dr t virli

dr t virli

Sunday 27 January 2013

ਭਾਰਤ ਦੇ ਨੌਜਵਾਨਾ ਨੂੰ ਸਮੇਂ ਦੀ ਵੰਗਾਰ

ਮੈਂ ਨੌਜਵਾਨਾ ਨੂੰ ਮੁਖਾਤਿਬ ਹੋਣ  ਤੋਂ ਪਹਿਲਾਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਉਹ ਮਹਾਂ ਬ੍ਰਿਤਾਂਤ ਸੁਣਾਉਣਾ ਚਾਹੁੰਦਾ  ਹਾਂ ਜਿਹੜਾ ਅੱਜ ਦੇ ਹਰ ਨੌਜਵਾਨ ਲਈ  ਸੁਣਨਾ ਅੱਤ ਜਰੂਰੀ ਹੈ। ਜਿਸ ਦਿਨ ਭਗਤ ਸਿੰਘ ਨੂੰ ਅਚਾਨਕ ਫਾਂਸੀ ਦਾ ਫਰਮਾਨ ਹੋਇਆ ਉਸ ਦਿਨ ਉਹ ਕਾਮਰੇਡ ਵੀ.ਆਈ. ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਜੇਲ੍ਹਰ ਲਈ ਇਹ ਖ਼ਬਰ ਭਗਤ ਸਿੰਘ ਨੂੰ ਦੇਣੀ ਕੋਈ ਆਸਾਨ ਕੰਮ ਨਹੀਂ ਸੀ। ਜੇਲ੍ਹਰ ਨੇ ਬੜੇ ਹੀ ਹੌਸਲੇ ਨਾਲ ਭਗਤ ਸਿੰਘ ਨੂੰ ਕਿਹਾ ਤਿਆਰ ਹੋ ਜਾਓ ਤੁਹਾਡਾ ਅੰਤਿਮ ਵੇਲਾ ਆ ਗਿਆ ਹੈ। ਇਹ ਆਖਦਿਆਂ ਜੇਲ੍ਹਰ ਨੇ ਆਪਣੇ ਜ਼ਜਬਾਤਾਂ ਉਪਰ ਪੂਰੀ ਤਰ੍ਹਾਂ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਤੋਂ ਵਧ ਹੋਰ ਕੁਝ ਕਹਿ ਨਾ ਸਕਿਆ। ਇਹ ਗੱਲ ਸੁਣ ਕੇ ਭਗਤ ਸਿੰਘ ਬੜਾ ਹੀ ਸਹਿਜ ਰਿਹਾ ਉਸ ਨੇ ਜੇਲ੍ਹਰ ਵੱਲ ਦੇਖਿਆ ਤੇ ਕਿਤਾਬ ਦਾ ਵਰਕਾ ਮੋੜ ਦਿੱਤਾ। ਜਿਵੇਂ ਕਿਸੇ ਦੇ ਅਚਾਨਕ ਆ ਜਾਣ 'ਤੇ ਅਕਸਰ ਹੀ ਪਾਠਕ ਨਿਸ਼ਾਨੀ ਲਗਾਉਣ ਲਈ ਕਰ ਦਿਆ ਕਰਦੇ ਹਨ। ਜੇਲ੍ਹਰ ਇਹ ਦੇਖ ਕੇ ਹੋਰ ਵੀ ਭਾਵੁਕ ਹੋ ਗਿਆ ਤੇ ਬੋਲਿਆ ਭਗਤ ਸਿੰਘ ਜੀ ਹੁਣ ਤੁਸੀ ਦੁਬਾਰਾ ਇੱਥੇ ਨਹੀਂ ਆਉਣਾ ਤੇ ਇਹ ਕਿਤਾਬ ਮੁੜ ਨਹੀਂ ਪੜ੍ਹ ਸਕਣਾ। ਭਗਤ ਸਿੰਘ ਬੜੀ ਹੀ ਸਹਿਜਤਾ ਨਾਲ ਆਪਣੀ ਗਰਦਨ ਨੂੰ ਸਿੱਧਾ ਕਰਦਾ ਹੋਇਆ ਬੋਲਿਆ ਹਾਂ ਮੈਂ ਚੰਗੀ ਤਰ੍ਹਾਂ ਨਾਲ ਸਮਝਦਾ ਹਾਂ ਪਰ ਇਹ ਵਰਕਾ ਮੈਂ ਆਪਣੇ ਲਈ ਨਹੀਂ ਤੇਰੇ ਲਈ ਮੋੜਿਆ ਹੈ ਕਿ ਤੂੰ ਮੇਰੀ ਇਹ ਅੱਧ ਪੜ੍ਹੀ ਕਿਤਾਬ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਦੇ ਦੇਵੇ ਤੇ ਦਸ ਦੇਵੀ ਕਿ ਭਗਤ ਇਸ ਨੂੰ ਪੂਰੀ ਨਹੀਂ ਪੜ੍ਹ ਸਕਿਆ ਤਾਂ ਕਿ ਉਹ ਪੂਰੀ ਜਰੂਰ ਪੜ ਲੈਣ। ਏਨ੍ਹਾਂ ਅਕਦਿਆਂ ਭਗਤ ਸਿੰਘ ਨੇ ਉਹ ਕਿਤਾਬ ਜੇਲ੍ਹਰ ਨੂੰ ਫੜਾ ਦਿੱਤੀ ਤੇ ਜੇਲ੍ਹਰ ਦੀਆਂ ਅੱਖੀਆਂ ਵਿਚ ਡੱਕਿਆਂ ਸਮੁੰਦਰ ਬੇ ਮੁਹਾਰਾ ਹੋ ਕੇ ਵਗਣ ਲੱਗ ਪਿਆ। ਜੇਲ੍ਹਰ ਰਾਹੀ ਨੌਜਵਾਨਾਂ ਕੋਲ ਪਹੁੰਚੀ ਮੁੜੇ ਵਰਕੇ ਵਾਲੀ ਕਿਤਾਬ ਨੌਜਵਾਨ ਨੂੰ ਵੰਗਾਰਦੀ ਹੈ ਕਿ ਮੈਨੂੰ ਪੜ! ਇਹ ਹੀ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਸੁਨੇਹਾ ਹੈ ਕਿ ਨੌਜਵਾਨ ਆਪਣੀ ਸਮਝ ਬਣਾਉਣ ਲਈ ਵਧੀਆ ਸਹਿਤ ਪੜ੍ਹਨ।

ਸ਼ਹੀਦ ਭਗਤ ਸਿੰਘ ਵਾਂਗ ਦੁਨੀਆਂ ਦੇ ਹਰ ਵਿਅਕਤੀ ਦਾ ਧਿਆਨ ਸਦਾ ਹੀ ਨੌਜਵਾਨਾ ਉਪਰ ਹੀ ਕੇਂਦਰਿਤ ਹੁੰਦਾ ਹੈ। ਕਿਉਂਕਿ ਇਹ ਨੌਜਵਾਨ ਹੀ ਹਨ ਜਿਨ੍ਹਾਂ ਨੇ ਇਤਿਹਾਸ ਨੂੰ ਮੋੜਾ ਦੇਣਾ ਹੁੰਦਾ ਹੈ। ਜਦ ਜਦ ਵੀ ਇਤਿਹਾਸ ਨੇ ਕਰਵਟ ਬਦਲੀ ਹੈ ਤਾਂ ਨੌਜਵਾਨਾਂ ਦੇ ਉੱਠਣ ਨਾਲ ਹੀ ਬਦਲੀ ਹੈ। ਜਿਸ ਦੇਸ਼ ਦਾ ਨੌਜਵਾਨ ਉਠ ਖਲੋਂਦਾ ਹੈ ਉਸ ਦੇਸ਼ ਦੇ ਹੀ ਭਾਗ ਜਾਗਦੇ ਹਨ। ਜੇ ਇਸ ਗੱਲ ਨੂੰ ਲੋਕ ਹਤੈਸ਼ੀ ਧਿਰਾਂ ਜਾਣਦੀਆਂ ਹਨ ਤਾਂ ਲੋਕ ਦੋਸ਼ੀ ਧਿਰਾਂ ਵੀ ਜਾਣਦੀਆਂ ਹਨ। ਬਲਕਿ ਜੇ ਇਹ ਕਹਿ ਲਿਆ ਜਾਵੇ ਕਿ ਲੋਕ ਦੋਖੀ ਧਿਰਾਂ ਤਾਂ ਹੋਰ ਵੀ ਚੰਗੀ ਤਰ੍ਹਾਂ ਨਾਲ ਜਾਣਦੀਆਂ ਹਨ ਤਾਂ ਵੀ ਗਲਤ ਨਹੀਂ ਹੋਵੇਗਾ। ਜੇ ਅਗਾਂਹ ਵਧੂ ਧਿਰਾਂ ਦਾ ਧਿਆਨ ਨੌਜਵਾਨਾ ਉੱਪਰ ਕੇਂਦਰਿਤ ਰਹਿਦਾ ਹੈ ਤਾਂ ਦੱਖਣ ਪੰਥੀ ਸਕਤੀਆਂ ਵੀ ਆਪਣੀ ਟੇਕ ਇਨ੍ਹਾਂ ਨੌਜਵਾਨਾ ਨੂੰ ਹੀ ਬਣਾਉਂਦੀਆਂ ਹਨ। ਸੰਸਾਰ ਭਰ ਦੀਆਂ ਹਾਕਮ ਧਿਰਾਂ ਵੀ ਨੌਜਵਾਨਾ ਨੂੰ ਵਰਗਲਾਉਣ ਲਈ ਸਦਾ ਹੀ ਉਪਰਾਲੇ ਕਰਦੀਆਂ ਰਹਿੰਦੀਆਂ ਹਨ। ਇਹ ਵਰਤਾਰਾ ਸਦਾ ਹੀ ਨਾਲ ਨਾਲ ਚਲਦਾ ਰਿਹਾ ਹੈ ਪਰ ਵਿਗਿਆਨਕ ਤਕਨੌਲੋਜੀ ਦੀ ਇਸ ਸਟੇਜ ਉਪਰ ਪਹੁੰਚ ਕੇ ਹਾਕਮ ਤੇ ਸਰਮਾਏਦਾਰ ਧਿਰਾਂ ਦੀ ਪਕੜ ਨੌਜਵਾਨਾ ਉਪਰ ੍ਹਵਧੇਰੇ ਹੋ ਗਈ ਹੈ। ਕਿਉਂਕਿ ਵਿਗਿਆਨਕ ਤਕਨੌਲੋਜੀ ਦੀ ਕਮਾਡ ਸਰਮਾਏਦਾਰੀ ਦੇ ਹੱਥਾਂ ਵਿਚ ਹੋਣ ਕਰਕੇ ਉਹ ਇਸ ਦਾ ਵਧੇਰੇ ਪ੍ਰਯੋਗ ਕਰ ਲੈਣ ਦੇ ਸਮਰੱਥ ਹੁੰਦੀ ਹੈ। ਇਹ ਹੀ ਅੱਜ ਹੋ ਰਿਹਾ ਹੈ। ਅੱਜ ਸਭ ਤੋਂ ਵੱਡੀ ਲੋੜ ਇਹ ਬਣ ਗਈ ਹੈ ਕਿ  ਨੌਜਵਾਨ ਨੂੰ ਸਾਂਭਕੇ ਰੱਖਿਆ ਜਾਵੇ। ਅੱਜ ਦੇ ਨੌਜਵਾਨ ਨੂੰ ਸਾਭਣ ਦੀ ਜਿੰਮੇਵਾਰੀ ਆਖਰ ਕਿਸ ਦੀ ਹੈ? ਇਹ ਸਵਾਲ ਸਭ ਤੋਂ ਅਹਿਮ ਹੈ ਇਸੇ ਲਈ ਕੁਝ ਕੁ ਵਿਗਿਆਨਕ ਸੋਚ ਵਾਲੀਆਂ ਧਿਰਾਂ ਹੀ ਇਸ ਜਟਲ ਜਿੰਮੇਵਾਰੀ ਨੂੰ ਨਿਭਾਅ ਰਹੀਆਂ ਹਨ। ਜਿਹੜੀਆਂ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਕ ਫਲਸਫੇ ਨੂੰ ਲੈਕੇ ਚੱਲ ਰਹੀਆਂ ਹਨ।

ਸ਼ਹੀਦ ਭਗਤ ਸਿੰਘ ਨੇ ਇਸ ਇਤਿਹਾਸਕ ਜਿੰਮੇਵਾਰੀ ਨੂੰ ਨਿਭਉਦਿਆਂ ਪਹਿਲਾਂ ਲਹੋਰ ਵਿਦਿਆਰਥੀ ਯੁਨੀਅਨ ਬਣਾਈ ਤੇ ਬਾਦ ਵਿਚ ਨੌਜਵਾਨ ਭਾਰਤ ਸਭਾ ਦਾ ਨਿਰਮਾਣ ਕੀਤਾ। ਨੌਜਵਾਨ ਭਾਰਤ ਸਭਾ ਦਾ ਮੈਨਾਫੈਸਟੋ ਲਿਖਦਿਆਂ ਭਗਤ ਸਿੰਘ ਨੇ ਲਿਖਿਆ ਹੈ ''ਸੰਸਾਰ ਭਰ 'ਚ ਸਭ ਤੋਂ ਉਪਜਾਊ ਜ਼ਮੀਨ ਅਤੇ ਬੇਅੰਤ ਕੀਮਤੀ ਖਾਨਾ ਦੇ ਹੁੰਦਿਆਂ ਹੋਇਆ ਵੀ ਭਾਰਤ ਦੁਨੀਆਂ ਦੇ ਸਭ ਤੋਂ ਗਰੀਬ ਮੁਲਕਾਂ ਵਿਚ ਹੈ। ਕੀ ਇਸ ਨੂੰ ਸਿੱਧ ਕਰਨ ਲਈ ਕਿਸੇ ਵਿਦਵਾਨ ਦੇ ਕਥਨ ਦੀ ਲੋੜ ਹੈ? ਕੀ ਨੌਜਵਾਨਾ ਨੂੰ ਇਸ ਗੱਲ ਦਾ ਪਤਾ ਨਹੀਂ ਹੈ, ਕਿ ਉਹੀ ਭਾਰਤ ਜੋ ਕਿਸੇ ਸਮੇਂ ਆਪਣੀ ਸ਼ਾਨਦਾਰ ਸੱਭਿਆਤਾ ਉੱਤੇ ਮਾਣ ਕਰ ਸਕਦਾ ਸੀ, ਅੱਜ ਸੰਸਾਰ ਦੇ ਸਭ ਤੋਂ ਪਛੜੇ ਹੋਏ ਦੇਸ਼ਾਂ ਵਿੱਚੋਂ ਹੈ? ਜਿੱਥੇ ਕੇਵਲ ਪੰਜ ਫੀਸਦੀ ਲੋਕ ਪੜ੍ਹੇ ਲਿਖੇ ਹਨ। ਕੀ ਲੋਕ ਇਹ ਨਹੀਂ ਜਾਣਦੇ ਕਿ ਇਸ ਦੇਸ਼ ਨੂੰ ਮਨੁੱਖੀ ਜ਼ਿੰਦਗੀ ਦੇ ਰੂਪ ਵਿਚ ਸਭ ਤੋਂ ਵੱਧ ਟੈਕਸ ਦੇਣਾ ਪੈਂਦਾ ਹੈ? ਅਤੇ ਸੰਸਾਰ ਭਰ ਵਿਚ ਸਭ ਤੋਂ ਜ਼ਿਆਦਾ ਬੱਚਿਆਂ ਦੀਆਂ ਮੌਤਾਂ ਭਾਰਤ ਵਿਚ ਹੁੰਦੀਆਂ ਹਨ? %ਪਲੇਗ, ਹੈਜ਼ਾ, ਇਨਫਲੂਐਂਜਾ ਵਰਗੀਆਂ ਮਹਾਂ ਮਾਰੀਆਂ ਅਤੇ ਹੋਰ ਅਜਿਹੀਆਂ ਬਿਮਾਰੀਆਂ ਦਿਨੋਂ ਦਿਨ ਵਧ ਰਹੀਆਂ ਹਨ। ਕੀ ਰੋਜ਼ ਚੜ੍ਹਦੇ ਸੂਰਜ ਇਹ ਸੁਣ ਕੇ ਸਾਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਪਣਾ ਰਾਜ ਸੰਭਾਲਣ ਦੇ ਲਾਇਕ ਨਹੀਂ?'' ਭਗਤ ਸਿੰਘ ਨੇ ਇਹ ਲੇਖ 6 ਅਪ੍ਰੈਲ 1928 ਨੂੰ ਲਿਖਿਆ ਸੀ ਜਿਹੜਾ ਅੱਜ 84 ਸਾਲਾਂ ਬਾਦ ਵੀ ਹੂ- ਬ- ਹੂ ਸੱਚ ਹੈ ਜਦ ਕਿ ਆਖਣ ਨੂੰ ਸਾਨੂੰ ਆਜ਼ਾਦ ਹੋਇਆ ਵੀ 65 ਸਾਲ ਹੋ ਗਏ ਹਨ।

           ਆਓ ਅੱਜ ਦੀ ਸਥਿਤੀ ਦਾ ਥੋੜਾ ਜਿਹਾ ਗਿਆਨ ਤਾਜ਼ਾ ਕਰ ਲਈਏ ਤਾਂ ਕਿ 65 ਸਾਲਾਂ ਦੀ ਆਜ਼ਾਦੀ ਦਾ ਕੋਈ ਭਰਮ ਸਾਡੇ ਮਨਾਂ ਵਿਚ ਨਾ ਰਹਿ ਜਾਵੇ। ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੇ ਇਹ ਸ਼ਰਮਨਾਕ ਅੰਕੜਿਆਂ  ਆਜ਼ਾਦ ਭਾਰਤ ਦੇ ਹੀ ਹਨ।
ਭਾਰਤ ਦਾ 70,00,000 ਕਰੋੜ ਰੁਪਿਆ ਸਵਿਸ ਬੈਂਕਾਂ ਵਿਚ ਪਿਆ ਹੈ। ਸੰਸਾਰ ਦੇ 180 ਦੇਸ਼ਾਂ ਵਿੱਚੋਂ ਇਹ ਸਭ ਤੋਂ ਵੱਡੀ ਧਨ ਰਾਸ਼ੀ ਹੈ, ਜਿਹੜੀ ਭਾਰਤ ਦੇ ਹਾਕਮਾਂ ਨੇ ਇਥੋਂ ਦੇ ਵਸਨੀਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਧੋਖੇ ਨਾਲ ਹੜੱਪ ਕੇ ਇਕੱਠੀ ਕੀਤੀ ਹੈ। ਬਾਕੀ 180 ਦੇਸ਼ਾਂ ਦੇ ਹਾਕਮਾਂ ਵਲੋਂ ਜਮਾਂ ਕਰਵਾਏ  ਧਨ ਦਾ ਕੁਲ ਜੋੜ ਰਲਕੇ ਵੀ ਭਾਰਤ ਦੇ ਲੁਟੇਰਿਆਂ ਦੁਆਰਾ ਇਕੱਠੇ ਕੀਤੇ ਧਨ ਜਿਨ੍ਹਾਂ ਨਹੀਂ ਬਣਦਾ। ਧਨ ਨੂੰ ਗੁਪਤ ਤਰੀਕੇ ਨਾਲ ਲਕੋ ਕੇ ਰੱਖਣ ਵਾਲੇ ਕਰ ਚੋਰਾਂ ਲਈ ਦੁਨੀਆਂ ਭਰ ਵਿਚ ਸਵਿਸ ਬੈਂਕਾਂ ਵਰਗੇ 77 ਹੋਰ ਸਵਰਗ ਹਨ। ਜਿਨ੍ਹਾਂ ਵਿਚ ਭਾਰਤ ਨੂੰ ਲੁੱਟਣ ਵਾਲੇ ਭਾਰਤੀ ਹਾਕਮਾਂ ਦਾ ਕਿਨ੍ਹਾਂ ਕੁ ਧਨ ਪਿਆ ਹੋਵੇਗਾ? ਇਸ ਦਾ ਤਾਂ ਕੇਵਲ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ।
ਸਵਿਟਜ਼ਰਲੈਂਡ ਦੀ ਸਰਕਾਰ ਨੇ ਕਨੂੰਨੀ ਤੌਰ 'ਤੇ ਭਾਰਤ  ਸਰਕਾਰ ਨੂੰ ਲਿਖਿਆ ਹੈ ਕਿ ਜੇ ਉਹ ਇਸ ਧਨ ਦੀ ਵਿਸਥਾਰ ਪੂਰਕ ਜਾਣਕਾਰੀ ਪ੍ਰਾਪਤ ਕਰਨਾ ਚਾਹੇ ਤਾਂ ਕਰ ਸਕਦੀ ਹੈ, ਕਿ ਇਹ 70 ਲੱਖ ਕਰੋੜ ਰੁਪਿਆ ਕਿਸ -ਕਿਸ ਦੇ ਨਾਮ 'ਤੇ ਜਮਾਂ ਹੈ। 22 ਮਈ 2008 ਨੂੰ ' ਟਾਈਮਜ਼ ਆਫ ਇੰਡੀਆ ' ਨੇ ਭਾਰਤ ਸਰਕਾਰ ਨੂੰ ਸਵਿਟਜ਼ਰਲੈਂਡ ਦੀ ਸਰਕਾਰ ਵੱਲੋਂ ਲਿਖੇ ਇਸ ਪੱਤਰ ਦਾ ਜ਼ਿਕਰ ਕਰਕੇ ਇਸ ਦੀ ਚਰਚਾ ਛੇੜ ਦਿੱਤੀ ਹੈ। ਪ੍ਰੰਤੂ ਹੁਣ ਤੱਕ ਭਾਰਤ ਸਰਕਾਰ ਨੇ ਇਸ ਸਬੰਧੀ ਕੋਈ ਲੋੜੀਂਦੀ ਇਨਕੁਆਰੀ ਸਵਿਟਜ਼ਰਲੈਂਡ ਦੀ ਸਰਕਾਰ ਪਾਸੋਂ ਨਹੀਂ ਮੰਗੀ। ਸਰਕਾਰ ਦੇ ਨਾਲ ਵਿਰੋਧੀ ਧਿਰ ਦੇ ਲੀਡਰ ਵੀ ਇਸ ਸੰਬੰਧੀ ਚੁੱਪ ਧਾਰੀ ਬੈਠੇ ਹਨ। ਕਿਉਂਕਿ ਇਸ ਹਮਾਂਮ ਵਿਚ ਸਭ ਨੰਗੇ ਹਨ। ਆਓ ਆਪਾਂ ਰਲਕੇ ਇਸ ਲਈ ਯਤਨ ਕਰੀਏ ਤਾਂ ਕਿ ਕੋਈ ਲੋਕ ਉਭਾਰ ਇਸ ਰਾਸ਼ਟਰ ਦੇ ਹਿੱਤ ਲਈ ਉਸਾਰ ਸਕੀਏ। ਉਨ੍ਹਾਂ ਭ੍ਰਿਸ਼ਟ ਲੀਡਰਾਂ ਦੇ ਚਹਿਰੇ ਬੇਨਕਾਬ ਕਰ ਸਕੀਏ ਤੇ ਭਾਰਤ ਦਾ ਧਨ ਵਾਪਸ ਮੰਗਾ ਸਕੀਏ ਜਿਹੜਾ ਭਾਰਤੀ ਮੂਲ ਦੇ ਲੁਟੇਰਿਆਂ ਦੇ ਨਾਮ ਜਮਾਂ ਹੈ। ਜਰਮਨੀ ਦੀ ਸਰਕਾਰ ਇਸ ਸਬੰਧੀ  ਯਤਨ ਕਰ ਰਹੀਂ ਹੈ ਕਿ ਉਹ ਜਰਮਨੀ ਦੇ ਲੁਟੇਰਿਆਂ ਦੇ ਚਹਿਰੇ ਬੇਨਕਾਬ ਕਰਨ ਵੱਲ ਵੱਧ ਰਹੀ ਹੈ ਤਾਂ ਕੇ ਜਰਮਨ ਦਾ ਧਨ ਵਾਪਸ ਆ ਸਕੇ।
ਇਹ ਧਨ ਭਾਰਤ ਸਿਰ ਚੜ੍ਹੇ ਵਿਦੇਸ਼ੀ ਕਰਜ਼ੇ ਤੋਂ 13 ਗੁਣਾਂ ਜਿਆਦਾ ਹੈ। ਇਸ ਦਾ ਸਾਲਾਨਾ ਵਿਆਜ ਭਾਰਤ ਸਰਕਾਰ ਦੇ ਸਾਲਾਨਾ ਬਜਟ ਤੋਂ ਵੱਧ ਹੈ।  ਭਾਰਤੀਆਂ 'ਤੇ ਕੋਈ ਵੀ ਨਵਾਂ ਟੈਕਸ  ਲਾਉਣ ਤੋਂ ਬਿਨ੍ਹਾਂ ਇਸ ਦੇ ਵਿਆਜ਼ ਨਾਲ ਹੀ ਭਾਰਤ ਦੀ ਸਰਕਾਰ ਚਲਾਈ ਜਾ ਸਕਦੀ ਹੈ। ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿੰਦੇ 45 ਕਰੋੜ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਿਆ ਦਿੱਤਾ ਜਾ ਸਕਦਾ ਹੈ। ਕਿਉਂਕਿ ਅਸਲ ਵਿਚ ਉਹਨਾਂ ਲੋਕਾਂ ਦਾ ਖੂਨ ਨਚੋੜ ਕੇ ਹੀ ਇਹ ਧਨ ਅਖੌਤੀ ਲੀਡਰਾਂ ਨੇ ਸਵਿਸ ਬੈਂਕਾਂ ਵਿਚ ਭੇਜਿਆ ਹੈ।
ਆਓ ਭਾਰਤ ਦੀ ਮੌਜੂਦਾ ਤਰਾਸਦਿਕ ਤਸਵੀਰ ਵੱਲ ਝਾਤੀ ਮਾਰੀਏ। * ਇੱਥੇ 83.6 ਕਰੋੜ ਲੋਕ 20 ਰੁਪਏ ਤੋਂ ਘੱਟ ਨਾਲ ਗੁਜ਼ਾਰਾ ਕਰਦੇ ਹਨ। ** ਦੁਨੀਆਂ ਭਰ ਵਿਚ ਪੰਜ ਸਾਲ ਤੋਂ ਘੱਟ ਉਮਰ ਵਿਚ ਮਰ ਜਾਣ ਵਾਲੇ 9.7 ਕਰੋੜ ਬੱਚਿਆਂ ਵਿੱਚੋਂ 21% ਭਾਰਤ ਦੇ ਬੱਚੇ ਹੁੰਦੇ ਹਨ। *** 1997 ਤੋਂ ਲੈ ਕੇ ਦਸੰਬਰ 2008 ਤੱਕ 1,82,936 ਕਿਸਾਨਾਂ ਨੇ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕਰ ਲਈ। ਅੱਜ ਪੰਜਾਬ ਦੇ 88.33% ਕਿਸਾਨ ਕਰਜ਼ਾਈ ਹਨ। **** ਇਕੱਲੇ ਪੰਜਾਬ ਦੇ 2001 ਤੋਂ 2005 ਤੱਕ 13,000 ਕਿਸਾਨ ਖੁਦਕਸ਼ੀ ਕਰ ਚੁੱਕੇ ਹਨ। ****** ਪੰਜਾਬ ਦੇ 35 ਲੱਖ ਨੌਜਵਾਨ ਬੇਰੁਜ਼ਗਾਰ ਹਨ।******ਭਾਰਤ ਦੇ ਕੇਵਲ 4% ਪੈਂਡੂ ਬੱਚੇ ਹੀ ਉੱਚ ਸਿੱਖਿਆ ਪ੍ਰਾਪਤ ਕਰ ਪਾਉਂਦੇ ਹਨ।
ਵਿਸ਼ਵੀਕਰਨ ਦੀਆਂ ਨੀਤੀਆਂ ਦੇ ਨਾਲ ਭਾਰਤ ਅੰਦਰ ਗਰੀਬ ਅਮੀਰ ਦਾ ਪਾੜਾ ਹੈਰਾਨੀਜਨਕ ਹੱਦ ਤੱਕ ਵੱਧ ਗਿਆ ਹੈ। ਅੱਜ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਭਾਰਤ ਦੀ 27% ਅਬਾਦੀ ਦੇ ਕੋਲ ਸਿਰ ਢਕਣ ਲਈ ਥਾਂ ਨਹੀਂ। ਹੋਰ ਤਾਂ ਹੋਰ ਉਨ੍ਵਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਦੂਸਰੇ ਪਾਸੇ ਭਾਰਤ ਦੇ ਉਂਗਲਾਂ ਤੇ ਗਿਣਨ ਯੋਗ ਘਰਾਣਿਆ ਕੋਲ ਬੇਹਿਸਾਬਾ ਧਨ ਇਕੱਤਰ ਹੋ ਰਿਹਾ ਹੈ। ਫਾਇਨਸ਼ਿਅਲ ਟਾਇਮਜ਼ (6 ਜੂਨ 2008) ਦੀ ਇਕ ਖਬਰ  ਅਨੁਸਾਰ ਮੁਕੇਸ਼ ਅੰਬਾਨੀ ਆਪਣੇ ਲਈ ਇਕ ਆਲੀਸ਼ਾਨ ਭਵਨ ਬਣਾ ਰਹੇ ਹਨ ਜਿਸ ਦਾ ਨਾਮ ਕਰਨ ਸਪੇਨ ਦੇ ਕਾਲਪਨਿਕ ਦੀਪ  '' ਅੰਟੀਲਾ '' ਦੇ ਨਾਮ 'ਤੇ ਰੱਖਿਆ ਗਿਆ ਹੈ। ਗਰਮੀ ਨੂੰ ਆਪਣੇ ਆਪ ਵਿਚ ਸੋਖ ਲੈਣ ਵਾਲੀ ਇਸ ਇਮਾਰਤ ਦੀ ਉਚਾਈ 570 ਫੁੱਟ ਹੋਵੇਗੀ। ਇਸ ਤੋਂ ਅਰਬ ਸਾਗਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਇਸ ਇਮਾਰਤ ਦੀ ਲਾਗਤ ਕੀਮਤ 2,500 ਕਰੋੜ ਤੋਂ ਵੀ ਵੱਧ ਹੋਵੇਗੀ। ਇਸ ਦੀ ਛੱਤ 'ਤੇ ਇੱਕੋ ਸਮੇਂ ਤਿੰਨ ਹੈਲੀਕਾਪਟਰ ਉਤਾਰ ਸਕਣ ਲਈ ਵਿਸ਼ੇਸ ਮੈਦਾਨ ਹੋਵੇਗਾ। ਇਸ ਦੀਆਂ ਛੇ ਮੰਜਲਾਂ ਕਾਰਾਂ ਰੱਖਣ ਵਾਸਤੇ ਹੋਣਗੀਆਂ। ਇਸ ਵਿਚ 600 ਨੌਕਰਾਂ ਦੇ ਠਹਿਰਨ ਦਾ ਪ੍ਰਬੰਧ ਹੋਵੇਗਾ। ਇਸ ਦੀ ਇਕ ਮੰਜ਼ਲ ਤੇ ਥੀਏਟਰ ਹੋਵੇਗਾ। ਦੋ ਮੰਜ਼ਲਾਂ ਤੇ ਹੈਲਥ ਕਲੱਬ ਹੋਣਗੇ। ਇਹ ' ਆਸ਼ੀਆਨਾਂ ' ਪਰਿਵਾਰ ਦੇ ਕੇਵਲ ਛੇ ਮੈਂਬਰਾਂ ਦੇ ਰਹਿਣ ਲਈ ਹੀ ਬਣਾਇਆ ਜਾ ਰਿਹਾ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿਚ ਭਾਰਤ ਦੇ ਅਮੀਰ ਘਰਾਣਿਆਂ ਨੂੰ ਹੁਣ ਜਿਨ੍ਹਾਂ ਸਤਿਕਾਰ ਕਦੇ ਵੀ ਨਹੀਂ ਸੀ ਮਿਲਿਆ। ਅੱਜ ਦੇ ਉਦਾਰੀਕਰਨ ਦੇ ਲੁਭਾਵਨੇ ਲਾਰਿਆਂ ਤੇ ਨਾਹਰਿਆਂ ਨੇ ਮੁਨੱਖ ਦੀ ਸੋਚ ਨੂੰ ਇਸ ਕਦਰ ਖੰਡਿਤ ਕੀਤਾ ਹੈ ਕਿ ਭੁੱਖੇ ਢਿੱਡ ਖਾਲੀ ਹੱਥ ਕੇਵਲ ਸੁਪਨਿਆਂ ਦੇ ਆਸਰੇ ਜੀਅ ਰਹੇ ਹਨ। ਹੁਣ ਸੁਪਨਿਆਂ ਨੂੰ ਹਕੀਕਤਾਂ 'ਚ ਬਦਲਣ ਦਾ ਵਕਤ ਆ ਗਿਆ ਹੈ। ਸਰਹੱਦਾਂ ਤੇ ਸ਼ਹੀਦ ਹੋਏ ਦੇਸ਼ ਦੇ ਰਖਵਾਲਿਆਂ ਦੀਆਂ ਰੂਹਾਂ ਸਵਾਲ ਕਰਦੀਆਂ ਹਨ ਕਿ ਜੇ ਦੇਸ਼ ਨੂੰ ਲੁੱਟਣ ਵਾਲੇ ਦੇਸ਼ ਦੇ ਅੰਦਰ ਹੀ ਸਨ ਤਾਂ ਉਹ ਸਰਦੱਦਾਂ 'ਤੇ ਕਿਸ ਦੀ ਰਾਖੀ ਕਰਦੇ ਸ਼ਹੀਦ ਹੋ ਗਏ। ਏਨ੍ਹਾਂ ਧਨ ਤਾਂ ਏਨੇ ਥੋੜੇ ਸਮੇਂ ਵਿਚ ਅੰਗਰੇਜ਼ਾਂ ਨੇ ਵੀ ਲੁੱਟਕੇ ਬਾਹਰ ਨਹੀਂ ਸੀ ਖੜਿਆ ਜਿਨਾ੍ਹਂ ਆਜ਼ਾਦ ਭਾਰਤ ਦੇ ਹਾਕਮਾਂ ਨੇ 1947 ਤੋਂ ਬਾਅਦ ਵਿਦੇਸ਼ਾਂ ਵਿਚ ਜਾ ਜਮਾਂ ਕਰਵਾਇਆ ਹੈ।
ਭਾਰਤ ਦੇ ਉੱਪਰ ਹਮਲਾ ਕਰਕੇ ਇਸ ਨੂੰ ਲੁੱਟਣ ਵਾਲੇ ਵਿਦੇਸੀ ਹਮਲਾਵਰਾਂ ਦੇ ਕੱਦ ਦੇਸੀ ਲੁਟੇਰਿਆਂ ਦੇ ਸਾਹਮਣੇ ਬਹੁਤ ਛੋਟੇ ਹੋ ਗਏ ਹਨ। ਤੇਮੂਰਲੰਗ , ਨਾਦਰਸ਼ਾਹ ,ਮਹੁੰਮਦ ਗੌਰੀ, ਅਹਿਮਦ ਸ਼ਾਹ ਅਬਦਾਲੀ ਤੇ ਬਰਤਾਨਵੀ ਹਾਕਮਾਂ ਨੂੰ ਪਿੱਛੇ ਛੱਡ ਜਾਣ ਵਾਲਿਆਂ ਦੇ ਦਾਗ ਦਾਰ ਚਹਿਰੇ ਹੁਣ ਬੇਪਰਦਾ ਹੋ ਜਾਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਦਾ ਕਲੰਕਤ ਇਤਿਹਾਸ ਵੀ ਆਉਣ ਵਾਲੀਆਂ ਪੀੜੀ੍ਹਆਂ ਯਾਦ ਰੱਖਣ।
ਕੀ ਭਾਰਤ ਨੂੰ ਆਜ਼ਾਦ ਕਰਵਾਉਣ ਵਾਲਿਆਂ ਦਾ ਇਹ ਸੁਪਨਾ ਸੀ ਕਿ ਭਾਰਤੀਆਂ ਦਾ ਧਨ ਲਾਲਚੀ ਲੋਕ ਵਿਦੇਸ਼ਾਂ ਵਿਚ ਜਮਾਂ ਕਰਵਾਉਣ, ਤੇ ਇੱਥੇ ਦੇ ਲੋਕ ਰੋਟੀ ਨੂੰ ਮਾਰੇ ਮਾਰੇ ਫਿਰਨ? ਇਨ੍ਹਾਂ ਹਾਕਮਾਂ ਦੇ ਟੋਲਿਆਂ ਤੋਂ ਇਨਸਾਫ ਦੀ ਆਸ ਰੱਖਣਾਂ ਇੱਲ ਦੇ ਆਲਣੇ 'ਚ ਮਾਸ ਤਲਾਸ਼ਣ ਵਾਲੀ ਗੱਲ ਹੈ। ਆਓ ਆਪੋਂ ਆਪਣੀ ਜਥੇਬੰਧੀ ਨਾਲ ਆਪ ਜੁੜੀਏ ਤੇ ਸ਼ਹੀਦ-ਇਂਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜੀਏ।

ਸਾਨੂੰ ਅੱਜ ਉਹ ਗ਼ਦਰੀ ਯਾਦ  ਆ ਰਹੇ ਹਨ ਜਿਹੜੇ ਭਰ ਜਵਾਨੀ ਵੇਲੇ ਜੇਲ੍ਹਾਂ ਵਿਚ ਗਏ ਤੇ ਚਿੱਟੀਆਂ ਦਾਹੜੀਆਂ ਵਾਲੇ ਬਾਬੇ ਬਣ ਕੇ ਜੇਲ੍ਹਾਂ ਤੋਂ ਵਾਪਸ ਆਏ।  ਕਰਤਾਰ ਸਰਾਭਾ ਤੇ ਮਦਨ ਲਾਲ ਢੀਂਗਰਾ ਯਾਦ ਆ ਰਹੇ ਹਨ ਬਾਬੇ ਭਕਨੇ ਦਾ ਹਸੂ ਹਸੂ ਕਰਦਾ ਚਹਿਰਾ ਯਾਦ ਆ ਰਿਹਾ ਹੈ। ਖੁਦੀ ਰਾਮ ਬੋਸ਼ ਤੇ ਉਧਮ ਸਿੰਘ ਸਵਾਲ ਕਰ ਰਹੇ ਹਨ। ਕਿ ਕੀ ਇਸੇ ਆਜ਼ਾਦੀ ਲਈ ਹੀ ਉਹ ਕੁਰਬਾਨ ਹੋਏ ਸਨ। ਸਾਨੂੰ ਗ਼ਦਰੀ ਬਾਬੇ ਯਾਦ ਕਰਨੇ ਪੈਣਗੇ, ਸਾਨੂੰ ਕੂਕਿਆਂ ਦੀਆਂ ਕੂਕਾਂ ਸੁਣਨੀਆਂ ਹੀ ਪੈਣਗੀਆਂ। ਸਾਨੂੰ ਕਾਲੇਪਾਣੀ ਦੀ  ਜੇਲ੍ਹ ਦਾ ਅਣਮਨੁੱਖੀ ਤਸ਼ੱਦਦ ਯਾਦ ਕਰਨਾ ਹੀ ਪਵੇਗਾ। ਜੇ ਅਸੀ ਜਲ੍ਹਿਆਂ ਵਾਲੇ ਬਾਗ ਨੂੰ ਭੁਲ ਜਾਂਦੇ ਹਾਂ ਤਾਂ ਸਾਨੂੰ ਸਾਡਾ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ।

 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀਆਂ ਕੌਮਾਂ ਆਪਣੇ ਗੌਰਵ ਮਈ ਵਿਰਸੇ ਨੂੰ ਭੁੱਲ ਜਾਂਦੀਆਂ ਹਨ। ਭਵਿੱਖ ਉਨ੍ਹਾਂ ਦਾ ਕਦੇ ਵੀ ਨਹੀਂ ਹੁੰਦਾ। ਜਿਹੜੇ ਲੋਕ ਆਪਣੇ ਵਿਰਸੇ ਵਿੱਚੋਂ ਵਰਤਮਾਨ ਦੇ ਸੰਕਟਾਂ ਦਾ ਹੱਲ ਭਾਲਦੇ ਇਤਿਹਾਸ ਪਾਸੋਂ ਅਗਵਾਈ ਲੈਂਦੇ ਹਨ ਉਹ ਨਾ ਕੇਵਲ ਭਵਿੱਖ ਨੂੰ ਸਮਝਣ ਦੇ ਕਾਬਲ  ਹੋ ਜਾਦੇ ਹਨ ਸਗੋਂ ਲੰਮਾਂ ਸਮਾਂ ਮਾਨਵ ਜਾਤੀ ਦੀ ਵਿਗਿਆਨਕ ਅਗਵਾਈ ਵੀ ਕਰਦੇ ਹਨ।

  ਭਾਰਤ ਨੂੰ ਆਜ਼ਾਦ ਕਰਵਾਉਣ ਵਾਲਿਆਂ  ਨੇ ਅਨੇਕਾਂ ਕਰੁਬਾਨੀਆਂ ਦਿੱਤੀਆਂ।  ਉਨ੍ਹਾਂ ਦੀਆਂ ਕੁਰਬਾਨੀਆਂ ਕੇਵਲ  ਉਨਾਂ ਤੱਕ ਹੀ ਸੀਮਤ ਨਹੀਂ ਸਨ। ਸਗੋਂ ਦੇਸ਼ ਭਗਤਾਂ ਦੇ ਸਾਰੇ ਪਰਿਵਾਰ ਨੂੰ ਹੀ ਇਸ ਦੀ ਬਹੁਤ ਭਾਰੀ ਕੀਮਤ ਤਾਰਨੀ ਪਈ। ਦੇਸ਼ ਭਗਤਾਂ ਦੇ ਘਰ ਢਾਅ ਦਿੱਤੇ ਗਏ। ਉਨ੍ਹਾਂ ਦੀਆਂ ਜ਼ਮੀਨਾ ਕੁਰਕ ਕਰ ਦਿੱਤੀਆਂ ਗਈਆਂ। ਉਨ੍ਹਾਂ ਨੇ ਇਹ ਅਸਹਿ ਤਸ਼ੱਦਦ ਆਜ਼ਾਦੀ ਲਈ ਹੀ ਬਰਦਾਸ਼ਤ ਕੀਤਾ ਸੀ ਨਾ ਕਿ ਸਤਾ ਦੀ ਤਬਦੀਲੀ ਲਈ।

   ਅੱਜ ਜਦੋਂ ਦੇਸ਼ ਆਜ਼ਾਦ ਹੋ ਚੁੱਕਾ ਹੈ ਤਾਂ ਹਾਕਮ ਧਿਰਾਂ ਇਨ੍ਹਾਂ ਕੁਰਬਾਨੀ ਕਰਨ ਵਾਲਿਆਂ ਦੀ ਯਾਦ ਨੂੰ ਵੀ ਭੁਲਾਉਣਾ ਚਾਹੁੰਦੀ ਹੈ। ਤਾਂ ਕਿ ਅੱਜ ਦਾ ਨੌਜਵਾਨ ਉਨਾਂ ਸ਼ਹੀਦਾਂ ਦੇ ਰਾਹ 'ਤੇ ਨਾ  ਤੁਰ ਪਵੇ। ਇਸ ਲਈ ਬਹੁਤ ਸਾਰੀਆਂ ਸੁਚੇਤ ਕੋਸ਼ਿਸ਼ਾਂ ਪਿੱਛਲੇ ਲੰਮੇ ਸਮੇਂ ਤੋਂ ਹੋ ਰਹੀਂਆਂ ਹਨ। ਸ਼ਹੀਦਾਂ ਦੀ ਕੁਰਬਾਨੀ ਲੋਕਾਂ ਦੇ ਮਨਾਂ ਵਿਚ ਇਨਕਲਾਬ ਦਾ ਜਜ਼ਬਾ ਪੈਦਾ ਕਰਦੀ ਹੈ। ਇਸ ਲਈ ਕੌਮੀ ਸ਼ਹੀਦਾਂ ਦੀਆਂ ਹੁੰਦੀਆਂ ਛੁੱਟੀਆਂ ਬੰਦ ਕੀਤੀਆਂ ਜਾ ਰਹੀਂਆਂ ਹਨ। ਅਗੰਰੇਜ਼ਾਂ ਦੁਆਰਾ ਕੀਤੇ ਗਏ ਜੁਲਮ ਦੇ ਨਿਸ਼ਾਨ ਮਿਟਾਉਣ ਲਈ ਜਲ੍ਹਿਆਂ ਵਾਲੇ ਬਾਗ ਵਰਗੇ  ਕੁਰਬਾਨੀ ਦੇ ਚਿੰਨ ਲੋਕਾਂ ਦੀ ਅੱਯਾਸ਼ੀ ਦੇ ਅੱਡਿਆਂ ਵਜੋਂ ਵਿਕਸਤ ਕਰਨ ਦੀਆਂ ਸਕੀਮਾਂ ਘੜੀਆਂ ਜਾ ਰਹੀਂਆਂ ਹਨ। ਸ਼ਹੀਦੇ ਆਜ਼ਮ ਭਗਤ ਸਿੰਘ ਦੀ ਯਾਦਗਰ ਨੂੰ ਮਹਿਜ ਰੈਸਟੋਰੈਂਟ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਨੌਜਵਾਨ ਕਰਤਾਰ ਸਰਾਭੇ ਵਰਗਿਆਂ ਨੂੰ ਆਪਣਾ ਆਦਰਸ਼ ਨਾ ਮੰਨਣ ਇਸ ਲਈ ਨੌਜਵਾਨਾਂ ਨੂੰ ਨਕਲੀ ਨਾਇਕ ਪਰੋਸ ਕੇ ਦਿੱਤੇ ਜਾ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਨੂੰ ਇਕ ਦੂਸਰੇ 'ਤੇ ਕੇਂਦਰਿਤ ਕੀਤਾ ਜਾ ਰਿਹਾ ਹੈ।

    ਜਦ ਦੇਸ਼ ਦੇ ਨੌਜਵਾਨਾਂ  ਕੋਲ ਕੋਈ ਰੁਜ਼ਗਾਰ ਨਹੀਂ। ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਮੁੱਠੀ ਭਰ ਲੋਕਾਂ ਦੀਆਂ ਸੁਖ ਸਹੂਲਤਾਂ ਦਾ ਕੇਂਦਰ ਬਣ ਕੇ ਰਹਿ ਗਿਆ ਹੈ। 82 ਕਰੋੜ ਲੋਕ 20 ਰੁਪਏ ਦਿਹਾੜੀ ਨਾਲ ਗੁਜ਼ਾਰਾ ਕਰ ਰਹੇ ਹਨ। ਭਾਰਤ ਦੀ 90% ਵਸੋਂ ਨੂੰ  ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ। ਗ਼ਦਰੀ ਬਾਬਿਆਂ ਨੇ ਕੁਰਬਾਨੀਆਂ ਇਸ ਲਈ ਨਹੀਂ ਸੀ ਦਿੱਤੀਆਂ ਕਿ ਅੰਨ ਪੈਦਾ ਕਰਨ ਵਾਲਾ ਕਿਸਾਨ ਖੁਦਕਸ਼ੀਆਂ ਕਰੇ।

  ਅੱਜ ਭਾਰਤ ਦੀ ਵਿੱਦਿਆ ਨੀਤੀ  ਦੇ ਤਹਿਤ ਗਰੀਬ ਵਰਗ ਨੂੰ ਪੜਾਈ ਤੋਂ ਵਾਂਝਿਆਂ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾਂਦੀ। ਜਿਹੜੇ ਥੋੜੇ ਬਹੁਤੇ ਅਧਿਆਪਕ ਤਰਸਯੋਗ ਤਨਖਾਹਾਂ 'ਤੇ ਰੱਖੇ ਗਏ ਹਨ ਉਹ ਵੀ ਗੈਰ ਵਿੱਦਿਅਕ ਕੰਮਾਂ ਵਿਚ ਹੀ ਉਲਝਾ ਕੇ ਰੱਖ ਦਿੱਤੇ ਗਏ ਹਨ।  ਦੂਸਰੇ ਪਾਸੇ ਸਕੂਲਾਂ ਦੇ ਨਾਮ ਹੇਠ ਲੁੱਟ ਦੇ ਅੱਡੇ ਖੁੱਲੇ ਹੋਏ ਹਨ।  ਸਰਕਾਰ ਕੇਵਲ ਮੂਕ ਦਕਸ਼ਕ ਬਣ ਕੇ ਰਹਿ ਗਈ ਹੈ।

                   ਅੱਜ ਜਦੋਂ ਦੇਸ਼ ਵਿਚ ਨੌਜਵਾਨਾਂ  ਨੂੰ ਰੁਜਗਾਰ ਨਹੀਂ ਮਿਲਦਾ ਤਾਂ ਉਹ  ਵਿਦੇਸ਼ਾਂ ਵੱਲ ਦੇਖਦੇ ਹਨ। ਜੋ  ਹਸ਼ਰ ਅੱਜ ਆਰਥਿਕ ਮੰਦੀ ਦੇ ਦੌਰ  ਵਿਚ ਵਿਦੇਸ਼ਾਂ ਵਿਚ ਭਟਕਦੇ  ਨੌਜਵਾਨਾ  ਦਾ ਹੋ ਰਿਹਾ ਹੈ ਇਹ ਤਾਂ ਉਹ ਹੀ ਜਾਣਦੇ ਹਨ।  ਆਸਟਰੇਲੀਆ ਵਿਚ ਹੋ ਰਹੀਂ ਨਸਲੀ ਹਿੰਸਾ ਇਸ ਦੀ ਸ਼ਰਮਨਾਕ ਉਦਾਹਰਣ ਹੈ। ਸਾਡੀ ਸਰਕਾਰ ਦਾ ਇਸ ਮਾਮਲੇ ਵਿਚ ਬਣਦਾ ਰੋਲ ਅਦਾ ਨਾ ਕਰਨਾ ਤਾਂ ਚਿੰਤਾ ਦਾ ਵਿਸ਼ਾ ਹੈ ਹੀ।   

    ਇੱਕੀਵੀਂ  ਸਦੀ ਵਿਚ ਜਿੱਥੇ ਗਿਆਨ ਦਾ ਪਸਾਰ  ਸੰਸਾਰ ਪੱਧਰ 'ਤੇ ਹੋਇਆ ਹੈ  ਉੱਥੇ ਭਾਰਤ ਵਿਚ ਗਰੀਬੀ ਤੇ  ਅਨਪੜ੍ਹਤਾ ਵਧੀ ਹੈ। ਮਹਿੰਗੀ ਇਲਾਜ਼ ਪ੍ਰਨਾਲੀ ਕਰਕੇ ਲੋਕ ਸਾਧਾਂ ਦੇ ਡੇਰਿਆਂ 'ਤੇ ਮਰੀਜਾਂ ਨੂੰ ਲਈ ਫਿਰਦੇ ਹਨ।    ਲੋਕਾਂ ਨੂੰ ਮਿਲਦੀਆਂ ਸੀਮਤ ਸਿਹਤ ਸਹੂਲਤਾਂ ਵੀ ਹੁਣ ਵਿਸ਼ਵੀਕਰਨ ਦੀਆਂ ਨੀਤੀਆਂ ਦੀਆਂ ਭੇਟ ਚੜ੍ਹ ਰਹੀਂਆਂ ਹਨ। ਹੋਰ ਸਰਕਾਰੀ ਅਦਾਰਿਆਂ ਵਾਂਗ ਸਰਕਾਰੀ ਹਸਪਤਾਲ ਵੀ ਸਰਕਾਰ ਨੇ ਨਿੱਜੀ ਹੱਥਾਂ ਵਿਚ ਕੌਡੀਆਂ ਦੇ ਭਾਅ ਵੇਚ ਦਿੱਤੇ ਹਨ। ਆਜਾਦੀ ਦੇ 65 ਸਾਲਾਂ ਬਾਅਦ ਬਹੁਤੀ ਵਸੋਂ ਬੇ ਇਲਾਜ ਮਰ ਰਹੀਂ ਹੈ।

   ਪ੍ਰਸ਼ਾਸਨ ਅੰਦਰ ਭਰਿਸ਼ਟਾਚਾਰ  ਇਨ੍ਹਾਂ ਵਧ ਗਿਆ ਹੈ ਕਿ ਭਰਿਸ਼ਟ  ਅਹੁਦਿਆ ਤੇ ਬੈਠੇ ਲੋਕ ਹੈਰਾਨੀ  ਜਨਕ ਨੋਟ ਇਕੱਠੇ ਕਰ ਰਹੇ ਹਨ।  ਸਵਿਟਜ਼ਰਲੈਂਡ ਦੀਆਂ ਬੈਂਕਾਂ ਇਨਾਂ  ਦੇ ਨਜ਼ਾਇਜ ਧਨ ਨਾਲ ਭਰੀਆਂ ਪਈਆਂ  ਹਨ।  ਸਰਕਾਰ ਲੋਕਾਂ ਦੀਆਂ ਹੱਕੀ  ਤੇ ਵਾਜਬ ਮੰਗਾਂ ਨੂੰ ਕੁਚਲਣ ਲਈ ਕਾਨੂੰਨ ਬਣਾ ਰਹੀ ਹੈ , ਉੱਥੇ ਭਰਿਸ਼ਟਾਚਾਰ ਨੂੰ ਰੋਕਣ ਲਈ ਕਦੇ ਕੋਈ ਗੱਲ ਤੱਕ ਪਾਰਲੀਮੈਂਟ ਵਿਚ ਨਹੀਂ ਹੁੰਦੀ। ਹੁਣ ਕੋਈ ਵੀ ਵਿਭਾਗ ਅਜਿਹਾ ਨਹੀਂ ਜਿਹੜਾ ਭਰਿਸ਼ਟਾਚਾਰ ਤੋਂ ਮੁਕਤ ਹੋਵੇ। ਅੱਜ ਪੁਲਿਸ ਭਰਿਸ਼ਟ ਲੋਕਾਂ ਦੀ ਰਾਖੀ ਕਰ ਰਹੀਂ ਹੈ।

  ਸਰਕਾਰਾਂ ਦੀਆਂ ਤਹਿ  ਸੁਦਾ ਨੀਤੀਆਂ ਦੇ ਤਹਿਤ ਪੰਜਾਬ  ਦੇ ਨੌਜਵਾਨ ਕੁਰਾਹੇ ਪਾਏ ਜਾ ਰਹੇ ਹਨ। ਉਨ੍ਹਾਂ ਨੂੰ ਨਸ਼ਿਆਂ 'ਤੇ ਲਾਇਆ ਜਾ ਰਿਹਾ ਹੈ। ਤਾਂ ਕਿ ਉਹ ਇਕੱਠੇ ਹੋਕੇ ਭਗਤ ਸਿੰਘ ਦੇ ਵਿਗਿਆਨਕ ਵਿਚਾਰਾਂ ਨਾਲ  ਲੁੱਟ ਘਸੁੱਟ ਰਹਿਤ ਸਮਾਜ ਸਿਰਜਣ ਨਾ ਤੁਰ ਪੈਣ। ਅੱਜ ਜਦੋਂ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਤਹਿਤ  ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਘਰਾਣਿਆ ਨੂੰ ਦਿੱਤੀਆਂ ਜਾ ਰਹੀਂਆਂ ਹਨ । ਵਿਸ਼ੇਸ ਆਰਥਿਕ ਜ਼ੋਨ ਉਸਾਰੇ ਜਾ ਰਹੇ ਹਨ। ਯੁਨੀਵਰਸਿਟੀ ਬੰਦ ਕਰਕੇ ਕਾਰਾਂ ਦੇ ਕਾਰਖਾਨੇ ਲਗਾਏ ਜਾ ਰਹੇ ਹਨ। ਹਰ ਕਿਸਮ ਦੇ ਮੁਲਾਜਮਾਂ ਦੀ ਪੈਂਨਸ਼ਨ ਬੰਦ ਕੀਤੀ ਗਈ ਹੈ । ਸਰਕਾਰੀ ਨੌਕਰੀਆਂ ਦਾ  ਭੋਗ ਪਾ ਕੇ ਠੇਕਾ ਪ੍ਰਨਾਲੀ ਸ਼ੁਰੂ ਕਰ ਦਿੱਤੀ ਗਈ ਹੈ।  ਸਭ ਕੁਝ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ।

                                         ਅੱਜ ਸਾਨੂੰ ਭਗਤ ਸਿੰਘ ਦੀਆਂ ਲਿਖਤਾਂ ਨੂੰ ਮੁੜ ਪੜਨਾਂ ਚਾਹੀਦਾ ਹੈ। ਉਸ ਸਮੇ ਸ਼ਹੀਦ ਭਗਤ ਸਿੰਘ  ਨੇ ਕਿਹਾ ਸੀ '' ਅਸੀ ਤਾਂ ਭਾਰਤ ਦੀ ਆਜ਼ਾਦੀ ਦੇ ਨੀਂਹ ਦੇ ਪੱਥਰ ਹਾਂ ਉਪਰਲੀ ਇਮਾਰਤ ਤਾਂ ਬਾਅਦ ਵਾਲੇ ਲੋਕ ਬਣਾਉਣਗੇ। ਇਸ ਦਾ ਫਿਕਰ ਕਰਨਾ ਸਾਡਾ ਕੰਮ ਨਹੀਂ '' ਇਹ ਫਿਕਰ ਕਰਨਾ ਅੱਜ ਦੀ ਨੌਜਵਾਨ  ਪੀੜੀ ਦਾ ਕੰਮ ਹੈ। ਸ਼ਹੀਦ ਭਗਤ ਸਿੰਘ ਨੇ ਬੜੇ ਹੀ ਸਪਸ਼ਟ ਸਬਦਾਂ ਵਿਚ  ਸ਼ਹਾਦਤ ਤੋਂ ਦੋ ਦਿਨ ਪਹਿਲਾਂ ਕਿਹਾ ਸੀ '' ਇਹ ਯੁੱਧ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖ਼ਤਮ ਹੋਵੇਗਾ। ਇਹ ਤਾਂ ਇਤਿਹਾਸਕ ਕਾਰਨਾਂ ਦੇ ਆਲੇ-ਦੁਆਲੇ ਪੱਸਰੇ ਹਾਲਾਤ ਦਾ ਜਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲ਼ੜੀ ਦੀ ਇਕ ਕੜੀ ਹੈ। . . . .ਅਸੀਂ ਇਹ ਐਲਾਨ ਕਰਦੇ ਹਾਂ ਕਿ ਇੱਕ ਯੁੱਧ ਚੱਲ ਰਿਹਾ ਹੈ ਅਤੇ ਇਹ ਤੱਦ ਤੱਕ ਚਲਦਾ ਰਹੇਗਾ,ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਨ੍ਹਾਂ ਦੀ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਇਹ ਲੁਟੇਰੇ ਭਾਂਵੇ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਨੇ ਰਲਵੇਂ। '' ਭਗਤ ਸਿੰਘ ਦੀ ਸਮਝ ਇਤਿਹਾਸ ਨੇ ਸਹੀਂ ਸਾਬਤ ਕਰ ਦਿੱਤੀ ਹੈ। ਅੱਜ ਦੇਸੀ ਹਾਕਮਾਂ ਦੀ ਸਹਿ ਤੇ ਫਿਰ ਵਿਦੇਸ਼ੀ ਹਾਕਮ ਭਾਰਤ ਦੀਆਂ ਹਰਿਆਲੀਆਂ ਨੂੰ ਚੁਗਣ ਲਈ ਆ ਗਏ ਹਨ ਤੇ ਅੱਜ ਯੁੱਧ ਦੇਸੀ ਤੇ ਵਿਦੇਸ਼ੀ ਹਾਕਮਾਂ ਦੇ ਵਿਰੁੱਧ ਸਾਂਝੇ ਤੌਰ ਤੇ ਲੜ੍ਹਿਆ ਜਾਣਾ ਹੈ। ਜਿਸ ਨੂੰ ਭਾਰਤ ਦੀਆਂ ਹਾਕਮ ਧਿਰਾਂ ਵਿਸ਼ਵੀਕਰਨ ਦਾ ਨਾਂ ਦੇ ਰਹੀਆਂ ਹਨ ਜਿਹੜਾ ਸਾਡੇ ਦੇਸ਼ ਦੇ ਲੋਕਾਂ ਲਈ ਕਈ ਕਿਸਮ ਦੇ ਲਾਰੇ ਤੇ ਨਾਹਰੇ ਲੈ ਕੇ ਆਇਆ ਹੈ। ਜਿਸ ਨੂੰ ਭਗਤ ਸਿੰਘ  ਦੀ ਵਿਚਾਰਧਾਰਾ ਦੇ ਅਨੁਸਾਰ ਨਵਬਸਤੀਵਾਦ ਕਿਹਾ ਜਾਂਦਾ ਹੈ। ਜਿਸ ਦੇ ਖਿਲਾਫ ਲ਼ੜਨਾ ਅੱਜ ਦੇ ਨੌਜਵਾਲ ਦੀ ਅਹਿਮ ਡੀਊਟੀ ਹੈ।

           ਅੱਜ  ਦੇਸ਼ ਵਿਚ ਸੰਭਾਵੀ ਅੰਦੋਲਨਾਂ ਨੂੰ  ਕੁਚਲਣ ਵਾਸਤੇ ਪੁਲਿਸ ਨੂੰ ਵੱਧ  ਅਧਿਕਾਰ ਦਿੱਤੇ ਜਾ ਰਹੇ ਹਨ। ਜਿਵੇਂ ਯੁੱਧ ਤੋਂ ਪਹਿਲਾਂ ਹਥਿਆਰ ਤਿੱਖੇ ਕੀਤੇ ਜਾਂਦੇ ਹਨ ਐਨ ਇਸੇ ਤਰ੍ਹਾਂ ਪੁਲਿਸ ਐਕਟ ਸੋਧੇ ਜਾ ਰਹੇ ਹਨ ਤਾਂ ਕਿ ਕਿਤੇ ਵੀ ਲੋਕ ਲਹਿਰ ਵਿਕਸਤ ਹੁੰਦੀ ਹੈ ਤਾਂ ਉਸ ਨੂੰ ਕੁਚਲਣ ਵਾਸਤੇ ਦੇਰੀ ਨਾ ਲੱਗੇ। ਇਹ ਸਾਰਾ ਕੁਝ ਬੁਹ ਰਾਸ਼ਟਰੀ ਕੰਪਣੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਹੀ ਕੀਤਾ ਜਾ ਰਿਹਾ ਹੈ। ਆਨਾਜ ਗੁਦਾਮਾਂ ਵਿਚ ਸੜ ਰਿਹਾ ਹੈ ਪਰ ਭੁੱਖੇ ਲੋਕਾਂ ਵਿਚ ਵੰਡਣ ਤੋਂ ਸਾਡੀ ਸਰਕਾਰ ਅਸਮਰੱਥ ਹੈ। ਜਿਹੜੀ ਸਰਕਾਰ ਸਪਰੀਮ ਕੋਰਟ ਨੂੰ ਇਹ ਲਿਖਤੀ ਰੂਪ ਵਿਚ ਦਿੰਦੀ ਹੈ ਕਿ ਸੜਦਾ ਆਨਾਜ ਵੀ ਵੰਡਿਆ ਨਹੀਂ ਜਾ ਸਕਦਾ ਉਹ ਮੋਬਾਇਲ ਫੋਨ ਮੁਫਤ ਵੰਡਣ ਦਾ ੈਲਾਨ ਕਰਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਜ ਭੁੱਖ ਨਾਲ ਮਰਦੇ ਲੋਕ ਕਿੱਥੇ ਜਾਣ? ਕਿਸਾਨੀ ਕਰਜ਼ੇ ਦੇ ਭਾਰ ਹੇਠ ਖੁਦਕਸ਼ੀਆਂ ਨਾ ਕਰੇ ਤਾਂ ਕੀ ਕਰੇ? 2ਲੋਕਾਂ ਨੂੰ ਇਸ ਪ੍ਰਬੰਧ ਨੇ ਅਹਿਲ ਤੇ ਨਿਪੁਨਸਕ ਬਣਾ ਦਿੱਤਾ ਹੈ। ਜਿਹੜੇ ਕਦੇ ਵੱਡੇ ਸੁਪਨੇ ਲੈਂਦੇ ਸੀ ਉਹ ਘਰ ਦੇ ਅੰਦਰ ਹੀ ਪੱਖੇ ਦੀ ਹੁੱਕ ਨਾਲ ਲਟਕ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ। ਇਹ ਹੀ ਹੈ ਇਸ ਪ੍ਰਬੰਧ ਦੀ ਕਮਾਲ। ਹੁਣ ਸਵਾਲ ਖੜਾ ਹੁੰਦਾ ਹੈ ਕਿ ਖੁਦਕਸ਼ੀਆਂ ਕਰਦੀ ਕਿਸਾਨੀ ਦੇ ਪੁੱਤਰ ਧੀਆਂ ਕੀ ਕਰਨ? ਨਿੱਕੇ ਦੁਕਾਨਦਾਰਾਂ ਦੀ ਰੋਜੀ ਰੋਟੀ ਐਫ ਡੀਆਈ ਨੇ ਖੋਹ ਲਈ ਹੈ, ਛੋਟੀਆਂ ਛੋਟੀਆਂ ਦੁਕਾਨਾਂ ਚਲਾ ਕੇ ਰੋਜੀ ਰੋਟੀ ਕਮਾਉਂਦੇ ਦਕਾਨਦਾਰ ਕਿੱਧਰ ਜਾਣ? ਅੱਜ ਕਈ ਸਵਾਲ ਖੜੇ ਹਨ ਜਿਹੜੇ ਜਵਾਬ ਦੀ ਮੰਗ ਕਰਦੇ ਹਨ। ਜੇ ਤਾਂ ਇਨ੍ਹਾਂ ਸਵਾਲਾਂ ਤੋਂ ਪਾਸਾ ਮੋੜਕੇ ਲੰਘਣਾ ਹੈ ਤਾਂ ਤੁਹਾਨੂੰ ਤੁਹਾਡਾ ਰਸਤਾ ਮੁਬਾਰਕ! ਪਰ ਜੇ ਇਨ੍ਹਾਂ ਬਾਰ ਬਾਰ ਖੜਦੇ ਸਵਾਲਾਂ ਦਾ ਕੋਈ ਨਾ ਕੋਈ ਹੱਲ ਤਲਾਸ਼ਣਾ ਹੈ ਤਾਂ ਜਰੂਰੀ ਹੈ ਕਿ ਤੁਹਾਨੂੰ ਉਨ੍ਹਾਂ ਲੋਕਾਂ ਦੇ ਮੋਢੇ ਨਾਲ ਮੋਢਾ ਲਾਉਣਾ ਪਵੇਗਾ ਜਿਹੜੇ ਅੱਜ ਸਿਰਜੋੜ ਕੇ ਬੈਠੇ ਹਨ ਕਿ ਕਿਸਾਨ ਖੁਦਰਸ਼ੀਆਂ ਨਾ ਕਰੇ, ਮਜਦੂਰ ਭੁੱਖਾ ਨਾ ਸੌਵੇ, ਨੌਜਵਾਨ ਬੇਰੁਜ਼ਗਾਰ ਨਾ ਫਿਰੇ, ਧੀਆਂ ਦਾਜ ਦੀ ਬਲੀ ਨਾ ਚੜਨ ਤਾਂ ਆਓ ਵਰਕੇ ਮੁੜੇ ਵਾਲੀ ਕਿਤਾਬ ਦੇ ਕੁਝ ਰਹਿ ਗਏ ਪੰਨੇ ਫਰੋਲੀਏ ਤੇ ਜਿੰਦਗੀ ਦਾ ਰਸਤਾ ਤਲਾਸ਼ੀਏ। ਆਓ ਬਾਬੇ ਸੋਹਣ ਸਿੰਘ ਭਕਨੇ ਪਾਸੋਂ ਮਾਰਗ ਦਰਸ਼ਨ ਲਈਏ, ਸੰਤੋਖ ਸਿੰਘ ਤੇ ਜਵਾਲਾ ਸਿੰਘ ਪਾਸੋਂ ਕੁਝ ਕਰ ਗੁਜ਼ਰਨ ਦਾ ਬਲ ਲਈਏ।

     ਆਓ ਕਿਤਾਬਾਂ ਦੀਆਂ  ਮਲ੍ਹੇ ਝਾੜੀਆਂ ਵਿੱਚੋਂ ਖੂਬਸੂਰਤ ਜ਼ਿੰਦਗੀ ਦਾ ਰਸਤਾ ਤਲਾਸ਼ਣ ਲਈ ਸ਼ਹੀਦਾਂ ਦੇ ਫਿਕਰਾਂ ਦੀ ਬਾਂਹ ਫੜੀਏ।
-ਡਾ. ਤੇਜਿੰਦਰ ਵਿਰਲੀ 

No comments:

Post a Comment