dr t virli

dr t virli

Monday 28 January 2013

ਆਜ਼ਾਦੀ ਦੀ ਜਵਾਲਾ ਪ੍ਰਚੰਡ ਕਰਨ ਵਾਲਾ ਬਾਬਾ ਜਵਾਲਾ ਸਿੰਘ

ਰੁਜਗਾਰ  ਦੀ ਭਾਲ ਲਈ ਕੈਨੇਡਾ ਅਮਰੀਕਾ ਜਾਣ ਵਾਲਿਆਂ ਵਿਚ ਜਵਾਲਾ ਸਿੰਘ ਇਕ ਸਨ ਜਿਹੜੇ ਵੀਂਹਵੀ ਸਦੀ ਦੇ ਮੁੱਢਲੇ ਸਾਲਾਂ ਵਿਚ ਹੀ ਘਰੋਂ ਨਿਕਲ ਤੁਰੇ। ਰੁਜਗਾਰ ਲਈ ਸੱਤ ਸਮੁੰਦਰੋਂ ਪਾਰ ਜਾਣ ਵਾਲਿਆਂ ਵਿਚ ਜਵਾਲਾ ਸਿੰਘ ਪਹਿਲਿਆਂ ਵਿਚੋ ਸਨ। ਉਹ 1905 ਵਿਚ ਘਰੋਂ ਤੁਰੇ ਫਿਰ ਚੀਨ,ਪਨਾਮਾ ਤੇ ਮੈਕਸੀਕੋ ਆਦ ਦੇਸ਼ਾਂ ਤੋਂ ਹੁੰਦੇ ਹੋਏ,1908, ਵਿਚ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆਂ ਪੁੱਜੇ। ਇਹ ਸਾਰੇ ਆਜ਼ਾਦ ਦੇਸ਼ ਗੁਲਾਮ ਦੇਸ਼ਾਂ ਦੇ ਮਜਦੂਰਾਂ ਵਾਸਤੇ ਸਵਰਗ ਦਾ ਨਮੂਨਾ ਸਨ। ਅਮਰੀਕਾ ਵਿਚ ਹੀ ਜਵਾਲਾ ਸਿੰਘ ਦਾ ਮੇਲ ਵਿਸਾਖਾ ਸਿੰਘ ਦਦੇਹਰ ਨਾਲ ਹੋਇਆ। ਦੋਹਾਂ ਨੇ ਮਿਲ ਕੇ ਕਾਰੋਬਾਰ ਆਰੰਭ ਕੀਤਾ। ਦੋਹਾਂ ਵਿਚ ਅਜਿਹਾ ਸਨੇਹ ਪਿਆਰ ਪੈਦਾ ਹੋਇਆ ਜੋ ਆਖਰੀ ਸਾਹਾਂ ਤਕ ਨਿਭਿਆ। ਕਿਸਾਨੀ ਪਿਛੋਕੜ ਵਾਲੇ ਦੋਹਾਂ ਉਦਮੀਆਂ ਨੇ ਕਸਬਾ ਹੋਲਟ ਦੇ ਕਰੀਬ ਪੰਜ ਸੌ ਏਕੜ ਜਮੀਨ ਠੇਕੇ ਤੇ ਲੈ ਕੇ ਖੇਤੀ ਦਾ ਕੰਮ ਸ਼ੁਰੂ ਕੀਤਾ ਮਿਹਨਮ ਤੇ ਲਗਨ ਨਾ ਕੰਮ ਕਰਨ ਦੀ ਬਦੌਲਤ ਕੁਝ ਕੁ ਸਾਲਾਂ ਵਿਚ ਹੀ ਜਵਾਲਾ ਸਿੰਘ ਇਲਾਕੇ ਵਿਚ ਆਲੂਆਂ ਦੇ ਬਾਦਸ਼ਾਹ ਵਜੋਂ ਮਸ਼ਹੂਰ ਹੋ ਗਏ। ਆਲੂਆਂ ਦੇ ਖੇਤਾਂ ਵਿਚ ਹੀ ਕਿੱਤੇ ਆਜ਼ਾਦੀ ਦੇ ਬੀਜ ਪੁੰਗਰ ਆਏ ਸਨ। ਜਿਨ੍ਹਾਂ ਨੂੰ ਸਾਂਭਣ ਦਾ ਕਾਰਜ ਸਭ ਤੋਂ ਪਹਿਲਾਂ ਜਵਾਲਾ ਸਿੰਘ ਨੇ ਹੀ ਆਰੰਭ ਕੀਤਾ ਸੀ। ਜਦੋਂ ਚਾਰ ਵੱਖ ਵੱਖ ਸੂਬਿਆਂ ਦੇ ਵਿਦਿਆਰਥੀਆਂ ਨੂੰ ਪੜਾਉਣ ਲਈ ਜਵਾਲਾ ਸਿੰਘ ਨੇ ਖਰਚਾ ਦਿੱਤਾ ਤਾਂ ਕਿਸੇ ਨੇ ਕਿਹਾ ਕਿ ਸਾਨੂੰ ਪੰਜਾਬ ਤੋਂ ਆਏ ਸਿੱਖ ਵਿਦਿਆਰਥੀਆਂ ਨੂੰ ਪੜਾਉਣ ਲਈ ਹੀ ਖਰਚਾ ਕਰਨਾ ਚਾਹੀਦਾ ਹੈ ਨਾ ਕੇ ਵੱਖ ਵੱਖ ਧਰਮਾਂ ਜਾਤਾ ਦੇ ਵਿਦਿਆਰਥੀਆਂ ਲਈ ਤਾਂ ਜਵਾਲਾ ਸਿੰਘ ਨੇ ਜਵਾਬ ਦਿੱਤਾ,'' ਸਭ ਹਿੰਦੁਸਤਾਨੀ ਇਨਸਾਨ ਹਨ ਤੇ ਸਾਰਿਆਂ ਨੂੰ ਮਿਲਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।'' ਜਵਾਲਾ ਸਿੰਘ ਦਾ ਇਹ ਪਿਆਰ ਹੀ ਸੀ ਕਿ ਛੁੱਟੀਆਂ ਦੇ ਦਿਨਾਂ ਵਿਚ ਕੈਲੇਫੋਰਨੀਆਂ ਵਿਚ ਪੜਦੇ ਹਿਦੁਸਤਾਨੀ ਵਿਦਿਆਰਥੀ ਉਨ੍ਹਾਂ ਦੇ ਫਾਰਮ 'ਤੇ ਆਉਂਦੇ। ਇਹ ਸਾਰੇ ਹਿੰਦੁਸਤਾਨੀਆਂ ਨੂੰ ਇਕੋ ਜਿਹੇ ਸਨੇਹ ਦੇ ਨਾਲ ਹੀ ਮਿਲਦੇ ਸਨ। ਉਨ੍ਹਾਂ ਦੇ ਫਾਰਮ ਉੱਤੇ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਰੀਰਕ ਤੌਰ 'ਤੇ ਘੱਟ ਕੰਮ ਕਰਨ 'ਤੇ ਵੀ ਪੂਰਾ ਮਿਹਨਤਾਨਾ ਦੇਣਾ ਜਵਾਲਾ ਸਿੰਘ ਦਾ ਹੀ ਕਮਾਲ ਸੀ। ਜਵਾਲਾ ਸਿੰਘ ਜਦੋਂ ਆਜ਼ਾਦੀ ਦੀਆਂ ਗੱਲਾਂ ਸੁਣਦੇ ਜਾਂ ਕਰਦੇ ਸਨ ਉਨ੍ਹਾਂ ਦੀਆਂ ਅੱਖਾਂ ਚਮਕ ਉੱਠਦੀਆਂ ਸਨ ਤੇ ਫਿਰ ਦੇਖਦਿਆਂ ਹੀ ਦੇਖਦਿਆਂ ਅੱਖਾਂ ਵਿੱਚੋਂ ਹਿੰਝੂ ਵਹਿ ਤੁਰਦੇ। ਦਿਲ ਦਾ ਦਰਦ ਅੱਖਾਂ ਰਾਹੀ ਬਾਹਰ ਆਉਣ ਲੱਗਦਾ। ਉਹ ਦਿਨ ਰਾਤ ਦੇਸ਼ ਦੀ ਆਜ਼ਾਦੀ ਦੀਆਂ ਹੀ ਗੱਲਾਂ ਕਰਦੇ ਰਹਿੰਦੇ। ਇੱਥੋਂ ਹੀ ਸ਼ੁਰੂ ਹੋਇਆ ਜਵਾਲਾ ਸਿੰਘ ਜੀ ਦਾ ਬਾਬਾ ਜਵਾਲਾ ਸਿੰਘ ਦਾ ਅਮੁਕ ਸਫਰ ਜੋ ਅੱਜ ਇਕ ਸਤਾਬਦੀ ਬਾਦ ਵੀ ਜਾਰੀ ਹੈ।

ਦੋਹਾਂ  ਦੇਸ਼ਾਂ ਦੀਆਂ ਸਥਿਤੀਆਂ ਦਾ ਜਮੀਨ ਅਸਮਾਨ  ਦਾ ਫਰਕ ਸੀ। ਅਮਰੀਕਾ ਵਰਗੇ ਆਜ਼ਾਦ ਦੇਸ਼ ਨੂੰ ਦੇਖ ਕੇ ਆਪਣੇ ਦੇਸ਼ ਦੀ ਗੁਲਾਮੀ ਦਾ ਅਹਿਸਾਸ ਹੋਇਆ। ਆਪਣੀ ਗੁਲਾਮੀ ਨੂੰ ਯਾਦ ਕਰਕੇ ਮਨ ਵਿਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਦਿਨ ਰਾਤ ਦੀ ਬੇਚੈਨੀ ਤੰਗ ਕਰਨ ਲੱਗੀ ਕਿ ਸਾਡਾ ਦੇਸ਼ ਆਜ਼ਾਦ ਕਿਉਂ ਨਹੀ ਹੈ? ਆਜ਼ਾਦੀ ਵਿਚ ਕਿਨ੍ਹਾਂ ਆਨੰਦ ਸੀ ਕਿਨ੍ਹਾਂ ਮਾਣ ਸਨਮਾਨ ਸੀ। ਗੁਲਾਮੀ ਦਾ ਖਿਆਲ ਆਉਂਦਿਆਂ ਹੀ ਸਿਰ ਸ਼ਰਮ ਨਾਲ ਝੁਕ ਜਾਂਦਾ। ਅਣਖੀਲੇ ਬਾਬਾ ਜਵਾਲਾ ਸਿੰਘ ਲਈ ਮਿਹਨਤ ਨਾਲ ਕਮਾਇਆ ਪੈਸਾ ਵੀ ਉਹ ਸਕੂਨ ਨਾ ਦਿੰਦਾ ਜਿਨ੍ਹਾਂ ਗੁਲਾਮੀ ਦਾ ਅਹਿਸਾਸ ੳਨ੍ਹਾਂ ਨੂੰ ਬੇਚੈਨ ਕਰਦਾ ਸੀ। ਅਜਿਹੀ ਸਥਿਤੀ ਅਮਰੀਕਾ ਵਿਚ ਰਹਿ ਰਹੇ ਹੋਰਾਂ ਭਾਰਤੀਆਂ ਦੀ ਵੀ ਸੀ। ਜਿਨ੍ਹਾਂ ਵਿਚੋ ਕੁਝ ਤਾਂ ਆਪਣਾ ਦੇਸ਼ ਹੀ ਭਾਰਤ ਨਹੀਂ ਸਨ ਦੱਸਦੇ। ਕਿਸੇ ਦੇ ਪੁੱਛਣ ਤੇ ਉਹ ਇਰਾਨ , ਇਰਾਕ ਆਦ ਦੇਸ਼ਾਂ ਦਾ ਨਾਮ ਲੈ ਦਿੰਦੇ ਸਨ।

ਸਭ  ਤੋਂ ਪਹਿਲਾ ਕੰਮ ਕੋ ਬਾਬਾ ਜੀ ਨੇ ਕੀਤਾ ਉਹ ਸੀ ਕਿ ਚਾਰ ਪੰਜ ਲਾਇਕ ਤੇ ਲੋੜ  ਬੰਦ ਵਿਦਿਆਰਥੀਆਂ ਨੂੰ ਭਾਰਤ ਤੋਂ ਅਮਰੀਕਾ ਪੜ੍ਹਨ ਵਾਸਤੇ ਬਲਾਉਣਾ ਤਾਂ ਕੇ ਉੱਚ ਸਿੱਖਿਆ ਪ੍ਰਾਪਤ ਕਰ ਕੇ ਉਹ ਦੇਸ਼ ਦੇ ਮਸਲਿਆਂ ਨੂੰ ਸਮਝ ਸਕਣ ਤੇ ਦੇਸ਼ ਦੀ ਸੇਵਾ ਕਰ ਸਕਣ। ਇਹ ਵਿਦਿਆਰਥੀ ਵੱਖ ਵੱਖ ਸੂਬਿਆਂ ਦੇ ਤੇ ਵੱਖ ਵੱਖ ਧਰਮਾਂ ਦੇ ਸਨ। ਬਾਬਾ ਜੀ ਨੇ ਇਨ੍ਹਾਂ ਦਾ ਕਰਾਇਆ ਵੀ ਆਪ ਭੇਜਿਆ ਤੇ ਹੋਰ ਖਰਚੇ ਵੀ ਕੀਤੇ ਬਾਬਾ ਜੀ ਨੇ ਹੀ  ਕੀਤੇ। ਉਸ ਸਮੇਂ ਦੇਸ਼ ਦੀ ਸੇਵਾ ਦਾ ਮਤਲਬ ਸੀ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨਾ। ਬਾਬਾ ਜੀ ਦਾ ਇਕੋ ਇਕ ਮਨੋਰਥ ਬਣ ਚੁੱਕਾ ਸੀ ਆਜਾਦੀ। ਉਨ੍ਹਾਂ ਦੀ ਹਰ ਗੱਲ ਦੇਸ਼ ਦੀ ਆਜਾਦੀ ਦੇ ਮਜਮੂਨ ਨਾਲ ਸ਼ਰੂ ਹੁੰਦੀ ਤੇ ਇਸੇ ਨਾਲ ਹੀ ਖਤਮ ਹੁੰਦੀ। ਬਾਬਾ ਜਵਾਲਾ ਸਿੰਘ ਜੀ ਦੀ ਇਸ ਦੇਸ਼ ਭਗਤੀ ਦੀ ਲਗਨ ਨੇ ਛੇਤੀ ਹੀ ਵਿਸਾਖਾ ਸਿੰਘ ਦਦੇਹਰ ਨੂੰ ਵੀ ਆਪਣੇ ਵਰਗਾ ਦੇਸ਼ ਭਗਤ ਬਣਾ ਲਿਆ ਸੀ। ਇਨ੍ਹਾਂ ਹੀ ਦਿਨਾਂ ਵਿਚ ਬਾਬਾ ਜਵਾਲਾ ਸਿੰਘ ਦਾ ਸੰਪਰਕ ਭਾਈ ਸੰਤੋਖ ਸਿੰਘ ਧਰਦਿਓ ਨਾਲ ਹੋਇਆ, ਜਿਹੜਾ ਇਕ ਪੜ੍ਹਿਆ ਲਿਖਿਆ ਨੌਜਵਾਨ ਸੀ। ਜਿਸ ਦੀ ਅੰਗਰੇਜ਼ੀ ਉਪਰ ਕਮਾਲ ਦੀ ਪਕੜ ਸੀ। ਜਿਹੜਾ ਛੋਟੀ ਉਮਰ ਵਿਚ ਹੀ ਆਜ਼ਾਦੀ ਵਰਗੇ ਵੱਡੇ ਸੁਪਨੇ ਦੇਖਣ ਲੱਗ ਪਿਆ ਸੀ। ਜਵਾਲਾ ਸਿੰਘ ਨੇ ਖਤ ਲਿਖ ਕੇ ਨੌਜਵਾਨ ਸੰਤੋਖ ਨੂੰ ਕੈਨੇਡਾ ਤੋਂ ਆਪਣੇ ਕੋਲ ਅਮਰੀਕਾ ਬੁਲਾਇਆ ਸੀ। ਇਤਿਹਾਸ ਵਿਚ ਇਨ੍ਹਾਂ ਤਿੰਨਾਂ ਸਖਸ਼ੀਅਤਾਂ ਦੇ ਮੇਲ ਨੂੰ ਤਿੰਨ ਦਰਵੇਸ਼ਾਂ ਦੇ ਮੇਲ ਨਾਲ ਯਾਦ ਕੀਤਾ ਜਾਂਦਾ ਹੈ।

  ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤਰ  ਜਨਮ ਦਿਨ ਦੇ ਦਿਹਾੜੇ 'ਤੇ ਇਨ੍ਹਾਂ ਤਿੰਨਾਂ ਯੋਧਿਆਂ ਨੇ ਦੇਸ਼ ਦੀ ਖਾਤਰ ਲੜ੍ਹਨ ਮਰਨ  ਦੀਆਂ ਕਸਮਾਂ ਖਾਦੀਆਂ।'' ਅਰਦਾਸਾ ਸੋਧਿਆ ਕਿ ਬਸ ਅੱਜ ਤੋਂ ਸਾਡਾ ਤਨ, ਮਨ ਤੇ ਧਨ ਮੁਲਕ ਦਾ ਹੋ ਚੁੱਕਾ,ਅਸੀਂ ਜਿਨ੍ਹਾਂ ਚਿਰ ਜੀਵਾਂਗੇ ਦੇਸ਼ ਦੀ ਸੇਵਾ ਤੋਂ ਕਦੇ ਮੂੰਹ ਨਾ ਮੋੜਣਗੇ''। ਅਮਰੀਕਾ ਵਿਚ ਜਿਹੜਾ ਆਜ਼ਾਦੀ ਦਾ ਅੰਦੋਲਨ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਉਸ ਵਿਚ ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਤੇ ਭਾਈ ਸੰਤੋਖ ਸਿੰਘ ਹੀ ਸੀ। ਇਹ ਤਿੰਨੇ ਸੂਰਮੇਂ ਪੰਜਾਬ ਦੀ ਧਰਤੀ ਦੇ ਜਾਏ ਮਾਝੇ ਦੇ ਵਸਨੀਕ ਸਨ। ਇਨ੍ਹਾਂ ਦੇ ਪਿੰਡ ਵੀ ਨਾਲ ਨਾਲ ਹੀ ਸਨ। ਇਨ੍ਹਾਂ ਲਈ ਪ੍ਰੇਰਨਾ ਦਾ ਸਰੇਤ ਸਨ ਗੁਰੂ ਗੋਬਿੰਦ ਸਿੰਘ ਜੀ।

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ  ਦਿਨ ਤੇ ਦੂਰੋਂ ਨੇੜਿਉ ਕਈ ਹਿੰਦੁਸਤਾਨੀ ਬਾਬਾ ਜਵਾਲਾ ਸਿੰਘ ਜੀ ਪਾਸ ਇਕੱਠੇ ਹੋਏ।  ਇਸ ਇਕੱਠ ਵਿਚ ਸਭ ਧਰਮਾਂ ਦੇ ਲੋਕ  ਸ਼ਾਮਲ ਹੋਏ। ਵਿਦੇਸ਼ਾਂ ਵਿਚ ਭਾਰਤੀਆਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਇਕ ਤਰ੍ਹਾਂ ਨਾਲ ਭਾਰਤੀਆਂ ਦੇ ਸਾਂਝੇ ਮਸਲਿਆਂ ਦੀ ਪਹਿਲੀ ਪ੍ਰਤੀਨਿਧ ਮੀਟਿੰਗ ਸੀ। ਇਸੇ ਮੀਟਿੰਗ ਨੇ ਹੀ ਇਹ ਤਹਿ ਕੀਤਾ ਕਿ ਭਾਰਤੀ ਕੇਵਲ ਆਪਣੀ ਰੋਟੀ ਰੋਜ਼ੀ ਲਈ ਹੀ ਨਹੀਂ ਲੜ੍ਹ ਰਹੇ ਸਗੋਂ ਆਪਣੀ ਆਨਂਸ਼ਾਨ ਤੇ ਇੱਜ਼ਤ ਲਈ ਵੀ ਲੜ੍ਹ ਰਹੇ ਹਨ। ਇਸ ਮੀਟਿੰਗ ਨੇ ਇਹ ਵੀ ਤਹਿ ਕਰ ਲਿਆ ਸੀ ਕਿ ਭਾਰਤੀਆਂ ਦੀ ਇਸ ਦੁਰਦਸ਼ਾ ਦਾ ਇਕ ਕਾਰਨ ਇਨ੍ਹਾਂ ਦੀ ਗੁਲਾਮੀ ਹੈ ਤੇ ਗੁਲਾਮ ਕੌਮਾਂ ਨਾਲ ਹਰ ਥਾਂ ਤੇ ਇਸ ਤਰਾਂ ਦਾ ਦੁਰ ਵਿਹਾਰ ਹੁੰਦਾ ਹੀ ਹੈ।

ਕਿਰਤੀ ਅਖਬਾਰ ਦੇ ਮੁਤਾਬਕ ਇਸ 1911 ਦੇ ਗੁਰ ਪੁਰਬ ਵਿਚ ਵੱਡੀ ਗਿਣਤੀ ਵਿਚ ਹਿੰਦੂ ਤੇ ਮੁਸਲਮਾਨ ਵੀ ਸ਼ਾਮਲ ਸਨ। ਇਨ੍ਹਾਂ ਵਿਚ ਪ੍ਰਮੁੱਖ ਸਨ ਬਾਬਾ ਸਹੋਣ ਸਿੰਘ ਭਕਨਾ, ਬਾਬਾ ਕੇਸਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਾ.ਉਧਮ ਸਿੰਘ ਕਸੇਲ, ਸ਼ਹੀਦ ਭਗਤ ਸਿੰਘ ਉਰਫ ਗਾਂਧਾ ਸਿੰਘ, ਸ਼ਹੀਦ ਕਾਂਸੀ ਰਾਮ, ਸ਼ਹੀਦ ਬਾਬੂ ਹਰਨਾਮ ਸਿੰਘ, ਕਰਤਾਰ ਸਿੰਘ ਲਤਾਲਾ ਤੇ  ਸੋਹਣ ਲਾਲ ਪੱਟੀ ਆਦ ਸਨ। ਅਮਰੀਕਾ ਵਿਚ ਭਾਰਤੀਆਂ ਦਾ ਇਹ ਪਹਿਲਾ ਜਲਸਾ ਸੀ। ਕੈਲੇਫੋਰਨੀਆਂ ਵਿਚ ਹਿੰਦੋਸਤਾਨੀਆਂ ਦੇ ਇਸ ਰਾਜਸੀ ਤੇ ਧਾਰਮਿਕ ਇਕੱਠ ਦੀ ਭਣਿਕ ਵੀ ਭਾਰਤ ਦੇ ਹਾਕਮ ਬਣ ਬੈਠੇ ਅੰਗਰੇਜਾਂ ਨੂੰ ਪੈ ਗਈ ਸੀ। ਕਿਉਂਕਿ ਇਸ ਇਕੱਠ ਦੀਆਂ ਖਬਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਗਈਆਂ ਸਨ। ਬਾਬਾ ਜਵਾਲਾ ਸਿੰਘ, ਬਾਬਾ ਵਿਸ਼ਾਖਾ ਸਿੰਘ ਤੇ ਸੰਤੋਖ ਸਿੰਘ ਦੀ ਤਲਾਸ਼ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਹੋਣ ਲੱਗ ਪਈ ਸੀ। ਗ਼ਦਰ ਪਾਰਟੀ ਭਾਂਵੇ ਅਜੇ ਹੋਂਦ ਵਿਚ ਨਹੀਂ ਸੀ ਆਈ ਪਰ ਇਸ ਦਾ ਆਰੰਭ ਇਸੇ ਇਕੱਠ ਤੋਂ ਹੀ ਹੋ ਗਿਆ ਸੀ। ਇਥੇ ਹੀ ਸਟਾਕਟਨ ਵਿਚ ਜਗ੍ਹਾ ਖਰੀਦ ਕੇ ਸ਼ਾਨਦਾਰ ਗੁਰਦਵਾਰਾ ਬਣਾਇਆ ਗਿਆ, ਜਿਸ ਨੂੰ ਅੱਜ ਵੀ ਗ਼ਦਰੀਆਂ ਦਾ ਗੁਰਦਵਾਰਾ ਕਿਹਾ ਜਾਂਦਾ ਹੈ ਜਿਸ ਉਪਰ ਅੱਜ ਕਬਜਾ ਭਾਂਵੇ ਗ਼ਦਰੀਆਂ ਦੇ ਵਾਰਸਾਂ ਦਾ ਨਹੀਂ ਹੈ। ਇਸ ਕਮੇਟੀ ਦੇ ਪਹਿਲੇ ਪ੍ਰਧਾਨ ਜਵਾਲਾ ਸਿੰਘ ਸਨ ਤੇ ਸਕੱਤਰ ਸੰਤੋਖ ਸਿੰਘ। ਇਸ ਤੋਂ ਪਹਿਲਾਂ ਹਿੰਦੁਸਤਾਨੀਆਂ ਕੋਲ ਕੋਈ ਐਸੀ ਜਗ੍ਹਾ ਨਹੀਂ ਸੀ ਜਿਥੇ ਚਾਰ ਪੰਜਾਬੀ ਘਰ ਵਾਂਗ ਬੈਠ ਸਕਣ। ਸਟਾਕਟਨ ਦਾ ਇਹ ਗੁਰਦਵਾਰਾ ਬਦੇਸ਼ਾਂ ਵਿਚ ਭਟਕਦੇ ਭਾਰਤੀਆਂ ਦੀ ਪਹਿਲੀ ਠਾਹਰ ਬਣਿਆਂ ਤੇ ਛੇਤੀ ਹੀ ਇਹ ਗੁਰਦਵਾਰਾ ਦੇਸ਼ ਦੀ ਅਜਾਦੀ ਲਈ ਰਾਜਸੀ ਸਰਗਮੀਆਂ ਦਾ ਕੇਦਰ ਬਣ ਗਿਆ। ਇਥੇ ਦੇਸ਼ ਦੇ ਰਾਜਸੀ ਮਸਲਿਆਂ ਬਾਰੇ ਵੀ ਇਕ ਕਮੇਟੀ ਬਣਾਈ ਗਈ ਜਿਸ ਦੇ ਪ੍ਰਧਾਨ ਵੀ ਬਾਬਾ ਜਵਾਲਾ ਸਿੰਘ, ਸਕੱਤਰ ਭਾਈ ਸੰਤੋਖ ਸਿੰਘ ਜੀ ਬਣਾਏ ਗਏ।

ਅਮਰੀਕਾ  ਵਿਚ ਭਾਰਤੀਆਂ ਦਾ ਹਰ ਥਾਂ ਤੇ ਅਪਮਾਨ  ਹੁੰਦਾ ਸੀ ਹੋਟਲਾਂ ਦੇ ਬਾਹਰ ਲਿਖਿਆ ਹੁੰਦਾ  ਸੀ ਕਿ ''ਕੁੱਤੇ ਤੇ ਭਾਰਤੀ ਅੰਦਰ ਨਹੀਂ ਜਾ ਸਕਦੇ।'' ਕੁਝ ਸਿਆਣੇ ਅਮਰੀਕਣ ਇਹ ਵੀ ਆਖਦੇ ਸਨ ਕਿ ਜੇ ਹਿੰਦੁਸਤਾਨੀ ਫੈਸਲਾ ਕਰ ਲੈਣ ਕਿ ਉਨ੍ਹਾਂ ਨੇ ਆਜ਼ਾਦੀ ਲੈਣੀ ਹੈ ਤਾਂ ਮੁੱਠੀ ਭਰ ਅੰਗਰੇਜ਼ ਉਨ੍ਹਾਂ ਨੂੰ ਗੁਲਾਮ ਨਹੀਂ ਰੱਖ ਸਕਦੇ। ''ਆਜ਼ਾਦੀ ਦੀਆਂ ਚਾਹਵਾਨ ਕੌਮਾਂ ਕਦੇ ਵੀ ਗੁਲਾਮ ਨਹੀਂ ਰਹਿੰਦੀਆਂ।'' ਅੰਗਰੇਜ਼ਾਂ ਦੁਆਰਾ ਬੋਲੇ ਅਜਿਹੇ ਫਿਕਰੇ ਭਾਰਤੀਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਦੇ  ਸਨ। ਕਈ ਵਾਰ ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਯੂਨੀਅਨ ਜੈਕ ਨੂੰ ਆਪਣਾ ਝੰਡਾ ਆਖਣ ਤੇ ਸ਼ਰਮਨਾਕ ਹਾਲਤ ਵਿਚ ਗੁਜ਼ਰਨਾ ਪੈਂਦਾ ਸੀ। ਅਜਿਹੀਆਂ ਹਜ਼ਾਰਾਂ ਹੀ ਉਦਾਹਰਣਾ ਹਨ ਜਦੋਂ ਹਿੁਸਤਾਨੀਆਂ ਨੂੰ ਆਜ਼ਾਦੀ ਲਈ ਮਰ ਮਿਟਣ ਦਾ ਅਹਿਦ ਆਪਣੇ ਆਪ ਨਾਲ ਕਰਨਾ ਪੈਂਦਾ ਸੀ। ਇਹ ਸਾਰਾ ਕੁਝ ਕਿਸੇ ਅਮਰੀਕਾ ਵਰਗੇ ਆਜ਼ਾਦ ਮੁਲਕ ਵਿਚ ਹੀ ਸੰਭਵ ਹੋ ਸਕਦਾ ਸੀ। ਬਾਬਾ ਜਵਾਲਾ ਸਿੰਘ ਜੀ ਦਸਦੇ ਸਨ ਕਿ ਲੱਗ ਭਗ ਹਰ ਭਾਰਤੀ ਦੇ ਨਾਲ ਅਜਿਹਾ ਕਦੀ ਨਾ ਕਦੀ ਕੁਝ ਨਾ ਕੁਝ ਜਰੂਰ ਵਾਪਰਿਆ ਸੀ ਕਿ ਉਨ੍ਹਾਂ ਦੀ ਆਤਮਾਂ ਆਜ਼ਾਦੀ ਲਈ ਤਾਂਘ ਰਹੀ ਸੀ।

 ਉਸ ਸਮੇਂ ਬਹੁਤੇ ਭਾਰਤੀ  ਆਪਣੇ ਆਪ ਨੂੰ ਬੜੇ ਮਾਣ ਨਾਲ  ਬਰਤਾਨਵੀ ਪਰਜਾ ਅਖਵਾਉਂਦੇ ਸਨ। ਇਨ੍ਹਾਂ ਵਿੱਚੋ ਬਹੁਤਿਆਂ ਕੋਲ ਬਰਤਾਨਵੀ ਸਾਮਰਾਜ ਲਈ ਲੜ੍ਹੀਆਂ ਜੰਗਾਂ 'ਚ ਮਿਲੇ ਬਹਾਦਰੀ ਦੇ ਤਮਗੇ ਸਨ, ਜਿਹੜੇ ਥਾਂ ਪਰ ਥਾਂ ਦਿਖਾਏ ਜਾਂਦੇ ਸਨ ਪਰ ਫਿਰ ਵੀ ਬਰਤਾਨੀਆਂ ਦੀ ਹੀ ਦੂਸਰੀ ਬਸਤੀ ਕੈਨੇਡਾ ਵਿਚ ਉਨ੍ਹਾਂ ਦਾ ਅਪਮਾਨ ਹੁੰਦਾ ਸੀ। ਇਹ ਬਹਾਦਰੀ ਦੇ ਤਮਗੇ ਵੀ ਇੱਥੇ ਹੁੰਦੇ ਅਪਮਾਨ ਨੂੰ ਕੋਈ ਰੋਕ ਨਹੀਂ ਸਨ ਪਾਉਂਦੇ ਸਗੋਂ ਹੋਰ ਅਪਮਾਨ ਕਰਵਾਉਣ ਦਾ ਸਬੱਬ ਬਣਦੇ ਸਨ। ਆਜ਼ਾਦ ਮੁਲਕਾਂ ਦੇ ਲੋਕ ਆਖਦੇ, ''ਜੇ ਇਨ੍ਹੇ ਹੀ ਬਹਾਦਰ ਹੋ ਤਾਂ ਆਪਣਾ ਦੇਸ਼ ਆਜ਼ਾਦ ਕਿਉ ਨਹੀਂ ਕਰਵਾ ਲੈਂਦੇ?'' ਇਹ ਬਹਾਦਰੀ ਦੇ ਤਮਗੇ ਗੋਰੀ ਚਮੜੀ ਵਾਲਿਆਂ ਦੇ ਬਰਾਬਰ ਹੱਕ ਦਿਵਾਉਣ ਵਿਚ ਅਸਮਰਥ ਸਨ।

ਉਸ ਸਮੇਂ ਕੈਨੇਡਾ ਵਿਚ ਭਾਰਤੀਆਂ  ਦੀਆਂ ਸਮੱਸਿਆਂਵਾਂ ਹੀ ਏਨੀਆਂ ਸਨ ਕਿ ਜਿਸ  ਦਾ ਕਿਸੇ ਜਥੇਬੰਦੀ ਤੋਂ ਬਿਨ੍ਹਾਂ ਹੋਰ  ਕੋਈ ਹੱਲ ਨਹੀਂ ਸੀ । ਜਾਪਾਨੀਆਂ ਤੇ ਚੀਨ ਦੇ ਮੁਕਾਬਲੇ 'ਤੇ ਭਾਰਤੀਆਂ ਲਈ ਕੋਈ ਨਾ ਕੋਈ ਬਹਾਨਾ ਟੋਲਿਆ ਜਾ ਰਿਹਾ ਸੀ ਕਿ ਇਨ੍ਹਾਂ ਦਾ ਦਾਖਲਾ ਕੈਨੇਡਾ ਵਿਚ ਨਾ ਹੋਵੇ ਇਸ ਲਈ ਸਿੱਧੇ ਸਫ਼ਰ ਦੀ ਸ਼ਰਤ ਰੱਖੀ ਗਈ ਜਿਹੜੀ ਕੋਈ ਵੀ ਭਾਰਤੀ ਪੂਰੀ ਨਹੀਂ ਸੀ ਕਰ ਸਕਦਾ। ਭਾਰਤੀਆਂ ਦੀਆਂ ਸਾਰੀਆਂ ਦਲੀਲਾਂ ਤੇ ਫਰਿਆਦਾਂ ਦੀ ਕਿਤੇ ਵੀ ਸੁਣਵਾਈ ਨਹੀਂ ਸੀ ਉਹ ਅੱਕ ਥੱਕ ਚੁੱਕੇ ਸਨ। ਹੋਰ ਤਾਂ ਹੋਰ ਜੇ ਕੋਈ ਭਾਰਤੀ ਮਰ ਜਾਂਦਾ ਤਾਂ ਉਸ ਦੇ ਸਸਕਾਰ ਲਈ ਥਾਂ ਤੱਕ ਨਾ ਦਿੱਤੀ ਜਾਂਦੀ। ਭਾਰਤੀ ਰਾਤ ਬਰਾਤੇ ਲੁੱਕ ਛਿਪ ਕੇ ਮੁਰਦੇ ਦਾ ਸਸਕਾਰ ਕਰਦੇ ਤਾਂ ਕਿ ਸਰਕਾਰ ਤੇ ਗੋਰਿਆਂ ਨੂੰ ਪਤਾ ਨਾ ਲੱਗ ਜਾਵੇ। ਉੱਥੇ ਦੀਆਂ ਸਥਿਤੀਆਂ ਇਸ ਗੱਲ ਦੀ ਮੰਗ ਕਰਦੀਆਂ ਸਨ ਕਿ ਕੋਈ ਐਸੀ ਜਥੇਬੰਦੀ ਹੋਵੇ ਜਿਹੜੀ ਨਾ ਕੇਵਲ ਸਿਧਾਂਤ ਵਿਚ ਹੀ ਸਗੋਂ ਵਿਹਾਰ ਵਿਚ ਵੀ ਭਾਰਤੀਆਂ ਦੇ ਦੁੱਖਾਂ ਦਰਦਾਂ ਵਿਚ ਉਨ੍ਹਾਂ ਦੀ ਬਾਂਹ ਫ਼ੜੇ। ਇਸ ਲਈ ਮੁੱਢਲੀ ਤਿਆਰੀ ਤਾਰਕਨਾਥ ਦਾਸ ਦੇ ਪਰਚੇ ਨਾਲ ਹੀ ਹੋ ਗਈ ਸੀ। ਸੰਤੋਖ ਸਿੰਘ ਵਰਗੇ ਪੜੇ ਲਿਖੇ ਉਸ ਪਰਚੇ ਦੇ ਪਾਠਕ ਬਣ ਗਏ ਸਨ।
 
ਇਹ ਉਹ ਸਮਾਂ ਸੀ ਜਦੋਂ ਜਥੇਬੰਦੀ ਦੇ ਮੁਢਲੇ ਹਲਾਤ ਬਣ ਚੁੱਕੇ ਸਨ। ਅਮਰੀਕਾ ਕੈਨੇਡਾ ਵਿਖੇ ਰਹਿ ਰਹੇ ਹਿੰਦੁਸਤਨੀ ਇਕ ਦੂਸਰੇ ਨਾਲ ਚਿੱਠੀ ਪੱਤਰ ਰਾਹੀ ਸੰਪਰਕ ਕਰ ਰਹੇ ਸਨ। ਔਰਗਨ ਦੇ ਹਿੰਦੀਆਂ ਨੇ ਲਾਲਾ ਹਰਦਿਆਲ ਨੂੰ ਕੈਲੇਫੋਰਨੀਆਂ ਤੋਂ ਆਪਣੇ ਕੋਲ ਮਗਵਾ ਲਿਆ ਤੇ ਜਥੇਬੰਦੀ ਦਾ ਮੁੱਢਲਾ ਖਾਕਾ ਤਿਆਰ ਹੋਣ ਲੱਗਾ। ਜਿਹੜੀ ਪਹਿਲੀ ਜਥੇਬੰਦੀ ਬਣਾਈ ਗਈ ਉਸ ਦਾ ਨਾਮ ''ਹਿੰਦੀ ਐਸੋਸੀਏਸ਼ਨ'' ਰੱਖਿਆ ਗਿਆ। ਇਸ ਜਥੇਬੰਦੀ ਦੇ ਕੈਲੇਫੋਰਨੀਆਂ ਸੈਕਸ਼ਨ ਦੇ ਪ੍ਰਧਾਨ ਬਾਬਾ ਜਵਾਲਾ ਸਿੰਘ ਨੂੰ ਬਣਾਇਆ ਗਿਆ। ਵੱਡੀ ਗਿਣਤੀ ਵਿਚ ਹਿੰਦੁਸਤਾਨ ਤੋਂ ਗਏ ਲੋਕ ਇਸ ਜਥੇਬੰਦੀ ਦੇ ਮੈਂਬਰ ਬਣ ਗਏ। ਲੋਕਾਂ ਦੇ ਮਨ੍ਹਾਂ ਵਿਚ ਇਕ ਉਤਸ਼ਾਹ ਸੀ। ਉਹ ਦਿਲ ਖੋਲ ਕੇ ਚੰਦੇ ਦੇ ਰਹੇ ਸਨ। ਵੱਡੀ ਗਿਣਤੀ ਵਿਚ ਰੁਪਿਆ ਜਮਾਂ ਹੋਣ ਲੱਗਾ। ਇਹ ਸਾਰਾ ਕੁਝ ਇਕ ਮਜਬੂਤ ਜਥੇਬੰਦੀ ਲਈ ਅਤਿ ਲੋੜੀਂਦਾ  ਸੀ। ਜਥੇਬੰਦੀ ਨੇ ਇਕ ਅਖ਼ਬਾਰ ਕੱਢਣ ਦਾ ਪ੍ਰੋਗਰਾਮ ਬਣਾਇਆ। ਜਿਸ ਦੇ ਤਹਿਤ ਗ਼ਦਰ ਨਾਮ ਦਾ ਅਖਬਾਰ ਪ੍ਰਕਾਸ਼ਿਤ ਹੋਇਆ। ਜਿਹੜਾ ਪਹਿਲਾਂ ਉਰਦੂ ਵਿਚ ਤੇ ਬਆਦ ਵਿਚ ਪੰਜਾਬੀ ਭਾਸ਼ਾ ਵਿਚ ਕੱਢਿਆ ਗਿਆ। ਜਥੇਬੰਦੀ ਦਾ ਦਫਤਰ ਕੈਲੀਫੋਰਨੀਆਂ ਦੇ ਸ਼ਹਿਰ ਸਾਨਫਰਾਂਸਿਸਕੋ ਵਿਚ ਰੱਖਿਆ ਗਿਆ ਕਿਉਂਕਿ ਉੱਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿ ਰਹੇ ਸਨ। ਇਹ ਜਥੇਬੰਦੀ ਦੀ ਅਖਬਾਰ ਏਨੀ ਪ੍ਰਸਿੱਧ ਹੋ ਗਈ ਕਿ ਅਖ਼ਬਾਰ ਦੇ ਨਾਮ ਉਪਰ ਹੀ ਬਆਦ ਵਿਚ ਪਾਰਟੀ ਦਾ ਨਾਮ ਗ਼ਦਰ ਪਾਰਟੀ ਪ੍ਰਚਲਤ ਹੋ ਗਿਆ।

ਫਰਬਰੀ 1914 ਵਿਚ ਸਟਾਕਟਨ ਵਿਖੇ ਬਾਬਾ ਜਵਾਲਾ ਸਿੰਘ ਦੀ ਪ੍ਰਧਾਨਗੀ ਹੇਠ ਇਕ ਜਲਸਾ ਰੱਖਿਆ ਗਿਆ ਜਿਸ ਜਲਸੇ ਵਿਚ ਵੱਡੀ ਗਿਣਤੀ ਵਿਚ  ਲੋਕ ਪਹੁੰਚੇ। ਇਨ੍ਹਾਂ ਵਿਚ ਪ੍ਰਮੁੱਖ ਸਨ ਬਾਬਾ ਸਹੋਣ ਸਿੰਘ ਭਕਨਾ, ਬਾਬਾ ਕੇਸਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਾ.ਉਧਮ ਸਿੰਘ ਕਸੇਲ, ਸ਼ਹੀਦ ਭਗਤ ਸਿੰਘ ਉਰਫ ਗਾਂਧਾ ਸਿੰਘ, ਸ਼ਹੀਦ ਕਾਂਸੀ ਰਾਮ, ਲਾਲਾ ਹਰਦਿਆਲ, ਤਾਰਕਨਾਥ ਦਾਸ, ਕਾਮਰੇਡ ਪ੍ਰਿਥਵੀ ਸਿੰਘ, ਬਾਬਾ ਕਰਮ ਸਿੰਘ ਚੀਮਾਂ,ਵਸਾਖਾ ਸਿੰਘ, ਪੂਰਨ ਸਿੰਘ ਜੰਡਿਆਲਾ, ਨਰੰਜਣ ਸਿੰਘ ਪੰਡੇਰੀ,ਦਲੀਪ ਸਿੰਘ ਫਾਲਾ, ਪੰਡਿਤ ਜਗਤ ਰਾਮ ਹਰਿਆਣਾ, ਕਰਮ ਸਿੰਘ ਧੂਤ, ਬਾਬਾ ਅਰੂੜ ਸਿੰਘ ਐਮ.ਐਲ.ਏ, ਨਿਰੰਜਣ ਸਿੰਘ ਪੰਡੇਰੀ, ਨਿਧਾਨ ਸਿੰਘ ਮਹੇਸਰੀ, ਬਾਬਾ ਨਿਧਾਨ ਸਿੰਘ ਚੁਘਾ, ਸ਼ਹੀਦ ਬਾਬੂ ਹਰਨਾਮ ਸਿੰਘ, ਕਰਤਾਰ ਸਿੰਘ ਲਤਾਲਾ ਤੇ  ਸੋਹਣ ਲਾਲ ਪੱਟੀ ਆਦ ਸਨ। ਬਾਦ ਵਿਚ ਛੇਤੀ ਹੀ ਇਕ ਅਜਿਹਾ ਹੀ ਜਲਸਾ ਰਿਆਸਤ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਹੋਇਆ। ਇਸ ਦੇ ਨਾਲ ਹੀ ਵੱਖ ਵੱਖ ਥਾਵਾਂ ਉਪਰ ਜਲਸੇ ਹੋਣ ਲੱਗੇ।

ਕਾਮਾਗਾਟਾਮਾਰੂ ਜਹਾਜ ਨੂੰ ਜਦੋਂ ਕੈਨੇਡਾ ਦੀ ਹਕੂਮਤ ਨੇ ਵੈਨਕੋਵਰ ਪੁੱਜਣ ਤੋਂ ਬਾਦ ਵੀ ਬੰਦਰਗਾਹ ਤੇ ਨਹੀਂ ਸੀ ਲੱਗਣ ਦਿੱਤਾ ਤਾਂ ਬਿਦੇਸ਼ਾਂ ਵਿਚ ਬੈਠੇ ਹਿੰਦੁਸਤਾਨੀਆਂ ਦੇ ਦਿਲ ਵਲੂਦਰੇ ਗਏ । ਪਰ ਗ਼ਦਰੀਆਂ ਤੋਂ ਬਿਨ੍ਹਾਂ ਕਿਸੇ ਵੀ ਰਾਜਸੀ ਧਿਰ ਨੇ ਹਾਅ ਦਾ ਨਾਹਰਾ ਤੱਕ ਨਹੀਂ ਸੀ ਨਹੀਂ ਮਾਰਿਆ। ਇਹ ਭਾਰਤੀਆਂ ਦੀ ਸਭ ਤੋਂ ਵੱਡੀ ਬੇਇਜਤੀ ਸੀ। 23 ਜੁਲਾਈ 1914 ਨੂੰ ਕਾਮਾਗਾਟਾਮਾਰੂ ਜਹਾਜ ਨੂੰ ਵਾਪਸ ਮੋੜ ਦਿੱਤਾ ਗਿਆ ਸੀ। ਇਹ ਪਹਿਲੀ ਸੰਸਾਰ ਜੰਗ ਦੇ ਦਿਨ ਸਨ। ਗ਼ਦਰ ਪਾਰਟੀ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਜਪਾਨ ਜਾ ਕੇ ਯੋਕੋਹਾਮਾ ਵਿਚ ਹਿੰਦੁਸਤਾਨੀ ਮੁਸਾਫਰਾਂ ਨੂੰ ਮਿਲਣ ਗਏ ਸਨ। ਫਿਰ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਇਸ ਕੰਮ ਲਈ ਗਿਆ ਸੀ ਤੇ ਫੈਸਲਾ ਕੀਤੀ ਗਿਆ ਸੀ ਕਿ ਇਸ ਜਹਾਜ ਦੇ ਸਾਰੇ ਮੁਸਾਫਰ ਹਿੰਦੁਸਤਾਨ ਵਾਪਸ ਚਲੇ ਜਾਣ ਤੇ ਹਥਿਆਰ ਬੰਦ ਘੋਲ ਦੀਆਂ ਤਿਆਰੀਆਂ ਕਰਨ। ਇਸ ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਨੇ ਗ਼ਦਰੀਆਂ ਦੇ ਮਨਾਂ ਵਿਚ ਬੇਚੈਨੀ ਦੇ ਬੀਜ ਬੀਜ ਦਿੱਤੇ ਸਨ। ਇਸੇ ਹੀ ਸਮੇ ਦੌਰਾਨ ਸਾਨਫਰਾਂਸਿਸਕੋ ਤੋਂ ਕੋਰੀਯਾ ਨਾਮ ਦਾ ਜਹਾਜ਼ 62 ਭਾਰਤੀਆਂ ਨੂੰ ਲੈ ਕੇ ਕੈਲੇਫੋਰਨੀਆਂ ਤੋਂ ਚੱਲਿਆ ਸੀ। ਇਸ ਵਿਚ 62 ਮੁਸਾਫਰ ਸਵਾਰ ਸਨ। ਜਿਨ੍ਹਾਂ ਵਿੱਚੋਂ 60 ਗ਼ਦਰ ਪਾਰਟੀ ਦੇ ਮੈਂਬਰ ਸਨ। ਜਿਨ੍ਹਾਂ ਵਿਚ ਇਕ ਬਾਬਾ ਜਵਾਲਾ ਸਿੰਘ ਵੀ ਸਵਾਰ ਸਨ। ਦੂਸਰੇ ਦੋ ਮੈਂਬਰ ਸੀ.ਆਈ. ਡੀ ਦੇ ਬੰਦੇ ਸਨ। ਇਸੇ ਜਹਾਜ਼ ਵਿਚ ਯੋਕੋਹਾਮਾਂ ਤੋ ਸਾਥੀਆਂ ਸਮੇਤ ਪੰਡਿਤ ਪ੍ਰਮਾਨੰਦ ਝਾਂਸੀ ਵੀ ਚੜੇ ਸਨ। ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਤੋਂ ਬਾਦ ਬਰਤਾਨਵੀ ਹਰ ਇਕ ਮੁਸਾਫਰ ਜਹਾਜ਼ ਨਾਲ ਸਖਤੀ ਨਾਲ ਪੇਸ਼ ਆ ਰਹੀ ਸੀ। ਜਿਸ ਜਹਾਜ਼ ਵਿਚ ਬਾਬਾ ਜਵਾਲਾ ਸਿੰਘ ਜੀ ਸਨ ਉਸ ਜਹਾਜ਼ ਨੂੰ ਵੀ ਅੰਡੇਮਾਨ ਹੀ ਰੋਕ ਲਿਆ ਗਿਆ। ਅਖੀਰ ਬਾਬਾ ਜਵਾਲਾ ਸਿੰਘ ਆਪਣੇ ਨਾਲ ਅਰੂੜ ਸਿੰਘ ਸ਼ੇਰ ਸਿੰਘ ਵੇਈ ਪੋਈ, ਈਸ਼ਰ ਸਿੰਘ ਮਰਹਾਣਾ ਤੇ ਸਜਨ ਸਿੰਘ ਨੂੰ ਨਾਲ ਲੈਕੇ ਗਵਰਨਰ ਦੀ ਕੋਠੀ ਵਿਚ ਉਸ ਨੂੰ ਮਿਲਣ ਲਈ ਗਏ। ਲੰਮੀ ਗੱਲ ਬਾਤ ਤੋਂ ਬਾਦ ਗਵਰਨ ਜਹਾਜ਼ ਨੂੰ ਤੋਰਨ ਲਈ ਰਾਜੀ ਹੋ ਗਿਆ ਤੇ ਮੁਸ਼ਾਫਰਾਂ ਨੂੰ ਰਾਸ਼ਣ ਲਈ ਪੰਦਰਾਂ ਸੌ ਰੁਪਿਆ ਵੀ ਦਿੱਤਾ। ਪਰ ਇਹ ਜਹਾਜ਼ ਕਲਕੱਤੇ ਹੀ ਰੋਕ ਲਿਆ ਗਿਆ ਤੇ ਇਸ ਦੇ ਮੁਸਾਫਰਾਂ ਨੂੰ ਗਰਿਫਤਾਰ ਕਰ ਕੇ ਵੱਖ ਵੱਖ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ। ਬਾਬਾ ਜਵਾਲਾ ਸਿੰਘ ਨੂੰ ਵੀ ਮਿੰਟਗੁਮਰੀ ਜੇਲ੍ਹ ਵਿਚ ਕੈਦ ਕੀਤਾ ਗਿਆ।

ਜਦੋਂ  ਪਹਿਲਾ ਲਾਹੌਰ ਸਾਜ਼ਿਸ ਕੇਸ ਚੱਲਿਆ ਉਸ ਸਮੇਂ ਬਾਬਾ ਜਵਾਲਾ ਸਿੰਘ ਨੂੰ ਵੀ ਪਾਰਟੀ ਬਣਾਇਆ ਗਿਆ। ਜਿਸ ਦਿਨ ਸਿਨਾਖਤ ਹੋ ਰਹੀ ਸੀ ਉਸੇ ਦਿਨ ਜਵਾਲਾ ਸਿੰਘ ਦੀ ਝੜਪ ਸਰਕਾਰੀ ਵਕੀਲ ਨਾਲ ਹੋ ਗਈ। ਜਿਸ ਕਰਕੇ ਤੀਹ ਬੈਤਾਂ ਦੀ ਸਜਾ ਦਿੱਤੀ ਗਈ। ਪੰਦਰਾਂ ਇਕ ਆਦਮੀ ਨੇ ਮਾਰੇ ਪੰਦਰਾਂ ਦੂਸਰੇ ਨੇ ਮਾਰੇ । ਬਾਬਾ ਜਵਾਲਾ ਸਿੰਘ ਦੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ ਕਿ ਉਹ ਹਾਲ ਪਾਰਿਆ ਪਾਉਣ ਦੀ ਥਾਂ ਇਕ ਦੋ ਤਿੰਨ .. ਗਿਣਨ ਲੱਗ ਪਏ। ਇਹ ਦੇਖ ਕੇ ਜੇਲ੍ਹ ਦੇ ਅਫਸਰ ਦੰਗ ਰਹਿ ਗਏ। ਜਦੋਂ ਸਜ਼ਾ ਖਤਮ ਹੋ ਗਈ ਤਾਂ ਬੈਂਤ ਦੇ ਜਖਮਾਂ ਉਪਰ ਮਲਮ ਲਗਾਉਣ ਲਈ ਸਰਕਾਰ ਨੇ ਕੋਸਿਸ ਕੀਤੀ ਤਾਂ ਬਾਬਾ ਜੀ ਨੇ ਮਲਮ ਲਗਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਸਿਰ ਤੋਂ ਪੈਰਾਂ ਤੱਕ ਬੈਂਤਾਂ ਦੇ ਨਿਸ਼ਾਨਾਂ ਤੋਂ ਬਾਦ ਜਵਾਲਾ ਸਿੰਘ ਧਾਰੀਦਾਰ ਸ਼ੇਰ ਵਰਗਾ ਜਾਪਣ ਲੱਗ ਪਿਆ ਸੀ। ਸੇਰ ਜਿਸ ਦੀ ਇਕ ਦਹਾੜ ਨਾਲ ਜੇਲਰ ਤਾਂ ਕੀ ਜੇਲ੍ਹ ਦੀਆਂ ਕੰਧਾਂ ਕੰਬਣ  ਲੱਗ ਪੈਂਦੀਆਂ ਸਨ। ਜੇਲ੍ਹ ਵਿਚ ਸਾਥੀਆਂ ਨੂੰ ਇਸ ਸਜ਼ਾ ਦਾ ਉਦੋਂ ਪਤਾ ਲਗਾ ਜਦੋਂ ਇਹ ਧਾਰੀਦਾਰ ਸ਼ੇਰ ਨਹਾਉਣ ਲਈ ਕਪੜੇ ਉਤਾਰ ਰਿਹਾ ਸੀ। ਜਿੱਥੇ ਹਾਕਮ ਇਸ ਸਾਰੇ ਵਰਤਾਰੇ ਨੂੰ ਦੇਖ ਕੇ ਦੰਗ ਰਹਿ ਗਏ ਸਨ ਉੱਥੇ ਨਾਲ ਦੇ ਸਾਥੀ ਪ੍ਰੇਸ਼ਾਨ ਹੋ ਗਏ ਕਿ ਇਹ ਜੁਲਮ ਕਿਉ ਕੀਤਾ ਗਿਆ ਹੈ। ਇਸ ਮੁਕੱਦਮੇਂ ਦੇ ਸਮੇਂ ਬਾਬਾ ਸੋਹਣ ਸਿੰਘ ਭਕਨਾ ਸਮੇਤ 26 ਸਾਥੀਆਂ ਨੂੰ ਫਾਂਸੀ ਦੀ ਸਜਾ ਦਿੱਤੀਆਂ ਗਈ ਸੀ। ਇਸ ਵੱਡੀ ਬੇਇਨਸਾਫੀ ਦੇ ਖਿਲਾਫ ਵੀ ਅਦਾਲਤ ਦੇ ਅੰਦਰ ਹੀ ਜਵਾਲਾ ਸਿੰਘ ਦੇ ਅੰਦਰਲੀ ਜਵਾਲਾ ਭੜਕ ਉੱਠੀ ਸੀ ਤੇ ਉਹ ਕੜਕ ਕੇ ਅਦਾਲਤ ਵਿਚ ਬੋਲੇ ਸਨ '' ਕੀ ਮੇਰਾ ਦੋਸ਼ ਕਿਸੇ ਨਾਲੋਂ ਘੱਟ ਹੈ? ਮੈਂਨੂੰ ਫਾਂਸੀ ਦੀ ਸਜ਼ਾਂ ਕਿਉਂ ਨਹੀਂ ਦਿੱਤੀ ਗਈ। '' ਇਹ ਦੇਖ ਕੇ ਬਾਰਤਾਨਵੀ ਹਕੂਮਤ ਨੂੰ ਕੱਨ ਹੋ ਗਏ ਸਨ ਕਿ ਅਮਰੀਕਾ ਦੇ ਸਵਰਗ ਨੂੰ ਲੱਤ ਮਾਰ ਕੇ ਆ ਜਾਣ ਵਾਲੇ ਇਹ ਭਾਰਤੀ ਭਾਵੁਕ ਕਿਸਮ ਦੇ ਬੰਦੇ ਨਹੀਂ ਸਗੋਂ ਦੁਨੀਆਂ ਦੇ ਮਹਾਨ ਇਨਕਲਾਬੀਆਂ 'ਤੋਂ ਵੀ ਬੇਹਤਰ ਹਨ। ਬਾਦ ਵਿਚ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਸਾਥੀਆਂ ਦੀ ਫਾਂਸੀ ਵਾਇਸਰਾਏ ਨੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਸੀ ਤੇ ਕਰਤਾਰ ਸਰਾਭਾ ਸਮੇਤ 7 ਨੂੰ ਫਾਂਸੀ ਹੋਈ ਸੀ। ਇਹ ਮੁਕੱਦਮਾਂ 64 ਸਾਥਈਆਂ ਉਪਰ ਚੱਲਿਆ ਸੀ। ਬਾਬਾ ਜਵਾਲਾ ਸਿੰਘ ਤੇ ਕੁਝ ਸਾਥੀਆਂ ਨੂੰ ਉਮਰ ਕੈਦ ਦੇ ਨਾਲ ਨਾਲ ਜਾਇਦਾਦ ਜ਼ਬਤੀ ਦੇ ਹੁਕਮ ਵੀ ਹੋਏ ਸਨ। ਅਮਰੀਕਾ ਵਿੱਚੋਂ ਸਭ ਕੁਝ ਛੱਡ ਕੇ ਆਏ ਬਾਬਾ ਜਵਾਲਾ ਸਿੰਘ ਦੀ ਭਾਰਤੀ ਜਾਇਦਾਦ ਅੰਗਰੇਜ਼ਾਂ ਨੇ ਕੁਰਕ ਕਰਨ ਦੇ ਹੁਕਮ ਦਿੱਤੇ ਸਨ।

  ਮਾਈਕਲ ਓਡਵਾਇਰ ਲਿਖਦਾ ਹੈ, '' ਪਹਿਲੇ ਸੰਸਾਰ ਯੁਧ ਸਮੇਂ ਹਕੂਮਤ ਬਹੁਤ ਹੀ ਕਮਜੋਰ ਹੋ ਚੁੱਕੀ ਸੀ, ਕੇਵਲ ਤੇਰਾਂ ਹਜ਼ਾਰ ਗੋਰੇ ਸਿਪਾਹੀ ਸਨ। ਜਿਨ੍ਹਾਂ ਦਾ ਦਿਖਾਵਾ ਹਿਦੁਸਤਾਨ ਭਰ ਵਿਚ ਕੀਤਾ ਜਾ ਰਿਹਾ ਸੀ। ਇਹ ਵੀ ਬੁੱਢੇ ਸਨ ਜਾਂ ਬੱਚੇ। ਨੌਜਵਾਨ ਤਾਂ ਯੂਰਪ ਦੀ ਰਣਭੂਮੀ ਵਿਚ ਲੜ ਰਹੇ ਸਨ। ਜੇ ਇਹਨਾਂ ਹਾਲਤਾਂ ਵਿਚ ਸਾਨਫਰਾਂਸਿਸਕੋ ਤੋਂ ਚੱਲਣ ਵਾਲੇ ਗ਼ਦਰ ਪਾਰਟੀ ਦੇ ਸਿਪਾਹੀਆਂ ਦੀ ਆਵਾਜ਼ ਦੇਸ਼ ਸੁਣਦਾ ਤਾਂ ਯਕੀਨੀ ਸੀ ਕਿ ਹਿੰਦੁਸਤਾਨ ਅੰਗਰੇਜ਼ ਦੇ ਹੱਥੋਂ ਨਿਕਲ ਜਾਂਦਾ। '' ਜਦੋਂ ਅਸੀ ਓਡਵਾਇਰ ਦੀ ਗ਼ਦਰ ਪਾਰਟੀ ਬਾਰੇ ਕੀਤੀ ਟਿਪਣੀ ਨੂੰ ਪੜ੍ਹ ਰਹੇ ਹਾਂ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਸਮੇਂ ਸਾਡੇ ਧਾਰਮਿਕ ਆਗੂਆਂ ਨੇ ਇਨ੍ਹਾਂ ਗ਼ਦਰੀਆਂ ਨੂੰ ਆਪਣੇ ਪੰਥ ਵਿੱਚੋਂ ਖਾਰਜ ਕਰ ਦਿੱਤਾ ਸੀ। ਕਿਹਾ ਗਿਆ ਸੀ ਕਿ ਇਹ ਸਿੱਖ ਨਹੀਂ ਇਨ੍ਹਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ।

ਰਾਵਲ  ਪਿੰਡੀ ਦੀ ਜੇਲ੍ਹ ਵਿਚ ਜਵਾਲਾ ਸਿੰਘ ਨੇ ਬੰਬ ਬਣਾਉਣ ਵਾਲੇ ਮਸਾਲੇ ਦਾ ਪ੍ਰਬੰਧ  ਕਰ ਲਿਆ ਸੀ ਪਰ ਛੇਤੀ ਹੀ ਇਹ ਮਸਾਲਾ ਜੇਲ੍ਹ ਵਿੱਚੋਂ ਫੜਿਆ ਗਿਆ ਸੀ। ਇਸ ਕਰਕੇ ਬਾਬਾ ਜਵਾਲਾ ਸਿੰਘ ਨੂੰ ਅੰਡੇਮਾਨ ਦੀ ਜੇਲ੍ਹ ਵਿਚ ਤਬੀਲ ਕਰਨ ਦਾ ਹੁਕਮ ਹੋਇਆ ਸੀ। ਇਹ ਜੇਲ੍ਹ ਨਰਕ ਦੀ ਹੀ ਦੂਸਰੀ ਤਸਵੀਰ ਸੀ। ਇੱਥੇ ਕੈਦੀਆਂ ਤੋਂ ਸਮਰਥਾ ਤੋਂ ਵਧ ਮੁਸ਼ੱਕਤ ਕਰਵਾਈ ਜਾਂਦੀ ਸੀ। ਉਦਾਹਰਣ ਦੇ ਤੌਰ ਤੇ ਹਰ ਇਕ ਕੈਦੀ ਤੋਂ ਤੀਹ ਪੌਂਡ ਨਾਰੀਅਲ ਦਾ ਤੇਲ ਕਢਵਾਇਆ ਜਾਂਦਾ ਸੀ। ਇਹ ਬਹੁਤ ਹੀ ਕਠਨ ਕਾਰਜ ਸੀ ਜਿਸ ਤੋਂ ਤੰਗ ਆਕੇ ਬਹੁਤ ਸਾਰੇ ਕੈਦੀ ਹਰ ਮਹੀਨੇ ਖੁਦਕਸ਼ੀ ਕਰ ਲੈਂਦੇ ਸਨ। ਬਾਬਾ ਜਵਾਲਾ ਸਿੰਘ ਨੇ ਇਸ ਮੁਸ਼ੱਕਤ ਨੂੰ ਗੈਰ ਕਾਨੂੰਨੀ ਆਖਦਿਅੰ ਕੈਦੀਆਂ ਨੂੰ ਲਾਮ ਬੰਦ ਕੀਤਾ ਤੇ ਸੰਘਰਸ਼ ਰਾਹੀ ਇਹ ਅਣ ਮਨੁੱਖੀ ਵਰਤਾਰਾ ਬੰਦ ਵੀ ਕਰਵਾਇਆ। ਇਸ ਅੰਦੋਲਨ ਦੀ ਕੀਮਤ ਵੀ ਜਵਾਲਾ ਸਿੰਘ ਨੂੰ ਹੀ ਸਭ ਤੋਂ ਵੱਧ ਤਾਰਨੀ ਪਈ ਉਨ੍ਹਾਂ ਨੂੰ ਛੇ ਮਹੀਨੇ ਖੜੀ ਹੱਥ ਕੜੀ ਛੇ ਮਹੀਨੇ ਕੋਠੀ ਬੰਦ ਰੱਖਣ ਤੇ ਡੰਡਾ ਬੇੜੀ ਦੀ ਸਜਾ ਦਿੱਤੀ ਗਈ। ਇਸ ਸਾਰੀ ਸਜ਼ਾ ਦੇ ਨਾਲ ਨਾਲ ਉਨ੍ਹਾਂ ਨੂੰ ਬਹੁਤ ਹੀ ਘੱਟ ਖੁਰਾਕ ਦਿੱਤੀ ਜਾਂਦੀ ਸੀ। ਅਜਿਹੀਆਂ ਸਜ਼ਾਵਾਂ ਬਾਬਾ ਜਵਾਲਾ ਸਿੰਘ ਤੇ ਉਨ੍ਹਾਂ ਸਾਥੀਆਂ ਲਈ ਹੀ ਰਾਖਵੀਆਂ ਸਨ ਜਿਹੜੇ ਇਸ ਅਣਮਨੁੱਖੀ ਮਸ਼ੱਕਤ ਦੇ ਖਿਲਾਫ ਸੰਘਰਸ਼ ਕਰ ਰਹੇ ਸਨ। ਜਦੋਂ ਬਾਬਾ ਜਵਾਲਾ ਸਿੰਘ ਤੇ ਸਾਥੀਅੰ ਦਾ ਸੰਘਰਸ਼ ਖਤਮ ਨਾ ਹੋਇਆ ਤਾਂ ਸਰਕਾਰ ਨੇ ਕੁਝ ਕੈਦੀਆਂ ਵਾਸਤੇ ਪਿੰਜਰੇ ਬਣਾ ਲਏ ਜਿਨ੍ਹਾਂ ਵਿਚ ਕੈਦੀ ਨਾ ਤਾਂ ਠੀਕ ਤਰਾਂ ਨਾਲ ਬੈਠ ਸਕਦਾ ਸੀ ਤੇ ਨਾ ਹੀ ਲੱਕ ਸਿੱਧਾ ਕਰ ਸਕਦਾ ਸੀ ਇਹ ਵਰਤਾਰਾ ਚਾਰ ਸਾਲ ਤੱਕ ਚਲਦਾ ਰਿਹਾ।ਲ ਕੈਦੀਆਂ ਨੂੰ ਨਾ ਸੂਰਜ ਦੇਖ ਦਿੱਤਾ ਗਿਆ ਨਾਂ ਹੀ ਧੁੱਪ ਛਾਂ।

ਜਿਹੜਾ ਅੰਦੋਲਨ ਗੈਰ ਮਨੁੱਖੀ ਮਸ਼ੱਕਤ ਦੇ ਖਿਲਾਫ  ਸੀ ਉਹ ਹੁਣ ਅੰਡੇਮਾਨ ਜਾਲ੍ਹ ਦੇ ਖਿਲਾਫ  ਹੀ ਹੋ ਗਿਆ ਸੀ। ਇਸ ਜੇਲ੍ਹ ਦੇ ਅਣਮਨੁੱਖੀ ਵਰਤਾਰੇ ਵਾਰੇ ਦੇਸ਼ ਦੇ ਅੰਦਰ ਬੁੱਧੀਜੀਵੀ  ਧਿਰਾਂ ਹੀ ਆਵਾਜ਼ ਬਲੰਦ ਕਰਨ ਲੱਗ ਪਈਅੰ ਸਨ। ਅੰਡੇਮਾਨ ਦੀ ਜੇਲ੍ਹ ਦੇ ਨਰਕ ਖਿਲਾਫ ਜੇਲ੍ਹ ਦੇ ਅੰਦਰ ਵੀ ਤੇ ਬਾਹਰ ਵੀ ਅੰਦੋਲਨ ਹੋਣ ਲੱਗੇ। ਸਿੱਟੇ ਵਜੋਂ 1920 ਵਿਚ ਰਾਇਲ ਅੰਡੇਮਾਨ ਕਮਿਸ਼ਨ ਨੇ ਜੇਲ੍ਹ ਦਾ ਦੌਰਾ ਕੀਤਾ ਤੇ ਜੇਲ੍ਹ ਦੀਆਂ ਭੈੜੀਆਂ ਹਾਲਤਾਂ ਦੇਖ ਕੇ ਸਾਰੇ ਕੈਦੀ ਮੁਲਕ ਦੀਆਂ ਜੇਲ੍ਹ ਵਿਚ ਹੀ ਤਬਦੀਲ ਕਰਨ ਦੀ ਸ਼ਿਫਾਰਸ਼ ਕੀਤੀ ਗਈ। 1921 ਇਚ ਇਹ ਅਣਮਨੁੱਖੀ ਜੇਲ੍ਹ ਰਾਜਸੀ ਕੈਦੀਆਂ ਲਈ ਬੰਦ ਕਰ ਦਿੱਤੀ ਗਈ।

  ਉਸ ਸਮੇਂ ਬਾਬਾ ਜਵਾਲਾ ਸਿੰਘ ਜੀ ਵੀ ਸਾਥੀਆਂ ਸਮੇਤ ਬੰਗਾਲ ਦੀ ਜੇਲ੍ਹ ਕੈਂਮਬਟੋਂਰ ਵਿਚ ਤਬਦੀਲ ਕਰ ਦਿੱਤੇ ਗਏ। ਇਹ ਮੋਪਲਿਆਂ ਦੇ ਗਦਰ ਦਾ ਜਮਾਨਾ ਸੀ। ਹਜਾਰਾ ਦੀ ਗਿਣਤੀ ਵਿਚ ਮੋਪਲੇ ਕੈਂਮਬਟੋਰ ਜੇਲ੍ਹ ਵਿਚ ਬਾਬਾ ਜਵਾਲਾ ਸਿੰਘ ਨਾਲ ਕੈਦ ਸਨ। ਇਨ੍ਹਾਂ ਕੈਦੀਆਂ ਲਈ ਜੇਲ੍ਹ ਵਿਚ ਨਾ ਖਾਣ ਦਾ ਵਧੀਆ ਪ੍ਰਬੰਧ ਤੇ ਨਾ ਹੀ ਰਹਾਇਸ਼ ਦਾ, ਜੇਲ੍ਹ ਵਿਚ ਮੋਪਲਿਆਂ ਦੇ ਬੱਚੇ,ਔਰਤਾਂ ਤੇ ਖੁਦ ਉਹ ਭੁੱਖੇ ਮਰ ਰਹੇ ਸਨ। ਪੰਜਾਬੀ ਕੈਦੀਆਂ ਲਈ ਵੱਖਰਾ ਖਾਣ ਪੀਣ ਦਾ ਪ੍ਰਬੰਧ ਸੀ। ਬਾਬਾ ਜਵਾਲਾ ਸਿੰਘ ਅੰਦੋਲਨਕਾਰੀ ਮੋਪਲਿਆਂ ਦੇ ਬੱਚਿਆਂ ਨੂੰ ਆਪਣੀ ਰੋਟੀ ਵਿਚੋ ਰੋਟੀ ਦੇ ਦਿਆ ਕਰਦੇ ਸਨ। ਜੋ ਜੇਲ੍ਹ ਪ੍ਰੰਬਧਕਾਂ ਨੂੰ ਹਰਗਿਜ ਮੰਜੂਰ ਨਹੀਂ ਸੀ। ਜੇਲ੍ਹਰ ਨੇ ਕਈ ਵਾਰ ਬਾਬਾ ਜੀ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਸੀ ਪਰ ਬਾਬਾ ਜੀ ਲਈ ਇਹ ਸੰਭਵ ਹੀ ਨਹੀਂ ਸੀ ਕਿ ਦੇਸ਼ ਦੇ ਬੱਚੇ ਭੁੱਖੇ ਵਿਲਕ ਰਹੇ ਹੋਣ ਤੇ ਬਾਬਾ ਜੀ ਰੱਜ ਕੋੇ ਰੋਟੀ ਖਾ ਲੈਣ। ਬਾਬਾ ਜੀ ਨੇ ਉਨ੍ਹਾਂ ਵਾਸਤੇ ਜੇਲ੍ਹ ਵਿਚ ਭੁੱਖ ਹੜਤਾਲ ਕਰ ਦਿੱਤੀ। ਜੇਲ੍ਹ ਹਾਕਮ ਤਾਂ ਪਹਿਲਾਂ ਹੀ ਚਿੜੇ ਬੈਠੇ ਸਨ। ਹੁਣ ਉਨ੍ਹਾਂ ਨੂੰ ਬਹਾਨਾ ਮਿਲ ਗਿਆ ਸੀ ਉਨ੍ਹਾਂ ਨੇ ਬਾਬਾ ਜੀ ਨੂੰ ਆਪਣੇ ਖਾਣੇ ਵਿਚੋ ਮੋਪਲਿਆਂ ਦੇ ਬੱਚਿਆਂ ਨੂੰ ਖਾਣਾ ਦੇਣ ਦੇ ਜੁਰਮ ਵਿਚ ਤੀਂਹ ਬੈਂਤਾਂ ਦੀ ਸਜਾ ਸੁਣਾ ਦਿੱਤੀ। ਬਾਬਾ ਜਵਾਲਾ ਸਿੰਘ ਜੀ ਨੂੰ ਤੀਹ ਬੈਤਾਂ ਲਈ ਟਿਕਟਿਕੀ ਤੇ ਚਾੜ੍ਹ ਲਿਆ ਗਿਆ। ਬਾਬਾ ਜੀ ਨੇ ਫਿਰ ਹੱਸਦੇ ਹੱਸਦੇ ਇਹ ਸਜਾ ਬਰਦਾਸਤ ਕੀਤੀ। ਇਸ ਭੁੱਖ ਹੜਤਾਲ ਵਿਚ ਬਾਬਾ ਜੀ ਦਾ ਭਾਰ ਘੱਟਕੇ ਦੋ ਸੌ ਪੌਂਡ ਤੋਂ ਸੌ ਪੌਂਡ ਹੀ ਰਹਿ ਗਿਆ ਸੀ। ਜੇਲ੍ਹ ਦੀ ਬੱਦਸਲੂਕੀ ਵਿਰੁਧ ਬਾਬਾ ਜੀ ਨੂੰ ਜਾਨ ਦੀ ਬਾਜੀ ਲਾਉਣੀ ਪੈਦੀ ਤਾਂ ਉਹ ਇਹ ਵੀ ਲਾ ਦਿੰਦੇ। ਪਰ ਸਰਕਾਰ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਭੰਡਾਰਾ ਜੇਲ੍ਹ ਸੀ.ਪੀ. ਵਿਚ ਬਦਲ ਦਿੱਤਾ। ਬਾਬਾ ਜੀ ਨੇ ਇਸ ਤਰ੍ਹਾਂ ਸੰਘਰਸ ਕਰਕੇ ਆਪਣੀਆਂ ਜੇਲ੍ਹ ਸੰਬੰਧੀ ਸਾਰੀਆਂ ਮੰਗਾਂ ਮਨਵਾ ਲਈਆਂ।

ਦੇਸ਼ ਵਿਚ ਗ਼ਦਰ ਕਰਕੇ ਦੇਸ਼ ਨੂੰ ਆਜਾਦ ਕਰਵਾਉਣ ਆਏ ਗ਼ਦਰੀਆਂ ਦੀਆਂ ਸਜਾਵਾਂ ਪੂਰੀਆਂ ਹੋ ਚੱਕੀਆਂ ਸਨ ਪਰ ਸਰਕਾਰ ਰਿਹਆ ਕਰਨ ਦਾ ਨਾਮ ਤਕ ਨਹੀਂ ਸੀ ਲੈਦੀ ਸਗੋ ਕਿਸੇ ਆਨੇ ਬਹਾਨੇ ਜੇਲ੍ਹਾਂ ਅੰਦਰ ਹੋਰ ਤੇ ਹੋਰ ਤਸੀਹੇ ਦਿੱਤੇ ਜਾ ਰਹੇ ਸਨ। ਇਸ ਵਿਰੁਧ ਘੋਲ ਵੀ ਜੇਲ੍ਹਾਂ ਦੇ ਅੰਦਰ ਹੀ ਲੜ੍ਹਿਆ ਗਿਆ। ਜੇਲ੍ਹ ਦੇ ਅੰਦਰ ਕੈਦੀਆਂ ਨੇ ਫਿਰ ਭੁੱਖ ਹੜਤਾਲ ਕਰ ਦਿੱਤੀ ਸਰਕਾਰ ਨੂੰ ਕੈਦੀ ਛੱਡਣੇ ਪਏ, ਤਾਂ ਜਾ ਕੇ ਬਾਬਾ ਜਵਾਲਾ ਸਿੰਘ ਜੀ 1933 ਵਿਚ ਰਿਹਾ ਹੋਏ। ਇਹ ਗ਼ਦਰੀਅੰ ਦੀ ਬੜੀ ਵੱਡੀ ਜਿੱਤ ਸੀ।

  ਇਸੇ ਸਾਲ ਕਾਬਲ ਦੀ ਹਕੂਮਤ ਦੇ  ਖਿਲਾਫ ਚਲ ਰਹੇ ਘੋਲ ਵਿਚ ਸ਼ਾਮਲ  ਹੋ ਗਏ। ਪੰਜਾਬ ਵਿਚ ਵੀ ਇਹ ਜੋਰਾਂ ਉਪਰ ਸੀ। ਜਵਾਲਾ ਸਿੰਘ ਜੇਲ੍ਹ ਵਿੱਚੋਂ ਰਿਹਾ ਹੁੰਦੇ ਹੀ ਇਸ ਅੰਦੋਲਨ ਵਿਚ ਪ੍ਰਵੇਸ਼ ਕਰ ਗਏ।  ਇਸੇ ਸਮਏ ਦੌਰਾਨ ਸ਼ਹੀਦ ਭਾਗ ਸਿੰਘ ਹੁਰਾਂ ਦੀ  ਸਪੁੱਤਰੀ ਸਖਤ ਬਿਮਾਰ ਹੋ ਗਏ ਉਨ੍ਹਾਂ ਦੀ ਦੇਖ ਭਾਲ ਦੀ ਜੁੰਮੇਵਾਰੀ ਵੀ ਆਪ ਨੂੰ ਹੀ ਸੌਪੀ ਗਈ। ਪਰ ਬੜੇ ਯਤਨਾ ਨਾਲ ਵੀ ਸ਼ਹੀਦ ਦੀ ਇਮਾਨਤ ਨੂੰ ਬਚਾ ਨਾ ਸਕੇ। 1934, ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੇ ਐਕਟਿੰਗ ਪ੍ਰਧਾਨ ਬਣੇ ਤੇ ਸ਼ਹੀਦਾਂ ਦੇ ਪਰਿਵਾਰਾਂ ਲਈ ਚੰਦਾ ਇਕੱਠਾ ਕਰਨ ਲਈ ਸਾਰੇ ਦੇਸ਼ ਦਾ ਭਰਮਣ ਕੀਤਾ। ਇਸੇ ਸਾਲ ਆਪ ਨੂੰ  ਕਿਰਤੀ ਅਖਬਾਰ ਦੇ ਮੈਨੇਜਰ ਦੀ ਡੀਉਟੀ ਵੀ ਸੌਪ ਦਿੱਤੀ ਗਈ। 1935 ਦੇ ਸਾਲ ਆਪ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ ਇਕ ਸਾਲ ਦੀ ਸਖਤ ਸਜਾ ਹੋਈ। ਜਦੋਂ ਹੀ ਬਾਬਾ ਜੀ ਰਿਹਾ ਹੋਏ ਉਸੇ ਸਾਲ ਨਵੀਂ ਰਾਜ ਬਣਤਰ ਹੇਠ ਚੋਣਾ ਦੀ ਤਿਆਰੀ ਹੋ ਰਹੀ ਸੀ। ਇਸ ਵਿਚ ਸੋਸਲਿਸਟ ਉਮੀਦਵਾਰਾਂ ਨੂੰ ਸਫਲ ਬਨਾਉਣ ਲਈ ਦੇਸ਼ ਭਗਤ ਇਲੈਕਸ਼ਨ ਬੋਰਡ ਕਾਇਮ ਕੀਤਾ ਗਿਆ ਜਵਾਲਾ ਸਿੰਘ ਜੀ ਇਸ ਬੋਰਡ ਦੇ ਪ੍ਰਧਾਨ ਬਣੇ।

ਚੋਣਾ ਦੇ ਸੰਬੰਧ ਵਿਚ ਘੁੰਮਣ 'ਤੇ ਤਲਖ ਤਜਰਬਾ ਹੋਇਆ ਕਿ ਦੇਸ਼ ਨੂੰ ਅੰਨ ਦੇਣ ਵਾਲੇ ਕਿਸਾਨ ਦੀ ਹਾਲਤ ਤਾਂ ਬਹੁਤ ਮਾੜੀ ਹੈ ਤੇ ਇਸ ਦਾ ਇਕੋ ਇਕ ਕਾਰਨ ਕਿਸੇ ਜਥੇਬੰਦੀ ਦੀ ਅਣਹੋਂਦ ਹੀ ਸੀ। ਬਾਬਾ ਜੀ ਨੇ ਪੰਜਾਬ ਦੇ ਕਿਸਾਨਾ ਦੀ ਪਹਿਲੀ ਜਥੇਬੰਦੀ ਬਣਾਈ। ਥੋੜੇ ਹੀ ਸਮੇਂ ਵਿਚ,75000 ਕਿਸਾਨ ਇਸ ਦੇ ਮੈਬਰ ਬਣ ਗਏ। ਇਸ ਜਥੇਬੰਦੀ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਵੀ ਬਾਬਾ ਜੀ ਦੇ ਸਿਰ ਹੀ ਸੀ। ਨੀਲੀਬਾਰ ਵਿਚ ਜਦੋਂ 50,000 ਮੁਜਾਰਿਆਂ ਨੇ ਜਿੰਮੀਂਦਾਰਾਂ ਦੇ ਜੁਲਮਾਂ ਵਿਰੁਧ ਹੜਤਾਲ ਕੀਤੀ ਤਾਂ ਬਾਬਾ ਜੀ ਆਪਣੇ ਸਾਥੀਆਂ ਨਾਲ ਉਸ ਅੰਦੋਲਨ ਵਿਚ ਸ਼ਾਮਲ ਹੋ ਗਏ।

ਆਪਣੀ ਜਿੰਦਗੀ ਦੀ ਆਖਰੀ ਲੜਾਈ ਉਨ੍ਹਾਂ ਨੇ ਨੀਲੀਬਾਰ ਵਿਚ ਲੜੀ। ਜਦੋਂ  50,000 ਮੁਜ਼ਾਰਿਆਂ ਨੇ ਜਿੰਮੀਦਾਰਾਂ ਦੇ ਜੁਲਮੋਂ ਸਿਤਮ ਦੇ ਵਿਰੁਧ ਹੜਤਾਲ ਕੀਤੀ ਸੀ। ਬਾਬਾ ਜੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘੋਲ ਦਾ ਸਾਥ ਦੇਣ ਲਈ ਉੱਥੇ ਪਹੁੰਚੇ ਸਨ ਤੇ ਮੁਜ਼ਾਰਿਆਂ ਦੀ ਧਿਰ ਬਣਕੇ ਖੜ ਗਏ ਸਨ। ਇਸ ਸੰਘਰਸ਼ ਨੂੰ ਦੇਸ਼ ਵਿਆਪੀ ਹੁੰਗਾਰਾ ਮਿਲਣ ਨਾਲ ਮੁਜ਼ਾਰਿਆਂ ਦੀ ਜਿੱਤ ਹੋਈ ਸੀ। ਬਾਬਾ ਭਗਤ ਸਿੰਘ ਬਿਲਗਾ ਨੇ ਲਿਖਿਆ ਹੈ ਕਿ '' ਇਹ ਮੁਜ਼ਾਰਿਆਂ ਦੀ ਪਹਿਲੀ ਵੱਡੀ ਜਿੱਤ ਸੀ।''

1938,ਵਿਚ  ਕੋਮੀਲਾ (ਬੰਗਾਲ) ਵਿਚ ਹੋਣ ਵਾਲੀ  ਆਲ ਇੰਡੀਆ ਕਿਸਾਨ ਕਾਨਫਰੰਸ  ਵਿਚ ਸ਼ਾਮਲ ਹੋਣ ਲਈ ਇਸੇ ਦੀਆਂ  ਤਿਆਰੀਆਂ ਦੇ ਸੰਬੰਧ ਵਿਚ 6, ਮਈ 1938, ਵਿਚ ਬੱਸ ਰਾਹੀ ਲਾਹੌਰ ਨੂੰ ਜਾ ਰਹੇ ਸਨ। ਰਸਤੇ ਵਿਚ ਦੋ ਬੱਸਾਂ ਦੀ ਭਿਆਨਕ ਟੱਕਰ ਹੋ ਗਈ। ਬਾਬਾ ਜੀ ਨੂੰ ਵੀ ਸਖਤ ਚੋਟਾਂ ਲੱਗੀਆਂ। ਚਾਰ ਪੱਸਲੀਆਂ ਟੁੱਟ ਗਈਆਂ ਤੇ ਖੱਬੀ ਬਾਂਹ ਵੀ ਚੂਰ ਚੂਰ ਹੋ ਗਈ। ਅਣਗਿਣਤ ਸੱਟਾਂ ਦੀ ਤਾਬ ਝੱਲਦੇ ਹੋਏ ਵੀ ਬਾਬਾ ਜਵਾਲਾ ਸਿੰਘ ਜੀ ਪੂਰੀ ਹੋਸ਼ ਵਿਚ ਸਨ। ਕਿਸਾਨ ਅੰਦੋਲਨ ਨੂੰ ਲਾਮਬੰਦ ਕਰਨ ਵਾਲਾ ਇਹ ਯੋਧਾ ਆਖਰ ਆਪਣੇ ਖੂਨ ਦੇ ਆਖਰੀ ਕਿਣਕੇ ਨਾਲ ਇਸ ਲਹਿਰ ਨੂੰ ਸਿੰਜਕੇ 9, ਮਈ 1938 ਨੂੰ ਸਵੇਰੇ ਸਵੱਖਤੇ ਹੀ ਇਸ ਜਹਾਨ ਤੋਂ ਕੂਚ ਕਰ ਗਿਆ। ਡਾ. ਭਾਗ ਸਿੰਘ ਸਾਰੀ ਉਮਰ ਬਾਬਾ ਜੀ ਦੇ ਨਾਲ ਰਹੇ.। ਉਨ੍ਹਾਂ ਨੇ ਜਵਾਲਾ ਸਿੰਘ ਜੀ ਬਾਰੇ ਇਕ ਛੋਟੀ ਕਿਤਾਬ ਲਿਖੀ ਸੀ। ਜਿਨ੍ਹੰ ਦੇ ਮੁਤਾਬਕ ਜਦੋਂ ਬਾਬਾ ਜੀ ਦੀ ਮੌਤ ਹੋਈ ਉਹ 72 ਸਾਲਾਂ ਦੇ ਸਨ। ਇਸ ਅਨੁਮਾਨ ਨਾਲ ਅਸਈ ਇਹ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਜਨਮ 1866 ਈ. ਵਿਚ ਬਾਬਾ ਬਕਾਲਾ ਲਾਗੇ ਪਿੰਡ ਠੱਠੀਆਂ ਵਿਚ ਹੋਇਆ ਸੀ। ( ਮੈਨੂੰ ਅਫਸੋਸ ਹੇੈ ਕਿ ਮੈਂ ਉਨ੍ਹਾਂ ਜੀ ਜਨਮ ਤਰੀਕ ਤੇ ਮਾਤਾ ਪਿਤਾ ਜੀ ਬਾਰੇ ਠੀਕ ਜਾਣਕਾਰੀ ਇਕੱਠੀ ਨਹੀਂ ਕਰ ਸਕਿਆ )

ਕਿਸੇ  ਵੇਲੇ ਅਮਰੀਕਾ ਵਿਚ ਆਲੂਆ ਦਾ ਬਾਦਸ਼ਾਹ ਕਹਾਉਣ ਵਾਲਾ ਉਹ ਸਿਰੜੀ ਇਨਕਲਾਬੀ ਆਪਣੇ  ਪਿਛੱੇ ਰੋਦੇ ਵਿਲਕਦੇ ਕਰੋੜਾਂ ਲੋਕਾਂ ਦੇ ਕਾਫਲੇ ਨੂੰ ਅਲਵਿਦਾ ਆਖ ਗਿਆ ਜਦੋਂ ਦੇਸ਼  ਨੂੰ ਉਸ ਦੀ ਅੰਤਾਂ ਦੀ ਲੋੜ ਸੀ। ਪਿੰਡ ਪਿੰਡ ਫਿਰਨ ਵਾਲਾ ਬੇਗਰਜ ਇਨਕਲਾਬੀ ਆਪਣੇ  ਵਾਰਸਾਂ ਲਈ ਛੱਡ ਗਿਆ ਆਪਣੀ ਅਣਖਾਂ ਵਾਲੀ ਬੇਦਾਗ ਪੱਗ ਤੇ ਫਿਕਰਾਂ ਦਾ ਪ੍ਰਤੀਕ ਮੋਢੇ ਦਾ ਸਾਫਾ । ਜਿਹੜਾ ਉਸ ਦੇ ਖੂਨ ਪਸੀਨੇ ਦੀ ਕਮਾਈ ਦਾ ਗਵਾਹ ਹੈ। ਭਾਰਤੀ ਅਜਾਦੀ ਦੇ ਇਤਿਹਾਸ ਵਿਚ ਬਾਬਾ ਜਵਾਲਾ ਸਿੰਘ ਠੱਠੀਆਂ ਦਾ ਜਿਕਰ ਉਦੋ ਤਕ ਹੁੰਦਾ ਰਹੇਗਾ ਜਦੋਂ ਤਕ ਅਜਾਦੀ ਦੇ ਘੋਲਾਂ ਦੀ ਗੱਲ ਚੱਲੇਗੀ। ਜਦ ਕਦੇ ਵੀ ਜੰਗੇ ਅਜਾਦੀ ਦਾ ਜਿਕਰ ਆਏਗਾ ਇਸ ਲਈ ਲ਼ੜੇ ਗਏ ਘੋਲਾਂ ਦਾ ਜਿਕਰ ਹੋਏਗਾ ਤਾਂ ਗਦਰ ਪਾਰਟੀ ਦਾ ਜਿਕਰ ਹੋਏਗਾ,ਗਦਰ ਪਾਰਟੀ ਦੇ ਸੁਨਿਹਰੀ ਵਰਕੇ ਜਦ ਕਦੇ ਵੀ ਫਰੋਲੇ ਜਾਣਗੇ ਤਾਂ ਇਸ ਜਾਂਬਾਜ ਯੋਧੇ ਦਾ ਜਿਕਰ ਹਰ ਮੀਟਿੰਗ ਵਿਚ ਹੋਵੇਗਾ। ਹਰ ਐਕਸ਼ਨ ਵਿਚ ਹੋਵੇਗਾ। ਜੇ ਅੰਗਰੇਜਾਂ ਵਲੋ ਕੀਤੇ ਗਏ ਤਸ਼ੱਦਦ ਦੀ ਹੀ ਗਲ ਕੀਤੀ ਜਾਵੇ ਜਾਂ ਵੀ ਬਾਬਾ ਜਵਾਲਾ ਸਿੰਘ ਜੀ ਦਾ ਜਿਕਰ ਉਨ੍ਹਾਂ ਲੋਕਾਂ ਵਿਚ ਆਵੇਗਾ ਜਿਨ੍ਹਾਂ ਨੇ ਆਪਣੇ ਪਿੰਡਿਆਂ ਤੇ ਅੰਤਾਂ ਦਾ ਤਸ਼ੱਦਦ ਸਹਾਰਿਆ ਪਰ ਮੂਹੋ ਸੀ ਤਕ ਨਹੀਂ ਕੀਤੀ। ਬਾਬਾ ਜਵਾਲਾ ਸਿੰਘ ਦਾ ਜੀਵਨ ਬ੍ਰਿਤਾਂਤ ਇਸ ਲਈ ਵੀ ਰੋਚਕ ਹੈ ਕਿਉਕੇ ਲੰਮੀਆਂ ਸਜਾਵਾਂ ਕੱਟਣ ਤੋਂ ਬਾਅਦ ਵੀ ਸੰਘਰਸ਼ ਜਾਰੀ ਰੱਖਣ ਵਾਲਾ ਇਹ ਯੋਧਾ ਨਾ ਕਦੇ ਡੋਲਿਆ ਨਾ ਕਦੇ ਡਰਿਆ। ਦੇਸ਼ ਨੂੰ ਆਜ਼ਾਦ ਦੇਖਣ ਦੀ ਐਸੀ ਧੁਨ ਲੱਗੀ ਕਿ ਤਨ ਮਨ ਧਨ ਸਭ ਦੇਸ਼ ਦੀ ਅਜਾਦੀ ਲਈ ਕੁਰਬਾਨ ਕਰ ਦਿਤਾ।
-ਡਾ. ਤੇਜਿੰਦਰ ਵਿਰਲੀ

No comments:

Post a Comment