dr t virli

dr t virli

Wednesday 6 March 2013

੧੨ ਸਾਲਾਂ ਤੋਂ ਮਰਨਵਰਤ ਤੇ ਬੈਠੀ ਮਨੀਪੁਰ ਦੀ ਧੀ

ਭਾਰਤ ਦਰਸ਼ਣ
       
                                                                  ( ਡਾ. ਤੇਜਿੰਦਰ ਵਿਰਲੀ 9464797400 )



ਸੰਸਾਰ ਵਿਚ ਜਦੋਂ ਤੋਂ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਹੋਈਆਂ ਹਨ ਉਦੋਂ ਤੋਂ ਹੀ ਭਾਰਤ ਵਿਚ ਗਰੀਬ ਅਮੀਰ ਦਾ ਪਾੜਾ ਹੈਰਾਨੀ ਜਨਕ ਹੱਦ ਤੱਕ ਵੱਧ ਗਿਆ ਹੈ। ਗਰੀਬ ਦਾ ਜੀਉਣਾ ਲਗ ਭਗ ਨਰਕ ਹੀ ਬਣ ਗਿਆ ਹੈ। ਅਜਿਹੀਆਂ ਪਰਸਿਥਤੀਆਂ ਵਿਚ ਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ । ਇਸ ਸਮੇਂ ਹਾਕਮ ਧਿਰਾਂ ਪੂਰੀ ਤਰਾਂ ਨਾਲ ਸੁਚੇਤ ਹੁੰਦੀਆਂ ਹਨ ਕਿ ਆਖਰ ਲੋਕ ਅੰਦੋਲਨ ਕਰ ਸਕਦੇ ਹਨ ਇਸ ਬਾਰੇ ਉਨ•ਾਂ ਨੂੰ ਕੋਈ ਵੀ ਭਰਮ ਨਹੀਂ ਹੁੰਦਾ ਸਗੋਂ ਕੋਈ ਨਾ ਕੋਈ ਅੰਦੋਲਨ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੁੰਦੀ ਹੈ, ਇਸ ਕਰਕੇ ਹਾਕਮ ਧਿਰਾਂ ਲਗਾਤਾਰ ਇਸ ਸੰਭਾਵੀ ਵਿਧਰੋਹ ਨੂੰ ਰੋਕਣ ਦੀਆਂ ਤਿਆਰੀਆਂ ਵੀ ਪਹਿਲਾਂ ਹੀ ਕਰ ਲੈਂਦੀਆਂ ਹਨ। ਉਹ ਹਰ ਹੀਲਾ ਵਰਤ ਲੈਂਦੀਆਂ ਹਨ ਜਿਸ ਨਾਲ ਸਰਮਾਏਦਾਰ ਧਿਰਾਂ ਦਾ ਕੋਈ ਵਾਲ ਵੀ ਵਿੰਗਾ ਨਾ ਕਰ ਸਕੇ। ਇਸ ਲਈ ਸਟੇਟ ਵੱਲੋਂ ਲੋੜੀਂਦੇ ਕਾਨੂੰਨੀ ਹਥਿਆਰ ਪਹਿਲਾਂ ਹੀ ਤਿੱਖੇ ਕੀਤੇ ਜਾਂਦੇ ਰਹੇ ਹਨ। ਅੱਜ ਕਿਤੇ ਤਾਂ ਲੋਕ ਲਹਿਰਾਂ ਨੂੰ ਕੁਚਲਣ ਵਾਸਤੇ ਪੁਲਿਸ ਕਾਨੂੰਨ ਸੋਧੇ ਜਾ ਰਹੇ ਹਨ। ਕਿਤੇ ਨਸ਼ਿਆਂ ਦੇ ਦਰਿਆ ਵਗਾਏ ਜਾਂਦੇ ਹਨ। ਕਿਤੇ ਸੁਖਾਵਨੇ ਭਵਿੱਖ ਦੇ ਸੁਨਿਹਰੀ ਸੁਪਨੇ ਦਿਖਾਏ ਜਾਂਦੇ ਹਨ। ਕਿਉਂਕਿ ਅੱਜ ਵਿਸ਼ਵੀਕਰਨ ਦੇ ਨਾਮ 'ਤੇ ਸਰਮਾਏਦਾਰੀ ਦੁਨੀਆਂ ਭਰ ਵਿਚ ਇਕੋ ਜਿਹਾ ਚਹਿਰਾ ਤੇ ਇਕੋ ਜਿਹਾ ਪ੍ਰੋਗਰਾਮ ਲੈਕੇ ਆ ਰਹੀ ਹੈ ਇਸ ਲਈ ਸੰਸਾਰ ਪੱਧਰ 'ਤੇ ਅੱਤਵਾਦ ਦੇ ਨਾਮ ਤੇ ਵੱਡਾ ਰੌਲਾ ਪਾਇਆ ਜਾ ਰਿਹਾ ਹੈ। ਪੇਸ਼ ਇਹ ਕੀਤਾ ਜਾ ਰਿਹਾ ਕਿ ਅੱਜ ਦੁਨੀਆਂ ਨੂੰ ਸਭ ਤੋਂ ਵੱਡਾ ਖਤਰਾ ਅੱਤਵਾਦ ਤੋਂ ਹੈ ਇਸ ਲਈ ਅੱਤਵਾਦ ਨੂੰ ਕੁਚਲਣ ਦੇ ਨਾਮ 'ਤੇ ਨਵੇਂ ਨਵੇਂ ਕਾਨੂੰਨੀ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ। ਸਾਮਰਾਜੀ ਪ੍ਰਭੂਆਂ ਦੀ ਆਗਿਆਕਾਰੀ ਹਾਕਮ ਧਿਰ ਹਰ ਹਰਬਾ ਵਰਤ ਕੇ ਉਹ ਹੀ ਕਰਨ ਜਾ ਰਹੀ ਹੈ ਜੋ ਸੰਸਾਰ ਪੱਧਰ 'ਤੇ ਅਮਰੀਕਾ ਤੇ ਉਸ ਦੀ ਜੁੰਡਲੀ ਦੇ ਦੇਸ਼ ਤੀਸਰੀ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਕਰਨ ਲਈ ਆਖਦੀ ਹੈ। ਅੱਜ ਹਰ ਰਾਜ ਅੱਤਵਾਦ ਨੂੰ ਕੁਚਲਣ ਦੇ ਨਾਮ ਤੇ ਨਵੇਂ ਨਵੇਂ ਕਾਨੂੰਨ ਬਣਾ ਰਿਹਾ ਹੈ। ਪਰ ਦੂਸਰੇ ਪਾਸੇ ਭ੍ਰਿਸ਼ਟਾਚਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਉਸ ਬਾਰੇ ਕੋਈ ਗੱਲ ਕਰਨ ਨੂੰ ਵੀ ਤਿਆਰ ਨਹੀਂ, ਕਾਨੂੰਨ ਤਾਂ ਕੀ ਬਣਾਉਣਾ ਹੈ।
 
        ਸਰਮਾਏਦਾਰੀ ਨੇ ਆਪਣਾ ਇਕ ਸਥਾਪਿਤ ਮੀਡੀਆ ਤੰਤਰ ਸਿਰਜ ਰੱਖਿਆ ਹੈ ਜਿਹੜਾ ਹਰ ਹੀਲੇ ਵਿਚ ਆਪਣੇ ਹਿੱਤਾਂ ਦੀ ਰਾਖੀ 'ਤੇ ਹੀ ਪਹਿਰਾ ਦਿੰਦਾ ਹੈ। ਉਹ ਉਸੇ ਖ਼ਬਰ ਨੂੰ ਹੀ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਦਾ ਹੈ ਜਿਹੜੀ ਉਸ ਦੇ ਹਿੱਤਾਂ ਦੇ ਅਨੁਸਾਰੀ ਹੁੰਦੀ ਹੈ ਜਾਂ ਜਿਸ ਦੇ ਵਿਕਣ ਦੀ ਉਸ ਨੂੰ ਪੂਰੀ ਉਮੀਦ ਹੁੰਦੀ ਹੈ ਜਿਸ ਤੋਂ ਉਹ ਧਨ ਪ੍ਰਾਪਤ ਕਰ ਸਕਦਾ ਹੈ। ਇਸ ਕਰਕੇ ਉਹ ਹਰ ਖ਼ਬਰ ਨੂੰ ਆਪਣੀ ਵਿਸ਼ੇਸ਼ ਕਿਸਮ ਦੀ ਪਰਖ ਦੀ ਘਸਵੱਟੀ ਤੇ ਲਾ ਕੇ ਦੇਖਦਾ ਹੈ ਜੇ ਉਹ ਖ਼ਬਰ ਉਸ ਲਈ ਕੋਈ ਲਾਭਕਾਰੀ ਸਿੱਟੇ ਕੱਢ ਸਕਦੀ ਹੈ ਤਾਂ ਉਸ ਲਈ ਉਨਾਂ ਕੋਲ ਥਾਂ ਹੁੰਦੀ ਹੈ ਜੇ ਉਹ ਉਨਾਂ ਦੇ ਹਿੱਤਾਂ ਦੇ ਅਨੁਸਾਰੀ ਨਹੀਂ ਹੁੰਦੀ ਤਾਂ ਉਸ ਲਈ ਉਨਾਂ• ਕੋਲ ਨਾ ਥਾਂ ਹੁੰਦੀ ਹੈ ਨਾ ਹੀ ਉਸ ਵਾਸਤੇ ਵਕਤ ਹੁੰਦਾ ਹੈ। ਇਹੋ ਹੀ ਕਾਰਨ ਹੈ ਕਿ ਪੁਨਰ ਜਨਮ ਵਰਗੀਆਂ ਗੈਰਵਿਗਿਆਨਕ ਖ਼ਬਰਾਂ ਲਈ ਉਹ ਕਈ ਕਈ ਦਿਨ ਲੱਗੇ ਰਹਿੰਦੇ ਹਨ ਪਰ ਵੱਡੀ ਤੋਂ ਵੱਡੀ ਖ਼ਬਰ ਜਿਹੜੀ ਵਿਕਦੀ ਨਹੀਂ ਉਸ ਨੂੰ ਹਾਸ਼ੀਏ 'ਤੇ ਸੁੱਟ ਦਿੱਤਾ ਜਾਂਦਾ ਹੈ।
  ਦਸ ਸਾਲਾਂ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਮਨੀਪੁਰ ਦੀ ਧੀ ਇਰੋਮ ਚਾਨੂੰ ਸ਼ਰਮੀਲਾ ਦਾ ਦਰਦ ਨਾ ਤਾਂ ਹਾਕਮ ਧਿਰਾਂ ਦੇ ਪੱਥਰ ਦਿਲਾਂ ਤੇ ਕੋਈ ਅਸਰ ਕਰ ਸਕਿਆ ਤੇ ਨਾ ਹੀ ਉਸ ਦਾ ਸੰਘਰਸ਼ ਨਿੱਕੀਆਂ ਘਟਨਾਵਾਂ ਨੂੰ ਬੇਲੋੜਾ ਥਾਂ ਦੇਣ ਵਾਲੇ ਮੀਡੀਏ ਨੂੰ ਖਿੱਚ ਪਾ ਸਕਿਆ। ਜਿਵੇਂ ਹਰਿਆਣੇ ਦੀ ਧੀ ਰੁਚੀਕਾ ਦੀਆਂ ਚੀਕਾਂ ਵੀ 17 ਸਾਲ ਭਾਰਤੀ ਪੁਲਿਸ ਦੇ ਭਾਰੇ ਬੂਟਾਂ ਹੇਠ ਹੀ ਦੱਬੀਆਂ ਰਹੀਂਆਂ ਤੇ ਉਦੋਂ ਬਾਹਰ ਆਈਆਂ ਜਦੋਂ ਸੰਘਰਸ਼ਸ਼ੀਲ ਧਿਰਾਂ ਅੰਤਿਮ ਸਾਹ ਤੱਕ ਲੜਨ ਦੇ ਅਹਿਦ ਨਾਲ ਨਾ ਤਾਂ ਮੈਦਾਨ ਵਿੱਚੋਂ ਹਟੀਆਂ ਤੇ ਨਾ ਹੀ ਡਰੀਆਂ।
  ਮਨੀਪੁਰ ਦੀਆਂ ਵਿਗੜਦੀਆਂ ਪਰਸਥਿਤੀਆਂ ਨੂੰ ਦੇਖਦਿਆਂ ਸਰਕਾਰ ਨੇ ਉਨ•ਾਂ ਲਈ ਅਜਿਹਾ ਕਾਲਾ ਕਾਨੂੰਨ ਬਣਾਇਆ ਹੈ ਜਿਸ ਨੇ ਮਨੀਪੁਰ ਦੀਆਂ ਸਥਿਤੀਆਂ ਨੂੰ ਬਦ ਤੋਂ ਬਦਤਰ ਬਣਾ ਦਿੱਤਾ ਹੈ। ''ਅਫਸਪਾ '' ( ਸੁਸ਼ਤਰ ਬਲ ਵਿਸ਼ੇਸ ਅਧਿਕਾਰ ਕਾਨੂੰਨ 1958) ਜਿਸ ਦੇ ਤਹਿਤ ਸੁਰੱਖਿਆ ਦਸਤਿਆਂ ਨੂੰ ਕਈ ਕਿਸਮ ਦੇ ਵਿਸ਼ਸ਼ ਅਧਿਕਾਰ ਦਿੱਤੇ ਗਏ ਹਨ। ਇਸ ਐਕਟ ਤਹਿਤ ਉਹ ਕਿਸੇ ਨੂੰ ਬਿਨਾਂ ਸ਼ਕਾਇਤ ਗ੍ਰਿਫਤਾਰ ਕਰ ਸਕਦੇ ਹਨ, ਉਹ ਕਿਸੇ ਨੂੰ ਗੋਲੀ ਵੀ ਮਾਰ ਸਕਦੇ ਹਨ। ਇਹ ਕਾਨੂੰਨ ਜਿੱਥੇ ਫੌਜੀ ਦਸਤਿਆਂ ਨੂੰ ਏਥੋਂ ਤੱਕ ਦੀਆਂ ਖੁੱਲਾਂ ਪ੍ਰਦਾਨ ਕਰਦਾ ਹੈ ਉੱਥੇ ਸਧਾਰਨ ਨਾਗਰਿਕਾਂ ਨੂੰ ਫੌਜੀ ਵਧੀਕੀਆਂ ਦੇ ਖਿਲਾਫ ਮੂੰਹ ਬੰਦ ਰੱਖਣ ਵਾਲੇ ਕਾਲੇ ਕਾਨੂੰਨ ਦਿੰਦਾ ਹੈ। ਕਿਸੇ ਵੀ ਸੁਰੱਖਿਆ ਦਸਤੇ ਦੇ ਵਿਰੁਧ ਕਿਸੇ ਕਿਸਮ ਦੀ ਨਿਆਂਇਕ ਇਨਸਾਫ ਦੀ ਵੀ ਪ੍ਰਵਾਨਗੀ ਨਹੀਂ ਦਿੰਦਾ, ਜਦੋਂ ਤੱਕ ਕੇਂਦਰ ਸਰਕਾਰ ਪਾਸੋਂ ਇਸ ਦੀ ਪ੍ਰਵਾਨਗੀ ਨਹੀਂ ਲੈ ਲਈ ਜਾਂਦੀ। ਸੁਰੱਖਿਆ ਦਸਤਿਆਂ ਦੀਆਂ ਵਧੀਕੀਆਂ ਦੇ ਖਿਲਾਫ ਕਾਨੂੰਨ ਦਾ ਦਰਵਾਜ਼ਾ ਖੜ ਖੜਾਉਣ ਲਈ ਹੁਣ ਤੱਕ ਕਿੰਨਿਆਂ ਨੇ ਦਾਦ ਫਰਿਆਦ ਕੀਤੀ ਤੇ ਕਿੰਨਿਆਂ ਦੀ ਸੁਣੀ ਗਈ ਇਸ ਦਾ ਅਨੁਮਾਨ ਤਾਂ ਇਰੋਮ ਚਾਨੂੰ ਸ਼ਰਮੀਲਾ ਦੇ ਉਸ ਦਸ ਸਾਲਾਂ ਦੇ ਸੰਘਰਸ਼ ਤੋਂ ਹੀ ਲਾਇਆ ਜਾ ਸਕਦਾ ਹੈ
  ਮਨੀਪੁਰ ਦੇ ਹਜ਼ਾਰਾਂ ਲੋਕ ਮਾਰੇ ਗਏ, ਹਜ਼ਾਰਾਂ ਔਰਤਾਂ ਦੀ ਇੱਜ਼ਤ ਸ਼ਰੇਬਿਜ਼ਾਰ ਲੁੱਟੀ ਗਈ। ਮਨੀਪੁਰ ਦੀ ਜਵਾਨੀ ਦਾ ਜੀਉਣਾ ਸਰਕਾਰੀ ਤੇ ਗੈਰਸਰਕਾਰੀ ਅੱਤਵਾਦ ਨੇ ਦੁੱਬਰ ਕਰ ਦਿੱਤਾ। ਅਜਿਹੀਆਂ ਸਥਿਤੀਆਂ ਵਿਚ ਮਨੀਪੁਰ ਦੇ ਲੋਕ ਕਿਵੇ ਜ਼ਿੰਦਗੀ ਜੀ ਰਹੇ ਹਨ ਇਸ ਦਾ ਅਨੁਮਾਨ ਇਰੋਮ ਚਾਨੂੰ ਸ਼ਰਮੀਲਾ ਦੇ ਸੰਘਰਸ਼ ਨੂੰ ਸਮਝ ਕੇ ਹੀ ਲਾਇਆ ਜਾ ਸਕਦਾ ਹੈ। ਵਿਧਰੋਹੀ ਸੰਗਠਨਾ 'ਤੇ ਰੋਕ ਲਗਾਉਣ ਦੇ ਮਨੋਰਥ ਨਾਲ ਬਣਾਏ ਕਾਨੂੰਨ '' ਅਫਸਪਾ '' ਨੇ ਵਿਧਰੋਹੀ ਸੰਗਠਨਾ ਨੂੰ ਤਾਂ ਠੱਲ ਨਹੀਂ ਪਾਈ ਪਰ ਉੱਥੇ ਦੇ ਆਮ ਲੋਕਾਂ ਦਾ ਜੀਉਣਾ ਹੋਰ ਵੀ ਦੁੱਬਰ ਕਰ ਦਿੱਤਾ । ਭਾਵੇ ਸੈਂਕੜੇ ਟੀਵੀ ਚਂੈਨਲਾ ਨੇ ਉਸ ਦਰਦ ਨੂੰ ਬਣਦੀ ਥਾਂ ਨਹੀਂ ਦਿੱਤੀ ਪਰ '' ਤਹਿਲਕਾ '' ਡਾਟ ਕਾਮ ਨੇ ਇਰੋਮ ਚਾਨੂੰ ਸ਼ਰਮੀਲਾ ਦੇ ਸ਼ੰਘਰਸ਼ ਮਈ ਜੀਵਨ ਦੀ ਰਂੌਗਟੇ ਖੜੇ ਕਰ ਦੇਣ ਵਾਲੀ ਕਹਾਣੀ ਪ੍ਰਕਾਸ਼ਤ ਕਰ ਕੇ ਜਿੱਥੇ ਉਸ ਦੇ ਸੰਘਰਸ਼ ਨੂੰ ਘਰ ਘਰ ਤੱਕ ਲੈਕੇ ਜਾਣ ਦਾ ਉਪਰਾਲਾ ਕੀਤਾ ਹੈ ਉੱਥੇ ਮਨੀਪੁਰ ਵਿਚ ਵਾਪਰਦੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨਾਲ ਵੀ ਪਾਠਕਾਂ ਨੂੰ ਵਾਵਸਤਾ ਕੀਤਾ ਹੈ। ਸੋਮਾਂ ਚੋਧਰੀ ਦੀ ਇਸ ਵਿਸ਼ੇਸ਼ ਰਿਪੋਟ  ਮੁਤਾਬਕ ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 2009 ਵਿਚ 265 ਵਿਅਕਤੀ ਪੁਲਿਸ ਦੀਆਂ ਵਧੀਕੀਆਂ ਦਾ ਸ਼ਿਕਾਰ ਬਣੇ ਹਨ। ਜਦ ਕਿ ਮਾਨਵ ਅਧਿਕਾਰ ਕਾਰਜਕਰਤਾ ਦੇ ਅਨੁਸਾਰ 300 ਤੋਂ ਵੱਧ ਮੌਤਾਂ ਹੋਈਆਂ ਹਨ। ਇਕ ਮੋਟੇ ਅਨੁਮਾਨ ਦੇ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਹਰ ਰੋਜ ਇਕ ਸ਼ਖਸ ਇਸ ਕਾਲੇ ਕਾਨੂੰਨ ਦੀ ਭੇਟਾ ਚੜਿਆ ਹੈ। ਜਦ ਕਿ ਵਿਦਰੋਹੀ ਸੰਗਠਨਾ ਦੀਆਂ ਗਤੀਵਿਧੀਆਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ। ਜਿਨ•ਾਂ ਨੂੰ ਰੋਕਣ ਦੇ ਮਨੋਰਥ ਨਾਲ ਇਹ ਕਾਨੂੰਨ ਬਣਾਇਆ ਗਿਆ ਸੀ। 1980 ਵਿਚ ਜਦੋਂ ਇਹ ਕਾਨੂੰਨ ਮਨੀਪੁਰ ਤੇ ਲਾਗੂ ਕੀਤਾ ਗਿਆ ਸੀ ਉਸ ਸਮੇਂ ਕੇਵਲ ਚਾਰ ਵਿਦਰੋਹੀ ਗਰੁੱਪ ਹੀ ਮਨੀਪੁਰ ਵਿਚ ਸਰਗਰਮ ਸਨ ਜਦ ਕਿ ਅੱਜ ਚਾਲੀ ਤੋਂ ਵੀ ਵੱਧ ਵਿਧਰੋਹੀ ਗਰੁੱਪ ਉੱਥੇ ਸਰਗਰਮ ਹਨ। ਸਰਕਾਰੀ ਤੇ ਗੈਰਸਰਕਾਰੀ ਦਹਿਸ਼ਤਗਰਦੀ ਦੇ ਚਲਦਿਆਂ ਮਨੀਪੁਰ ਦੇ ਲੋਕਾਂ ਦਾ ਜੀਵਨ ਪੂਰੀ ਤਰ•ਾਂ ਨਾਲ ਨਰਕ ਬਣ ਗਿਆ ਹੈ ਜੇ ਇਹ ਕਹਿ ਦਿੱਤਾ ਜਾਵੇ ਕਿ ਮਨੀਪੁਰ ਅੱਜ ਮੌਤ ਦੀ ਘਾਟੀ ਵਿਚ ਤਬਦੀਲ ਹੋ ਚੁੱਕਾ ਹੈ ਤਾਂ ਵੀ ਇਹ ਗਲਤ ਨਹੀਂ ਹੋਵੇਗਾ।
         ਹੁਣ ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਉੱਥੇ ਦੀਆਂ ਸਥਿਤੀਆਂ ਕੀ ਲਾਅ ਐਂਡ ਆਡਰ ਦੀ ਢਿੱਲ ਕਰਕੇ ਹੀ ਬਦਤਰ ਹੋਈਆਂ ਹਨ ? ਜਾਂ ਇਸ ਦੇ ਕੁਝ ਰਾਜਨੀਤਿਕ ਤੇ ਸਮਾਜਕ ਕਾਰਨ ਸਨ ਜਿਨਾਂ ਕਰਕੇ ਇਹ ਵਿਦਰੋਹੀ ਗਰੁੱਪ ਸਰਗਰਮ ਹੋਏ। ਕੇਂਦਰੀ ਤੇ ਸਥਾਨਿਕ  ਹਾਕਮ ਉਨ•ਾਂ ਸਥਿਤੀਆਂ ਨੂੰ ਕੇਵਲ ਲਾਅ ਐਂਡ ਆਡਰ ਦੀ ਪੱਧਰ 'ਤੇ ਸੁਧਾਰ ਲੈਣ ਦਾ ਫੈਸਲਾ ਕਰੀ ਬੈਠੀਆਂ ਹਨ ਜਦ ਕਿ ਇਸ ਦੀਆਂ ਜੜਾਂ ਉੱਥੇ ਦੇ ਭ੍ਰਿਸ਼ਟ ਤੰਤਰ ਵਿਚ ਪਈਆਂ ਹਨ ਜਿਸ ਨਾਲ ਅਮੀਰ ਗਰੀਬ ਦਾ ਪਾੜਾ ਹੈਰਾਨੀ ਜਨਕ ਹੱਦ ਤੱਕ ਵੱਧ ਗਿਆ ਹੈ। ਗਰੀਬ ਆਦੀਵਾਸੀਆਂ ਦਾ ਜੀਵਨ ਨਰਕ ਤੋਂ ਵੀ ਬਦਤਰ ਹੋ ਗਿਆ ਹੈ। ਉਨ•ਾਂ ਦੀ ਨਸਲ ਬਦਲੀ ਕੀਤੀ ਜਾ ਰਹੀ ਹੈ। ਉਨ•ਾਂ ਦੇ ਰੋਹ ਨੂੰ ਵਿਧਰੋਹ ਦੀ ਲਾਟ 'ਚ ਬਲਣ ਲਈ ਛੱਡ ਦਿੱਤਾ ਜਾਂਦਾ ਹੈ ਜਿਸ ਦੀ ਜਿੰਦਾ ਉਦਾਹਰਣ ਹੈ ਇਰੋਮ ਚਾਨੂੰ ਸ਼ਰਮੀਲਾ ਦਾ ਦਸ ਸਾਲਾਂ ਤੋਂ ਰੱਖਿਆ ਮਰਨ ਵਰਤ। ਉਹ ਪਿਛਲੇ ਦਸ ਸਾਲਾਂ ਤੋਂ ਹਰ ਪਲ ਹਰ ਘੜੀ ਮਰਨ ਲਈ ਸੰਘਰਸ਼ ਕਰ ਰਹੀ ਹੈ ਤੇ ਜਿਸ ਨੂੰ 'ਆਤਮ ਹੱਤਿਆ ਵਿਰੋਧੀ ਐਕਟ' ਦੇ ਤਹਿਤ ਜਬਰਦਸਤੀ ਨੱਕ ਰਾਹੀ ਖੁਰਾਕ ਦਿੱਤੀ ਜਾਂਦੀ ਹੈ। ਹਸਪਤਾਲ ਦੇ ਇਕ ਕਮਰੇ ਵਿਚ ਕੈਦ ਉਹ ਜਿੰਦਗੀ ਮੌਤ ਦਾ ਘੋਲ ਉਸ ਕਾਲੇ ਕਾਨੂੰਨ ਨੂੰ ਵਾਪਸ ਲੈਣ ਲਈ ਲੜ ਰਹੀ ਹੈ ਤਾਂ ਕਿ ਮਨੀਪੁਰ ਦੇ ਲੋਕਾਂ ਦਾ ਜੀਵਨ ਨਰਕ ਦੀ ਵਿਗੜੀ ਹੋਈ ਤਸਵੀਰ ਹੀ ਨਾ ਬਣ ਕੇ ਰਹਿ ਜਾਵੇ। ਜਿਸ ਲਈ ਉਸ ਨੇ ਆਪਣੀ ਜ਼ਿੰਦਗੀ ਨਰਕ ਬਣਾ ਲਈ। ਪਰ ਉਹ ਲੜ ਰਹੀਂ ਹੈ।
                     ਦਰਜਾ ਚਾਰ ਕਰਮਚਾਰੀ ਦੇ ਘਰ 14 ਮਾਰਚ 1972 ਨੂੰ ਜਨਮੀ ਇਰੋਮ ਚਾਨੂੰ ਸ਼ਰਮੀਲਾ ਆਪਣੇ ਮਾਂ ਬਾਪ ਦੀ ਨੌਵੀ ਔਲਾਦ ਹੈ। ਆਰਥਿਕ ਤੰਗੀਆਂ 'ਚ ਗੁਜ਼ਰਦੇ ਇਸ ਪਰਿਵਾਰ ਵਿਚ ਜਦੋਂ ਇਰੋਮ ਚਾਨੂੰ ਦਾ ਜਨਮ ਹੋਇਆ ਤਾਂ 44 ਸਾਲਾਂ ਦੀ ਮਾਂ ਇਰੋਮ ਸਖੀ ਦੀਆਂ ਛਾਤੀਆਂ ਸੁੱਕ ਚੁੱਕੀਆਂ ਸਨ ਤੇ ਉਹ ਆਪਣੀ ਨੌਵੀ ਔਲਾਦ ਨੂੰ ਰੱਜਵਾਂ ਦੁੱਧ ਪਿਲਾ ਸਕਣ ਤੋਂ ਅਸਮਰੱਥ ਸੀ। ਸਿੱਟੇ ਵਜੋਂ  ਇਰੋਮ ਚਾਨੂੰ ਸ਼ਰਮੀਲਾ ਭੁੱਖੀ ਰੋਂਦੀ ਰਹਿੰਦੀ ਤੇ ਹੋਰ ਮਾਂਵਾ ਉਸ ਤੇ ਤਰਸ ਖਾ ਕੇ ਉਸ ਨੂੰ ਆਪਣਾ ਦੁੱਧ ਪਿਲਾ ਦਿੰਦੀਆਂ। ਇਸ ਰਿਸ਼ਤੇ ਤੋਂ ਉਹ ਸਾਰੀਆਂ ਮਾਂਵਾਂ ਦੇ ਦੁੱਧ ਦਾ ਕਰਜ਼ ਉਤਾਰ ਰਹੀ ਹੈ। ਜਿਹੜਾ ਉਸ ਬਾਲੜੀ ਦੇ ਸਿਰ ਉਸ ਮਨੀਪੁਰ ਦੀਆਂ ਮਾਂਵਾਂ ਨੇ ਬਚਪਨ ਵਿਚ ਚਾੜਿਆ ਹੈ। ਕਈ ਮਾਂਵਾਂ ਤੋਂ ਜੀਵਨ ਸ਼ਕਤੀ ਲੈਕੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਵਾਲੀ ਇਰੋਮ ਚਾਨੂੰ ਸ਼ਰਮੀਲਾ ਏਨੇ ਬੁਲੰਦ ਇਰਾਦਿਆਂ ਦੀ ਹੈ ਕਿ ਨਾ ਤਾਂ ਉਸ ਨੂੰ ਧਮਕੀਆਂ ਹੀ ਡਰਾ ਸਕੀਆਂ ਹਨ ਨਾ ਹੀ ਉਸ ਨੂੰ ਕੋਈ ਲਾਲਚ ਹੀ ਮੋਹ ਸਕਿਆ ਹੈ। ਉਸ ਦਾ ਬੁਲੰਦ ਇਰਾਦਾ ਬਸ ਇਕੋ ਹੀ ਮੰਗ ਕਰਦਾ ਹੈ ਕਿ ਜਾਂ ਤਾਂ ਇਹ ਕਾਲਾ ਕਾਨੂੰਨ ਮਨੀਪੁਰ ਦੀ ਧਰਤੀ ਤੋਂ ਖਤਮ ਕੀਤਾ ਜਾਵੇ ਜਾਂ ਉਸ ਨੂੰ ਮਰਨ ਦਿੱਤਾ ਜਾਵੇ। ਉਹ ਹਰ ਰੋਜ ਤਿਲ ਤਿਲ ਕਰਕੇ ਮਰ ਰਹੀ ਹੈ। ਜਬਰਦਸਤੀ ਉਸ ਦੇ ਮੂੰਹ ਵਿਚ ਕੁਝ ਨਾ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪਿਛਲੇ ਨੌ ਸਾਲਾਂ ਤੋਂ ਉਸ ਨੇ ਮੂੰਹ ਰਾਹੀਂ ਕੁਝ ਨਹੀਂ ਖਾਦਾ। ਪਰ ਉਸ 'ਤੇ ਜਬਰ ਜਾਰੀ ਹੈ। ਉਸ ਦੀ ਜੇ ਮੌਤ ਹੁੰਦੀ ਹੈ ਤਾਂ ਸੰਸਾਰ ਮੀਡੀਏ ਵਿਚ ਹਾਕਮ ਧਿਰਾਂ ਦਾ ਕੁਹਜ ਨੰਗਾ ਹੋ ਜਾਣਾ ਹੈ। ਇਸ ਕਰਕੇ ਉਸ ਨੂੰ ਮਰਨ ਵੀ ਨਹੀਂ ਦਿੱਤਾ ਜਾਂਦਾ। ਉਸ ਦੇ ਨੱਕ ਵਿਚ ਜਬਰੀ ਨਾਲੀ ਠੋਸ ਦਿੱਤੀ ਜਾਂਦੀ ਹੈ। ਉਸ ਦੇ ਹੱਥ ਪੈਰ ਬੰਨ ਦਿੰਤੇ ਜਾਂਦੇ ਹਨ ਕਿ ਉਹ ਮਰ ਨਾ ਜਾਵੇ ਤੇ ਹਾਕਮ ਧਿਰਾਂ ਦੇ ਅਖੌਤੀ ਮਾਨਵ ਵਾਦੀ ਚਿਹਰੇ ਉਪਰੋਂ ਮਖੌਟੇ ਨਾ ਉਤਾਰ ਦੇਵੇ। ਉਸ ਦੇ ਨੱਕ 'ਚ ਲੱਗੀ ਨਾਲੀ ਰਾਹੀਂ ਹੀ ਉਸ ਨੂੰ ਖੁਰਾਕ ਦਿੱਤੀ ਜਾਂਦੀ ਹੈ। ਜਿਸ ਦੇ ਸਹਾਰੇ ਉਹ ਜਿੰਦਾ ਹੈ। ਜਦ ਕਦੇ ਵੀ ਉਸ ਦਾ ਜੋਰ ਪੈਂਦਾ ਹੈ ਉਹ ਨੱਕ ਦੀ ਨਾਲੀ ਉਤਾਰ ਸੁਟਦੀ ਹੈ। ਨਾਲੀ ਉਤਾਰਨ ਤੇ ਨਾਲੀ ਲਗਾਉਣ ਦਾ ਸੰਘਰਸ਼ ਪਿਛਲੇ ਲੰਮੇਂ ਸਮੇਂ  ਤੋਂ ਚਲ ਰਿਹਾ ਹੈ । ਇਸ ਤਰ•ਾਂ ਨਾਲ ਜ਼ਿੰਦਗੀ ਮੌਤ ਦਾ ਇਹ ਨਾਟਕ 4 ਨਵੰਬਰ 2000 ਤੋਂ ਚੱਲ ਰਿਹਾ ਹੈ ਜਿਸ ਦਿਨ ਉਸ ਨੇ ਇਹ ਅਹਿਦ ਕੀਤਾ ਸੀ। ਜਦਂੋ ਉਹ ਕੇਵਲ 28 ਸਾਲਾਂ ਦੀ ਭਰ ਜੁਆਨ ਮੁਟਿਆਰ ਸੀ।
               ਨਵੰਬਰ 2000 ਵਿਚ ਵਾਪਰੀਆਂ ਘਟਨਾਵਾਂ ਨੇ ਉਹ ਫੌਰੀ ਕਾਰਜ ਕੀਤਾ ਜਦੋਂ ਉਸ ਨੇ ਬਿਨ•ਾਂ ਕਿਸੇ ਨਾਲ ਵੀ ਸਲਾਹ ਮਸ਼ਵਰਾ ਕੀਤਿਆਂ ਮਰਨ ਵਰਤ ਰੱਖ ਦਿੱਤਾ। ਪਹਿਲੀ ਨਵੰਬਰ ਨੂੰ ਇਕ ਵਿਦਰੋਹੀ ਸੰਘਠਨ ਨੇ ਸੁਰੱਖਿਆ ਦਸਤਿਆਂ ਤੇ ਇਕ ਬੰਬ ਸਿੱਟ ਦਿੱਤਾ ਜਿਸ ਦੇ ਗੁੱਸੇ ਵਿਚ ਸੁਰੱਖਿਆ ਦਸਤਿਆਂ ਨੇ ਮਾਲੋਮ ਬੱਸ ਸਟੇਂਡ ਤੇ ਬੱਸ ਦੀ ਉਡੀਕ ਕਰ ਰਹੇ ਦਸ ਬੇ ਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਰਨ ਵਾਲਿਆਂ ਦੀਆਂ ਤਸਵੀਰਾਂ ਦੂਸਰੇ ਦਿਨ ਦੀ ਅਖਬਾਰ ਵਿਚ ਪ੍ਰਕਾਸ਼ਤ ਹੋਈਆਂ, ਜਿਨ•ਾਂ ਵਿਚ 62 ਸਾਲਾਂ ਦੀ ਔਰਤ ਲਿਸੇਂਗਬਮ ਇਬੇਤੋਮੀ ਤੇ18 ਸਾਲਾਂ ਦੀ ਸਿਨਮ ਚੰਦਰਮਣੀ ਸੀ ਜਿਸ ਨੂੰ 1988 ਵਿਚ ਰਾਸ਼ਟਰਪਤੀ ਵੱਲੋਂ ਵੀਰਤਾ ਪੁਰਸਕਾਰ ਮਿਲ ਚੁੱਕਿਆ ਸੀ।  ਇਰੋਮ ਚਾਨੂੰ ਸ਼ਰਮੀਲਾ ਆਪਣੀ ਕੰਬਦੀ ਆਵਾਜ਼ ਵਿਚ ਆਖਦੀ ਹੈ ਕਿ ਜਦੋਂ ਉਸਨੇ ਅਖਬਾਰ ਦੇ ਪੰਨੇ ਤੇ ਬੇਕਸੂਰ ਲੋਕਾਂ ਦੀਆਂ ਤਸਵੀਰਾਂ ਦੇਖੀਆਂ ਤਾਂ ਉਹ ਦੰਗ ਰਹਿ ਗਈ ਇਸ ਦਿਲ ਦਿਹਲਾ ਦੇਣ ਵਾਲੇ ਕਾਰਨਾਮੇ ਨੇ ਉਸ ਨੂੰ ਬੇਚੈਨ ਕਰ ਦਿੱਤਾ। ਪਹਿਲਾਂ ਉਸ ਨੇ ਫੈਸਲਾ ਕੀਤਾ ਕਿ ਉਹ ਇਨਾਂ ਨਿਰਦੋਸ਼ ਸ਼ਹੀਦਾਂ ਦੇ ਲਈ ਕੱਢੀ ਜਾ ਰਹੀ ਸ਼ਾਂਤ ਰੈਲੀ ਵਿਚ ਹਿੱਸਾ ਲੈਣ ਜਾਵੇ ਪਰ ਫੇਰ ਉਸ ਨੂੰ ਜਾਪਿਆ ਕਿ ਇਸ ਤਰ•ਾਂ ਦੀਆਂ ਸ਼ਾਂਤ ਰੈਲੀਆਂ ਤਾਂ ਹਰ ਰੋਜ ਦਾ ਵਰਤਾਰਾ ਬਣ ਚੁੱਕਾ ਹੈ। ਉਸ ਨੂੰ ਕੁਝ ਐਸਾ ਕਰਨਾ ਚਾਹੀਦਾ ਹੈ ਜਿਸ ਨਾਲ ਸਰਕਾਰ ਤੱਕ ਲੋਕਾਂ ਦੀ ਆਵਾਜ਼ ਪਹੁੰਚਾਈ ਜਾਵੇ ਤੇ ਉਹ ਮਰਨ ਵਰਤ ਤੇ ਬੈਠ ਗਈ ਕਿ ਜਦੋਂ ਤੱਕ ਉਸ ਦੇ ਰਾਜ ਵਿੱਚੋਂ ਸੁਰੱਖਿਆ ਦਸਤਿਆਂ ਨੂੰ ਮਾਨਵ ਜਾਤੀ ਦੇ ਨਾਲ ਹਰ ਤਰਾਂ ਦਾ ਕੁਕਰਮ ਕਰਨ ਦਾ ਕਾਲਾ ਕਾਨੂੰਨ ਵਾਪਸ ਨਹੀਂ ਹੋ ਜਾਂਦਾ ਉਦੋਂ ਤਕ ਉਹ ਮਰਨ ਵਰਤ ਤੇ ਬੈਠੇਗੀ। ਉਹ ਇਸ ਕਾਲੇ ਕਾਨੂੰਨ ਦੇ ਖਿਲਾਫ ਭੁੱਖੀ ਰਹਿ ਕੇ ਮਰ ਤਾਂ ਸਕਦੀ ਹੈ ਪਰ ਇਸ ਕਾਲੇ ਕਾਨੂੰਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਇਸ ਲਈ ਉਸ ਦਾ ਸੰਘਰਸ਼ ਅੱਜ ਦਸਵੇ ਸਾਲ ਵਿਚ ਸ਼ਾਮਿਲ ਹੋ ਚੁੱਕਾ ਹੈ। ਭਾਵੇਂ ਹਾਕਮ ਧਿਰਾਂ ਦੇ ਕੰਨ ਤੇ ਅਜੇ  ਜੂੰ ਤੱਕ ਨਹੀਂ ਸਰਕੀ ਪਰ ਉਸ ਦੇ ਬੁਲੰਦ ਇਰਾਦਿਆਂ ਵਿਚ ਵੀ ਕੋਈ ਕਮੀ ਨਹੀਂ ਆਈ। ਭਾਂਵੇ ਸਰੀਰਕ ਤੌਰ ਤੇ ਉਹ ਪੂਰੀ ਤਰਾਂ ਨਾਲ ਟੁੱਟ ਚੁੱਕੀ ਹੈ। ਉਸ ਦਾ ਭਾਰ ਪਹਿਲੇ ਦਿੰਨ ਤੋਂ ਲਗ ਭਗ ਅੱਧਾ ਰਹਿ ਗਿਆ ਹੈ। ਪੁਲਿਸ ਹਿਰਾਸਤ ਵਿਚ ਕੈਦ ਹਸਪਤਾਲ ਦੇ ਬਿਸਤਰੇ ਤੇ ਪਈ ਉਹ ਇਕ ਹੱਡੀਆਂ ਦੀ ਮੁੱਠ ਰਹਿ ਗਈ ਹੈ। 38 ਸਾਲਾਂ ਦੀ ਉਮਰ ਵਿਚ ਉਸ ਦਾ ਮਾਸਕ ਧਰਮ ਬੰਦ ਹੋ ਚੁੱਕਾ ਹੈ। ਉਸ ਨੂੰ ਦੇਖ ਕੇ ਉਸ ਵਿਚ ਜੀਉਂਦੇ ਇਨਸਾਨ ਦੀਆਂ ਭਾਵੇਂ ਕੋਈ ਬਹੁਤੀਆਂ ਨਿਸ਼ਾਨੀਆਂ ਦਿਖਾਈ ਨਹੀਂ ਦਿੰਦੀਆਂ ਪਰ ਉਹ ਜ਼ਿੰਦਾ ਹੈ। ਪੂਰੀ ਤਰਾਂ ਨਾਲ ਜ਼ਿੰਦਾ ਹੈ। ਉਸ ਦੀ ਇਸ ਜ਼ਿੰਦਾ ਦਿਲੀ ਕਰਕੇ ਹੀ ਜਿੱਥੇ ਉਸ ਨੂੰ ਪਹਿਲਾਂ ਇਕ ' ਨਿੱਕੀ ਗੋਰੀ ਕੁੜੀ ' ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਉੱਥੇ ਹੁਣ ਉਸ ਨੂੰ ' ਆਇਰਨ ਗਰਲ ' ਦੇ ਨਾਮ ਨਾਲ ਸਮੁੱਚੇ ਸੰਸਾਰ ਵਿਚ ਜਾਣਿਆਂ ਜਾਂਦਾ ਹੈ। ਅੱਜ ਉਹ ਕੁੜੀ ਨੱਕ ਦੀ ਨਾਲੀ ਰਾਹੀ ਮਿਲਦੀ ਖੁਰਾਕ ਦੇ ਸਿਰ 'ਤੇ ਨਹੀਂ ਜੀਉਂਦੀ ਸਗੋਂ ਜ਼ਿੰਦਾ ਰਹਿਣ ਦੇ ਬੁਲੰਦ ਇਰਾਦਿਆਂ ਦੀ ਬਦੌਲਤ ਹੀ ਜੀਅ ਰਹੀ ਹੈ ਤੇ ਜੀਅ ਵੀ ਆਪਣੀਆਂ ਸ਼ਰਤਾਂ 'ਤੇ ਰਹੀ ਹੈ। ਉਸ ਦੀਆਂ ਸ਼ਰਤਾਂ ਮਨੁੱਖਤਾ ਦੇ ਵੱਡੇ ਕਾਰਜ ਨਾਲ ਜੁੜੀਆਂ ਹੋਈਆਂ ਹਨ। ਜਿਹੜਾ ਕਾਰਜ ਹਾਕਮ ਧਿਰਾਂ ਦੀ ਮਨ ਮਰਜੀ ਦੇ ਕਾਨੂੰਨ ਦੇ ਵਿਰੁਧ ਹੈ। ਜਿਸ ਲਈ ਉਹ ਮਰ ਸਕਦੀ ਹੈ ਪਰ ਸਮਝੌਤਾ ਨਹੀਂ ਕਰ ਸਕਦੀ ਕਿ ਉਹ ਉਸ ਸਮਾਜ ਵਿਚ ਜੀਉਂਦੀ ਰਹੇ ਜਿੱਥੇ ਇਨਸਾਨ ਨੂੰ ਇਨਸਾਨ ਵੀ ਨਹੀਂ ਸਮਝਿਆ ਜਾਂਦਾ। ਜਿੱਥੇ ਸੁਰੱਖਿਆ ਦਸਤਿਆਂ ਤੋਂ ਇਨਸਾਫ ਲਈ ਕਾਨੂੰਨ ਦਾ ਦਰਵਾਜਾ ਖੜਕਾਉਣ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਤੋਂ ਪਰਵਾਨਗੀ ਲੈਣੀ ਪਵੇ। ਜਿੱਥੇ ਮਨੁੱਖ ਦੀ ਕਦਰ ਕੁੱਤੇ ਜਿੰਨੀ ਵੀ ਨਾ ਰਹੇ। ਇਰੋਮ ਚਾਨੂੰ ਸ਼ਰਮੀਲਾ ਮਨੁੱਖ ਹੈ ਤੇ ਉਹ ਮਨੁੱਖ ਵਾਂਗ ਸ਼ਾਨ ਨਾਲ ਜੀਉਣਾ ਚਾਹੁੰਦੀ ਹੈ ਜੇ ਇਹ ਸ਼ਾਨ ਉਸ ਦੇ ਸੂਬੇ ਦੇ ਲੋਕਾਂ ਨੂੰ ਨਹੀਂ ਮਿਲਦੀ ਤਾਂ ਇਸ ਤਰਾਂ ਦੇ ਜੀਉਣ ਨਾਲੋਂ ਉਹ ਮਰਨ ਨੂੰ ਤਰਜੀਹ ਦਿੰਦੀ ਹੈ। ਪਰ ਹਾਕਮ ਧਿਰਾਂ ਇਨ•ਾਂ ਦੋਹਾਂ ਵਿੱਚੋਂ ਇਕ ਵੀ ਉਸ ਨੂੰ ਦੇਣ ਲਈ ਤਿਆਰ ਨਹੀਂ ਹਨ ਤੇ ਇਸੇ ਕਰਕੇ ਉਹ ਸੰਘਰਸ਼ਾਂ ਦੇ ਰਾਹ ਪਈ ਹੈ। ਉਸ ਨੂੰ ਵਿਸ਼ਵਾਸ ਹੈ ਕਿ ਜਿੱਤ ਅਖੀਰ ਨੂੰ ਉਸ ਦੀ ਹੀ ਹੋਵੇਗੀ। ਲੋਕਾਂ ਦਾ ਇਕ ਵੱਡਾ ਕਾਫਲਾ ਉਸ ਦੇ ਰਾਹ 'ਤੇ ਇਕ ਨਾ ਇਕ ਦਿਨ ਜਰੂਰ ਆਏਗਾ। ਮਨੀਪੁਰ ਵਿਚ ਜ਼ਿੰਦਗੀ ਮੁੜ ਪਟੜੀ 'ਤੇ ਆਏਗੀ ਤੇ ਉੱਥੇ ਦੇ ਲੋਕ ਸੁਖ ਦਾ ਸਾਹ ਲੈਣਗੇ। ਬਸ ਇਸੇ ਵਿਸ਼ਵਾਸ ਨਾਲ ਉਹ ਸੰਘਰਸ਼ ਕਰ ਰਹੀਂ ਹੈ। 
          ਭਾਰਤ ਦੇ ਇਤਿਹਾਸ ਵਿਚ ਉਸ ਦਾ ਵਿਧਰੋਹ ਆਪਣੇ ਆਪ ਵਿਚ ਅਨੋਖੀ ਘਟਨਾ ਹੈ। ਉਸ ਨੂੰ ਪੂਰਬਲੇ ਕਿਸੇ ਵੀ ਵਿਦਰੋਹ ਨਾਲ ਤੁਲਨਾਇਆ ਨਹੀਂ ਜਾ ਸਕਦਾ। ਸੰਸਾਰ ਦੇ ਇਤਿਹਾਸ ਵਿਚ ਉਸ ਵਰਗੀਆਂ ਕਿੰਨੀਆਂ ਕੁ ਉਦਾਹਣਾ ਹੋਰ ਹਨ ਇਸ ਬਾਰੇ ਆਉਣ ਵਾਲੇ ਸਾਲਾਂ ਵਿਚ ਫੈਸਲਾ ਹੋ ਜਾਵੇਗਾ। ਪਰ ਉਸ ਦਾ ਸੰਘਰਸ਼ ਕੋਈ ਨਿੱਕੀ ਮੋਟੀ ਘਟਨਾ ਨਹੀਂ ਜਿਸ ਨੂੰ ਦੇਖ ਕੇ ਅਣਡਿੱਠ ਕੀਤਾ ਜਾ ਸਕੇ। ਭਾਵੇ ਹਾਕਮ ਧਿਰਾ ਅਜੇ ਤੱਕ ਟੱਸ ਤੋਂ ਮੱਸ ਨਹੀਂ ਹੋਈਆਂ। ਭਾਵੇਂ ਸੈਂਕੜੇ ਟੀਵੀ ਚੈਨਲਾਂ ਨੇ ਅਜੇ ਆਪਣੇ ਕੈਮਰੇ ਦਾ ਮੂੰਹ ਉਸ ਵੱਲ ਨਹੀਂ ਕੀਤਾ। ਪਰ ਉਹ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਮ ਸੁਨਿਹਰੀ ਅੱਖਰਾਂ ਨਾਲ ਅੰਕਤ ਕਰ ਚੁੱਕੀ ਹੈ।
       4 ਨਵੰਬਰ 2000 ਨੂੰ ਜਿਸ ਦਿਨ ਉਸ ਨੇ ਮਰਨ ਵਰਤ ਸ਼ੁਰੂ ਕੀਤਾ ਸੀ। ਉਸ ਦਿਨ ਉਸ ਦੀ ਮਾਂ ਨੇ ਉਸ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਸੀ, '' ਤੂੰ ਆਪਣੀ ਮੰਜਲ ਪਾਏਂਗੀ '' ਤੇ ਫੇਰ ਉਸ ਨੂੰ ਆਤਮ ਹੱਤਿਆ ਕਰਨ ਦੇ ਜੁਰਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੀ ਸਰੀਰਕ ਹਾਲਤ ਦੇਖਦਿਆਂ ਉਸ ਨੂੰ ਹਸਪਤਾਲ ਦੇ ਇਕ ਕਮਰੇ ਵਿਚ ਕੈਦ ਕਰ ਦਿੱਤਾ ਗਿਆ। ਉੱਦੋਂ ਤੋਂ ਹੀ ਹਸਪਤਾਲ ਦੇ ਬਿਸਤਰ ਤੇ ਉਹ ਸ਼ਾਂਤ ਮਈ ਅੰਦੋਲਨ ਕਰ ਰਹੀਂ ਹੈ। ਭਾਂਵੇ ਉਹ ਆਪਣੇ ਘਰ ਤੋਂ ਪੈਦਲ ਦੂਰੀ ਤੇ ਹਸਪਤਾਲ ਅੰਦਰ ਜਿੰਦਗੀ ਮੌਤ ਦੀ ਅੰਤਮ ਲੜਾਈ ਹੱਕ ਸੱਚ ਇਨਸਾਫ ਲਈ ਲੜ ਰਹੀ ਹੈ ਤੇ ਘਰਦਿਆਂ ਨੂੰ ਮੁਲਾਕਾਤ ਕਰਨ ਦੀ ਖੁੱਲ ਹੈ ਪਰ ਉਸ ਦੀ ਮਾਂ ਕਦੇ ਵੀ ਉਸ ਨੂੰ ਮਿਲਣ ਨਹੀਂ ਗਈ। ਇਕ ਇੰਟਰਵੀਊ ਵਿਚ ਉਸ ਦੀ ਮਾਂ ਨੇ ਬੜੇ ਹੀ ਸੰਖੇਪ ਤੇ ਸਪਸ਼ਟ ਸ਼ਬਦਾਂ ਵਿਚ ਕਿਹਾ '' ਮੈਂ ਬਹੁਤ ਹੀ ਕਮਜ਼ੋਰ ਦਿਲ ਦੀ ਹਾਂ ਮੈਨੂੰ ਪਤਾ ਹੈ ਕਿ ਮੈ ਆਪਣੀ ਧੀ ਨੂੰ ਇਸ ਹਾਲ ਵਿਚ ਦੇਖ ਕੇ ਰੋ ਪਵਾਂਗੀ ਤੇ ਮੈਂ ਇਹ ਕਦੇ ਵੀ ਨਹੀਂ ਚਾਹੁੰਦੀ ਕਿ ਮੈਨੂੰ ਅੰਤਾਂ ਦਾ ਪਿਆਰ ਕਰਨ ਵਾਲੀ ਮੇਰੀ ਧੀ ਮੈਨੂੰ ਰੋਂਦਿਆਂ ਦੇਖਕੇ ਕਮਜੋਰ ਹੋਵੇ ਤੇ ਉਸ ਨੂੰ ਆਪਣੇ ਫੈਸਲੇ ਬਾਰੇ ਮੁੜਕੇ ਸੋਚਣਾ ਪਵੇ। ਮੈਂ ਤਾਂ ਇਹ ਚਾਹੁੰਦੀ ਹਾਂ ਮੇਰੀ ਧੀ ਇਸ ਘੋਲ ਵਿੱਚੋਂ ਜਿਤ ਕੇ ਬਾਹਰ ਆਏਗੀ ਮੈ ਉਸ ਦੀ ਜਿਤ ਲਈ ਆਸਵੰਦ ਹਾਂ ਤੇ ਉਸ ਨੂੰ ਜ਼ਰਾ ਜਿੰਨਾਂ ਵੀ ਕਮਜੋਰ ਨਹੀਂ ਕਰਨਾ ਚਾਹੁੰਦੀ। ਉਹ ਰੋਂਦੀ ਹੋਈ ਆਖਦੀ ਹੈ ਕਿ ਜਦੋਂ  ਸਾਨੂੰ ਰਾਤ ਦਾ ਇਕ ਡੰਗ ਖਾਣਾ ਨਹੀਂ ਮਿਲਦਾ ਤਾਂ ਅਸੀਂ ਸਾਰੀ ਰਾਤ ਸੌ ਨਹੀਂ ਸਕਦੇ। ਸਾਡੀਆਂ ਆਂਦਰਾਂ ਨੂੰ ਧੂਹ ਪੈਂਦੀ ਹੈ, ਸਾਰੀ ਰਾਤ ਅਸੀਂ ਕਰਵਟਾਂ ਹੀ ਬਦਲਦੇ ਰਹਿੰਦੇ ਹਾਂ ਮੇਰੀ ਧੀ ਨੇ ਪਿਛਲੇ ਦਸ ਸਾਲਾਂ ਤੋਂ ਕੁਝ ਨਹੀਂ ਖਾਦਾ ਉਸ ਦਾ ਕੀ ਹਾਲ ਹੋਵੇਗਾ? ਉਹ ਕਿਸ ਤਰਾਂ ਦਿਨ ਰਾਤ ਬਿਤਉਂਦੀ ਹੋਵੇਗੀ . . . . ਉਹ ਸਰਕਾਰ ਨੂੰ ਅਪੀਲ ਕਰਦੀ ਹੋਈ ਕਹਿੰਦੀ ਹੈ ਕਿ ਅਗਰ ਪੰਜ ਦਿਨਾਂ ਲਈ ਵੀ ਇਹ ਕਾਨੂੰਨ ਹਟਾ ਦਿੱਤਾ ਜਾਵੇ ਤਾਂ ਮੈਂ ਆਪਣੀ ਧੀ ਨੂੰ ਇਕ ਇਕ ਚੌਲਾਂ ਦਾ ਦਾਣਾ ਆਪਣੇ ਹੱਥੀਂ ਖਿਲਾਵਾਂਗੀ ਉਸ ਤੋਂ ਬਾਅਦ ਮੇਰੀ ਧੀ ਭਾਵੇਂ ਮਰ ਵੀ ਜਾਵੇ ਮੈਨੂੰ ਕੋਈ ਦੁੱਖ ਨਹੀਂ ਹੋਵੇਗਾ ਕਿ ਮੇਰੀ ਧੀ ਆਪਣੇ ਮਕਸਦ ਵਿਚ ਕਾਮਯਾਬ ਰਹੀ ਹੈ। ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਹਾਲਤ ਵਿਚ ਆਪਣੀ ਧੀ ਨੂੰ ਨਹੀਂ ਮਿਲਾਂਗੀ'' ਮਾਂ ਦਾ ਵੀ ਆਪਣੇ ਆਪ ਵਿਚ ਇਕ ਅੰਦੋਲਨ ਹੀ ਹੈ ਉਹ ਮਰ ਚੁੱਕੀ ਧੀ ਦੀ ਲਾਸ਼ ਤਾਂ ਲੈ ਸਕਦੀ ਹੈ ਪਰ ਆਪਣੀ ਧੀ ਨੂੰ ਭਾਵੁਕ ਤੇ ਕਮਜੋਰ ਕਰਨ ਲਈ ਇਕ ਹੰਝੂ ਤੱਕ ਉਸ ਦੇ ਸਾਹਮਣੇ ਕੇਰਨ ਨੂੰ ਤਿਆਰ ਨਹੀਂ। ਇਰੋਮ ਚਾਨੂੰ ਸ਼ਰਮੀਲਾ ਇਸ 'ਤੇ ਆਪਣਾ ਪ੍ਰਤੀਕਰਮ ਬੜੀ ਹੀ ਸਹਿਜਤਾ ਨਾਲ ਦਿੰਦੀ ਹੋਈ ਆਖਦੀ ਹੈ '' ਅਸੀਂ ਸਭ ਆਪੋ ਆਪਣਾ ਫਰਜ਼ ਪੂਰਾ ਕਰ ਰਹੇ ਹਾਂ। ਮੇਰੀ ਮਾਂ ਮੇਰੇ ਲਈ ਰੱਬ ਹੈ ਜਿਸ ਤੋਂ ਮੈਨੂੰ ਸ਼ਕਤੀ ਮਿਲਦੀ ਹੈ ਤੇ ਜਿਸ ਸ਼ਕਤੀ ਨਾਲ ਮੈਂ ਇਹ ਅੰਦੋਲਨ ਕਰ ਰਹੀਂ ਹਾਂ। ਮੇਰੀ ਮਾਂ ਮੇਰੇ ਕੰਮ ਤੋਂ ਖੁਸ਼ ਹੈ ਮੇਰੇ ਲਈ ਇਹ ਕਾਫੀ ਹੈ।''
           ਇਰੋਮ ਚਾਨੂੰ ਸ਼ਰਮੀਲਾ ਨੇ ਆਪਣੇ ਸਰੀਰ ਤੇ ਆਪਣੇ ਮਨ ਨੂੰ ਕਾਬੂ ਵਿਚ ਰੱਖਿਆ ਹੋਇਆ ਹੈ। ਉਹ ਪਾਣੀ ਤੱਕ ਨਹੀਂ ਪੀਂਦੀ ਆਪਣੇ ਦੰਦਾਂ ਨੂੰ ਰੂੰ ਨਾਲ ਸਾਫ ਕਰ ਲੈਂਦੀ ਹੈ। ਉਸ ਨੇ ਆਪਣੇ ਲੰਮੇ ਕਾਲੇ ਵਾਲਾ ਨੂੰ ਕੰਗਾ ਕਰਨਾ ਤੱਕ ਛੱਡ ਦਿੱਤਾ ਹੈ। ਸੁੱਕੀ ਰੂੰ ਨੂੰ ਸਪਿਰਿਟ ਦੇ ਤੂੰਬੇ ਨਾਲ ਉਹ ਆਪਣੇ ਹੋਂਠ ਸਾਫ ਕਰਦੀ ਹੈ ਤਾਂ ਕਿ ਉਸ ਦੀ ਭੁੱਖ ਹੜਤਾਲ ਨਾ ਟੁੱਟੇ। ਪੂਰੀ ਤਰਾਂ ਨਾਲ ਸ਼ਾਂਤ ਪਈ ਉਹ ਆਪਣਾ ਅੰਦੋਲਨ ਕਰ ਰਹੀਂ ਹੈ। ਡਾਕਟਰਾਂ ਤੇ ਹਮਦਰਦਾਂ ਨੂੰ ਪੁੱਛਣ ਤੇ ਬਸ ਇੱਕੋ ਹੀ ਵਾਕ ਬੋਲਦੀ ਹੈ '' ਮੈਂ ਠੀਕ ਹਾਂ , ਮੈ ਆਪਣੇ ਉੱਪਰ ਕੋਈ ਅਤਿਆਚਾਰ ਨਹੀਂ ਕਰ ਰਹੀ ਇਹ ਕੋਈ ਸਜ਼ਾ ਨਹੀਂ ਇਹ ਮੇਰਾ ਫਰਜ਼ ਹੈ ਜੋ ਮੈਂ ਪੂਰਾ ਕਰ ਰਹੀਂ ਹਾਂ '' 
  ਉਹ ਭਾਂਵੇ ਇਹ ਹੀ ਆਖਦੀ ਹੈ ਕਿ ਉਸ 'ਤੇ ਕੋਈ ਅਤਿਆਚਾਰ ਨਹੀਂ ਹੋ ਰਿਹਾ ਪਰ ਹਰ ਪਲ ਹਰ ਘੜੀ ਉਸ 'ਤੇ ਕੋਈ ਨਾ ਕੋਈ ਅਤਿਆਚਾਰ ਹੋ ਹੀ ਰਿਹਾ ਹੁੰਦਾ ਹੈ। ਹਰ ਵਕਤ ਪੁਲਿਸ ਤੇ ਨੀਮ ਫੌਜੀ ਦਸਤਿਆਂ ਦੀਆਂ ਖੂੰਖਾਰ ਬੰਦੂਕਾਂ ਦਾ ਪਹਿਰਾ ਉਸ ਤੇ ਲੱਗਿਆ ਹੀ ਰਹਿੰਦਾ ਹੈ। ਕਦੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਉਸ ਨੂੰ ਨਿਆਂਇਕ ਹਿਰਾਸਤ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ। ਕਦੀ ਸੰਗੀਨਾਂ ਦਾ ਪਹਿਰਾ ਰੋਹ ਵੀ ਸਖਤ ਹੋ ਜਾਂਦਾ ਹੈ। ਕਦੇ ਉਸ ਦੇ ਪਰਿਵਾਰ ਦੇ ਇਕ ਦੋ ਮੈਂਬਰਾਂ ਤੋਂ ਬਿਨ•ਾਂ ਕਿਸੇ ਹੋਰ ਨੂੰ ਉਸ ਨਾਲ ਮਿਲਣ ਵੀ ਨਹੀਂ ਦਿੱਤਾ ਜਾਂਦਾ। ਕਦੇ ਪਰਿਵਾਰਕ ਮੈਂਬਰਾਂ ਵਿੱਚੋਂ ਵੀ ਕੇਵਲ ਉਸ ਦੇ ਇਕ ਭਰਾ ਨੂੰ ਹੀ ਉਸ ਕੋਲ ਜਾਣ ਦਿੱਤਾ ਜਾਂਦਾ ਹੈ। ਕਦੀ ਉਹ ਮਹਾਤਮਾਂ ਗਾਂਧੀ ਤੇ ਨੈਲਸਨ ਮੰਡੇਲਾ ਦੀਆਂ ਜੀਵਨੀਆਂ ਪੜ•ਨ ਨੂੰ ਤਰਸਦੀ ਹੈ ਤੇ ਇਹ ਉਸ ਤੱਕ ਪਹੁੰਚਣ ਹੀ ਨਹੀਂ ਦਿੱਤੀਆਂ ਜਾਂਦੀਆਂ। ਕਦੀ ਭਾਰਤ ਦੀ ਮਹਾਨ ਲੇਖਕਾ ਮਹਾਂ ਸ਼ਵੇਤਾ ਦੇਵੀ ਉਸ ਨੂੰ ਮਿਲਣ ਲਈ ਜਾਂਦੀ ਹੈ ਪਰ ਉਸ ਨੂੰ ਕਿਸੇ ਵੀ ਕੀਮਤ 'ਤੇ ਉਸ ਨਾਲ ਮਿਲਣ ਹੀ ਨਹੀਂ ਦਿੱਤਾ ਜਾਂਦਾ। ਇੰਫਾਲ ਦਾ ਜੇ. ਐਨ. ਹਸਪਤਾਲ ਜਿੱਥੇ ਉਸ ਨੂੰ ਜ਼ਿੰਦਾ ਰੱਖਣ ਲਈ ਰੱਖਿਆ ਗਿਆ ਹੈ ਉਹ ਇਕ ਤਰਾਂ ਨਾਲ ਜੇਲ• ਦਾ ਹੀ ਇਕ ਰੂਪ ਧਾਰ ਚੁੱਕਾ ਹੈ। ਜਿੱਥੇ ਮੱਖੀ ਵੀ ਸੁਰੱਖਿਆ ਦਸਤਿਆਂ ਦੇ ਹੁਕਮ ਤੋਂ ਬਿਨਾਂ ਪਰ ਨਹੀਂ ਮਾਰ ਸਕਦੀ।
        ਉਸ ਸੁਹਜ ਭਰਪੂਰ ਭਾਰਤ ਦੀ ਧੀ ਕਵਿਤਾ ਲਿਖਦੀ ਹੈ। ਇਰੋਮ ਚਾਨੂੰ ਸ਼ਰਮੀਲਾ ਨੂੰ ਪਹਿਲਾ ਮਲੀਯਾਮਾਂ ਫਾਉਂਡੇਸ਼ਨ ਐਵਾਰਡ ਦਿੱਤਾ ਗਿਆ।। ਜਿਸ ਦਾ ਐਲਾਨ ਮਹਾਂ ਸ਼ਵੇਤਾ ਦੇਵੀ ਵੱਲੋਂ ਕੀਤਾ ਗਿਆ। ਇਸ ਐਵਾਰਡ ਦਾ ਐਲਾਨ ਸਮੇਂ ' ਹੱਕ ਸੱਚ ਇਨਸਾਫ ਨਿਆਂ ਤੇ ਸ਼ਾਂਤੀ ' ਨਾਮ ਦੇ ਮਹਾਂ ਉਤਸਵ ਵਿਚ ਕੀਤਾ ਗਿਆ ਸੀ ਜਿੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ। ਇਹ ਐਵਾਰਡ ਲੈਣ ਲਈ ਇਰੋਮ ਚਾਨੂੰ ਸ਼ਰਮੀਲਾ ਨੂੰ ਜਾਣ ਨਹੀਂ ਦਿੱਤਾ ਗਿਆ ਕਿਉਂਕਿ ਨਿਆਇਕ ਹਿਰਾਸਤ ਵਿੱਚੋਂ ਕਾਨੂੰਨੀ ਪ੍ਰਵਾਨਗੀ ਲੈਣੀ ਉਸ ਲਈ ਜਰੂਰੀ ਸੀ ਜੋ ਉਸ ਨੂੰ ਨਹੀਂ ਦਿੱਤੀ ਗਈ। ਇਸ ਦਰਿਸ਼ਟੀ ਤੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਬਿਨ•ਾਂ ਕਿਸੇ ਵੀ ਅਪਰਾਧ ਦੇ ਕੈਦ ਕੱਟ ਰਹੀ ਹੈ।
          ਜੇ ਪਿਛਲੇ ਦਸ ਸਾਲਾਂ ਦੇ ਰਾਜਸੀ ਇਤਿਹਾਸ ਉਪਰ ਉਡਦੀ ਉਡਦੀ ਝਾਤ ਵੀ ਮਾਰੀ ਜਾਵੇ ਤਾਂ ਜਿਹੜੇ ਸਿੱਟੇ ਸਾਹਮਣੇ ਆਉਂਦੇ ਹਨ ਉਹ ਬਹੁਤ ਹੀ ਸ਼ਰਮਨਾਕ ਹਨ। ਇਨ•ਾਂ ਦਸ ਸਾਲਾਂ ਵਿਚ ਜਦੋਂ ਤੋਂ ਅਣਮਨੁੱਖੀ ਕਾਨੂੰਨ ਦੇ ਵਿਰੁੱਧ ਭਾਰਤ ਦੀ '' ਆਇਰਨ ਗਰਲ '' ਮਰਨ ਵਰਤ ਤੇ ਬੈਠੀ ਹੈ ਉਸ ਸਮੇਂ ਭਾਰਤ ਅੰਦਰ ਕਾਰਜਸ਼ੀਲ ਸਾਰੀਆਂ ਹੀ ਛੋਟੀਆਂ ਵੱਡੀਆਂ ਰਾਜਸੀ ਪਾਰਟੀਆਂ ਸਿੱਧੀਆਂ ਅਸਿੱਧੀਆਂ ਕੇਦਰ ਵਿਚ ਰਾਜ ਕਰਦੀਆਂ ਰਹੀਆਂ ਹਨ। ਜਿਨ•ਾਂ ਵਿੱਚੋਂ ਬਹੁਤਾ ਸਮਾਂ ਕਾਂਗਰਸ ਦੇ ਹਿੱਸੇ ਆਉਂਦਾ ਹੈ। ਬੀ.ਜੇ ਪੀ. ਦੀ ਆਗਵਾਈ ਵਾਲਾ ਫਰੰਟ ਵੀ ਇਸ ਸਮਂੇ ਕੇਂਦਰੀ ਸਤਾ ਤੇ ਚਾਰ ਸਾਲ ਕਾਬਜ ਰਿਹਾ। ਪਰ ਇਸ ਕਾਲੇ ਕਾਨੂੰਨ ਬਾਰੇ ਨਾ ਤਾਂ ਕਿਸੇ ਨੇ ਸੰਜੀਦਗੀ ਨਾਲ ਵਿਚਾਰ ਕੀਤਾ, ਨਾ ਹੀ ਕਿਸੇ ਨੇ ਇਹ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਨਾਲ  ਕੋਈ ਫਾਇਦਾ ਹੋਇਆ ਜਾਂ ਉਲਟਾ ਇਸ ਨਾਲ ਨੁਕਸਾਨ ਹੋਇਆ? Ñਲੋਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਬਜਾਏ ਸਟੇਟ ਨੇ ਉਨ•ਾਂ ਨੂੰ ਸਰਕਾਰੀ ਜਬਰ ਨਾਲ ਦਬਾਉਣ ਦੀ ਹੀ ਕੋਸ਼ਿਸ਼ ਕੀਤੀ ਜਿਸ ਦੇ ਸਿੱਟੇ ਵਜੋਂ ਸ਼ਾਂਤ ਮਈ ਅੰਦੋਲਨ ਕਰ ਰਹੀ ਇਰੋਮ ਚਾਨੂੰ ਸ਼ਰਮੀਲਾ ਦਾ ਵੱਡਾ ਭਰਾ ਸਿੰਘਜੀਤ ਜਿਹੜਾ ਸਾਰਾ ਸਮਾਂ ਉਸ ਦੇ ਨਾਲ ਹੀ ਰਹਿੰਦਾ ਹੈ ਭਾਰਤ ਸਰਕਾਰ ਦੀ ਬੇਰੁਖੀ ਬਾਰੇ ਤੇ ਆਪਣੀ ਭੈਣ ਬਾਰੇ ਆਖਦਾ ਹੈ ਕਿ '' ਜੇ ਇਰੋਮ ਚਾਨੂੰ ਮੇਰੀ ਸਲਾਹ ਲੈਂਦੀ ਤਾਂ ਮੈ ਇਹ ਕਠਿਨ ਫੈਸਲਾ ਉਸ ਨੂੰ ਹਰਗਿਜ਼ ਨਾ ਲੈਣ ਦਿੰਦਾ ਕਿਉਕਿ ਮੈਂ ਸਟੇਟ ਦੇ ਖਾਸੇ ਨੂੰ ਹੁਣ ਸਮਝਦਾ ਹਾਂ ਉਸ ਅਨੁਸਾਰ ਇਹ ਅੰਦੋਲਨ ਇੰਫਾਲ ਦੀ ਇਕ ਨਿੱਕੀ ਜਿਹੀ ਝੋਂਪੜੀ ਤੋਂ ਸ਼ੁਰੂ ਹੋਇਆ ਸੀ ਜਿਸ ਦਾ ਮਕਸਦ ਲੋਕਾਂ ਦੇ ਦਰਦ ਨੂੰ ਕੇਂਦਰ ਤੱਕ ਸ਼ਾਂਤਮਈ ਤਰੀਕੇ ਨਾਲ ਲੈਕੇ ਜਾਣਾ ਸੀ ਪਰ ਸਟੇਟ ਦੀ ਸਾਰੀ ਮਸ਼ੀਨਰੀ ਉਸ ਦੇ ਵਿਰੁੱਧ ਲਾਮਬੰਦ ਹੋ ਗਈ। '' ਇਸ ਭਰਾ ਨੇ ਭੈਣ ਦੇ ਨਾਲ ਰਹਿ ਕੇ ਉਸ ਦਾ ਹਰ ਪੱਧਰ 'ਤੇ ਸਾਥ ਦੇਣ ਲਈ ਨੌਕਰੀ ਤੱਕ ਛੱਡ ਦਿੱਤੀ। ਪਰਿਵਾਰ ਦਾ ਸਾਰਾ ਖਰਚਾ ਉਸ ਦੀ ਪਤਨੀ ਦਿਹਾੜੀ ਕਰਕੇ ਹੀ ਕਰਦੀ ਹੈ। ਭਰਾ ਦਾ ਸਾਰਾ ਪਰਿਵਾਰ ਪੂਰੀ ਤਰਾਂ ਨਾਲ ਆਪਣੀ ਭੈਣ ਦੇ ਇਸ ਸ਼ਾਂਤ ਮਈ ਅੰਦੋਲਨ ਵਿਚ ਉਸ ਦੇ ਨਾਲ ਹੈ। ਭਾਵੇਂ ਉਹ ਅੰਦਰੋਂ ਪੂਰੀ ਤਰ•ਾਂ ਨਾਲ ਟੁੱਟ ਚੁੱਕਾ ਹੈ। ਕਿਉਂਕਿ ਇਸ ਅੰਦੋਲਨ ਤੋਂ ਬਾਅਦ ਵੀ ਸਥਿਤੀਆਂ ਜਿਉਂ ਦੀਆਂ ਤਿÀੁਂ ਹੀ ਹਨ। ਸਿੰਘਜੀਤ ਭਰੇ ਮਨ ਨਾਲ ਦਸਦਾ ਹੈ '' 32 ਸਾਲ ਦੀ ਮਨੋਰਮਾਂ ਦੇਵੀ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸੰਬੰਧ ਰੱਖਣ ਦੇ ਅਰੋਪ ਵਿਚ ਆਸਾਮ ਰਾਈਫਲਜ਼ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਫਿਰ  ਚਾਰ ਦਿਨ ਬਾਅਦ ਮਨੋਰਮਾਂ ਦੀ ਲਾਸ਼ ਮਿਲੀ ਜਿਸ ਦੇ ਸਰੀਰ ਤੋਂ ਪਤਾ ਚਲਦਾ ਸੀ ਕਿ ਉਸ ਨਾਲ ਬਲਾਤਕਾਰ ਤੋਂ ਇਲਾਵਾ ਹੋਰ ਭਿਆਨਕ ਤਸ਼ੱਦਦ ਕੀਤੇ ਗਏ ਸਨ। ਉਦੋਂ ਇਰੋਮ ਚਾਨੂੰ ਨੂੰ ਮਰਨ ਵਰਤ ਤੇ ਬੈਠਿਆਂ ਚਾਰ ਸਾਲ ਹੋ ਚੁੱਕੇ ਸਨ। ਇਸ ਧੱਕੇਸ਼ਾਹੀ ਦੇ ਖਿਲਾਫ ਤੀਹ ਔਰਤਾਂ ਨੇ ਅਲਫ ਨੰਗਿਆਂ ਹੋਕੇ ਆਸਾਮ ਰਾਈਫਲਜ਼ ਦੇ ਮੁਖ ਦਫਤਰ ਕਾਂਗਲਾ ਫੋਰਟ ਦੇ ਬਾਹਰ ਰੋਸ ਪ੍ਰਦਰਸ਼ਣ ਕੀਤਾ। ਉਹ ਨਾਹਰੇ ਲਗਾ ਰਹੀਂਆਂ ਸਨ ' ਭਾਰਤੀ ਸੈਨਾ ਸਾਡਾ ਬਲਾਤਕਾਰ ਕਰੋ ' ' ਮਨੀਪੁਰ ਦੀਆਂ ਮਾਂਵਾਂ ਨਾਲ ਬਲਾਤਕਾਰ ਕਰੋ ' ਜਿਸ ਪ੍ਰਦਰਸ਼ਣ ਦੇ ਵਿਰੁੱਧ ਉਨਾਂ ਔਰਤਾਂ ਨੂੰ ਤਿੰਨ ਤਿੰਨ ਮਹੀਨੇ ਦੀ ਸਖਤ ਕੈਦ ਦੀ ਸਜ਼ਾ ਦਿੱਤੀ ਗਈ। ਇਸ ਅੰਦੋਲਨ ਤੋਂ ਬਾਅਦ ਸਰਕਾਰ ਨੇ ਮਨੋਰਮਾਂ ਕਤਲ ਕਾਂਡ ਦੀ ਜਾਂਚ ਦੇ ਆਦੇਸ਼ ਦੇ ਕੇ ਲੋਕਾਂ ਦੇ ਵਿਧਰੋਹ ਨੂੰ ਸ਼ਾਂਤ ਤਾਂ ਕਰ ਦਿੱਤਾ ਪਰ ਜਸਟਿਸ ਓਪੇਂਦਰ ਆਯੋਗ ਦੀ ਇਸ ਰੀਪੋਟ ਨੂੰ ਸਾਰਵਜਨਕ ਹੀ ਨਹੀਂ ਹੋਣ ਦਿੱਤਾ। ਨਵੰਬਰ 2004 ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ' ਅਫਸਪਾ ' ਦੀ ਸਮੀਖਿਆ ਲਈ ਜਸਟਿਸ ਜੀਵਨ ਰੈਡੀ ਦੀ ਅਗਵਾਈ ਹੇਠ ਇਕ ਕਮੇਟੀ ਗਠਤ ਕੀਤੀ । ਉਸ ਕਮੇਟੀ ਨੇ ਅਫਸਪਾ ਨੂੰ ਖਤਮ ਕਰਨ ਦੀ ਸਿਫਾਰਸ਼ ਕੀਤੀ ਤੇ ਨਾਲ ਹੀ ਉਸ ਦੀਆਂ ਸਾਰੀਅ ਕਰੂਰ ਸ਼ਕਤੀਆਂ ਨੂੰ ਗੈਰਕਾਨੂੰਨੀ ਐਲਾਨਿਆ। ਪਰ ਉਸ ਕਮੇਟੀ ਦੇ ਫੈਸਲਿਆਂ ਨੂੰ ਉਸ ਸਮੇ ਦੇ ਰੱਖਿਆ ਮੰਤਰੀ ਪ੍ਰਣਬ ਮੁਖਰਜੀ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਅਸ਼ਾਂਤ ਇਲਾਕਿਆਂ ਵਿਚ ਐਸੀਆਂ ਕਾਨੂੰਨੀ ਸ਼ਕਤੀਆਂ ਤੋਂ ਬਿਨ•ਾਂ ਸੈਨਾ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ।
   2006 ਵਿਚ ਵਿਸ਼ਵ ਸ਼ਾਂਤੀ ਲਈ ਨੋਬਲ ਪੁਰਸਕਾਰ ਵਿਜੇਤਾ ਇਰਾਨ ਦੀ ਸ਼ਿਰੀਨ ਏਬਾਦੀ ਨੇ ਭਾਰਤ ਵਿਚ ਆਕੇ ਇਰੋਮ ਚਾਨੂੰ ਸ਼ਰਮੀਲਾ ਬਾਰੇ ਆਪਣੀ ਤਕਰੀਰ ਵਿਚ ਕਿਹਾ ਕਿ '' ਜੇ ਉਹ ਮਰਦੀ ਹੈ ਤਾਂ ਸੰਸਦ ਇਸ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਜੇ ਉਹ ਮਰਦੀ ਹੈ ਤਾਂ ਕਾਰਜਪਾਲਕਾ, ਨਿਆਪਾਲਕਾ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਜ਼ਿੰਮੇਵਾਰ ਹੋਣਗੇ ਕਿÀੁਂਕਿ ਉਨ•ਾਂ ਨੇ ਕੁਝ ਨਹੀਂ ਕੀਤਾ। ਅਗਰ ਉਹ ਮਰਦੀ ਹੈ ਤਾਂ ਪੱਤਰਕਾਰ ਵੀ ਜ਼ਿੰਮੇਵਾਰ ਹੋਣਗੇ ਜਿਨ•ਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ। ਕੁਝ ਇਲਾਕਿਆਂ ਵਿੱਚੋਂ ਨਾ ਮਾਤਰ ਲਈ ਇਹ ਬਦਨਾਮ ਕਾਨੂੰਨ ਹਟਾਇਆ ਗਿਆ ਪਰ ਬਾਕੀ ਸਾਰੇ ਮੁਨੀਪੁਰ ਦੀ ਹਾਲਤ ਉਹ ਹੀ ਹੈ।
      ਆਪਣੀ ਆਵਾਜ਼ ਨੂੰ ਦਿੱਲੀ ਦੀ ਸਰਕਾਰ ਤੱਕ ਪਹੁੰਚਾਣ ਲਈ ਇਕ ਦਿਨ ( 3ਅਕਤੂਬਰ 2006 ਨੂੰ ) ਭਰਾ ਸਿੰਘਜੀਤ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਇਰੋਮ ਸ਼ਰਮੀਲਾ ਨੂੰ ਸਰੱਖਿਆ ਦਸਤਿਆਂ ਤੋਂ ਚੋਰੀ ਕਿਸੇ ਤਰੀਕੇ ਨਾਲ ਇੰਫਾਲ ਦੇ ਹਸਪਤਾਲ 'ਚ ਬਾਹਰ ਲੈ ਆਇਆ ਤੇ ਸੰਸਾਰ ਦੇ ਸਭ ਤੋਂ ਵੱਡੇ ਲੋਕ ਤੰਤੰਰ ਦੇ ਮੰਦਰ ਦੇ ਬਾਹਰ ਯੰਤਰ ਮੰਤਰ ਰੋਡ ਤੇ ਡੇਰਾ ਲਾ ਕੇ ਬੈਠ ਗਿਆ। ਇੱਥੇ ਵੀ ਮੀਡੀਆ ਨੇ ਕੋਈ ਵਿਸ਼ੇਸ ਰੁਚੀ ਉਸ ਵਿਚ ਨਾ ਦਿਖਾਈ ਤੇ ਪੁਲਿਸ ਨੇ ਉਸ ਨੂੰ ਆਤਮ ਹੱਤਿਆ ਕਰਨ ਦੇ ਜੁਰਮ ਹੇਠ ਗ੍ਰਿਫਤਰ ਕਰਕੇ ਦਿੱਲੀ ਦੇ ਏਮਜ਼ ਹਸਪਤਾਲ ਦੇ ਕਮਰੇ ਵਿਚ ਕੈਦ ਕਰ ਦਿੱਤਾ। ਇਸ ਨਾਲ ਵੀ ਕੁਝ ਨਾ ਬਦਲਿਆ। ਬਸ ਕਮਰਾ ਤੇ ਕਮਰੇ ਦੇ ਬਾਹਰ ਖੜੇ ਪਹਿਰੇਦਾਰ ਬਦਲੇ ਜਾਂ ਅੰਦਰ ਦੀਆਂ ਨਰਸਾਂ ਬਦਲੀਆਂ। ਉਸ ਨੇ ਇੱਥੇ ਆਕੇ ਪ੍ਰਧਾਨ ਮੰਤਰੀ, ਰਾਸਟਰਪਤੀ ਤੇ ਗ੍ਿਰਹ ਮੰਤਰੀ ਨੂੰ ਚਿੱਠੀਆਂ ਲਿਖੀਆਂ ਪਰ ਕਿਸੇ ਦਾ ਵੀ ਉਸ ਨੂੰ ਜਵਾਬ ਨਹੀਂ ਮਿਲਿਆ। ਗ੍ਰਹਿ ਮੰਤਰੀ ਸ੍ਰੀ ਪੀ ਚਿਤੰਬਰਮ ਨੇ ਉਪਰੋਕਤ ਕਾਨੂੰਨ ਵਿਚ ਕੁਝ ਇਕ ਸੁਧਾਰ ਕਰਨ ਲਈ ਕਿਹਾ ਹੈ ਪਰ ਅਜੇ ਤੱਕ ਕੈਬਨਿਟ ਦੀ ਮਨਜੂਰੀ ਨਹੀਂ ਮਿਲੀ।
     ਮਹਾਤਮਾਂ ਗਾਂਧੀ ਦੇ ਦੇਸ਼ ਵਿਚ ਜਿੱਥੇ ਲੰਮਾਂ ਸਮਾਂ ਮਹਾਤਮਾਂ ਗਾਂਧੀ ਦੇ ਪੈਰੋਕਾਰਾਂ ਨੇ ਹੀ ਰਾਜ ਕੀਤਾ ਜਿੱਥੇ ਅਹਿੰਸਾ ਦਾ ਪਾਠ ਵਿਸ਼ਵ ਨੂੰ ਪੜਾਇਆ ਜਾਂਦਾ ਹੈ ਉੱਥੇ ਅਹਿੰਸਾ ਦੇ ਹਥਿਆਰ ਰਾਹੀਂ ਆਪਣੇ ਦਿਲ ਦੀ ਪੀੜਾ ਕਹਿ ਰਹੀ ਭਾਰਤ ਦੀ ਧੀ ਦੀ ਪੁਕਾਰ ਕਿਸੇ ਦੇ ਕੰਨੀ ਕਿਉਂ ਨਹੀਂ ਪਈ? ਮਨੀਪੁਰ ਦੇ ਲੋਕਾਂ ਤੇ ਅਮਨ ਕਾਇਮ ਕਰਨ ਦੇ ਨਾਮ 'ਤੇ ਹੋ ਰਹੀਂ ਸਰਕਾਰੀ ਦਹਿਸ਼ਤਗਰਦੀ ਕੇਂਦਰ ਨੂੰ ਤੇ ਸੂਬੇ  ਦੇ ਸਰਕਾਰ ਨੂੰ ਅਜੇ ਤੱਕ ਕਿਉਂ ਨਹੀਂ ਦਿਸੀ? ਅਲਫ ਨਗਨ ਹੋ ਕੇ ਮਨੀਪੁਰ ਦੀਆਂ ਮਾਂਵਾਂ ਨੂੰ ਕਿਉਂ ਪ੍ਰਦਰਸ਼ਨ ਕਰਨਾ ਪਿਆ? ਕਿੰਨੇ ਸਵਾਲ ਹਨ ਜਿਹੜੇ ਜਵਾਬ ਦੀ ਮੰਗ ਕਰਦੇ ਹਨ ਜਿਨ•ਾਂ ਦੇ ਲਈ ਮਨੀਪੁਰ ਦੀ ' ਆਇਰਨ ਗਰਲ ' ਜਿੰਦਗੀ ਮੌਤ ਦੀ ਲੜਾਈ ਲੜ ਰਹੀਂ ਹੈ। ਉਹ ਮਰ ਤਾਂ ਸਕਦੀ ਹੈ ਪਰ ਉਸ ਨਰਕ ਵਰਗੀ ਜਿੰਦਗੀ ਨੂੰ ਜੀਣ ਲਈ ਹਰਗਿਜ਼ ਤਿਆਰ ਨਹੀਂ ਜੋ ਉਸ ਨੂੰ ਜੀਉਣ ਲਈ ਦਿੱਤੀ ਜਾ ਰਹੀਂ ਹੈ। ਉਹ ਭਾਵੇਂ ਕੋਈ ਲੋਕ ਉਭਾਰ ਪੈਦਾ ਨਹੀਂ ਕਰ ਰਹੀਂ। ਉਹ ਭਾਵੇਂ ਕਿਸੇ ਰਾਜਸੀ ਮਨੋਰਥ ਲਈ ਲੋਕਾਂ ਨੂੰ ਨਹੀਂ ਭੜਕਾ ਰਹੀਂ। ਉਹ ਭਾਵੇਂ ਚੁਪ ਚਾਪ ਹੈ। ਪਰ ਉਹ ਜੋ ਕੁਝ ਕਰ ਰਹੀਂ ਹੈ ਜਿਸ ਰਾਹੀਂ ਉਹ ਪੀੜੀਆਂ ਤੱਕ ਅਮਰ ਹੋ ਜਾਵੇਗੀ ਤੇ ਮਨੀਪੁਰ ਦੇ ਲੋਕਾਂ ਲਈ ਹੀ ਨਹੀਂ ਸਮੁੱਚੀ ਮਾਨਵ ਜਾਤੀ ਲਈ ਹੀ ਅੰਦੋਲਨ ਦੀਆਂ ਨਵੀਆਂ ਲੀਹਾਂ ਪਾਕੇ ਜਾਵੇਗੀ। ਜਿਸ 'ਤੇ ਆਉਣ ਵਾਲੀਆਂ  ਪੀੜੀਆਂ ਵੀ ਮਾਣ ਕਰਿਆ ਕਰਨ ਗੀਆਂ।
  

No comments:

Post a Comment