dr t virli

dr t virli

Saturday 12 October 2013

ਹਰ ਸਾਲ ਵਾਂਗ ਫਿਰ ਡੇਂਗੂ ਦੀ ਮਾਰ ਹੇਠ ਪੂਰਾ ਪੰਜਾਬ

ਡਾ.ਤੇਜਿੰਦਰ ਵਿਰਲੀ (9464797400)
ਅੱਜ ਹਸਪਤਾਲਾਂ ਵਿਚ ਮਰੀਜ਼ਾਂ ਦੀ ਭਰਮਾਰ ਹੈ ਸਰਕਾਰੀ ਹਸਪਤਾਲਾਂ ਦੀ ਬਹੁਤ ਹੀ ਮਾੜੀ ਕਾਰਗੁਜ਼ਾਰੀ ਕਰਕੇ ਨਿੱਜੀ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਬੜੀ ਹੀ ਬੇਸ਼ਰਮੀ ਤੇ ਬੇ ਰਹਿੰਮੀ ਨਾਲ ਲੁਟ ਹੋ ਰਹੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਕੋਈ ਪੁੱਛਣ ਜਾਂ ਰੋਕਣ ਟੋਕਣ ਵਾਲਾ ਵੀ ਨਹੀਂ ਤਾਂ ਵੀ ਇਹ ਗੱਲ ਗਲਤ ਨਹੀਂ ਹੋਵੇਗੀ।

ਦੁਆਬੇ ਵਿਚ ਤਾਂ ਮੱਛਰ ਦਾ ਹੀ ਰਾਜ ਹੈ। ਜਲੰਧਰ ਇਸਦੀ ਰਾਜਧਾਨੀ ਬਣਿਆ ਹੋਇਆ ਹੈ। ਹਰ ਰੋਜ ਹਸਪਤਾਲਾਂ ਵਿਚ ਮਰੀਜਾਂ ਦੀ ਭੀੜ ਏਨੀ ਵਧ ਰਹੀ ਹੈ ਕਿ ਬਹੁਤੇ ਹਸਪਤਾਲਾਂ ਵਿਚ ਕੋਈ ਬਿਸਤਰ ਖਾਲੀ ਨਹੀਂ। ਹਸਪਤਾਲ ਦੇ ਵਰਾਂਡੇ ਵਿਚ ਮਰੀਜਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਹਨ। ਸਭ ਤੋਂ ਦਰਦਨਾਕ ਹਾਲਤ ਜਲੰਧਰ ਦੇ ਸਰਕਾਰੀ ਹਸਪਤਾਲ ਦੀ ਹੈ। ਜੋ ਹੁਣ ਕਾਰਪੋਰੇਸ਼ਨ ਦੇ ਅਧੀਨ ਚਲ ਰਿਹਾ ਹੈ। ਜਿੱਥੇ ਸੈਂਕੜੇ ਡੇਂਗੂ ਦੇ ਮਰੀਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਬਹੁਤ ਹੀ ਥੋੜੀਆਂ ਸਹੂਲਤਾਂ ਨਾਲ ਚੱਲ ਰਹੇ ਇਸ ਹਸਪਤਾਲ ਵਿਚ ਥੋੜੇ ਜਿਹੇ ਡਾਕਟਰਾਂ ਨੂੰ ਦਿਨ ਰਾਤ ਕੰਮ ਕਰਨਾ ਪੈ ਰਿਹਾ ਹੈ। ਹਸਪਤਾਲ ਦੀ ਸਮਰੱਥਾ ਤੋਂ ਕਈ ਗੁਣਾ ਵੱਧ ਮਰੀਜਾਂ ਦੇ ਆ ਜਾਣ ਨਾਲ ਹਸਪਤਾਲ ਆਪ ਬਿਮਾਰ ਹੋ ਗਿਆ ਜਾਪਦਾ ਹੈ।
ਮੱਛਰ ਨਾਲ ਡੇਂਗੂ ਫੈਲਣ ਦੀਆਂ ਖਬਰਾਂ ਕੋਈ ਨਵੀਆਂ ਨਹੀਂ ਹਨ। ਪਿੱਛਲੇ ਦਸ ਸਾਲਾਂ ਤੋਂ ਇਹ ਹਰ ਸਾਲ ਇਨ੍ਹਾਂ ਦਿਨ੍ਹਾਂ ਵਿਚ ਵੱਧਦਾ ਹੀ ਜਾ ਰਿਹਾ ਹੈ। ਇਸਦਾ ਕੇਂਦਰ ਕਦੇ ਲੁਧਿਆਣਾ ਬਣਦਾ ਹੈ ਕਦੇ ਜਲੰਧਰ ਤੇ ਕਦੇ ਕੋਈ ਹੋਰ ਸ਼ਹਿਰ। ਪਰ ਪੰਜਾਬ ਦੀਆਂ ਪਿਛਲੇ ਦਸ ਸਾਲਾਂ ਦੀਆਂ ਸਰਕਾਰਾਂ ਨੇ ਇਸ ਵੱਲ ਕੋਈ ਬਣਦਾ ਧਿਆਨ ਹੀ ਨਹੀਂ ਦਿੱਤਾ। ਨਾ ਕੋਈ ਤਸੱਲੀਬਖਸ਼ ਖੋਜਕਾਰਜ ਹੀ ਇਸ ਸੰਬੰਧੀ ਕਰਵਾਇਆ ਗਿਆ। ਨਾ ਕੋਈ ਮੱਛਰ ਨੂੰ ਮਾਰਨ ਦਾ ਪ੍ਰਬੰਧ ਹੀ ਕੀਤਾ ਗਿਆ। ਇਨ੍ਹਾਂ ਦਸ ਸਾਲਾਂ ਵਿਚ ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀਆਂ ਦੀਆਂ ਹੀ ਸਰਕਾਰਾਂ ਪੰਜਾਬ ਦੀ ਸਤਾ ਤੇ ਕਾਬਜ ਰਹੀਂਆਂ । ਅੰਦਰ ਖਾਤੇ ਸਭ ਨੂੰ ਆਪੋ ਆਪਣੀ ਕਾਰਗੁਜ਼ਾਰੀ ਦਾ ਪਤਾ ਹੈ ਇਸ ਕਰਕੇ ਡੇਂਗੂ ਨਾਲ ਮਰਦੇ ਲੋਕਾ ਦੀ ਗੱਲ ਹੀ ਕੋਈ ਨਹੀਂ ਕਰਦਾ। ਕੇਂਦਰ ਦੀ ਸਰਕਾਰ ਦੀ ਹਾਲਤ ਵੀ ਪੰਜਾਬ ਦੀ ਸਰਕਾਰ ਵਰਗੀ ਹੀ ਹੈ ਕਿਉਕਿ ਦਿੱਲੀ ਦਾ ਡੇਂਗੂ ਨਾਲ ਰਿਸ਼ਤਾ ਪੰਜਾਬ ਤੋਂ ਵੀ ਬਹੁਤ ਪੁਰਾਣਾ ਹੈ। ਦੇਸ਼ ਦੀ ਰਾਜਧਾਨੀ ਕਈ ਵਾਰ ਇਸ ਦੀ ਲਪੇਟ ਵਿਚ ਆ ਚੁੱਕੀ ਹੈ। ਜਿੱਥੇ ਦੋ ਸਰਕਾਰਾਂ ਬਹੁਤ ਹੀ ਨੇੜਿਓ ਇਸ ਵਰਤਾਰੇ ਨੂੰ ਇਕੋ ਸਮੇਂ ਦੇਖਦੀਆਂ ਤੇ ਅਣਡਿੱਠ ਕਰਦੀਆਂ ਹਨ। ਰਾਜਧਾਨੀ ਦਿੱਲੀ ਦੇ ਲੋਕ ਵੀ ਮੱਛਰ ਦੇ ਹੱਥੋਂ ਬੇਜਾਰ ਹਨ।
ਇਸ ਮੱਛਰ ਸੰਬੰਧੀ ਤੇ ਇਸ ਬਿਮਾਰੀ ਸਬੰਧੀ ਬਹੁਤ ਹੀ ਸਧਾਰਨ ਕਿਸਮ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਰਹੀਂ ਹੈ। ਉਹ ਵੀ ਓਨੀ ਕੁ ਹੀ ਜਿੰਨੀ ਕੁ ਇੰਟਰਨੈਟ ਤੋਂ ਪ੍ਰਾਪਤ ਹੋ ਰਹੀਂ ਹੈ। ਅੱਜ ਆਸਟ੍ਰੇਲੀਆ ਨੇ ਡੇਂਗੂ ਦੀ ਦਵਾਈ ਲੱਭ ਲਈ ਹੈ ਪਰ ਭਾਰਤ ਸਰਕਾਰ ਇਸ ਬਾਰੇ ਸੰਜੀਦਾ ਹੋ ਕੇ ਕੰਮ ਨਹੀਂ ਕਰ ਰਹੀਂ। ਬੱਸ ਇੱਕੋ ਹੀ ਕੰਮ ਕੀਤਾ ਜਾ ਰਿਹਾ ਹੈ ਕਿ ਮੀਡੀਆ ਨੂੰ ਇਨ੍ਹਾਂ ਖਬਰਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਵੈਸੇ ਮੀਡੀਆ ਦੀ ਵੀ ਕੋਈ ਬਹੁਤੀ ਖਿੱਚ ਇਸ ਤਰ੍ਹਾਂ ਦੀਆਂ ਖਬਰਾਂ ਵਿਚ ਨਹੀਂ ਹੈ। ਮੀਡੀਆ ਨੂੰ ਤਾਂ ਉਹ ਖਬਰਾਂ ਹੀ ਚਾਹੀਦੀਆਂ ਹਨ ਜਿਹੜੀਆਂ ਵਿਕਦੀਆਂ ਹਨ। ਡੇਂਗੂ ਨਾਲ ਬੁਖਾਰ ਚੜੇ ਤੇ ਉਸ ਬਖ਼ਾਰ ਨਾਲ ਲੋਕ ਮਰ ਜਾਣ ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਮੀਡੀਆ ਨੇ ਕੀ ਲੈਣਾ ਹੈ? ਏਹੋ ਹੀ ਕਾਰਨ ਹੈ ਕਿ ਜਿੰਨੀ ਵੱਡੀ ਇਹ ਘਟਨਾ ਹੈ ਅੱਜ ਮੀਡੀਆ ਓਨੀ ਥਾਂ ਇਸ ਨੂੰ ਨਹੀਂ ਦੇ ਰਿਹਾ। ਸਿੱਟੇ ਵਜੋਂ ਸਰਕਾਰੀ ਤੰਤਰ ਆਰਾਮ ਨਾਲ ਸੌ ਰਿਹਾ ਹੈ ਤੇ ਮੱਛਰ ਪੂਰੀ ਤਰ੍ਹਾਂ ਨਾਲ ਰਾਜ ਕਰ ਰਿਹਾ ਹੈ।
ਅਖ਼ਬਾਰਾਂ ਨੇ ਸਰਕਾਰੀ ਜਾਣਕਾਰੀ ਦੇ ਆਧਾਰ ਉਪਰ ਹੁਣ ਤੱਕ ਜਲੰਧਰ ਵਿਚ ਦੋ ਵਿਅਕਤੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਪ੍ਰਕਾਸ਼ਤ ਕੀਤੀਆਂ ਹਨ। ਜਿਹੜੀ ਖ਼ਬਰ ਸਰਾਸਰ ਝੂਠ ਹੈ ਜੇ ਮੋਟਾ ਜਿਹਾ ਵੀ ਅਨੁਮਾਨ ਲਗਾਇਆ ਜਾਵੇ ਤਾਂ ਅੱਜ ਤੱਕ ਜਲੰਧਰ ਵਿਚ ਡੇਂਗੂ ਨਾਲ ਮਰਨ ਵਾਲਿਆ ਦੀ ਗਿਣਤੀ ਸੈਂਕੜਾ ਪਾਰ ਕਰ ਚੁੱਕੀ ਹੈ।
ਸ਼ਹਿਰ ਵਿਚ ਕੇਵਲ ਚਾਰ ਹੀ ਹਸਪਾਤਾਲ ਇਸ ਕਿਸਮ ਦੇ ਹਨ ਜਿਨ੍ਹਾਂ ਵਿਚ ਡੇਂਗੂ ਦਾ ਇਲਾਜ ਕਰਨ ਵਾਲੀਆਂ ਕੀਮਤੀ ਮਸ਼ੀਨਾਂ ਹਨ। ਇਹ ਮਸ਼ੀਨਾਂ ਦੇ ਹਿਸਾਬ ਨਾਲ ਸ਼ਹਿਰ ਵਿਚ ਮਰੀਜਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੋਣ ਕਰਕੇ ਇਹ ਪ੍ਰਾਈਵੇਟ ਹਸਪਤਾਲ ਮਨ ਮਰਜੀ ਦਾ ਰੇਟ ਲਗਾ ਰਹੇ ਹਨ। ਮਰੀਜਾਂ ਦੀ ਲੁਟ ਬੇ ਰਹਿਮੀ ਨਾਲ ਹੋ ਰਹੀਂ ਹੈ। ਇਕ ਮਰੀਜ ਦਾ ਔਸਤਨ ਖਰਚਾ ਇਕ ਲੱਖ ਹੋ ਜਾਂਦਾ ਹੈ ਜੇ ਉਹ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾਉਂਦਾ ਹੈ। ਸਰਕਾਰੀ ਹਸਪਤਾਲ ਵਿਚ ਇਹ ਖਰਚਾ ਲੱਗਭਗ ਪੰਜਾਹ ਹਜ਼ਾਰ ਦੇ ਕਰੀਬ ਹੈ। ਏਨੀ ਵੱਡੀ ਗਿਣਤੀ ਵਿਚ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ ਕਿ ਉਨ੍ਹਾਂ ਕੋਲ ਏਨਾਂ ਪੈਸਾ ਹੀ ਨਹੀਂ। ਇਸੇ ਕਰਕੇ ਪ੍ਰਾਈਵੇਟ ਹਸਪਤਾਲ ਅੱਜ ਮਰੀਜ ਨੂੰ ਦਾਖਲ ਹੀ ਨਹੀਂ ਕਰਦੇ, ਜੇ ਕਰਦੇ ਵੀ ਹਨ ਤਾਂ ਬੜੀਆਂ ਸ਼ਿਫਾਰਸ਼ਾਂ ਨਾਲ ਉਹ ਵੀ ਅਡਵਾਂਸ ਪੈਸੇ ਜਮਾਂ ਕਰਵਾ ਕੇ। ਇਸ ਵਾਰ ਡੇਂਗੂ ਨੇ ਸਾਡੀ ਇਹ ਧਾਰਨਾਂ ਵੀ ਗਲਤ ਸਿੱਧ ਕਰ ਦਿੱਤੀ ਹੈ ਕਿ ਇਹ ਕੇਵਲ ਅਮੀਰ ਲੋਕਾਂ ਦੀਆਂ ਸਾਫ ਸੁਥਰੀਆਂ ਕਲੋਨੀਆਂ ਵਿਚ ਹੀ ਹੁੰਦਾ ਹੈ। ਇਸ ਵਾਰ ਤਾਂ ਇਹ ਦੇਖਣ ਨੂੰ ਮਿਲਿਆ ਹੈ ਕਿ ਇਹ ਤਾਂ ਥੁੜ ਮਾਰੀਆਂ ਕਲੋਨੀਆਂ ਵਿਚ ਮੁਕਾਬਲਤਨ ਵੱਧ ਫੈਲ ਰਿਹਾ ਹੈ। ਜਿੱਥੇ ਲੋਕਾਂ ਨੂੰ ਪੀਣ ਲਈ ਪਾਣੀ ਤੱਕ ਨਹੀਂ ਮਿਲਦਾ। ਇਸੇ ਕਰਕੇ ਡਾਕਟਰ ਇਸ ਬਾਰੇ ਇਹ ਸੋਚਣ ਲਈ ਵੀ ਮਜਬੂਰ ਹੋ ਗਏ ਹਨ ਕਿ ਕਿਤੇ ਇਹ ਗ਼ੰਦਗੀ ਨਾਲ ਤੇ ਨਹੀਂ ਫੈਲ ਰਿਹਾ? ਜਦੋਂ ਤੁਸੀ ਸਰਕਾਰੀ ਹਸਪਤਾਲ ਦੇ ਅੰਦਰ ਦਾਖਲ ਹੀ ਹੁੰਦੇ ਹੋ ਤਾਂ ਤੁਹਾਨੂੰ ਸ਼ਪੱਸ਼ਟ ਹੋ ਜਾਂਦਾ ਹੈ ਕਿ ਇਹ ਧਾਰਨਾਂ ਅਮੀਰ ਲੋਕਾਂ ਨੇ ਬੜੀ ਚਲਾਕੀ ਨਾਲ ਪ੍ਰਚਾਰੀ ਹੈ ਕਿ ਇਹ ਮੱਛਰ ਤਾਜੇ ਪਾਣੀ ਤੇ ਸਾਫ ਸੁਥਰੀਆਂ ਕਲੋਨੀਆਂ ਵਿਚ ਹੀ ਹੁੰਦਾ ਹੈ। ਤਾਂ ਕੇ ਥੋੜਾ ਬਹੁਤ ਜੋ ਦਵਾਈ ਦਾ ਛੜਕਾ ਹੋਣਾ ਵੀ ਹੈ ਤਾਂ ਉਹ ਪੌਸ਼ ਕਲੋਨੀਆਂ ਵਿਚ ਹੀ ਹੋਵੇ। ਪਰ ਇੱਥੇ ਤਾਂ ਅਸਲੀਅਤ ਹੀ ਬੜੀ ਤਰਸਯੋਗ ਬਣੀ ਪਈ ਹੈ ਇਹ ਤਾਂ ਗੰਦਾ ਪਾਣੀ ਪੀ ਕੇ ਗੁਜ਼ਾਰਾ ਕਰਨ ਵਾਲਿਆਂ ਲੋਕਾਂ ਨੂੰ ਹੋ ਰਿਹਾ ਹੈ।
ਅੱਜ ਜੇ ਮੱਛਰ ਮੌਤ ਬਣ ਕੇ ਲੋਕਾਂ ਦੇ ਸਿਰਾਂ ਤੇ ਮੰਡਲਾ ਰਿਹਾ ਹੈ ਤਾਂ ਇਸ ਦੀਆਂ ਜੜਾਂ ਸਰਕਾਰ ਦੀਆਂ ਨਵ ਉਦਾਰਵਾਦੀ ਨੀਤੀਆਂ ਵਿਚ ਦਿਖਾਈ ਦਿੰਦੀਆਂ ਹਨ। ਸਰਕਾਰ ਨੇ ਬਜ਼ਾਰਵਾਦ ਦਾ ਜਿਹੜਾ ਸਿਧਾਂਤ ਅਪਣਾਇਆ ਹੈ ਉਸ ਦੇ ਤਹਿਤ ਲੋਕ ਭਲਾਈ ਦੇ ਅਦਾਰਿਆਂ ਦਾ ਇਕ ਇਕ ਕਰਕੇ ਭੋਗ ਪਾਉਣਾ ਤਹਿ ਸੀ। ਜਿਨ੍ਹਾਂ ਨੀਤੀਆਂ ਦੇ ਚਲਦਿਆਂ ਸਰਕਾਰਾਂ ਨੇ ਜਨ ਸਹਿਤ ਵਿਭਾਗ ਦਾ ਲੱਗਭਗ ਭੋਗ ਪਾ ਹੀ ਦਿੱਤਾ ਹੈ। ਜਿਹੜਾ ਵਿਭਾਗ ਘਰਾਂ ਵਿਚ ਜਾਕੇ ਮਲੇਰੀਏ ਦੇ ਬਚਾਅ ਲਈ ਦਵਾਈ ਦਾ ਛੜਕਾ ਕਰਿਆ ਕਰਦਾ ਸੀ ਉਹ ਵਿਸ਼ਵੀਕਰਨ ਦੀਆਂ ਨਵਉਦਾਰਵਾਦੀ ਨੀਤੀਆਂ ਦੀ ਬਲੀ ਚੜ ਚੁੱਕਾ ਹੈ। ਨੈਸ਼ਨਲ ਮਲੇਰੀਆ ਇਰੇਡੀਕੇਸ਼ਨ ਪ੍ਰੋਗਰਾਮ ਬੀਤੇ ਸਮਿਆਂ ਦੀ ਗੱਲ ਬਣ ਕੇ ਰਹਿ ਗਿਆ ਹੈ। ਜੇ ਅੱਜ ਵੀ ਮੱਛਰ ਨੇ ਆਪਣੀ ਜਵਾਨੀ ਦਾ ਜਲਵਾ ਨਹੀਂ ਦਿਖਾਉਣਾ ਤਾਂ ਫੇਰ ਕਦੋਂ ਨੂੰ ਦਿਖਆਉਣਾ ਹੈ? ਜਦੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਰਾਜਸੀ ਪ੍ਰਸਿਥਤੀਆਂ ਮੱਛਰ ਦੇ ਵਧਣ ਫੁੱਲਣ ਦੇ ਹੱਕ ਵਿਚ ਹਨ।
ਇਸ ਸੰਕਟ ਦੀ ਘੜੀ ਵਿਚ ਸਰਕਾਰ ਨੇ ਪੂਰੀ ਜਿੰਮੇਵਾਰੀ ਨਾਲ ਲੋਕਾਂ ਦੀ ਬਾਂਹ ਨਹੀਂ ਫੜੀ। ਸਮੇਂ ਸਿਰ ਫੌਗਿੰਗ ਹੀ ਨਹੀਂ ਹੋਈ। ਜਿਹੜੀ ਥੋੜੀ ਬਹੁਤੀ ਹੋਈ ਵੀ ਹੈ ਉਹ ਵੀ ਅਸਰ ਰਸੂਖ ਵਾਲੇ ਲੋਕਾਂ ਦੀਆਂ ਕਲੋਨੀਆਂ ਵਿਚ ਹੀ ਹੋਈ ਹੈ। ਗ਼ਰੀਬ ਲੋਕਾਂ ਦਿਆਂ ਮਹੱਲਿਆਂ ਵਿਚ ਤਾਂ ਇਹ ਮਸ਼ੀਨ ਬਾਹਰਲੀ ਸੜਕ ਤੋਂ ਹੀ ਮੁੜ ਜਾਂਦੀ ਹੈ । ਕਦੇ ਕਿਸੇ ਨੇ ਇਸ ਗੱਲ ਦਾ ਫਿਕਰ ਵੀ ਨਹੀਂ ਕੀਤਾ ਕਿ ਕਿਸ ਮਹੱਲੇ ਵਿਚ ਕਿੰਨੇ ਲੋਕ ਡੇਂਗੂ ਨਾਲ ਮਰ ਚੁੱਕੇ ਹਨ। ਭਰਿਸ਼ਟਾਚਾਰੀ ਦੇ ਇਸ ਦੌਰ ਵਿਚ ਅਫਸਰਸ਼ਾਹੀ ਵੀ ਕਿਤੇ ਮੱਛਰ ਨਾਲ ਰਲ ਤਾਂ ਨਹੀਂ ਗਈ? ਕਿ ਅੱਜ ਮੱਛਰ ਨੂੰ ਫੌੰਿਗੰਗ ਮਸ਼ੀਨ ਤੋਂ ਵੀ ਡਰ ਨਹੀਂ ਲੱਗ ਰਿਹਾ। ਜੇ ਇਹ ਮਨ ਲਿਆ ਜਾਵੇ ਕਿ ਪ੍ਰਸ਼ਾਸਨ ਨੇ ਲੋੜੀਂਦੀ ਮਾਤਰਾ ਵਿਚ ਫੌੰਿਗੰਗ ਕੀਤੀ ਹੈ ਤਾਂ ਸਵਾਲ ਖੜਾ ਹੁੰਦਾ ਹੈ ਕਿ ਕਿਤੇ ਇਹ ਮੱਛਰ ਫੋਗਿੰਗ ਮਸ਼ੀਨ ਵਿੱਚੋਂ ਤੇ ਨਹੀਂ ਨਿਕਲ ਰਿਹਾ।
ਇਸ ਸਾਰੇ ਸੰਕਟ ਨੇ ਜਿਹੜੀ ਚਿੰਤਾ ਜਨਕ ਧਾਰਨਾ ਪੈਦਾ ਕਰ ਦਿੱਤੀ ਹੈ ਉਹ ਇਹ ਹੈ ਕਿ ਲੋਕ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਹੋਕੇ ਜਾਦੂ ਟੂਣਿਆਂ ਵੱਲ ਨੂੰ ਮੁੜ ਰਹੇ ਹਨ। ਇੱਕੀਵੀਂ ਸਦੀ ਵਿਚ ਉਹ ਦੇਸੀ ਟੂਣੇ ਟੋਟਕਿਆਂ ਨੂੰ ਅਪਣਾ ਰਹੇ ਹਨ। ਗਰੀਬ ਲੋਕਾਂ ਦੀ ਭੀੜ ਗਲੋਅ, ਜਵੈਣ, ਤੁਲਸੀ ਵਰਗੀਆਂ ਪੰਜ ਸੌ ਸਾਲ ਪੁਰਾਣੀਆਂ ਇਲਾਜ ਪ੍ਰਣਾਲੀਆਂ ਅਪਣਾਉਣ ਲਈ ਮਜਬੂਰ ਹੋ ਗਏ ਹਨ। ‘ਮਰਦਾ ਕੀ ਨਹੀਂ ਕਰਦਾ’ ਦੇ ਅਖਾਣ ਵਾਂਗ ਲੋਕ ਅੱਕੀ ਪਲਾਹੀਂ ਹੱਥ ਮਾਰਦੇ ਫਿਰ ਰਹੇ ਹਨ। ਉਹ ਮੱਛਰ ਹੱਥੋਂ ਬੇ ਵੱਸ ਹੋਏ ਪ੍ਰਬੰਧ ਵੱਲ ਉਗਲ ਨਹੀਂ ਕਰ ਰਹੇ। ਇਸ ਸੰਕਟ ਨੇ ਲੋਕਾਂ ਨੂੰ ਇਕ ਦੂਸਰੇ ਦੇ ਕੰਮ ਆਉਣ ਦਾ ਪਾਠ ਵੀ ਪੜਾਇਆ ਹੈ। ਜਿਸ ਤਰ੍ਹਾਂ ਲੋਕ ਇਕ ਦੂਸਰੇ ਦੀ ਮਦਦ ਕਰ ਰਹੇ ਹਨ ਉਸ ਤੋਂ ਜਾਪਦਾ ਹੈ ਉਹ ਜੇ ਵਿਗਿਆਨਕ ਤੌਰ ਤੇ ਸੁਚੇਤ ਹੋ ਗਏ ਤਾਂ ਮੱਛਰ ਨੂੰ ਸਾਰੀਆਂ ਖੁੱਲਾਂ ਦੇਣ ਵਾਲੇ ਇਸ ਤੰਤਰ ਨੂੰ ਸਬਕ ਸਿਖਾ ਦੇਣਗੇ। ਜੇ ਲੋਕਾਂ ਨੇ ਜੀਉਣਾ ਹੈ ਤਾਂ ਮੱਛਰ ਦਾ ਮਰਨਾ ਬਹੁਤ ਹੀ ਜਰੂਰੀ ਹੈ। ਭਾਰਤ ਦੇ ਲੋਕਾਂ ਨੇ ਟਿੱਡੀ ਦਲ ਖਤਮ ਕੀਤਾ ਹੈ। ਚੀਨ ਦੇ ਵਿਗਿਆਨੀਆਂ ਨੇ ਫਸਲਾਂ ਤਬਾਹ ਕਰ ਦੇਣ ਵਾਲੀ ਚਿੜੀ ਦਾ ਬੀਜ ਨਾਸ਼ ਕਰ ਦਿੱਤਾ ਹੈ। ਐਸੇ ਅਨੇਕਾਂ ਦੇਸ਼ ਹਨ ਜਿਨ੍ਹਾਂ ਨੇ ਮੱਛਰ ਤੋਂ ਨਜਾਤ ਪਾਈ ਹੈ।
ਅੱਜ ਸੋਚਣ ਦੀ ਗੱਲ ਇਹ ਹੈ ਕਿ ਲੋਕਾਂ ’ਤੇ ਭਾਰੀ ਟੈਕਸ ਲਾਕੇ ਇਕੱਤਰ ਕੀਤੇ ਧਨ ਨਾਲ ਸਾਡੀਆਂ ਸਰਕਾਰਾਂ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਵਿਦੇਸ਼ਾਂ ਵਿਚ ਜਾਕੇ ਆਪਣਾ ਚੈਕਅੱਪ ਕਰਵਾ ਰਹੇ ਹਨ। ਮਹਿੰਗੇ ਤੋਂ ਮਹਿੰਗਾ ਇਲਾਜ ਕਰਵਾ ਰਹੇ ਹਨ ਪਰ ਦੂਸਰੇ ਪਾਸੇ ਲੋਕਾਂ ਨੂੰ ਮਿਲਦੀਆਂ ਥੋੜੀਆਂ ਬਹੁਤੀਆਂ ਸਿਹਤ ਸਹੂਲਤਾਂ ਵੀ ਇਕ ਇਕ ਕਰਕੇ ਖਤਮ ਕੀਤੀਆਂ ਜਾ ਰਹੀਂਆਂ ਹਨ। ਸਰਕਾਰੀ ਮੈਡੀਕਲ ਕਾਲਜਾਂ ਤੇ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੇ ਮਨਸੂਬੇ ਘੜੇ ਜਾ ਰਹੇ ਹਨ। ਜਲੰਧਰ ਦਾ ਮੈਡੀਕਲ ਕਾਲਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਦੀ ਝੋਲੀ ਵਿਚ ਪਾਇਆ ਜਾ ਚੁੱਕਾ ਹੈ। ਜੇ ਅੱਜ ਉਹ ਕਾਲਜ ਸਰਕਾਰ ਦੀ ਸਰਪ੍ਰਸੱਤੀ ਹੇਠ ਚੱਲਦਾ ਹੁੰਦਾ ਤਾਂ ਕਿੰਨੇ ਗ਼ਰੀਬਾਂ ਦਾ ਸਹਾਰਾ ਬਣਦਾ?
ਅੱਜ ਮੱਛਰ ਹੱਥੋਂ ਲਾਚਾਰ ਹੋਏ ਲੋਕਾਂ ਦੀ ਹਾਲਤ ਅੰਗਰੇਜ਼ਾਂ ਦੇ ਰਾਜ ਪ੍ਰਬੰਧ ਦੀ ਯਾਦ ਦਿਵਾਉਂਦੀ ਹੈ। ਜਦੋਂ ਤੀਹ ਤੋਂ ਵੱਧ ਵਾਰ ਅਕਾਲ ਪਏ ਸਨ। ਜਦੋਂ ਪਲੇਗ ਤੇ ਚੇਚਕ ਵਰਗੀਆਂ ਬਿਮਾਰੀਆਂ ਕਰੋੜਾਂ ਲੋਕਾਂ ਦੀ ਜਾਨ ਲੈ ਲੈਂਦੀਆਂ ਸਨ। ਅੱਜ ਦੇਸ ਦੇ ਕਿਸੇ ਹਿੱਸੇ ਵਿਚ ਲੋਕ ਭੁੱਖ ਨਾਲ ਮਰ ਰਹੇ ਹਨ ਕਿਤੇ ਮੱਛਰ ਮੌਤ ਬਣ ਕੇ ਆਉਂਦਾ ਹੈ। ਕਦੇ ਸਵਾਇਨ ਫਲੂ ਵਰਗੀ ਛੂਤ ਦੀ ਬਿਮਾਰੀ ਨਾਲ ਲੋਕ ਮਰ ਰਹੇ ਹਨ। ਉਪਰੋਂ ਸਰਕਾਰ ਮੰਡੀਕਰਨ ਦੀਆਂ ਨੀਤੀਆਂ ਦੇ ਤਹਿਤ ਚਲਦੀ ਹੋਈ ਇਹ ਫੈਸਲਾ ਕਰ ਰਹੀਂ ਹੈ ਕਿ ਮੁਫਤ ਸਿਹਤ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ। ਜਦ ਕਿ ਆਪ ਮੁਫਤ ਸਿਹਤ ਸਹੂਲਤਾਂ ਲੈ ਰਹੇ ਹਨ। ਅੰਗਰੇਜ਼ ਵੀ ਭਾਰਤ ਦੇ ਧਨ ਦੇ ਸਿਰ ’ਤੇ ਆਪ ਜਿੰਦਗੀ ਦੀਆਂ ਸਾਰੀਆਂ ਸੁੱਖ ਸਹੂਲਤਾਂ ਮਾਣਦੇ ਸਨ। ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਅੱਜ ਦੇਸ਼ ਦੇ ਹਾਕਮ ਉਨ੍ਹਾਂ ਦੇ ਆਪਣੇ ਦੇਸ਼ ਦੇ ਵਸਨੀਕ ਹਨ ਜਾਂ ਕੋਈ ਕਾਲੀ ਚਮੜੀ ਵਾਲੇ ਅੰਗਰੇਜ਼ ਜਿਨ੍ਹਾਂ ਨੂੰ ਆਪਣੇ ਲੋਕਾਂ ਤੇ ਕੋਈ ਤਰਸ ਹੀ ਨਹੀਂ ਆ ਰਿਹਾ।

No comments:

Post a Comment