dr t virli

dr t virli

Monday 28 January 2013

ਮਾਲਵੇ ਵਿਚ ਬਿਮਾਰੀਆਂ ਦਾ ਕਹਿਰ ਤੇ ਸਾਡੀਆਂ ਸਰਕਾਰਾਂ

ਪੰਜਾਬ ਅੱਜ ਪੂਰੀ ਤਰ੍ਹਾਂ ਨਾਲ ਬਿਮਾਰੀਆਂ ਦੀ ਗਰਿਫਤ ਵਿਚ ਹੈ। ਬਿਮਾਰੀ ਦਾ ਇਲਾਜ ਨਾ ਕਰਵਾ ਸਕਣ ਦੀ ਮਜਬੂਰੀ ਵਿਚ ਲੋਕ ਸਾਧਾਂ ਦੇ ਡੇਰਿਆਂ ਵੱਲ ਧੱਕੇ ਖਾ ਰਹੇ ਹਨ। ਭਾਰਤ ਸਰਕਾਰ ਦੇ ਆਂਕੜੇ ਦਸਦੇ ਹਨ ਕਿ ਇਲਾਜ ਕਰਵਾਉਣ ਦੇ ਯਤਨਾ ਵਿਚ ਹਰ ਸਾਲ 2.5% ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਡਿੱਗ ਰਹੇ ਹਨ। ਪਰ ਬਿਮਾਰੀਆਂ ਰੁਕਣ ਦੀ ਥਾਂ ਹਰ ਆਏ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਮਲਵੇ ਦੀ ਉਹ ਬੈਲਟ ਜਿੱਥੇ ਕਪਾਹ ਦੀ ਖੇਤੀ ਹੁੰਦੀ ਹੈ ਕੈਂਸਰ ਬੈਲਟ ਵਜੋਂ ਮਸ਼ਹੂਰ ਹੋ ਗਈ ਹੈ। 2001 ਤੋਂ 2009 ਤੱਕ ਇਕੱਲੇ ਮੁਕਤਸਰ ਜਿਲ੍ਹੇ ਵਿਚ ਹੀ 1074 ਲੋਕ ਕੈਂਸਰ ਨਾਲ ਮਰ ਗਏ। ਲੱਗ ਭਗ ਏਨੇ ਹੀ ਇਸ ਬਿਮਾਰੀ ਤੋਂ ਪੀੜਤ ਮਰਨ ਕਿਨਾਰੇ ਪਏ ਹਨ। ਇਸੇ ਸਮੇਂ ਦੌਰਾਨ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਕੇ ਲੰਬੀ ਵਿਚ 211 ਵਸਨੀਕ ਕੈਂਸਰ ਨਾਲ ਮਰ ਗਏ। ਇਸ ਤਰ੍ਹਾਂ ਹੋ ਰਹੀਆਂ ਮੌਤਾਂ ਲਈ ਜਿੰਮੇਵਾਰ ਕਿਹੜੀ ਚੀਜ ਹੈ। ਇਸ ਸਾਰੇ ਬਾਰੇ ਅਜੇ ਤੱਕ ਵਿਦਵਾਨ ਇਕ ਮੱਤ ਨਹੀਂ ਹੋਏ ਕਿ ਬਿਮਾਰੀਆਂ ਦਾ ਅਸਲ ਕਾਰਨ ਕੀ ਹੈ? ਬਹੁਤੇ ਲੋਕ ਇੱਥੋਂ ਦੇ ਪ੍ਰਦੂਸਤ ਹੋ ਰਹੇ ਪਾਣੀ ਨੂੰ ਇਸ ਦਾ ਇਕ ਅਹਿਮ ਕਾਰਨ ਮਨ ਰਹੇ ਹਨ।
ਪੰਜਾਬ ਜਿਸ ਦੀ ਪਹਿਚਾਣ ਹੀ ਪੰਜ ਪਾਣੀਆਂ ਕਰਕੇ ਹੈ। ਅੱਜ ਪਾਣੀਆਂ ਦੇ ਪ੍ਰਦੂਸ਼ਤ ਹੋ ਜਾਣ ਕਰਕੇ ਆਪਣੀ ਤਬਾਹੀ ਵੱਲ ਵਧ ਰਿਹਾ ਹੈ। ਅੱਜ ਪਾਣੀ ਹੀ ਜਹਿਰ ਬਣ ਗਿਆ ਹੈ। ਜਿਸ ਪਾਣੀ ਨੂੰ ਅੰਮ੍ਰਿਤ ਵਰਗਾ ਹੋਣ ਦਾ ਮਾਣ ਪ੍ਰਾਪਤ ਸੀ। ਪਾਣੀ ਦੇ ਮਹੱਤਵ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ, ਵਾਤਾਵਰਨ ਮਨੁੱਖ ਲਈ ਕਿਨ੍ਹਾਂ ਮਹੱਤਵ ਪੂਰਨ ਹੈ ਤੇ ਇਸ ਵਿਚ ਪਾਣੀ ਨੂੰ ਬਾਪ ਦਾ ਦਰਜਾ ਮਿਲਿਆ ਹੈ ਜਿਸ ਤੋਂ ਬਿਨ੍ਹਾਂ ਜੀਵਨ ਸੰਭਵ ਹੀ ਨਹੀਂ ਹੈ। ਜਿਸ ਬਾਰੇ ਗੁਰਬਾਣੀ ਵਿਚ ਵੀ ਆਉਂਦਾ ਹੈ ਜਲ ਮਿਲਿਆ ਪ੍ਰਮੇਸ਼ਵਰ ਮਿਲਿਆ , ਜਾਂ ਪਹਿਲਾ ਪਾਣੀ ਜੀਊ ਹੈ ਜਿਤ ਹਰਿਆ ਸਭ ਕੋਇ। ਦੁਨੀਆਂ ਭਰ ਵਿਚ ਮਨੁੱਖੀ ਸੱਭਿਅਤਾ ਦਾ ਵਿਕਾਸ ਪਾਣੀ ਦੀ ਬੁਨਿਆਦੀ ਲੋੜ ਦੇ ਹਿਸਾਬ ਨਾਲ ਹੀ ਹੋਇਆ ਹੈ। ਜਿੱਥੇ ਜਿੱਥੇ ਪਾਣੀ ਸੀ ਪਹਿਲੇ ਮਨੁੱਖ ਨੇ ਉਸੇ ਧਰਤੀ ਨੂੰ ਹੀ ਆਪਣੇ  ਰਹਿਣ ਲਈ ਚੁਣਿਆ। ਇਸੇ ਕਰਕੇ ਮਨੁੱਖੀ ਸੱਭਿਆਤਾ ਦਾ ਵਿਕਾਸ ਨਦੀਆਂ ਦੇ ਕਨਾਰਿਆਂ ਉਪਰ ਹੀ ਹੋਇਆ ਹੈ। ਜਿਨ੍ਹਾਂ ਨਦੀਆਂ ਨੇ ਅੱਜ ਦੇ ਮਨੁੱਖ ਨੂੰ ਸੱਭਿਅਕ ਮਨੁੱਖ ਬਣਾਇਆ ਸੀ। ਬਦਕਿਸਮਤੀ ਨਾਲ ਉਨ੍ਹਾਂ ਨਦੀਆਂ ਦਾ ਪਾਣੀ ਅੱਜ ਦੇ ਸੱਭਿਅਕ ਮਨੁੱਖ ਹੱਥੋ ਹੀ ਏਨਾਂ ਪ੍ਰਦੂਸ਼ਤ ਹੋਇਆ ਹੈ ਕਿ ਉਹ ਨਦੀਆਂ ਵੀ ਸ਼ਰਮਸਾਰ ਹਨ।

ਅੱਜ ਬਠਿੰਡੇ ਤੋਂ ਬੀਕਾਨੇਰ ਨੂੰ ਜਾਣ  ਵਾਲੀ ਟਰੇਨ ਵਿਚ ਪੰਜਾਬ ਦੇ ਕੈਂਸਰ ਪੀੜਤ ਲੋਕ ਹੀ ਸਫਰ ਕਰਦੇ ਹਨ। ਬਠਿੰਡਾ ਜਿਸ  ਧਰਤੀ ਉਪਰ ਬੈਠਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ' ਜਫਰਨਾਵਾਂ' ਲਿਖਿਆ ਸੀ।  ਉਸ ਧਰਤੀ ਨੂੰ ਅੱਜ ਗੁਰੂਆਂ ਦੇ ਬੇਵੱਸ ਵਾਰਸ ਬੇਦਾਵਾ ਲਿਖਣ ਲਈ ਮਜਬੂਰ ਹਨ। ਕਿਉਂਕਿ ਉੱਥੋ ਦਾ ਪੌਣ- ਪਾਣੀ ਏਨ੍ਹਾਂ ਪ੍ਰਦੂਸ਼ਤ ਹੋ ਗਿਆ ਹੈ ਕਿ ਉੱਥੇ ਹੁਣ ਰਿਹਾ ਨਹੀਂ ਜਾ ਸਕਦਾ।

ਸਾਉਥ ਅਫਰੀਕਾ ਤੋਂ ਆਈ ਡਾ.( ਮੈਡਮ) ਕੈਰਨ ਸਮਿਥ ਦੀ ਟੀਮ ਨੇ ਆਪਣੇ 14 ਮਹੀਨੇ ਦੇ ਗਹਿਨ ਅਧਿਐਨ ਤੋਂ ਬਾਦ ਜਿਹੜੇ ਸਿੱਟੇ ਕੱਢੇ ਹਨ, ਇਹ ਅਧਿਐਨ 2008 ਵਿਚ ਹੋਇਆ ਤੇ 2009 ਵਿਚ ਇਸ ਸੰਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਉਨ੍ਹਾਂ ਸਿੱਟਿਆਂ ਨੇ ਪੂਰੀ ਦੁਨੀਆਂ ਦਾ ਧਿਆਨ ਪੰਜਾਬ ਦੀ ਇਸ ਧਰਤੀ ਵੱਲ ਖਿੱਚਿਆ ਹੈ। ਉਸ ਦਾ ਅਧਿਐਨ ਕੇਂਦਰ ਸੀ ਮਾਲਵੇ ਦਾ ਖਿੱਤਾ। ਜਿਸ ਨੂੰ ਫਰੀਦਕੋਟ ਦੇ ਪਿੰਡਾਂ ਉਪਰ ਕੇਂਦਰਿਤ ਕੀਤਾ ਗਿਆ ਸੀ। ਉਸ ਦੇ ਹੈਰਾਨੀਜਨਕ ਸਿੱਟੇ ਇਹ ਦਸਦੇ ਹਨ ਕਿ ਪੰਜਾਬ ਦੇ ਪਾਣੀਆਂ ਵਿਚ ਯੂਰੇਨੀਅਮ ਨਾਮ ਦੀ ਧਾਂਤ ਦਾ ਮਿਸ਼ਰਨ ਲੋੜੀਂਦੀ ਮਾਤਰਾ ਤੋਂ ਬਹੁਤ ਜ਼ਿਆਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਕਈ ਪਿੰਡਾਂ ਵਿਚ ਇਹ ਲੋੜੀਂਦੀ ਮਾਤਰਾ ਤੋਂ 60 ਗੁਣਾ ਤੋਂ ਵੀ ਵਧ ਹੈ। ਡਾ. ਕੈਰਨ ਸਮਿਥ ਨੇ ਪੰਜਾਬ ਤੇ ਭਾਰਤ ਦੀਆਂ ਸਰਕਾਰਾਂ ਨੂੰ ਖੁੱਲੇ ਖਤ ਲਿਖੇ। ਇਨ੍ਹਾਂ ਖਤਾਂ ਵਿਚ ਉਸ ਨੇ ਪੰਜਾਬ ਦੇ ਖਰਾਬ ਪਾਣੀਆਂ ਬਾਰੇ ਚਿੰਤਾ ਵਿਅਕਤ ਕਰਦੇ ਆਪਣੇ ਖੋਜ਼ ਕਾਰਜ ਦਾ ਹਵਾਲਾ ਦਿੱਤਾ ਤੇ ਕਿਹਾ ਇਹ ਪਾਣੀ ਜੀਵ ਦੇ ਪੀਣ ਤੇ ਹੋਰ ਕੰਮਾਂ ਲਈ ਵਰਤਣ ਦੇ ਕਾਬਲ ਨਹੀਂ ਹੈ। ਉਸ ਨੇ ਪੰਜਾਬ ਦੇ ਭਵਿੱਖ ਬਾਰੇ ਵੀ ਚਿੰਤਾ ਜਾਹਰ ਕੀਤੀ ਤੇ ਕਿਹਾ ਕਿ ਮਾਲਵੇ ਦੇ ਇਸ ਖਿੱਤੇ ਵਿਚ ਜਿੱਥੇ ਬੱਚੇ ਅਬਨਾਰਮਲ ਪੈਦਾ ਹੋ ਰਹੇ ਹਨ ਉਸ ਦਾ ਵੱਡਾ ਕਾਰਨ ਕੋਈ ਹੋਰ ਨਾ ਹੋਕੇ ਪਾਣੀ ਵਿਚ ਯੁਰੇਨੀਅਮ ਦੀ ਵੱਧ ਮਾਤਰਾ ਦਾ ਹੋਣਾ ਹੀ ਹੈ।

 ਇਸ ਦੇ ਨਾਲ ਜੁੜਦੇ ਅਧਿਐਨ  ਵਿਚ ਉੱਤਰੀ ਭਾਰਤ ਦੇ 120 ਬੱਚਿਆਂ  ਦਾ ਅੰਤਰਰਾਸ਼ਟਰੀ ਅਧਿਐਨ ਲਈ ਨਮੂਨਾਂ  ਲਿਆ ਗਿਆ। ਇਨ੍ਹਾਂ 120 ਬੱਚਿਆਂ ਵਿੱਚੋਂ 113 ਦੇ ਨਮੂਨੇ ਵਿਚ ਯੁਰੇਨੀਅਮ ਦੀ ਮਾਤਰਾ ਵੱਧ ਪਾਈ ਗਈ। ਕੁਝ ਬੱਚਿਆਂ ਵਿਚ ਤਾਂ ਇਹ ਨਾਰਮਲ ਨਾਲੋਂ 50 ਗੁਣਾ ਵੱਧ ਪਾਈ ਗਈ। ਇਹ ਅਧਿਐਨ ਵੀ ਲੱਗ- ਭਗ ਇਸੇ ਸਿੱਟੇ ਵੱਲ ਹੀ ਜਾ ਰਿਹਾ ਸੀ ਕਿ ਪਾਣੀ ਰਾਹੀ ਯੁਰੇਨੀਅਮ ਦੀ ਵਧ ਮਾਤਰਾ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰ ਰਹੀ ਹੈ।

ਬਾਬਾ ਫਰੀਦ ਸੈਂਟਰ ਦੇ ਅਧਿਐਨ ਨੇ ਵੀ ਇਹ ਹੀ ਰੀਪੋਰਟ ਦਿੱਤੀ ਕਿ ਮਾਲਵੇ ਦੇ ਇਸ ਖਿੱਤੇ ਵਿਚ ਸਭ ਤੋਂ ਵਧੇਰੇ ਮਾਰੂ ਪ੍ਰਭਾਵ ਬੱਚਿਆਂ ਦੀ ਸਿਹਤ ਉਪਰ ਪੈ ਰਿਹਾ ਹੈ। ਬਾਬਾ ਫਰੀਦ ਅਧਿਐਨ ਸੈਂਟਰ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ ਇੱਥੇ ਦੇ ਦੋ ਵੱਡੇ ਬਿਜਲੀ ਪਲਾਂਟ ਇਸ ਦਾ ਕਾਰਨ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਇਨ੍ਹਾਂ ਵੱਡੇ ਬਿਜਲੀ ਪਲਾਂਟਾਂ ਦਾ ਬਾਲਣ ਕੋਲਾ ਸੜਕੇ ਸਵਾਹ ਦੇ ਰੂਪ ਵਿਚ ਜਦੋਂ ਧੂੜ ਵਿਚ ਰਲਦਾ ਹੈ ਤੇ ਇਹ ਧੂੜ ਮਾਲਵੇ ਦੇ ਜਿਸ ਜਿਸ ਹਿੱਸੇ ਤੱਕ ਪਹੁੰਚਦੀ ਹੈ ਉੱਥੇ ਉੱਥੇ ਦਾ ਜਲਵਾਯੂ ਖਰਾਬ ਹੋ ਰਿਹਾ ਹੈ। ਭੁੱਚੋ ਮੰਡੀ ਜਿਲ੍ਹਾ ਬਠਿਡਾ ਦੇ ਉਸ ਇਲਾਕੇ ਦਾ ਹੀ ਨੇੜਲਾ ਹਿੱਸਾ ਹੈ ਜਿਸ ਪਾਸੇ ਵੱਲ ਲਹਿਰਾ ਮਹੱਬਤ ਥਰਮਲ ਪਲਾਂਟ ਹੈ। ਇਸ ਪਲਾਂਟ ਵਿਚ ਬਲਣ ਵਾਲੇ ਕੋਲੇ ਦੀ ਸਵਾਹ ਭੁੱਚੋਂ ਮੰਡੀ ਦੇ ਲਾਗਲੇ ਪਿੰਡਾਂ ਵੱਲ ਜਾਂਦੀ ਹੈ। ਇਸ ਸਵਾਹ ਵਾਲੇ ਪਾਉਂਡ ਦੇ ਨੇੜੇ ਵਸਦਾ ਪਿੰਡ ਜੈ ਸਿੰਘ ਵਾਲਾ ਬਿਮਾਰੀਆਂ ਨਾਲ ਸਭ ਤੋਂ ਵਧੇਰੇ ਪੀੜਤ ਹੈ ਇਸ ਪਿੰਡ ਦੇ ਪਾਣੀ ਵਿਚ ਧਾਤਾਂ ਦੀ ਮਕਦਾਰ 52.79 ਮਿਲੀ ਗ੍ਰਾਮ ਹੈ। ਇਸ ਅਧਿਐਨ ਸੈਂਟਰ ਨੇ ਇਹ ਵੀ ਸ਼ੰਕਾ ਵਿਅਕਤ ਕੀਤੀ ਕਿ ਇਸ ਖਿੱਤੇ ਵਿਚ ਖੇਤੀਬਾੜੀ ਦਾ ਵਧ ਝਾੜ ਲੈਣ ਲਈ ਵਰਤੀਆਂ ਜਾਂਦੀਆਂ ਜਹਿਰਾਂ ਵੀ ਇਸ ਦਾ ਵੱਡਾ ਕਾਰਨ ਹਨ। ਇਹ ਜ਼ਹਿਰਾਂ ਸਮਾਂ ਪਾਕੇ ਧਰਤੀ ਰਾਹੀ ਪਾਣੀ ਵਿਚ ਪ੍ਰਵੇਸ਼ ਕਰ ਰਹੀਆਂ ਹਨ ਤੇ ਪਾਣੀ ਪ੍ਰਦੂਸ਼ਤ ਹੋ ਰਿਹਾ ਹੈ। ਬਾਬਾ ਫਰੀਦ ਅਧਿਐਨ ਸੈਂਟਰ ਦੇ ਵਿਦਵਾਨ ਡਾ. ਪ੍ਰਿਤਪਾਲ ਸਿੰਘ ਨੇ ਵਾਤਾਵਰਣ ਵਿਚ ਵੱਡੇ ਪੱਧਰ 'ਤੇ ਆ ਰਹੀ ਖਰਾਬੀ ਨੂੰ ਇਨ੍ਹਾਂ ਬਿਮਾਰੀਆਂ ਲਈ ਜਿੰਮੇਵਾਰ ਮੰਨਿਆਂ ਹੈ।

ਇਸ ਅਧਿਐਨ ਨੇ ਹੋਰ ਵੀ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਕਿ ਮਾਲਵੇ ਦੇ ਮਨੁੱਖ  ਨੂੰ ਬਿਜਲੀ ਦੀ ਕਿੰਨੀ ਵੱਡੀ ਕੀਮਤ ਦੇਣੀ ਪੈ ਰਹੀ ਹੈ। ਜੇ ਇਹ ਸ਼ੰਕੇ ਠੀਕ ਹਨ ਕਿ ਕੋਲੇ ਦੇ ਜਲੇ ਹੋਏ ਕਣ ਹੀ ਵੱਡੀ ਸਮੱਸਿਆ ਬਣ ਰਹੇ ਹਨ ਤਾਂ ਪ੍ਰਮਾਣੂ ਬਿਜਲੀ ਘਰਾਂ ਦੀ ਕੀਮਤ ਕਿੰਨੀ ਵੱਡੀ ਦੇਣੀ ਪਵੇਗੀ। ਇਸ ਦਾ ਅਨੁਮਾਨ ਤਾਂ ਅਸਾਨੀ ਦੇ ਨਾਲ ਹੀ ਲਾਇਆ ਜਾ ਸਕਦਾ ਹੈ।

ਪਾਣੀ ਵਿਚ ਯੁਰੇਨੀਅਮ ਬਾਰੇ ਡਾ. ਕੈਰਨ ਸਮਿਥ ਦੀ ਖੋਜ਼ ਤੋਂ ਵੱਖਰੀ ਧਾਰਨਾ ਵਿਅਕਤ ਕਰਦਿਆਂ ਫਰੀਦਕੋਟ ਦੇ ਸਿਵਲ ਸਰਜਨ  ਡਾ.ਵਿਵੇਕ ਜੈਨ ਨੇ ਕਿਹਾ ਹੈ ਕਿ ਇਨ੍ਹਾਂ ਬਿਮਾਰੀਆਂ ਲਈ ਯੁਰੇਨੀਅਮ ਜਿੰਮੇਵਾਰ ਨਹੀਂ ਹੈ ਸਗੋਂ ਇਸ ਦਾ ਕਾਰਨ ਤਾਂ ਕੋਈ ਹੋਰ ਹੈ। ਡਾ. ਵਿਵੇਕ ਜੈਨ ਦੀ ਇਸ ਦਲੀਲ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਣੀ ਵਿਚ ਯੁਰੇਨੀਅਮ ਦੀ ਮਾਤਰਾ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਵਧ ਹੈ ਪਰ ਉੱਥੇ ਨਾ ਤਾਂ ਏਨੀ ਵੱਡੀ ਤ੍ਹਰਾਂ ਨਾਲ ਕੈਂਸਰ ਹੈ ਤੇ ਨਾ ਹੀ ਬੱਚਿਆਂ ਵਿਚ ਅਬਨਾਰਮੈਲਟੀ। ਡਾ. ਜੈਨ ਨੇ ਇਸ ਕਿਸਮ ਦੀ ਅਬਨਾਰਮਿਲਟੀ ਨੂੰ ਜੈਨੇਟਿਕ ਨਾਲ ਜੋੜਿਆ ਹੈ। ਪਰ ਉਥੋਂ ਦੇ ਲੋਕ ਇਸ ਕਿਸਮ ਦੀ ਦਲੀਲ ਨੂੰ ਰੱਦ ਕਰਦੇ ਹੋਏ ਆਖਦੇ ਹਨ ਕਿ ਉਨ੍ਹਾਂ ਦੇ ਪੁਰਖਿਆਂ ਵਿਚ ਕਦੇ ਵੀ ਇਸ ਕਿਸਮ ਦੀਆਂ ਬਿਮਾਰੀਆਂ ਨਹੀਂ ਸਨ। ਪਿੰਡਾ ਦੇ ਸਧਾਰਨ ਲੋਕਾਂ ਨੂੰ ਇਹ ਹੀ ਜਾਪ ਰਿਹਾ ਹੈ ਕਿ ਹਰਾ ਇਨਕਲਾਬ ਹੀ ਉਨ੍ਹਾਂ ਲਈ ਤਬਾਹੀ ਲੈ ਕੇ ਆਇਆ ਹੈ। ਤੇ ਉਨ੍ਹਾਂ ਦੀਆਂ ਬਿਮਾਰੀਆਂ ਵੀ ਉਦੋਂ ਹੀ ਜੋਰ ਫੜੀਆਂ ਹਨ ਜਦੋਂ ਹਰਾ ਇਨਕਲਾਬ ਆਪਣੇ ਸਿਖਰ ਉਪਰ ਜਾ ਕੇ ਖੜ ਗਿਆ ਹੈ ਤੇ ਜਿੰਮੀਦਾਰ ਆਪਣੀ ਉਪਜ ਨੂੰ ਵਧਾਉਣ ਲਈ ਜਹਿਰਾਂ ਦੀ ਵਰਤੋਂ ਹੋਰ ਵੀ ਵਧੇਰੇ ਕਰਨ ਵੱਲ ਰੁਝ ਗਿਆ ਹੈ।

2008 ਵਿਚ ਪੰਜਾਬ ਐਗਰੀਕਲਚਰ ਯੁਨੀਵਰਸਿਟੀ  ਲੁਧਿਆਣਾ ਨੇ ਇਕ ਖੋਜ ਕਾਰਜ  ਪ੍ਰਕਾਸ਼ਤ ਕੀਤਾ ਜਿਸ ਅਨੁਸਾਰ ਬੁੱਢੇ  ਨਾਲੇ ਦਾ ਪ੍ਰਦੂਸ਼ਤ ਪਾਣੀ ਵੱਡੇ  ਇਲਾਕੇ ਵਿਚ ਸਬਜੀਆਂ ਦੀ ਕਾਸ਼ਤ  ਲਈ ਵਰਤਿਆ ਜਾਂਦਾ ਹੈ। ਇਹ ਬੁੱਢਾ  ਨਾਲਾ ਨਹਿਰਾਂ ਰਾਹੀ ਮਲੋਟ, ਲੰਬੀ, ਜੀਰਾ  ਆਦ ਦੇ ਖੇਤਰਾਂ ਨੂੰ ਪ੍ਰਭਾਵਤ ਕਰਦਾ  ਹੈ। ਇਸ ਪਾਣੀ ਵਿਚ ਯੁਰੇਨੀਅਮ ,ਪਾਰਾ  ਤੇ ਸਾਈਨਾਈਡ ਏਸਡ ਤੇ ਹੋਰ  ਧਾਤਾਂ ਦਾ ਮਿਸ਼ਰਣ ਹੈ। ਜਿਸ ਪਾਣੀ  ਦੀ ਕਾਸ਼ਤ ਨਾਲ ਪੈਦਾ ਹੋਣ ਵਾਲੀਆਂ  ਸਬਜੀਆਂ ਵੀ ਇਨ੍ਹਾਂ ਧਾਤਾਂ ਦੀ ਕੁਝ ਮਾਤਰਾ ਆਪਣੇ ਅੰਦਰ ਲੈ ਲੈਦੀਆਂ ਹਨ। ਜਦੋਂ ਮਨੁੱਖ ਇਨ੍ਹਾਂ ਨੂੰ ਖਾਂਦਾ ਹੈ ਤਾਂ ਇਹ ਮਨੁੱਖ ਦੇ ਅੰਦਰ ਵੀ ਜਾਂਦੀਆਂ ਹਨ। ਲੁਧਿਆਣਾ ਯੁਨੀਵਰਸਿਟੀ ਨੇ ਇਹ ਵੀ ਚਿੰਤਾ ਵਿਅਕਤ ਕੀਤੀ ਹੈ ਕਿ ਇਨ੍ਹਾਂ ਮਾਰੂ ਧਾਤਾਂ ਦਾ ਅਸਰ ਪਸ਼ੂਆਂ ਦੇ ਚਾਰੇ ਰਾਹੀ ਪੁਸ਼ੂਆਂ ਉਪਰ ਵੀ ਹੋ ਰਿਹਾ ਹੈ ਤੇ ਉਨ੍ਹਾਂ ਦਾ ਦੁੱਧ ਪੀਣ ਦੇ ਨਾਲ ਇਹ ਜ਼ਹਿਰ ਮਨੁੱਖ ਦੇ ਅੰਦਰ ਵੀ ਜਾ ਰਹੀ ਹੈ। ਬੁੱਢੇ ਨਾਲੇ ਬਾਰੇ ਹੋਏ ਖੋਜਕਾਰਜ ਨੇ ਇਹ ਸਿੱਧ ਕੀਤਾ ਹੈ ਕਿ ਇਹ ਨਾਲਾ ਕਦੇ ਸਾਫ ਪਾਣੀ ਦਾ ਵਹਿਣ ਹੁੰਦਾ ਸੀ। 1964 ਵਿਚ ਇਸ ਨਾਲੇ ਦੇ ਪਾਣੀ ਵਿਚ 56 ਕਿਸਮ ਦੀਆਂ ਮੱਛੀਆਂ ਹੁੰਦੀਆਂ ਸਨ ਪਰ ਹੁਣ ਇਸ ਦੇ ਜਹਿਰੀਲੇ ਪਾਣੀ ਵਿਚ ਮੱਛੀ ਤਾਂ ਕੀ ਕੋਈ ਵੀ ਮਨੁੱਖ ਦਾ ਮਿੱਤਰ ਜੀਵ ਨਹੀਂ ਰਹਿੰਦਾ। ਬਾਣੀ ਦਾ ਇਹ ਸ਼ਬਦ ਅੱਜ ਸਾਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ, ਪਹਿਲਾ ਪਾਣੀ ਜੀਊ ਹੈ ਜਿਤ ਹਰਿਆ ਸਬ ਕੋਇ। ਪਹਿਲੇ ਜੀਵ ਦੀ ਹੋਦ ਅੱਜ ਖਤਰੇ ਵਿਚ ਹੈ ਜਿਸ ਤੋਂ ਸਾਰੀ ਜੀਵ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਹ ਸਾਨੂੰ ਸੰਕੇਤ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਮਨੁੱਖ ਦੀ ਹੋਂਦ ਦਾ ਵੀ ਇਹ ਹੀ ਹਸ਼ਰ ਹੋ ਸਕਦਾ ਹੈ ਜੇ ਅੱਜ ਲੋੜੀਂਦਾ ਧਿਆਨ ਨਾ ਦਿੱਤਾ।

ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਨੇ 1995 ਵਿਚ ਹੀ ਅਜਿਹਾ ਖੋਜ਼ ਕਾਰਜ ਪ੍ਰਕਾਸ਼ਿਤ ਕੀਤਾ ਸੀ ਜਿਸ ਨੇ ਇਹ ਚਿੰਤਾ ਵਿਅਕਤ ਕੀਤੀ ਸੀ ਕਿ ਪੰਜਾਬ ਦੇ ਪਾਣੀਆਂ ਵਿਚ ਧਾਤਾਂ ਦਾ ਮਿਸ਼ਰਣ ਚਿੰਤਾਜਨਕ ਹੱਦ ਤੱਕ ਵਧ ਰਿਹਾ ਹੈ। ਜਿਨ੍ਹਾਂ ਧਾਤਾਂ ਵਿੱਚੋਂ ਯੁਰੇਨੀਅਮ ਦੀ ਭਰਮਾਰ ਸਭ ਤੋਂ ਅਸਿਹ ਹੈ। ਜਿਸ ਦੇ ਮਾਰੂ ਪ੍ਰਭਾਵ ਮਨੁੱਖੀ ਜਾਨਾ ਉਪਰ ਪੈਣ ਦੇ ਖਦਸ਼ੇ ਵੀ ਉਸ ਖੋਜ ਕਾਰਜ ਨੇ ਜਾਹਰ ਕੀਤੇ ਸਨ। ਪਰ ਜਿਸ ਨੂੰ ਪੰਜਾਬ ਤੇ ਭਾਰਤ ਦੀਆਂ ਸਰਕਾਰਾਂ ਨੇ ਬਹੁਤੀ ਸੰਜੀਦਗੀ ਨਾਲ ਨਹੀਂ ਸੀ ਲਿਆ। ਇਸ ਖੋਜ਼ ਕਾਰਜ ਨੂੰ ਆਧਾਰ ਬਣਾਕੇ ਜਿਸ ਕਿਸਮ ਦੀ ਖੋਜ ਆਰੰਭ ਹੋਣੀ ਚਾਹੀਦੀ ਸੀ ਉਹ ਅਜੇ ਤੱਕ ਨਹੀਂ ਹੋਈ ਤੇ ਸ਼ਾਇਦ ਅੱਜ ਦੀ ਤਬਾਹੀ ਵਾਲੀ ਸਥਿਤੀ ਦਾ ਦੁਖਾਂਤ ਵੀ ਇੱਥੋਂ ਹੀ ਆਰੰਭ ਹੋਇਆ ਹੈ। ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਹੱਥਲੇ ਖੋਜ ਕਾਰਜ ਨੇ ਇਸ ਸੰਬੰਧੀ ਹੋਰ ਅਡਵਾਂਸ ਖੋਜ ਕਾਰਜ ਦੀ ਲੋੜ ਉਪਰ ਜੋਰ ਦਿੱਤਾ ਸੀ ਪਰ ਸਾਡੀਆਂ ਸਰਕਾਰਾਂ ਨੇ ਇਸ ਕਿਸਮ ਦੀ ਖੋਜ ਕਾਰਜ ਦੀ ਸ਼ਾਇਦ ਕੋਈ ਲੋੜ ਹੀ ਨਹੀਂ ਸੀ ਸਮਝੀ। ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਕੀਤਾ ਗਿਆ ਖੋਜ ਕਾਰਜ ਲਾਇਬਰੇਰੀਆਂ ਦੀ ਵਸਤੂ ਬਣਕੇ ਹੀ ਰਹਿ ਗਿਆ ਹੈ।

ਜਿਵੇ ਭਾਰਤ ਵਿਚ ਅਕਸਰ ਹੀ ਹੁੰਦਾ ਹੈ  ਕਿ ਜਦੋਂ ਹਰ ਪਾਸਿਓ ਤੋਏ ਤੋਏ ਹੋਣ ਲੱਗ ਪੈਂਦੀ ਹੈ ਤਾਂ ਭਾਰਤ ਦੀਆਂ ਸਰਕਾਰਾਂ ਜਾਗਦੀਆਂ ਹਨ। ਪੰਜਾਬ ਵਿਚ ਵੀ ਅਜਿਹਾ ਹੀ ਹੋਇਆ ਹੈ। ਅਪ੍ਰੈਲ 2009 ਵਿਚ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਕਰਨ ਲਈ ' ਭਾਬਾ ਅਟੌਮਿਕ ਰਿਸਰਚ ਸੈਂਟਰ, ਟਰੋਂਬੇ ਨੂੰ ਇਸ ਸੰਬੰਧੀ ਜਾਂਚ ਪੜਤਾਲ ਕਰਨ ਲਈ ਕਿਹਾ। ਇਸ ਸੈਂਟਰ ਨੇ ਵੀ ਲੋਕਾਂ ਦੀ ਵਿਗੜਦੀ ਸਿਹਤ ਤੇ ਨਵ ਜਨਮੇਂ ਬੱਚਿਆਂ ਵਿਚ ਆ ਰਹੀ ਅਬਨੋਰਮੈਲਟੀ ਲਈ ਯੁਰੇਨੀਅਮ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਸਗੋਂ ਇਸ ਦੇ ਕਾਰਨ ਕੋਈ ਹੋਰ ਹੋਣ ਵਾਰੇ ਸ਼ੰਕਾ ਵਿਅਕਤ ਕੀਤੀ ਹੈ। ਉਨਾਂ ਨੇ ਵੀ ਆਪਣੇ ਖੋਜ ਕਾਰਜ ਵਿਚ ਕਿਹਾ ਹੈ ਕਿ ਇਸ ਦਾ ਕਾਰਨ ਜੱਦੀ ਪੁਸ਼ਤੀ ਹੋ ਸਕਦਾ ਹੈ।

2009 ਵਿਚ ਹੀ 'ਗਰੀਨ ਪੀਸ ਰੀਸਰਚ ਲੈਬੋਟਰੀ ਇਨਵੈਸਟੀਗੇਸ਼ਨ' ਦੇ ਡਾ. ਰੀਅਸ ਤਰਾਦੋ ਜੋਂ ਇੰਗਲੈਂਡ ਤੋਂ ਮੁਕਤਸਰ ਤੇ ਬਠਿੰਡਾ ਦੇ ਪਿੰਡਾ ਦਾ ਅਧਿਐਨ ਕਰਨ ਲਈ ਪੰਜਾਬ ਆਏ ਸਨ ਨੇ ਆਪਣੀ ਜਾਂਚ ਪੜਤਾਲ ਵਿਚ ਪਾਇਆ ਕਿ ਨਮੂਨੇ ਦੇ 20% ਵਿਚ ਨਾਈਟਰੇਟ ਦੀ ਮਾਤਰਾ ਵਰਲਡ ਹੈਲਥ ਆਰਗਨਾਈਜੇਸ਼ਨ ( ਡਲਯੂ.ਐਚ. ਓ) ਵੱਲੋਂ ਨਿਰਧਾਰਤ ਮਾਤਰਾ ਨਾਲੋਂ ਜਿਆਦਾ ਹੈ। ਇਸ ਅਧਿਐਨ ਨੇ ਫਸਲਾਂ ਉਪਰ ਵਰਤੇ ਜਾਣ ਵਾਲੇ ਕੀਟਨਾਸ਼ਕ ਨੂੰ ਇਸ ਲਈ ਜਿੰਮੇਵਾਰ ਮੰਨਿਆ ਹੈ। ਫਸਲਾਂ ਉਪਰ ਵਰਤੇ ਜਾਣ ਵਾਲੇ ਕੀਟਨਾਸ਼ਕ ਦੀ ਜੜ ਹਰੇ ਇਨਕਲਾਬ ਵਿਚ ਜਾ ਪਹੁੰਚਦੀ ਹੈ। ਅੱਜ ਹਰੇ ਇਨਕਲਾਬ ਦੇ ਹਾਮੀ ਭਰਨ ਵਾਲੇ ਬੁੱਧੀਜੀਵੀ ਵੀ ਇਹ ਮੰਨਣ ਲੱਗ ਪਏ ਹਨ ਕਿ ਹਰਾ ਇਨਕਲਾਬ ਸਮਾਜ ਦੇ ਵੱਡੇ ਵਰਗ ਲਈ ਮੁਸੀਬਤਾਂ ਲੈ ਕੇ ਹੀ ਆਇਆ ਹੈ। ਕਿਸਾਨੀ ਦੀਆਂ ਵਧ ਰਹੀਆਂ ਆਤਮ ਹੱਤਿਆਵਾਂ ਲਈ ਵੀ ਕਿਸੇ ਹੱਦ ਤੱਕ ਹਰਾ ਇਨਕਲਾਬ ਹੀ ਜਿੰਮੇਵਾਰ ਹੈ। ਜਿਸ ਨੇ ਨਿੱਕੇ ਜਿੰਮੀਦਾਰ ਨੂੰ ਮਜਦੂਰ ਤੋਂ ਵੀ ਬਦਤਰ ਬਣਾ ਦਿੱਤਾ।
 
ਪੰਜਾਬ ਵਿਚ ਲੋਕਾਂ ਦੀ ਵਿਗੜ ਰਹੀ ਸਿਹਤ ਲਈ ਇੱਥੇ ਦਾ ਜਲ ਵਾਯੂ ਮੁੱਖ ਰੂਪ ਵਿਚ ਜਿੰਮੇਵਾਰ ਹੈ ਇਸ ਜਿੰਮੇਵਾਰੀ ਤੋਂ ਭੱਜਿਆ ਨਹੀਂ ਜਾ ਸਕਦਾ। ਗੱਲ ਭਾਂਵੇ ਪਾਣੀ ਤੇ ਸੀਮਤ ਰਹੇ ਜਾਂ ਪੰਜਾਬ ਦੀਆਂ ਹਵਾਵਾਂ ਦੀ ਹੋਵੇ ਜਾਂ ਇੱਥੋ ਦੀ ਖਾਦ ਖਰਾਕ ਦੀ ਕਿਸੇ ਵੀ ਕੀਮਤ ਉਪਰ ਵਾਯੂਮੰਡਲ ਨੂੰ ਖਰਾਬ ਕਰਨ ਵਾਲੀਆਂ ਧਿਰਾਂ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ। ਮੁੱਖ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ ਜਿਸ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਪੂਰੀ ਤਰ੍ਹਾਂ ਨਾਲ ਫਾਲਤੂ ਦੀ ਵਸਤ ਬਣ ਕੇ ਰਹਿ ਗਿਆ ਹੈ। ਇਸੇ ਲਈ ਵਾਤਾਵਰਨ ਲਈ ਕੰਮ ਕਰਨ ਵਾਲੇ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਸਰਕਾਰ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਕੇਵਲ ਪੇਪਰਾਂ ਵਿਚ ਹੀ ਕੰਮ ਕਰਦਾ ਹੈ। ਉਨਾਂ ਨੇ ਸਰਕਾਰ ਨੂੰ ਬੜੇ ਹੀ ਸਖਤ ਸਬਦਾਂ ਵਿਚ ਕਿਹਾ ਹੈ ਪੰਜਾਬ ਦੀਆਂ ਫੈਕਟਰੀਆਂ ਦਾ ਪਾਣੀ ਜਿਸ ਵਿਚ ਸਾਇਨਾਡ ਵਰਗੇ ਖਤਰਨਾਕ ਏਸਡ ਵੀ ਹਨ ਨਾਲਿਆਂ ਰਾਹੀ ਪੰਜਾਬ ਦੇ ਪਾਣੀਆਂ ਵਿਚ ਰਲ ਰਿਹਾ ਹੈ ਤੇ ਇਹ ਖਤਰਨਾਕ ਕੈਮੀਕਲ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸਤ ਕਰ ਰਹੇ ਹਨ। ਮਾਲਵੇ ਦੇ ਨਾਲ ਨਾਲ ਲੁਧਿਆਣਾ, ਜਲੰਧਰ ਤੇ ਫਗਵਾੜਾ ਵਿਚ ਹਰ ਰੋਜ ਇਹ ਵਰਤਾਰਾ ਬਿਨਾਂ ਰੋਕ ਟੋਕ ਦੇ ਜਾਰੀ ਹੈ। ਹਰ ਰੋਜ਼ 1144 ਮਿਲੀਅਨ ਲੀਟਰ ਪ੍ਰਦੂਸ਼ਤ ਪਾਣੀ ਇਕੱਲੇ ਸਤਲੁਜ ਦਰਿਆ ਵਿਚ ਹੀ ਪੈ ਰਿਹਾ ਹੈ।

ਪੰਜਾਬ ਦੇ ਹਰ ਰੋਜ਼ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਅਜੇ ਤੱਕ ਕੋਈ ਲਾਮਬੰਦੀ ਤਾਂ ਦੂਰ ਰਹੀ ਅਜੇ ਚਰਚਾ ਵੀ ਨਹੀਂ ਚਲ ਰਹੀ। ਇਸੇ ਕਰਕੇ ਸਾਡੀਆਂ ਸਰਕਾਰਾਂ ਇਸ ਪਾਸੇ ਵੱਲ ਲੋੜੀਂਦਾ ਧਿਆਨ ਹੀ ਨਹੀਂ ਦੇ ਰਹੀਆਂ। ਸ. ਬਲਜਿੰਦਰ ਸਿੰਘ ਲੂਵਾਂ ਦੁਆਰਾ ਪੰਜਾਬ ਦੀ ਹਾਈਕੋਰਟ ਵਿਚ ਪਬਲਿਕ ਇਨਟਰੈਸਟ ਲਿਟੀਕੇਸ਼ਨ ਪਾਈ ਗਈ ਸੀ ਜਿਸ ਦੇ ਤਹਿਤ ਚੀਫ ਜਸਟਿਸ ਸ਼੍ਰੀ ਐਮ.ਐਮ. ਕੁਮਾਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਉਹ ਦੱਸੇ ਕਿ ਹੁਣ ਤੱਕ ਪਾਣੀਆਂ ਵਿਚ ਯੁਰੇਨੀਅਮ ਦੀ ਵਧ ਰਹੀ ਮਾਤਰਾ ਬਾਰੇ ਸਰਕਾਰ ਨੇ ਕੀ ਕੀ ਕੰਮ ਕੀਤਾ ਹੈ? ਤੇ ਕਿੰਨੇ ਪੀਣ ਵਾਲੇ ਆਰੋ ਸਿਸਟਮ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਹਨ? ਹਾਈ ਕੋਰਟ ਨੇ ਪੀਣ ਵਾਲੇ ਪਾਣੀ ਬਾਰੇ ਆਪਣੀ ਚਿੰਤਾ ਵਿਅਕਤ ਕੀਤੀ ਹੈ ਤੇ ਸਰਕਾਰ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। 'ਭਾਬਾ ਅਟੋਂਮਿਕ ਰਿਸਰਚ ਸੈਂਟਰ' ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਹਾਈ ਕੋਰਟ ਨੂੰ ਦੱਸਿਆ ਹੈ ਕਿ ਹਰ ਦੇਸ਼ ਦੇ ਪੌਣ -ਪਾਣੀ ਦੇ ਮੁਤਾਬਕ ਉੱਥੋਂ ਦੇ ਪਾਣੀਆਂ ਵਿਚ ਵੱਖ ਵੱਖ ਧਾਤਾਂ ਹੁੰਦੀਆਂ ਹਨ। ਪੰਜਾਬ ਦੇ ਪਾਣੀਆਂ ਵਿਚ ਯੁਰੇਨੀਅਮ ਦੀ ਵਧ ਮਾਤਰਾ ਬਾਰੇ ਉਸ ਨੇ ਇਹ ਜਵਾਬ ਦਿੱਤਾ ਹੈ ਕਿ ਡਬਲਯੂ ਐਚ ਓ ਦੇ ਮੁਤਾਬਕ ਪਾਣੀ ਵਿਚ ਯੁਰੇਨੀਅਮ ਦੇ ਤੱਤ 15 ਪਾਰਟ ਪਰ ਬਿਲੀਅਨ ਹੋ ਸਕਦੇ ਹਨ। ਜਦ ਕਿ ਭਾਰਤ ਵਿਚ 60 ਪਾਰਟ ਪਰ ਬਿਲੀਅਨ ਹਨ। 'ਭਾਬਾ ਰਿਸਰਚ ਸੈਂਟਰ' ਦੇ ਵਿਗਿਆਨੀ ਤੇ ਅਧਿਕਾਰੀ ਉਂਕਾਰ ਸਿੰਘ ਬਟਾਲਵੀ ਨੇ ਇਸ ਸੰਬੰਧੀ ਹਾਈ ਕੋਰਟ ਨੂੰ ਇਕ ਐਫੀਡੇਵਿਟ ਵੀ ਦਿੱਤਾ ਹੈ ਕਿ ਮਾਲਵਾ ਖੇਤਰ ਵਿਚ ਵਧ ਰਹੀਆਂ ਘਾਤਕ ਬਿਮਾਰੀਆਂ ਦਾ ਕਾਰਨ ਪਾਣੀ ਵਿਚ ਯੁਰੇਨੀਅਮ ਦੀ ਵਧ ਮਾਤਰਾ ਦਾ ਹੋਣਾ ਨਹੀਂ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਆਰ ਓ ਸਿਸਟਮ ਰਾਹੀ ਪਾਣੀ ਵਿੱਚੋਂ ਯੁਰੇਨੀਅਮ ਨੂੰ 99% ਘੱਟ ਵੀ ਕੀਤਾ ਜਾ ਸਕਦਾ ਹੈ।

ਅੱਜ ਪੰਜਾਬ ਦੀ ਹਾਲਤ ਚਿੰਤਾਜਨਕ ਬਣੀ  ਹੋਈ ਹੈ ਸਰਕਾਰ ਦੀ ਤਰਫੋ ਭਾਬਾ ਰਿਸਰਚ  ਸੈਂਟਰ ਦੇ ਦਿੱਤੇ ਸਾਰਟੀਫੀਕੇਟ ਨਾਲ  ਅਦਾਲਤ ਵਿੱਚੋਂ ਸਰਕਾਰ ਦੀ ਜਾਨ ਤਾਂ ਸੁਖਾਲੀ ਹੋ ਸਕਦੀ ਹੈ ਪਰ ਪੰਜਾਬ ਦੇ ਵਸਨੀਕਾਂ ਦੀ ਜਾਨ  ਤੇ ਜੋ ਮੁਸੀਬਤ ਬਣੀ ਹੈ ਉਸ ਦਾ ਕੋਈ ਹੱਲ ਨਹੀਂ ਹੋ ਰਿਹਾ। ਅੱਜ ਲੋਕ  ਮਾਲਵੇ ਦੀ ਇਸ ਧਰਤੀ ਤੋਂ ਦੋੜ ਰਹੇ  ਹਨ। ਸਾਰੇ ਦੇ ਸਾਰੇ ਪਿੰਡ ਵਿਕਾਊ ਪਏ  ਹਨ ਕੋਈ ਖਰੀਦਦਾਰ ਨਹੀਂ। ਸਰਕਾਰ ਮਹਿਜ਼ ਮੂਕ ਦਰਸ਼ਕ ਬਣਕੇ ਦੇਖ ਰਹੀ ਹੈ। ਤੇ ਹਰ ਰੋਜ ਕੈਂਸਰ ਟਰੇਨ ਅੰਦਰ ਭੀੜ ਵਧ ਰਹੀ ਹੈ ਤੇ ਸ਼ਾਇਦ ਸਰਕਾਰ ਇਸ ਟਰੇਨ ਦੇ ਕੁਝ ਕੋਚ ਹੋਰ ਵਧਾ ਦੇਵੇ ਇਸ ਤੋਂ ਵਧ ਸਰਕਾਰ ਕੁਝ ਕਰਦੀ ਨਹੀਂ ਜਾਪਦੀ।
-ਡਾ. ਤੇਜਿੰਦਰ ਵਿਰਲੀ

No comments:

Post a Comment