਜਾ ਰਹੇ ਸਨ। ਰਸਤੇ ਵਿਚ ਦੋ ਬੱਸਾਂ ਦੀ ਭਿਆਨਕ ਟੱਕਰ ਹੋ ਗਈ। ਬਾਬਾ ਜੀ ਨੂੰ ਵੀ ਸਖਤ ਚੋਟਾਂ ਲੱਗੀਆਂ। ਚਾਰ ਪੱਸਲੀਆਂ ਟੁੱਟ ਗਈਆਂ ਤੇ ਖੱਬੀ ਬਾਂਹ ਵੀ ਚੂਰ ਚੂਰ ਹੋ ਗਈ। ਅਣਗਿਣਤ ਸੱਟਾਂ ਦੀ ਤਾਬ ਝੱਲਦੇ ਹੋਏ ਵੀ ਬਾਬਾ ਜਵਾਲਾ ਸਿੰਘ ਜੀ ਪੂਰੀ ਹੋਸ਼ ਵਿਚ ਸਨ। ਕਿਸਾਨ ਅੰਦੋਲਨ ਨੂੰ ਲਾਮਬੰਦ ਕਰਨ ਵਾਲਾ ਇਹ ਯੋਧਾ ਆਖਰ ਆਪਣੇ ਖੂਨ ਦੇ ਆਖਰੀ ਕਿਣਕੇ ਨਾਲ ਇਸ ਲਹਿਰ ਨੂੰ ਸਿੰਜਕੇ 9, ਮਈ 1938 ਨੂੰ ਸਵੇਰੇ ਸਵੱਖਤੇ ਹੀ ਇਸ ਜਹਾਨ ਤੋਂ ਕੂਚ ਕਰ ਗਿਆ। ਡਾ. ਭਾਗ ਸਿੰਘ ਸਾਰੀ ਉਮਰ ਬਾਬਾ ਜੀ ਦੇ ਨਾਲ ਰਹੇ.। ਉਨ੍ਹਾਂ ਨੇ ਜਵਾਲਾ ਸਿੰਘ ਜੀ ਬਾਰੇ ਇਕ ਛੋਟੀ ਕਿਤਾਬ ਲਿਖੀ ਸੀ। ਜਿਨ੍ਹੰ ਦੇ ਮੁਤਾਬਕ ਜਦੋਂ ਬਾਬਾ ਜੀ ਦੀ ਮੌਤ ਹੋਈ ਉਹ 72 ਸਾਲਾਂ ਦੇ ਸਨ। ਇਸ ਅਨੁਮਾਨ ਨਾਲ ਅਸਈ ਇਹ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਜਨਮ 1866 ਈ. ਵਿਚ ਬਾਬਾ ਬਕਾਲਾ ਲਾਗੇ ਪਿੰਡ ਠੱਠੀਆਂ ਵਿਚ ਹੋਇਆ ਸੀ। ( ਮੈਨੂੰ ਅਫਸੋਸ ਹੇੈ ਕਿ ਮੈਂ ਉਨ੍ਹਾਂ ਜੀ ਜਨਮ ਤਰੀਕ ਤੇ ਮਾਤਾ ਪਿਤਾ ਜੀ ਬਾਰੇ ਠੀਕ ਜਾਣਕਾਰੀ ਇਕੱਠੀ ਨਹੀਂ ਕਰ ਸਕਿਆ )

ਕਿਸੇ  ਵੇਲੇ ਅਮਰੀਕਾ ਵਿਚ ਆਲੂਆ ਦਾ ਬਾਦਸ਼ਾਹ ਕਹਾਉਣ ਵਾਲਾ ਉਹ ਸਿਰੜੀ ਇਨਕਲਾਬੀ ਆਪਣੇ  ਪਿਛੱੇ ਰੋਦੇ ਵਿਲਕਦੇ ਕਰੋੜਾਂ ਲੋਕਾਂ ਦੇ ਕਾਫਲੇ ਨੂੰ ਅਲਵਿਦਾ ਆਖ ਗਿਆ ਜਦੋਂ ਦੇਸ਼  ਨੂੰ ਉਸ ਦੀ ਅੰਤਾਂ ਦੀ ਲੋੜ ਸੀ। ਪਿੰਡ ਪਿੰਡ ਫਿਰਨ ਵਾਲਾ ਬੇਗਰਜ ਇਨਕਲਾਬੀ ਆਪਣੇ  ਵਾਰਸਾਂ ਲਈ ਛੱਡ ਗਿਆ ਆਪਣੀ ਅਣਖਾਂ ਵਾਲੀ ਬੇਦਾਗ ਪੱਗ ਤੇ ਫਿਕਰਾਂ ਦਾ ਪ੍ਰਤੀਕ ਮੋਢੇ ਦਾ ਸਾਫਾ । ਜਿਹੜਾ ਉਸ ਦੇ ਖੂਨ ਪਸੀਨੇ ਦੀ ਕਮਾਈ ਦਾ ਗਵਾਹ ਹੈ। ਭਾਰਤੀ ਅਜਾਦੀ ਦੇ ਇਤਿਹਾਸ ਵਿਚ ਬਾਬਾ ਜਵਾਲਾ ਸਿੰਘ ਠੱਠੀਆਂ ਦਾ ਜਿਕਰ ਉਦੋ ਤਕ ਹੁੰਦਾ ਰਹੇਗਾ ਜਦੋਂ ਤਕ ਅਜਾਦੀ ਦੇ ਘੋਲਾਂ ਦੀ ਗੱਲ ਚੱਲੇਗੀ। ਜਦ ਕਦੇ ਵੀ ਜੰਗੇ ਅਜਾਦੀ ਦਾ ਜਿਕਰ ਆਏਗਾ ਇਸ ਲਈ ਲ਼ੜੇ ਗਏ ਘੋਲਾਂ ਦਾ ਜਿਕਰ ਹੋਏਗਾ ਤਾਂ ਗਦਰ ਪਾਰਟੀ ਦਾ ਜਿਕਰ ਹੋਏਗਾ,ਗਦਰ ਪਾਰਟੀ ਦੇ ਸੁਨਿਹਰੀ ਵਰਕੇ ਜਦ ਕਦੇ ਵੀ ਫਰੋਲੇ ਜਾਣਗੇ ਤਾਂ ਇਸ ਜਾਂਬਾਜ ਯੋਧੇ ਦਾ ਜਿਕਰ ਹਰ ਮੀਟਿੰਗ ਵਿਚ ਹੋਵੇਗਾ। ਹਰ ਐਕਸ਼ਨ ਵਿਚ ਹੋਵੇਗਾ। ਜੇ ਅੰਗਰੇਜਾਂ ਵਲੋ ਕੀਤੇ ਗਏ ਤਸ਼ੱਦਦ ਦੀ ਹੀ ਗਲ ਕੀਤੀ ਜਾਵੇ ਜਾਂ ਵੀ ਬਾਬਾ ਜਵਾਲਾ ਸਿੰਘ ਜੀ ਦਾ ਜਿਕਰ ਉਨ੍ਹਾਂ ਲੋਕਾਂ ਵਿਚ ਆਵੇਗਾ ਜਿਨ੍ਹਾਂ ਨੇ ਆਪਣੇ ਪਿੰਡਿਆਂ ਤੇ ਅੰਤਾਂ ਦਾ ਤਸ਼ੱਦਦ ਸਹਾਰਿਆ ਪਰ ਮੂਹੋ ਸੀ ਤਕ ਨਹੀਂ ਕੀਤੀ। ਬਾਬਾ ਜਵਾਲਾ ਸਿੰਘ ਦਾ ਜੀਵਨ ਬ੍ਰਿਤਾਂਤ ਇਸ ਲਈ ਵੀ ਰੋਚਕ ਹੈ ਕਿਉਕੇ ਲੰਮੀਆਂ ਸਜਾਵਾਂ ਕੱਟਣ ਤੋਂ ਬਾਅਦ ਵੀ ਸੰਘਰਸ਼ ਜਾਰੀ ਰੱਖਣ ਵਾਲਾ ਇਹ ਯੋਧਾ ਨਾ ਕਦੇ ਡੋਲਿਆ ਨਾ ਕਦੇ ਡਰਿਆ। ਦੇਸ਼ ਨੂੰ ਆਜ਼ਾਦ ਦੇਖਣ ਦੀ ਐਸੀ ਧੁਨ ਲੱਗੀ ਕਿ ਤਨ ਮਨ ਧਨ ਸਭ ਦੇਸ਼ ਦੀ ਅਜਾਦੀ ਲਈ ਕੁਰਬਾਨ ਕਰ ਦਿਤਾ।
-ਡਾ. ਤੇਜਿੰਦਰ ਵਿਰਲੀ

Sunday 27 January 2013

ਆਮ ਆਦਮੀ ਪਾਰਟੀ ਤੇ ਭਾਰਤੀ ਲੋਕਤੰਤਰ

ਇਕ ਤੋਂ ਬਾਦ ਇਕ ਘੁਟਾਲੇ ਦਾ  ਪਰਦਾਫਾਸ ਕਰਨ ਤੋਂ ਬਾਦ ਹੁਣ ਅਰਵਿੰਦ ਕੇਜਵਰੀਵਾਲ ਤੇ ਉਨ੍ਹਾਂ ਦੀ ਟੀਮ ਨੇ ' ਆਮ ਆਦਮੀ ਪਾਰਟੀ ' ਬਣਉਣ ਦਾ ਐਲਾਨ ਕਰ ਦਿੱਤਾ ਹੈ। ਜਿਸ ਬਾਰੇ ਉਨ੍ਹਾਂ ਨੇ ਸੰਕੇਤ ਬਹੁਤ ਚਿਰ ਪਹਿਲਾਂ ਹੀ ਕਰ ਦਿੱਤਾ ਸੀ। ਪਾਰਟੀ ਬਣਾਉਣ ਨੂੰ ਲੈਕੇ ਹੀ ਟੀਮ ਅੰਨਾਂ ਵਿਚ ਦੋਫਾੜ ਹੋਇਆ ਸੀ ਪਰ ਟੀਮ ਕੇਜਰੀਵਾਲ ਨੇ ਟੀਮ ਅੰਨਾਂ ਤੋਂ ਵੱਖ ਹੋਕੇ ਆਪਣੀ ਵੱਖਰੀ ਹੋਂਦ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਇਸ ਗੱਲ ਦਾ ਅਹਿਸਾਸ ਵੀ ਭਾਰਤ ਦੇ ਆਮ ਲੋਕਾਂ ਨੂੰ ਕਰਵਾ ਦਿੱਤਾ ਹੈ ਭਾਰਤ ਦੀ ਸਤਾ ਉਪਰ ਕਾਬਜ ਧਿਰਾਂ ਤੇ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀਆਂ ਰਾਜਸੀ ਧਿਰਾਂ ਦਾ 
ਨਾਪਾਕ ਗਠਜੋੜ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ।                 

ਅਰਵਿੰਦ ਕੇਜਰੀਵਾਲ ਨੇ ਪਿੱਛਲੇ ਦਿਨ੍ਹਾਂ ਵਿਚ ਮੀਡੀਆ ਦੇ ਸਾਹਮਣੇ ਸਬੂਤਾਂ ਸਮੇਤ ਇਲਜਾਮ ਲਾਏ  ਕਿ ਸੋਨੀਆਂ ਦੇ ਜਵਾਈ ਸ਼੍ਰੀ ਰਾਬਰਟ ਵਡੇਰਾਂ ਨੇ ਸਰਕਾਰ ਦੇ ਨਾਲ ਆਪਣੀ ਨਜ਼ਦੀਕੀ ਰਿਸ਼ਤੇਦਾਰੀ ਦੇ ਪ੍ਰਭਾਵ ਕਰਕੇ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਈ ਹੈ।  ਇਸ ਚਰਚਾ ਨੂੰ  ਮੀਡੀਏ ਨੇ ਸਰਕਾਰ ਦੇ ਲਾਲਚਾ ਤੇ ਸੰਭਾਵੀ ਨਰਾਜਗੀ ਦੀ ਪ੍ਰਵਾਹ ਨਾ ਕਰਦਿਆਂ ਬਣਦੀ ਥਾਂ ਦਿੱਤੀ ਸੀ। 
 

ਉਸ ਦੇ ਬਚਾਅ ਲਈ ਸਾਰੀ ਕੇਂਦਰੀ ਸਰਕਾਰ ਤੇ ਕਾਂਗਰਸ ਪਾਰਟੀ ਵੱਡੀ ਧਿਰ ਬਣਕੇ ਆ ਗਈ ਸੀ। ਉਨ੍ਹਾਂ ਦਾ ਉਹ ਹੀ ਘਸਿਆ ਪਿਟਿਆ ਤਰਕ ਹੈ ਕਿ ਇਹ ਸਾਰੇ ਦੋਸ਼ ਬੇ ਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਤ ਹਨ। ਇਸ ਕਰਕੇ ਇਨ੍ਹਾਂ ਦੀ ਜਾਂਚ ਕਰਵਾਉਣ ਦੀ ਵੀ ਕੋਈ ਜਰੂਰਤ ਨਹੀਂ ਹੈ।
 

ਕੇਜ਼ਰੀਵਾਲ ਦਾ ਦੂਸਰਾ ਬੰਬ ਬੀ.ਜੇ.ਪੀ ਉਪਰ ਡਿਗਿਆ, ਦੇਸ਼ ਦੀ ਵੱਡੀ ਵਿਰੋਧੀ ਧਿਰ ਦਾ ਪ੍ਰਧਾਨ ਸ਼੍ਰੀ ਨਿਤਿਨ ਗਟਕਰੀ ਕਿਵੇ ਇਕ ਸਧਾਰਨ ਵਿਅਕਤੀ ਤੋਂ ਕੁਝ ਸਾਲਾਂ ਵਿਚ ਹੀ ਮਾਲੋਂ ਮਾਲ ਹੋਕੇ ਆਮ ਤੋਂ ਖਾਸ ਹੋ ਗਿਆ। ਜੋ ਵਡੇਰਾ ਦੇ ਸੰਬੰਧ ਵਿਚ ਕਾਂਗਰਸ ਨੇ ਕੀਤਾ ਉਸੇ ਤਰ੍ਹਾਂ ਦਾ ਇਮਾਨਦਾਰੀ ਦਾ ਸਾਰਟੀਫੀਕੇਟ ਨਿਤਿਨ ਗਟਕਰੀ ਨੂੰ ਵੀ ਉਸ ਦੀ ਪਾਰਟੀ ਤੇ ਸਹਿਯੋਗੀਆਂ ਨੇ ਦੇ ਦਿੱਤਾ ਹੈ। ਭਾਂਵੇ ਕਿ ਨਿਤਿਨ ਗਟਕਰੀ ਨੂੰ  ਪਾਰਟੀ ਅੰਦਰਲੇ ਉਸ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।

ਕੇਜਰੀਵਾਲ ਦਾ ਤੀਸਰਾ ਵਾਰ  ਰੀਲਾਇਸ ਕੰਪਣੀ ਉਪਰ ਸੀ ਇਸ ਕੰਪਣੀ ਨੂੰ ਭਾਰਤ ਦੀਆਂ ਹੁਣ ਤੱਕ ਦੀਆਂ ਸਭ ਸਰਕਾਰਾਂ ਨੇ ਕਿਵੇਂ ਰਾਸਟਰ ਨਾਲੋਂ ਵੱਡਿਆਂ ਕੀਤਾ?  ਇਸ ਦੇ ਬਦਲੇ ਵਿਚ ਰੀਲਾਇਸ ਮਦਦ ਕਰਨ ਵਾਲੀਆਂ ਧਿਰਾਂ ਨੂੰ ਕਿੱਦਾਂ ਲਾਭ ਪਹੁੰਚਾਦੀ ਹੈ। ਇਸ ਵਰਤਾਰੇ ਦੀਆਂ ਸਾਰੀਆਂ ਤੈਆਂ ਕੇਜਰੀਵਾਲ ਦੀ ਟੀਮ ਨੇ ਖੋਲ੍ਹ ਦਿੱਤੀਆਂ ਹਨ। ਭਾਂਵੇ ਰੀਲਾਇਸ ਸਮੇਤ ਸਾਰੀਆਂ ਹੀ ਧਿਰਾਂ ਨੇ ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਐਲਾਨ ਆਪੇ ਹੀ ਕਰ ਦਿੱਤਾ ਹੈ ਪਰ ਆਮ ਆਦਮੀ ਇਸ ਸਾਰੇ ਵਰਤਾਰੇ ਨੂੰ ਪੜ੍ਹ ਤੇ ਸਮਝ ਰਿਹਾ ਹੈ, ਕਿ ਦੇਸ਼ ਵਿਚ ਆਖਰ ਕੀ ਕੀ ਹੋ ਰਿਹਾ ਹੈ?

ਦੇਸ਼ ਵਿਚ ਠੱਗੀਆਂ ਮਾਰਕੇ ਕਮਾਏ  ਕਾਲੇ ਧੰਨ ਦੇ ਅੰਬਾਰ ਸੰਸਾਰ ਦੀਆਂ ਵੱਖ  ਵੱਖ ਬੈਂਕਾਂ ਵਿਚ ਕਿਵੇਂ ਲੱਗੇ ਹੋਏ ਹਨ?  ਕੇਜਰੀਵਾਲ ਨੇ ਆਪਣੀ ਰਾਜਸੀ ਪਾਰਟੀ  ਬਣਾਉਣ ਤੋਂ ਪਹਿਲਾਂ ਹੀ ਇਸ ਕਠਿਨ ਕਾਰਜ ਨੂੰ ਵੀ ਆਰੰਭ ਦਿੱਤਾ ਹੈ।

ਟੀਮ ਕੇਜਰੀਵਾਲ ਨੇ ਉਹ ਸਪੇਸ ਮੱਲ ਲਈ ਹੈ ਜਿਹੜੀ ਭਾਰਤ ਦੀਆਂ ਰਾਜਸੀ ਪਾਰਟੀਆਂ ਨੇ ਸਾਰੇ ਦੇਸ਼ ਵਿਚ ਹੀ ਖਾਲੀ ਛੱਡੀ ਹੋਈ ਸੀ। ਕੇਜਰੀਵਾਲ ਦੀ ਪਾਰਟੀ ਦੀ ਜਿੰਨੀ ਸਮਰਥਾ ਹੈ ਉਹ ਉਸ ਤੋਂ ਵੱਧਕੇ ਕੰਮ ਕਰ ਰਹੀ ਹੈ। ਇਸ ਪਾਰਟੀ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਹੈ ਉਹ ਹੈ ਕਿ ਭਾਰਤੀ ਰਾਜਨੀਤੀ ਵਿਚ ਸਰਗਰਮ ਵੱਖ ਵੱਖ ਪਾਰਟੀਆਂ ਨੂੰ ਇਕੋਂ ਥਾਲੀ ਦੇ ਚੱਟੇ ਵੱਟੇ ਸਿੱਧ ਕਰ ਦਿੱਤਾ ਹੈ। ਜਿਨ੍ਹਾਂ ਦਾ ਰਾਜਸੀ ਪ੍ਰੋਗਰਾਮ ਇਕੋ ਹੀ ਹੈ ਪਰ ਚੋਣ ਨਿਸ਼ਾਨ ਵੱਖਰੇ ਵੱਖਰੇ ਹਨ।

ਆਮ ਆਦਮੀ ਪਾਰਟੀ ਜਮਹੂਰੀਅਤ ਦੇ ਵਿਕੇਂਦਰੀਕਰਨ ਦੇ ਸਿਧਾਂਤ ਉਪਰ ਖੜੀ  ਹੈ। ਇਹ ਜਮਹੂਰੀਅਤ ਦਾ ਵਿਕੇਂਦਰੀਕਰਨ ਪਾਰਟੀ  ਦੇ ਅੰਦਰ ਵੀ ਲਾਗੂ ਰਹੇਗਾ ਤੇ ਸਰਕਾਰ ਦੇ ਅੰਦਰ ਵੀ। ਪਾਰਟੀ ਦਾ ਸਾਰਾ ਕੰਮ ਪਾਰਦਰਸ਼ੀ ਹੋਵੇਗਾ ਇਸ ਸੰਬੰਧੀ ਵੀ ਐਲਾਨ ਕੀਤਾ ਗਿਆ ਹੈ। ਪਾਰਟੀ ਦਾ ਨਾਮ ਕੇਜਰੀਵਾਲ ਨੇ ਤਜਵੀਜ ਕੀਤਾ ਹੈ। ਜਿਸ ਨੂੰ ਤਿੰਨ ਸੌ ਮੈਂਬਰੀ ਕੌਂਸਲ ਨੇ ਪ੍ਰਵਾਨ ਕੀਤਾ। ਇਸੇ ਕੌਂਸਲ ਨੇ ਵੀਹ ਮੈਂਬਰਾਂ ਦੀ ਕੌਮੀ ਅਗਜ਼ੈਕਟਿਵ ਚੁਣ ਲਈ ਹੈ ਜਿਹੜੀ ਦੇਸ਼ ਅੰਦਰ ਪਾਰਟੀ ਦੇ ਪਰਸਾਰ ਤੇ ਪ੍ਰਚਾਰ ਲਈ ਕੰਮ ਕਰੇਗੀ। ਇਸ ਕੌਸਲ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾ ਤੋਂ ਇਹ ਚੋਣਾਵੀ ਪ੍ਰਕਿਰਿਆ ਵਿਚ ਪੈ ਜਾਵੇਗੀ ਤੇ 2014 ਦੀਆਂ ਆਉਂਦੀਆਂ ਲੋਕ ਸਭਾਈ ਚੋਣਾ ਵਿਚ ਆਮ ਆਦਮੀ ਪਾਰਟੀ ਸਾਰੀਆਂ ਹੀ 545 ਸੀਟਾਂ ਉਪਰ ਚੋਣ ਲੜੇਗੀ। ਇਸ ਦੇ ਨਾਲ ਹੀ ਟੀਮ ਅੰਨਾਂ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਵਿਚ ਸ਼ਾਮਲ ਹੋਵੇਗੀ ਪਰ ਸ਼ਰਤ ਇਹ ਹੈ ਕੇ ਜੇ ਇਹ ਇਮਾਨਦਾਰ ਉਮੀਦਵਾਰਾਂ ਨੂੰ ਟਿਕਟ ਦੇਵੇਗੀ। ਇੱਥੇ ਇਹ ਗੱਲ ਖਾਸ ਤੋਰ ਉਪਰ ਮਹੱਤਵ ਦੀ ਲਿਖਾਇਕ ਹੈ ਕਿ ਟੀਮ ਅੰਨਾਂ ਅਜੇ ਵੀ ਆਮ ਆਦਮੀ ਪਾਰਟੀ ਦੇ ਨੇੜੇ ਹੀ ਹੈ।

ਦਿੱਲੀ ਵਿਚ ਜਿੱਥੋਂ ਇਸ ਟੀਮ  ਦਾ ਆਗਾਜ ਹੋ ਰਿਹਾ ਹੈ। ਉੱਥੇ ਲੋਕਾਂ ਦੇ ਮਨਾਂ ਵਿਚ ਉਤਸ਼ਾਹ ਵੀ ਹੈ ਤੇ ਇਕ ਆਸ  ਦੀ ਕਿਰਨ ਵੀ ਦਿਖਾਈ ਦਿੰਦੀ ਹੈ ਕਿ ਇਹ  ਲੋਕ ਹੁਣ ਤਬਦੀਲੀ ਚਾਹੁੰਦੇ ਹਨ।  ਸਿਆਸਤ ਦੀਆਂ ਵੱਡੀਆਂ ਹਸਤੀਆਂ ਇਸ ਗੱਲ  ਦੇ ਵੀ ਸੰਕੇਤ ਦਿੰਦੀਆਂ ਹਨ ਕਿ ਆਮ  ਆਦਮੀ ਪਾਰਟੀ ਨੂੰ ਇਹ ਸਭ ਕੁਝ  ਏਨਾਂ ਅਸਾਨ ਨਹੀਂ। ਕਿਉਂਕਿ ਭਾਰਤੀ ਲੋਕਤੰਤਰ  ਵਿਚ ਚੋਣਾ ਇਕ ਜਟਲ ਤੇ ਖਾਸ ਕਿਸਮ ਦਾ ਕਾਰਜ ਹੈ ਜਿਹੜਾ ਦੇਖਣ ਨੂੰ ਸਰਲ ਹੈ ਪਰ ਹੈ ਬੜਾ ਹੀ ਜਟਲ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਚੋਣਾ ਤੋਂ ਭੱਜ ਹੀ ਜਾਇਆ ਜਾਵੇ। ਭਾਰਤ ਦੀ ਜਮਹੂਰੀਅਤ ਨੂੰ ਇਕੋਂ ਥਾਲੀ ਦੇ ਚੱਟੇ ਵੱਟਿਆਂ ਤੋਂ ਹੀ ਖਾਸ ਕਿਸਮ ਦਾ ਖਤਰਾ ਸੀ। ਇਸੇ ਕਰਕੇ ਆਮ ਆਦਮੀ ਵੋਟ ਪਾਉਣ ਹੀ ਨਹੀਂ ਸੀ ਜਾਂਦਾ ਜੇ ਲੋਕਾਂ ਦਾ ਭਰੋਸਾ ਜਮਹੂਰੀਅਤ ਵਿਚ ਜੀਵਤ ਰੱਖਣਾ ਹੈ ਤਾਂ ਜਰੂਰੀ ਹੈ ਕਿ ਲੋਕ ਪੱਖੀ ਸਿਆਸਤ ਦਾ ਅਧਿਆਇ ਆਰੰਭ ਹੋਵੇ। ਕੀ ਇਹ ਆਰੰਭ ਆਮ ਆਦਮੀ ਪਾਰਟੀ ਦੇ ਨਾਲ ਹੁੰਦਾ ਹੈ ਜਾਂ ਨਹੀਂ ਇਸ ਨੇ ਵੀ ਕਈ ਬੁਨਿਆਦੀ ਸਵਾਲ ਹੱਲ ਕਰਨੇ ਹਨ।

ਇਸੇ ਨਾਲ ਜੁੜਦਾ ਇਕ  ਸਵਾਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ  ਕੀ ਲੋਕਾਂ ਦੀਆਂ ਆਸਾਂ ਉਪਰ ਖਰੀ ਉਤਰਦੀ ਹੈ  ਜਾਂ ਨਹੀਂ? ਕੀ ਉਹ ਹਰ ਪਾਸੇ ਫੈਲੇ ਭਰਿਸ਼ਟਾਚਾਰ ਨੂੰ ਘੱਟ ਕਰਨ ਲਈ ਕੁਝ ਕਰ ਪਾਉਂਦੀ ਹੈ ਕਿ ਨਹੀਂ? ਕੀ ਆਮ ਆਦਮੀ ਦੀਆਂ ਵਧ ਰਹੀਆਂ ਉਮੀਦਾਂ ਉਪਰ ਖਰੀ ਉਤਰਦੀ ਹੈ ਕਿ ਨਹੀ? ਇਹ ਬੁਨਿਆਦੀ ਸਵਾਲ ਹਨ ਜੋ ਮੰਗ ਕਰਦੇ ਹਨ ਕਿ ਪਾਰਟੀ ਅੱਗੋਂ ਕਿਸ ਪਾਸੇ ਨੂੰ ਮੋੜ ਕੱਟਦੀ ਹੈ। ਪਰ ਇਸ ਵਿਚ ਵੀ ਭੋਰਾ ਜਿਨ੍ਹਾਂ ਛੱਕ ਨਹੀਂ ਹੈ ਕਿ ਅੱਜ ਆਮ ਆਦਮੀ ਦਾ ਜੀਵਨ ਹਰ ਪਾਸੇ ਤੋਂ ਨਰਕ ਬਣਿਆ ਹੋਇਆ ਹੈ। ਉਹ ਇਸ ਨਰਕ ਵਿੱਚੋਂ ਬਾਹਰ ਨਿਕਲਣਾ ਚਾਹੰਦਾ ਹੈ। ਪਰ ਸਰਕਾਰ ਕੋਲ ਹੋਰ ਬੜਾ ਕੁਝ ਹੈ ਕਿ ਉਹ ਲਾਲਚ ਦੇ ਕਿ ਉਸ ਆਮ ਆਦਮੀ ਨੂੰ ਮਜਬੂਰ ਕਰ ਸਕਦੀ ਹੈ ਕਿ ਉਹ ਅਜੇ ਉਸ ਨੂੰ ਹੋਰ ਮੌਕਾ ਦੇ ਦੇਵੇ। ਜਿਸ ਤਰ੍ਹਾਂ ਪਿਛਲੇ 65 ਸਾਲਾਂ ਤੋਂ ਹੁੰਦਾ ਆ ਰਿਹਾ ਹੈ।

ਕਿਉਂਕਿ ਭਾਰਤੀ ਰਾਜਨੀਤੀ  ਵਿਚ ਲੋਕਤੰਤਰ ਪੈਸੇ ਦੇ ਨਾਲ ਪ੍ਰਭਾਵਿਤ  ਹੋ ਜਾਂਦਾ ਹੈ ਇਸ ਲਈ ਕੇਜਰੀਵਾਲ ਦੀ ਟੀਮ ਵੋਟਾਂ ਵਿਚ ਕੋਈ ਬਹੁਤ ਵਧੀਆਂ ਪ੍ਰਦਰਸ਼ਨ ਕਰ ਸਕੇਗੀ ਇਸ ਬਾਰੇ ਕੋਈ ਹਾਂ ਪੱਖੀ ਟਿੱਪਣੀ ਨਹੀ ਕੀਤੀ ਜਾ ਸਕਦੀ ਪਰ ਇਸ ਗੱਲ ਤੋਂ  ਅੱਜ ਦੀ ਤਰੀਕ ਵਿਚ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੇਜਰੀਵਾਲ ਦਾ ਅੱਜ ਤੱਕ ਦਾ ਕੀਤਾ ਕੱਮ ਆਮ ਆਦਮੀ ਨੂੰ ਸੋਚਣ ਲਈ  ਮਜਬੂਰ ਕਰ ਰਿਹਾ ਹੈ ਭਾਰਤ ਵਿਚ ਕਾਰਜਸ਼ੀਲ  ਹੋਰ ਇਮਾਨਦਾਰ ਪਾਰਟੀਆਂ ਜਿਨ੍ਹਾਂ ਦਾ ਦਾਮਨ ਸਾਫ ਹੈ ਜਿਨਾਂ ਨੇ ਕੋਲੇ ਦੀ ਖਾਨ ਵਿਚ ਰਹਿ ਕੇ ਵੀ ਆਪਣੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਉਹ ਦੇਰ ਸਵੇਰ ਟੀਮ ਕੇਜਰੀਵਾਲ ਦੀ ਧਿਰ ਬਣਨਗੀਆਂ ਜਾ ਨਹੀਂ, ਦੇਸ਼ ਦਾ ਨੇੜਲਾ ਭਵਿੱਖ ਇਸ ਗੱਲ ਉਪਰ ਨਿਰਭਰ ਕਰਦਾ ਹੈ। ਨਾ ਕੇ ਦੋ ਚਾਰ ਸਾਲਾਂ ਵਿਚ ਆਉਂਦੀਆਂ ਚੋਣਾ ਉਪਰ। ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਸੰਸਦ ਨੂੰ ਜਾਂਣ ਵਾਲਾ ਰਸਤਾ ਲੋਕ ਸੱਘਰਸ਼ਾਂ ਵਿੱਚੋਂ ਦੀ ਲੰਘਕੇ ਹੀ ਜਾਂਦਾ ਹੈ।
-ਡਾ. ਤੇਜਿੰਦਰ ਵਿਰਲੀ

 

ਭਾਰਤ ਦੇ ਨੌਜਵਾਨਾ ਨੂੰ ਸਮੇਂ ਦੀ ਵੰਗਾਰ

ਮੈਂ ਨੌਜਵਾਨਾ ਨੂੰ ਮੁਖਾਤਿਬ ਹੋਣ  ਤੋਂ ਪਹਿਲਾਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਉਹ ਮਹਾਂ ਬ੍ਰਿਤਾਂਤ ਸੁਣਾਉਣਾ ਚਾਹੁੰਦਾ  ਹਾਂ ਜਿਹੜਾ ਅੱਜ ਦੇ ਹਰ ਨੌਜਵਾਨ ਲਈ  ਸੁਣਨਾ ਅੱਤ ਜਰੂਰੀ ਹੈ। ਜਿਸ ਦਿਨ ਭਗਤ ਸਿੰਘ ਨੂੰ ਅਚਾਨਕ ਫਾਂਸੀ ਦਾ ਫਰਮਾਨ ਹੋਇਆ ਉਸ ਦਿਨ ਉਹ ਕਾਮਰੇਡ ਵੀ.ਆਈ. ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਜੇਲ੍ਹਰ ਲਈ ਇਹ ਖ਼ਬਰ ਭਗਤ ਸਿੰਘ ਨੂੰ ਦੇਣੀ ਕੋਈ ਆਸਾਨ ਕੰਮ ਨਹੀਂ ਸੀ। ਜੇਲ੍ਹਰ ਨੇ ਬੜੇ ਹੀ ਹੌਸਲੇ ਨਾਲ ਭਗਤ ਸਿੰਘ ਨੂੰ ਕਿਹਾ ਤਿਆਰ ਹੋ ਜਾਓ ਤੁਹਾਡਾ ਅੰਤਿਮ ਵੇਲਾ ਆ ਗਿਆ ਹੈ। ਇਹ ਆਖਦਿਆਂ ਜੇਲ੍ਹਰ ਨੇ ਆਪਣੇ ਜ਼ਜਬਾਤਾਂ ਉਪਰ ਪੂਰੀ ਤਰ੍ਹਾਂ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਤੋਂ ਵਧ ਹੋਰ ਕੁਝ ਕਹਿ ਨਾ ਸਕਿਆ। ਇਹ ਗੱਲ ਸੁਣ ਕੇ ਭਗਤ ਸਿੰਘ ਬੜਾ ਹੀ ਸਹਿਜ ਰਿਹਾ ਉਸ ਨੇ ਜੇਲ੍ਹਰ ਵੱਲ ਦੇਖਿਆ ਤੇ ਕਿਤਾਬ ਦਾ ਵਰਕਾ ਮੋੜ ਦਿੱਤਾ। ਜਿਵੇਂ ਕਿਸੇ ਦੇ ਅਚਾਨਕ ਆ ਜਾਣ 'ਤੇ ਅਕਸਰ ਹੀ ਪਾਠਕ ਨਿਸ਼ਾਨੀ ਲਗਾਉਣ ਲਈ ਕਰ ਦਿਆ ਕਰਦੇ ਹਨ। ਜੇਲ੍ਹਰ ਇਹ ਦੇਖ ਕੇ ਹੋਰ ਵੀ ਭਾਵੁਕ ਹੋ ਗਿਆ ਤੇ ਬੋਲਿਆ ਭਗਤ ਸਿੰਘ ਜੀ ਹੁਣ ਤੁਸੀ ਦੁਬਾਰਾ ਇੱਥੇ ਨਹੀਂ ਆਉਣਾ ਤੇ ਇਹ ਕਿਤਾਬ ਮੁੜ ਨਹੀਂ ਪੜ੍ਹ ਸਕਣਾ। ਭਗਤ ਸਿੰਘ ਬੜੀ ਹੀ ਸਹਿਜਤਾ ਨਾਲ ਆਪਣੀ ਗਰਦਨ ਨੂੰ ਸਿੱਧਾ ਕਰਦਾ ਹੋਇਆ ਬੋਲਿਆ ਹਾਂ ਮੈਂ ਚੰਗੀ ਤਰ੍ਹਾਂ ਨਾਲ ਸਮਝਦਾ ਹਾਂ ਪਰ ਇਹ ਵਰਕਾ ਮੈਂ ਆਪਣੇ ਲਈ ਨਹੀਂ ਤੇਰੇ ਲਈ ਮੋੜਿਆ ਹੈ ਕਿ ਤੂੰ ਮੇਰੀ ਇਹ ਅੱਧ ਪੜ੍ਹੀ ਕਿਤਾਬ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਦੇ ਦੇਵੇ ਤੇ ਦਸ ਦੇਵੀ ਕਿ ਭਗਤ ਇਸ ਨੂੰ ਪੂਰੀ ਨਹੀਂ ਪੜ੍ਹ ਸਕਿਆ ਤਾਂ ਕਿ ਉਹ ਪੂਰੀ ਜਰੂਰ ਪੜ ਲੈਣ। ਏਨ੍ਹਾਂ ਅਕਦਿਆਂ ਭਗਤ ਸਿੰਘ ਨੇ ਉਹ ਕਿਤਾਬ ਜੇਲ੍ਹਰ ਨੂੰ ਫੜਾ ਦਿੱਤੀ ਤੇ ਜੇਲ੍ਹਰ ਦੀਆਂ ਅੱਖੀਆਂ ਵਿਚ ਡੱਕਿਆਂ ਸਮੁੰਦਰ ਬੇ ਮੁਹਾਰਾ ਹੋ ਕੇ ਵਗਣ ਲੱਗ ਪਿਆ। ਜੇਲ੍ਹਰ ਰਾਹੀ ਨੌਜਵਾਨਾਂ ਕੋਲ ਪਹੁੰਚੀ ਮੁੜੇ ਵਰਕੇ ਵਾਲੀ ਕਿਤਾਬ ਨੌਜਵਾਨ ਨੂੰ ਵੰਗਾਰਦੀ ਹੈ ਕਿ ਮੈਨੂੰ ਪੜ! ਇਹ ਹੀ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਸੁਨੇਹਾ ਹੈ ਕਿ ਨੌਜਵਾਨ ਆਪਣੀ ਸਮਝ ਬਣਾਉਣ ਲਈ ਵਧੀਆ ਸਹਿਤ ਪੜ੍ਹਨ।

ਸ਼ਹੀਦ ਭਗਤ ਸਿੰਘ ਵਾਂਗ ਦੁਨੀਆਂ ਦੇ ਹਰ ਵਿਅਕਤੀ ਦਾ ਧਿਆਨ ਸਦਾ ਹੀ ਨੌਜਵਾਨਾ ਉਪਰ ਹੀ ਕੇਂਦਰਿਤ ਹੁੰਦਾ ਹੈ। ਕਿਉਂਕਿ ਇਹ ਨੌਜਵਾਨ ਹੀ ਹਨ ਜਿਨ੍ਹਾਂ ਨੇ ਇਤਿਹਾਸ ਨੂੰ ਮੋੜਾ ਦੇਣਾ ਹੁੰਦਾ ਹੈ। ਜਦ ਜਦ ਵੀ ਇਤਿਹਾਸ ਨੇ ਕਰਵਟ ਬਦਲੀ ਹੈ ਤਾਂ ਨੌਜਵਾਨਾਂ ਦੇ ਉੱਠਣ ਨਾਲ ਹੀ ਬਦਲੀ ਹੈ। ਜਿਸ ਦੇਸ਼ ਦਾ ਨੌਜਵਾਨ ਉਠ ਖਲੋਂਦਾ ਹੈ ਉਸ ਦੇਸ਼ ਦੇ ਹੀ ਭਾਗ ਜਾਗਦੇ ਹਨ। ਜੇ ਇਸ ਗੱਲ ਨੂੰ ਲੋਕ ਹਤੈਸ਼ੀ ਧਿਰਾਂ ਜਾਣਦੀਆਂ ਹਨ ਤਾਂ ਲੋਕ ਦੋਸ਼ੀ ਧਿਰਾਂ ਵੀ ਜਾਣਦੀਆਂ ਹਨ। ਬਲਕਿ ਜੇ ਇਹ ਕਹਿ ਲਿਆ ਜਾਵੇ ਕਿ ਲੋਕ ਦੋਖੀ ਧਿਰਾਂ ਤਾਂ ਹੋਰ ਵੀ ਚੰਗੀ ਤਰ੍ਹਾਂ ਨਾਲ ਜਾਣਦੀਆਂ ਹਨ ਤਾਂ ਵੀ ਗਲਤ ਨਹੀਂ ਹੋਵੇਗਾ। ਜੇ ਅਗਾਂਹ ਵਧੂ ਧਿਰਾਂ ਦਾ ਧਿਆਨ ਨੌਜਵਾਨਾ ਉੱਪਰ ਕੇਂਦਰਿਤ ਰਹਿਦਾ ਹੈ ਤਾਂ ਦੱਖਣ ਪੰਥੀ ਸਕਤੀਆਂ ਵੀ ਆਪਣੀ ਟੇਕ ਇਨ੍ਹਾਂ ਨੌਜਵਾਨਾ ਨੂੰ ਹੀ ਬਣਾਉਂਦੀਆਂ ਹਨ। ਸੰਸਾਰ ਭਰ ਦੀਆਂ ਹਾਕਮ ਧਿਰਾਂ ਵੀ ਨੌਜਵਾਨਾ ਨੂੰ ਵਰਗਲਾਉਣ ਲਈ ਸਦਾ ਹੀ ਉਪਰਾਲੇ ਕਰਦੀਆਂ ਰਹਿੰਦੀਆਂ ਹਨ। ਇਹ ਵਰਤਾਰਾ ਸਦਾ ਹੀ ਨਾਲ ਨਾਲ ਚਲਦਾ ਰਿਹਾ ਹੈ ਪਰ ਵਿਗਿਆਨਕ ਤਕਨੌਲੋਜੀ ਦੀ ਇਸ ਸਟੇਜ ਉਪਰ ਪਹੁੰਚ ਕੇ ਹਾਕਮ ਤੇ ਸਰਮਾਏਦਾਰ ਧਿਰਾਂ ਦੀ ਪਕੜ ਨੌਜਵਾਨਾ ਉਪਰ ੍ਹਵਧੇਰੇ ਹੋ ਗਈ ਹੈ। ਕਿਉਂਕਿ ਵਿਗਿਆਨਕ ਤਕਨੌਲੋਜੀ ਦੀ ਕਮਾਡ ਸਰਮਾਏਦਾਰੀ ਦੇ ਹੱਥਾਂ ਵਿਚ ਹੋਣ ਕਰਕੇ ਉਹ ਇਸ ਦਾ ਵਧੇਰੇ ਪ੍ਰਯੋਗ ਕਰ ਲੈਣ ਦੇ ਸਮਰੱਥ ਹੁੰਦੀ ਹੈ। ਇਹ ਹੀ ਅੱਜ ਹੋ ਰਿਹਾ ਹੈ। ਅੱਜ ਸਭ ਤੋਂ ਵੱਡੀ ਲੋੜ ਇਹ ਬਣ ਗਈ ਹੈ ਕਿ  ਨੌਜਵਾਨ ਨੂੰ ਸਾਂਭਕੇ ਰੱਖਿਆ ਜਾਵੇ। ਅੱਜ ਦੇ ਨੌਜਵਾਨ ਨੂੰ ਸਾਭਣ ਦੀ ਜਿੰਮੇਵਾਰੀ ਆਖਰ ਕਿਸ ਦੀ ਹੈ? ਇਹ ਸਵਾਲ ਸਭ ਤੋਂ ਅਹਿਮ ਹੈ ਇਸੇ ਲਈ ਕੁਝ ਕੁ ਵਿਗਿਆਨਕ ਸੋਚ ਵਾਲੀਆਂ ਧਿਰਾਂ ਹੀ ਇਸ ਜਟਲ ਜਿੰਮੇਵਾਰੀ ਨੂੰ ਨਿਭਾਅ ਰਹੀਆਂ ਹਨ। ਜਿਹੜੀਆਂ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਕ ਫਲਸਫੇ ਨੂੰ ਲੈਕੇ ਚੱਲ ਰਹੀਆਂ ਹਨ।

ਸ਼ਹੀਦ ਭਗਤ ਸਿੰਘ ਨੇ ਇਸ ਇਤਿਹਾਸਕ ਜਿੰਮੇਵਾਰੀ ਨੂੰ ਨਿਭਉਦਿਆਂ ਪਹਿਲਾਂ ਲਹੋਰ ਵਿਦਿਆਰਥੀ ਯੁਨੀਅਨ ਬਣਾਈ ਤੇ ਬਾਦ ਵਿਚ ਨੌਜਵਾਨ ਭਾਰਤ ਸਭਾ ਦਾ ਨਿਰਮਾਣ ਕੀਤਾ। ਨੌਜਵਾਨ ਭਾਰਤ ਸਭਾ ਦਾ ਮੈਨਾਫੈਸਟੋ ਲਿਖਦਿਆਂ ਭਗਤ ਸਿੰਘ ਨੇ ਲਿਖਿਆ ਹੈ ''ਸੰਸਾਰ ਭਰ 'ਚ ਸਭ ਤੋਂ ਉਪਜਾਊ ਜ਼ਮੀਨ ਅਤੇ ਬੇਅੰਤ ਕੀਮਤੀ ਖਾਨਾ ਦੇ ਹੁੰਦਿਆਂ ਹੋਇਆ ਵੀ ਭਾਰਤ ਦੁਨੀਆਂ ਦੇ ਸਭ ਤੋਂ ਗਰੀਬ ਮੁਲਕਾਂ ਵਿਚ ਹੈ। ਕੀ ਇਸ ਨੂੰ ਸਿੱਧ ਕਰਨ ਲਈ ਕਿਸੇ ਵਿਦਵਾਨ ਦੇ ਕਥਨ ਦੀ ਲੋੜ ਹੈ? ਕੀ ਨੌਜਵਾਨਾ ਨੂੰ ਇਸ ਗੱਲ ਦਾ ਪਤਾ ਨਹੀਂ ਹੈ, ਕਿ ਉਹੀ ਭਾਰਤ ਜੋ ਕਿਸੇ ਸਮੇਂ ਆਪਣੀ ਸ਼ਾਨਦਾਰ ਸੱਭਿਆਤਾ ਉੱਤੇ ਮਾਣ ਕਰ ਸਕਦਾ ਸੀ, ਅੱਜ ਸੰਸਾਰ ਦੇ ਸਭ ਤੋਂ ਪਛੜੇ ਹੋਏ ਦੇਸ਼ਾਂ ਵਿੱਚੋਂ ਹੈ? ਜਿੱਥੇ ਕੇਵਲ ਪੰਜ ਫੀਸਦੀ ਲੋਕ ਪੜ੍ਹੇ ਲਿਖੇ ਹਨ। ਕੀ ਲੋਕ ਇਹ ਨਹੀਂ ਜਾਣਦੇ ਕਿ ਇਸ ਦੇਸ਼ ਨੂੰ ਮਨੁੱਖੀ ਜ਼ਿੰਦਗੀ ਦੇ ਰੂਪ ਵਿਚ ਸਭ ਤੋਂ ਵੱਧ ਟੈਕਸ ਦੇਣਾ ਪੈਂਦਾ ਹੈ? ਅਤੇ ਸੰਸਾਰ ਭਰ ਵਿਚ ਸਭ ਤੋਂ ਜ਼ਿਆਦਾ ਬੱਚਿਆਂ ਦੀਆਂ ਮੌਤਾਂ ਭਾਰਤ ਵਿਚ ਹੁੰਦੀਆਂ ਹਨ? %ਪਲੇਗ, ਹੈਜ਼ਾ, ਇਨਫਲੂਐਂਜਾ ਵਰਗੀਆਂ ਮਹਾਂ ਮਾਰੀਆਂ ਅਤੇ ਹੋਰ ਅਜਿਹੀਆਂ ਬਿਮਾਰੀਆਂ ਦਿਨੋਂ ਦਿਨ ਵਧ ਰਹੀਆਂ ਹਨ। ਕੀ ਰੋਜ਼ ਚੜ੍ਹਦੇ ਸੂਰਜ ਇਹ ਸੁਣ ਕੇ ਸਾਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਪਣਾ ਰਾਜ ਸੰਭਾਲਣ ਦੇ ਲਾਇਕ ਨਹੀਂ?'' ਭਗਤ ਸਿੰਘ ਨੇ ਇਹ ਲੇਖ 6 ਅਪ੍ਰੈਲ 1928 ਨੂੰ ਲਿਖਿਆ ਸੀ ਜਿਹੜਾ ਅੱਜ 84 ਸਾਲਾਂ ਬਾਦ ਵੀ ਹੂ- ਬ- ਹੂ ਸੱਚ ਹੈ ਜਦ ਕਿ ਆਖਣ ਨੂੰ ਸਾਨੂੰ ਆਜ਼ਾਦ ਹੋਇਆ ਵੀ 65 ਸਾਲ ਹੋ ਗਏ ਹਨ।

           ਆਓ ਅੱਜ ਦੀ ਸਥਿਤੀ ਦਾ ਥੋੜਾ ਜਿਹਾ ਗਿਆਨ ਤਾਜ਼ਾ ਕਰ ਲਈਏ ਤਾਂ ਕਿ 65 ਸਾਲਾਂ ਦੀ ਆਜ਼ਾਦੀ ਦਾ ਕੋਈ ਭਰਮ ਸਾਡੇ ਮਨਾਂ ਵਿਚ ਨਾ ਰਹਿ ਜਾਵੇ। ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੇ ਇਹ ਸ਼ਰਮਨਾਕ ਅੰਕੜਿਆਂ  ਆਜ਼ਾਦ ਭਾਰਤ ਦੇ ਹੀ ਹਨ।
ਭਾਰਤ ਦਾ 70,00,000 ਕਰੋੜ ਰੁਪਿਆ ਸਵਿਸ ਬੈਂਕਾਂ ਵਿਚ ਪਿਆ ਹੈ। ਸੰਸਾਰ ਦੇ 180 ਦੇਸ਼ਾਂ ਵਿੱਚੋਂ ਇਹ ਸਭ ਤੋਂ ਵੱਡੀ ਧਨ ਰਾਸ਼ੀ ਹੈ, ਜਿਹੜੀ ਭਾਰਤ ਦੇ ਹਾਕਮਾਂ ਨੇ ਇਥੋਂ ਦੇ ਵਸਨੀਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਧੋਖੇ ਨਾਲ ਹੜੱਪ ਕੇ ਇਕੱਠੀ ਕੀਤੀ ਹੈ। ਬਾਕੀ 180 ਦੇਸ਼ਾਂ ਦੇ ਹਾਕਮਾਂ ਵਲੋਂ ਜਮਾਂ ਕਰਵਾਏ  ਧਨ ਦਾ ਕੁਲ ਜੋੜ ਰਲਕੇ ਵੀ ਭਾਰਤ ਦੇ ਲੁਟੇਰਿਆਂ ਦੁਆਰਾ ਇਕੱਠੇ ਕੀਤੇ ਧਨ ਜਿਨ੍ਹਾਂ ਨਹੀਂ ਬਣਦਾ। ਧਨ ਨੂੰ ਗੁਪਤ ਤਰੀਕੇ ਨਾਲ ਲਕੋ ਕੇ ਰੱਖਣ ਵਾਲੇ ਕਰ ਚੋਰਾਂ ਲਈ ਦੁਨੀਆਂ ਭਰ ਵਿਚ ਸਵਿਸ ਬੈਂਕਾਂ ਵਰਗੇ 77 ਹੋਰ ਸਵਰਗ ਹਨ। ਜਿਨ੍ਹਾਂ ਵਿਚ ਭਾਰਤ ਨੂੰ ਲੁੱਟਣ ਵਾਲੇ ਭਾਰਤੀ ਹਾਕਮਾਂ ਦਾ ਕਿਨ੍ਹਾਂ ਕੁ ਧਨ ਪਿਆ ਹੋਵੇਗਾ? ਇਸ ਦਾ ਤਾਂ ਕੇਵਲ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ।
ਸਵਿਟਜ਼ਰਲੈਂਡ ਦੀ ਸਰਕਾਰ ਨੇ ਕਨੂੰਨੀ ਤੌਰ 'ਤੇ ਭਾਰਤ  ਸਰਕਾਰ ਨੂੰ ਲਿਖਿਆ ਹੈ ਕਿ ਜੇ ਉਹ ਇਸ ਧਨ ਦੀ ਵਿਸਥਾਰ ਪੂਰਕ ਜਾਣਕਾਰੀ ਪ੍ਰਾਪਤ ਕਰਨਾ ਚਾਹੇ ਤਾਂ ਕਰ ਸਕਦੀ ਹੈ, ਕਿ ਇਹ 70 ਲੱਖ ਕਰੋੜ ਰੁਪਿਆ ਕਿਸ -ਕਿਸ ਦੇ ਨਾਮ 'ਤੇ ਜਮਾਂ ਹੈ। 22 ਮਈ 2008 ਨੂੰ ' ਟਾਈਮਜ਼ ਆਫ ਇੰਡੀਆ ' ਨੇ ਭਾਰਤ ਸਰਕਾਰ ਨੂੰ ਸਵਿਟਜ਼ਰਲੈਂਡ ਦੀ ਸਰਕਾਰ ਵੱਲੋਂ ਲਿਖੇ ਇਸ ਪੱਤਰ ਦਾ ਜ਼ਿਕਰ ਕਰਕੇ ਇਸ ਦੀ ਚਰਚਾ ਛੇੜ ਦਿੱਤੀ ਹੈ। ਪ੍ਰੰਤੂ ਹੁਣ ਤੱਕ ਭਾਰਤ ਸਰਕਾਰ ਨੇ ਇਸ ਸਬੰਧੀ ਕੋਈ ਲੋੜੀਂਦੀ ਇਨਕੁਆਰੀ ਸਵਿਟਜ਼ਰਲੈਂਡ ਦੀ ਸਰਕਾਰ ਪਾਸੋਂ ਨਹੀਂ ਮੰਗੀ। ਸਰਕਾਰ ਦੇ ਨਾਲ ਵਿਰੋਧੀ ਧਿਰ ਦੇ ਲੀਡਰ ਵੀ ਇਸ ਸੰਬੰਧੀ ਚੁੱਪ ਧਾਰੀ ਬੈਠੇ ਹਨ। ਕਿਉਂਕਿ ਇਸ ਹਮਾਂਮ ਵਿਚ ਸਭ ਨੰਗੇ ਹਨ। ਆਓ ਆਪਾਂ ਰਲਕੇ ਇਸ ਲਈ ਯਤਨ ਕਰੀਏ ਤਾਂ ਕਿ ਕੋਈ ਲੋਕ ਉਭਾਰ ਇਸ ਰਾਸ਼ਟਰ ਦੇ ਹਿੱਤ ਲਈ ਉਸਾਰ ਸਕੀਏ। ਉਨ੍ਹਾਂ ਭ੍ਰਿਸ਼ਟ ਲੀਡਰਾਂ ਦੇ ਚਹਿਰੇ ਬੇਨਕਾਬ ਕਰ ਸਕੀਏ ਤੇ ਭਾਰਤ ਦਾ ਧਨ ਵਾਪਸ ਮੰਗਾ ਸਕੀਏ ਜਿਹੜਾ ਭਾਰਤੀ ਮੂਲ ਦੇ ਲੁਟੇਰਿਆਂ ਦੇ ਨਾਮ ਜਮਾਂ ਹੈ। ਜਰਮਨੀ ਦੀ ਸਰਕਾਰ ਇਸ ਸਬੰਧੀ  ਯਤਨ ਕਰ ਰਹੀਂ ਹੈ ਕਿ ਉਹ ਜਰਮਨੀ ਦੇ ਲੁਟੇਰਿਆਂ ਦੇ ਚਹਿਰੇ ਬੇਨਕਾਬ ਕਰਨ ਵੱਲ ਵੱਧ ਰਹੀ ਹੈ ਤਾਂ ਕੇ ਜਰਮਨ ਦਾ ਧਨ ਵਾਪਸ ਆ ਸਕੇ।
ਇਹ ਧਨ ਭਾਰਤ ਸਿਰ ਚੜ੍ਹੇ ਵਿਦੇਸ਼ੀ ਕਰਜ਼ੇ ਤੋਂ 13 ਗੁਣਾਂ ਜਿਆਦਾ ਹੈ। ਇਸ ਦਾ ਸਾਲਾਨਾ ਵਿਆਜ ਭਾਰਤ ਸਰਕਾਰ ਦੇ ਸਾਲਾਨਾ ਬਜਟ ਤੋਂ ਵੱਧ ਹੈ।  ਭਾਰਤੀਆਂ 'ਤੇ ਕੋਈ ਵੀ ਨਵਾਂ ਟੈਕਸ  ਲਾਉਣ ਤੋਂ ਬਿਨ੍ਹਾਂ ਇਸ ਦੇ ਵਿਆਜ਼ ਨਾਲ ਹੀ ਭਾਰਤ ਦੀ ਸਰਕਾਰ ਚਲਾਈ ਜਾ ਸਕਦੀ ਹੈ। ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿੰਦੇ 45 ਕਰੋੜ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਿਆ ਦਿੱਤਾ ਜਾ ਸਕਦਾ ਹੈ। ਕਿਉਂਕਿ ਅਸਲ ਵਿਚ ਉਹਨਾਂ ਲੋਕਾਂ ਦਾ ਖੂਨ ਨਚੋੜ ਕੇ ਹੀ ਇਹ ਧਨ ਅਖੌਤੀ ਲੀਡਰਾਂ ਨੇ ਸਵਿਸ ਬੈਂਕਾਂ ਵਿਚ ਭੇਜਿਆ ਹੈ।
ਆਓ ਭਾਰਤ ਦੀ ਮੌਜੂਦਾ ਤਰਾਸਦਿਕ ਤਸਵੀਰ ਵੱਲ ਝਾਤੀ ਮਾਰੀਏ। * ਇੱਥੇ 83.6 ਕਰੋੜ ਲੋਕ 20 ਰੁਪਏ ਤੋਂ ਘੱਟ ਨਾਲ ਗੁਜ਼ਾਰਾ ਕਰਦੇ ਹਨ। ** ਦੁਨੀਆਂ ਭਰ ਵਿਚ ਪੰਜ ਸਾਲ ਤੋਂ ਘੱਟ ਉਮਰ ਵਿਚ ਮਰ ਜਾਣ ਵਾਲੇ 9.7 ਕਰੋੜ ਬੱਚਿਆਂ ਵਿੱਚੋਂ 21% ਭਾਰਤ ਦੇ ਬੱਚੇ ਹੁੰਦੇ ਹਨ। *** 1997 ਤੋਂ ਲੈ ਕੇ ਦਸੰਬਰ 2008 ਤੱਕ 1,82,936 ਕਿਸਾਨਾਂ ਨੇ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕਰ ਲਈ। ਅੱਜ ਪੰਜਾਬ ਦੇ 88.33% ਕਿਸਾਨ ਕਰਜ਼ਾਈ ਹਨ। **** ਇਕੱਲੇ ਪੰਜਾਬ ਦੇ 2001 ਤੋਂ 2005 ਤੱਕ 13,000 ਕਿਸਾਨ ਖੁਦਕਸ਼ੀ ਕਰ ਚੁੱਕੇ ਹਨ। ****** ਪੰਜਾਬ ਦੇ 35 ਲੱਖ ਨੌਜਵਾਨ ਬੇਰੁਜ਼ਗਾਰ ਹਨ।******ਭਾਰਤ ਦੇ ਕੇਵਲ 4% ਪੈਂਡੂ ਬੱਚੇ ਹੀ ਉੱਚ ਸਿੱਖਿਆ ਪ੍ਰਾਪਤ ਕਰ ਪਾਉਂਦੇ ਹਨ।
ਵਿਸ਼ਵੀਕਰਨ ਦੀਆਂ ਨੀਤੀਆਂ ਦੇ ਨਾਲ ਭਾਰਤ ਅੰਦਰ ਗਰੀਬ ਅਮੀਰ ਦਾ ਪਾੜਾ ਹੈਰਾਨੀਜਨਕ ਹੱਦ ਤੱਕ ਵੱਧ ਗਿਆ ਹੈ। ਅੱਜ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਭਾਰਤ ਦੀ 27% ਅਬਾਦੀ ਦੇ ਕੋਲ ਸਿਰ ਢਕਣ ਲਈ ਥਾਂ ਨਹੀਂ। ਹੋਰ ਤਾਂ ਹੋਰ ਉਨ੍ਵਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਦੂਸਰੇ ਪਾਸੇ ਭਾਰਤ ਦੇ ਉਂਗਲਾਂ ਤੇ ਗਿਣਨ ਯੋਗ ਘਰਾਣਿਆ ਕੋਲ ਬੇਹਿਸਾਬਾ ਧਨ ਇਕੱਤਰ ਹੋ ਰਿਹਾ ਹੈ। ਫਾਇਨਸ਼ਿਅਲ ਟਾਇਮਜ਼ (6 ਜੂਨ 2008) ਦੀ ਇਕ ਖਬਰ  ਅਨੁਸਾਰ ਮੁਕੇਸ਼ ਅੰਬਾਨੀ ਆਪਣੇ ਲਈ ਇਕ ਆਲੀਸ਼ਾਨ ਭਵਨ ਬਣਾ ਰਹੇ ਹਨ ਜਿਸ ਦਾ ਨਾਮ ਕਰਨ ਸਪੇਨ ਦੇ ਕਾਲਪਨਿਕ ਦੀਪ  '' ਅੰਟੀਲਾ '' ਦੇ ਨਾਮ 'ਤੇ ਰੱਖਿਆ ਗਿਆ ਹੈ। ਗਰਮੀ ਨੂੰ ਆਪਣੇ ਆਪ ਵਿਚ ਸੋਖ ਲੈਣ ਵਾਲੀ ਇਸ ਇਮਾਰਤ ਦੀ ਉਚਾਈ 570 ਫੁੱਟ ਹੋਵੇਗੀ। ਇਸ ਤੋਂ ਅਰਬ ਸਾਗਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਇਸ ਇਮਾਰਤ ਦੀ ਲਾਗਤ ਕੀਮਤ 2,500 ਕਰੋੜ ਤੋਂ ਵੀ ਵੱਧ ਹੋਵੇਗੀ। ਇਸ ਦੀ ਛੱਤ 'ਤੇ ਇੱਕੋ ਸਮੇਂ ਤਿੰਨ ਹੈਲੀਕਾਪਟਰ ਉਤਾਰ ਸਕਣ ਲਈ ਵਿਸ਼ੇਸ ਮੈਦਾਨ ਹੋਵੇਗਾ। ਇਸ ਦੀਆਂ ਛੇ ਮੰਜਲਾਂ ਕਾਰਾਂ ਰੱਖਣ ਵਾਸਤੇ ਹੋਣਗੀਆਂ। ਇਸ ਵਿਚ 600 ਨੌਕਰਾਂ ਦੇ ਠਹਿਰਨ ਦਾ ਪ੍ਰਬੰਧ ਹੋਵੇਗਾ। ਇਸ ਦੀ ਇਕ ਮੰਜ਼ਲ ਤੇ ਥੀਏਟਰ ਹੋਵੇਗਾ। ਦੋ ਮੰਜ਼ਲਾਂ ਤੇ ਹੈਲਥ ਕਲੱਬ ਹੋਣਗੇ। ਇਹ ' ਆਸ਼ੀਆਨਾਂ ' ਪਰਿਵਾਰ ਦੇ ਕੇਵਲ ਛੇ ਮੈਂਬਰਾਂ ਦੇ ਰਹਿਣ ਲਈ ਹੀ ਬਣਾਇਆ ਜਾ ਰਿਹਾ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿਚ ਭਾਰਤ ਦੇ ਅਮੀਰ ਘਰਾਣਿਆਂ ਨੂੰ ਹੁਣ ਜਿਨ੍ਹਾਂ ਸਤਿਕਾਰ ਕਦੇ ਵੀ ਨਹੀਂ ਸੀ ਮਿਲਿਆ। ਅੱਜ ਦੇ ਉਦਾਰੀਕਰਨ ਦੇ ਲੁਭਾਵਨੇ ਲਾਰਿਆਂ ਤੇ ਨਾਹਰਿਆਂ ਨੇ ਮੁਨੱਖ ਦੀ ਸੋਚ ਨੂੰ ਇਸ ਕਦਰ ਖੰਡਿਤ ਕੀਤਾ ਹੈ ਕਿ ਭੁੱਖੇ ਢਿੱਡ ਖਾਲੀ ਹੱਥ ਕੇਵਲ ਸੁਪਨਿਆਂ ਦੇ ਆਸਰੇ ਜੀਅ ਰਹੇ ਹਨ। ਹੁਣ ਸੁਪਨਿਆਂ ਨੂੰ ਹਕੀਕਤਾਂ 'ਚ ਬਦਲਣ ਦਾ ਵਕਤ ਆ ਗਿਆ ਹੈ। ਸਰਹੱਦਾਂ ਤੇ ਸ਼ਹੀਦ ਹੋਏ ਦੇਸ਼ ਦੇ ਰਖਵਾਲਿਆਂ ਦੀਆਂ ਰੂਹਾਂ ਸਵਾਲ ਕਰਦੀਆਂ ਹਨ ਕਿ ਜੇ ਦੇਸ਼ ਨੂੰ ਲੁੱਟਣ ਵਾਲੇ ਦੇਸ਼ ਦੇ ਅੰਦਰ ਹੀ ਸਨ ਤਾਂ ਉਹ ਸਰਦੱਦਾਂ 'ਤੇ ਕਿਸ ਦੀ ਰਾਖੀ ਕਰਦੇ ਸ਼ਹੀਦ ਹੋ ਗਏ। ਏਨ੍ਹਾਂ ਧਨ ਤਾਂ ਏਨੇ ਥੋੜੇ ਸਮੇਂ ਵਿਚ ਅੰਗਰੇਜ਼ਾਂ ਨੇ ਵੀ ਲੁੱਟਕੇ ਬਾਹਰ ਨਹੀਂ ਸੀ ਖੜਿਆ ਜਿਨਾ੍ਹਂ ਆਜ਼ਾਦ ਭਾਰਤ ਦੇ ਹਾਕਮਾਂ ਨੇ 1947 ਤੋਂ ਬਾਅਦ ਵਿਦੇਸ਼ਾਂ ਵਿਚ ਜਾ ਜਮਾਂ ਕਰਵਾਇਆ ਹੈ।
ਭਾਰਤ ਦੇ ਉੱਪਰ ਹਮਲਾ ਕਰਕੇ ਇਸ ਨੂੰ ਲੁੱਟਣ ਵਾਲੇ ਵਿਦੇਸੀ ਹਮਲਾਵਰਾਂ ਦੇ ਕੱਦ ਦੇਸੀ ਲੁਟੇਰਿਆਂ ਦੇ ਸਾਹਮਣੇ ਬਹੁਤ ਛੋਟੇ ਹੋ ਗਏ ਹਨ। ਤੇਮੂਰਲੰਗ , ਨਾਦਰਸ਼ਾਹ ,ਮਹੁੰਮਦ ਗੌਰੀ, ਅਹਿਮਦ ਸ਼ਾਹ ਅਬਦਾਲੀ ਤੇ ਬਰਤਾਨਵੀ ਹਾਕਮਾਂ ਨੂੰ ਪਿੱਛੇ ਛੱਡ ਜਾਣ ਵਾਲਿਆਂ ਦੇ ਦਾਗ ਦਾਰ ਚਹਿਰੇ ਹੁਣ ਬੇਪਰਦਾ ਹੋ ਜਾਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਦਾ ਕਲੰਕਤ ਇਤਿਹਾਸ ਵੀ ਆਉਣ ਵਾਲੀਆਂ ਪੀੜੀ੍ਹਆਂ ਯਾਦ ਰੱਖਣ।
ਕੀ ਭਾਰਤ ਨੂੰ ਆਜ਼ਾਦ ਕਰਵਾਉਣ ਵਾਲਿਆਂ ਦਾ ਇਹ ਸੁਪਨਾ ਸੀ ਕਿ ਭਾਰਤੀਆਂ ਦਾ ਧਨ ਲਾਲਚੀ ਲੋਕ ਵਿਦੇਸ਼ਾਂ ਵਿਚ ਜਮਾਂ ਕਰਵਾਉਣ, ਤੇ ਇੱਥੇ ਦੇ ਲੋਕ ਰੋਟੀ ਨੂੰ ਮਾਰੇ ਮਾਰੇ ਫਿਰਨ? ਇਨ੍ਹਾਂ ਹਾਕਮਾਂ ਦੇ ਟੋਲਿਆਂ ਤੋਂ ਇਨਸਾਫ ਦੀ ਆਸ ਰੱਖਣਾਂ ਇੱਲ ਦੇ ਆਲਣੇ 'ਚ ਮਾਸ ਤਲਾਸ਼ਣ ਵਾਲੀ ਗੱਲ ਹੈ। ਆਓ ਆਪੋਂ ਆਪਣੀ ਜਥੇਬੰਧੀ ਨਾਲ ਆਪ ਜੁੜੀਏ ਤੇ ਸ਼ਹੀਦ-ਇਂਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜੀਏ।

ਸਾਨੂੰ ਅੱਜ ਉਹ ਗ਼ਦਰੀ ਯਾਦ  ਆ ਰਹੇ ਹਨ ਜਿਹੜੇ ਭਰ ਜਵਾਨੀ ਵੇਲੇ ਜੇਲ੍ਹਾਂ ਵਿਚ ਗਏ ਤੇ ਚਿੱਟੀਆਂ ਦਾਹੜੀਆਂ ਵਾਲੇ ਬਾਬੇ ਬਣ ਕੇ ਜੇਲ੍ਹਾਂ ਤੋਂ ਵਾਪਸ ਆਏ।  ਕਰਤਾਰ ਸਰਾਭਾ ਤੇ ਮਦਨ ਲਾਲ ਢੀਂਗਰਾ ਯਾਦ ਆ ਰਹੇ ਹਨ ਬਾਬੇ ਭਕਨੇ ਦਾ ਹਸੂ ਹਸੂ ਕਰਦਾ ਚਹਿਰਾ ਯਾਦ ਆ ਰਿਹਾ ਹੈ। ਖੁਦੀ ਰਾਮ ਬੋਸ਼ ਤੇ ਉਧਮ ਸਿੰਘ ਸਵਾਲ ਕਰ ਰਹੇ ਹਨ। ਕਿ ਕੀ ਇਸੇ ਆਜ਼ਾਦੀ ਲਈ ਹੀ ਉਹ ਕੁਰਬਾਨ ਹੋਏ ਸਨ। ਸਾਨੂੰ ਗ਼ਦਰੀ ਬਾਬੇ ਯਾਦ ਕਰਨੇ ਪੈਣਗੇ, ਸਾਨੂੰ ਕੂਕਿਆਂ ਦੀਆਂ ਕੂਕਾਂ ਸੁਣਨੀਆਂ ਹੀ ਪੈਣਗੀਆਂ। ਸਾਨੂੰ ਕਾਲੇਪਾਣੀ ਦੀ  ਜੇਲ੍ਹ ਦਾ ਅਣਮਨੁੱਖੀ ਤਸ਼ੱਦਦ ਯਾਦ ਕਰਨਾ ਹੀ ਪਵੇਗਾ। ਜੇ ਅਸੀ ਜਲ੍ਹਿਆਂ ਵਾਲੇ ਬਾਗ ਨੂੰ ਭੁਲ ਜਾਂਦੇ ਹਾਂ ਤਾਂ ਸਾਨੂੰ ਸਾਡਾ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ।

 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀਆਂ ਕੌਮਾਂ ਆਪਣੇ ਗੌਰਵ ਮਈ ਵਿਰਸੇ ਨੂੰ ਭੁੱਲ ਜਾਂਦੀਆਂ ਹਨ। ਭਵਿੱਖ ਉਨ੍ਹਾਂ ਦਾ ਕਦੇ ਵੀ ਨਹੀਂ ਹੁੰਦਾ। ਜਿਹੜੇ ਲੋਕ ਆਪਣੇ ਵਿਰਸੇ ਵਿੱਚੋਂ ਵਰਤਮਾਨ ਦੇ ਸੰਕਟਾਂ ਦਾ ਹੱਲ ਭਾਲਦੇ ਇਤਿਹਾਸ ਪਾਸੋਂ ਅਗਵਾਈ ਲੈਂਦੇ ਹਨ ਉਹ ਨਾ ਕੇਵਲ ਭਵਿੱਖ ਨੂੰ ਸਮਝਣ ਦੇ ਕਾਬਲ  ਹੋ ਜਾਦੇ ਹਨ ਸਗੋਂ ਲੰਮਾਂ ਸਮਾਂ ਮਾਨਵ ਜਾਤੀ ਦੀ ਵਿਗਿਆਨਕ ਅਗਵਾਈ ਵੀ ਕਰਦੇ ਹਨ।

  ਭਾਰਤ ਨੂੰ ਆਜ਼ਾਦ ਕਰਵਾਉਣ ਵਾਲਿਆਂ  ਨੇ ਅਨੇਕਾਂ ਕਰੁਬਾਨੀਆਂ ਦਿੱਤੀਆਂ।  ਉਨ੍ਹਾਂ ਦੀਆਂ ਕੁਰਬਾਨੀਆਂ ਕੇਵਲ  ਉਨਾਂ ਤੱਕ ਹੀ ਸੀਮਤ ਨਹੀਂ ਸਨ। ਸਗੋਂ ਦੇਸ਼ ਭਗਤਾਂ ਦੇ ਸਾਰੇ ਪਰਿਵਾਰ ਨੂੰ ਹੀ ਇਸ ਦੀ ਬਹੁਤ ਭਾਰੀ ਕੀਮਤ ਤਾਰਨੀ ਪਈ। ਦੇਸ਼ ਭਗਤਾਂ ਦੇ ਘਰ ਢਾਅ ਦਿੱਤੇ ਗਏ। ਉਨ੍ਹਾਂ ਦੀਆਂ ਜ਼ਮੀਨਾ ਕੁਰਕ ਕਰ ਦਿੱਤੀਆਂ ਗਈਆਂ। ਉਨ੍ਹਾਂ ਨੇ ਇਹ ਅਸਹਿ ਤਸ਼ੱਦਦ ਆਜ਼ਾਦੀ ਲਈ ਹੀ ਬਰਦਾਸ਼ਤ ਕੀਤਾ ਸੀ ਨਾ ਕਿ ਸਤਾ ਦੀ ਤਬਦੀਲੀ ਲਈ।

   ਅੱਜ ਜਦੋਂ ਦੇਸ਼ ਆਜ਼ਾਦ ਹੋ ਚੁੱਕਾ ਹੈ ਤਾਂ ਹਾਕਮ ਧਿਰਾਂ ਇਨ੍ਹਾਂ ਕੁਰਬਾਨੀ ਕਰਨ ਵਾਲਿਆਂ ਦੀ ਯਾਦ ਨੂੰ ਵੀ ਭੁਲਾਉਣਾ ਚਾਹੁੰਦੀ ਹੈ। ਤਾਂ ਕਿ ਅੱਜ ਦਾ ਨੌਜਵਾਨ ਉਨਾਂ ਸ਼ਹੀਦਾਂ ਦੇ ਰਾਹ 'ਤੇ ਨਾ  ਤੁਰ ਪਵੇ। ਇਸ ਲਈ ਬਹੁਤ ਸਾਰੀਆਂ ਸੁਚੇਤ ਕੋਸ਼ਿਸ਼ਾਂ ਪਿੱਛਲੇ ਲੰਮੇ ਸਮੇਂ ਤੋਂ ਹੋ ਰਹੀਂਆਂ ਹਨ। ਸ਼ਹੀਦਾਂ ਦੀ ਕੁਰਬਾਨੀ ਲੋਕਾਂ ਦੇ ਮਨਾਂ ਵਿਚ ਇਨਕਲਾਬ ਦਾ ਜਜ਼ਬਾ ਪੈਦਾ ਕਰਦੀ ਹੈ। ਇਸ ਲਈ ਕੌਮੀ ਸ਼ਹੀਦਾਂ ਦੀਆਂ ਹੁੰਦੀਆਂ ਛੁੱਟੀਆਂ ਬੰਦ ਕੀਤੀਆਂ ਜਾ ਰਹੀਂਆਂ ਹਨ। ਅਗੰਰੇਜ਼ਾਂ ਦੁਆਰਾ ਕੀਤੇ ਗਏ ਜੁਲਮ ਦੇ ਨਿਸ਼ਾਨ ਮਿਟਾਉਣ ਲਈ ਜਲ੍ਹਿਆਂ ਵਾਲੇ ਬਾਗ ਵਰਗੇ  ਕੁਰਬਾਨੀ ਦੇ ਚਿੰਨ ਲੋਕਾਂ ਦੀ ਅੱਯਾਸ਼ੀ ਦੇ ਅੱਡਿਆਂ ਵਜੋਂ ਵਿਕਸਤ ਕਰਨ ਦੀਆਂ ਸਕੀਮਾਂ ਘੜੀਆਂ ਜਾ ਰਹੀਂਆਂ ਹਨ। ਸ਼ਹੀਦੇ ਆਜ਼ਮ ਭਗਤ ਸਿੰਘ ਦੀ ਯਾਦਗਰ ਨੂੰ ਮਹਿਜ ਰੈਸਟੋਰੈਂਟ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਨੌਜਵਾਨ ਕਰਤਾਰ ਸਰਾਭੇ ਵਰਗਿਆਂ ਨੂੰ ਆਪਣਾ ਆਦਰਸ਼ ਨਾ ਮੰਨਣ ਇਸ ਲਈ ਨੌਜਵਾਨਾਂ ਨੂੰ ਨਕਲੀ ਨਾਇਕ ਪਰੋਸ ਕੇ ਦਿੱਤੇ ਜਾ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਨੂੰ ਇਕ ਦੂਸਰੇ 'ਤੇ ਕੇਂਦਰਿਤ ਕੀਤਾ ਜਾ ਰਿਹਾ ਹੈ।

    ਜਦ ਦੇਸ਼ ਦੇ ਨੌਜਵਾਨਾਂ  ਕੋਲ ਕੋਈ ਰੁਜ਼ਗਾਰ ਨਹੀਂ। ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਮੁੱਠੀ ਭਰ ਲੋਕਾਂ ਦੀਆਂ ਸੁਖ ਸਹੂਲਤਾਂ ਦਾ ਕੇਂਦਰ ਬਣ ਕੇ ਰਹਿ ਗਿਆ ਹੈ। 82 ਕਰੋੜ ਲੋਕ 20 ਰੁਪਏ ਦਿਹਾੜੀ ਨਾਲ ਗੁਜ਼ਾਰਾ ਕਰ ਰਹੇ ਹਨ। ਭਾਰਤ ਦੀ 90% ਵਸੋਂ ਨੂੰ  ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ। ਗ਼ਦਰੀ ਬਾਬਿਆਂ ਨੇ ਕੁਰਬਾਨੀਆਂ ਇਸ ਲਈ ਨਹੀਂ ਸੀ ਦਿੱਤੀਆਂ ਕਿ ਅੰਨ ਪੈਦਾ ਕਰਨ ਵਾਲਾ ਕਿਸਾਨ ਖੁਦਕਸ਼ੀਆਂ ਕਰੇ।

  ਅੱਜ ਭਾਰਤ ਦੀ ਵਿੱਦਿਆ ਨੀਤੀ  ਦੇ ਤਹਿਤ ਗਰੀਬ ਵਰਗ ਨੂੰ ਪੜਾਈ ਤੋਂ ਵਾਂਝਿਆਂ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾਂਦੀ। ਜਿਹੜੇ ਥੋੜੇ ਬਹੁਤੇ ਅਧਿਆਪਕ ਤਰਸਯੋਗ ਤਨਖਾਹਾਂ 'ਤੇ ਰੱਖੇ ਗਏ ਹਨ ਉਹ ਵੀ ਗੈਰ ਵਿੱਦਿਅਕ ਕੰਮਾਂ ਵਿਚ ਹੀ ਉਲਝਾ ਕੇ ਰੱਖ ਦਿੱਤੇ ਗਏ ਹਨ।  ਦੂਸਰੇ ਪਾਸੇ ਸਕੂਲਾਂ ਦੇ ਨਾਮ ਹੇਠ ਲੁੱਟ ਦੇ ਅੱਡੇ ਖੁੱਲੇ ਹੋਏ ਹਨ।  ਸਰਕਾਰ ਕੇਵਲ ਮੂਕ ਦਕਸ਼ਕ ਬਣ ਕੇ ਰਹਿ ਗਈ ਹੈ।

                   ਅੱਜ ਜਦੋਂ ਦੇਸ਼ ਵਿਚ ਨੌਜਵਾਨਾਂ  ਨੂੰ ਰੁਜਗਾਰ ਨਹੀਂ ਮਿਲਦਾ ਤਾਂ ਉਹ  ਵਿਦੇਸ਼ਾਂ ਵੱਲ ਦੇਖਦੇ ਹਨ। ਜੋ  ਹਸ਼ਰ ਅੱਜ ਆਰਥਿਕ ਮੰਦੀ ਦੇ ਦੌਰ  ਵਿਚ ਵਿਦੇਸ਼ਾਂ ਵਿਚ ਭਟਕਦੇ  ਨੌਜਵਾਨਾ  ਦਾ ਹੋ ਰਿਹਾ ਹੈ ਇਹ ਤਾਂ ਉਹ ਹੀ ਜਾਣਦੇ ਹਨ।  ਆਸਟਰੇਲੀਆ ਵਿਚ ਹੋ ਰਹੀਂ ਨਸਲੀ ਹਿੰਸਾ ਇਸ ਦੀ ਸ਼ਰਮਨਾਕ ਉਦਾਹਰਣ ਹੈ। ਸਾਡੀ ਸਰਕਾਰ ਦਾ ਇਸ ਮਾਮਲੇ ਵਿਚ ਬਣਦਾ ਰੋਲ ਅਦਾ ਨਾ ਕਰਨਾ ਤਾਂ ਚਿੰਤਾ ਦਾ ਵਿਸ਼ਾ ਹੈ ਹੀ।   

    ਇੱਕੀਵੀਂ  ਸਦੀ ਵਿਚ ਜਿੱਥੇ ਗਿਆਨ ਦਾ ਪਸਾਰ  ਸੰਸਾਰ ਪੱਧਰ 'ਤੇ ਹੋਇਆ ਹੈ  ਉੱਥੇ ਭਾਰਤ ਵਿਚ ਗਰੀਬੀ ਤੇ  ਅਨਪੜ੍ਹਤਾ ਵਧੀ ਹੈ। ਮਹਿੰਗੀ ਇਲਾਜ਼ ਪ੍ਰਨਾਲੀ ਕਰਕੇ ਲੋਕ ਸਾਧਾਂ ਦੇ ਡੇਰਿਆਂ 'ਤੇ ਮਰੀਜਾਂ ਨੂੰ ਲਈ ਫਿਰਦੇ ਹਨ।    ਲੋਕਾਂ ਨੂੰ ਮਿਲਦੀਆਂ ਸੀਮਤ ਸਿਹਤ ਸਹੂਲਤਾਂ ਵੀ ਹੁਣ ਵਿਸ਼ਵੀਕਰਨ ਦੀਆਂ ਨੀਤੀਆਂ ਦੀਆਂ ਭੇਟ ਚੜ੍ਹ ਰਹੀਂਆਂ ਹਨ। ਹੋਰ ਸਰਕਾਰੀ ਅਦਾਰਿਆਂ ਵਾਂਗ ਸਰਕਾਰੀ ਹਸਪਤਾਲ ਵੀ ਸਰਕਾਰ ਨੇ ਨਿੱਜੀ ਹੱਥਾਂ ਵਿਚ ਕੌਡੀਆਂ ਦੇ ਭਾਅ ਵੇਚ ਦਿੱਤੇ ਹਨ। ਆਜਾਦੀ ਦੇ 65 ਸਾਲਾਂ ਬਾਅਦ ਬਹੁਤੀ ਵਸੋਂ ਬੇ ਇਲਾਜ ਮਰ ਰਹੀਂ ਹੈ।

   ਪ੍ਰਸ਼ਾਸਨ ਅੰਦਰ ਭਰਿਸ਼ਟਾਚਾਰ  ਇਨ੍ਹਾਂ ਵਧ ਗਿਆ ਹੈ ਕਿ ਭਰਿਸ਼ਟ  ਅਹੁਦਿਆ ਤੇ ਬੈਠੇ ਲੋਕ ਹੈਰਾਨੀ  ਜਨਕ ਨੋਟ ਇਕੱਠੇ ਕਰ ਰਹੇ ਹਨ।  ਸਵਿਟਜ਼ਰਲੈਂਡ ਦੀਆਂ ਬੈਂਕਾਂ ਇਨਾਂ  ਦੇ ਨਜ਼ਾਇਜ ਧਨ ਨਾਲ ਭਰੀਆਂ ਪਈਆਂ  ਹਨ।  ਸਰਕਾਰ ਲੋਕਾਂ ਦੀਆਂ ਹੱਕੀ  ਤੇ ਵਾਜਬ ਮੰਗਾਂ ਨੂੰ ਕੁਚਲਣ ਲਈ ਕਾਨੂੰਨ ਬਣਾ ਰਹੀ ਹੈ , ਉੱਥੇ ਭਰਿਸ਼ਟਾਚਾਰ ਨੂੰ ਰੋਕਣ ਲਈ ਕਦੇ ਕੋਈ ਗੱਲ ਤੱਕ ਪਾਰਲੀਮੈਂਟ ਵਿਚ ਨਹੀਂ ਹੁੰਦੀ। ਹੁਣ ਕੋਈ ਵੀ ਵਿਭਾਗ ਅਜਿਹਾ ਨਹੀਂ ਜਿਹੜਾ ਭਰਿਸ਼ਟਾਚਾਰ ਤੋਂ ਮੁਕਤ ਹੋਵੇ। ਅੱਜ ਪੁਲਿਸ ਭਰਿਸ਼ਟ ਲੋਕਾਂ ਦੀ ਰਾਖੀ ਕਰ ਰਹੀਂ ਹੈ।

  ਸਰਕਾਰਾਂ ਦੀਆਂ ਤਹਿ  ਸੁਦਾ ਨੀਤੀਆਂ ਦੇ ਤਹਿਤ ਪੰਜਾਬ  ਦੇ ਨੌਜਵਾਨ ਕੁਰਾਹੇ ਪਾਏ ਜਾ ਰਹੇ ਹਨ। ਉਨ੍ਹਾਂ ਨੂੰ ਨਸ਼ਿਆਂ 'ਤੇ ਲਾਇਆ ਜਾ ਰਿਹਾ ਹੈ। ਤਾਂ ਕਿ ਉਹ ਇਕੱਠੇ ਹੋਕੇ ਭਗਤ ਸਿੰਘ ਦੇ ਵਿਗਿਆਨਕ ਵਿਚਾਰਾਂ ਨਾਲ  ਲੁੱਟ ਘਸੁੱਟ ਰਹਿਤ ਸਮਾਜ ਸਿਰਜਣ ਨਾ ਤੁਰ ਪੈਣ। ਅੱਜ ਜਦੋਂ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਤਹਿਤ  ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਘਰਾਣਿਆ ਨੂੰ ਦਿੱਤੀਆਂ ਜਾ ਰਹੀਂਆਂ ਹਨ । ਵਿਸ਼ੇਸ ਆਰਥਿਕ ਜ਼ੋਨ ਉਸਾਰੇ ਜਾ ਰਹੇ ਹਨ। ਯੁਨੀਵਰਸਿਟੀ ਬੰਦ ਕਰਕੇ ਕਾਰਾਂ ਦੇ ਕਾਰਖਾਨੇ ਲਗਾਏ ਜਾ ਰਹੇ ਹਨ। ਹਰ ਕਿਸਮ ਦੇ ਮੁਲਾਜਮਾਂ ਦੀ ਪੈਂਨਸ਼ਨ ਬੰਦ ਕੀਤੀ ਗਈ ਹੈ । ਸਰਕਾਰੀ ਨੌਕਰੀਆਂ ਦਾ  ਭੋਗ ਪਾ ਕੇ ਠੇਕਾ ਪ੍ਰਨਾਲੀ ਸ਼ੁਰੂ ਕਰ ਦਿੱਤੀ ਗਈ ਹੈ।  ਸਭ ਕੁਝ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ।

                                         ਅੱਜ ਸਾਨੂੰ ਭਗਤ ਸਿੰਘ ਦੀਆਂ ਲਿਖਤਾਂ ਨੂੰ ਮੁੜ ਪੜਨਾਂ ਚਾਹੀਦਾ ਹੈ। ਉਸ ਸਮੇ ਸ਼ਹੀਦ ਭਗਤ ਸਿੰਘ  ਨੇ ਕਿਹਾ ਸੀ '' ਅਸੀ ਤਾਂ ਭਾਰਤ ਦੀ ਆਜ਼ਾਦੀ ਦੇ ਨੀਂਹ ਦੇ ਪੱਥਰ ਹਾਂ ਉਪਰਲੀ ਇਮਾਰਤ ਤਾਂ ਬਾਅਦ ਵਾਲੇ ਲੋਕ ਬਣਾਉਣਗੇ। ਇਸ ਦਾ ਫਿਕਰ ਕਰਨਾ ਸਾਡਾ ਕੰਮ ਨਹੀਂ '' ਇਹ ਫਿਕਰ ਕਰਨਾ ਅੱਜ ਦੀ ਨੌਜਵਾਨ  ਪੀੜੀ ਦਾ ਕੰਮ ਹੈ। ਸ਼ਹੀਦ ਭਗਤ ਸਿੰਘ ਨੇ ਬੜੇ ਹੀ ਸਪਸ਼ਟ ਸਬਦਾਂ ਵਿਚ  ਸ਼ਹਾਦਤ ਤੋਂ ਦੋ ਦਿਨ ਪਹਿਲਾਂ ਕਿਹਾ ਸੀ '' ਇਹ ਯੁੱਧ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖ਼ਤਮ ਹੋਵੇਗਾ। ਇਹ ਤਾਂ ਇਤਿਹਾਸਕ ਕਾਰਨਾਂ ਦੇ ਆਲੇ-ਦੁਆਲੇ ਪੱਸਰੇ ਹਾਲਾਤ ਦਾ ਜਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲ਼ੜੀ ਦੀ ਇਕ ਕੜੀ ਹੈ। . . . .ਅਸੀਂ ਇਹ ਐਲਾਨ ਕਰਦੇ ਹਾਂ ਕਿ ਇੱਕ ਯੁੱਧ ਚੱਲ ਰਿਹਾ ਹੈ ਅਤੇ ਇਹ ਤੱਦ ਤੱਕ ਚਲਦਾ ਰਹੇਗਾ,ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਨ੍ਹਾਂ ਦੀ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਇਹ ਲੁਟੇਰੇ ਭਾਂਵੇ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਨੇ ਰਲਵੇਂ। '' ਭਗਤ ਸਿੰਘ ਦੀ ਸਮਝ ਇਤਿਹਾਸ ਨੇ ਸਹੀਂ ਸਾਬਤ ਕਰ ਦਿੱਤੀ ਹੈ। ਅੱਜ ਦੇਸੀ ਹਾਕਮਾਂ ਦੀ ਸਹਿ ਤੇ ਫਿਰ ਵਿਦੇਸ਼ੀ ਹਾਕਮ ਭਾਰਤ ਦੀਆਂ ਹਰਿਆਲੀਆਂ ਨੂੰ ਚੁਗਣ ਲਈ ਆ ਗਏ ਹਨ ਤੇ ਅੱਜ ਯੁੱਧ ਦੇਸੀ ਤੇ ਵਿਦੇਸ਼ੀ ਹਾਕਮਾਂ ਦੇ ਵਿਰੁੱਧ ਸਾਂਝੇ ਤੌਰ ਤੇ ਲੜ੍ਹਿਆ ਜਾਣਾ ਹੈ। ਜਿਸ ਨੂੰ ਭਾਰਤ ਦੀਆਂ ਹਾਕਮ ਧਿਰਾਂ ਵਿਸ਼ਵੀਕਰਨ ਦਾ ਨਾਂ ਦੇ ਰਹੀਆਂ ਹਨ ਜਿਹੜਾ ਸਾਡੇ ਦੇਸ਼ ਦੇ ਲੋਕਾਂ ਲਈ ਕਈ ਕਿਸਮ ਦੇ ਲਾਰੇ ਤੇ ਨਾਹਰੇ ਲੈ ਕੇ ਆਇਆ ਹੈ। ਜਿਸ ਨੂੰ ਭਗਤ ਸਿੰਘ  ਦੀ ਵਿਚਾਰਧਾਰਾ ਦੇ ਅਨੁਸਾਰ ਨਵਬਸਤੀਵਾਦ ਕਿਹਾ ਜਾਂਦਾ ਹੈ। ਜਿਸ ਦੇ ਖਿਲਾਫ ਲ਼ੜਨਾ ਅੱਜ ਦੇ ਨੌਜਵਾਲ ਦੀ ਅਹਿਮ ਡੀਊਟੀ ਹੈ।

           ਅੱਜ  ਦੇਸ਼ ਵਿਚ ਸੰਭਾਵੀ ਅੰਦੋਲਨਾਂ ਨੂੰ  ਕੁਚਲਣ ਵਾਸਤੇ ਪੁਲਿਸ ਨੂੰ ਵੱਧ  ਅਧਿਕਾਰ ਦਿੱਤੇ ਜਾ ਰਹੇ ਹਨ। ਜਿਵੇਂ ਯੁੱਧ ਤੋਂ ਪਹਿਲਾਂ ਹਥਿਆਰ ਤਿੱਖੇ ਕੀਤੇ ਜਾਂਦੇ ਹਨ ਐਨ ਇਸੇ ਤਰ੍ਹਾਂ ਪੁਲਿਸ ਐਕਟ ਸੋਧੇ ਜਾ ਰਹੇ ਹਨ ਤਾਂ ਕਿ ਕਿਤੇ ਵੀ ਲੋਕ ਲਹਿਰ ਵਿਕਸਤ ਹੁੰਦੀ ਹੈ ਤਾਂ ਉਸ ਨੂੰ ਕੁਚਲਣ ਵਾਸਤੇ ਦੇਰੀ ਨਾ ਲੱਗੇ। ਇਹ ਸਾਰਾ ਕੁਝ ਬੁਹ ਰਾਸ਼ਟਰੀ ਕੰਪਣੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਹੀ ਕੀਤਾ ਜਾ ਰਿਹਾ ਹੈ। ਆਨਾਜ ਗੁਦਾਮਾਂ ਵਿਚ ਸੜ ਰਿਹਾ ਹੈ ਪਰ ਭੁੱਖੇ ਲੋਕਾਂ ਵਿਚ ਵੰਡਣ ਤੋਂ ਸਾਡੀ ਸਰਕਾਰ ਅਸਮਰੱਥ ਹੈ। ਜਿਹੜੀ ਸਰਕਾਰ ਸਪਰੀਮ ਕੋਰਟ ਨੂੰ ਇਹ ਲਿਖਤੀ ਰੂਪ ਵਿਚ ਦਿੰਦੀ ਹੈ ਕਿ ਸੜਦਾ ਆਨਾਜ ਵੀ ਵੰਡਿਆ ਨਹੀਂ ਜਾ ਸਕਦਾ ਉਹ ਮੋਬਾਇਲ ਫੋਨ ਮੁਫਤ ਵੰਡਣ ਦਾ ੈਲਾਨ ਕਰਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਜ ਭੁੱਖ ਨਾਲ ਮਰਦੇ ਲੋਕ ਕਿੱਥੇ ਜਾਣ? ਕਿਸਾਨੀ ਕਰਜ਼ੇ ਦੇ ਭਾਰ ਹੇਠ ਖੁਦਕਸ਼ੀਆਂ ਨਾ ਕਰੇ ਤਾਂ ਕੀ ਕਰੇ? 2ਲੋਕਾਂ ਨੂੰ ਇਸ ਪ੍ਰਬੰਧ ਨੇ ਅਹਿਲ ਤੇ ਨਿਪੁਨਸਕ ਬਣਾ ਦਿੱਤਾ ਹੈ। ਜਿਹੜੇ ਕਦੇ ਵੱਡੇ ਸੁਪਨੇ ਲੈਂਦੇ ਸੀ ਉਹ ਘਰ ਦੇ ਅੰਦਰ ਹੀ ਪੱਖੇ ਦੀ ਹੁੱਕ ਨਾਲ ਲਟਕ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ। ਇਹ ਹੀ ਹੈ ਇਸ ਪ੍ਰਬੰਧ ਦੀ ਕਮਾਲ। ਹੁਣ ਸਵਾਲ ਖੜਾ ਹੁੰਦਾ ਹੈ ਕਿ ਖੁਦਕਸ਼ੀਆਂ ਕਰਦੀ ਕਿਸਾਨੀ ਦੇ ਪੁੱਤਰ ਧੀਆਂ ਕੀ ਕਰਨ? ਨਿੱਕੇ ਦੁਕਾਨਦਾਰਾਂ ਦੀ ਰੋਜੀ ਰੋਟੀ ਐਫ ਡੀਆਈ ਨੇ ਖੋਹ ਲਈ ਹੈ, ਛੋਟੀਆਂ ਛੋਟੀਆਂ ਦੁਕਾਨਾਂ ਚਲਾ ਕੇ ਰੋਜੀ ਰੋਟੀ ਕਮਾਉਂਦੇ ਦਕਾਨਦਾਰ ਕਿੱਧਰ ਜਾਣ? ਅੱਜ ਕਈ ਸਵਾਲ ਖੜੇ ਹਨ ਜਿਹੜੇ ਜਵਾਬ ਦੀ ਮੰਗ ਕਰਦੇ ਹਨ। ਜੇ ਤਾਂ ਇਨ੍ਹਾਂ ਸਵਾਲਾਂ ਤੋਂ ਪਾਸਾ ਮੋੜਕੇ ਲੰਘਣਾ ਹੈ ਤਾਂ ਤੁਹਾਨੂੰ ਤੁਹਾਡਾ ਰਸਤਾ ਮੁਬਾਰਕ! ਪਰ ਜੇ ਇਨ੍ਹਾਂ ਬਾਰ ਬਾਰ ਖੜਦੇ ਸਵਾਲਾਂ ਦਾ ਕੋਈ ਨਾ ਕੋਈ ਹੱਲ ਤਲਾਸ਼ਣਾ ਹੈ ਤਾਂ ਜਰੂਰੀ ਹੈ ਕਿ ਤੁਹਾਨੂੰ ਉਨ੍ਹਾਂ ਲੋਕਾਂ ਦੇ ਮੋਢੇ ਨਾਲ ਮੋਢਾ ਲਾਉਣਾ ਪਵੇਗਾ ਜਿਹੜੇ ਅੱਜ ਸਿਰਜੋੜ ਕੇ ਬੈਠੇ ਹਨ ਕਿ ਕਿਸਾਨ ਖੁਦਰਸ਼ੀਆਂ ਨਾ ਕਰੇ, ਮਜਦੂਰ ਭੁੱਖਾ ਨਾ ਸੌਵੇ, ਨੌਜਵਾਨ ਬੇਰੁਜ਼ਗਾਰ ਨਾ ਫਿਰੇ, ਧੀਆਂ ਦਾਜ ਦੀ ਬਲੀ ਨਾ ਚੜਨ ਤਾਂ ਆਓ ਵਰਕੇ ਮੁੜੇ ਵਾਲੀ ਕਿਤਾਬ ਦੇ ਕੁਝ ਰਹਿ ਗਏ ਪੰਨੇ ਫਰੋਲੀਏ ਤੇ ਜਿੰਦਗੀ ਦਾ ਰਸਤਾ ਤਲਾਸ਼ੀਏ। ਆਓ ਬਾਬੇ ਸੋਹਣ ਸਿੰਘ ਭਕਨੇ ਪਾਸੋਂ ਮਾਰਗ ਦਰਸ਼ਨ ਲਈਏ, ਸੰਤੋਖ ਸਿੰਘ ਤੇ ਜਵਾਲਾ ਸਿੰਘ ਪਾਸੋਂ ਕੁਝ ਕਰ ਗੁਜ਼ਰਨ ਦਾ ਬਲ ਲਈਏ।

     ਆਓ ਕਿਤਾਬਾਂ ਦੀਆਂ  ਮਲ੍ਹੇ ਝਾੜੀਆਂ ਵਿੱਚੋਂ ਖੂਬਸੂਰਤ ਜ਼ਿੰਦਗੀ ਦਾ ਰਸਤਾ ਤਲਾਸ਼ਣ ਲਈ ਸ਼ਹੀਦਾਂ ਦੇ ਫਿਕਰਾਂ ਦੀ ਬਾਂਹ ਫੜੀਏ।
-ਡਾ. ਤੇਜਿੰਦਰ ਵਿਰਲੀ 

ਸਮਾਜ ਵਿਚ ਧੀਆਂ ਲਈ ਵਧ ਰਹੀ ਬੇਚੈਨੀ

ਪੰਜਾਬ ਵਿਚ ਸ਼ਾਇਦ ਹੀ ਕੋਈ ਦਿਨ ਐਸਾ ਲੰਘਦਾ ਹੈ ਜਦ ਅਖਬਾਰਾਂ ਧੀਆਂ, ਭੈਣਾ 'ਤੇ ਹੁੰਦੇ ਜੁਰਮ ਦੀ ਦਾਸਤਾਂ ਬਿਆਨ ਨਾ ਕਰਦੀਆਂ ਹੋਣ। ਹਰ ਰੋਜ ਕਿਤੇ ਬਲਾਤਕਾਰ ਤੇ ਕਿਤੇ ਸਮੂਹਿਕ ਬਲਾਤਕਾਰ, ਕਿਤੇ ਦਾਜ ਦੀ ਬਲੀ ਤੇ ਕਿਤੇ ਮਨਚਲੇ ਆਸ਼ਕ ਵੱਲੋਂ ਤਜਾਬ ਸਿੱਟਣ ਦੀਆਂ ਘਟਨਾਵਾਂ  ਪੜਨ ਨੂੰ ਮਿਲਦੀਆਂ ਹਨ। ਇਹ ਵਰਤਾਰਾ ਕਿਤੇ ਰੁਕਣ ਦਾ ਨਾਮ ਤੱਕ ਨਹੀਂ ਲੈ ਰਿਹਾ। ਰੁਕਣਾ ਤਾਂ ਇਕ ਪਾਸੇ ਇਹ ਹੋਰ ਵਧ ਰਿਹਾ ਹੈ। ਇਸ ਦੇ ਵਧਣ ਦੇ ਨਾਲ ਹੀ ਕੁੱਖ ਵਿਚ ਧੀਆਂ ਦੇ ਕਤਲ ਦੀਆਂ ਵਾਰਦਾਤਾਂ ਵੀ ਵਧਣ ਲੱਗ ਪਈਆਂ ਹਨ। ਪੰਜਾਬ ਜਿਹੜਾ ਧੀਆਂ ਦੇ ਜੰਮਣ ਤੋਂ ਪਹਿਲਾਂ ਕਤਲ ਕਰਨ ਵਾਲੇ ਸੂਬਿਆਂ ਵਿੱਚੋਂ ਮੋਹਰੀ ਸੂਬਾ ਹੈ। ਬੜੀਆਂ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ ਜੇ ਇਸ ਨਾਂਹਵਾਚੀ ਵਰਤਾਰੇ ਨੂੰ ਠੱਲ ਨਹੀਂ ਪੈ ਸਕੀ ਤਾਂ ਜਰੂਰੂ ਹੀ ਇਸ ਦੇ ਕਾਰਨਾ ਦੀ ਪੜਤਾਲ ਕਰਨੀ ਬਣਦੀ ਹੈ।

ਹਰ ਮਹੀਨੇ ਕੋਈ ਨਾ ਕੋਈ ਐਸੀ ਘਟਨਾ ਵਾਪਰ ਹੀ ਜਾਂਦੀ ਹੈ ਜਿਹੜੀ ਸਾਰੇ ਭਾਰਤ ਵਿਚ ਪੰਜਾਬੀਆਂ ਨੂੰ ਸ਼ਰਮਸਾਰ ਕਰ ਜਾਂਦੀ ਹੈ। ਭਾਂਵੇ ਉਹ ਘਟਨਾ ਸ਼ਰੂਤੀ ਦੀ ਹੋਵੇ। ਜਾਂ ਕਿਸੇ ਮਨਚਲੇ ਆਸ਼ਕ ਦੀ ਗੁੰਡਾਗਰਦੀ ਦੀ। ਬਹੁਤ ਸਾਰੀਆਂ ਨਿੱਕੀਆਂ ਘਟਨਾਵਾਂ ਐਸੀਆਂ ਹੀ ਵਾਪਰ ਜਾਂਦੀਆਂ ਹਨ ਜਦੋਂ ਉਹ ਨਾ ਤਾਂ ਕਿਸੇ ਅਖਬਾਰ ਦੀ ਸਰੁਖੀ ਬਣਦੀਆਂ ਹਨ ਤੇ ਨਾ ਹੀ ਉਨ੍ਹਾਂ ਦਾ ਸਮਾਜ ਵਿਚ ਜਿਕਰ ਚੱਲਦਾ ਹੈ। ਧੀ ਭੈਣ ਦੀ ਇੱਜਤ ਲਈ ਮਾਪੇ ਕੋੜਾ ਘੁੱਟ ਭਰਨ ਨੂੰ ਤਰਜੀਹ ਦਿੰਦੇ ਹਨ। ਇਹੋ ਹੀ ਕਾਰਨ ਹੈ ਕਿ ਸਥਾਨਕ ਪੱਧਰ੍ਰ ਉਪਰ ਇਸ ਕਿਸਮ ਦੀਆਂ ਘਟਨਾਵਾਂ ਨੂੰ ਨੱਥ ਨਹੀਂ ਪੈਂਦੀ ਤੇ ਕੋਈ ਲਾਚਾਰ ਧੀ ਜਾਂ ਉਸ ਦਾ ਪਰਿਵਾਰ ਚੁਪ ਚਾਪ ਹੀ ਆਪਣੀ ਕਿਸਮਤ ਉਪਰ ਘਰ ਦੀ ਚਾਰ ਦੀਵਾਰੀ ਅੰਦਰ ਬੈਠਕੇ ਹੀ ਰੋ ਲੈਂਦਾ ਹੈ। ਕਿਸੇ ਵੀ ਰਾਜ ਪ੍ਰਬੰਧ ਲਈ ਇਹ ਸਥਿਤੀ ਸਭ ਤੋਂ ਮਾੜੀ ਹੁੰਦੀ ਹੈ। ਜਦੋਂ ਇਸ ਕਿਸਮ ਦਾ ਧੱਕਾ ਹੋਣ ਤੋਂ ਬਾਦ ਕੋਈ ਨਿਰਦੋਸ਼ ਧਿਰ ਨਾ ਠਾਣੇ ਜਾਵੇ ਤੇ ਨਾ ਹੀ ਕਿਸੇ ਕੋਟਕਚਿਹੀ ਵਿਚ ਦਾਦ ਫਰਿਆਦ ਕਰੇ। ਲੋਕਾਂ ਦਾ ਸਰਕਾਰੀ ਤੰਤਰ ਤੋਂ ਮੋਹ ਭੰਗ ਹੋਣਾ ਸਭ ਤੋਂ ਮਾੜੀ ਘਟਨਾ ਹੁੰਦੀ ਹੈ ਜਿਸ ਦੇ ਨਤੀਜੇ ਦੇਰ ਨਾਲ ਸਾਹਮਣੇ ਆਉਂਦੇ ਹਨ। ਅਜਿਹੀਆਂ ਘਟਨਾਵਾਂ ਜਿੱਥੇ ਲੋਕਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰਦੀਆਂ ਹਨ ਉੱਥੇ ਨਾਲ ਦੀ ਨਾਲ ਹੀ ਗੁੰਡਾਂ ਤੰਤਰ ਨੂੰ ਹੋੇਰ ਸ਼ਹਿ ਦਿੰਦੀਆਂ ਹਨ ਕਿ ਇੱਥੇ ਕੋਈ ਵੀ ਪੁੱਛਣ ਵਾਲਾ ਨਹੀਂ? ਇਸ ਕਰਕੇ ਅੰਮ੍ਰਿਤਸਰ ਦੀ ਦਰਦਨਾਕ ਘਟਨਾ ਵਾਪਰਦੀ ਹੈ ਜਿੱਥੇ ਕਿਸੇ ਗੁੰਡਾ ਅਨਸਾਰ ਵੱਲੋਂ ਇਕ ਧੀ ਦੇ ਬਾਪ ਨੂੰ ਜਾਨ ਗਵਾਉਂਣੀ ਪਈ ਹੈ। ਬਾਦ ਵਿਚ ਜਦੋਂ ਸਰਕਾਰ ਦੀ ਬਦਨਾਮੀ ਹੁੰਦੀ ਹੈ ਕਿ ਉਹ ਸਮਾਜ ਵਿਰੋਧੀ ਅਨਸਰ ਅਕਾਲੀ ਦਲ ਦਾ ਮੈਂਬਰ ਹੀ ਨਹੀਂ ਸਗੋਂ ਸਥਾਨਿਕ ਆਗੂ ਵੀ ਸੀ ਉਦੋਂ ਸਰਕਾਰ ਦੀ ਕਿਰਕਰੀ ਹੁੰਦੀ ਹੈ ਤੇ ਕੈਬਨਿਟ ਉਸ ਲੜਕੀ ਨੂੰ ਨੈਬ ਤਸੀਲਦਾਰ ਨਿਯੁਕਤ ਕਰ ਦਿੰਦੀ ਹੈ। ਪੁਲਿਸ ਦੇ ਅਫਸਰ ਬਰਖਾਸਤ ਕਰ ਦਿੱਤੇ ਜਾਂਦੇ ਇਹ ਸਾਰਾ ਵਰਤਾਰਾ ਐਨ ਉਸੇ ਹੀ ਤਰ੍ਹਾਂ ਦਾ ਹੈ ਜਿਵੇਂ ਕਿਸੇ ਘਟਨਾ ਨੂੰ ਸਥਾਨਕ ਪੱਧ੍ਰਰ 'ਤੇ ਲੋਕ ਅਖਬਾਰ ਦੀ ਸੁਰਖੀ ਬਣਨ ਤੋਂ ਪਹਿਲਾਂ ਹੀ ਹਲ ਕਰ ਦਿੰਦੇ ਹਨ। ਇਸੇ ਕਰਕੇ ਗੁੰਡਾਂ ਅਨਸਰ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ।

%ਪੰਜਾਬ ਵਿਚ ਪਹਿਲੀ ਘਟਨਾਂ ਦੀ ਸਿਆਹੀ ਸੁੱਕੀ ਨਹੀਂ  ਹੁੰਦੀ ਤੇ ਦੂਜੀ ਉਸ ਦਾ ਥਾਂ ਲੈ ਲੈਂਦੀ ਹੈ। ਆਖਰ ਇਸ ਦਾ ਕੀ ਕਾਰਨ ਹੈ? ਕਿੱਥੇ ਜਾਣ ਇਹ ਵਿਚਾਰੀਆਂ ਧੀਆਂ। ਕੀ ਕਰਨ ਇਨ੍ਹਾਂ ਦੇ ਮਾਪੇ। ਜਿਹੜੀਆਂ ਅਜੇ ਨਹੀਂ ਜੰਮੀਆਂ ਉਨ੍ਹਾਂ ਨੂੰ ਤਾਂ ਜੰਮਣ ਤੋਂ ਪਹਿਲਾਂ ਹੀ ਮਾਰਿਆ ਜਾ ਸਕਦਾ ਹੈ। ਪਰ ਜਿਹੜੀਆਂ ਬਦਕਿਸਮਤ ਭਾਰਤ ਦੇ ਇਸ ਖਿੱਤੇ ਵਿਚ ਜੰਮ ਹੀ ਪਈਆਂ ਹਨ ਉਨ੍ਹਾਂ ਦੀ ਪੁਕਾਰ ਕੋਣ ਸੁਣੇ। ਪੰਜਾਬ ਵਿਚ ਰੁੱਖ ਲਈ ਤੇ ਕੁੱਖ ਲਈ ਹਾਅ ਦਾ ਨਾਹਰਾ ਮਾਰਨ ਵਾਲੀ ਬੀਬੀ ਹਰਸਿਮਰਨ ਕੋਰ ਦਾ ਰਾਜ ਹੈ। ਜਿਸ ਨੂੰ ਨੰਨੀਆਂ ਛਾਂਵਾਂ ਦਾ ਫਿਕਰ ਹੈ। ਤੇ ਸ਼ਾਇਦ ਅੱਜ ਮੁਟਿਆਰ ਹੋਈਆਂ ਇਨ੍ਹਾਂ ਨੰਨੀਆਂ ਛਾਂਵਾਂ ਦੇ ਨਾ ਪੈਰ ਸੁਰੱਖਿਅਤ ਹਨ ਨਾ ਸਿਰ। ਨਾ ਇਹ ਮਾਪਿਆਂ ਦੇ ਘਰ ਬੇਫਿਕਰੀ ਨਾਲ ਜੀਅ ਸਕਦੀਆਂ ਹਨ ਨਾ ਸੁਹਰਿਆਂ ਦੇ। ਆਖਰ ਇਨ੍ਹਾਂ ਦਾ ਕੀ ਕਾਸੂਰ ਹੈ? ਇਨ੍ਹਾਂ ਨੇ ਤਾਂ ਉਸ ਮਹਾਨ ਧਰਤੀ ਉਪਰ ਜਨਮ ਲਿਆ ਸੀ ਜਿਹੜੀ ਧਰਤੀ ਉਪਰ ਬਾਬਾ ਨਾਨਕ ਇਨ੍ਹਾਂ ਲਈ ਜੀਵਿਆ ਸੀ। ਬਾਬੇ ਨਾਨਕ ਦੀ ਧਰਤ ਦੀਆਂ ਇਹ ਧੀਆਂ ਨੰਨੀ ਉਮਰੇ ਮਰਨ ਜਾਂ ਵੱਡੀਆਂ ਹੋਰਕੇ ਮਰਨ ਇਸ ਦਾ ਫੈਸਲਾ ਸਾਡੇ ਸਮਾਜ ਨੇ ਕਰਨਾ ਹੈ। ਸਮਾਜ ਜਿੱਥੇ ਪੁਲਿਸ ਤੰਤਰ ਪੂਰੀ ਤਰ੍ਹਾਂ ਨਾਲ ਰਾਜਨੀਤੀ ਦਾ ਚਲਾਇਆ ਚਲਦਾ ਹੈ। ਜਿੱਥੇ ਪੁਲਿਸ ਦੇ ਇਕ ਸਿਪਾਹੀ ਤੋਂ ਮੁੱਖੀ ਤੱਕ ਡਰਾਇਰੈਕਟਰੀ ਮਿਲੀ ਹੋਈ ਹੋਵੇ ਕਿ ਉਸ ਨੇ ਕਿਸ ਇਲਾਕੇ ਵਿਚ ਕਿਸ ਦੀ ਗੱਲ ਸੁਣਨੀ ਹੈ। ਜਿੱਥੇ ਠਾਣੇ ਪੂਰੀ ਤਰ੍ਹਾਂ ਨਾਲ ਐਮ.ਐਲ.ਏਜ਼ ਦੇ ਅਧੀਨ ਹੋਣ। ਉੱਥੇ ਧੀਆਂ ਜਾਂ ਤਾਂ ਹਰ ਵਧੀਕੀ ਸਹਿਣੀ ਸਿੱਖ ਲੈਣ ਜਾਂ ਜਲੀਲ ਹੋਕੇ ਜੀਉਣਾ ਸਿੱਖ ਲੈਣ। ਜਾ ਕਿਸੇ ਗੁੰਡੇ ਦੀ ਧੱਕੇ ਨਾਲ ਕੀਤੀ ਚੋਣ ਬਣ ਜਾਣ। ਇਸ ਤੋਂ ਬਿਨ੍ਹਾਂ ਹੋਰ ਉਨ੍ਹਾਂ ਲਈ ਕਰਨ ਲਈ ਕੁਝ ਨਹੀਂ। ਜੇ ਉਹ ਕੁਝ ਕਰਦੀਆਂ ਹਨ। ਤਾਂ ਤੇਜਾਬ ਉਨ੍ਹਾਂ ਲਈ ਤਿਆਰ ਹੈ। ਜੇ ਤੇਜਾਬ ਤੋਂ ਬਚ ਜਾਂਦੀਆਂ ਹਨ ਤਾਂ ਬਾਪ ਦੀ ਬਲੀ ਦੇ ਕੇ ਤਸੀਲਦਾਰ ਬਣ ਸਕਦੀਆਂ ਹਨ। ਜੇ ਮੀਡੀਏ,ਕੋਟਾਂ, ਕਚਿਹੀਆਂ ਤੇ ਪੁਲਿਸ ਦਾ ਇਹ ਰਾਜਸੀਕਰਨ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਜਰੂਰ ਹਈ ਇਕ ਨਾ ਇਕ ਦਿਨ ਸਮਾਜ ਦੇ ਕਮੋਜਰ ਵਰਗ ਨੂੰ ਉਠਣਾ ਪਵੇਗਾ। ਇਹ ਧੀਆਂ ਮਰਦਾ ਦੇ ਮੁਕਾਬਲੇ ਕਮਜੋਰ ਹਨ ਇਸੇ ਲਈ ਜਲੰਧਰ ਵਿਚ ਵੀਹ ਮੱਛਰੇ ਮੁੰਡੇ ਇਕੱਲੀ ਜਾਂਦੀ ਧੀ ਨੂੰ ਰੋਕ ਕੇ ਉਸ ਨਾਲ ਬਦਤਮੀਜ਼ੀ ਕਰਦੇ ਹਨ ਤੇ ਜਦੋਂ ਦੁਕਾਨ ਦਾਰ ਚੇ ਰਾਹਗੀਰ ਉਸ ਅਬਲਾ ਧੀ ਦੋ ਹੱਕ ਵਿਚ ਬੋਲਦੇ ਹਨ ਤਾਂ ਉਨ੍ਹਾਂ ਨੂੰ ਬੋਲਣ ਦੀ ਕੀਮਤ ਤਾਰਨੀ ਪੈਂਦੀ ਹੈ। ਇਹ ਘਟਨਾਂ ਕੇਵਲ ਜਲੰਧਰ ਦੀ ਹੀ ਨਹੀਂ। ਇਸ ਕਿਸਮ ਦੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ। ਜਿੱਥੇ ਰਾਜਸੀ ਦਬਾਅ ਕਰਕੇ ਵੀਹਾਂ ਵਿੱਚੋ ਬਾਰਾਂ ਗੁੰਡੇ ਠਾਣੇ ਵਿੱਚੋਂ ਅੱਧੇ ਘੰਟੇ ਬਾਦ ਹੀ ਛੱਡ ਦਿੱਤੇ ਜਾਂਦੇ ਹਨ। ਇਸ ਗੱਲ ਦਾ ਵੀ ਕੋਈ ਫਰਕ ਨਹੀਂ ਪੈਂਦਾ ਕਿ ਕੱਟ ਖਾਣ ਵਾਲਿਆਂ ਵਿਚ ਇਕ ਪੱਤਰਕਾਰ ਵੀ ਸੀ ਕਿਉਂਕਿ ਠਾਣੇ ਅੰਦਰ ਤਾਂ ਖੜਦੀ ਘੰਟੀ ਨੇ ਫੈਸਲਾ ਕਰਨਾ ਹੈ ਕਿ ਹੁਣ ਕੀ ਕੀਤਾ ਜਾਵੇ? ਤੇ ਇਹ ਘੰਟੀ ਹਰ ਵਾਰ ਗੁੰਡਿਆਂ ਦੇ ਹੱਕ ਵਿਚ ਹੀ ਖੜਕਦੀ ਹੈ। ਇਨ੍ਹਾਂ ਗੁੰਡਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਰਕਾਰ ਕਿਸ ਪਾਰਟੀ ਦੀ ਹੈ ਇਹ ਹਰ ਉਸ ਪਾਰਟੀ ਦੇ ਨੇੜੇ ਹੁੰਦੇ ਹਨ ਜਿਸ ਦਾ ਵੀ ਰਾਜ ਹੁੰਦਾ ਹੈ। ਇਹ ਗੱਲ ਮੈਂ ਯਕੀਨ ਵਾਲ ਕਹਿ ਸਕਦਾ ਹਾਂ ਇਹ ਅਸਲ ਵਿਚ ਇਹ ਪਾਰਟੀ ਦੇ ਨਾਮ ਉਪਰ ਕਲੰਕ ਹੁੰਦੇ ਹਨ ਤੇ ਜਿਸ ਪਾਰਟੀ ਨੇ ਇਸ ਤਰ੍ਹਾਂ ਦੇ ਕਲੰਕ ਤੋਂ ਦੂਰੀ ਨਹੀਂ ਬਣਾਉਣੀ ਉਹ ਪਾਰਟੀ ਕਦੇ ਵੀ ਲੋਕਾਂ ਦੀ ਪਾਰਟੀ ਨਹੀਂ ਅਖਵਾ ਸਕਦੀ ਉਹ ਦੋ ਚਾਰ ਵਾਰ ਚੋਣਾ ਤਾਂ ਜਿੱਤ ਸਕਦੀ ਹੈ। ਪਰ ਲੋਕਾਂ ਦੇ ਦਿਲਾਂ ਉਪਰ ਰਾਜ ਨਹੀਂ ਕਰ ਸਕਦੀ। ਕੇਵਲ ਨਾਹਰਿਆਂ ਤੇ ਲਾਰਿਆਂ ਨਾਲ ਨਾ ਕੁੱਖ ਬਚਣੀ ਹੈ ਨਾ ਛਾਂ ਬਚਣੀ ਹੈ।
-ਡਾ. ਤੇਜਿੰਦਰ ਵਿਰਲੀ (9464797400)

ਐਫ.ਡੀ.ਆਈ ਦੇ ਮੁੱਦੇ ਉਪਰ ਪਾਰਟੀਆਂ ਦੀ ਭੇਖੀ ਨੀਤੀ ਜਗ ਜਾਹਰ ਹੋਈ

ਪਿਛਲੇ ਇਕ ਦਹਾਕੇ ਤੋਂ ਐਫ ਡੀ.ਆਈ. ਭਾਰਤ ਦੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੇ ਇਹ ਕਹਿ ਲਿਆ ਜਾਵੇ ਕਿ ਜਦੋਂ ਤੋਂ ਹੀ ਭਾਰਤ ਨੇ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਅਪਣਾਇਆ ਹੈ ਉਦੋਂ ਤੋਂ ਹੀ ਇਹ ਚਰਚਾ ਵਿਚ ਸੀ ਤਾਂ ਵੀ ਇਹ ਗਲਤ ਨਹੀਂ ਹੋਵੇਗਾ। ਉਦੋਂ ਤੋਂ ਹੀ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਕ ਦਿਨ ਉਹ ਵੀ ਆਵੇਗਾ ਜਦੋਂ ਪ੍ਰਚੂਨ ਵਿਉਪਾਰ ਵਿਚ 51 ਫੀਸਦੀ ਸਿੱਧੇ ਬਦੇਸ਼ੀ ਨਿਵੇਸ਼ ਨੂੰ ਵੀ ਪ੍ਰਵਾਨਗੀ ਮਿਲ ਜਾਵੇਗੀ। ਉਸੇ ਸਮੇਂ ਤੋਂ ਹੀ ਭਾਰਤ ਵਿਚ ਨਿੱਕੀ ਦਕਾਨਦਾਰੀ ਦਾ ਕੰਮ ਕਰ ਰਹੇ ਲਗਭਗ 20 ਕਰੋੜ ਲੋਕਾਂ ਦੇ ਪ੍ਰਭਾਵਿਤ ਹੋ ਜਾਣ ਦੀਆਂ ਕਿਆਸ ਰਾਈਆਂ ਵੀ ਲੱਗ ਰਹੀਂਆਂ ਸਨ। ਇਸੇ ਕਰਕੇ ਲੋਕਾਂ ਵਿਚ ਇਸ ਦਾ ਵਿਰੋਧ ਵੀ ਹੋ ਰਿਹਾ ਸੀ ਤੇ ਦੂਸਰੇ ਪਾਸੇ ਇਸ ਨੂੰ ਜਲਦੀ ਲਾਗੂ ਕਰਨ ਦੀਆਂ ਕੋਸ਼ਿਸਾਂ ਵੀ ਨਾਲੋਂ ਨਾਲ ਇਕ ਖਾਸ ਵਰਗ ਕਰ ਰਿਹਾ ਸੀ। ਇਹ ਸੀ ਹਾਕਮ ਵਰਗ ਤੇ ਲੋਕਾਂ ਦਾ ਪਾੜਾ। ਜਿਸ ਵਿਚ ਅੱਜ ਹਾਕਮ ਵਰਗ ਦੀ ਜਿੱਤ ਹੋ ਗਈ ਹੈ।

ਯੂਪੀਏ-2 ਦੀ ਸਰਕਾਰ ਵੱਲੋਂ ਪਹਿਲਾਂ  ਲੋਕ ਸਭਾ ਵਿਚ ਤੇ ਬਾਦ ਵਿਚ ਰਾਜ ਸਭਾ ਵਿਚ ਬਹੁਮਤ ਮਿਲਣ ਨਾਲ ਪ੍ਰਚੂਨ ਖੇਤਰ ਵਿਚ ਸਿੱਧੇ ਬਦੇਸ਼ੀ ਨਿਵੇਸ਼ ਨੂੰ ਭਾਰਤ ਵਿਚ ਪ੍ਰਵੇਸ਼ ਕਰਨ ਲਈ ਕਾਨੂੰਨੀ ਅੜਚਣਾ ਸਾਫ ਹੋ ਗਈਆਂ ਹਨ। ਪਰ ਬੜੇ ਹੀ ਦੁਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਭਾਰਤੀ ਲੋਕਤੰਤਤਰ ਦਾ ਇਸ ਇਕ ਇਕੱਲੀ ਘਟਨਾ ਨੇ ਜਿਸ ਤਰੀਕੇ ਨਾਲ ਦਵਾਲਾ ਕੱਢ ਦਿੱਤਾ ਹੈ ਇਸ ਦੀ ਮਿਸਾਲ ਵੀ ਇਹ ਆਪ ਹੀ ਹੈ। ਭਾਰਤੀ ਰਾਜਸੀ ਪਾਰਟੀਆਂ ਦਾ ਕਰਦਾਰ ਵੀ ਬਦੇਸ਼ਾਂ ਤੱਕ ਜੱਗ ਜਾਹਰ ਹੋ ਗਿਆ ਹੈ। ਭਾਂਵੇ ਕਿ ਪਹਿਲਾਂ ਵੀ ਬਹੁਤ ਵਾਰੀ ਭਾਰਤੀ ਲੋਕਤੰਤਰ ਵਿਚ ਅਜਿਹਾ ਹੁੰਦਾ ਰਿਹਾ ਹੈ ਪਰ ਪ੍ਰਚੂਨ ਖੇਤਰ ਵਿਚ ਸਿੱਧੇ ਬਦੇਸ਼ੀ ਨਿਵੇਸ਼ ਦੇ ਮਾਮਲੇ ਉਪਰ ਲਗ ਭਗ ਸਾਰੀਆਂ ਹੀ ਰਾਜਸੀ ਪਾਰਟੀਆਂ ਦੀ ਪਹੁੰਚ ਜੱਗ ਜਾਹਰ ਹੋ ਗਈ ਹੈ। ਬੀਜੇਪੀ ਜਿਹੜੀ ਇਸ ਦੇ ਵਿਰੋਧ ਵਿਚ ਸੰਸਦ ਅੰਦਰ ਮਤਾ ਲੈਕੇ ਆਉਂਦੀ ਹੈ ਉਹ ਵੀ ਅਸਲ ਵਿਚ ਇਸ ਦੀ ਵਿਰੋਧੀ ਨਹੀਂ।  ਉਸ ਦੀ ਵਿਉਤਬੰਦੀ ਵਿਚ ਵੀ ਕਦੇ ਐਫਡੀਆਈ ਬੋਲਦੀ ਸੀ।

ਐਫਡੀਆਈ ਦੇ ਵਿਰੋਧ ਵਿਚ 20 ਸਤੰਬਰ  ਦੇ ਭਾਰਤ ਬੰਦ ਵਿਚ ਸ਼ਾਮਲ ਰਾਜਸੀ ਪਾਰਟੀਆਂ  ਪ੍ਰਧਾਨ ਮੰਤਰੀ ਵੱਲੋਂ ਪਰੋਸੇ ਗਏ ਖਾਣੇ ਨਾਲ ਹੀ ਉਸ ਦੇ ਹੱਕ ਵਿਚ ਕਿਵੇਂ ਭੁਗਤ ਗਈਆਂ ਇਹ ਸਮਝਣ ਦੀ ਲੋੜ ਹੈ? ਇਹ ਇਕ ਵੱਡਾ ਸਵਾਲ ਹੈ। ਸਾਰੀਆਂ ਹੀ ਪਾਰਟੀਆਂ ਨੇ ਇਸ ਮੁੱਦੇ ਨੂੰ ਰਾਜਸੀ ਪੈਂਤੜੇ ਵਜੋਂ ਹੀ ਲਿਆ ਹੈ ਨਾ ਕੇ ਇਸ ਦਾ ਅਧਿਐਨ ਕਰਕੇ ਹੋਰ ਦੇਸ਼ਾਂ ਦੇ ਪ੍ਰਸੰਗ ਵਿਚ ਇਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਅੱਜ ਤੋਂ ਦਸ ਸਾਲ ਪਹਿਲਾਂ ਅਜਿਹੇ ਹੀ ਫੈਸਲੇ ਲਏ ਸਨ ਉਨ੍ਹਾਂ ਦੇਸ਼ਾਂ ਵਿਚ ਐਫਡੀਆਈ ਰੁਜ਼ਗਾਰ ਲੈਕੇ ਆਈ ਜਾਂ ਬੇਰੁਜ਼ਗਾਰੀ? ਪਰ ਸਾਡੀਆਂ ਰਾਜਸੀ ਪਾਰਟੀਆਂ ਨੇ ਇਸ ਬਾਰੇ ਜਿਹੜੇ ਪੈਂਤੜੇ ਲਏ ਉਹ ਲੋਕਾਂ ਨੂੰ ਕੇਵਲ ਬੁੱਧੂ ਬਣਾਉਣ ਵਾਲੇ ਹੀ ਹਨ। ਮਮਤਾ ਬੇਨਰਜੀ ਦੀ ਤਰਿਨਮੂਲ ਪਾਰਟੀ ਨੇ ਬੰਗਾਲ ਵਿਚ ਖੱਬੀਆਂ ਪਾਰਟੀਆਂ ਨੂੰ ਠਿੱਬੀ ਲਾਉਣ ਲਈ ਆਵਿਸ਼ਵਾਸ ਦਾ ਜਿਹੜਾ ਨੋਟਿਸ ਦਿੱਤਾ ਉਹ ਕੇਵਲ ਤੇ ਕੇਵਲ ਇਕ ਤਿਕੜਮ ਹੀ ਸੀ। ਜਦਕਿ ਮਮਤਾ ਨੂੰ ਵੀ ਇਹ ਪਤਾ ਹੀ ਸੀ ਕਿ 50 ਮੈਂਬਰਾਂ ਦੇ ਸਮਰਥਨ ਤੋਂ ਘੱਟ ਆਵਿਸ਼ਵਾਸ ਦਾ ਮਤਾ ਪ੍ਰਵਾਨਗੀ ਲਈ ਨਹੀਂ ਰੱਖਿਆ ਜਾ ਸਕਦਾ। ਉਸ ਨੂੰ ਤਾਂ ਕੇਵਲ ਆਉਂਦੀਆਂ ਪਾਰਲੀਮਾਨੀ ਚੋਣਾ ਹੀ ਦਿਖਾਈ ਦੇ ਰਹੀਂਆਂ ਹਨ। ਕਿ ਖੱਬੀਆਂ ਪਾਰਟੀਆਂ ਤੋਂ ਮੈਂ ਤਿੱਖਾਂ ਵਾਰ ਕਾਂਗਰਸ ਸਰਕਾਰ ਉਪਰ ਕਰਾਂ ਤਾਂ ਕਿ ਲੋਕ ਮੈਨੂੰ ਦੁਬਾਰਾ ਪਾਰਲੀਮੈਂਟ ਵਿਚ ਉਹ ਵਿਸ਼ਵਾਸ ਦੇ ਸਕਣ ਜਿਹੜਾ ਬੰਗਾਲ ਦੀ ਵਿਧਾਨ ਸਭਾ ਦੀਆਂ ਚੋਣਾ ਵਿਚ ਦਿੱਤਾ ਸੀ।

ਸਭ ਤੋਂ ਮਾੜੀ ਕਾਰਗੁਜ਼ਾਰੀ ਸਮਾਜਵਾਦੀ ਪਾਰਟੀ ਤੇ ਬੀਐਸਪੀ ਦੀ ਰਹੀ। ਇਹ ਦੋਵੇ ਹੀ ਪਾਰਟੀਆਂ ਯੂਪੀਏ-2 ਲਈ ਸਭ ਤੋਂ  ਵਧੇਰੇ ਕਾਰਗਰ ਸਾਬਤ ਹੋਈਆਂ। ਜਿਨ੍ਹਾਂ ਦਾ ਆਖਣ ਨੂੰ ਪੈਂਤੜਾ ਭਾਂਵੇ ਐਫਡੀਆਈ ਦੇ ਵਿਰੋਧ ਵਿਚ ਹੀ ਰਿਹਾ ਪਰ ਅਸਲੀਅਤ ਵਿਚ ਇਹ ਦੋਵੇਂ ਔਖੇ ਵੇਲੇ ਯੂਪੀਏ ਦੀ ਹੀ ਧਿਰ ਬਣ ਗਈਆਂ। ਬੀਐਸਪੀ ਜਿਹੜੀ ਲੋਕ ਸਭਾ ਵਿਚ ਵਾਕ ਆਉਟ ਕਰਕੇ ਯੂਪੀਏ-2 ਦਾ ਸਾਥ ਦਿੰਦੀ ਹੈ। ਉਹ ਦੂਸਰੇ ਹੀ ਦਿਨ ਰਾਜ ਸਭਾ ਵਿਚ ਸਰਕਾਰ ਨੂੰ ਐਫਡੀਆਈ ਦੇ ਮੁੱਦੇ 'ਤੇ ਬਚਾਉਣ ਲਈ ਮਤੇ ਦੇ ਵਿਰੋਧ ਵਿਚ ਤੇ ਸਰਕਾਰ ਦੇ ਹੱਕ ਵਿਚ ਵੋਟ ਪਾਉਣ ਤੋਂ ਵੀ ਝਿਜਕਦੀ ਨਹੀਂ। ਬੀਐਸਪੀ ਦੀ ਲੀਡਰ ਕੁਮਾਰੀ ਮਾਇਆਵਤੀ ਦਸ ਦਿਨ ਪਹਿਲਾਂ ਤੋਂ ਇਹ ਆਖ ਰਹੀ ਸੀ ਕਿ ਉਸ ਦੀ ਪਾਰਟੀ ਸੰਸਦ ਦੇ ਅੰਦਰ ਹੀ ਆਪਣਾ ਰੁਖ ਤੈਅ ਕਰੇਗੀ ਕਿ ਹਾਥੀ ਕਿਸ ਕਰਵਟ ਬੈਠਣਾ ਹੈ। ਪਰ ਬੀਐਸਪੀ ਦੀਆਂ ਪਿਛਲੀਆਂ ਕਾਰਗੁਜ਼ਾਰੀਆਂ ਦੇ ਜਾਣੂ ਲੋਕ ਇਹ ਜਾਣਦੇ ਹੀ ਸਨ ਕਿ ਹਾਥੀ ਨੇ ਕਿਸ ਹਾਉਸ ਵਿਚ ਕਿਸ ਕਰਵਟ ਬੈਠਣਾ ਹੈ। ਹੈਰਾਨੀ ਆਪਣੇ ਆਪ ਨੂੰ ਸਮਾਜਵਾਦੀ ਅਖਵਾਉਣ ਵਾਲੀ ਪਾਰਟੀ ਦੀ ਵੀ ਬਹੁਤੀ ਨਹੀਂ ਹੋਈ ਕਿਉਂਕਿ ਸਾਈਕਲ ਨੂੰ ਬੈਕ ਗੇਅਰ ਵੀ ਅੱਜ ਦੇ ਵਿਗਿਆਨਕ ਤਕਨੌਲੋਜੀ ਦੇ ਯੁੱਗ ਵਿਚ ਲੱਗ ਹੀ ਸਕਦੇ ਹਨ? ਸੋ ਸਾਇਕਲ ਨੂੰ ਬੈਕ ਗੇਅਰ ਲੱਗ ਗਏ। ਦੋ ਹੈਂਡਲਾਂ ਵਾਲੇ ਇਸ ਸਾਈਕਲ ਦੀ ਕਮਾਲ ਹੀ ਇਹ ਹੈ ਕਿ ਇਹ ਕਦੀ ਲੋਕਾਂ ਦਾ ਬਣ ਜਾਂਦਾ ਹੈ ਤੇ ਕਦੀ ਜੋਂਕਾਂ ਦਾ। ਇਸ ਨੇ ਆਪਣਾ ਕਿਹੜਾ ਹੈਡਲ ਕਿਸ ਸਮੇਂ ਵਰਤਣਾ ਹੁੰਦਾ ਹੈ ਇਸ ਦਾ ਪਤਾ ਕੇਵਲ ਤੇ ਕੇਵਲ ਇਸ ਦੇ ਸਪਰੀਮੋਂ ਮੁਲਾਇਮ ਸਿੰਘ ਯਾਦਵ ਨੂੰ ਹੀ ਹੁੰਦਾ ਹੈ।

 ਇਸ ਦੇ ਬਾਵਜੂਦ ਵੀ ਲੋਕ  ਸਭਾ ਵਿਚ ਯੂਪੀਏ-2 ਦੀ ਸਰਕਾਰ 272 ਦਾ ਆਂਕੜਾ ਬਰਕਰਾਰ ਨਹੀਂ ਰੱਖ ਸਕੀ। ਤੇ ਵਿਰੋਧੀ ਧਿਰ ਵੱਲੋਂ ਰੱਖਿਆ ਮਤਾ 218 ਵੋਟਾਂ ਦੇ ਮੁਕਾਬਲੇ 254 ਵੋਟਾਂ ਨਾਲ ਰੱਦ ਹੋ ਗਿਆ। ਇਸ ਦੇ ਮੁਕਾਬਲੇ ਰਾਜ ਸਭਾ ਅੰਦਰ ਯੂਪੀਏ-2 ਦੀ ਹਾਲਤ ਹੋਰ ਵੀ ਮਾੜੀ ਸੀ। ਜਿੱਥੇ ਬੀਐਸਪੀ ਨੇ ਉਸ ਦੇ ਫੈਸਲੇ ਉਪਰ ਮੋਹਰ ਲਾ ਕੇ ਐਫਡੀਆਈ ਨੂੰ ਪਰਵਾਨਗੀ ਦਵਾਉਣ ਦਾ ਕੰਮ ਕੀਤਾ। ਇੱਥੇ ਵਿਰੋਧੀ ਧਿਰ ਵੱਲੋਂ ਬਹੁ ਬਰਾਂਡ ਪ੍ਰਚੂਨ ਖੇਤਰ 'ਚ 51 ਫੀਸਦੀ ਤੱਕ ਸਿੱਧੇ ਬਦੇਸ਼ੀ ਨਿਵੇਸ਼ ਦੇ ਵਿਰੋਧ ਵਾਲਾ ਮਤਾ 102 ਵੋਟਾਂ ਦੇ ਮੁਕਾਬਲੇ 123 ਵੋਟਾਂ ਦੇ ਫਰਕ ਨਾਲ ਰੱਦ ਹੋ ਗਿਆ।

ਕਮਾਲ ਦੀ ਗੱਲ ਇਹ ਹੈ ਕਿ ਦੋਹਾਂ ਹੀ ਪਾਰਟੀਆਂ ਨੇ ਲੋਕ ਸਭਾ ਅੰਦਰ ਪ੍ਰਚੂਨ  ਖੇਤਰ ਵਿਚ ਸਿੱਧੇ ਬਦੇਸ਼ੀ ਨਿਵੇਸ਼  ਦਾ ਡੱਟਕੇ ਵਿਰੋਧ ਕੀਤਾ। ਤੇ ਸਾਫ  ਸਾਫ ਇਹ ਵੀ ਕਿਹਾ ਕਿ 51 ਫੀਸਦੀ ਤੱਕ  ਪ੍ਰਚੂਨ ਖੇਤਰ ਵਿਚ ਸਿੱਧਾ ਵਿਦੇਸ਼ੀ ਨਿਵੇਸ਼  ਕਰਨਾ ਦੇਸ਼ ਦੇ ਹਿੱਤ ਵਿਚ ਨਹੀਂ ਪਰ ਵੋਟ ਪਾਉਣ ਦੇ ਸਮੇਂ ਉਨ੍ਹਾਂ ਨੇ ਉਹ ਹੀ ਪੈਂਤੜਾ ਲਿਆ ਜਿਹੜਾ ਉਨ੍ਹਾਂ ਦੀ ਕਰਨੀ ਤੇ ਕਥਨੀ ਦੇ ਵਿਚਾਰ ਸੀ। ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਯਾਦਵ ਨੇ ਬਾਈਕਾਟ ਬਾਦ ਇਹ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਉਨ੍ਹਾਂ ਦੀ ਪਾਰਟੀ ਬਾਈਕਾਟ ਕਰ ਰਹੀ ਹੈ। ਜਦ ਕਿ ਬਾਈਕਾਟ ਕਰਕੇ ਉਹ ਸਰਕਾਰ ਦੀ ਹਮਾਇਤ ਹੀ ਕਰ ਰਹੇ ਸਨ।

ਇਸ ਗੱਲ ਬਾਰੇ ਸਰਕਾਰ ਨੂੰ ਵੀ ਪਤਾ  ਸੀ ਕਿ ਜਦੋਂ ਧਾਰਾ 184 ਦੇ ਅਧੀਨ ਬਹਿਸ ਹੋਈ ਤਾਂ ਵੋਟਾਂ ਦੇ ਸਮੇਂ ਸਭ ਦੀ ਪਾਜ ਖੁੱਲ ਜਾਵੇਗੀ। ਇਸੇ ਲਈ ਸਰਕਾਰ ਇਸ ਮੱਦੇ ਉਪਰ ਬਹਿਸ ਹੀ ਨਹੀਂ ਸੀ ਕਰਵਾਉਣਾ ਚਾਹੁੰਦੀ। ਜੇ ਸਹਿਮਤ ਹੋਈ ਵੀ ਤਾਂ ਉਹ ਧਾਰਾ 193 ਦੇ ਤਹਿਤ ਬਹਿਸ ਕਰਵਾਉਣਾ ਚਾਹੁੰਦੀ ਸੀ। ਪਰ ਭਾਜਪਾ ਤੇ ਖੱਬੇ ਪੱਖੀ ਪਾਰਟੀਆਂ ਦੇ ਦਬਆ ਕਰਕੇ ਉਨ੍ਹਾਂ ਨੂੰ ਧਾਰਾ 184 ਦੇ ਤਹਿਤ ਬਹਿਸ ਕਰਵਾਉਣੀ ਪਈ ਜਿਸ ਬਹਿਸ ਨੇ ਭਾਰਤੀ ਲੋਕਤੰਤਰ ਦੀਆਂ ਕਮਝੋਰੀਆਂ ਨੂੰ ਜਗ ਜਾਹਰ ਕਰਕੇ ਸੰਸਾਰ ਦੇ ਸਭ ਤੋਂ ਵੱਡੇ ਜਮਹੂਰੀ ਦੇਸ਼ ਦੀ ਜਮਹੂਰੀਅਤ ਦੇ ਦਰਸ਼ਣ ਵੀ ਸੰਸਾਰ ਨੂੰ ਕਰਵਾ ਦਿੱਤੇ ਹਨ ਕਿ ਭਾਰਤ ਅੰਦਰ ਕਿਸ ਕਿਸਮ ਦਾ ਲੋਕਤੱਤਰ ਹੈ।

2ਲੋਕ ਸਭਾ ਵਿਚ ਵਿਚ ਪ੍ਰਚੂਨ  ਖੇਤਰ ਵਿਚ ਸਿੱਧੇ ਬਿਦੇਸ਼ੀ ਨਿਵੇਸ਼ ਦੇ ਮੁੱਦੇ 'ਤੇ ਅਠਾਰਾਂ ਰਾਜਸੀ ਪਾਰਟੀਆਂ ਦੇ ਬਾਈ ਆਗੂਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਚੌਦਾਂ ਨੇ ਐਫਡੀਆਈ ਦਾ ਵਿਰੋਧ ਕੀਤਾ। ਪਰ ਇਹ ਵਿਰੋਧ ਕੇਵਲ ਇਕ ਦਿਖਾਵਾ ਹੀ ਸੀ ਇਸ ਲਈ ਵਿਰੋਧੀ ਧਿਰ ਦਾ ਮਤਾ ਤਾਂ ਭਾਂਵੇ ਡਿਗ ਪਿਆ ਪਰ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਕਿਸ ਹੱਦ ਤੱਕ ਖੋਖਲੀਆਂ ਹਨ ਇਸ ਦਾ ਬੋਧ ਸਾਰੇ ਸੰਸਾਰ ਨੂੰ ਜਾਰੂਰ ਕਰਵਾ ਗਿਆ। ਜਿਸ ਦਾ ਫਾਇਦਾ ਸਾਮਰਾਜੀ ਧਿਰਾਂ ਕਦੇ ਵੀ ਮੁੜ ਉਠਾ ਸਕਣਗੀਆਂ। ਜੇ ਵਿਰੋਧ ਕਰਨ ਵਾਲੀਆਂ ਪਾਰਟੀਆਂ ਦੇ ਆਗੂਆਂ ਦੀ ਕਹਿਣੀ ਤੇ ਕਰਨੀ ਵਿਚ ਅਜਿਹਾ ਅੰਤਰ ਨਾ ਹੁੰਦਾ ਤਾਂ ਵਿਰੋਧੀ ਧਿਰ ਦਾ ਇਹ ਮਤਾ 224 ਵੋਟਾਂ ਦੇ ਮੁਕਾਬਲੇ 282 ਵੋਟਾਂ ਦੇ ਮੁਕਾਬਲੇ ਜਿਤ ਹਾਸਲ ਕਰ ਜਾਂਦਾ। ਭਾਰਤੀ ਜਮਹੂਰੀਅਤ ਅੰਦਰ ਛਲ ਕਪਟ ਕਿੰਨਾਂ ਹਾਵੀ ਹੋ ਚੁੱਕਾ ਹੈ ਇਸ ਨੂੰ ਇਸ ਘਟਨਾ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾਂਣਾ ਚਾਹੀਦਾ ਕਿ ਭਾਰਤੀ ਹਾਕਮਾਂ ਤੋਂ ਬਿਨਾਂ ਦੁਨੀਆਂ ਭਰ ਦੀਆਂ ਸਾਮਰਾਜੀ ਧਿਰਾਂ ਇਸ ਜਟਲ ਕਾਰਜ ਨੂੰ ਕਰਵਾਉਣ ਲਈ ਜੀ ਜਾਨ ਨਾਲ ਲੱਗੀਆਂ ਹੋਈਆਂ ਸਨ। ਜਿਨਾਂ ਦੇ ਜਿੱਤ ਜਾਣ ਦਾ ਸਿੱਧਾ ਮਤਲਬ ਹੀ ਇਹ ਹੈ ਕਿ ਭਾਰਤ ਦੇ ਫੈਸਲੇ ਹੁਣ ਭਾਰਤੀ ਸੰਸਦ ਵਿਚ ਬੈਠਕੇ ਨਹੀਂ ਸਗੋਂ ਭਾਰਤ ਉਪਰ ਬਾਜ ਅੱਖ ਰੱਖ ਰਹੀਆਂ ਧਿਰਾਂ ਦੇ ਮੁਨਾਫਿਆ ਉਪਰ ਨਿਰਭਰ ਕਰਿਆ ਕਰਨਗੇ।
 
-ਡਾ. ਤੇਜਿੰਦਰ ਵਿਰਲੀ