dr t virli

dr t virli

Wednesday 20 March 2013

ਨਸ਼ਿਆਂ ਵਿਚ ਗਰਕ ਹੋ ਰਿਹਾ ਪੰਜਾਬ

                                                                                        ਡਾ. ਤੇਜਿੰਦਰ ਵਿਰਲੀ (9464797400)

ਜਿਸ ਦਿਨ ਰਾਹੁਲ ਗਾਂਧੀ ਨੇ ਇਹ ਬਿਆਨ ਪੰਜਾਬ ਦੀ ਧਰਤੀ ਉਪਰ ਆਕੇ ਦਿੱਤਾ ਸੀ ਕਿ ਪੰਜਾਬ ਵਿਚ ਦਸਾਂ ਵਿੱਚੋਂ ਸੱਤ ਲੜਕੇ ਨਸ਼ਾ ਕਰਦੇ ਹਨ ਤਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਸ ਉਪਰ ਇਤਰਾਜ ਕੀਤਾ ਸੀ ਕਿ ਉਸ ਨੇ ਇਹ ਆਂਕੜੇ ਬਹੁਤ ਵਧਾਕੇ ਦੱਸੇ ਹਨ। ਇਸ ਦੇ ਨਾਲ ਕੇਵਲ ਇਕ ਬਵੇਲਾ ਜਿਹਾ ਹੀ ਖ਼ੜਾ ਨਹੀਂ ਸੀ ਹੋਇਆ ਸਗੋਂ ਪੰਜਾਬ ਦੀ ਅਸਲੀਅਤ ਸਾਰੇ ਸੰਸਾਰ ਵਿਚ ਜਗ ਜਾਹਰ ਹੋਈ ਸੀ। ਅਜਿਹੇ ਹੀ ਆਂਕੜੇ ਯੂ ਐਨ ਦੁਆਰਾ ਕਰਵਾਏ ਸਰਵੇ ਨੇ ਵੀ ਦਿੱਤੇ ਹਨ ਜਿਹੜਾ ਸਰਵੇ 'ਇਨਟਰਨੈਸ਼ਨਲ ਕਲਾਸੀਫੀਕੇਸ਼ਨ ਆਫ਼ ਡਜੀਜ਼' ਨੇ ਕੀਤਾ ਸੀ ਉਸ ਨੇ ਕਿਹਾ ਹੈ ਕਿ ਪੰਜਾਬ ਦੇ 73.5% ਨੌਜਵਾਨ ਨਸ਼ਾ ਕਰਦੇ ਹਨ। ਇਨ•ਾਂ ਨਸ਼ੇੜੀਆਂ ਦੀ ਉਮਰ 16 ਸਾਲ ਤੋਂ 40 ਸਾਲ ਦੇ ਵਿਚਕਾਰ ਹੀ ਹੁੰਦੀ ਹੈ। ਪੰਜਾਬ ਵਿਚ ਹਰ ਸਾਲ 29 ਕਰੋੜ ਬੋਤਲਾਂ ਸਰਾਬ ਦੀ ਖਪਤ ਹੋ ਜਾਂਦੀ ਹੈ। ਜਿਹੜੀ ਸੰਸਾਰ ਦੇ ਉਨ•ਾਂ ਦੇਸ਼ਾਂ ਦੇ ਬਰਾਬਰ ਹੈ ਜਿੱਥੇ ਸਭ ਤੋਂ ਵਧ ਮਾਤਰਾ ਵਿਚ ਸ਼ਰਾਬ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਦੇ ਪਿੰਡਾਂ ਦੀ ਹਾਲਤ ਹੀ ਅਸਲ ਵਿਚ ਬਦ ਤੋਂ ਬਦਤਰ ਹੋ ਗਈ ਹੈ ਜਿੱਥੇ 67% ਨੌਜਵਾਨ ਨਸ਼ੇੜੀ ਹਨ। ਪੰਜਾਬ ਦੀ ਵੱਡੀ ਵਸੋਂ ਪਿੰਡਾਂ ਵਿਚ ਰਹਿ ਰਹੀ ਹੈ। ਜਿੱਥੇ ਦੀ ਜਵਾਨੀ ਨੂੰ ਨਸ਼ੇ ਦਾ ਘੁਣ ਲੱਗਿਆ ਹੋਇਆ ਹੈ। ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਹਨ। ਇਸੇ ਸਰਵੇ ਨੇ ਇਹ ਤੱਥ ਵੀ ਪੇਸ਼ ਕੀਤੇ ਹਨ ਕਿ ਦਸ ਵਿੱਚੋਂ ਤਿੰਨ ਕੁੜੀਆਂ ਵੀ ਨਸ਼ੇ ਦੀ ਵਰਤੋਂ ਕਰ ਰਹੀਆਂ ਹਨ। ਕਾਲਜ ਪੜਨ ਵਾਲੇ ਦਸਾਂ ਵਿੱਚੋਂ ਸੱਤ ਵਿਦਿਆਰਥੀ ਨਸ਼ੇੜੀ ਹਨ।
ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਹੈ। ਇਹ ਵਿਸ਼ੇਸਣ ਹੁਣ ਕਾਫੀ ਵਾਰ ਵਰਤਿਆ ਜਾਣ ਕਰਕੇ ਬੇਮਾਇਨੇ ਹੋ ਗਿਆ ਜਾਪਦਾ ਹੈ। ਇਸ ਦੇ ਬੇਮਾਇਨੇ ਹੋਣ ਦਾ ਸ਼ਾਇਦ ਇਕ ਕਾਰਨ ਇਹ ਵੀ ਹੈ ਕਿ ਹੁਣ ਇਹ ਪੰਜਾਬ ਵਿਚ ਵਰਤੇ ਜਾਂਦੇ ਨਸ਼ਿਆਂ ਦੇ ਸੰਦਰਭ ਵਿਚ ਵਰਤਣਾ ਇੱਥੋਂ ਦੀ ਸਥਿਤੀ ਨੂੰ ਮਝਾਕ ਕਰਨ ਦੇ ਬਰਾਬਰ ਹੀ ਹੈ। ਕਿਉਕਿ ਸਥਿਤੀ ਇਸ ਤੋਂ ਕਾਫੀ ਬਦਤਰ ਹੋ ਚੁਕੀ ਹੈ। ਹੁਣ ਜੇ ਇਸ ਸਥਿਤੀ ਦੀ ਤੁਲਣਾ ਕਰਨੀ ਹੋਵੇ ਤਾਂ ਇਹ ਕਿਹਾ ਜਾਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਨਸ਼ਿਆਂ ਦੇ ਸਾਗਰਾਂ ਵਿਚ ਗਰਕ ਹੋ ਰਿਹਾ ਹੈ। ਪੰਜਾਬ ਵਿਚ ਫੈਲੇ ਕੈਂਸਰ ਵਾਂਗ ਇਹ ਵੀ ਇਕ ਤਰ•ਾਂ ਦਾ ਕੈਂਸਰ ਹੀ ਹੈ ਜਿਹੜਾ ਪੰਜਾਬ ਦੀ ਜਵਾਨੀ ਨੂੰ ਲੱਗਾ ਹੋਇਆ ਹੈ ਜਿਸ ਕਰਕੇ ਪੰਜਾਬ ਦੇ ਨੌਜਵਾਨ ਜਿਨ•ਾਂ ਨੇ ਬੁੱਢੇ ਮਾਂ ਬਾਪ ਦਾ ਆਸਰਾ ਬਣਨਾ ਸੀ ਉਹ ਬੁੱਢੇ ਮਾਂ ਬਾਪ ਨੂੰ ਜੀ ਭਰਕੇ ਤੰਗ ਕਰਨ ਤੋਂ ਬਾਦ ਮਾਂ ਬਾਪ ਦਿਆਂ ਮੋਢਿਆਂ ਉਪਰ ਜਿੰਦਗੀ ਦਾ ਆਖਰੀ ਸਫਰ ਤਹਿ ਕਰ ਰਹੇ ਹਨ। ਹਰ ਰੋਜ਼ ਦੇ ਕਲਾ ਕਲੇਸ਼ ਤੋਂ ਤੰਗ ਆਏ ਮਾਪੇ ਸੁੱਖਣਾ ਸੁੱਖ ਸੁੱਖ ਲਏ ਤੇ ਲਾਡਾਂ ਨਾਲ ਪਾਲੇ ਪੁੱਤਰ ਦੀ ਮੌਤ ਮੰਗਦੇ ਮੈਂ ਆਪ ਦੇਖੇ ਹਨ। ਪੁੱਤਰਾਂ ਨੂੰ ਨਸ਼ਿਆਂ ਵਿਚ ਗਰਕਦੇ ਦੇਖਦਿਆਂ ਮਾਂਵਾਂ ਆਪਣੀ ਕਿਸਮਤ ਨੂੰ ਕੋਸਦੀਆਂ ਹਨ। ਪੰਜਾਬ ਦੀ ਇਸ ਤਬਾਹੀ ਉਪਰ ਬਣੀ ਰਾਹੁਲ ਬੋਸ ਦੀ ਫਿਲਮ ' ਅਨਟੋਲਡ ਸਟੋਰੀ ਆਫ ਪੰਜਾਬ ' ਰਾਹੀ ਇਸ ਦੁਖਾਂਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਅੱਜ ਤੋਂ ਵੀਹ ਸਾਲ ਪਹਿਲਾਂ ਇਹ ਨਸ਼ੇ ਕੇਵਲ ਬਾਡਰ ਏਰੀਏ ਦੇ ਪਿੰਡਾਂ ਤੱਕ ਹੀ ਸੀਮਤ ਸਨ। ਪਰ ਹੁਣ ਮਾਝਾ, ਮਾਲਵਾ, ਦੁਆਬਾ ਸਭ ਇਸ ਦੀ ਮਾਰ ਹੇਠ ਹੋਣ ਕਰਕੇ ਕੋਈ ਵੀ ਭੂਗੋਲਿਕ ਹੱਦਾਂ ਇਸ ਲਈ ਬੇਮਾਇਨੇ ਹੋ ਗਈਆਂ ਹਨ। ਇਸ ਵਰਤਾਰੇ ਦਾ ਸਭ ਤੋਂ ਦੁੱਖ ਦਾਇਕ ਪਹਿਲੂ ਇਹ ਹੈ ਕਿ ਨਸ਼ੇੜੀ ਪੁੱਤਰ ਆਪਣੇ ਮਾਪਿਆਂ ਦਾ ਕਤਲ ਕਰ ਰਹੇ ਹਨ। ਕਿਤੇ ਭੈਣ ਵੱਡੀ ਜਾ ਰਹੀ ਹੈ ਕਿਤੇ ਭਰਜਾਈ ਤੇ ਕਿਤੇ ਭਰਾ। ਇਸ ਨਸ਼ੇ ਨੇ ਸਭ ਕਿਸਮ ਦੇ ਰਿਸ਼ਤੇ ਖਤਮ ਕਰ ਦਿੱਤੇ ਹਨ। ਗੁਟਕੇ ,ਖੈਣੀ ਤੋਂ ਲੈਕੇ ਚਰਚ, ਅਫੀਮ, ਹੀਰੋਇਨ ਤੱਕ ਸਭ ਨਸ਼ਿਆਂ ਦੀ ਵਰਤੋਂ ਕਰਨ  ਵਾਲੇ ਇਹ ਨੌਜਵਾਨ ਜਦੋਂ ਨਸ਼ੇ ਦੀ ਤੋਟ ਵਿਚ ਮਰਦੇ ਜਾਂਦੇ ਹਨ ਤਾਂ ਘਰ ਜਾਂ ਗੁਆਢ ਦੀ ਕਹਿੜੀ ਚੀਜ਼ ਚੁੱਕ ਕੇ ਵੇਚਣੀ ਹੈ ਇਸ ਦੀ ਵੀ ਪਰਵਾਹ ਨਹੀਂ ਕਰਦੇ ਜਦੋਂ ਕੋਈ ਵੀ ਦਾਅ ਨਾ ਲੱਗੇ ਤਾਂ ਮੈਡੀਕਲ ਸਟੋਰ ਤੋਂ ਮਿਲਦੀਆਂ ਨਸ਼ੇ ਦੀਆਂ ਦਵਾਈਆਂ ਨਾਲ ਗੁਜਾਰਾ ਕਰਕੇ ਹੀ ਟਇਮ ਸਾਰਨਾ ਪੈਂਦਾ ਹੈ। ਬਹੁਤ ਸਾਰੀਆਂ ਦਵਾਈਆਂ ਦੀਆਂ ਦੁਕਾਨਾ ਅੱਜ ਕੇਵਲ ਤੇ ਕੇਵਲ ਨਸ਼ੇ ਦਾ ਹੀ ਕਾਰੋਬਾਰ ਕਰਦੀਆਂ ਹਨ।
ਭਾਂਵੇ ਅਖ਼ਬਾਰਾਂ ਵਿਚ ਨਸੇਂ ਨਾਲ ਸੰਬੰਧਿਤ ਖਬਰਾਂ ਪ੍ਰਕਾਸ਼ਤ ਹੁੰਦੀਆਂ ਹੀ ਰਹਿੰਦੀਆਂ ਹਨ ਤੇ ਕਦੇ ਕੋਈ ਨਸ਼ੇ ਦਾ ਛੋਟਾ ਮੋਟਾ ਵਿਉਪਰੀ ਫੜਿਆ ਵੀ ਜਾਂਦਾ ਹੈ ਪਰ ਇਹ ਧੰਦਾ ਦਿਨ ਦੁੱਗਣੀ ਰਾਤ ਚੋਗਣੀ ਵਧ ਫੁਲ ਰਿਹਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਧੰਦਾ ਬੇਰੋਕ  ਟੋਕ ਵਧ ਫੁਲ ਰਿਹਾ ਹੈ ਤਾਂ ਵੀ ਗਲਤ ਨਹੀਂ ਹੋਵੇਗਾ। ਜਿਹੜੇ ਲੋਕ ਇਸ ਧੰਦੇ ਨੂੰ ਮੁਨਾਫੇ ਦੇ ਲਈ ਕਰਦੇ ਹਨ। ਉਨ•ਾਂ ਦੀ ਇਹ ਮਜਬੂਰੀ ਹੈ ਕਿ ਉਨ•ਾਂ ਦੇ ਧੰਦੇ ਦੇ ਵਧਣ ਫੁੱਲਣ ਲਈ ਸਰਕਾਰ ਤੇ ਪ੍ਰਸ਼ਾਸਨ ਦੀ ਸਰਪ੍ਰਤਸੀ ਉਨ•ਾਂ ਦੇ ਸਿਰ ਉਪਰ ਹੋਵੇ। ਇਸ ਲਈ ਉਨ•ਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਨ•ਾਂ ਕੋਲ ਲਾਲ ਬੱਤੀ ਵਾਲੀ ਕਾਰ ਹੋਵੇ। ਉਨ•ਾਂ ਦੇ ਅੱਗੇ ਪਿੱਛੇ ਪੁਲਿਸ ਦਾ ਪਹਿਰਾ ਹੋਵੇ ਤੇ ਉੁਹ ਬੇਖੋਫ ਪੰਜਾਬ ਦੀਆਂ ਸੜਕ 'ਤੇ ਤੁਰੇ ਫਿਰਨ। ਸਰਕਾਰੀ ਸਰਪਸਤੀ ਦੇ ਹੇਠ ਇਹ ਧੰਦਾ ਚਾਹੁੰਦਿਆਂ ਨਾ ਚਾਹੁੰਦਿਆਂ ਚੱਲ ਰਿਹਾ ਹੈ। ਪੁਲਿਸ ਤੰਤਰ ਨੂੰ ਭਾਂਵੇ ਇਸ ਦੀ ਭਿਣਕ ਹੋਵੇ ਤੇ ਭਾਂਵੇ ਨਾ ਉਸ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ''ਚੁੱਪ ਦਾ ਦਾਨ ਬਕਸ਼ੇ।'' ਇਹ ਚੁੱਪ ਦਾ ਦਾਨ ਕੇਵਲ ਪੁਲਿਸ ਹੀ ਨਹੀਂ ਬਕਸ਼ਦੀ ਸਗੋਂ ਸਾਰੀ ਸਾਦਸੰਗਤ ਵੀ ਬਕਸ਼ਦੀ ਹੈ। ਕਦੀ ਕਿਸੇ ਵੀ ਧਾਰਮਿਕ ਸਥਾਨ ਤੇ ਧਾਰਮਿਕ ਆਗੂ ਨੇ ਇਸ ਤਰ•ਾਂ ਦਾ ਨਾ ਬਿਆਨ ਹੀ ਦਿੱਤਾ ਤੇ ਨਾ ਹੀ ਹੁਕਮਨਾਮਾ ਦਿੱਤਾ ਜਿਸ ਨਾਲ ਇਹ ਪਤਾ ਚੱਲੇ ਇਹ ਇਹ ਧਾਰਮਿਕ ਸਥਾਨ ਜਾਂ ਧਾਰਮਿਕ ਆਗੂ ਨਸ਼ਿਆਂ ਦੇ ਵਿਰੁਧ ਹੈ। ਇਨ•ਾਂ ਧਾਰਮਿਕ ਤੇ ਰਾਜਸੀ ਆਗੂਆਂ ਦਾ ਚੁੱਪ ਵੱਟਕੇ ਸਰ ਸਕਦਾ ਹੈ ਪਰ ਪੰਜਾਬ ਦੇ ਅਗਾਂਹ ਵਧੂ ਵਰਗ ਨੂੰ ਇਸ ਖਲਾਫ ਅਵਾਜ ਬੁਲੰਦ ਕਰਨੀ ਹੀ ਪਵੇਗੀ।
ਇਕ ਨਸ਼ੇੜੀ ਪੁੱਤਰ  ਦੀ ਬਦਕਿਸਮਤ ਮਾਂ ਆਪਣੇ ਆਪ ਨੂੰ ਕੋਸਦੀ ਹੈ। ਆਪਣੀ ਕਿਸਮਤ ਤੇ ਪਿੱਛਲੇ ਜਨਮਾਂ ਦੇ ਕਰਮਾਂ ਨਾਲ ਇਸ ਦਰਦਨਾਕ ਪੀੜ ਨੂੰ ਬਰਦਾਸ਼ਤ ਕਰਨ ਲਈ ਕਦੇ ਕਿਸੇ ਧਾਰਮਿਕ ਸਥਾਂਨ ਉਪਰ ਜਾਂਦੀ ਹੈ ਤੇ ਕਦੇ ਕਿਸੇ ਦੂਸਰੇ ਉਪਰ। ਉਸ ਦੀ ਸਮਝ ਵਿਚ ਇਹ ਵਰਤਾਰਾ ਨਹੀਂ ਆ ਰਿਹਾ ਕਿ ਉਹ ਕੀ ਕਰੇ? ਉਸ ਦਾ ਇਕਲੋਤਾ ਪੁੱਤਰ ਇਸ ਸਮਾਜਕ ਬਿਮਾਰੀ ਦੀ ਭੇਟਾ ਚੜ ਰਿਹਾ ਹੈ। ਉਸ ਦਾ ਅੰਤ ਨੇੜੇ ਆ ਰਿਹਾ ਹੈ। ਉਸ ਨੂੰ ਜਾਪਦਾ ਹੈ ਕਿ ਸਾਰੀ ਉਮਰ ਦੀ ਮਿਹਨਤ ਨਾਲ ਕਮਾਈ ਧਨ ਦੌਲਤ ਦਾ ਇਕਲੋਤਾ ਵਾਰਸ ਕੁਝ ਗਿਣਤੀ ਦੇ ਮਹੀਨੇ ਹੀ ਬਾਕੀ ਹੈ ਤੇ ਇਸੇ ਲਈ ਉਹ ਸੋਚਦੀ ਹੈ ਕਿ ਇਸ ਦਾ ਵਿਆਹ ਕਰ ਦੇਵੇ ਤਾਂ ਕਿ ਘਰ ਦਾ ਵਾਰਸ ਇਕ ਸਾਲ ਵਿਚ ਜੰਮ ਪਵੇ। ਜਦੇਂ ਮੈਂ ਇਸ ਲੇਖ ਦੇ ਸਬੰਧ ਵਿਚ ਉਸ ਪਰਿਵਾਰ ਨਾਲ ਹਮਦਰਦੀ ਜਤਾ ਰਿਹਾ ਸੀ ਤਾਂਕਿ ਅਸਲੀਅਤ ਦੇ ਨੇੜੇ ਹੋ ਸਕਾ ਤਾਂ ਮਾਂ ਨੇ ਤਰਲੇ ਲੈਂਦਿਆਂ ਕਿਹਾ ਕਿ ਮੈਂ ਆਖਦੀ ਤਾਂ ਆਪਣੀ ਮਰਜੀ ਨਾਲ ਜਿਸ ਵੀ ਜਾਤ, ਧਰਮ ਦੀ  ਕੁੜੀ ਨਾਲ ਵਿਆਹ ਕਰ ਲੈ ਤਾਂ ਇਹ ਮੰਨਦਾ ਹੀ ਨਹੀਂ। ਉਹ ਮੈਨੂੰ ਆਖਦੀ ਹੈ ਕਿ ਮੈਂ ਉਸ ਦੇ ਪੁੱਤਰ ਨੂੰ ਵਿਆਹ ਲਈ ਮਨਾਵਾਂ। ਉਹ ਕਿਸੇ ਗਰੀਬ ਘਰ ਦੀ ਕੁੜੀ ਨਾਲ ਪੁੱਤਰ ਦਾ ਵਿਆਹ ਕਰਕੇ ਜਾਇਦਾਦ ਦਾ ਵਾਰਸ ਚਾਹੰਦੀ ਹੈ। ਮੈਂ ਉਸ ਦੇ ਨਸ਼ੇੜੀ ਪੁੱਤਰ ਨੂੰ ਬੜੇ ਹੀ ਪਿਆਰ ਨਾਲ ਇਕੱਲਿਆਂ ਕਰਕੇ ਵਿਆਹ ਬਾਰੇ ਗੱਲ ਕਰਦਾ ਹਾਂ, ਤਾਂ ਉਹ ਇਕ ਦਰਦਨਾਕ ਕਹਾਣੀ ਬਿਆਨ ਕਰਦਾ ਹੈ। ਜਿਹੜੀ ਕਹਾਣੀ ਮੈਂ ਉਸ ਬਦਕਿਸਮਤ ਮਾਂ ਨਾਲ ਤਾਂ ਸਾਝੀ ਨਹੀਂ ਸੀ ਕਰ ਸਕਿਆ ਪਰ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਉਸ ਨੇ ਮੈਨੂੰ ਦੱਸਿਆਂ ਕਿ ਉਹ ਹੁਣ ਸਰੀਰਕ ਤੋਰ 'ਤੇ ਵਿਆਹ ਦੇ ਕਾਬਲ ਹੀ ਨਹੀਂ ਰਿਹਾ। ਮੈਨੂੰ ਗੱਲ ਅਗਾਂਹ ਨਾ ਕਰਨ ਦੀ ਸ਼ਰਤ 'ਤੇ ਉਸ ਨੇ ਦਰਦ ਨਾਕ ਕਰਾਣੀ ਬਿਆਨ ਕਰਦਿਆਂ ਕਿਹਾ ਕਿ ਇਹ ਗੱਲ ਮਾਂ ਨਾਲ ਨਾ ਕਰਨਾ ਕਿ ਜਦੋਂ ਮੈਂ ਮਹਿਗੇ ਨਸ਼ੇ ਨਹੀਂ ਸੀ ਕਰ ਸਕਦਾ ਉਦੋਂ ਨਸ਼ੇ ਦੇ ਟੀਕੇ ਲਾਕੇ ਨਸ਼ਾ ਪੂਰਾ ਕਰਦਾ ਹਾਂ। ਜਦੋਂ ਬਾਂਹ ਦੀ ਨਾੜ ਵਿਚ ਟੀਕਾ ਲਾਉਂਦਾ ਹਾਂ ਤਾਂ ਇਹ ਨਾੜ ਫੁੱਲ ਜਾਂਦੀ ਹੈ ਮਾਂ ਨੂੰ ਪਤਾ ਲੱਗ ਜਾਂਦਾ। ਮਾਂ ਬਾਂਹ ਦੀ ਮਾਲਸ਼ ਕਰਦੀ ਕਲਪੀ ਰਹਿੰਦੀ ਹੈ ਤੇ ਮੈਨੂੰ ਕੋਸਦੀ ਰਹਿੰਦੀ।  ਇਸ ਲਈ ਕਿ ਮਾਂ ਨੂੰ ਪਤਾ ਨਾ ਲੱਗੇ ਮੈਂ ਟੀਕੇ ਆਪਣੇ ਗੁਪਤ ਅੰਗਾਂ ਦੀਆਂ ਨਾੜਾਂ ਵਿਚ ਲਾਉਂਦਾ ਰਿਹਾ ਹਾਂ। ਉਸ ਦਾ ਵਾਕ ਖਤਮ ਨਹੀਂ ਸੀ ਹੋਇਆ ਕਿ ਉਹ ਫਿਕਰ ਕਰਨ ਲੱਗਾ ਕਿ ਮੈਂ ਉਸ ਦੇ ਮਾਪਿਆਾਂ ਨਾਲ ਇਹ ਗੱਲ ਸਾਂਝੀ ਨਾ ਕਰਾਂ।  ਮੈਂ ਉਸ ਨਾਲ  ਬਚਨ ਨਾ ਤੋੜਨ ਦੀ ਫਿਰ ਕਸਮ ਖਾਦੀ। ਤਾਂ ਉਸ ਨੂੰ ਵਿਸ਼ਵਾਸ ਹੋ ਗਿਆ ਤੇ ਉਹ ਆਖਣ ਲੱਗਾ। ਮੈਂ ਆਪ ਮਰਨਾ ਨਹੀਂ ਚਾਹੁੰਦਾ ਕਦੇ ਕਦੇ ਜਾਪਦਾ ਕਿ ਮੈਂ ਆਪਣੇ ਮਾਪਿਆ ਨੂੰ ਬਹੁਤ ਤੰਗ ਕਰ ਲਿਆ ਹੈ ਇਕ ਕਰਕੇ ਮੈਂ ਮਰ ਹੀ ਜਾਵਾਂ ਤਾਂ ਚੰਗਾ ਹੈ। ਉਸ ਨੇ ਦੱਸਿਆ ਕਿ ਉਹ ਜਿੰਦਗੀ ਮੌਤ ਦੇ ਵਿਚਾਰ ਲਟਕ ਰਿਹਾ ਹੈ।
ਹੁਣ ਉਹ ਮੇਰੇ ਨਾਲ ਸਾਰੀਆਂ ਹੀ ਗੱਲਾਂ ਕਰ ਰਿਹਾ ਸੀ। ਉਹ ਆਪ ਜਾਣਦਾ ਸੀ ਕਿ ਕਿਹੜੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਜਾਣਵਾਲੀਆਂ ਹਨ। ਉਸ ਨੇ ਕਿਹਾ ਕਿ ਮੈਂ ਬਹੁਤ ਸਾਰੇ ਨਸ਼ਾ ਛਡਵਾਉਣ ਵਾਲੇ ਕੇਂਦਰਾਂ ਵਿਚ ਛੇ ਛੇ ਮਹੀਨੇ ਰਹਿ ਚੁੱਕਾ ਹਾਂ ਪਰ ਉੱਥੇ ਉਹ ਸਾਲੇ ਆਪ ਨਸ਼ਾ ਦਿੰਦੇ ਹਨ। ਵੱਡੇ ਘਰਾਂ ਦੇ ਵਿਗੜੇ ਕਾਕਿਆਂ ਨੂੰ ਸੁਧਾਰਨ ਦੇ ਨਾਮ ਉਪਰ ਉਹ ਕਮਾਈ ਦੀਆਂ ਦੁਕਾਨਾ ਖੋਲੀ ਬੈਠੇ ਹਨ। ਮੈਂ ਵੱਖ ਵੱਖ ਕੇਂਦਰਾਂ ਦੇ ਅਨੁਭਵਾਂ ਬਾਰੇ ਗੱਲ ਕਰ ਰਿਹਾ ਸੀ ਤਾਂ ਉਸ ਨੇ ਕਿਹਾ ਕਿ ਫਲਾਨਾ ਕੇਂਦਰ ਨਸ਼ਾ ਤਾਂ ਨਹੀਂ ਦਿੰਦਾ ਪਰ ਉੱਥੇ ਕੱਟਦੇ ਬਹੁਤ ਨੇ ਸਾਲੇ ਮਾਰੀ ਜਾਂਦੇ ਹਨ। ਉਸ ਕੁੱਟ ਤੋਂ ਤਾਂ ਚੱਗਾ ਹੈ ਕਿ ਬੰਦਾ ਮਰ ਹੀ ਜਾਵੇ। ਉਸ ਨੇ ਮੈਨੂੰ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਨਸ਼ਾਂ ਛਡਾਊ ਕੇਂਦਰਾਂ ਵਿਚ ਲੰਮਾਂ ਸਮਾਂ ਰਹਿਣ ਕਰਕੇ ਉਸ ਦੀ ਪਹਿਚਾਨ ਪੰਜਾਬ ਭਰ ਦੇ ਨਸ਼ੀੜਆਂ ਨਾਲ ਹੋ ਗਈ ਹੈ ਇਕ ਕਰਕੇ ਹੁਣ ਉਸ ਨੂੰ ਸਸਤਾ ਨਸ਼ਾ ਮਿਲ ਜਾਂਦਾ ਹੈ ਤੇ ਲੋੜ ਪੈਣ ਤੇ ਉਧਾਰ ਵੀ ਮਿਲ ਜਾਂਦਾ ਹੈ। ਉਸ ਨੇ ਬੇਝਿਜਕ ਕਿਹਾ ਕਿ ਜੇ ਤੁਸੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਰੇ ਕੁਝ ਕਰਨਾ ਹੈ ਤਾਂ ਮੈਂ ਇਸ ਵਿਚ ਤੁਹਾਡੀ ਸਭ ਤੋਂ ਵੱਧ ਮਦਦ ਕਰ ਸਕਦਾ ਹਾਂ। ਮੇਰੇ ਪੁੱਛਣ ਤੇ ਉਸ ਨੇ ਬੇਝਿਜਕ ਕਿਹਾ ਮੈਂ ਦੱਸ ਸਕਦਾ ਹਾਂ ਕਿ ਕਿੱਥੋਂ ਕਿੱਥੇ ਕਿਹੜਾ ਕਿਹੜਾ ਨਸ਼ਾ ਕਿਸ ਕੀਮਤ ਉਪਰ ਮਿਲ ਸਕਦਾ ਹੈ। ਜੇ ਉਨ•ਾਂ ਨੂੰ ਫੜਾ ਸਕਦੇ ਹੋ ਤਾਂ ਅੱਗੇ ਤੋਂ ਇਸ ਨਰਕ ਦਾ ਕੰਮ ਖਤਮ ਹੋ ਸਕਦਾ ਹੈ। ਪਰ ਉਨਾਂ ਵੱਡੇ ਲੋਕਾਂ ਵੱਲ ਤੁਸੀ ਮੂੰਹ ਵੀ ਨਹੀਂ ਕਰ ਸਕਦੇ। ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਸਭ ਤੋਂ ਪਹਿਲੀ ਵਾਰ ਨਸ਼ਾ ਉਸ ਨੇ ਘਰੋਂ ਹੀ ਕੀਤਾ ਸੀ। ਜਦੋਂ ਚੋਣਾ ਦੇ ਦਿਨ ਸਨ ਵੱਖ ਵੱਖ ਕਿਸਮ ਦਾ ਨਸ਼ਾਂ ਵੰਡਣ ਲਈ ਉਨ•ਾਂ ਦੇ  ਘਰ ਵਿਚ ਹੀ ਪਿਆ ਸੀ ਮੈਂ ਸਭ ਦਾ ਸਵਾਦ ਚੱਖਿਆ ਸੀ। ਅਫੀਮ ਡੋਡੇ ਸਰਾਬ ਸਭ ਉਸ ਨੂੰ ਖੁੱਲੇ ਮਿਲ ਗਏ ਸਨ ਜਦੋਂ ਉਹ ਕੇਵਲ ਨੌਵੀ ਜਮਾਤ ਵਿਚ ਹੀ ਪੜਦਾ ਸੀ। ਉਹ ਨਸ਼ੇ ਨੂੰ ਨਫਰਤ ਕਰਦਾ ਹੈ ਪਰ ਨਸ਼ਾ ਛੱਡ ਨਹੀਂ ਸਕਦਾ ਪਰ ਨਸ਼ਾ ਛਡਾਉਣ ਵਾਲੇ ਸਾਰਿਅੰ ਨੂੰ ਵੱਡੀਆਂ ਗਾਲਾਂ ਕੱਢਦਾ ਹੈ ਕਿ ਇਹ ਮੁਨਾਫੇ ਦੀਆਂ ਦੁਕਾਨਾ ਹਨ। ਉਹ ਮੈਨੂੰ ਵੀ ਨਹੀਂ ਬਕਸ਼ਦਾ ਤੇ ਆਖਦਾ ਹੈ ਜਿਵੇਂ ਤਹਾਡੇ ਲਈ ਕੇਵਲ ਇਕ ਲੇਖ ਦਾ ਮਸਾਲਾ। ਮੈਂ ਉਸ ਜਹੀਨ ਬੱਚੇ ਦੇ ਤਿਲ ਤਿਲ ਮਰਨ ਉਪਰ ਕੇਵਲ ਸ਼ਰਮਿੰਦਾ ਹੀ ਹਾਂ ਕੁਝ ਕਰ ਨਹੀਂ ਸਕਦਾ। ਜਿਸ ਦਾ ਬਾਪ ਕਦੇ ਆਪਣੀ ਪਾਰਟੀ ਦੇ ਐਮ.ਐਲ.ਏ ਲਈ ਵੋਟਾਂ ਲੈਣ ਲਈ ਘਰ ਘਰ ਨਸ਼ੇ ਵੰਡਣ ਲਈ ਦਿਨ ਰਾਤ ਇਕ ਕਰ ਰਿਹਾ ਸੀ।

No comments:

Post a Comment