dr t virli

dr t virli

Monday 28 January 2013

ਘਟਾਲਿਆਂ ਨੇ ਕਿੰਨਾਂ ਬੇਸ਼ਰਮ ਬਣਾ ਦਿੱਤਾ ਹੈ ਭਾਰਤੀ ਤੰਤਰ

ਇਕ ਤੋਂ ਬਾਦ ਇਕ ਘੁਟਾਲੇ ਦੇ ਹੋ ਰਹੇ ਪਰਦਾਫਾਸ ਨੇ ਜਿੱਥੇ ਦੇਸ਼ ਦੀ ਚਿੰਤਾਜਨਕ ਸਥਿਤੀ ਦਾ ਗਿਆਨ ਦੇਸ਼ ਦੇ ਨਾਗਰਿਕਾਂ ਨੂੰ ਕਰਵਾਇਆ ਹੈ ਉੱਥੇ ਦੇਸ਼ ਦੇ ਬੁੱਧੀਜੀਵੀ ਵਰਗ ਦੇ ਫਿਕਰਾਂ ਵਿਚ ਹੋਰ ਵਾਧਾ ਹੋ ਗਿਆ ਹੈ। ਕਿ ਆਖਰ ਇਸ ਦੇਸ਼ ਦਾ ਕੀ ਬਣੇਗਾ? ਅਰਵਿੰਦ ਕੇਜਵਰੀਵਾਲ ਤੇ ਉਨ੍ਹਾਂ ਦੀ ਟੀਮ ਇਨ੍ਹਾਂ ਘੁਟਾਲਿਆਂ ਨੂੰ ਉਜਾਗਰ ਕਰਕੇ ਚਰਚਾ ਵਿਚ ਹੈ। ਕੇਜਰੀਵਾਲ ਨੇ ਟੀਮ ਅੰਨਾਂ ਤੋਂ ਵੱਖ ਹੋਕੇ ਆਪਣੀ ਵੱਖਰੀ ਹੋਂਦ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਇਸ ਗੱਲ ਦਾ ਅਹਿਸਾਸ ਵੀ ਭਾਰਤ ਦੇ ਆਮ ਲੋਕਾਂ ਨੂੰ ਕਰਵਾ ਦਿੱਤਾ ਹੈ ਭਾਰਤ ਦੀ ਸਤਾ ਉਪਰ ਕਾਬਜ ਧਿਰਾਂ ਤੇ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀਆਂ ਰਾਜਸੀ ਧਿਰਾਂ ਦਾ ਨਾਪਾਕ ਗਠਜੋੜ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਅੱਗੇ ਵਧਕੇ ਉਨ੍ਹਾਂ ਨੇ ਵੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਸ਼ ਲਈ ਚਿੰਤਾ ਦਾ ਵਿਸ਼ਾ ਐਮ ਐਨ ਸੀ ਤੇ ਰਾਜਸੀ ਪਾਰਟੀਆਂ ਦਾ ਗੱਠਜੋੜ ਵੀ ਹੈ। ਜਿਸ ਨਾਪਾਕ ਗੱਠਜੋੜ ਨੂੰ ਭਾਰਤ ਦੇ ਕੁਝ ਉਚ ਅਧਿਕਾਰੀ ਹੋਰ ਪੱਕਿਆਂ ਕਰਨ ਦਾ ਕਾਰਜ ਹੀ ਦਿਨ ਰਾਤ ਕਰਦੇ ਹਨ। ਜਿਹੜੇ ਸਰਕਾਰ ਤੇ ਇਨ੍ਹਾਂ ਵੱਡੇ ਘਰਾਣਿਆਂ ਵਿਚਕਾਰ ਇਕ ਕੜੀ ਦਾ ਕੰਮ ਕਰਦੇ ਹਨ। ਜਿਸ ਤੋਂ ਦੇਸ਼ ਦੀ ਆਜ਼ਾਦੀ ਨੂੰ ਖਤਰਾ ਹੈ। ਵੱਡੀਆਂ ਕੁਰਬਾਨੀਆਂ ਨਾਲ ਲਈ ਆਜ਼ਾਦੀ ਨੂੰ।                    

 ਅਰਵਿੰਦ ਕੇਜਰੀਵਾਲ ਨੇ ਪਿੱਛਲੇ ਦਿਨ੍ਹਾਂ ਵਿਚ ਵਿਚ ਭਾਰਤ ਦੇ ਸਭ ਤੋਂ ਵੱਡੇ ਪਰਿਵਾਰ ਦੇ ਸਭ ਤੋਂ ਅਹਿਮ ਮੈਂਬਰ ਉਪਰ ਮੀਡੀਆ ਦੇ ਸਾਹਮਣੇ ਸਬੂਤਾਂ ਸਮੇਤ ਇਲਜਾਮ ਲਾਏ ਹਨ। ਕਿ ਇਸ ਪਰਿਵਾਰ ਦੇ ਜਵਾਈ ਸ਼੍ਰੀ ਰਾਬਰਟ ਵਡੇਰਾਂ ਨੇ ਸਰਕਾਰ ਦੇ ਨਾਲ ਆਪਣੀ ਨਜ਼ਦੀਕੀ ਰਿਸ਼ਤੇਦਾਰੀ ਦੇ ਪ੍ਰਭਾਵ ਕਰਕੇ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਈ ਹੈ। ਅਰਵਿੰਦ ਕੇਜਰੀਵਾਲ ਤੇ ੳਨ੍ਹਾਂ ਦੇ ਸਾਥੀਆਂ ਨੇ ਜਿਸ ਕਿਸਮ ਦੇ ਔਖੇ ਕੰਮ ਨੂੰ ਹੱਥ ਪਾਇਆ ਹੈ ਉਸ ਲਈ ਉਨ੍ਹਾਂ ਨੇ ਚਰਚਾ ਦਾ ਵਿਸ਼ਾ ਬਣਨਾ ਹੀ ਸੀ। ਇਸ ਚਰਚਾ ਨੂੰ ਇਲੈਕਟਰਿਕ ਮੀਡੀਏ ਨੇ ਜਿੰਨੀ ਬਰੀਕੀ ਨਾਲ ਬਿਆਨ ਕੀਤਾ ਹੈ ਇਹ ਮੀਡੀਏ ਦੀ ਲੋੜ ਵੀ ਸੀ ਤੇ ਮਜਬੂਰੀ ਵੀ। ਸਰਕਾਰ ਦੇ ਲਾਲਚਾ ਤੇ ਸੰਭਾਵੀ ਨਰਾਜਗੀ ਦੀ ਪ੍ਰਵਾਹ ਨਾ ਕਰਦਿਆਂ ਮੀਡੀਏ ਨੇ ਇਸ ਖ਼ਬਰ ਨੂੰ ਬਣਦੀ ਥਾਂ ਦਿੱਤੀ ਹੈ।
 
ਇਸ ਦੇਸ਼ ਲਈ ਚਿੰਤਾ  ਦਾ ਵਿਸ਼ਾ ਇਹ ਵੀ ਹੈ ਕਿ ਵਡੇਰਾ ਨੇ ਆਪਣੀ ਸਫਾਈ ਵਿਚ ਆਪ ਭਾਂਵੇ ਕੋਈ ਵੀ ਸਬਦ ਨਹੀਂ ਕਿਹਾ ਪਰ ਉਸ ਦੇ ਬਚਾਅ ਲਈ ਸਾਰੀ ਕੇਂਦਰੀ ਸਰਕਾਰ ਤੇ ਕਾਂਗਰਸ ਪਾਰਟੀ ਵੱਡੀ ਧਿਰ ਬਣਕੇ ਆ ਗਈ ਹੈ। ਉਨ੍ਹਾਂ ਦਾ ਉਹ ਹੀ ਘਸਿਆ ਪਿਟਿਆ ਤਰਕ ਹੈ ਕਿ ਇਹ ਸਾਰੇ ਦੋਸ਼ ਬੇ ਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਤ ਹਨ। ਇਸ ਕਰਕੇ ਇਨ੍ਹਾਂ ਦੀ ਜਾਂਚ ਕਰਵਾਉਣ ਦੀ ਵੀ ਕੋਈ ਜਰੂਰਤ ਨਹੀਂ ਹੈ। ਇਕ ਸਧਾਰਨ ਬੁੱਧੀ ਵਾਲਾ ਪਾਠਕ ਸਰੋਤਾ ਵੀ ਇਹ ਸੁਣਕੇ ਦੰਗ ਰਹਿ ਜਾਂਦਾ ਹੈ ਕਿ ਜੇ ਕਰ  ਇਹ ਦੋਸ਼ ਬੇਬੁਨਿਆਦ ਹਨ ਤਾਂ ਇਨ੍ਹਾਂ ਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ? ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੇਖਣ ਵਿਚ ਹਰਜ ਹੀ ਕੀ ਹੈ?

ਇਸ ਘਟਨਾ ਨੇ ਜਿੱਥੇ ਸੰਵੇਦਨਸ਼ੀਲ ਮਨੁੱਖ ਨੂੰ ਹਲਾ ਕੇ ਰੱਖ ਦਿੱਤਾ ਹੈ ਉੱਥੇ ਕਾਂਗਰਸ ਦੇ ਆਗੂਆਂ ਨੂੰ ਇਕ ਵਾਰ ਫਿਰ ਸ਼ੀਮਤੀ ਸੋਨੀਆਂ ਗਾਂਧੀ ਨਾਲ ਆਪਣੀ ਵਫਾਦਾਰੀ ਦਾ ਸਬੂਤ ਦੇਣ ਦਾ ਇਕ ਅਹਿਮ ਮੌਕਾ ਦੇ ਦਿੱਤਾ ਹੈ। ਭਰਿਸ਼ਟਾਚਾਰ ਵਿਚ ਲਿਪਟੇ ਲੀਡਰ ਭਾਂਵੇ ਉਹ ਵੱਖੋ ਵੱਖਰੀਆਂ ਰਾਜਸੀ ਪਾਰਟੀਆਂ ਵਿਚ ਹੀ ਕੰਮ ਕਰ ਰਹੇ ਹਨ ' ਇਸ ਦੁਖ ਦੀ ਘੜੀ' ਵਿਚ ਸੋਨੀਆਂ ਦੇ ਨਾਲ ਖੜੇ ਹਨ। ਵਿਰੋਧੀ ਧਿਰ ਵਿਚ ਬੈਠੇ ਬਹੁਤ ਸਾਰੇ ਆਗੂ ਚੁਪ ਰਹਿ ਕੇ ਸੋਨੀਆਂ ਜੀ ਦਾ ਸਾਥ ਦੇ ਰਹੇ ਹਨ।

 ਇਸ ਦੇਸ਼ ਦਾ ਦੁਖਾਂਤ  ਵੀ ਇਹ ਹੀ ਹੈ ਬੀ ਜੇ ਪੀ ਦੀ ਅਗਵਾਈ ਵਾਲੀ ਰਾਜਸੀ ਧਿਰ ਨੂੰ ਰਾਜ ਭਾਗ ਤਾਂ ਭਾਂਵੇਂ ਕਾਂਗਰਸ ਦੇ ਮੁਕਾਬਲੇ ਬਹੁਤ ਹੀ ਘੱਟ ਮਿਲਿਆ ਪਰ ਘੁਟਾਲਿਆਂ ਵਿਚ ਇਹ ਥੋੜੇ ਸਮੇਂ ਵਿਚ ਹੀ ਕਾਂਗਰਸ ਦੇ ਹਾਣਦੀ ਹੋਣ ਲੱਗੀ। ਕੇਜ਼ਰੀਵਾਲ ਦਾ ਦੂਸਰਾ ਬੰਬ ਬੀ.ਜੇ.ਪੀ ਉਪਰ ਡਿਗਣਾ ਤਹਿ ਹੀ ਸੀ ਕਿਉਂਕਿ ਉਹ ਤੇ ਉਸ ਦੇ ਸਾਥੀ ਦੋਹਾਂ ਹੀ ਰਾਜਸੀ ਪਾਰਟੀਆਂ ਵਿਚ ਕੋਈ ਸਿਫਤੀ ਤਬਦੀਲੀ ਨਹੀਂ ਦੇਖਦੇ। ਇਹੋ ਹੀ ਕਾਰਨ ਸੀ ਕਿ ਦੇਸ਼ ਦੀ ਵੱਡੀ ਵਿਰੋਧੀ ਧਿਰ ਦਾ ਪ੍ਰਧਾਨ ਸ਼੍ਰੀ ਨਿਤਿਨ ਗਟਕਰੀ ਕਿਵੇ ਇਕ ਸਧਾਰਨ ਵਿਅਕਤੀ ਤੋਂ ਕੁਝ ਸਾਲਾਂ ਵਿਚ ਹੀ ਮਾਲੋਂ ਮਾਲ ਹੋਕੇ ਆਮ ਤੋਂ ਖਾਸ ਹੋ ਗਿਆ। ਬੀ ਜੇ ਪੀ ਨੂੰ ਅਰਵਿੰਦ ਕੇਜਰੀਵਾਲ ਦੀਆਂ ਭਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਗੱਲਾਂ ਇਸੇ ਕਰਕੇ ਚੰਗੀਆਂ ਨਹੀਂ ਸਨ ਲੱਗ ਰਹੀਂਆਂ, ਕਿਉਂਕਿ ਉਨ੍ਹਾਂ ਨੂੰ ਇਸ ਦੀ ਭਿਣਕ ਸੀ ਕਿ ਆਪਣੇ ਘਰ ਵੀ ਸਭ ਕੁਝ ਚੰਗਾ ਨਹੀਂ। ਜੋ ਕੁਝ ਵਡੇਰਾ ਦੇ ਸੰਬੰਧ ਵਿਚ ਕਾਂਗਰਸ ਨੇ ਕੀਤਾ ਉਸੇ ਤਰ੍ਹਾਂ ਦਾ ਇਮਾਨਦਾਰੀ ਦਾ ਸਾਰਟੀਫੀਕੇਟ ਨਿਤਿਨ ਗਟਕਰੀ ਨੂੰ ਵੀ ਉਸ ਦੀ ਪਾਰਟੀ ਤੇ ਸਹਿਯੋਗੀਆਂ ਨੇ ਦੇ ਦਿੱਤਾ ਹੈ। ਇੱਥੇ ਥੋੜਾ ਜਿਹਾ ਫਰਕ ਵੀ ਹੈ ਜਿਸ ਨੂੰ ਜੇ ਕਰ ਅਸੀਂ ਅਣਡਿੱਠ ਕਰਦੇ ਹਾਂ ਤਾਂ ਇਹ ਵੀ ਇਮਾਨਦਾਰੀ ਨਹੀਂ ਹੋਵੇਗੀ। ਕਿਉਂਕਿ ਕਾਂਗਰਸ ਵਾਂਗ ਬੀ ਜੇ ਪੀ ਇਕ ਪ੍ਰਵਾਰ ਦੀ ਪਾਰਟੀ ਨਾ ਹੋਕੇ ਇਕ ਭਾਈਚਾਰੇ ਦੀ ਪਾਰਟੀ ਹੈ। ਇਸ ਲਈ ਇੱਥੇ ਨਿਤਿਨ ਗਟਕਰੀ ਨੂੰ ਪਾਰਟੀ ਅੰਦਰਲੇ ਉਸ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਤੇ ਸ਼ਾਇਦ ਇਸੇ ਕਰਕੇ ਗਟਕਰੀ ਸਾਹਿਬ ਹਿਮਾਚਲ ਦੇ ਚੋਣ ਪ੍ਰਚਾਰ ਤੋਂ ਬੇਰੰਗ ਵਾਪਸ ਪਰਤ ਆਏ।

ਕੇਜਰੀਵਾਲ ਦਾ ਤੀਸਰਾ ਵਾਰ  ਦੇਸ਼ ਦੀ ਸਭ ਤੋਂ ਵੱਡੀ ਫਰਮ ਜਿਸ ਦਾ ਕਾਰੋਬਾਰ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚ ਫੈਲਿਆ ਹੋਇਆ ਹੈ ਉਸ ਉਪਰ ਸੀ।  ਇਸ ਰੀਲਾਇਸ ਨਾਮ ਦੀ ਫਰਮ ਨੂੰ  ਭਾਰਤ ਦੀਆਂ ਹੁਣ ਤੱਕ ਦੀਆਂ ਸਭ ਸਰਕਾਰਾਂ ਨੇ ਕਿਵੇਂ ਰਾਸਟਰ ਨਾਲੋਂ ਵੱਡਿਆਂ ਕੀਤਾ ਹੈ? ਇਹ ਆਪਣੇ ਆਪ ਵਿਚ ਸ਼ਰਮਨਾਕ ਵਰਤਾਰਾ ਹੈ। ਇਸ ਦੇ ਬਦਲੇ ਵਿਚ ਰੀਲਾਇਸ ਮਦਦ ਕਰਨ ਵਾਲੀਆਂ ਧਿਰਾਂ ਨੂੰ ਕਿੱਦਾਂ ਲਾਭ ਪਹੁੰਚਾਦੀ ਹੈ ਇਸ ਵਰਤਾਰੇ ਦੀਆਂ ਸਾਰੀਆਂ ਤੈਆਂ ਕੇਜਰੀਵਾਲ ਦੀ ਟੀਮ ਨੇ ਖੋਲ੍ਹ ਦਿੱਤੀਆਂ ਹਨ। ਭਾਂਵੇ ਰੀਲਾਇਸ ਸਮੇਤ ਸਾਰੀਆਂ ਹੀ ਧਿਰਾਂ ਨੇ ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਸਬੂਤ ਦੇ ਦਿੱਤਾ ਹੈ ਪਰ ਆਮ ਆਦਮੀ ਇਸ ਸਾਰੇ ਵਰਤਾਰੇ ਨੂੰ ਪੜ੍ਹ ਤੇ ਸਮਝ ਰਿਹਾ ਹੈ ਕਿ ਦੇਸ਼ ਵਿਚ ਆਖਰ ਕੀ ਕੀ ਹੋ ਰਿਹਾ ਹੈ?

ਦੇਸ਼ ਵਿਚ ਠੱਗੀਆਂ ਮਾਰਕੇ ਕਮਾਏ  ਕਾਲੇ ਧੰਨ ਦੇ ਅੰਬਾਰ ਸੰਸਾਰ ਦੀਆਂ ਵੱਖ  ਵੱਖ ਬੈਂਕਾਂ ਵਿਚ ਕਿਵੇਂ ਲੱਗੇ ਹੋਏ ਹਨ? ਉਨ੍ਹਾਂ ਨੂੰ ਵਾਪਸ ਲਿਆਉਣ ਦੀ ਲੜਾਈ ਬਾਬਾ ਰਾਮ ਦੇਵ ਵੀ ਲੜ ਰਿਹਾ ਹੈ ਪਰ ਸਰਕਾਰ ਨੇ ਆਪਣੀ ਆਸਮਰਥਾ ਵਿਅਕਤ ਕਰ ਦਿੱਤੀ ਸੀ ਕਿ ਉਸ ਧੰਨ ਸੰਬੰਧੀ ਜਾਣਕਾਰੀ ਪਬਲਿਕ ਨਹੀਂ ਕੀਤੀ ਜਾ ਸਕਦੀ। ਕੇਜਰੀਵਾਲ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਇਸ ਕਠਿਨ ਕਾਰਜ ਨੂੰ ਵੀ ਆਰੰਭ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਜੱਗ ਜਾਹਰ ਹੋਇਆ ਹੈ ਕਿ ਦੇਸ਼ ਦਾ ਇਕ ਉਚ ਅਧਿਕਾਰੀ ਕਿਵੇਂ ਛਾਪਾ ਮਾਰਨ ਗਿਆ ਰੀਲਾਇਸ ਦਾ ਹੋਕੇ ਰਹਿ ਗਿਆ। ਤੇ ਕਿਵੇ ਉਸ ਦਾ ਵੀ ਧਨ ਅੱਜ ਸਵਿਟਜਰਲੈਂਡ ਦੀਆਂ ਬੈਂਕਾਂ ਨੂੰ ਭਾਗ ਲਾ ਰਿਹਾ ਹੈ। ਤੇ ਉਸ ਉਚ ਅਧਿਕਾਰੀ ਦੀ ਪਤਨੀ ਭਾਰਤ ਦੀ ਸੰਸਦ ਤੱਕ ਪਹੁੰਚ ਗਈ ਹੈ। ਕੇਜਰੀਵਾਲ ਨੇ ਭਾਰਤੀ ਨਿਆਂ ਪਾਲਿਕਾ ਬਾਰੇ ਟਿਪਣੀ ਕਰਦਿਆਂ ਕਿਹਾ ਕਿ ਹਾਈ-ਪ੍ਰਫਾਈਲ ਕੇਸ ਅੱਜ ਵੀ ਅਦਾਲਤਾਂ ਵਿਚ ਲਟਕ ਰਹੇ ਹਨ। ਨੇੜੇ ਭਵਿੱਖ ਵਿਚ ਵੀ ਜਿਨ੍ਹਾਂ ਬਾਰੇ ਕੋਈ ਫੈਸਲਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਇਸ ਗੱਲ ਦੇ ਸੰਕੇਤ ਵੀ ਦਿੱਤੇ ਹਨ ਕਿ ਹੁਣ ਭਾਰਤੀ ਨਿਆਂ ਪਾਲਿਕਾ ਅੰਦਰਲੇ ਕੋਹਜ ਨੂੰ ਨੰਗਿਆਂ ਕਰਨ ਦੀ ਵਾਰੀ ਹੈ। ਜਦੋਂ ਪੱਤਰਕਾਰਾਂ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਉਹ ਅਦਾਲਤ ਵਿਚ ਕਿਉਂ ਨਹੀਂ ਜਾਂਦੇ ? ਜਦ ਕਿ ਉਨ੍ਹਾਂ ਕੋਲ ਸਬੂਤ ਹਨ। ਤਾਂ ਉਨ੍ਹਾਂ ਨੇ ਹੱਸਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਾਰਤ ਦੀ ਨਿਆਂ ਪਾਲਿਕਾ ਬਾਰੇ ਭਾਰਤ ਦੇ ਉੱਘੇ ਵਕੀਲ ਸ਼੍ਰੀ ਪ੍ਰਸ਼ਾਂਤ ਭੂਸ਼ਨ ਅਹਿਮ ਜਾਣਕਾਰੀ ਦੇਣਗੇ ਕਿ ਇਨਸਾਫ ਦੇ ਇਨ੍ਹਾਂ ਮੰਦਰਾਂ ਵਿਚ ਕੀ ਕੀ ਹੋ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੇ ਆਮ ਆਦਮੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਹ ਹੁਣ ਜਾਵੇ ਤਾਂ ਜਾਵੇ ਕਿੱਧਰ। ਇਹੋ ਹੀ ਅੱਜ ਦਾ ਸਮਾਂ ਮੰਗ ਕਦਾ ਸੀ।

ਕੇਜਰੀਵਾਲ ਨੇ ਦਿੱਲੀ ਵਿਚ  ਉਹ ਸਪੇਸ ਮੱਲ ਲਈ ਹੈ ਜਿਹੜੀ  ਭਾਰਤ ਦੀਆਂ ਰਾਜਸੀ ਪਾਰਟੀਆਂ ਨੇ ਸਾਰੇ ਦੇਸ਼ ਵਿਚ ਹੀ ਖਾਲੀ ਛੱਡੀ ਹੋਈ ਸੀ। ਕੇਵਲ ਸ਼ਬਦੀ ਬਾਂਣ ਚਲਾਉਣ ਤੋਂ ਅੱਗੇ ਚਲਦਿਆਂ ਕੇਜਰੀਵਾਲ ਦੀ ਟੀਮ ਨੇ 'ਆਜ ਤੱਕ' ਟੀ ਵੀ ਵੱਲੋਂ ਜਾਹਰ ਕੀਤੇ ਗਏ ਖੁਲਾਸੇ ਨੂੰ ਲੋਕ ਘੋਲ ਨਾਲ ਵੀ ਜੋੜਿਆਂ ਹੈ। ਜਿਹੜਾ ਕਾਰਜ ਹੋਰ ਕਿਸੇ ਵੀ ਰਾਜਸੀ ਧਿਰ ਨੇ ਨਹੀਂ ਕੀਤਾ। ਜਿਸ ਲਈ ਟੀਮ ਕੇਜਰੀਵਾਲ ਨੂੰ ਉਸ ਸਮੇਂ ਦੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੀਆਂ ਧਮਕੀਆਂ ਵੀ ਸੁਣਨੀਆਂ ਪਈਆਂ। ਤੇ ਜਿਸ ਦੀ ਪ੍ਰਵਾਹ ਨਾ ਕਰਦਿਆਂ ਅਪਾਹਜ ਲੋਕਾਂ ਲਈ ਲਈ ਹਾਅ ਦਾ ਨਾਹਰਾ ਮਾਰਨ ਵਾਲੇ ਕੇਜਰੀਵਾਲ ਨੇ ਉਨ੍ਹਾਂ ਲੋਕਾਂ ਦੀ ਬਾਂਹ ਫੜੀ ਹੈ। ਸਲਮਾਨ ਖੁਰਸ਼ੀਦ ਦੇ ਚੋਣ ਹਲਕੇ ਫਰੂਕਾਬਾਦ ਵਿਚ ਜਾਕੇ ਉੱਥੋਂ ਦੇ ਲੋਕਾਂ ਨੂੰ ਸੁਚੇਤ ਕਰਨ ਦਾ ਕਾਰਜ ਕਾਤਾ ਹੈ। ਕੇਜਰੀਵਾਲ ਦੀ ਪਾਰਟੀ ਦੀ ਜਿੰਨੀ ਸਮਰਥਾ ਹੈ ਉਹ ਉਸ ਤੋਂ ਵੱਧਕੇ ਕੰਮ ਕਰ ਰਹੀ ਹੈ। ਇਸ ਪਾਰਟੀ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਹੈ ਉਹ ਹੈ ਕਿ ਭਾਰਤੀ ਰਾਜਨੀਤੀ ਵਿਚ ਸਰਗਰਮ ਵੱਖ ਵੱਖ ਪਾਰਟੀਆਂ ਨੂੰ ਇਕੋਂ ਥਾਲੀ ਦੇ ਚੱਟੇ ਵੱਟੇ ਸਿੱਧ ਕਰ ਦਿੱਤਾ ਹੈ। ਜਿਨ੍ਹਾਂ ਦਾ ਰਾਜਸੀ ਪ੍ਰੋਗਰਾਮ ਇਕੋ ਹੀ ਹੈ ਪਰ ਚੋਣ ਨਿਸ਼ਾਨ ਵੱਖਰੇ ਵੱਖਰੇ ਹਨ।

ਕਿਉਂਕਿ ਭਾਰਤੀ ਰਾਜਨੀਤੀ  ਵਿਚ ਲੋਕਤੰਤਰ ਪੈਸੇ ਦੇ ਨਾਲ ਪ੍ਰਭਾਵਿਤ  ਹੋ ਜਾਂਦਾ ਹੈ ਇਸ ਲਈ ਕੇਜਰੀਵਾਲ ਦੀ ਟੀਮ ਵੋਟਾਂ ਵਿਚ ਕੋਈ ਬਹੁਤ ਵਧੀਆਂ ਪ੍ਰਦਰਸ਼ਨ ਕਰ ਸਕੇਗੀ ਇਸ ਬਾਰੇ ਕੋਈ ਹਾਂ ਪੱਖੀ ਟਿੱਪਣੀ ਨਹੀ ਕੀਤੀ ਜਾ ਸਕਦੀ ਪਰ ਇਸ ਗੱਲ ਤੋਂ  ਅੱਜ ਦੀ ਤਰੀਕ ਵਿਚ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੇਜਰੀਵਾਲ ਦਾ ਅੱਜ ਤੱਕ ਦਾ ਕੀਤਾ ਕੱਮ ਆਮ ਆਦਮੀ ਨੂੰ ਸੋਚਣ ਲਈ  ਮਜਬੂਰ ਕਰ ਰਿਹਾ ਹੈ ਭਾਰਤ ਵਿਚ ਕਾਰਜਸ਼ੀਲ  ਹੋਰ ਇਮਮਾਨਦਾਰ ਪਾਰਟੀਆਂ ਜਿਨ੍ਹਾਂ ਦਾ ਦਾਮਨ ਸਾਫ ਹੈ ਜਿਨਾੰਂ ਨੇ ਕੋਲੇ ਦੀ ਖਾਨ ਵਿਚ ਰਹਿ ਕੇ ਵੀ ਆਪਣੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਉਹ ਦੇਰ ਸਵੇਰ ਟੀਮ ਕੇਜਰੀਵਾਲ ਦੀ ਧਿਰ ਬਣਨਗੀਆਂ ਜਾ ਨਹੀਂ, ਦੇਸ਼ ਦਾ ਨੇੜਲਾ ਭਵਿੱਖ ਇਸ ਗੱਲ ਉਪਰ ਨਿਰਭਰ ਕਰਦਾ ਹੈ। ਨਾ ਕੇ ਦੋ ਚਾਰ ਸਾਲਾਂ ਵਿਚ ਆਉਂਦੀਆਂ ਚੋਣਾ ਉਪਰ। ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਸੰਸਦ ਨੂੰ ਜਾਂਣ ਵਾਲਾ ਰਸਤਾ ਲੋਕ ਸੱਘਰਸ਼ਾਂ ਵਿੱਚੋਂ ਦੀ ਲੰਘਕੇ ਹੀ ਜਾਂਦਾ ਹੈ।
-ਡਾ. ਤੇਜਿੰਦਰ ਵਿਰਲੀ

No comments:

Post a Comment