dr t virli

dr t virli

Wednesday 30 October 2013

ਗ਼ਦਰ ਸ਼ਤਾਬਦੀ ਨੂੰ ਪ੍ਰਨਾਇਆ ਮੇਲਾ ਗ਼ਦਰੀ ਬਾਬਿਆਂ ਦਾ

 ਡਾ. ਤੇਜਿੰਦਰ ਵਿਰਲੀ (9464797400)
ਇਹ ਵਰ੍ਹਾ ਗ਼ਦਰ ਦੀ ਸ਼ਦਤਾਬਦੀ ਦਾ ਵਰ੍ਹਾ ਹੈ। 1913 ਵਿਚ ਜਦੋਂ ਦੇਸ਼ ਗੁਲਾਮ ਸੀ, ਉਦੋ ਅਮਰੀਕਾ ਕੈਨੇਡਾ ਦੀਆਂ ਆਰਾ ਮਿੱਲਾਂ, ਰੇਲ ਦੀਆਂ ਪਟੜੀਆਂ ਤੇ ਆਲੂਆਂ ਦੇ ਖੇਤਾਂ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਵਰਗੇ ਵੱਡੇ ਸੁਪਨੇ ਲਏ ਗਏ। ਇਹ ਸੁਪਨੇ ਲੈਣ ਵਾਲੇ ਸਨ ਭਾਰਤ ਦੇ ਉਹ ਮੁੱਠੀ ਭਰ ਕਿਰਤੀ ਲੋਕ ਜਿਨ੍ਹਾਂ ਨੇ ਰੁਜ਼ਗਾਰ ਲਈ ਸੰਸਾਰ ਦੇ ਕੋਨੇ ਕੋਨੇ ਨੂੰ ਛਾਣ ਮਾਰਿਆ ਸੀ ਤੇ ਅੰਤ ਅਮਰੀਕਾ ਵਰਗੇ ਆਜ਼ਾਦ ਦੇਸ਼ ਨੂੰ ਆਪਣਾ ਪੱਕਾ ਟਿਕਾਣਾ ਬਣਾਇਆ ਸੀ। ਜਿੱਥੇ ਉਨ੍ਹਾਂ ਨੂੰ ਆਪਣੀ ਕਿਰਤ ਦਾ ਵਾਜਵ ਮੁੱਲ ਮਿਲਿਆ ਸੀ। ਆਜ਼ਾਦ ਦੇਸ਼ ਦੇ ਸਵਰਗ ਨੂੰ ਮਾਨਣ ਲਈ ਹੀ ਉਨ੍ਹਾਂ ਨੇ ਇਸ ਧਰਤੀ ਨੂੰ ਰਹਿਣ ਲਈ ਚੁੱਣਿਆਂ ਸੀ। ਪਰ ਛੇਤੀ ਮਗਰੋ ਆਜ਼ਾਦੀ ਦੇ ਸਵਰਗ ਤੇ ਗੁਲਾਮੀ ਦੇ ਨਰਕ ਦਾ ਅਹਿਸਾਸ ਵੀ ਉਨ੍ਹਾਂ ਨੂੰ ਹੋਣ ਲੱਗਾ। ਜਦੋਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਫੌਜ ਵਿੱਚੋਂ ਮਿਲੇ ਬਹਾਦਰੀ ਦੇ ਤਗਮੇ ਵੀ ਥਾਂ ਥਾਂ ਹੁੰਦੇ ਅਪਮਾਨ ਲਈ ਕੁਝ ਢਾਰਸ ਨਾ ਬੰਨਦੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਤੱਕ ਉਨ੍ਹਾਂ ਨੇ ਬਰਤਾਨਵੀ ਫੌਜ ਲਈ ਬਸਤੀਵਾਦੀਆਂ ਦੀਆਂ ਹੱਦਾਂ ਚੋੜੀਆਂ ਕਰਨ ਦੀ ਗਲਤ ਲੜਾਈ ਹੀ ਲੜੀ ਹੈ। ਜਿੱਥੇ ਉਨ੍ਹਾਂ ਨੂੰ ਆਪਣੀ ਭ੍ਰੱੁਲ ਦਾ ਅਹਿਸਾਸ ਹੋਇਆ ਉੱਥੇ ਦੇਸ਼ ਲਈ ਅਸਲ ਲੜਾਈ ਲੜਨ ਦੀ ਅੰਦਰੂਨੀ ਪ੍ਰੇਰਨਾ ਵੀ ਉਨ੍ਹਾਂ ਨੂੰ ਆਪਣੇ ਮਨ ਅੰਦਰੋ ਹੀ ਮਿਲਣ ਲੱਗ ਪਈ। ਦੂਸਰੇ ਪਾਸੇ ਦੇਸ਼ ਵਿਚ ਚੱਲੀ ‘ਕੂਕਾ ਲਹਿਰ’ ਤੇ ‘ਪਗੜੀ ਸੰਭਾਲ ਜੱਟਾ’ ਲਹਿਰਾਂ ਦੇ ਅਸਰ ਵਿਚ ਜਵਾਨ ਹੋਏ ਬਾਬਾ ਸੋਹਣ ਸਿੰਘ ਭਕਨਾ, ਪੰਡਿਤ ਕਾਂਸ਼ੀ ਰਾਮ ਤੇ ਬਾਬਾ ਜਵਾਲਾ ਸਿੰਘ ਵਰਗੇ ਵੱਡੇ ਕਾਰਜ ਨਾਲ ਜੁੜਨ ਲਈ ਤਿਆਰ ਹੋ ਰਹੇ ਸਨ। 1913 ਦਾ ਵਰ੍ਹਾ ਉਹ ਵਰ੍ਹਾ ਸੀ ਜਦੇਂ ਦੇਸ਼ ਲਈ ਮਰਨ ਮਿਟਣ ਦੀਆਂ ਕਸਮਾਂ ਖਾਦੀਆਂ ਗਈਆਂ ਤੇ ਦੇਸ਼ ਨੂੰ ਆਜ਼ਾਦ ਕਰਵਾ ਲੈਣ ਤੋਂ ਬਾਦ ਇਸ ਦੀ ਰੂਪ ਰੇਖਾ ਵੀ ਤਿਆਰ ਹੋਣ ਲੱਗੀ। ਇਸ ਵਿੱਚੋਂ ਹੀ ‘ ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ ’ ਨਾਮ ਦੀ ਜਥੇਬੰਦੀ ਨੇ ਆਪਣੀ ਹੋਂਦ ਗਹਿਣ ਕੀਤੀ। ਇਸ ਐਸੋਸੀਏਸਨ ਦੇ ਯਤਨਾ ਨਾਲ ‘ਗ਼ਦਰ’ ਅਖ਼ਬਾਰ ਕੱਢਿਆ ਗਿਆ ਇਹ ਅਖਬਾਰ ਏਨਾ ਪ੍ਰਚਲਤ ਹੋਇਆ ਕਿ ਪਾਰਟੀ ਦਾ ਨਾਮ ਵੀ ਅਖਬਾਰ ਦੇ ਨਾਮ ਤੋਂ ‘ਗ਼ਦਰ ਪਾਰਟੀ’ ਹੀ ਪ੍ਰਚਲਤ ਹੋ ਗਿਆ। ਜਿੱਥੇ ਵੀ ਇਹ ਅਖਬਾਰ ਜਾਂਦਾ ਲੋਕ ਇਸ ਨੂੰ ਪੜ੍ਹਦੇ ਤੇ ਗ਼ਦਰ ਪਾਰਟੀ ਨਾਲ ਜੁੜਨ ਲੱਗੇ। ਸਰਕਾਰ ਵੀ ਗ਼ਦਰ ਅਖਬਾਰ ਤੋਂ ਡਰਨ ਲੱਗੀ। ਭਾਰਤ ਵਿਚ ਇਸ ਅਖ਼ਬਾਰ ਦੇ ਦਾਖਲੇ ਉਪਰ ਪਾਬੰਦੀ ਲਾ ਦਿੱਤੀ ਗਈ। ਗ਼ਦਰੀ ਆਗੂਆਂ ਦੇ ਇਸ ਵੱਡੇ ਸੁਪਨੇ ਨੇ ਜਿੱਥੇ ਬਰਤਾਨਵੀ ਹਕੂਮਤ ਨੂੰ ਸੋਚਾਂ ਵਿਚ ਪਾ ਦਿੱਤਾ ਉੱਥੇ ਗ਼ਦਰੀ ਆਗੂਆਂ ਦੀ ਰਾਤਾਂ ਦੀ ਨੀਂਦ ਵੀ ਉਡਾਰੀਆਂ ਮਾਰ ਗਈ। ਸੁਪਨਾ ਹਕੀਕਤ ਦਾ ਜਾਮਾਂ ਕਿਵੇ ਪਾਵੇ ? ਅਜਿਹੀਆਂ ਵਿਚਾਰਾਂ ਹਰ ਵਕਤ ਤੇ ਹਰ ਥਾਂ ਹੋਣ ਲੱਗੀਆਂ। ਇਕ ਸੁਪਨਾ ਹਕੀਕਤ ਬਣਨ ਲਈ ਉੱਸਲ ਵੱਟੇ ਲੈਣ ਲੱਗਾ।
  
 ਉਸ ਸਮੇਂ ਬਗਾਵਤਾਂ ਫੌਜਾਂ ਹੀ ਕਰਿਆ ਕਰਦੀਆਂ ਸਨ। ਪਰ ਇਹ ਵੱਡਾ ਸੁਪਨਾ 21 ਫਰਬਰੀ 1914 ਨੂੰ ਹੋਈਆਂ ਨਿੱਕੀਆਂ ਨਿੱਕੀਆਂ ਗ਼ਲਤੀਆਂ ਕਰਕੇ ਪੂਰਾ ਨਹੀਂ ਹੋਇਆ। ਗ਼ਦਰੀਆਂ ਨੇ ਬਰਤਾਨੀ ਬਸਤੀਵਾਦੀਆਂ ਤੋਂ ਆਜ਼ਾਦੀ ਲਈ ਆਪਣੀਆਂ ਕੀਮਤੀ ਜਾਨਾ ਵਾਰੀਆਂ। ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਦ ਵੀ ਹੌਸਲੇ ਨਾ ਹਾਰੇ। ਅਸਫਲਤਾਂ ਵਿਚੋਂ ਆਸ ਦੀ ਕਿਰਨ ਦਾ ਦੀਵਾ ਆਪਣੀ ਰਤ ਦੇ ਨਾਲ ਕੇਵਲ ਬਲਦਾ ਹੀ ਨਹੀਂ ਰੱਖਿਆ ਸਗੋਂ 1917 ਦੇ ਸਫਲ ਰੂਸੀ ਇਨਕਲਾਬ ਦੀ ਬਦੌਲਤ ਇਹ ਸੁਪਨਾ ਵਰਗ ਰਹਿਤ ਸਮਾਜ ਦੀ ਸਿਰਜਣਾ ਵਰਗੇ ਸਮਾਜਵਾਦੀ ਸੰਕਲਪ ਲਈ ਹੋਰ ਵੀ ਦਰਿੜ ਹੋ ਕੇ ਉਭਰਿਆ। ਸੁਰਿੰਦਰ ਕਾਰ, ਭਾਈ ਸੰਤੋਖ ਸਿੰਘ ਤੇ ਰਤਨ ਸਿੰਘ ਰਾਏਪੁਰ ਡੱਬਾ ਦੇ ਯਤਨਾ ਨਾਲ ਰੂਸ ਦੀ ਮਦਦ ਨਾਲ ਅਫਗਾਨਿਸਥਾਨ ਰਾਹੀ ਭਾਰਤ ਵਿਚ ਇਨਕਲਾਬ ਕਰਨ ਦੀਆਂ ਤਰਕੀਬਾਂ ਸੋਚੀਆਂ ਜਾਣ ਲੱਗੀਆਂ। ਫੌਜੀ ਬਗਾਵਤਾਂ ਦੀ ਥਾਂ ਲੋਕ ਲਾਮਬੰਦੀ ਤੇ ਜਨ ਅੰਦੋਲਨਾ ਨੇ ਲੈ ਲਈ। ਹਥਿਆਰਾਂ ਦੀ ਥਾਂ ਇਨਕਲਾਬੀ ਸਾਹਿਤ ਸਰਹੱਦਾਂ ਪਾਰ ਕਰਕੇ ਭਾਰਤ ਵਿਚ ਆਉਣ ਲੱਗਾ। ਗ਼ਦਰੀਆਂ ਦੇ ਮੱਕੇ ਵਜੋਂ ਜਾਣੇ ਜਾਂਦੇ ਯੁਗਾਂਤਰ ਆਸ਼ਰਮ ਵਿਚ ਚੁੱਲਾ ਤਾਂ ਭਾਂਵੇ ਠੰਡਾ ਹੋ ਗਿਆ ਪਰ ਸੀਨਿਆਂ ਵਿਚ ਮਘਦੀ ਜਵਾਲਾ ਭੋਰਾ ਭਰ ਵੀ ਠੰਢੀ ਨਾ ਹੋਈ। ਦੇਸ਼ਾਂ ਦੀਆਂ ਸਰਹੱਦਾਂ ਚੀਰ ਤੇਜਾ ਸਿੰਘ ਸੁੰਤਤਰ ਵਰਗੇ ਕਾਮਿਆਂ ਦੀ ਯੁਨੀਵਰਸਿਟੀ ਵਿਚ ਦਾਖਲਾ ਲੈਣ ਲਈ ਮਾਸਕੋ ਜਾਣ ਲੱਗੇ। ਅੰਗਰੇਜ਼ੀ ਹਕੂਮਤ ਦੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤੇ ਕਾਲੇ ਪਾਣੀ ਦਾ ਤਸ਼ੱਦਦ ਵੀ ਉਧਮ ਸਿੰਘ ਕਸੇਲ ਵਰਗਿਆਂ ਦੇ ਜੋਸ਼ ਨੂੰ ਠੰਡਾ ਨਾ ਕਰ ਸਕਿਆ। ਗ਼ਦਰ ਕਦੀ ਅਕਾਲੀ ਅੰਦੋਲਨ ਵਿਚ ਗੂਜਿਆ ਕਦੇ ਕਿਰਤੀ ਪਾਰਟੀ ਬਣ ਕੇ ਜੁਲਮ ਦੀਆਂ ਜੜ੍ਹਾਂ ਵੱਡਦਾ ਰਿਹਾ। ਕਦੀ ਲਾਲ ਪਾਰਟੀ ਬਣਿਆ। ਗ਼ਦਰ ਦਾ ਆਖਰੀ ਚਰਾਗ ਬਣ ਬਾਬਾ ਬਿਲਗਾ ਇਕ ਸਦੀ ਤੋਂ ਵਧ ਲਟ ਲਟ ਬਲਦਾ ਰਿਹਾ।
ਸੰਸਾਰ ਭਰ ਬਸਤੀਵਾਦ ਦਾ ਖਾਤਮਾਂ ਸਮਾਜਵਾਦੀ ਧਿਰਾਂ ਦੀ ਚੜਤ ਨਾਲ ਹੋਣ ਲੱਗਾ। ਇਕੱਲੇ ਏਸ਼ੀਆ ਵਿਚ ਹੀ 1946 ਤੋਂ 1948 ਤੱਕ 16 ਦੇਸ਼ ਬਸਤੀਵਾਦ ਦੇ ਸੰਕੰਝੇ ਵਿੱਚੋਂ ਬਾਹਰ ਨਿਕਲੇ। ਜਿੱਥੇ ਚੀਨ ਸਮਾਜਵਾਦੀ ਲੀਹਾਂ ਉਪਰ ਚੱਲਣ ਲੱਗਾ ਤੇ ਅੱਜ ਦੁਨੀਆਂ ਦੀ ਵੱਡੀ ਤਾਕਤ ਬਣ ਗਿਆ ਹੈ। ਉੱਥੇ ਭਾਰਤ ਅੰਗਰੇਜ਼ ਪ੍ਰਸਤ ਆਗੂੂਆਂ ਦੀ ਅਗਵਾਈ ਵਿਚ ਪੂੰਜੀਵਾਦੀ ਲੀਹਾਂ ਉਪਰ ਚੱਲਣ ਲੱਗਾ। ਭਾਰਤ ਦੇ ਆਜ਼ਾਦ ਹਾਕਮਾਂ ਨੇ ਭਾਰਤੀ ਲੋਕਤੰਤਰ ਲਈ ਸਮਾਜਵਾਦੀ ਸ਼ਬਦ ‘ਸਮਾਜਵਾਦ’ ਨੂੰ ਬਦਨਾਮ ਕਰਨ ਲਈ ਹੀ ਵਰਤਿਆ ਗਿਆ ਸੀ। ਇਸ ਕਲੰਕਤ ਸਫਰ ਵਿਚ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗ਼ਰੀਬ ਹੋਣ ਲੱਗਾ। ਅੱਜ ਗਰੀਬ ਦਾ ਜੀਉਣਾ ਨਰਕ ਦੀ ਫਟੀ ਹੋਈ ਤਸਵੀਰ ਬਣ ਕੇ ਰਹਿ ਗਿਆ।
ਜੇਲ੍ਹਾਂ ਕੱਟ ਕੇ ਆਰਮ ਦੀ ਜਿੰਦਗੀ ਜੀਉਣ ਦੀ ਕਾਮਨਾ ਕਰਨ ਵਾਲੇ ਗ਼ਦਰੀਆਂ ਨੂੰ ਦੇਸ਼ ਦੇ ਹਾਕਮਾਂ ਦੇ ਖਿਲਾਫ ਲੜਨਾ ਪਿਆ। ਬਾਬਾ ਸੋਹਣ ਸਿੰਘ ਭਕਨਾ ਵਰਗਿਆਂ ਨੂੰ ਬਰਤਾਨਵੀ ਹਾਕਮਾਂ ਦੀਆਂ ਜੇਲ੍ਹਾਂ ਭਾਂਵੇਂ ਕੁਝ ਨਾ ਕਰ ਸਕੀਆਂ ਪਰ ਆਜ਼ਾਦ ਭਾਰਤ ਦੇ ਦੇਸੀ ਹਾਕਮਾਂ ਦੀਆਂ ਜੇਲ੍ਹਾਂ ਦੇ ਤਸ਼ੱਦਦ ਨੇ ਉਸ ਮਹਾਨ ਦੇਸ਼ ਭਗਤ ਦੀ ਕੰਡ ਕੁੱਬੀ ਕਰ ਦਿੱਤੀ। ਇਹੋ ਹੀ ਕਾਰਨ ਹੈ ਕਿ ਆਜ਼ਾਦੀ ਦੇ 65 ਸਾਲ ਬੀਤ ਜਾਣ ਦੇ ਬਾਦ ਵੀ ਇਹ ਹੀ ਜਾਪਦਾ ਹੈ ਕਿ 1947 ਵਿਚ ਦੇਸ਼ ਆਜ਼ਾਦ ਨਹੀਂ ਸੀ ਹੋਇਆ ਕੇਵਲ ਸਤਾ ਦਾ ਤਬਾਦਲਾ ਹੀ ਹੋਇਆ ਸੀ। ਦੇਸ਼ ਦੀ ਆਜ਼ਾਦੀ ਦਾ ਭਰਮ ਹੁਣ ਜਿੱਥੇ ਟੁੱਟਦਾ ਜਾ ਰਿਹਾ ਹੈ। ਉੱਥੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਨ ਵਾਲੀ ਆਖਰੀ ਪੀੜੀ ਅਜੇ ਜੀਉਂਦੀ ਹੈ ਕਿ ਦੇਸ਼ ਦੀ ਆਜ਼ਾਦੀ ਦਮ ਤੋੜਨ ਲੱਗ ਪਈ ਹੈ। ਦੇਸ਼ ਦੇ ਹਾਕਮ ਨਿੱਜੀ ਲਾਭ ਲਈ ਦੇਸ਼ ਨੂੰ ਗਿਰਵੀ ਰੱਖ ਰਹੇ ਹਨ। ਜਿਨ੍ਹਾਂ ਕੁਦਰਤੀ ਸਾਧਨਾਂ ਨੂੰ ਅੰਗਰੇਜ ਬਸਤੀਵਾਦੀਆਂ ਨੇ ਆਪਣੇ ਢਾਈ ਸੋ ਸਾਲਾਂ ਦੇ ਰਾਜ ਪ੍ਰਬੰਧ ਵਿਚ ਨਹੀਂ ਸੀ ਛੇੜਿਆ ਭਾਰਤ ਦੇ ਦੇਸੀ ਹਾਕਮ ਉਨ੍ਹਾਂ ਕੁਦਰਤੀ ਸਾਧਨਾ ਨੂੰ ਨਿੱਜੀ ਹਿੱਤਾਂ ਦੀ ਖਾਤਰ ਕੌਡੀਆਂ ਦੇ ਭਾਅ ਬੁਹ ਰਾਸ਼ਟਰੀ ਕੰਪਣੀਆਂ ਨੂੰ ਵੇਚ ਰਹੇ ਹਨ। ਤੇ ਉਨ੍ਹਾਂ ਜੰਗਲਾਂ ਵਿਚ ਰਹਿੰਦੇ ਆਦੀ ਵਾਸੀਆਂ ਨੂੰ ਜਬਰਦਸਤੀ ਉਜਾੜਿਆ ਜਾ ਰਿਹਾ ਹੈ। ਉਨਾਂ ਦੇ ਮੁੜ ਵਸੇਵੇ ਦੀ ਥਾਂ ਉਨ੍ਹਾਂ ਨੂੰ ਫੌਜੀ ਬੂਟਾਂ ਹੇਠ ਕੁਚਲਿਆ ਜਾ ਰਿਹਾ ਹੈ। ਵਰਦੀਧਾਰੀ ਲੋਕਾਂ ਵੱਲੋਂ ਕਾਨੂੰਨ ਦੀ ਆੜ ਹੇਠ ਆਦੀਵਾਸੀਆਂ ਦੀਆਂ ਨਬਾਲਕ ਕੰਜਕਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ ਤਾਂ ਕਿ ਉਹ ਲੋਕ ਕੁਦਰਤੀ ਖਿਜਾਨਿਆਂ ਨਾਲ ਭਰਭੂਰ ਧਰਤੀ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ। ਪਰ ਲੋਕ ਲੜ ਰਹੇ ਹਨ। ਲੋਕ ਮਰ ਰਹੇ ਹਨ।
1991 ਵਿਚ ਦੇਸ਼ ਦੀਆਂ ਸਰਹੱਦਾਂ ਵਿਸ਼ਵੀਕਰਨ ਦੇ ਮਾਰੂ ਸਾਹਨ ਦੇ ਚਰਨ ਲਈ ਖੋਲੀਆਂ ਜਾ ਚੁੱਕੀਆਂ ਹਨ। ਪੱਕੀਆਂ ਨੌਕਰੀਆਂ ਦਾ ਭੋਗ ਪਾਕੇ ਠੇਕੇ ਉਪਰ ਭਰਤੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਬੁਹ ਰਾਸ਼ਟਰੀ ਧਾੜਵੀਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਪੋਟਾ ਪੋਟਾ ਕਰਜ਼ੇ ਨਾਲ ਵਿੰਨੇ ਦੇਸ਼ ਦੀਆਂ ਨੀਤੀਆਂ ਉਸ ਪਾਰਲੀ ਮੈਂਟ ਵਿਚ ਨਹੀਂ ਘੜੀਆਂ ਜਾ ਰਹੀਆਂ ਜਿਸ ਪਾਰਲੀਮੈਂਟ ਵਿਚ ਬੈਠੇ ਬੋਲ਼ਿਆਂ ਨੂੰ ਸੁਣਾਉਣ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਬੰਬ ਸੱੁਟਿਆ ਸੀ। ਸਗੋਂ ਅਮਰੀਕਾ ਵਿਚ ਬੈਠੇ ਨਵ ਸਾਮਰਾਜੀਆਂ ਵੱਲੋਂ ਥੋਪੀਆਂ ਜਾ ਰਹੀਆਂ ਹਨ। ਇਸੇ ਨੀਤੀ ਦੇ ਤਹਿਤ ਪ੍ਰਚੂਨ ਦੇ ਵਿਉਪਾਰੀਆਂ ਦਾ ਰੁਜ਼ਗਾਰ ਖੋਹ ਕੇ ਸਿੱਧੇ ਵਿਦੇਸ਼ੀ ਨਿਵੇਸ਼ਕਾਂ ਨੂੰ ਦਿੱਤਾ ਜਾ ਰਿਹਾ ਹੈ। ਐਫ. ਡੀ. ਆਈ ਉੱਪਰ ਵੱਖ ਵੱਖ ਰਾਜਸੀ ਪਾਰਟੀਆਂ ਦੀ ਪੈਤੜੇ ਬਾਜੀ ਨੇ ਇਹ ਤਾਂ ਦੱਸ ਹੀ ਦਿੱਤਾ ਹੈ ਕਿ ਇਕੋ ਹੀ ਪਾਰਟੀ ਰਾਜ ਸਭਾ ਵਿਚ ਹੋਰ ਸਟੈਂਡ ਲੈਂਦੀ ਹੈ ਤੇ ਲੋਕ ਸਭਾ ਵਿਚ ਹੋਰ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਣ ਵਾਲੇ ਸਰਾਭੇ ਵਰਗਿਆਂ ਨੇ ਕਦੇ ਵੀ ਇਹ ਨਹੀਂ ਸੋਚਿਆ ਹੋਣਾ ਕਿ ਦੇਸ਼ ਦੇ ਹਾਕਮ ਇਸ ਕਦਰ ਆਪਣਾ ਇਮਾਨ ਵੇਚ ਦੇਣਗੇ ਤੇ ਦੇਸ਼ ਦੀ ਨੌਜਵਾਨ ਪੀੜੀ �ਿਕਟ ਦਾ ਮੈਚ ਜਿੱਤਣ ਹਾਰਨ ਦੇ ਸੱਟੇ ਲਗਾਉਂਦੀ ਰਹੇਗੀ। ਦੇਸ਼ ਦੀ ਨੌਜਵਾਨੀ ਇਸ ਲਈ ਨਸ਼ਿਆਂ ਵਿਚ ਗਰਕ ਕੀਤੀ ਜਾਂਦੀ ਹੈ ਕਿ ਉਹ ਉਧਮ ਸਿੰਘ ਤੇ ਮਦਨ ਲਾਲਾ ਢੀਂਗਰਾਂ ਨੂੰ ਆਪਣਾ ਨਾਇਕ ਨਾ ਬਣਾ ਲੈਣ।
ਅੱਜ ਜਦੋਂ ਅਸੀਂ ਗਦਰ ਦੀ ਸ਼ਤਾਬਦੀ ਮਨਾ ਰਹੇ ਹਾਂ ਤਾਂ ਯਕੀਨਨ ਹੀ ਦੇਸ਼ ਦੇ ਹਾਕਮ ਵੀ ਉਨ੍ਹਾਂ ਨਾਇਕਾਂ ਨੂੰ ਯਾਦ ਕਰਨਗੇ ਤੇ ਇਸ ਸ਼ਤਾਬਦੀ ਸਮਾਰੋਹ ਵਿਚ ਆਕੇ ਸ਼ਾਮਲ ਹੋ ਜਾਣਗੇ। ਦੇਸ਼ ਭਗਤ ਯਾਦਗਰ ਹਾਲ ਇਨਸਾਫ ਪਾਸੰਦ ਲੋਕਾਂ ਦੀਆਂ ਭੀੜਾਂ 28 ਅਕਤੂਬਰ ਤੋਂ ਪਹਿਲੀ ਨਵੰਬਰ ਤੱਕ ਖਚਾ ਖਚ ਭਰਿਆ ਰਹੇਗਾ। ਭਾਂਵੇ ਗ਼ਦਰ ਸ਼ਤਾਬਦੀ ਦੇ ਜ ਸਾਰੇ ਦੇਸ਼ਾਂ ਵਿਚ ਹੀ ਮਨਾਏ ਜਾਣੇ ਹਨ ਜਿੱਥੇ ਵੀ ਵਿਗਿਆਨਕ ਸੋਚ ਵਾਲੇ ਭਾਰਤੀ ਰਹਿੰਦੇ ਹਨ ਪਰ ਪੰਜਾਬ ਦੇ ਸ਼ਹਿਰ ਜਲੰਧਰ ਦਾ ਇਹ ਜਸ਼ਨ ਇਸ ਦਾ ਸਿਖਰ ਹੋਵੇਗਾ।
ਇਕ ਗ਼ਦਰ ਨੂੰ ਆਰੰਭ ਹੋਇਆ ਇਕ ਸ਼ਤਾਬਦੀ ਬੀਤ ਗਈ ਹੈ। ਦੇਸ਼ ਦੇ ਹਾਕਮ ਬਦਲ ਗਏ ਹਨ। ਅੱਜ ਉਸ ਗ਼ਰਦ ਦੀ ਸ਼ਤਾਬਦੀ ਹੈ ਜਿਸ ਦਾ ਕੇਵਲ ਡਾਕ ਟਿਕਟ ਜਾਰੀ ਹੋ ਜਾਣ ਨਾਲ ਕੁਝ ਨਹੀਂ ਸਰਨਾ। ਇਹ ਗ਼ਦਰ ਲੋਕਾਂ ਲਈ ਬਰਾਬਤਾਂ ਦੀ ਮੰਗ ਕਰਦਾ ਸੀ। ਇਹ ਗ਼ਦਰ ਅੱਜ ਵੀ ਉਹ ਹੀ ਮੰਗ ਕਰ ਰਿਹਾ ਹੈ ਜੋ ਅੱਜ ਤੋਂ ਸੌ ਸਾਲ ਪਹਿਲਾਂ ਕਰ ਰਿਹਾ ਸੀ। ਅੱਜ ਵੀ ਮਨੱਖ ਦੀਆਂ ਜਮਹੂਰੀ ਆਜ਼ਾਦੀਆਂ ਖਤਰੇ ਵਿਚ ਹਨ। ਅੱਜ ਵੀ ਪੇਟ ਦੀ ਖਾਤਰ ਜਿਸਮ ਵਿਕਦਾ ਹੈ। ਅੱਜ ਵੀ ਇਨਸਾਫ ਦੀ ਬੋਲੀ ਲਗਦੀ ਹੈ। ਅੱਜ ਫਰੇਮ ਵਿਚ ਕੈਦ ਬਾਬਾ ਸੋਹਣ ਸਿੰਘ ਭਕਨਾ ਦੀ ਕੁੱਬੀ ਕੰਡ ਵਾਲੀ ਫੋਟੋ ਹਜ਼ਾਰਾਂ ਉਤਸ਼ਾਹੀ ਨੌਜਵਾਨਾਂ ਨੂੰ ਵੰਗਾਰ ਰਹੀ ਹੈ। ਉੱਠੇੋ ਦੇਸ਼ ਦੇ ਅਸਲੀ ਵਾਰਸੋ! ਉੱਠੋ!! ਉੱਠੋ!!! ਗ਼ਦਰ ਜਾਰੀ ਹੈ। ਗ਼ਦਰ ਜਾਰੀ ਹੈ।

ਗ਼ਦਰ ਸ਼ਤਾਬਦੀ ਨੂੰ ਸਮਰਪਿਤ ਮੇਲਾ ਗ਼ਦਰੀਆਂ ਬਾਬਿਆਂ ਦਾ

                                                                                     ਡਾ.ਤੇਜਿੰਦਰ ਵਿਰਲੀ (9464797400)
ਭਾਰਤ ਦਿੱਥ ਹੋਰ ਰੋਜ਼ ਮੇਲੇ ਲਗਦੇ ਹਨ। ਜਿਸ ਦੇਸ਼ ਨੂੰ ਮੇਲਿਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਉਸ ਦੇਸ਼ ਵਿਚ ਗ਼ਦਰੀ ਬਾਬਿਆਂ ਦੀ ਯਾਦ ਵਿਚ ਲੱਗਣ ਵਾਲਾ ਮੇਲਾ ਅਸਲੋਂ ਹੀ ਵੱਖਰੇ ਰੰਗ ਦਾ ਮੇਲਾ ਹੈ। ਜਲੰਧਰ ਦੀ ਧਰਤੀ ਚਾਰ ਦਿਨ ਉਨ੍ਹਾਂ ਸ਼ਹੀਦਾਂ ਦੇ ਰੰਗ ਵਿਚ ਰੰਗੀ ਰਹਿੰਦੀ ਹੈ ਜਿਨ੍ਹਾਂ ਨੂੰ ਭਲਾਉਣ ਦੀ ਹਰ ਕੋਸ਼ਿਸ ਦੇਸ਼ ਦੀਆਂ ਹਾਕਮ ਧਿਰਾਂ ਹਰ ਰੋਜ਼ ਕਰ ਰਹੀਂਆਂ ਹਨ। ਇਹ ਹੀ ਹੈ ਇਸ ਮੇਲੇ ਦੀ ਖਾਸੀਅਤ।
2013 ਦਾ ਵਰ੍ਹਾ ਗ਼ਦਰ ਪਾਰਟੀ ਦੀ ਸ਼ਤਾਬਦੀ ਵਜੋਂ ਸੰਸਾਰ ਉੱਪਰ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਸ ਸ਼ਤਾਬਦੀ ਦੀ ਸਿਖਰ ਵਜੋਂ ਇਹ ਮੇਲਾ ਹੋਰ ਵੀ ਵਧੇਰੇ ਮਹੱਤਵ ਰੱਖਦਾ ਹੈ। ਸ਼ਹੀਦਾ ਨੂੰ ਪ੍ਰਨਾਮ ਕਰਦਾ ਹੋਇਆ ਇਹ ਮੇਲਾ ਸ਼ਹੀਦਾ ਦੀ ਯਾਦ ਨੂੰ ਲੋਕਾਂ ਦੇ ਮਨਾਂ ਅੰਦਰ ਤਾਜ਼ਾ ਕਰੇਗਾ ਤੇ ਆਧੂਰੇ ਪਏ ਕਾਜ ਨੂੰ ਪੂਰਾ ਕਰਨ ਦਾ ਅਹਿਦ ਕਰੇਗਾ।
ਇਹ ਤਾਂ ਸਰਬ ਪ੍ਰਮਾਣਤ ਸਚਾਈ ਹੈ ਕਿ ਜਿਹੜੀਆਂ ਕੌਮਾਂ ਆਪਣੇ ਗੌਰਵਮਈ ਵਿਰਸੇ ਨੂੰ ਭੁਲ ਜਾਂਦੀਆਂ ਹਨ ਨਾ ਉਨ੍ਹਾਂ ਦਾ ਵਰਤਮਾਨ ਹੁੰਦਾ ਹੈ ਤੇ ਨਾ ਹੀ ਭਵਿੱਖ। ਜਿਹੜੇ ਲੋਕ ਆਪਣੇ ਗੌਰਵਮਈ ਇਤਿਹਾਸ ਪਾਸੋਂ ਅਗਵਾਈ ਲਂੈਦੇ ਹਨ ਉਹ ਨਾ ਕੇਵਲ ਭਵਿੱਖ ਨੂੰ ਬਾਖੂਬੀ ਨਾਲ ਸਮਝਣ ਦੇ ਕਾਬਲ ਹੋ ਜਾਦੇ ਹਨ ਸਗੋਂ ਲੰਮਾਂ ਸਮਾਂ ਮਾਨਵ ਜਾਤੀ ਦੀ ਸੇਵਾ ਵੀ ਕਰਦੇ ਹਨ। ਇਸੇ ਪ੍ਰਕਾਰਜ ਨੂੰ ਪ੍ਰਨਾਇਆ ਇਹ ਮੇਲਾ ਇੱਕੀ ਸਾਲਾਂ ਤੋਂ ਚਲਿਆ ਆ ਰਿਹਾ ਹੈ। 28 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਇਸ ਮੇਲੇ ਦਾ ਸਿਖਰ ਪਹਿਲੀ ਨਵੰਬਰ 2012 ਦੀ ਨਾਟਕਾਂ ਭਰੀ ਰਾਤ ਨਾਲ ਹੋਵੇਗਾ ਦੋ ਨਵੰਬਰ ਦੇ ਸਰਗੀ ਵੇਲੇ ਇਹ ਮੇਲਾ ਅਗਲੇ ਮਿਲਾਪ ਦਾ ਵਾਅਦਾ ਕਰਕੇ ਵਿਦਾ ਹੋ ਜਾਵੇਗਾ।
ਦੇਸ਼ ਭਗਤਾਂ ਨੇ ਧਰਮ ਜਾਤ ਤੇ ਫਿਰਕੇ ਤੋਂ ਉਪਰ ਉਠਕੇ ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ ਸੀ। ਦੇਸ਼ ਭਗਤਾਂ ਦੇ ਪਰਿਵਾਰਾਂ ਨੂੰ ਵੀ ਇਸ ਦੀ ਬਹੁਤ ਭਾਰੀ ਕੀਮਤ ਤਾਰਨੀ ਪਈ। ਉਨਾਂ ਦੇ ਘਰ ਢਾਅ ਦਿੱਤੇ ਗਏ ਤੇ ਜ਼ਮੀਨਾ ਕੁਰਕ ਕਰ ਦਿੱਤੀਆਂ ਗਈਆਂ। ਹੋਰ ਤਾਂ ਹੋਰ ਇਨ੍ਹਾਂ ਦੇਸ਼ ਭਗਤਾਂ ਨਾਲ ਰੋਟੀ ਬੇਟੀ ਦਾ ਨਾਤਾ ਨਾ ਰੱਖਣ ਵਰਗੇ ਹੁਕਮਨਾਮੇ ਵੱਖ ਵੱਖ ਧਰਮਾਂ ਦੇ ਆਗੂਆਂ ਨੇ ਜਾਰੀ ਕੀਤੇ। ਜਦੋਂ ਦੇਸ਼ ਭਗਤ ਏਨੀਆਂ ਵੱਡੀਆਂ ਕੁਰਬਾਨੀਆਂ ਦੇ ਰਹੇ ਸਨ ਉਸ ਵਕਤ ਅੰਗਰੇਜ਼ ਪ੍ਰਸਤਾਂ ਨੂੰ ਵੱਡੀਆਂ ਜਗੀਰਾਂ ਇਨਾਮ ਵਜੋਂ ਮਿਲ ਰਹੀਂਆਂ ਸਨ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਨ੍ਹਾਂ ਨੇ ਨਾ ਕੇਵਲ ਆਪਣੇ ਸਰੀਰਾਂ ’ਤੇ ਜੁਲਮ ਦਾ ਸਿਖਰ ਦੇਖਿਆ ਸਗੋਂ ਦੇਸ਼ ਲਈ ਆਪਣੇ ਖਾਨਦਾਨ ਨੂੰ ਵੀ ਮੁਸੀਬਤਾਂ ਦੀ ਭੱਠੀ ਵਿਚ ਝੋਕ ਦਿੱਤਾ। ਜਦ ਕਿ ਉਨ੍ਹਾਂ ਦੇ ਸ਼ਰੀਕੇ ਦੇ ਭਾਈ ਬੰਦ ਅੰਗ੍ਰੇਜ਼ ਪ੍ਰਸਤੀ ਲਈ ਬੇਸ਼ਰਮੀ ਦੀਆਂ ਸਾਰੀਆਂ ਹੱਦਾ ਪਾਰ ਕਰਕੇ ਮਾਲੋ ਮਾਲ ਹੁੰਦੇ ਰਹੇ। ਇਸ ਮੇਲੇ ਵਿਚ ਉੁਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜਾਂ ਕਰਦਾ ਹੋਇਆ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਸ਼ਹੀਦਾਂ ਦੇ ਪਿੰਡਾਂ ਨੂੰ ਵਿਸ਼ੇਸ ਰੂਪ ਵਿਚ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਅੱਜ ਦਾ ਨੌਜਵਾਨ ਉਨਾਂ ਸ਼ਹੀਦਾਂ ਦੇ ਰਾਹ ’ਤੇ ਨਾ ਤੁਰੇ ਇਸ ਲਈ ਭਾਰਤ ਦੀਆਂ ਹਾਕਮ ਧਿਰਾਂ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਦਾ ਆਖਰੀ ਨਿਸ਼ਾਨ ਵੀ ਮਿਟਾ ਦੇਣਾ ਚਾਹੁੰਦੀਆਂ ਹਨ। ਸ਼ਹੀਦਾਂ ਦੇ ਨਾਮ ’ਤੇ ਹੁੰਦੀਆਂ ਛੁੱਟੀਆਂ ਬੰਦ ਕੀਤੀਆਂ ਜਾ ਰਹੀਂਆਂ ਹਨ। ਅਗੰਰੇਜ਼ਾਂ ਦੁਆਰਾ ਕੀਤੇ ਗਏ ਜੁਲਮ ਦੇ ਨਿਸ਼ਾਨ ਮਿਟਾਉਣ ਲਈ ਜਲ੍ਹਿਆਂ ਵਾਲੇ ਬਾਗ ਦੇ ਸਰੂਪ ਨੂੰ ਬਦਲਣ ਦੀਆਂ ਸਕੀਮਾਂ ਘੜੀਆਂ ਜਾ ਰਹੀਂਆਂ ਹਨ। ਸ਼ਹੀਦੇ ਆਜ਼ਮ ਭਗਤ ਸਿੰਘ ਦੀ ਯਾਦਗਰ ਨੂੰ ਮਹਿਜ ਰੈਸਟੋਰੈਂਟ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਮਦਨ ਲਾਲ ਢੀਂਗਰਾ ਦੇ ਘਰ ਨੂੰ ਮਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਅੱਜ ਦਾ ਨੌਜਵਾਨ ਸ਼ਹੀਦ ਸਰਾਭੇ ਨੂੰ ਆਪਣਾ ਆਦਰਸ਼ ਨਾ ਮੰਨੇ ਇਸ ਲਈ ਨੌਜਵਾਨਾਂ ਨੂੰ ਨਕਲੀ ਨਾਇਕ ਪਰੋਸ ਕੇ ਦਿੱਤੇ ਜਾ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਨੂੰ ਇਕ ਦੂਸਰੇ ’ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਲੱਚਰ ਸਾਹਿਤ ਲੋਕਾਂ ਵਿਚ ਧੱਕੇ ਨਾਲ ਪ੍ਰੋਸਿਆ ਜਾ ਰਿਹਾ ਹੈ। ਹਾਕਮ ਧਿਰਾਂ ਦੇ ਇਰਾਦਿਆਂ ਦੇ ਵਿਰੁਧ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ ਲਈ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦੇ ਅਹਿਦਨਾਮੇ ਨੂੰ ਦਹਰਾਉਣ ਲਈ ਇਸ ਮੇਲੇ ਦਾ ਮਹੱਤਵ ਬਹੁਤ ਹੀ ਵੱਧ ਜਾਂਦਾ ਹੈ।
ਆਜ਼ਾਦੀ ਦੇ 64 ਸਾਲਾਂ ਬਾਅਦ ਵੀ ਭਾਰਤ ਦੇ 38% ਨੌਜਵਾਨਾਂ ਕੋਲ ਕੋਈ ਰੁਜ਼ਗਾਰ ਨਹੀਂ। ਸ਼ਹੀਦ ਉਧਮ ਸਿੰਘ ਦੇ ਸੁਪਨਿਆਂ ਦਾ ਦੇਸ਼ ਮੁੱਠੀ ਭਰ ਲੋਕਾਂ ਦੀਆਂ ਸੁੱਖ ਸਹੂਲਤਾਂ ਦਾ ਕੇਂਦਰ ਬਣ ਕੇ ਰਹਿ ਗਿਆ ਹੈ। 83 ਕਰੋੜ ਲੋਕ 20 ਰੁਪਏ ਦਿਹਾੜੀ ਨਾਲ ਗੁਜ਼ਾਰਾ ਕਰ ਰਹੇ ਹਨ। ਭਾਰਤ ਦਾ ਆਮ ਨਾਗਰਿਕ ਅੱਜ ਬੇ ਇਲਾਜ ਮਰ ਰਿਹਾ ਹੈ। ਭਾਰਤ ਦੀ 90% ਵਸੋਂ ਨੂੰ ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ। ਗ਼ਦਰੀ ਬਾਬਿਆਂ ਨੇ ਕੁਰਬਾਨੀਆਂ ਇਸ ਲਈ ਨਹੀਂ ਸੀ ਦਿੱਤੀਆਂ ਕਿ ਅੰਨ ਪੈਦਾ ਕਰਨ ਵਾਲਾ ਕਿਸਾਨ ਖੁਦਕਸ਼ੀਆਂ ਕਰੇ ਤੇ ਭਰਿਸ਼ਟ ਲੋਕ ਸੰਸਦ ਵਿਚ ਬੈਠ ਕੇ ਕਾਨੂੰਨ ਘੜਨ। ਬੇਰੁਜ਼ਗਾਰ ਧੀਆਂ ਪਾਣੀ ਦੀਆਂ ਟੈਂਕੀਆਂ ’ਤੇ ਚੜਕੇ ਆਤਮ ਦਾਹ ਕਰਨ ਤੇ ਹਾਕਮ ਧਿਰਾਂ ਦੇ ਜਵਾਈ ਦੇਸ਼ ਦੇ ਸਾਰੇ ਨਿਯਮ ਤਾਕ ਉਪਰ ਰੱਖਕੇ ਰਾਤੋ ਰਾਤ ਮਾਲੋ ਮਾਲ ਹੋ ਜਾਣ।
ਅੱਜ ਭਾਰਤ ਦੀ ਵਿੱਦਿਆ ਨੀਤੀ ਦੇ ਤਹਿਤ ਗਰੀਬ ਵਰਗ ਨੂੰ ਪੜਾਈ ਤੋਂ ਵਾਂਝਿਆਂ ਕਰ ਦਿੱਤਾ ਗਿਆ ਹੈ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਠੇਕੇ ’ਤੇ ਭਰਤੀ ਕੀਤੀ ਜਾਂ ਰਹੀ। ਬਦੇਸ਼ੀ ਯੁਨੀਵਰਸਿਟੀਆਂ ਦੇ ਹਵਾਲੇ ਉੱਚ ਸਿੱਖਿਆ ਕੀਤੀ ਜਾ ਰਹੀਂ ਹੈ। ਦੂਸਰੇ ਪਾਸੇ ਸਰਬ ਸਿੱਖਿਆ ਅਭਿਆਨ ਦੇ ਨਾਮ ’ਤੇ ਮਣਾ ਮੂੰਹੀਂ ਧਨ ਰੋੜਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਵਿਚ ਇਹ ਭਰਮ ਪੈਦਾ ਕੀਤਾ ਜਾ ਸਕੇ ਕਿ ਦੇਸ਼ ਦੀ ਸਾਖਰਤਾ ਦਰ ਬਹੁਤ ਵਧ ਗਈ ਹੈ।
ਆਰਥਿਕ ਮੰਦੀ ਦੇ ਦੌਰ ਵਿਚ ਵਿਦੇਸ਼ਾਂ ਵਿਚ ਭਟਕਦੇ ਨੌਜਵਾਨਾ ਦਾ ਜੋ ਹਸ਼ਰ ਹੋ ਰਿਹਾ ਹੈ ਇਹ ਤਾਂ ਉਹ ਹੀ ਜਾਣਦੇ ਹਨ। ਸਾਡੀ ਸਰਕਾਰ ਦਾ ਇਸ ਮਾਮਲੇ ਵਿਚ ਬਣਦਾ ਰੋਲ ਅਦਾ ਨਹੀਂ ਕਰ ਰਹੀ। ਸੇਵਾ ਸਿੰਘ ਲੋਪੋਕੇ ਵਰਗਿਆਂ ਨੇ ਕੈਨੇਡਾ ਵਿਚ ਇਸ ਲਈ ਫਾਂਸੀ ਦਾ ਰੱਸਾ ਨਹੀਂ ਸੀ ਚੁੰਮਿਆਂ ਕਿ ਆਜ਼ਾਦ ਭਾਰਤ ਦੀ ਸਰਕਾਰ ਵਿਦੇਸ਼ਾਂ ਵਿਚ ਹੁੰਦੇ ਵਿਤਕਰਿਆਂ ਨੂੰ ਚੁਪ ਚਾਪ ਬਰਦਾਸ਼ਤ ਕਰਦੀ ਰਹੇ ਤੇ ਭਾਰਤ ਨੂੰ ਪਰਤਦੀਆਂ ਰਹਿਣ ਰੋਟੀ ਕਮਾਉਣ ਗਏ ਕਮਾੳੂ ਪੁਤਰਾਂ ਦੀਆਂ ਲਾਸ਼ਾਂ। ਇਟਲੀ ਦੇ ਸਾਗਰਾਂ ਵਿਚ ਡੁੱਬਕੇ ਮਰ ਗਏ ਨੌਜਵਾਨਾਂ ਦੇ ਵਾਰਸ਼ਾਂ ਨੂੰ ਵਿਚਾਰਧਾਰਕ ਧਰਵਾਸ ਦਵਾਉਦਾ ਇਹ ਮੇਲਾ ਭਾਈ ਸੰਤੋਖ ਸਿੱਘ ਕਿਰਤੀ ਦਾ ਇਹ ਹੀ ਸਨੇਹਾ ਦਹਰਾਉਂਦਾ ਹੈ ਜਿਨ੍ਹਾਂ ਦਾ ਘਰ ਵਿਚ ਸਤਿਕਾਰ ਨਹੀਂ ਹੁੰਦਾ ਉਨ੍ਹਾਂ ਨੂੰ ਬਾਹਰ ਕੋਈ ਨਹੀਂ ਪੁੱਛਦਾ।
ਇੱਕੀਵੀਂ ਸਦੀ ਵਿਚ ਜਿੱਥੇ ਗਿਆਨ ਦਾ ਪਸਾਰ ਸੰਸਾਰ ਪੱਧਰ ’ਤੇ ਹੋਇਆ ਹੈ ਉੱਥੇ ਭਾਰਤ ਵਿਚ ਗਰੀਬੀ ਤੇ ਅਨਪੜ੍ਹਤਾ ਵਧੀ ਹੈ। ਮਹਿੰਗੀ ਇਲਾਜ਼ ਪ੍ਰਨਾਲੀ ਕਰਕੇ ਲੋਕ ਸਾਧਾਂ ਦੇ ਡੇਰਿਆਂ ’ਤੇ ਮਰੀਜਾਂ ਨੂੰ ਲਈ ਫਿਰਦੇ ਹਨ। ਲੋਕਾਂ ਨੂੰ ਮਿਲਦੀਆਂ ਸੀਮਤ ਸਿਹਤ ਸਹੂਲਤਾਂ ਵੀ ਹੁਣ ਵਿਸ਼ਵੀਕਰਨ ਦੀਆਂ ਨੀਤੀਆਂ ਦੀਆਂ ਭੇਟ ਚੜ੍ਹ ਰਹੀਂਆਂ ਹਨ। ਹੋਰ ਸਰਕਾਰੀ ਅਦਾਰਿਆਂ ਵਾਂਗ ਸਰਕਾਰੀ ਹਸਪਤਾਲ ਵੀ ਸਰਕਾਰ ਨੇ ਨਿੱਜੀ ਹੱਥਾਂ ਵਿਚ ਕੌਡੀਆਂ ਦੇ ਭਾਅ ਵੇਚ ਦਿੱਤੇ ਹਨ।
ਪ੍ਰਸ਼ਾਸਨ ਅੰਦਰ ਭਰਿਸ਼ਟਾਚਾਰ ਇਨ੍ਹਾਂ ਵਧ ਗਿਆ ਹੈ ਕਿ ਭਰਿਸ਼ਟ ਅਹੁਦਿਆ ਤੇ ਬੈਠੇ ਲੋਕ ਹੈਰਾਨੀ ਜਨਕ ਨੋਟ ਇਕੱਠੇ ਕਰ ਰਹੇ ਹਨ। ਸਵਿਟਜ਼ਰਲੈਂਡ ਦੀਆਂ ਬੈਂਕਾਂ ਇਨਾਂ ਦੇ ਨਜ਼ਾਇਜ ਧਨ ਨਾਲ ਭਰੀਆਂ ਪਈਆਂ ਹਨ। ਸਰਕਾਰ ਲੋਕਾਂ ਦੀਆਂ ਹੱਕੀ ਤੇ ਵਾਜਬ ਮੰਗਾਂ ਨੂੰ ਕੁਚਲਣ ਲਈ ਕਾਨੂੰਨ ਬਣਾ ਰਹੀ ਹੈ , ਉੱਥੇ ਭਰਿਸ਼ਟਾਚਾਰ ਨੂੰ ਰੋਕਣ ਲਈ ਕਦੇ ਕੋਈ ਗੱਲ ਤੱਕ ਪਾਰਲੀਮੈਂਟ ਵਿਚ ਨਹੀਂ ਹੁੰਦੀ। ਅੱਜ ਪੁਲਿਸ ਭਰਿਸ਼ਟ ਲੋਕਾਂ ਦੀ ਰਾਖੀ ਕਰ ਰਹੀਂ ਹੈ। ਹੱਕ ਸੱਚ ਇਨਸਾਫ ਦੀ ਗੱਲ ਕਰਨ ਵਾਲਿਆਂ ਨੂੰ ਸਰੇਆਮ ਸੜਕਾਂ ਉਪਰ ਕੁੱਟਿਆ ਜਾ ਰਿਹਾ ਹੈ। ਅੱਤਵਾਦ ਦਾ ਝੂਠਾ ਹੳੂਆ ਖੜਾ ਕਰਕੇ ਲੋਕਾਂ ਦੀਆਂ ਲਹਿਰਾਂ ਨੂੰ ਕੁਚਲਿਆ ਜਾ ਰਿਹਾ ਹੈ।
ਸਰਕਾਰਾਂ ਦੀਆਂ ਤਹਿ ਸੁਦਾ ਨੀਤੀਆਂ ਦੇ ਤਹਿਤ ਪੰਜਾਬ ਦੇ ਨੌਜਵਾਨ ਕੁਰਾਹੇ ਪਾਏ ਜਾ ਰਹੇ ਹਨ। ਉਨ੍ਹਾਂ ਨੂੰ ਨਸ਼ਿਆਂ ’ਤੇ ਲਾਇਆ ਜਾ ਰਿਹਾ ਹੈ। ਤਾਂ ਕਿ ਉਹ ਇਕੱਠੇ ਹੋਕੇ ਭਗਤ ਸਿੰਘ ਦੇ ਵਿਗਿਆਨਕ ਵਿਚਾਰਾਂ ਨਾਲ ਲੁੱਟ ਘਸੁੱਟ ਰਹਿਤ ਸਮਾਜ ਸਿਰਜਣ ਨਾ ਤੁਰ ਪੈਣ। ਅੱਜ ਜਦੋਂ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਤਹਿਤ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਘਰਾਣਿਆ ਨੂੰ ਦਿੱਤੀਆਂ ਜਾ ਰਹੀਂਆਂ ਹਨ ਕਿੱਤੇ । ਵਿਸ਼ੇਸ ਆਰਥਿਕ ਜ਼ੋਨ ਉਸਾਰੇ ਜਾ ਰਹੇ ਹਨ। ਯੁਨੀਵਰਸਿਟੀ ਬੰਦ ਕਰਕੇ ਕਾਰਾਂ ਦੇ ਕਾਰਖਾਨੇ ਲਗਾਏ ਜਾ ਰਹੇ ਹਨ। ਹਰ ਕਿਸਮ ਦੇ ਮੁਲਾਜਮਾਂ ਦੀ ਪੈਂਨਸ਼ਨ ਬੰਦ ਕੀਤੀ ਗਈ ਹੈ । ਸਰਕਾਰੀ ਨੌਕਰੀਆਂ ਦਾ ਭੋਗ ਪਾ ਕੇ ਠੇਕਾ ਪ੍ਰਨਾਲੀ ਸ਼ੁਰੂ ਕਰ ਦਿੱਤੀ ਗਈ ਹੈ। ਸਭ ਕੁਝ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਉਸ ਵਕਤ ਭਾਰਤੀ ਸੰਸਦਾ ਦੇ ਨਾ ਕੇਵਲ ਮਾਣ ਭੱਤੇ ਵਿਚ ਹੀ ਅਥਾਹ ਵਾਧਾ ਕੀਤਾ ਗਿਆ ਸਗੋਂ ਇਨ੍ਹਾਂ ਨੂੰ ਪੈਨਸ਼ਨ ਤੇ ਹੋਰ ਸਹੂਲਤਾਂ ਵੀ ਵੱਡੇ ਪੱਧਰ ’ਤੇ ਵਧਾ ਦਿੱਤੀਆਂ ਗਈਆਂ ਹਨ।
ਇਹ ਮੇਲਾ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ਤਾਜਾ ਕਰਾਉਂਦਾ ਹੈ ਜਿਨ੍ਹਾਂ ਨੇ ਕਿਹਾ ਸੀ ‘‘ ਅਸੀ ਤਾਂ ਭਾਰਤ ਦੀ ਆਜ਼ਾਦੀ ਦੇ ਨੀਂਹ ਦੇ ਪੱਥਰ ਹਾਂ ਉਪਰਲੀ ਇਮਾਰਤ ਤਾਂ ਬਾਅਦ ਵਾਲੇ ਲੋਕ ਬਣਾਉਣਗੇ। ਇਸ ਦਾ ਫਿਕਰ ਕਰਨਾ ਸਾਡਾ ਕੰਮ ਨਹੀਂ ’’ ਇਹ ਫਿਕਰ ਕਰਨਾ ਅੱਜ ਦੀ ਨੌਜਵਾਨ ਪੀੜੀ ਦਾ ਕੰਮ ਹੈ। ਸ਼ਹੀਦ ਭਗਤ ਸਿੰਘ ਨੇ ਬੜੇ ਹੀ ਸਪਸ਼ਟ ਸਬਦਾਂ ਵਿਚ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਕਿਹਾ ਸੀ ‘‘ ਇਹ ਜੰਗ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖ਼ਤਮ ਹੋਵੇਗਾ। ਇਹ ਤਾਂ ਇਤਿਹਾਸਕ ਕਾਰਨਾਂ ਦੇ ਆਲੇ-ਦੁਆਲੇ ਪੱਸਰੇ ਹਾਲਾਤ ਦਾ ਜਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲ਼ੜੀ ਦੀ ਇਕ ਕੜੀ ਹੈ। . . . .ਅਸੀਂ ਇਹ ਐਲਾਨ ਕਰਦੇ ਹਾਂ ਕਿ ਇੱਕ ਯੁੱਧ ਚੱਲ ਰਿਹਾ ਹੈ ਅਤੇ ਇਹ ਤੱਦ ਤੱਕ ਚਲਦਾ ਰਹੇਗਾ,ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਨ੍ਹਾਂ ਦੀ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਇਹ ਲੁਟੇਰੇ ਭਾਂਵੇ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਜਾਂ ਦੋਨੇ ਰਲਵੇਂ। ’’ ਭਗਤ ਸਿੰਘ ਦੀ ਸਮਝ ਇਤਿਹਾਸ ਨੇ ਸਹੀਂ ਸਾਬਤ ਕਰ ਦਿੱਤੀ ਹੈ। ਅੱਜ ਦੇਸੀ ਹਾਕਮਾਂ ਦੀ ਸਹਿ ਤੇ ਫਿਰ ਵਿਦੇਸ਼ੀ ਹਾਕਮ ਭਾਰਤ ਦੀਆਂ ਹਰਿਆਲੀਆਂ ਨੂੰ ਚੁਗਣ ਲਈ ਆ ਗਏ ਹਨ ਐਫ ਡੀਆਈ ਇਕ ਦੀ ਵੱਡੀ ਉਦਾਹਰਣ ਹੈ।
ਆਨਾਜ ਗੁਦਾਮਾਂ ਵਿਚ ਸੜ ਰਿਹਾ ਹੈ ਪਰ ਭੁੱਖੇ ਲੋਕਾਂ ਵਿਚ ਵੰਡਣ ਤੋਂ ਸਾਡੀ ਸਰਕਾਰ ਅਸਮਰੱਥ ਹੈ,ਅੱਜ ਭੱੁਖ ਨਾਲ ਮਰਦੇ ਲੋਕ ਕਿੱਥੇ ਜਾਣ? ਖੁਦਕਸ਼ੀਆਂ ਕਰਦੀ ਕਿਸਾਨੀ ਦੇ ਪੁੱਤਰ ਧੀਆਂ ਕੀ ਕਰਨ? ਨਿੱਕੇ ਦੁਕਾਨਦਾਰਾਂ ਦੀ ਰੋਜੀ ਰੋਟੀ ਵੱਡੇ ਸਟੋੇਰਾਂ ਨੇ ਖੋਹ ਲਈ ਹੈ, ਉਹ ਦਕਾਨਦਾਰ ਕਿੱਧਰ ਜਾਣ? ਅੱਜ ਕਈ ਸਵਾਲ ਖੜੇ ਹਨ ਜਿਹੜੇ ਜਵਾਬ ਦੀ ਮੰਗ ਕਰਦੇ ਹਨ। ਜੇ ਤਾਂ ਇਨ੍ਹਾਂ ਸਵਾਲਾਂ ਤੋਂ ਪਾਸਾ ਮੋੜਕੇ ਲੰਘਣਾ ਹੈ ਤਾਂ ਤੁਹਾਨੂੰ ਤੁਹਾਡਾ ਰਸਤਾ ਮੁਬਾਰਕ! ਪਰ ਜੇ ਇਨ੍ਹਾਂ ਬਾਰ ਬਾਰ ਖੜਦੇ ਸਵਾਲਾਂ ਦਾ ਕੋਈ ਨਾ ਕੋਈ ਹੱਲ ਤਲਾਸ਼ਣਾ ਹੈ ਤਾਂ ਜਰੂਰੀ ਹੈ ਕਿ ਤੁਹਾਨੂੰ ਉਨ੍ਹਾਂ ਲੋਕਾਂ ਦੇ ਮੋਢੇ ਨਾਲ ਮੋਢਾ ਲਾਉਣਾ ਪਵੇਗਾ।
ਇਨ੍ਹਾਂ ਸਾਰੀਆਂ ਪਰਸਿਥਤੀਆਂ ਵਿਚ ਮੇਲਾ ਗ਼ਦਰੀ ਬਾਬਿਆਂ ਦਾ ਲੋਕ ਲਾਮਬੰਦੀ ਦਾ ਹੋਕਾ ਦਿੰਦਾ ਹੋਇਆ ਸੰਸਾਰ ਭਰ ਦੇ ਅਗਾਹ ਵਧੂ ਸਾਹਿਤ ਦੇ ਨਾਲ ਤੁਹਾਡੀ ਉਡੀਕ ਕਰ ਰਿਹਾ ਹੈ। 28, 29 ,30,31 ਅਕਤੂਬਰ ਨੂੰ ਇਹ ਮੇਲਾ ਵੱਖ ਵੱਖ ਵਰਗਾਂ ਦੇ ਨੌਜਵਾਨਾਂ ਦੇ ਵੱਖ ਵੱਖ ਤਰ੍ਹਾਂ ਦੇ ਮੁਕਾਬਲਿਆਂ ਨਾਲ ਤੁਹਾਡਾ ਮਨਰੰਜਨ ਕਰਦਾ ਹੈ। ਉਸਾਰੂ ਸਾਹਿਤ ਤੇ ਅਗਾਂਹਵਧੂ ਸਭਿਆਚਾਰ ਦੀ ਵਿਚਧਾਰਕ ਵਿਰਾਸਤ ਨੂੰ ਸਾਭਦਾ ਹੋਇਆ ਇਹ ਵੱਖਰੀ ਕਿਸਮ ਦਾ ਮੇਲਾ ਆਪਣੇ ਸਿਖਰ ਵੱਲ ਵਧਦਾ ਹੈ। ਇਸ ਮੇਲੇ ਦੀ ਵਿਸੇਸ਼ ਪਹਿਚਾਣ ਹੈ ਵੱਖ ਵੱਖ ਤਰ੍ਹਾਂ ਦੀਆਂ ਪੁਸਤਕਾਂ ਦਾ ਭੰਡਾਰ। ਆਓ ਕਿਤਾਬਾਂ ਦੀਆਂ ਮਲੇ੍ਹ ਝਾੜੀਆਂ ਵਿੱਚੋਂ ਖੂਬਸੂਰਤ ਜ਼ਿੰਦਗੀ ਦਾ ਰਸਤਾ ਤਲਾਸ਼ਣ ਲਈ ਪਰਿਵਾਰਾਂ ਸਮੇਤ ਮੇਲੇ ਚੱਲੀਏ।

Saturday 12 October 2013

ਹਰ ਸਾਲ ਵਾਂਗ ਫਿਰ ਡੇਂਗੂ ਦੀ ਮਾਰ ਹੇਠ ਪੂਰਾ ਪੰਜਾਬ

ਡਾ.ਤੇਜਿੰਦਰ ਵਿਰਲੀ (9464797400)
ਅੱਜ ਹਸਪਤਾਲਾਂ ਵਿਚ ਮਰੀਜ਼ਾਂ ਦੀ ਭਰਮਾਰ ਹੈ ਸਰਕਾਰੀ ਹਸਪਤਾਲਾਂ ਦੀ ਬਹੁਤ ਹੀ ਮਾੜੀ ਕਾਰਗੁਜ਼ਾਰੀ ਕਰਕੇ ਨਿੱਜੀ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਬੜੀ ਹੀ ਬੇਸ਼ਰਮੀ ਤੇ ਬੇ ਰਹਿੰਮੀ ਨਾਲ ਲੁਟ ਹੋ ਰਹੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਕੋਈ ਪੁੱਛਣ ਜਾਂ ਰੋਕਣ ਟੋਕਣ ਵਾਲਾ ਵੀ ਨਹੀਂ ਤਾਂ ਵੀ ਇਹ ਗੱਲ ਗਲਤ ਨਹੀਂ ਹੋਵੇਗੀ।

ਦੁਆਬੇ ਵਿਚ ਤਾਂ ਮੱਛਰ ਦਾ ਹੀ ਰਾਜ ਹੈ। ਜਲੰਧਰ ਇਸਦੀ ਰਾਜਧਾਨੀ ਬਣਿਆ ਹੋਇਆ ਹੈ। ਹਰ ਰੋਜ ਹਸਪਤਾਲਾਂ ਵਿਚ ਮਰੀਜਾਂ ਦੀ ਭੀੜ ਏਨੀ ਵਧ ਰਹੀ ਹੈ ਕਿ ਬਹੁਤੇ ਹਸਪਤਾਲਾਂ ਵਿਚ ਕੋਈ ਬਿਸਤਰ ਖਾਲੀ ਨਹੀਂ। ਹਸਪਤਾਲ ਦੇ ਵਰਾਂਡੇ ਵਿਚ ਮਰੀਜਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਹਨ। ਸਭ ਤੋਂ ਦਰਦਨਾਕ ਹਾਲਤ ਜਲੰਧਰ ਦੇ ਸਰਕਾਰੀ ਹਸਪਤਾਲ ਦੀ ਹੈ। ਜੋ ਹੁਣ ਕਾਰਪੋਰੇਸ਼ਨ ਦੇ ਅਧੀਨ ਚਲ ਰਿਹਾ ਹੈ। ਜਿੱਥੇ ਸੈਂਕੜੇ ਡੇਂਗੂ ਦੇ ਮਰੀਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਬਹੁਤ ਹੀ ਥੋੜੀਆਂ ਸਹੂਲਤਾਂ ਨਾਲ ਚੱਲ ਰਹੇ ਇਸ ਹਸਪਤਾਲ ਵਿਚ ਥੋੜੇ ਜਿਹੇ ਡਾਕਟਰਾਂ ਨੂੰ ਦਿਨ ਰਾਤ ਕੰਮ ਕਰਨਾ ਪੈ ਰਿਹਾ ਹੈ। ਹਸਪਤਾਲ ਦੀ ਸਮਰੱਥਾ ਤੋਂ ਕਈ ਗੁਣਾ ਵੱਧ ਮਰੀਜਾਂ ਦੇ ਆ ਜਾਣ ਨਾਲ ਹਸਪਤਾਲ ਆਪ ਬਿਮਾਰ ਹੋ ਗਿਆ ਜਾਪਦਾ ਹੈ।
ਮੱਛਰ ਨਾਲ ਡੇਂਗੂ ਫੈਲਣ ਦੀਆਂ ਖਬਰਾਂ ਕੋਈ ਨਵੀਆਂ ਨਹੀਂ ਹਨ। ਪਿੱਛਲੇ ਦਸ ਸਾਲਾਂ ਤੋਂ ਇਹ ਹਰ ਸਾਲ ਇਨ੍ਹਾਂ ਦਿਨ੍ਹਾਂ ਵਿਚ ਵੱਧਦਾ ਹੀ ਜਾ ਰਿਹਾ ਹੈ। ਇਸਦਾ ਕੇਂਦਰ ਕਦੇ ਲੁਧਿਆਣਾ ਬਣਦਾ ਹੈ ਕਦੇ ਜਲੰਧਰ ਤੇ ਕਦੇ ਕੋਈ ਹੋਰ ਸ਼ਹਿਰ। ਪਰ ਪੰਜਾਬ ਦੀਆਂ ਪਿਛਲੇ ਦਸ ਸਾਲਾਂ ਦੀਆਂ ਸਰਕਾਰਾਂ ਨੇ ਇਸ ਵੱਲ ਕੋਈ ਬਣਦਾ ਧਿਆਨ ਹੀ ਨਹੀਂ ਦਿੱਤਾ। ਨਾ ਕੋਈ ਤਸੱਲੀਬਖਸ਼ ਖੋਜਕਾਰਜ ਹੀ ਇਸ ਸੰਬੰਧੀ ਕਰਵਾਇਆ ਗਿਆ। ਨਾ ਕੋਈ ਮੱਛਰ ਨੂੰ ਮਾਰਨ ਦਾ ਪ੍ਰਬੰਧ ਹੀ ਕੀਤਾ ਗਿਆ। ਇਨ੍ਹਾਂ ਦਸ ਸਾਲਾਂ ਵਿਚ ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀਆਂ ਦੀਆਂ ਹੀ ਸਰਕਾਰਾਂ ਪੰਜਾਬ ਦੀ ਸਤਾ ਤੇ ਕਾਬਜ ਰਹੀਂਆਂ । ਅੰਦਰ ਖਾਤੇ ਸਭ ਨੂੰ ਆਪੋ ਆਪਣੀ ਕਾਰਗੁਜ਼ਾਰੀ ਦਾ ਪਤਾ ਹੈ ਇਸ ਕਰਕੇ ਡੇਂਗੂ ਨਾਲ ਮਰਦੇ ਲੋਕਾ ਦੀ ਗੱਲ ਹੀ ਕੋਈ ਨਹੀਂ ਕਰਦਾ। ਕੇਂਦਰ ਦੀ ਸਰਕਾਰ ਦੀ ਹਾਲਤ ਵੀ ਪੰਜਾਬ ਦੀ ਸਰਕਾਰ ਵਰਗੀ ਹੀ ਹੈ ਕਿਉਕਿ ਦਿੱਲੀ ਦਾ ਡੇਂਗੂ ਨਾਲ ਰਿਸ਼ਤਾ ਪੰਜਾਬ ਤੋਂ ਵੀ ਬਹੁਤ ਪੁਰਾਣਾ ਹੈ। ਦੇਸ਼ ਦੀ ਰਾਜਧਾਨੀ ਕਈ ਵਾਰ ਇਸ ਦੀ ਲਪੇਟ ਵਿਚ ਆ ਚੁੱਕੀ ਹੈ। ਜਿੱਥੇ ਦੋ ਸਰਕਾਰਾਂ ਬਹੁਤ ਹੀ ਨੇੜਿਓ ਇਸ ਵਰਤਾਰੇ ਨੂੰ ਇਕੋ ਸਮੇਂ ਦੇਖਦੀਆਂ ਤੇ ਅਣਡਿੱਠ ਕਰਦੀਆਂ ਹਨ। ਰਾਜਧਾਨੀ ਦਿੱਲੀ ਦੇ ਲੋਕ ਵੀ ਮੱਛਰ ਦੇ ਹੱਥੋਂ ਬੇਜਾਰ ਹਨ।
ਇਸ ਮੱਛਰ ਸੰਬੰਧੀ ਤੇ ਇਸ ਬਿਮਾਰੀ ਸਬੰਧੀ ਬਹੁਤ ਹੀ ਸਧਾਰਨ ਕਿਸਮ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਰਹੀਂ ਹੈ। ਉਹ ਵੀ ਓਨੀ ਕੁ ਹੀ ਜਿੰਨੀ ਕੁ ਇੰਟਰਨੈਟ ਤੋਂ ਪ੍ਰਾਪਤ ਹੋ ਰਹੀਂ ਹੈ। ਅੱਜ ਆਸਟ੍ਰੇਲੀਆ ਨੇ ਡੇਂਗੂ ਦੀ ਦਵਾਈ ਲੱਭ ਲਈ ਹੈ ਪਰ ਭਾਰਤ ਸਰਕਾਰ ਇਸ ਬਾਰੇ ਸੰਜੀਦਾ ਹੋ ਕੇ ਕੰਮ ਨਹੀਂ ਕਰ ਰਹੀਂ। ਬੱਸ ਇੱਕੋ ਹੀ ਕੰਮ ਕੀਤਾ ਜਾ ਰਿਹਾ ਹੈ ਕਿ ਮੀਡੀਆ ਨੂੰ ਇਨ੍ਹਾਂ ਖਬਰਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਵੈਸੇ ਮੀਡੀਆ ਦੀ ਵੀ ਕੋਈ ਬਹੁਤੀ ਖਿੱਚ ਇਸ ਤਰ੍ਹਾਂ ਦੀਆਂ ਖਬਰਾਂ ਵਿਚ ਨਹੀਂ ਹੈ। ਮੀਡੀਆ ਨੂੰ ਤਾਂ ਉਹ ਖਬਰਾਂ ਹੀ ਚਾਹੀਦੀਆਂ ਹਨ ਜਿਹੜੀਆਂ ਵਿਕਦੀਆਂ ਹਨ। ਡੇਂਗੂ ਨਾਲ ਬੁਖਾਰ ਚੜੇ ਤੇ ਉਸ ਬਖ਼ਾਰ ਨਾਲ ਲੋਕ ਮਰ ਜਾਣ ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਮੀਡੀਆ ਨੇ ਕੀ ਲੈਣਾ ਹੈ? ਏਹੋ ਹੀ ਕਾਰਨ ਹੈ ਕਿ ਜਿੰਨੀ ਵੱਡੀ ਇਹ ਘਟਨਾ ਹੈ ਅੱਜ ਮੀਡੀਆ ਓਨੀ ਥਾਂ ਇਸ ਨੂੰ ਨਹੀਂ ਦੇ ਰਿਹਾ। ਸਿੱਟੇ ਵਜੋਂ ਸਰਕਾਰੀ ਤੰਤਰ ਆਰਾਮ ਨਾਲ ਸੌ ਰਿਹਾ ਹੈ ਤੇ ਮੱਛਰ ਪੂਰੀ ਤਰ੍ਹਾਂ ਨਾਲ ਰਾਜ ਕਰ ਰਿਹਾ ਹੈ।
ਅਖ਼ਬਾਰਾਂ ਨੇ ਸਰਕਾਰੀ ਜਾਣਕਾਰੀ ਦੇ ਆਧਾਰ ਉਪਰ ਹੁਣ ਤੱਕ ਜਲੰਧਰ ਵਿਚ ਦੋ ਵਿਅਕਤੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਪ੍ਰਕਾਸ਼ਤ ਕੀਤੀਆਂ ਹਨ। ਜਿਹੜੀ ਖ਼ਬਰ ਸਰਾਸਰ ਝੂਠ ਹੈ ਜੇ ਮੋਟਾ ਜਿਹਾ ਵੀ ਅਨੁਮਾਨ ਲਗਾਇਆ ਜਾਵੇ ਤਾਂ ਅੱਜ ਤੱਕ ਜਲੰਧਰ ਵਿਚ ਡੇਂਗੂ ਨਾਲ ਮਰਨ ਵਾਲਿਆ ਦੀ ਗਿਣਤੀ ਸੈਂਕੜਾ ਪਾਰ ਕਰ ਚੁੱਕੀ ਹੈ।
ਸ਼ਹਿਰ ਵਿਚ ਕੇਵਲ ਚਾਰ ਹੀ ਹਸਪਾਤਾਲ ਇਸ ਕਿਸਮ ਦੇ ਹਨ ਜਿਨ੍ਹਾਂ ਵਿਚ ਡੇਂਗੂ ਦਾ ਇਲਾਜ ਕਰਨ ਵਾਲੀਆਂ ਕੀਮਤੀ ਮਸ਼ੀਨਾਂ ਹਨ। ਇਹ ਮਸ਼ੀਨਾਂ ਦੇ ਹਿਸਾਬ ਨਾਲ ਸ਼ਹਿਰ ਵਿਚ ਮਰੀਜਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੋਣ ਕਰਕੇ ਇਹ ਪ੍ਰਾਈਵੇਟ ਹਸਪਤਾਲ ਮਨ ਮਰਜੀ ਦਾ ਰੇਟ ਲਗਾ ਰਹੇ ਹਨ। ਮਰੀਜਾਂ ਦੀ ਲੁਟ ਬੇ ਰਹਿਮੀ ਨਾਲ ਹੋ ਰਹੀਂ ਹੈ। ਇਕ ਮਰੀਜ ਦਾ ਔਸਤਨ ਖਰਚਾ ਇਕ ਲੱਖ ਹੋ ਜਾਂਦਾ ਹੈ ਜੇ ਉਹ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾਉਂਦਾ ਹੈ। ਸਰਕਾਰੀ ਹਸਪਤਾਲ ਵਿਚ ਇਹ ਖਰਚਾ ਲੱਗਭਗ ਪੰਜਾਹ ਹਜ਼ਾਰ ਦੇ ਕਰੀਬ ਹੈ। ਏਨੀ ਵੱਡੀ ਗਿਣਤੀ ਵਿਚ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ ਕਿ ਉਨ੍ਹਾਂ ਕੋਲ ਏਨਾਂ ਪੈਸਾ ਹੀ ਨਹੀਂ। ਇਸੇ ਕਰਕੇ ਪ੍ਰਾਈਵੇਟ ਹਸਪਤਾਲ ਅੱਜ ਮਰੀਜ ਨੂੰ ਦਾਖਲ ਹੀ ਨਹੀਂ ਕਰਦੇ, ਜੇ ਕਰਦੇ ਵੀ ਹਨ ਤਾਂ ਬੜੀਆਂ ਸ਼ਿਫਾਰਸ਼ਾਂ ਨਾਲ ਉਹ ਵੀ ਅਡਵਾਂਸ ਪੈਸੇ ਜਮਾਂ ਕਰਵਾ ਕੇ। ਇਸ ਵਾਰ ਡੇਂਗੂ ਨੇ ਸਾਡੀ ਇਹ ਧਾਰਨਾਂ ਵੀ ਗਲਤ ਸਿੱਧ ਕਰ ਦਿੱਤੀ ਹੈ ਕਿ ਇਹ ਕੇਵਲ ਅਮੀਰ ਲੋਕਾਂ ਦੀਆਂ ਸਾਫ ਸੁਥਰੀਆਂ ਕਲੋਨੀਆਂ ਵਿਚ ਹੀ ਹੁੰਦਾ ਹੈ। ਇਸ ਵਾਰ ਤਾਂ ਇਹ ਦੇਖਣ ਨੂੰ ਮਿਲਿਆ ਹੈ ਕਿ ਇਹ ਤਾਂ ਥੁੜ ਮਾਰੀਆਂ ਕਲੋਨੀਆਂ ਵਿਚ ਮੁਕਾਬਲਤਨ ਵੱਧ ਫੈਲ ਰਿਹਾ ਹੈ। ਜਿੱਥੇ ਲੋਕਾਂ ਨੂੰ ਪੀਣ ਲਈ ਪਾਣੀ ਤੱਕ ਨਹੀਂ ਮਿਲਦਾ। ਇਸੇ ਕਰਕੇ ਡਾਕਟਰ ਇਸ ਬਾਰੇ ਇਹ ਸੋਚਣ ਲਈ ਵੀ ਮਜਬੂਰ ਹੋ ਗਏ ਹਨ ਕਿ ਕਿਤੇ ਇਹ ਗ਼ੰਦਗੀ ਨਾਲ ਤੇ ਨਹੀਂ ਫੈਲ ਰਿਹਾ? ਜਦੋਂ ਤੁਸੀ ਸਰਕਾਰੀ ਹਸਪਤਾਲ ਦੇ ਅੰਦਰ ਦਾਖਲ ਹੀ ਹੁੰਦੇ ਹੋ ਤਾਂ ਤੁਹਾਨੂੰ ਸ਼ਪੱਸ਼ਟ ਹੋ ਜਾਂਦਾ ਹੈ ਕਿ ਇਹ ਧਾਰਨਾਂ ਅਮੀਰ ਲੋਕਾਂ ਨੇ ਬੜੀ ਚਲਾਕੀ ਨਾਲ ਪ੍ਰਚਾਰੀ ਹੈ ਕਿ ਇਹ ਮੱਛਰ ਤਾਜੇ ਪਾਣੀ ਤੇ ਸਾਫ ਸੁਥਰੀਆਂ ਕਲੋਨੀਆਂ ਵਿਚ ਹੀ ਹੁੰਦਾ ਹੈ। ਤਾਂ ਕੇ ਥੋੜਾ ਬਹੁਤ ਜੋ ਦਵਾਈ ਦਾ ਛੜਕਾ ਹੋਣਾ ਵੀ ਹੈ ਤਾਂ ਉਹ ਪੌਸ਼ ਕਲੋਨੀਆਂ ਵਿਚ ਹੀ ਹੋਵੇ। ਪਰ ਇੱਥੇ ਤਾਂ ਅਸਲੀਅਤ ਹੀ ਬੜੀ ਤਰਸਯੋਗ ਬਣੀ ਪਈ ਹੈ ਇਹ ਤਾਂ ਗੰਦਾ ਪਾਣੀ ਪੀ ਕੇ ਗੁਜ਼ਾਰਾ ਕਰਨ ਵਾਲਿਆਂ ਲੋਕਾਂ ਨੂੰ ਹੋ ਰਿਹਾ ਹੈ।
ਅੱਜ ਜੇ ਮੱਛਰ ਮੌਤ ਬਣ ਕੇ ਲੋਕਾਂ ਦੇ ਸਿਰਾਂ ਤੇ ਮੰਡਲਾ ਰਿਹਾ ਹੈ ਤਾਂ ਇਸ ਦੀਆਂ ਜੜਾਂ ਸਰਕਾਰ ਦੀਆਂ ਨਵ ਉਦਾਰਵਾਦੀ ਨੀਤੀਆਂ ਵਿਚ ਦਿਖਾਈ ਦਿੰਦੀਆਂ ਹਨ। ਸਰਕਾਰ ਨੇ ਬਜ਼ਾਰਵਾਦ ਦਾ ਜਿਹੜਾ ਸਿਧਾਂਤ ਅਪਣਾਇਆ ਹੈ ਉਸ ਦੇ ਤਹਿਤ ਲੋਕ ਭਲਾਈ ਦੇ ਅਦਾਰਿਆਂ ਦਾ ਇਕ ਇਕ ਕਰਕੇ ਭੋਗ ਪਾਉਣਾ ਤਹਿ ਸੀ। ਜਿਨ੍ਹਾਂ ਨੀਤੀਆਂ ਦੇ ਚਲਦਿਆਂ ਸਰਕਾਰਾਂ ਨੇ ਜਨ ਸਹਿਤ ਵਿਭਾਗ ਦਾ ਲੱਗਭਗ ਭੋਗ ਪਾ ਹੀ ਦਿੱਤਾ ਹੈ। ਜਿਹੜਾ ਵਿਭਾਗ ਘਰਾਂ ਵਿਚ ਜਾਕੇ ਮਲੇਰੀਏ ਦੇ ਬਚਾਅ ਲਈ ਦਵਾਈ ਦਾ ਛੜਕਾ ਕਰਿਆ ਕਰਦਾ ਸੀ ਉਹ ਵਿਸ਼ਵੀਕਰਨ ਦੀਆਂ ਨਵਉਦਾਰਵਾਦੀ ਨੀਤੀਆਂ ਦੀ ਬਲੀ ਚੜ ਚੁੱਕਾ ਹੈ। ਨੈਸ਼ਨਲ ਮਲੇਰੀਆ ਇਰੇਡੀਕੇਸ਼ਨ ਪ੍ਰੋਗਰਾਮ ਬੀਤੇ ਸਮਿਆਂ ਦੀ ਗੱਲ ਬਣ ਕੇ ਰਹਿ ਗਿਆ ਹੈ। ਜੇ ਅੱਜ ਵੀ ਮੱਛਰ ਨੇ ਆਪਣੀ ਜਵਾਨੀ ਦਾ ਜਲਵਾ ਨਹੀਂ ਦਿਖਾਉਣਾ ਤਾਂ ਫੇਰ ਕਦੋਂ ਨੂੰ ਦਿਖਆਉਣਾ ਹੈ? ਜਦੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਰਾਜਸੀ ਪ੍ਰਸਿਥਤੀਆਂ ਮੱਛਰ ਦੇ ਵਧਣ ਫੁੱਲਣ ਦੇ ਹੱਕ ਵਿਚ ਹਨ।
ਇਸ ਸੰਕਟ ਦੀ ਘੜੀ ਵਿਚ ਸਰਕਾਰ ਨੇ ਪੂਰੀ ਜਿੰਮੇਵਾਰੀ ਨਾਲ ਲੋਕਾਂ ਦੀ ਬਾਂਹ ਨਹੀਂ ਫੜੀ। ਸਮੇਂ ਸਿਰ ਫੌਗਿੰਗ ਹੀ ਨਹੀਂ ਹੋਈ। ਜਿਹੜੀ ਥੋੜੀ ਬਹੁਤੀ ਹੋਈ ਵੀ ਹੈ ਉਹ ਵੀ ਅਸਰ ਰਸੂਖ ਵਾਲੇ ਲੋਕਾਂ ਦੀਆਂ ਕਲੋਨੀਆਂ ਵਿਚ ਹੀ ਹੋਈ ਹੈ। ਗ਼ਰੀਬ ਲੋਕਾਂ ਦਿਆਂ ਮਹੱਲਿਆਂ ਵਿਚ ਤਾਂ ਇਹ ਮਸ਼ੀਨ ਬਾਹਰਲੀ ਸੜਕ ਤੋਂ ਹੀ ਮੁੜ ਜਾਂਦੀ ਹੈ । ਕਦੇ ਕਿਸੇ ਨੇ ਇਸ ਗੱਲ ਦਾ ਫਿਕਰ ਵੀ ਨਹੀਂ ਕੀਤਾ ਕਿ ਕਿਸ ਮਹੱਲੇ ਵਿਚ ਕਿੰਨੇ ਲੋਕ ਡੇਂਗੂ ਨਾਲ ਮਰ ਚੁੱਕੇ ਹਨ। ਭਰਿਸ਼ਟਾਚਾਰੀ ਦੇ ਇਸ ਦੌਰ ਵਿਚ ਅਫਸਰਸ਼ਾਹੀ ਵੀ ਕਿਤੇ ਮੱਛਰ ਨਾਲ ਰਲ ਤਾਂ ਨਹੀਂ ਗਈ? ਕਿ ਅੱਜ ਮੱਛਰ ਨੂੰ ਫੌੰਿਗੰਗ ਮਸ਼ੀਨ ਤੋਂ ਵੀ ਡਰ ਨਹੀਂ ਲੱਗ ਰਿਹਾ। ਜੇ ਇਹ ਮਨ ਲਿਆ ਜਾਵੇ ਕਿ ਪ੍ਰਸ਼ਾਸਨ ਨੇ ਲੋੜੀਂਦੀ ਮਾਤਰਾ ਵਿਚ ਫੌੰਿਗੰਗ ਕੀਤੀ ਹੈ ਤਾਂ ਸਵਾਲ ਖੜਾ ਹੁੰਦਾ ਹੈ ਕਿ ਕਿਤੇ ਇਹ ਮੱਛਰ ਫੋਗਿੰਗ ਮਸ਼ੀਨ ਵਿੱਚੋਂ ਤੇ ਨਹੀਂ ਨਿਕਲ ਰਿਹਾ।
ਇਸ ਸਾਰੇ ਸੰਕਟ ਨੇ ਜਿਹੜੀ ਚਿੰਤਾ ਜਨਕ ਧਾਰਨਾ ਪੈਦਾ ਕਰ ਦਿੱਤੀ ਹੈ ਉਹ ਇਹ ਹੈ ਕਿ ਲੋਕ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਹੋਕੇ ਜਾਦੂ ਟੂਣਿਆਂ ਵੱਲ ਨੂੰ ਮੁੜ ਰਹੇ ਹਨ। ਇੱਕੀਵੀਂ ਸਦੀ ਵਿਚ ਉਹ ਦੇਸੀ ਟੂਣੇ ਟੋਟਕਿਆਂ ਨੂੰ ਅਪਣਾ ਰਹੇ ਹਨ। ਗਰੀਬ ਲੋਕਾਂ ਦੀ ਭੀੜ ਗਲੋਅ, ਜਵੈਣ, ਤੁਲਸੀ ਵਰਗੀਆਂ ਪੰਜ ਸੌ ਸਾਲ ਪੁਰਾਣੀਆਂ ਇਲਾਜ ਪ੍ਰਣਾਲੀਆਂ ਅਪਣਾਉਣ ਲਈ ਮਜਬੂਰ ਹੋ ਗਏ ਹਨ। ‘ਮਰਦਾ ਕੀ ਨਹੀਂ ਕਰਦਾ’ ਦੇ ਅਖਾਣ ਵਾਂਗ ਲੋਕ ਅੱਕੀ ਪਲਾਹੀਂ ਹੱਥ ਮਾਰਦੇ ਫਿਰ ਰਹੇ ਹਨ। ਉਹ ਮੱਛਰ ਹੱਥੋਂ ਬੇ ਵੱਸ ਹੋਏ ਪ੍ਰਬੰਧ ਵੱਲ ਉਗਲ ਨਹੀਂ ਕਰ ਰਹੇ। ਇਸ ਸੰਕਟ ਨੇ ਲੋਕਾਂ ਨੂੰ ਇਕ ਦੂਸਰੇ ਦੇ ਕੰਮ ਆਉਣ ਦਾ ਪਾਠ ਵੀ ਪੜਾਇਆ ਹੈ। ਜਿਸ ਤਰ੍ਹਾਂ ਲੋਕ ਇਕ ਦੂਸਰੇ ਦੀ ਮਦਦ ਕਰ ਰਹੇ ਹਨ ਉਸ ਤੋਂ ਜਾਪਦਾ ਹੈ ਉਹ ਜੇ ਵਿਗਿਆਨਕ ਤੌਰ ਤੇ ਸੁਚੇਤ ਹੋ ਗਏ ਤਾਂ ਮੱਛਰ ਨੂੰ ਸਾਰੀਆਂ ਖੁੱਲਾਂ ਦੇਣ ਵਾਲੇ ਇਸ ਤੰਤਰ ਨੂੰ ਸਬਕ ਸਿਖਾ ਦੇਣਗੇ। ਜੇ ਲੋਕਾਂ ਨੇ ਜੀਉਣਾ ਹੈ ਤਾਂ ਮੱਛਰ ਦਾ ਮਰਨਾ ਬਹੁਤ ਹੀ ਜਰੂਰੀ ਹੈ। ਭਾਰਤ ਦੇ ਲੋਕਾਂ ਨੇ ਟਿੱਡੀ ਦਲ ਖਤਮ ਕੀਤਾ ਹੈ। ਚੀਨ ਦੇ ਵਿਗਿਆਨੀਆਂ ਨੇ ਫਸਲਾਂ ਤਬਾਹ ਕਰ ਦੇਣ ਵਾਲੀ ਚਿੜੀ ਦਾ ਬੀਜ ਨਾਸ਼ ਕਰ ਦਿੱਤਾ ਹੈ। ਐਸੇ ਅਨੇਕਾਂ ਦੇਸ਼ ਹਨ ਜਿਨ੍ਹਾਂ ਨੇ ਮੱਛਰ ਤੋਂ ਨਜਾਤ ਪਾਈ ਹੈ।
ਅੱਜ ਸੋਚਣ ਦੀ ਗੱਲ ਇਹ ਹੈ ਕਿ ਲੋਕਾਂ ’ਤੇ ਭਾਰੀ ਟੈਕਸ ਲਾਕੇ ਇਕੱਤਰ ਕੀਤੇ ਧਨ ਨਾਲ ਸਾਡੀਆਂ ਸਰਕਾਰਾਂ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਵਿਦੇਸ਼ਾਂ ਵਿਚ ਜਾਕੇ ਆਪਣਾ ਚੈਕਅੱਪ ਕਰਵਾ ਰਹੇ ਹਨ। ਮਹਿੰਗੇ ਤੋਂ ਮਹਿੰਗਾ ਇਲਾਜ ਕਰਵਾ ਰਹੇ ਹਨ ਪਰ ਦੂਸਰੇ ਪਾਸੇ ਲੋਕਾਂ ਨੂੰ ਮਿਲਦੀਆਂ ਥੋੜੀਆਂ ਬਹੁਤੀਆਂ ਸਿਹਤ ਸਹੂਲਤਾਂ ਵੀ ਇਕ ਇਕ ਕਰਕੇ ਖਤਮ ਕੀਤੀਆਂ ਜਾ ਰਹੀਂਆਂ ਹਨ। ਸਰਕਾਰੀ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੇ ਮਨਸੂਬੇ ਘੜੇ ਜਾ ਰਹੇ ਹਨ। ਜਲੰਧਰ ਦਾ ਮੈਡੀਕਲ ਕਾਲਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਦੀ ਝੋਲੀ ਵਿਚ ਪਾਇਆ ਜਾ ਚੁੱਕਾ ਹੈ। ਜੇ ਅੱਜ ਉਹ ਕਾਲਜ ਸਰਕਾਰ ਦੀ ਸਰਪ੍ਰਸੱਤੀ ਹੇਠ ਚੱਲਦਾ ਹੁੰਦਾ ਤਾਂ ਕਿੰਨੇ ਗ਼ਰੀਬਾਂ ਦਾ ਸਹਾਰਾ ਬਣਦਾ?
ਅੱਜ ਮੱਛਰ ਹੱਥੋਂ ਲਾਚਾਰ ਹੋਏ ਲੋਕਾਂ ਦੀ ਹਾਲਤ ਅੰਗਰੇਜ਼ਾਂ ਦੇ ਰਾਜ ਪ੍ਰਬੰਧ ਦੀ ਯਾਦ ਦਿਵਾਉਂਦੀ ਹੈ। ਜਦੋਂ ਤੀਹ ਤੋਂ ਵੱਧ ਵਾਰ ਅਕਾਲ ਪਏ ਸਨ। ਜਦੋਂ ਪਲੇਗ ਤੇ ਚੇਚਕ ਵਰਗੀਆਂ ਬਿਮਾਰੀਆਂ ਕਰੋੜਾਂ ਲੋਕਾਂ ਦੀ ਜਾਨ ਲੈ ਲੈਂਦੀਆਂ ਸਨ। ਅੱਜ ਦੇਸ ਦੇ ਕਿਸੇ ਹਿੱਸੇ ਵਿਚ ਲੋਕ ਭੁੱਖ ਨਾਲ ਮਰ ਰਹੇ ਹਨ ਕਿਤੇ ਮੱਛਰ ਮੌਤ ਬਣ ਕੇ ਆਉਂਦਾ ਹੈ। ਕਦੇ ਸਵਾਇਨ ਫਲੂ ਵਰਗੀ ਛੂਤ ਦੀ ਬਿਮਾਰੀ ਨਾਲ ਲੋਕ ਮਰ ਰਹੇ ਹਨ। ਉਪਰੋਂ ਸਰਕਾਰ ਮੰਡੀਕਰਨ ਦੀਆਂ ਨੀਤੀਆਂ ਦੇ ਤਹਿਤ ਚਲਦੀ ਹੋਈ ਇਹ ਫੈਸਲਾ ਕਰ ਰਹੀਂ ਹੈ ਕਿ ਮੁਫਤ ਸਿਹਤ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ। ਜਦ ਕਿ ਆਪ ਮੁਫਤ ਸਿਹਤ ਸਹੂਲਤਾਂ ਲੈ ਰਹੇ ਹਨ। ਅੰਗਰੇਜ਼ ਵੀ ਭਾਰਤ ਦੇ ਧਨ ਦੇ ਸਿਰ ’ਤੇ ਆਪ ਜਿੰਦਗੀ ਦੀਆਂ ਸਾਰੀਆਂ ਸੁੱਖ ਸਹੂਲਤਾਂ ਮਾਣਦੇ ਸਨ। ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਅੱਜ ਦੇਸ਼ ਦੇ ਹਾਕਮ ਉਨ੍ਹਾਂ ਦੇ ਆਪਣੇ ਦੇਸ਼ ਦੇ ਵਸਨੀਕ ਹਨ ਜਾਂ ਕੋਈ ਕਾਲੀ ਚਮੜੀ ਵਾਲੇ ਅੰਗਰੇਜ਼ ਜਿਨ੍ਹਾਂ ਨੂੰ ਆਪਣੇ ਲੋਕਾਂ ਤੇ ਕੋਈ ਤਰਸ ਹੀ ਨਹੀਂ ਆ ਰਿਹਾ।

ਸੰਸਦ ਨਵਜੋਤ ਸਿੱਧੂ ਦੀਆਂ ਰਾਜਸੀ ਸਟੰਟ ਬਾਜੀਆਂ

ਡਾ. ਤੇਜਿੰਦਰ ਵਿਰਲੀ 9464797400


ਕਰਿਕਟ ਜਗਤ ਤੋਂ ਪ੍ਰਸਿੱਧੀ ਪਾ ਕੇ ਰਾਜਨੀਤੀ ਦੀਆਂ ਪੌੜੀਆਂ ਚੜਿਆ ਨਵਜੋਤ ਸਿੰਘ ਸਿੱਧੂ ਇਨ੍ਹਾਂ ਦਿਨ੍ਹਾਂ ਵਿਚ ਆਪਣੀਆਂ ਰਾਜਸੀ ਸਟੰਟ ਬਾਜੀਆਂ ਕਰਕੇ ਚਰਚਾ ਵਿਚ ਹੈ। ਵੇਸੇ ਤਾਂ ਉਹ ਹਰ ਵਕਤ ਹੀ ਕਿਸੇ ਨਾ ਕਿਸੇ ਚੈਨਲ ਉਪਰ ਬੈਠਾ ਹਲਕੇ ਫੁਲਕੇ ਚੁਟਕਲਿਆਂ ਨਾਲ ਮਧ ਵਰਗੀ ਲੋਕਾਂ ਦਾ ਮਨੋਰੰਜਨ ਕਰਦਾ ਹੀ ਰਹਿੰਦਾ ਹੈ ਪਰ ਹੁਣ ਉਸ ਦੀਆਂ ਭਾਵੁਕ ਰਾਜਸੀ ਟਕੋਰਾਂ ਨਾਲ ਰਾਜਨੀਤੀ ਦੇ ਪਾਠਕ ਵੀ ਉਸ ਬਾਰੇ ਸੋਚਣ, ਬੋਲਣ ਤੇ ਲਿਖਣ ਲਈ ਮਜਬੂਰ ਹੋ ਗਏ ਹਨ। ਕਿਉਂਕਿ ਉਸ ਦਾ ਵਿਰੋਧ ਆਪਣੀ ਹੀ ਸਰਕਾਰ ਦੇ ਨਾਲ ਹੈ ਜਿਸ ਸਰਕਾਰ ਦੀ ਮੰਤਰੀ ਉਸ ਦੀ ਆਪਣੀ ਧਰਮ ਪਤਨੀ ਵੀ ਹੈ। ਪੰਜਾਬੀਆਂ ਦਾ ਇਹ ਦਸਤੂਰ ਹੈ ਕਿ ਜਦੋਂ ਕੋਈ ਆਪਣਾ ਹੀ ਆਪਣਿਆ ਦੇ ਖਿਲਾਫ ਬੋਲਦਾ ਹੈ ਤਾਂ ਉਸ ਨੂੰ ਸੁਣਨ ਵਾਲਿਆਂ ਦੀਆਂ ਰੌਣਕਾ ਲੱਗ ਜਾਂਦੀਆਂ ਹਨ। ਵੱਡੀਆਂ ਭੀੜਾਂ ਵੀ ਇਕੱਤਰ ਹੋਣ ਲੱਗ ਪੈਂਦੀਆਂ ਹਨ। ਇਹ ਹੀ ਕੁਝ ਦਿੱਲੀ ਤੋਂ ਅਮਿ੍ਰਤਸਰ ਆਏ ਨਵਜੋਤ ਸਿੰਘ ਸਿੱਧੂ ਨਾਲ ਵੀ ਹੋਇਆ। ਉਸ ਦੀ ਆਓ ਭਗਤ ਲਈ ਨਾ ਹੀ ਕੋਈ ਸਰਕਾਰੀ ਅਧਿਕਾਰੀ ਹੀ ਆਇਆ ਤੇ ਨਾ ਹੀ ਲੋਕਾਂ ਦਾ ਹਜੂਮ ਉਸ ਵੱਲ ਉਮੜਿਆ। ਸਰਕਾਰ ਵੱਲੋਂ ਪਹਿਲਾਂ ਹੀ ਉੱਖੜੇ ਸਿੱਧੂ ਲਈ ਇਹ ਇਕ ਅਸਹਿ ਸਦਮਾਂ ਹੀ ਸੀ ਜਿਸ ਲਈ ਸਿੱਧੂ ਨੂੰ ਕੋਈ ਨਾ ਕੋਈ ਐਸਾ ਰਾਜਸੀ ਸਟੰਟ ਕਰਨਾ ਹੀ ਪੈਣਾ ਸੀ ਜਿਸ ਨਾਲ ਉਸ ਦੀ ਰਾਜਸੀ ਪੈਂਠ ਬਣਦੀ। ਲੋਕਾਂ ਵਿਚ ਲੋਕ ਪੱਖੀ ਹੋਣ ਦਾ ਭਰਮ ਸਿਰਜਿਆ ਜਾਂਦਾ ਤੇ ਸਰਕਾਰੇ ਦਰਬਾਰੇ ਵੀ ਉਸ ਦੀ ਕੁਝ ਪੁੱਛ ਪ੍ਰਤੀਤ ਹੋਣੀ ਸ਼ੁਰੂ ਹੁੰਦੀ।
ਇਸ ਸਾਰੇ ਪ੍ਰਸੰਗ ਵਿਚ ਪੰਜਾਬ ਦੀ ਰਾਜਨੀਤੀ ਉਪਰ ਲੰਮੇਂ ਸਮੇਂ ਤੋਂ ਬੱਦਲਾਂ ਵਾਂਗ ਛਾਏ ਰਹਿਣ ਵਾਲੇ ਬਾਦਲ ਸਾਹਿਬ ਦੀ ਸਰਕਾਰ ਬਾਰੇ ਜਿਸ ਕਿਸਮ ਦੀਆਂ ਟਿਪਣੀਆਂ ਸਿੱਧੂ ਹੁਰਾਂ ਨੇ ਮੀਡੀਏ ਦੇ ਸਾਹਮਣੇ ਕੀਤੀਆਂ ਹਨ ਉਸ ਨੂੰ ਸੁਣ ਕੇ ਕਾਂਗਰਸੀਆਂ ਨੇ ਤਾਂ ਬਾਗੋ ਬਾਗ ਹੋਣਾ ਹੀ ਸੀ। ਇਸ ਕਰਕੇ ਬੜਾ ਹੀ ਗੰਭੀਰ ਕਿਸਮ ਦਾ ਮਹੌਲ ਬਣਿਆ ਹੋਇਆ ਹੈ। ਜਿਸ ਬਾਰੇ ਅੱਜ ਦੇ ਸੰਜੀਦਾ ਪਾਠਕਾਂ ਨਾਲ ਦੋ ਚਾਰ ਗੱਲਾ ਕਰ ਲੈਣੀਆਂ ਮੈਂ ਵੀ ਜਰੂਰੀ ਸਮਝਦਾ ਹਾਂ।
ਸਭ ਤੋਂ ਪਹਿਲੀ ਗੱਲ ਜਿਹੜੀ ਪੰਜਾਬ ਦੀ ਰਾਜਨੀਤੀ ਬਾਰੇ ਸੱਚ ਹੈ ਉਹ ਸਿੱਧੂ ਸਾਹਿਬ ਦੇ ਹੱਕ ਵਿਚ ਜਾਂਦੀ ਹੈ ਕਿ ਪੰਜਾਬ ਦੀਆਂ ਦੋਵੇਂ ਹੀ ਭਾਈਵਾਲ ਸਤਾਧਾਰੀ ਰਾਜਸੀ ਪਾਰਟੀਆਂ ਅੰਦਰ ਜਿਸ ਕਿਸਮ ਦਾ ਲੋਕਤੰਤਰ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਤੇ ਜਿਸ ਤਰ੍ਹਾਂ ਐਮ ਐਲ ਏ ਤੇ ਮੰਤਰੀਆਂ ਨੂੰ ਹਰ ਰੋਜ਼ ਨਿੱਕੇ ਨਿੱਕੇ ਕੰਮਾਂ ਲਈ ਜਲੀਲ ਹੋਣਾ ਪੈਂਦਾ ਹੈ ਇਹ ਤਾਂ ਉਹ ਹੀ ਜਾਣਦੇ ਹਨ। ਇਹ ਮੰਤਰੀਆਂ ਦੀ ਫੌਜ਼ ਕਿਸੇ ਨਿੱਕੇ ਤੋਂ ਨਿੱਕੇ ਲੋੜਬੰਦ ਕਰਮਚਾਰੀ ਦੀ ਜਾਇਜ ਬਦਲੀ ਤੱਕ ਕਰਵਾਉਣ ਦੇ ਸਮਰੱਥ ਨਹੀਂ । ਚਪੜਾਸੀ ਤੋਂ ਲੈ ਕੇ ਉਚ ਅਧਿਕਾਰੀ ਤੱਕ ਲੋਕ ਪਹਿਲਾਂ ਆਪੋ ਆਪਣੇ ਹਲਕੇ ਦੇ ਇਨਚਾਰਜ਼ ਜਾਂ ਮੰਤਰੀ ਦੇ ਤਰਲੇ ਮਾਰਦੇ ਹਨ ਤੇ ਬਾਦ ਵਿਚ ਜਦੋਂ ਕੰਮ ਨਹੀਂ ਹੁੰਦਾ ਤਾਂ ਪੈਸੇ ਖਰਚ ਕੇ ਹੀ ਕੰਮ ਕਰਵਾਉਣਾ ਪੈਂਦਾ ਹੈ। ਵੱਡੀ ਵਾਲੀਆਂ ਨੌਕਰੀਆਂ ਵਿਚ ਤਾਂ ਇਹ ਵਰਤਾਰਾ ਚਲਦਾ ਰਹਿ ਸਕਦਾ ਹੈ ਪਰ ਸਕੂਲਾਂ ਦੇ ਮੁਲਾਜ਼ਮਾਂ ਤੇ ਹੋਰ ਉਨ੍ਹਾਂ ਵਿਭਾਗਾਂ ਦੇ ਕਰਮਚਾਰੀਆਂ ਲਈ ਇਸ ਤਰ੍ਹਾਂ ਪੈਸੇ ਦੇ ਕੇ
ਬਦਲੀ ਵਰਗਾ ਨਕਾਰਾ ਜਿਹਾ ਕੰਮ ਕਰਵਾਉਣਾ ਬਹੁਤ ਹੀ ਵੱਡੀ ਬਦਨਾਮੀ ਦਾ ਸਬੱਬ ਬਣਦਾ ਹੈ। ਜਦੋਂ ਕੋਈ ਆਪਣੇ ਹਲਕੇ ਦੇ ਮੰਤਰੀ ਨੂੰ ਛੇ ਮਹੀਨਿਆਂ ਬਾਦ ਆਖਦਾ ਹੈ ਸਾਹਿਬ ਜੀ ਆਖਰ ਪੈਸੇ ਦੇ ਕੇ ਹੀ ਕੰਮ ਹੋਇਆ ਤਾਂ ਮੰਤਰੀ ਵਿਚਾਰੇ ਦਾ ਜਾਂ ਤਾਂ ਮਰਨ ਨੂੰ ਜੀ ਕਰਦਾ ਹੈ ਜਾਂ ਮਾਰ ਦੇਣ ਨੂੰ। ਉਹ ਕਰੇ ਤਾਂ ਕੀ ਕਰੇ? ਅੱਜ ਮੰਤਰੀਆਂ ਦੀ ਫੌਜ ਦੀ ਅਸਲੀਅਤ ਤਾਂ ਇਸ ਤੋਂ ਵੱਧ ਕੁਝ ਨਹੀਂ। ਮੇਰੇ ਇਕ ਵਾਕਫ ਮੰਤਰੀ ਨੇ ਇਹ ਮੰਨਿਆਂ ਕਿ ‘‘ ਅਸੀਂ ਤਾਂ ਮਰਗ ਦੇ ਭੋਗ ਤੇ ਜਾਣ ਲਈ ਹੀ ਰਹਿ ਗਏ ਹਾਂ ਯਾਰ ’’ ਇਸ ਕਿਸਮ ਦੀ ਲਚਾਰਗੀ ਦੋਹਾਂ ਹੀ ਸਤਾਧਾਰੀਆਂ ਦੇ ਆਗੂਆਂ ਦੀ ਬਣੀ ਹੋਈ ਹੈ। ਇਸ ਦੀ ਇਕ ਹੋਰ ਦਿਲਚਸਪ ਉਦਾਹਰਣ ਹੈ ਕਿ ਇਕ ਕਾਲਜ ਦੇ ਬਾਹਰ ਕੂੜੇ ਦਾ ਇਕ ਵੱਡਾ ਢੇਰ ਲੱਗਾ ਹੋਇਆ ਸੀ ਕਿਸੇ ਸਥਾਨਕ ਭਾਜਪਾ ਨੇਤਾ ਦੇ ਲੜਕੇ ਨੇ ਉਸ ਕਾਲਜ ਵਿਚ ਦਾਖਲਾ ਲੈਣ ਲਈ ਬੇਮਤਲਬੀ ਹੀ ਭਾਜਪਾ ਦੇ ਇਕ ਮੰਤਰੀ ਦੀ ਚਿੱਠੀ ਸਬੰਧਿਤ ਪਿ੍ਰੰਸੀਪਲ ਨੂੰ ਦੇ ਦਿੱਤੀ। ਪਿ੍ਰੰਸੀਪਲ ਨੇ ਦਾਖਲਾ ਫਾਰਮ ਰੱਖ ਲਿਆ ਕਿ ਪਹਿਲਾਂ ਨਿਗਮ ਨੂੰ ਆਖਕੇ ਕੂੜੇ ਦਾ ਢੇਰ ਚੁੱਕੋ ਤੇ ਫੇਰ ਦਾਖਲਾ ਲੈਣ ਆਇਓ। ਸਥਾਨਕ ਲੀਡਰ ਨੇ ਗੱਲ ਮੰਤਰੀ ਤੱਕ ਕਰ ਦਿੱਤੀ ਕੂੜੇ ਦਾ ਢੇਰ ਵੱਡਾ ਸੀ ਦਾਖਲੇ ਦੀ ਤਰੀਕ ਲਗਭਗ ਆਖਰੀ ਹੀ ਸੀ। ਉਹ ਮੰਤਰੀ ਸਾਹਿਬ ਹਫਤਾ ਭਰ ਕੂੜਾ ਨਾ ਚਕਵਾ ਸਕੇ ਤਾਂ ਹਾਰ ਕੇ ਕੌਸਲਰ ਨੇ ਆਪਣੇ ਨਿੱਜੀ ਟਰੈਕਟਰ ਟਰਾਲੀ ਨਾਲ ਦਿਹਾੜੀ ਤੇ ਮਜਦੂਰ ਲਾਕੇ ਉਹ ਕੰਮ ਕਰਵਾਇਆ। ਤਾਂ ਜਾਕੇ ਉਹ ਸਥਾਨਕ ਭਾਜਪਾ ਦੇ ਆਗੂ ਦੇ ਪੁੱਤਰ ਨੂੰ ਬੀਏ ਵਿਚ ਦਾਖਲਾ ਮਿਲਿਆ ਜਿਹੜਾ ਹਾਰੀ ਸਾਰੀ ਨੂੰ ਮਿਲ ਜਾਂਦਾ ਹੈ। ਨਿਗਮ ਕੋਲ ਵਰਕਰ ਨਹੀਂ ਏਨੇ ਵੱਡੇ ਕੂੜੇ ਦੇ ਢੇਰ ਨੂੰ ਉਹ ਸਿੱਟੇ ਕਿੱਥੇ? ਇਸ ਘਟਨਾ ਨੇ ਮੰਤਰੀ ਸਾਹਿਬ ਦੀ ਜਿਹੜੀ ਪਾਜ਼ ਲੋਕਾਂ ਵਿਚ ਖੋਲੀ ਉਹ ਭਾਂਵੇ ਗਿਣਤੀ ਦੇ ਲੋਕ ਹੀ ਜਾਣਦੇ ਹਨ ਪਰ ਨੇੜੇ ਦੇ ਲੋਕਾਂ ਨੇ ਹੂਟਰ ਵਾਲੀ ਕਾਰ ਦੇ ਅੰਦਰ ਬੈਠੇ ਬੇਵਸ ਮਨੁੱਖ ਦੇ ਦਰਸ਼ਣ ਜਰੂਰ ਕਰ ਲਏ। ਸਿੱਧੂ ਦਾ ਅਜਿਹੀ ਸਥਿਤੀ ਵਿਚ ਮੀਡੀਏ ਕੋਲ ਧਾਹਾਂ ਮਾਰਨੀਆਂ ਵਾਜਵ ਹੀ ਜਾਪਦਾ ਹੈ ਪਰ ਸਵਾਲ ਉਸ ਵਕਤ ਹੋਰ ਵੀ ਗੰਭੀਰ ਬਣ ਜਾਂਦਾ ਹੈ ਜਦੋਂ ਆਪਣੀ ਜਮੀਰ ਮਾਰ ਕੇ ਨਿੱਜ ਤੱਕ ਸੋਚ ਸੁੰਗੜ ਕੇ ਰਹਿ ਜਾਂਦੀ ਹੈ ਤੇ ਪਾਰਟੀਆਂ ਦੇ ਆਗੂ ਪਾਰਟੀ ਦੇ ਅਨੁਸ਼ਾਸਨ ਦੇ ਅੰਦਰ ਰਹਿ ਕੇ ਬੰਦ ਕਮਰੇ ਵਿਚ ਲੋਕ ਪੱਖੀ ਨੀਤੀਆਂ ਬਣਾਉਣ ਲਈ ਪਾਰਟੀ ਦੇ ਅੰਦਰ ਤਾਂ ਅੰਦੋਲਨ ਨਹੀਂ ਕਰਦੇ ਸਗੋਂ ਲੋਕਾਂ ਵਿਚ ਅੰਦੋਲਨ ਕਰਨ ਦਾ ਨਾਟਕ ਕਰਦੇ ਹਨ ਤਾਂ ਕਿ ਲੋਕਾਂ ਵਿਚ ਲੋਕ ਪੱਖੀ ਹੋਣ ਦਾ ਭਰਮ ਪੈਦਾ ਕੀਤਾ ਜਾ ਸਕੇ। ਇਹ ਹੀ ਕੁਝ ਸਿੱਧੂ ਨੇ ਅੰਮਿ੍ਰਤਸਰ ਦੇ ਲੋਕਾਂ ਨਾਲ ਕੀਤਾ ਹੈ। 28 ਸਤੰਬਰ ਨੂੰ ਮਰਨ ਵਰਤ ਦਾ ਐਲਾਨ ਹੋ ਰਿਹਾ ਹੈ ਤੇ 29 ਤਰੀਕ ਦੀ ਦਿੱਲੀ ਦੀ ਮੋਦੀ ਵਾਲੀ ਰੈਲੀ ਦੇ ਮੰਚ ਉਪਰ ਬੈਠਣ ਵਾਲਿਆਂ ਦੀ ਕਤਾਰ ਵਿਚ ਉਸ ਦਾ ਨਾਮ ਮੋਹਰੀਆਂ ’ਚ ਸ਼ਾਮਲ ਸੀ। ਇਸੇ ਕਰਕੇ ਸਰਕਾਰ ਵੱਲੋਂ ਲੌਲੀਪੌਪ ਮਿਲਣ ਤੇ ਉਹ ਮਰਨ ਵਰਤ ਕਰਨਾ ਭੁਲ ਕੇ ਦਿੱਲੀ ਨੂੰ ਉਡਾਰੀ ਮਾਰ ਜਾਂਦਾ ਹੈ।
ਸਿੱਧੂ ਹੁਰਾਂ ਨੇ ਅਮਿ੍ਰਤਸਰ ਦੇ ਵਿਕਾਸ ਨੂੰ ਆਧਾਰ ਬਣਕੇ ਜਿਸ ਤਰ੍ਹਾਂ ਨਾਲ ਫੰਡਾਂ ਦੀ ਮੰਗ ਕੀਤੀ ਹੈ ਉਹ ਉਪਰੋ ਉਪਰੋਂ ਦੇਖਣ ਤਾਂ ਠੀਕ ਹੀ ਜਾਪਦੀ ਹੈ ਪਰ ਕੀ ਸਰਕਾਰ ਦੇ ਇਕ ਅੰਗ ਨੂੰ ਪੂਰੇ ਸੂਬੇ ਬਾਰੇ ਨਹੀਂ ਸੋਚਣਾ ਚਾਹੀਦਾ। ਕੀ ਹਲਕਾਵਾਦ ਜਾਂ ਮਹੱਲਾਵਾਦ ਦੇ ਸ਼ਿਕਾਰ ਹੋ ਜਾਣਾ ਕਿਸੇ ਵੀ ਤਰ੍ਹਾਂ ਨਾਲ ਵਾਜਵ ਸਿੱਧ ਕੀਤਾ ਜਾ ਸਕਦਾ ਹੈ। ਪੰਜਾਬ ਦੇ ਹਰ ਇਕ ਹਲਕੇ ਦੀ ਅਸਲੀਅਤ ਤਾਂ ਇਹ ਹੀ ਹੈ ਕਿ ਨੀਂਹ ਪੱਥਰ ਰੱਖੇ ਜਾ ਰਹੇ ਹਨ। ਪਰ ਅਸਲੀਅਤ ਵਿਚ ਉਸਰ ਕੁਝ ਵੀ ਨਹੀਂ ਰਿਹਾ। ਪੰਜਾਬ ਦੇ ਖਜ਼ਾਨੇ ਖਾਲੀ ਹਨ। ਮੁਲਾਜਮਾਂ ਦੀਆਂ ਤਨਖਾਹਾਂ ਦੇਣ ਲਈ ਸਰਕਾਰ ਕੋਲ ਧਨ ਨਹੀਂ ਹੈ। ਕਿਸੇ ਕਿਸਮ ਦੀ ਨਾ ਤਾਂ ਖਜ਼ੂਲ ਖਰਚੀ ਉਪਰ ਹੀ ਰੋਕ ਲਾਈ ਜਾ ਰਹੀ ਹੈ ਤੇ ਨਾ ਹੀ ਸੰਗਤ ਦਰਸ਼ਣ ਦਾ ਪ੍ਰੋਗਰਾਮ ਮੁਲਤਵੀ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁਲਾਜਮਾਂ ਨੂੰ ਡੀਏ ਦੀਆਂ ਕਿਸ਼ਤਾਂ ਨਹੀਂ ਮਿਲ ਰਹੀਆਂ ਤੇ ਮੰਤਰੀਆਂ ਨੂੰ ਨਵੀਆਂ ਕਾਰਾ ਤੇ ਹੋਰ ਸੁਖ ਸਹੂਲਤਾਂ ਵਧਾ ਦਿੱਤੀਆਂ ਗਈਆਂ ਹਨ। ਮੁਲਾਜ਼ਮ ਆਪਣਾ ਹੀ ਜਮਾਂ ਕੀਤਾ ਹੋਇਆ ਜੀ ਪੀ ਐਫ ਨਹੀਂ ਕਢਵਾ ਸਕਦੇ। ਪੰਜਾਬ ਅੱਜ ਲੀਡਰਾਂ ਦੀਆਂ ਗਲਤ ਨੀਤੀਆਂ ਕਰਕੇ ਆਪਣੇ ਗੁਆਢੀ ਰਾਜਾਂ ਨਾਲੋਂ ਬਹੁਤ ਪਿੱਛੇ ਰਹਿ ਗਿਆ ਹੈ। ਲੋੜ ਤਾਂ ਪੰਜਾਬ ਬਾਰੇ ਸੰਜੀਦਾ ਬਹਿਸ ਛੇੜਨ ਦੀ ਸੀ ਜਿਸ ਕਿਸਮ ਦੀ ਬਹਿਸ ਜੇ ਇਨ੍ਹਾਂ ਰਾਜ ਕਰਦੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਆਰੰਭੀ ਜਾਦੀ ਤਾਂ ਇਹ ਪੰਜਾਬ ਲਈ ਸ਼ੁਭ ਸਗਨ ਹੁੰਦਾ ਪਰ ਸੰਜੀਦਾ ਬਹਿਸ ਦੀ ਥਾਂ ਉਪਰ ਰਾਜਸੀ ਸਟੰਟ ਬਾਜੀ ਕਰਕੇ ਤੁਸੀ ਲੋਕਾਂ ਵਿਚ ਵਾਹ ਵਾਹ ਕਰਵਾ ਸਕਦੇ ਹੋ ਦੋ ਚਾਰ ਪ੍ਰਤੀਸ਼ਤ ਵੋਟਾਂ ਵਧਾ ਘਟਾ ਸਕਦੇ ਹੋ ਪਰ ਪੰਜਾਬ ਦੇ ਤੇ ਲੋਕਾਂ ਦੇ ਹਿੱਤਾਂ ਦੀ ਤਰਜਮਾਨੀ ਨਹੀਂ ਕਰ ਸਕਦੇ।
ਸਿੱਧੂ ਨੂੰ ਜਾਦ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਪਾਰਟੀਆਂ ਦੀ ਉਹ ਪਾਸੰਦ ਹੈ ਉਹ ਪਾਰਟੀਆਂ ਵਿਅਕਤੀ ਨੂੰ ਵਰਤਦੀਆਂ ਹਨ ਨਾ ਕਿ ਵਿਅਕਤੀ ਉਨ੍ਹਾਂ ਪਾਰਟੀਆਂ ਲਈ ਕੋਈ ਮਾਇਨਾ ਰੱਖਦੇ ਹਨ। ਸਿੱਧੂ ਦੀ ਚੌਣ ਸੰਸਦ ਦੇ ਉਮੀਦਵਾਰ ਵਜੋਂ ਭਾਜਪਾ ਨੇ ਇਸ ਲਈ ਨਹੀਂ ਸੀ ਕੀਤੀ ਕਿ ਇਹ ਭਾਜਪਾ ਨੂੰ ਚਲਾਏਗਾ ਸਗੋਂ ਇਸ ਲਈ ਕੀਤੀ ਸੀ ਕਿ ਬਿਨ੍ਹਾਂ ਕਿਸੇ ਵੀ ਕੰਮ ਦੇ ਲੋਕਾਂ ਨੂੰ ਬੁੱਧੂ ਬਣਾਕੇ ਜਿੱਤਣ ਵਾਲਾ ਇਹ ਵਿਅਕਤੀ ਉਨ੍ਹਾਂ ਲਈ ਇਕ ਸੀਟ ਜਿੱਤ ਸਕਦਾ ਹੈ। ਇਸੇ ਕਰਕੇ ਹੀ ਬੇਸ਼ਰਮ ਚੁਟਕਲਿਆਂ ਉਪਰ ਚਸਕਾਰੇ ਲੈਂਦੇ ਸਿੱਧੂ ਨੂੰ ਪਾਰਟੀ ਨੇ ਕਦੀ ਵੀ ਨੈਤਿਕਤਾ ਦਾ ਪਾਠ ਨਹੀਂ ਪੜ੍ਹਾਇਆ ਜਿਹੜਾ ਸੰਸਾਰ ਦੇ ਸਭ ਤੋਂ ਵੱਡੇ ਲੋਕ ਤੰਤਰੀ ਦੇਸ਼ ਦੇ ਸੰਸਦ ਨੂੰ ਪੜਾਇਆ ਜਾਣਾ ਚਾਹੀਦਾ ਹੈ। ਵਿਧਾਨ ਸਭਾ ਦੇ ਅੰਦਰ ਬਿਲੂ ਮੂਵੀ ਦੇਖਣ ਵਾਲੇ ਵਿਧਾਇਕਾਂ ਵਾਲੇ ਦੇਸ਼ ਵਿਚ ਸ਼ਾਇਦ ਸਿੱਧੂ ਦਾ ਗੰਦੇ ਚੁਟਕਲਿਆਂ ਉਪਰ ਹੱਸਣਾ ਸ਼ਾਇਦ ਅਜੇ ਇਨਾਂ ਗੰਭਾਰ ਦੋਸ਼ ਨਹੀਂ ਹੈ।