dr t virli

dr t virli

Wednesday 30 October 2013

ਗ਼ਦਰ ਸ਼ਤਾਬਦੀ ਨੂੰ ਪ੍ਰਨਾਇਆ ਮੇਲਾ ਗ਼ਦਰੀ ਬਾਬਿਆਂ ਦਾ

 ਡਾ. ਤੇਜਿੰਦਰ ਵਿਰਲੀ (9464797400)
ਇਹ ਵਰ੍ਹਾ ਗ਼ਦਰ ਦੀ ਸ਼ਦਤਾਬਦੀ ਦਾ ਵਰ੍ਹਾ ਹੈ। 1913 ਵਿਚ ਜਦੋਂ ਦੇਸ਼ ਗੁਲਾਮ ਸੀ, ਉਦੋ ਅਮਰੀਕਾ ਕੈਨੇਡਾ ਦੀਆਂ ਆਰਾ ਮਿੱਲਾਂ, ਰੇਲ ਦੀਆਂ ਪਟੜੀਆਂ ਤੇ ਆਲੂਆਂ ਦੇ ਖੇਤਾਂ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਵਰਗੇ ਵੱਡੇ ਸੁਪਨੇ ਲਏ ਗਏ। ਇਹ ਸੁਪਨੇ ਲੈਣ ਵਾਲੇ ਸਨ ਭਾਰਤ ਦੇ ਉਹ ਮੁੱਠੀ ਭਰ ਕਿਰਤੀ ਲੋਕ ਜਿਨ੍ਹਾਂ ਨੇ ਰੁਜ਼ਗਾਰ ਲਈ ਸੰਸਾਰ ਦੇ ਕੋਨੇ ਕੋਨੇ ਨੂੰ ਛਾਣ ਮਾਰਿਆ ਸੀ ਤੇ ਅੰਤ ਅਮਰੀਕਾ ਵਰਗੇ ਆਜ਼ਾਦ ਦੇਸ਼ ਨੂੰ ਆਪਣਾ ਪੱਕਾ ਟਿਕਾਣਾ ਬਣਾਇਆ ਸੀ। ਜਿੱਥੇ ਉਨ੍ਹਾਂ ਨੂੰ ਆਪਣੀ ਕਿਰਤ ਦਾ ਵਾਜਵ ਮੁੱਲ ਮਿਲਿਆ ਸੀ। ਆਜ਼ਾਦ ਦੇਸ਼ ਦੇ ਸਵਰਗ ਨੂੰ ਮਾਨਣ ਲਈ ਹੀ ਉਨ੍ਹਾਂ ਨੇ ਇਸ ਧਰਤੀ ਨੂੰ ਰਹਿਣ ਲਈ ਚੁੱਣਿਆਂ ਸੀ। ਪਰ ਛੇਤੀ ਮਗਰੋ ਆਜ਼ਾਦੀ ਦੇ ਸਵਰਗ ਤੇ ਗੁਲਾਮੀ ਦੇ ਨਰਕ ਦਾ ਅਹਿਸਾਸ ਵੀ ਉਨ੍ਹਾਂ ਨੂੰ ਹੋਣ ਲੱਗਾ। ਜਦੋਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਫੌਜ ਵਿੱਚੋਂ ਮਿਲੇ ਬਹਾਦਰੀ ਦੇ ਤਗਮੇ ਵੀ ਥਾਂ ਥਾਂ ਹੁੰਦੇ ਅਪਮਾਨ ਲਈ ਕੁਝ ਢਾਰਸ ਨਾ ਬੰਨਦੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਤੱਕ ਉਨ੍ਹਾਂ ਨੇ ਬਰਤਾਨਵੀ ਫੌਜ ਲਈ ਬਸਤੀਵਾਦੀਆਂ ਦੀਆਂ ਹੱਦਾਂ ਚੋੜੀਆਂ ਕਰਨ ਦੀ ਗਲਤ ਲੜਾਈ ਹੀ ਲੜੀ ਹੈ। ਜਿੱਥੇ ਉਨ੍ਹਾਂ ਨੂੰ ਆਪਣੀ ਭ੍ਰੱੁਲ ਦਾ ਅਹਿਸਾਸ ਹੋਇਆ ਉੱਥੇ ਦੇਸ਼ ਲਈ ਅਸਲ ਲੜਾਈ ਲੜਨ ਦੀ ਅੰਦਰੂਨੀ ਪ੍ਰੇਰਨਾ ਵੀ ਉਨ੍ਹਾਂ ਨੂੰ ਆਪਣੇ ਮਨ ਅੰਦਰੋ ਹੀ ਮਿਲਣ ਲੱਗ ਪਈ। ਦੂਸਰੇ ਪਾਸੇ ਦੇਸ਼ ਵਿਚ ਚੱਲੀ ‘ਕੂਕਾ ਲਹਿਰ’ ਤੇ ‘ਪਗੜੀ ਸੰਭਾਲ ਜੱਟਾ’ ਲਹਿਰਾਂ ਦੇ ਅਸਰ ਵਿਚ ਜਵਾਨ ਹੋਏ ਬਾਬਾ ਸੋਹਣ ਸਿੰਘ ਭਕਨਾ, ਪੰਡਿਤ ਕਾਂਸ਼ੀ ਰਾਮ ਤੇ ਬਾਬਾ ਜਵਾਲਾ ਸਿੰਘ ਵਰਗੇ ਵੱਡੇ ਕਾਰਜ ਨਾਲ ਜੁੜਨ ਲਈ ਤਿਆਰ ਹੋ ਰਹੇ ਸਨ। 1913 ਦਾ ਵਰ੍ਹਾ ਉਹ ਵਰ੍ਹਾ ਸੀ ਜਦੇਂ ਦੇਸ਼ ਲਈ ਮਰਨ ਮਿਟਣ ਦੀਆਂ ਕਸਮਾਂ ਖਾਦੀਆਂ ਗਈਆਂ ਤੇ ਦੇਸ਼ ਨੂੰ ਆਜ਼ਾਦ ਕਰਵਾ ਲੈਣ ਤੋਂ ਬਾਦ ਇਸ ਦੀ ਰੂਪ ਰੇਖਾ ਵੀ ਤਿਆਰ ਹੋਣ ਲੱਗੀ। ਇਸ ਵਿੱਚੋਂ ਹੀ ‘ ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ ’ ਨਾਮ ਦੀ ਜਥੇਬੰਦੀ ਨੇ ਆਪਣੀ ਹੋਂਦ ਗਹਿਣ ਕੀਤੀ। ਇਸ ਐਸੋਸੀਏਸਨ ਦੇ ਯਤਨਾ ਨਾਲ ‘ਗ਼ਦਰ’ ਅਖ਼ਬਾਰ ਕੱਢਿਆ ਗਿਆ ਇਹ ਅਖਬਾਰ ਏਨਾ ਪ੍ਰਚਲਤ ਹੋਇਆ ਕਿ ਪਾਰਟੀ ਦਾ ਨਾਮ ਵੀ ਅਖਬਾਰ ਦੇ ਨਾਮ ਤੋਂ ‘ਗ਼ਦਰ ਪਾਰਟੀ’ ਹੀ ਪ੍ਰਚਲਤ ਹੋ ਗਿਆ। ਜਿੱਥੇ ਵੀ ਇਹ ਅਖਬਾਰ ਜਾਂਦਾ ਲੋਕ ਇਸ ਨੂੰ ਪੜ੍ਹਦੇ ਤੇ ਗ਼ਦਰ ਪਾਰਟੀ ਨਾਲ ਜੁੜਨ ਲੱਗੇ। ਸਰਕਾਰ ਵੀ ਗ਼ਦਰ ਅਖਬਾਰ ਤੋਂ ਡਰਨ ਲੱਗੀ। ਭਾਰਤ ਵਿਚ ਇਸ ਅਖ਼ਬਾਰ ਦੇ ਦਾਖਲੇ ਉਪਰ ਪਾਬੰਦੀ ਲਾ ਦਿੱਤੀ ਗਈ। ਗ਼ਦਰੀ ਆਗੂਆਂ ਦੇ ਇਸ ਵੱਡੇ ਸੁਪਨੇ ਨੇ ਜਿੱਥੇ ਬਰਤਾਨਵੀ ਹਕੂਮਤ ਨੂੰ ਸੋਚਾਂ ਵਿਚ ਪਾ ਦਿੱਤਾ ਉੱਥੇ ਗ਼ਦਰੀ ਆਗੂਆਂ ਦੀ ਰਾਤਾਂ ਦੀ ਨੀਂਦ ਵੀ ਉਡਾਰੀਆਂ ਮਾਰ ਗਈ। ਸੁਪਨਾ ਹਕੀਕਤ ਦਾ ਜਾਮਾਂ ਕਿਵੇ ਪਾਵੇ ? ਅਜਿਹੀਆਂ ਵਿਚਾਰਾਂ ਹਰ ਵਕਤ ਤੇ ਹਰ ਥਾਂ ਹੋਣ ਲੱਗੀਆਂ। ਇਕ ਸੁਪਨਾ ਹਕੀਕਤ ਬਣਨ ਲਈ ਉੱਸਲ ਵੱਟੇ ਲੈਣ ਲੱਗਾ।
  
 ਉਸ ਸਮੇਂ ਬਗਾਵਤਾਂ ਫੌਜਾਂ ਹੀ ਕਰਿਆ ਕਰਦੀਆਂ ਸਨ। ਪਰ ਇਹ ਵੱਡਾ ਸੁਪਨਾ 21 ਫਰਬਰੀ 1914 ਨੂੰ ਹੋਈਆਂ ਨਿੱਕੀਆਂ ਨਿੱਕੀਆਂ ਗ਼ਲਤੀਆਂ ਕਰਕੇ ਪੂਰਾ ਨਹੀਂ ਹੋਇਆ। ਗ਼ਦਰੀਆਂ ਨੇ ਬਰਤਾਨੀ ਬਸਤੀਵਾਦੀਆਂ ਤੋਂ ਆਜ਼ਾਦੀ ਲਈ ਆਪਣੀਆਂ ਕੀਮਤੀ ਜਾਨਾ ਵਾਰੀਆਂ। ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਦ ਵੀ ਹੌਸਲੇ ਨਾ ਹਾਰੇ। ਅਸਫਲਤਾਂ ਵਿਚੋਂ ਆਸ ਦੀ ਕਿਰਨ ਦਾ ਦੀਵਾ ਆਪਣੀ ਰਤ ਦੇ ਨਾਲ ਕੇਵਲ ਬਲਦਾ ਹੀ ਨਹੀਂ ਰੱਖਿਆ ਸਗੋਂ 1917 ਦੇ ਸਫਲ ਰੂਸੀ ਇਨਕਲਾਬ ਦੀ ਬਦੌਲਤ ਇਹ ਸੁਪਨਾ ਵਰਗ ਰਹਿਤ ਸਮਾਜ ਦੀ ਸਿਰਜਣਾ ਵਰਗੇ ਸਮਾਜਵਾਦੀ ਸੰਕਲਪ ਲਈ ਹੋਰ ਵੀ ਦਰਿੜ ਹੋ ਕੇ ਉਭਰਿਆ। ਸੁਰਿੰਦਰ ਕਾਰ, ਭਾਈ ਸੰਤੋਖ ਸਿੰਘ ਤੇ ਰਤਨ ਸਿੰਘ ਰਾਏਪੁਰ ਡੱਬਾ ਦੇ ਯਤਨਾ ਨਾਲ ਰੂਸ ਦੀ ਮਦਦ ਨਾਲ ਅਫਗਾਨਿਸਥਾਨ ਰਾਹੀ ਭਾਰਤ ਵਿਚ ਇਨਕਲਾਬ ਕਰਨ ਦੀਆਂ ਤਰਕੀਬਾਂ ਸੋਚੀਆਂ ਜਾਣ ਲੱਗੀਆਂ। ਫੌਜੀ ਬਗਾਵਤਾਂ ਦੀ ਥਾਂ ਲੋਕ ਲਾਮਬੰਦੀ ਤੇ ਜਨ ਅੰਦੋਲਨਾ ਨੇ ਲੈ ਲਈ। ਹਥਿਆਰਾਂ ਦੀ ਥਾਂ ਇਨਕਲਾਬੀ ਸਾਹਿਤ ਸਰਹੱਦਾਂ ਪਾਰ ਕਰਕੇ ਭਾਰਤ ਵਿਚ ਆਉਣ ਲੱਗਾ। ਗ਼ਦਰੀਆਂ ਦੇ ਮੱਕੇ ਵਜੋਂ ਜਾਣੇ ਜਾਂਦੇ ਯੁਗਾਂਤਰ ਆਸ਼ਰਮ ਵਿਚ ਚੁੱਲਾ ਤਾਂ ਭਾਂਵੇ ਠੰਡਾ ਹੋ ਗਿਆ ਪਰ ਸੀਨਿਆਂ ਵਿਚ ਮਘਦੀ ਜਵਾਲਾ ਭੋਰਾ ਭਰ ਵੀ ਠੰਢੀ ਨਾ ਹੋਈ। ਦੇਸ਼ਾਂ ਦੀਆਂ ਸਰਹੱਦਾਂ ਚੀਰ ਤੇਜਾ ਸਿੰਘ ਸੁੰਤਤਰ ਵਰਗੇ ਕਾਮਿਆਂ ਦੀ ਯੁਨੀਵਰਸਿਟੀ ਵਿਚ ਦਾਖਲਾ ਲੈਣ ਲਈ ਮਾਸਕੋ ਜਾਣ ਲੱਗੇ। ਅੰਗਰੇਜ਼ੀ ਹਕੂਮਤ ਦੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤੇ ਕਾਲੇ ਪਾਣੀ ਦਾ ਤਸ਼ੱਦਦ ਵੀ ਉਧਮ ਸਿੰਘ ਕਸੇਲ ਵਰਗਿਆਂ ਦੇ ਜੋਸ਼ ਨੂੰ ਠੰਡਾ ਨਾ ਕਰ ਸਕਿਆ। ਗ਼ਦਰ ਕਦੀ ਅਕਾਲੀ ਅੰਦੋਲਨ ਵਿਚ ਗੂਜਿਆ ਕਦੇ ਕਿਰਤੀ ਪਾਰਟੀ ਬਣ ਕੇ ਜੁਲਮ ਦੀਆਂ ਜੜ੍ਹਾਂ ਵੱਡਦਾ ਰਿਹਾ। ਕਦੀ ਲਾਲ ਪਾਰਟੀ ਬਣਿਆ। ਗ਼ਦਰ ਦਾ ਆਖਰੀ ਚਰਾਗ ਬਣ ਬਾਬਾ ਬਿਲਗਾ ਇਕ ਸਦੀ ਤੋਂ ਵਧ ਲਟ ਲਟ ਬਲਦਾ ਰਿਹਾ।
ਸੰਸਾਰ ਭਰ ਬਸਤੀਵਾਦ ਦਾ ਖਾਤਮਾਂ ਸਮਾਜਵਾਦੀ ਧਿਰਾਂ ਦੀ ਚੜਤ ਨਾਲ ਹੋਣ ਲੱਗਾ। ਇਕੱਲੇ ਏਸ਼ੀਆ ਵਿਚ ਹੀ 1946 ਤੋਂ 1948 ਤੱਕ 16 ਦੇਸ਼ ਬਸਤੀਵਾਦ ਦੇ ਸੰਕੰਝੇ ਵਿੱਚੋਂ ਬਾਹਰ ਨਿਕਲੇ। ਜਿੱਥੇ ਚੀਨ ਸਮਾਜਵਾਦੀ ਲੀਹਾਂ ਉਪਰ ਚੱਲਣ ਲੱਗਾ ਤੇ ਅੱਜ ਦੁਨੀਆਂ ਦੀ ਵੱਡੀ ਤਾਕਤ ਬਣ ਗਿਆ ਹੈ। ਉੱਥੇ ਭਾਰਤ ਅੰਗਰੇਜ਼ ਪ੍ਰਸਤ ਆਗੂੂਆਂ ਦੀ ਅਗਵਾਈ ਵਿਚ ਪੂੰਜੀਵਾਦੀ ਲੀਹਾਂ ਉਪਰ ਚੱਲਣ ਲੱਗਾ। ਭਾਰਤ ਦੇ ਆਜ਼ਾਦ ਹਾਕਮਾਂ ਨੇ ਭਾਰਤੀ ਲੋਕਤੰਤਰ ਲਈ ਸਮਾਜਵਾਦੀ ਸ਼ਬਦ ‘ਸਮਾਜਵਾਦ’ ਨੂੰ ਬਦਨਾਮ ਕਰਨ ਲਈ ਹੀ ਵਰਤਿਆ ਗਿਆ ਸੀ। ਇਸ ਕਲੰਕਤ ਸਫਰ ਵਿਚ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗ਼ਰੀਬ ਹੋਣ ਲੱਗਾ। ਅੱਜ ਗਰੀਬ ਦਾ ਜੀਉਣਾ ਨਰਕ ਦੀ ਫਟੀ ਹੋਈ ਤਸਵੀਰ ਬਣ ਕੇ ਰਹਿ ਗਿਆ।
ਜੇਲ੍ਹਾਂ ਕੱਟ ਕੇ ਆਰਮ ਦੀ ਜਿੰਦਗੀ ਜੀਉਣ ਦੀ ਕਾਮਨਾ ਕਰਨ ਵਾਲੇ ਗ਼ਦਰੀਆਂ ਨੂੰ ਦੇਸ਼ ਦੇ ਹਾਕਮਾਂ ਦੇ ਖਿਲਾਫ ਲੜਨਾ ਪਿਆ। ਬਾਬਾ ਸੋਹਣ ਸਿੰਘ ਭਕਨਾ ਵਰਗਿਆਂ ਨੂੰ ਬਰਤਾਨਵੀ ਹਾਕਮਾਂ ਦੀਆਂ ਜੇਲ੍ਹਾਂ ਭਾਂਵੇਂ ਕੁਝ ਨਾ ਕਰ ਸਕੀਆਂ ਪਰ ਆਜ਼ਾਦ ਭਾਰਤ ਦੇ ਦੇਸੀ ਹਾਕਮਾਂ ਦੀਆਂ ਜੇਲ੍ਹਾਂ ਦੇ ਤਸ਼ੱਦਦ ਨੇ ਉਸ ਮਹਾਨ ਦੇਸ਼ ਭਗਤ ਦੀ ਕੰਡ ਕੁੱਬੀ ਕਰ ਦਿੱਤੀ। ਇਹੋ ਹੀ ਕਾਰਨ ਹੈ ਕਿ ਆਜ਼ਾਦੀ ਦੇ 65 ਸਾਲ ਬੀਤ ਜਾਣ ਦੇ ਬਾਦ ਵੀ ਇਹ ਹੀ ਜਾਪਦਾ ਹੈ ਕਿ 1947 ਵਿਚ ਦੇਸ਼ ਆਜ਼ਾਦ ਨਹੀਂ ਸੀ ਹੋਇਆ ਕੇਵਲ ਸਤਾ ਦਾ ਤਬਾਦਲਾ ਹੀ ਹੋਇਆ ਸੀ। ਦੇਸ਼ ਦੀ ਆਜ਼ਾਦੀ ਦਾ ਭਰਮ ਹੁਣ ਜਿੱਥੇ ਟੁੱਟਦਾ ਜਾ ਰਿਹਾ ਹੈ। ਉੱਥੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਨ ਵਾਲੀ ਆਖਰੀ ਪੀੜੀ ਅਜੇ ਜੀਉਂਦੀ ਹੈ ਕਿ ਦੇਸ਼ ਦੀ ਆਜ਼ਾਦੀ ਦਮ ਤੋੜਨ ਲੱਗ ਪਈ ਹੈ। ਦੇਸ਼ ਦੇ ਹਾਕਮ ਨਿੱਜੀ ਲਾਭ ਲਈ ਦੇਸ਼ ਨੂੰ ਗਿਰਵੀ ਰੱਖ ਰਹੇ ਹਨ। ਜਿਨ੍ਹਾਂ ਕੁਦਰਤੀ ਸਾਧਨਾਂ ਨੂੰ ਅੰਗਰੇਜ ਬਸਤੀਵਾਦੀਆਂ ਨੇ ਆਪਣੇ ਢਾਈ ਸੋ ਸਾਲਾਂ ਦੇ ਰਾਜ ਪ੍ਰਬੰਧ ਵਿਚ ਨਹੀਂ ਸੀ ਛੇੜਿਆ ਭਾਰਤ ਦੇ ਦੇਸੀ ਹਾਕਮ ਉਨ੍ਹਾਂ ਕੁਦਰਤੀ ਸਾਧਨਾ ਨੂੰ ਨਿੱਜੀ ਹਿੱਤਾਂ ਦੀ ਖਾਤਰ ਕੌਡੀਆਂ ਦੇ ਭਾਅ ਬੁਹ ਰਾਸ਼ਟਰੀ ਕੰਪਣੀਆਂ ਨੂੰ ਵੇਚ ਰਹੇ ਹਨ। ਤੇ ਉਨ੍ਹਾਂ ਜੰਗਲਾਂ ਵਿਚ ਰਹਿੰਦੇ ਆਦੀ ਵਾਸੀਆਂ ਨੂੰ ਜਬਰਦਸਤੀ ਉਜਾੜਿਆ ਜਾ ਰਿਹਾ ਹੈ। ਉਨਾਂ ਦੇ ਮੁੜ ਵਸੇਵੇ ਦੀ ਥਾਂ ਉਨ੍ਹਾਂ ਨੂੰ ਫੌਜੀ ਬੂਟਾਂ ਹੇਠ ਕੁਚਲਿਆ ਜਾ ਰਿਹਾ ਹੈ। ਵਰਦੀਧਾਰੀ ਲੋਕਾਂ ਵੱਲੋਂ ਕਾਨੂੰਨ ਦੀ ਆੜ ਹੇਠ ਆਦੀਵਾਸੀਆਂ ਦੀਆਂ ਨਬਾਲਕ ਕੰਜਕਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ ਤਾਂ ਕਿ ਉਹ ਲੋਕ ਕੁਦਰਤੀ ਖਿਜਾਨਿਆਂ ਨਾਲ ਭਰਭੂਰ ਧਰਤੀ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ। ਪਰ ਲੋਕ ਲੜ ਰਹੇ ਹਨ। ਲੋਕ ਮਰ ਰਹੇ ਹਨ।
1991 ਵਿਚ ਦੇਸ਼ ਦੀਆਂ ਸਰਹੱਦਾਂ ਵਿਸ਼ਵੀਕਰਨ ਦੇ ਮਾਰੂ ਸਾਹਨ ਦੇ ਚਰਨ ਲਈ ਖੋਲੀਆਂ ਜਾ ਚੁੱਕੀਆਂ ਹਨ। ਪੱਕੀਆਂ ਨੌਕਰੀਆਂ ਦਾ ਭੋਗ ਪਾਕੇ ਠੇਕੇ ਉਪਰ ਭਰਤੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਬੁਹ ਰਾਸ਼ਟਰੀ ਧਾੜਵੀਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਪੋਟਾ ਪੋਟਾ ਕਰਜ਼ੇ ਨਾਲ ਵਿੰਨੇ ਦੇਸ਼ ਦੀਆਂ ਨੀਤੀਆਂ ਉਸ ਪਾਰਲੀ ਮੈਂਟ ਵਿਚ ਨਹੀਂ ਘੜੀਆਂ ਜਾ ਰਹੀਆਂ ਜਿਸ ਪਾਰਲੀਮੈਂਟ ਵਿਚ ਬੈਠੇ ਬੋਲ਼ਿਆਂ ਨੂੰ ਸੁਣਾਉਣ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਬੰਬ ਸੱੁਟਿਆ ਸੀ। ਸਗੋਂ ਅਮਰੀਕਾ ਵਿਚ ਬੈਠੇ ਨਵ ਸਾਮਰਾਜੀਆਂ ਵੱਲੋਂ ਥੋਪੀਆਂ ਜਾ ਰਹੀਆਂ ਹਨ। ਇਸੇ ਨੀਤੀ ਦੇ ਤਹਿਤ ਪ੍ਰਚੂਨ ਦੇ ਵਿਉਪਾਰੀਆਂ ਦਾ ਰੁਜ਼ਗਾਰ ਖੋਹ ਕੇ ਸਿੱਧੇ ਵਿਦੇਸ਼ੀ ਨਿਵੇਸ਼ਕਾਂ ਨੂੰ ਦਿੱਤਾ ਜਾ ਰਿਹਾ ਹੈ। ਐਫ. ਡੀ. ਆਈ ਉੱਪਰ ਵੱਖ ਵੱਖ ਰਾਜਸੀ ਪਾਰਟੀਆਂ ਦੀ ਪੈਤੜੇ ਬਾਜੀ ਨੇ ਇਹ ਤਾਂ ਦੱਸ ਹੀ ਦਿੱਤਾ ਹੈ ਕਿ ਇਕੋ ਹੀ ਪਾਰਟੀ ਰਾਜ ਸਭਾ ਵਿਚ ਹੋਰ ਸਟੈਂਡ ਲੈਂਦੀ ਹੈ ਤੇ ਲੋਕ ਸਭਾ ਵਿਚ ਹੋਰ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਣ ਵਾਲੇ ਸਰਾਭੇ ਵਰਗਿਆਂ ਨੇ ਕਦੇ ਵੀ ਇਹ ਨਹੀਂ ਸੋਚਿਆ ਹੋਣਾ ਕਿ ਦੇਸ਼ ਦੇ ਹਾਕਮ ਇਸ ਕਦਰ ਆਪਣਾ ਇਮਾਨ ਵੇਚ ਦੇਣਗੇ ਤੇ ਦੇਸ਼ ਦੀ ਨੌਜਵਾਨ ਪੀੜੀ �ਿਕਟ ਦਾ ਮੈਚ ਜਿੱਤਣ ਹਾਰਨ ਦੇ ਸੱਟੇ ਲਗਾਉਂਦੀ ਰਹੇਗੀ। ਦੇਸ਼ ਦੀ ਨੌਜਵਾਨੀ ਇਸ ਲਈ ਨਸ਼ਿਆਂ ਵਿਚ ਗਰਕ ਕੀਤੀ ਜਾਂਦੀ ਹੈ ਕਿ ਉਹ ਉਧਮ ਸਿੰਘ ਤੇ ਮਦਨ ਲਾਲਾ ਢੀਂਗਰਾਂ ਨੂੰ ਆਪਣਾ ਨਾਇਕ ਨਾ ਬਣਾ ਲੈਣ।
ਅੱਜ ਜਦੋਂ ਅਸੀਂ ਗਦਰ ਦੀ ਸ਼ਤਾਬਦੀ ਮਨਾ ਰਹੇ ਹਾਂ ਤਾਂ ਯਕੀਨਨ ਹੀ ਦੇਸ਼ ਦੇ ਹਾਕਮ ਵੀ ਉਨ੍ਹਾਂ ਨਾਇਕਾਂ ਨੂੰ ਯਾਦ ਕਰਨਗੇ ਤੇ ਇਸ ਸ਼ਤਾਬਦੀ ਸਮਾਰੋਹ ਵਿਚ ਆਕੇ ਸ਼ਾਮਲ ਹੋ ਜਾਣਗੇ। ਦੇਸ਼ ਭਗਤ ਯਾਦਗਰ ਹਾਲ ਇਨਸਾਫ ਪਾਸੰਦ ਲੋਕਾਂ ਦੀਆਂ ਭੀੜਾਂ 28 ਅਕਤੂਬਰ ਤੋਂ ਪਹਿਲੀ ਨਵੰਬਰ ਤੱਕ ਖਚਾ ਖਚ ਭਰਿਆ ਰਹੇਗਾ। ਭਾਂਵੇ ਗ਼ਦਰ ਸ਼ਤਾਬਦੀ ਦੇ ਜ ਸਾਰੇ ਦੇਸ਼ਾਂ ਵਿਚ ਹੀ ਮਨਾਏ ਜਾਣੇ ਹਨ ਜਿੱਥੇ ਵੀ ਵਿਗਿਆਨਕ ਸੋਚ ਵਾਲੇ ਭਾਰਤੀ ਰਹਿੰਦੇ ਹਨ ਪਰ ਪੰਜਾਬ ਦੇ ਸ਼ਹਿਰ ਜਲੰਧਰ ਦਾ ਇਹ ਜਸ਼ਨ ਇਸ ਦਾ ਸਿਖਰ ਹੋਵੇਗਾ।
ਇਕ ਗ਼ਦਰ ਨੂੰ ਆਰੰਭ ਹੋਇਆ ਇਕ ਸ਼ਤਾਬਦੀ ਬੀਤ ਗਈ ਹੈ। ਦੇਸ਼ ਦੇ ਹਾਕਮ ਬਦਲ ਗਏ ਹਨ। ਅੱਜ ਉਸ ਗ਼ਰਦ ਦੀ ਸ਼ਤਾਬਦੀ ਹੈ ਜਿਸ ਦਾ ਕੇਵਲ ਡਾਕ ਟਿਕਟ ਜਾਰੀ ਹੋ ਜਾਣ ਨਾਲ ਕੁਝ ਨਹੀਂ ਸਰਨਾ। ਇਹ ਗ਼ਦਰ ਲੋਕਾਂ ਲਈ ਬਰਾਬਤਾਂ ਦੀ ਮੰਗ ਕਰਦਾ ਸੀ। ਇਹ ਗ਼ਦਰ ਅੱਜ ਵੀ ਉਹ ਹੀ ਮੰਗ ਕਰ ਰਿਹਾ ਹੈ ਜੋ ਅੱਜ ਤੋਂ ਸੌ ਸਾਲ ਪਹਿਲਾਂ ਕਰ ਰਿਹਾ ਸੀ। ਅੱਜ ਵੀ ਮਨੱਖ ਦੀਆਂ ਜਮਹੂਰੀ ਆਜ਼ਾਦੀਆਂ ਖਤਰੇ ਵਿਚ ਹਨ। ਅੱਜ ਵੀ ਪੇਟ ਦੀ ਖਾਤਰ ਜਿਸਮ ਵਿਕਦਾ ਹੈ। ਅੱਜ ਵੀ ਇਨਸਾਫ ਦੀ ਬੋਲੀ ਲਗਦੀ ਹੈ। ਅੱਜ ਫਰੇਮ ਵਿਚ ਕੈਦ ਬਾਬਾ ਸੋਹਣ ਸਿੰਘ ਭਕਨਾ ਦੀ ਕੁੱਬੀ ਕੰਡ ਵਾਲੀ ਫੋਟੋ ਹਜ਼ਾਰਾਂ ਉਤਸ਼ਾਹੀ ਨੌਜਵਾਨਾਂ ਨੂੰ ਵੰਗਾਰ ਰਹੀ ਹੈ। ਉੱਠੇੋ ਦੇਸ਼ ਦੇ ਅਸਲੀ ਵਾਰਸੋ! ਉੱਠੋ!! ਉੱਠੋ!!! ਗ਼ਦਰ ਜਾਰੀ ਹੈ। ਗ਼ਦਰ ਜਾਰੀ ਹੈ।

No comments:

Post a Comment