dr t virli

dr t virli

Tuesday 26 March 2013

ਗ਼ਦਰ ਤੋਂ ਗ਼ਦਰ ਦੀ ਅਮਰ ਕਹਾਣੀ ਵਿਚ 21 ਅਪ੍ਰੈਲ ਦਾ ਮਹੱਤਵ

                                                                                             ਡਾ. ਤੇਜਿੰਦਰ ਵਿਰਲੀ 9464797400
1757 ਈ. ਵਿਚ ਪਲਾਸੀ ਦੀ ਲੜਾਈ ਜਿੱਤ ਲੈਣ ਤੋਂ ਬਾਅਦ ਭਾਰਤ ਅੰਦਰ ਈਸਟ ਇੰਡੀਆ ਕੰਪਨੀ ਦੀ ਲੁੱਟ ਦਾ ਬਾਜ਼ਾਰ ਗਰਮ ਹੋ ਗਿਆ। ਅੰਗਰੇਜ਼ ਜਿੱਥੇ ਪੁਰਾਣੇ ਸਮਾਜਕ,ਆਰਥਿਕ ਤੇ ਸਭਿਆਚਾਰਕ ਪ੍ਰਬੰਧ ਨੂੰ ਤੋੜਦੇ ਬਦਲਦੇ ਗਏ, ਉੱਥੇ ਨਵੀਆਂ ਕਦਰਾਂ ਕੀਮਤਾਂ ਵਾਲੇ ਪ੍ਰੰਬੰਧ ਨੂੰ ਆਪਣੇ ਅਨੁਸਾਰ ਸਿਰਜਦੇ ਗਏ। ਇਸ ਮਕਸਦ ਲਈ ਅੰਗਰੇਜ਼ ਨੀਤੀਵਾਨ ਮੈਕਾਲੇ ਨੇ ਜਿੱਥੇ ਅੰਗਰੇਜ਼ੀ ਨੂੰ ਸਿੱਖਿਆ ਤੰਤਰ ਵਿਚ ਲਾਗੂ ਕੀਤਾ ਉਥੇ ਕਰਿਸ਼ਚੀਅਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਭਾਰਤੀ ਸਮਾਜ ਅੰਦਰ ਉਹ ਵਰਗ ਤਿਆਰ ਕਰਨਾ ਆਰੰੰਭ ਕੀਤਾ ਜਿਹੜਾ ਅੰਗਰੇਜ਼ ਦਾ ਅਨੁਸਾਰੀ ਸੀ। 19ਵੀਂ ਸਦੀ ਦੇ ਅੱਧ ਤੱਕ ਈਸਟ ਇੰਡੀਆ ਕੰਪਨੀ ਨੇ ਭਾਰਤ ਅੰਦਰ ਚੱਲ ਰਿਹਾ ਸਾਂਝੀ ਮਾਲਕੀ ਦਾ ਜ਼ਮੀਨੀ ਪ੍ਰਬੰਧ ਬਦਲਣਾ ਸ਼ੁਰੂ ਕਰ ਦਿੱਤਾ। ਭਾਰਤ ਦਾ ਪੁਰਾਤਨ ਦਸਤਕਾਰੀ ਤੇ ਕਾਰਾਗਰੀ ਦਾ ਪੁਰਾਣਾ ਸਦੀਆਂ ਤੋਂ ਚੱਲ ਰਿਹਾ ਪ੍ਰਬੰਧ ਨਵੀਆਂ ਨੀਤੀਆਂ ਦੇ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਗ਼ਰੀਬੀ ਭਾਰਤ ਵਿਚ ਤੇ ਸਰਮਾਇਆ ਇੰਗਲੈਂਡ ਵਿਚ ਜਾਣ ਲੱਗਾ। ਸ਼ੁਰੂ-ਸ਼ੁਰੂ ਵਿਚ ਇਸ ਬਦਲਵੇਂ ਪ੍ਰਬੰਧ ਨੇ ਕਾਰੀਗਰਾਂ ਨੂੰ ਆਪਣੇ ਵੱਲ ਖਿੱਚਿਆ ਪਰ ਬਾਅਦ ਵਿਚ ਇਸ ਤੋਂ ਜਾਨ ਛਡਵਾਉਣੀ ਉਨ•ਾਂ ਲਈ ਬਹੁਤ ਮੁਸ਼ਕਿਲ ਹੋ ਗਈ। ਬਰਤਾਨੀਵੀ ਲੋਕ ਸਭਾ ਦੀ ਸੀਲੈਕਟ ਕਮੇਟੀ ਨੂੰ ਸਰ ਚਾਰਲਸ

ਟਰੈਵੈਲੀਅਨ ਨੇ 1840 ਵਿਚ ਕਿਹਾ, ''ਅਸਾਂ (ਹਿੰਦੀ) ਸਨਅੱਤਕਾਰਾਂ ਨੂੰ ਹੂੰਝ ਸੁੱਟਿਆ ਹੈ। ਹੁਣ ਉਹ ਜ਼ਮੀਨੀ ਪੈਦਾਵਾਰ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਰੱਖਦੇ ।'' ਜੇਕਰ ਭਾਰਤ ਦੀ ਲੁੱਟ ਬਾਰੇ ਉੱਡਦੀ-ਉੱਡਦੀ ਝਾਤੀ ਵੀ ਮਾਰੀ ਜਾਵੇ ਤਾਂ ਪਤਾ ਲੱਗ ਜਾਂਦਾ ਹੈ ਕਿ ਭਾਰਤ ਦੀ ਆਰਥਿਕਤਾ ਦਾ ਦਿਵਾਲਾ ਕਿਵੇਂ ਨਿਕਲਿਆ। ''1813 ਵਿਚ 90 ਲੱਖ ਪੌਂਡ ਕਪਾਹ ਬਰਤਾਨੀਆ ਲਿਜਾਈ ਗਈ, 1844 ਵਿਚ 880 ਲੱਖ ਪੌਂਡ ਤੇ 1914 ਵਿਚ 9630 ਲੱਖ ਪੌਂਡ। ਜਿੱਥੇ 1849 ਵਿਚ ਸਾਢੇ 8 ਲੱਖ ਪੌਂਡ ਤੋਂ ਵੱਧ ਮੁੱਲ ਦਾ ਅਨਾਜ ਵਲੈਤ ਢੋਇਆ ਗਿਆ, ਉੱਥੇ 1901 ਵਿਚ 93 ਲੱਖ ਪੌਂਡ ਦਾ ਤੇ 1914 ਵਿਚ 193 ਲੱਖ ਪੌਂਡ ਦਾ।'' ਲਾਰਡ ਕਰਜ਼ਨ ਨੇ ਕਲਕੱਤੇ ਅੰਗਰੇਜ਼ ਵਪਾਰੀਆਂ ਦੇ ਸਾਲਾਨਾ ਜਲਸੇ ਵਿਚ ਬੋਲਦਿਆਂ ਕਿਹਾ, ''ਰਾਜ ਪ੍ਰਬੰਧ ਤੇ ਲੁੱਟ ਖੋਹ ਕਰਿੰਗੜੀਆਂ ਪਾ ਕੇ ਚੱਲਦੇ ਹਨ।'' ਰਾਜ ਪ੍ਰਬੰਧ ਤੇ ਲੁੱਟ ਦੀ ਕਰਿੰਗੜੀ ਨੇ ਸਮੁੱਚੇ ਭਾਰਤੀਆਂ ਦਾ ਜੀਵਨ ਨਰਕ ਬਣਾਉਣਾ ਸ਼ੁਰੂ ਕਰ ਦਿੱਤਾ।
             ਇਸ ਲੁੱਟ ਦਾ ਹੀ ਨਤੀਜਾ ਸੀ ਕਿ ਭਾਰਤ ਵਿਚ ਇਕ ਤੋਂ ਬਾਅਦ ਇਕ ਕਾਲ਼ ਪੈਂਦੇ ਰਹੇ। 1850 ਤੋਂ 1900 ਤੱਕ ਭਾਰਤ ਵਿਚ ਕੋਈ 25 ਵਾਰ ਕਾਲ਼ ਪਏ ਜਿਸ ਵਿਚ ਕੋਈ ਦੋ ਕਰੋੜ ਲੋਕਾਂ ਦੀਆਂ ਜਾਨਾਂ ਚਲੇ ਗਈਆਂ। ''1881 ਵਿਚ ਪ੍ਰਤੀ ਵਿਅਕਤੀ ਆਮਦਨ ਜਿਹੜੀ 27 ਰੁਪਏ ਸੀ ਉਹ 1899 ਵਿਚ ਘੱਟ ਕੇ 18 ਰੁਪਏ ਰਹਿ ਗਈ।''
         ਇਸੇ ਸਮੇਂ ਭਾਰਤੀਆਂ ਦੀ ਲੁੱਟ ਬਾਰੇ ਅੰਕੜਿਆਂ ਸਹਿਤ ਚਰਚਾ ਸ਼ੁਰੂ ਹੋ ਗਈ। ਸਰਬ ਪ੍ਰਵਾਨਤ ਅੰਕੜੇ 1868 ਵਿਚ ਦਾਦਾ ਭਾਈ ਨਰੌਜੀ ਨੇ ਦਿੱਤੇ।  ਉਨ•ਾਂ ਦੁਆਰਾ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਇਕ ਆਦਮੀ ਦੀ ਔਸਤ ਆਮਦਨ 20 ਰੁ. ਸਲਾਨਾ ਸੀ।  ਉਨ•ਾਂ ਦੀ ਪੁਸਤਕ ''ਹਿੰਦੁਸਤਾਨ ਵਿੱਚ ਗ਼ਰੀਬੀ ਅਤੇ ਅੰਗਰੇਜ਼ੀ ਰਾਜ'' ਨੇ ਭਾਰਤ ਦੀ ਆਰਥਿਕ ਵਿਕਾਸ ਰੇਖਾ ਨੂੰ ਚਰਚਾ ਵਿਚ ਲਿਆਂਦਾ।  ਉਨ•ਾਂ ਤੋਂ ਬਿਨ•ਾਂ ਵਾਡੀਆ ਅਤੇ ਜੋਸ਼ੀ ਵਰਗਿਆਂ ਨੇ ਭਾਰਤੀ ਅਰਥਵਿਵਿਸਥਾ ਦਾ ਇਤਿਹਾਸਕ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ। ਉਸ ਸਮੇਂ ਦੇ ਵਿਸ਼ਵ ਚਿੰਤਕ  ਕਾਮਰੇਡ ਵੀ.ਆਈ. ਲੈਨਿਨ ਨੇ 1908 ਵਿਚ ਲਿਖਿਆ ''ਹਿੰਦੁਸਤਾਨ ਵਿਚ ਉਸ ਲੁੱਟ ਦਾ ਕੋਈ ਅੰਤ ਨਹੀਂ, ਜਿਸ ਨੂੰ ਅੰਗਰੇਜ਼ੀ ਰਾਜ ਆਖਿਆ ਜਾਂਦਾ ਹੈ।'' ਇਸ ਲੁੱਟ ਖਸੁੱਟ ਨੇ ਭਾਰਤ ਦੇ ਹਰ ਕਿਸਮ ਦੇ ਵਸਨੀਕਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ। ਕਿਸਾਨੀ ਕਰਜ਼ਾਈ ਹੋ ਕੇ ਰਹਿ ਗਈ। ਭਾਵੇਂ ਪੰਜਾਬ 'ਤੇ ਅੰਗਰੇਜ਼ ਦਾ ਕਬਜ਼ਾ ਬਾਕੀ ਭਾਰਤ ਨਾਲੋਂ ਬਹੁਤ ਬਾਅਦ (1850) ਵਿਚ ਹੋਇਆ ਪਰ ਟੁੱਟ ਰਹੀ ਆਰਥਿਕਤਾ ਦਾ ਅਸਰ ਇਨ•ਾਂ ਪੰਜਾਬੀਆਂ 'ਤੇ ਵੀ ਪਿਆ। ਕਿਸਾਨਾਂ ਲਈ ਮਾਮਲਾ ਤਾਰਨਾ ਵੀ ਮੁਸ਼ਕਲ ਹੋ ਗਿਆ। ਜ਼ਮੀਨਾਂ ਗਹਿਣੇ ਪਾਉਣ ਦਾ ਰਿਵਾਜ਼ ਪੰਜਾਬ ਵਿਚ ਅੰਗਰੇਜ਼ਾਂ ਦੇ ਆਉਣ ਦੇ ਨਾਲ ਹੀ ਪਿਆ। 1887 ਤੱਕ ਪੰਜਾਬ ਦੀ ਜ਼ਮੀਨ ਦਾ 7% ਹਿੱਸਾ ਗਹਿਣੇ ਪੈ ਚੁੱਕਾ ਸੀ। ਕਰਜ਼ੇ ਦੇ ਜਾਲ 'ਚ ਫ਼ਸੀ ਕਿਸਾਨੀ ਲਈ ਜ਼ਮੀਨਾਂ ਵੇਚਣ ਤੋਂ ਬਿਨ•ਾਂ ਹੋਰ ਕੋਈ ਚਾਰਾ ਵੀ ਨਹੀਂ ਸੀ। 1901 ਤੱਕ 4 ਲੱਖ 13 ਹਜ਼ਾਰ ਏਕੜ ਜ਼ਮੀਨ ਵਿਕ ਗਈ ਸੀ (ਪੰਜਾਬ ਦੀ ਜ਼ਰਾਇਤੀ ਰਿਪੋਰਟ 1924-25 ਨੰਬਰ 62 ਸਫ਼ਾ 355) 
          ਬਦਲੇ ਪ੍ਰਬੰਧ ਨੇ ਹਟਵਾਣੀਆਂ, ਦਲਾਲਾਂ, ਠੇਕੇਦਾਰਾਂ, ਤੇ ਸਨਅਤੀ ਮਜ਼ਦੂਰਾਂ ਦੀ ਇਕ ਨਵੀਂ ਜਮਾਤ ਪੈਦਾ ਕਰ ਦਿੱਤੀ। ਕਿਰਤੀ, ਕਿਸਾਨ ਅਤੇ ਉਨ•ਾਂ 'ਤੇ ਨਿਰਭਰ ਦਸਤਕਾਰ ਭੁੱਖੇ ਮਰਨ ਲਈ ਮਜਬੂਰ ਹੋ ਗਏ। ਪਿੰਡਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ। ਇਸ ਨਾਲ ਪੇਂਡੂ ਲੋਕਾਂ ਦੇ ਮਨਾਂ ਵਿਚ ਅੰਗਰੇਜ਼ਾਂ ਪ੍ਰਤੀ ਘਿਰਣਾ ਪੈਦਾ ਹੋਣੀ ਆਰੰਭ ਹੋ ਗਈ।
ਅੰਗਰੇਜ਼ਾਂ ਨੇ ਪਿੰਡਾਂ ਦੇ ਚੱਲ ਰਹੇ ਪੁਰਾਣੇ ਆਰਥਿਕ ਪ੍ਰਬੰਧ ਨੂੰ ਤੋੜ ਕੇ ਨਵਾਂ ਪ੍ਰਬੰਧ ਸਿਰਜ ਦਿੱਤਾ, ਜਿਹੜਾ ਅੰਗਰੇਜ਼ਾਂ ਦੇ ਅਨੁਸਾਰੀ ਸੀ, ਜਿਸ ਨਾਲ ਲੁੱਟੀ ਪੁੱਟੀ ਗਈ ਭਾਰਤ ਦੀ ਜਨਤਾ ਨੂੰ ਕੋਈ ਰਾਹਤ ਤਾਂ ਕੀ ਮਿਲਣੀ ਸੀ, ਸਗੋਂ ਇਸ ਦੇ ਨਾਲ ਪਿੰਡਾਂ ਵਿਚ ਪੈਦਾ ਕੀਤਾ ਗਿਆ ਅਨਾਜ ਤੇ ਹੋਰ ਵਸਤਾਂ ਸ਼ਹਿਰਾਂ ਤੇ ਕਸਬਿਆਂ ਵਿਚ ਇਕੱਠੀਆਂ ਹੋਣ ਲੱਗੀਆਂ। ਨਵੀਆਂ ਬਣੀਆਂ ਮੰਡੀਆਂ ਤੇ ਰੇਲ ਆਵਾਜਾਈ ਦੀ ਸਹੂਲਤ ਨੇ ਭਾਰਤ ਦੇ ਹਰ ਕਿਰਤੀ, ਕਿਸਾਨ ਤੇ ਦਸਤਕਾਰ ਦੀ ਉਪਜ ਨੂੰ ਸਮੁੰਦਰੀ ਘਾਟਾਂ ਨਾਲ ਜੋੜ ਦਿੱਤਾ। ਜਿੱਥੋਂ ਭਾਰਤ ਦੀ ਉਪਜ ਵਿਦੇਸ਼ਾਂ ਨੂੰ ਸਸਤੇ ਭਾਅ 'ਤੇ ਜਾਣ ਲੱਗੀ। ਇਸ ਨਵੇਂ ਪ੍ਰਬੰਧ ਨੇ ਕਿਰਤੀ ਲੋਕਾਂ ਦਾ ਜੀਵਨ ਪੂਰੀ ਤਰ•ਾਂ ਨਰਕ ਬਣਾ ਦਿੱਤਾ। ਵਪਾਰੀਆਂ ਤੇ ਦਲਾਲਾਂ ਦਾ ਇਕ ਨਵਾਂ ਵਰਗ ਵੀ ਪੈਦਾ ਹੋ ਗਿਆ, ਜਿਸ ਨੇ ਇਸ ਪ੍ਰਬੰਧ ਦੇ ਆਰਥਿਕ ਲਾਭਾਂ ਦਾ ਅਨੰਦ ਮਾਨਣਾ ਸ਼ੁਰੂ ਕੀਤਾ ਸੀ। ਉਹ ਅੰਗਰੇਜ਼ਪ੍ਰਸਤ ਵੀ ਬਣ ਗਏ। ਇਸ ਦੇ ਨਾਲ ਵੱਖਰੀਆਂ ਜਮਾਤਾਂ ਵੀ ਜਿੱਥੇ ਹੋਂਦ ਵਿਚ ਆਉਣ ਲੱਗੀਆਂ, ਉੱਥੇ ਅੰਗਰੇਜ਼ਪ੍ਰਸਤੀ ਦਾ ਅਸਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਦਿਖਾਈ ਦੇਣ ਲੱਗ ਪਿਆ।  ਇਸ ਬਦਲੀ ਆਰਥਿਕ ਹਾਲਤ ਨਾਲ ਜਿੱਥੇ ਰਾਜਸੀ ਲਹਿਰਾਂ ਉੱਠੀਆਂ ਉੱਥੇ ਅੰਗਰੇਜ਼ਪ੍ਰਸਤਾਂ ਦੀ ਜਮਾਤ ਵੀ ਆਪਣੇ ਪ੍ਰਭੂਆਂ ਦੇ ਹਿੱਤਾਂ ਵਿਚ ਡਟਕੇ ਖੜਨ ਲੱਗੀ। ਆਰੀਆ

ਸਮਾਜ, ਅੰਜੁਮਨ ਇਸਲਾਮੀਆਂ ਤੇ ਸਿੰਘ ਸਭਾ ਵਰਗੀਆਂ ਲਹਿਰਾਂ ਭਾਵੇਂ ਆਪੋ ਵਿਚ ਸ਼ਰੀਕਾ ਰੱਖਦੀਆਂ ਰਹੀਆਂ ਪਰ ਆਪਣੇ ਕਾਰਜ ਤੇ ਪ੍ਰਕਾਰਜ਼ ਵਿਚ ਉਹ ਇਕੋ ਹੀ ਕੰਮ ਵੱਖ ਵੱਖ ਖੇਤਰਾਂ ਵਿਚ ਕਰਦੀਆਂ ਰਹੀਆਂ। ਜਿਹੜੀਆਂ ਲਹਿਰਾਂ ਚੱਲੀਆਂ ਵੀ ਉਹਨਾਂ ਦਾ ਆਧਾਰ ਜਾਤੀ ਵੱਧ ਤੇ ਜਮਾਤੀ ਬਿਲਕੁਲ ਵੀ ਨਹੀਂ ਸੀ। ਭਾਂਵੇਂ ਅੰਗਰੇਜਾਂ ਦੇ ਖਿਲਾਫ਼ ਸੰਘਰਸ਼ ਤਾਂ ਉਨ•ਾਂ ਦੇ ਆਉਣ ਨਾਲ ਹੀ ਆਰੰਭ ਹੋ ਗਏ ਸਨ।  ਕੇਰਲ ਵਿਚ ਵੇਲੂ ਥੰਪੀ ਦਲਾਬ ਅਤੇ ਪਜਾਸੀ ਰਾਜਾ ਦੀ ਅਗਵਾਈ ਹੇਠ ਸ਼ੁਰੂ ਹੋਏ ਬਰਤਾਨੀਆਂ ਵਿਰੋਧੀ ਅੰਦੋਲਨ ਵਾਂਗ ਭਾਰਤ ਦੇ ਵੱਖ-ਵੱਖ ਆਦਿਵਾਸੀਆਂ ਨੇ ਵਿਦਰੋਹ ਸ਼ੁਰੂ ਕਰ ਦਿੱਤਾ ਸੀ।  (ਈ.ਐਮ. ਐਸ. ਨਬੁਦਰੀਪਾਦ, ਪੰਨਾ 2) 1857 ਦਾ ਗ਼ਦਰ ਵੀ ਜਥੇਬੰਦਕ ਕੇਂਦਰ ਦੀ ਅਣਹੋਂਦ ਕਰਕੇ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਵੀ ਅਸਫਲ ਹੋ ਗਿਆ ਸੀ ਤੇ ਇਸ  ਤੋਂ ਬਾਅਦ ਕੋਈ ਵੱਡੀ ਲਹਿਰ ਨਾ ਚੱਲੀ ਜਿਹੜੀ ਅੰਗਰੇਜ਼ੀ ਰਾਜ ਨੂੰ ਕੋਈ ਵੱਡਾ ਚੈਲੰਜ ਦੇ ਸਕਣ ਦੇ ਸਮਰੱਥ ਹੁੰਦੀ।
1870 ਦੇ ਲਾਗੇ ਪੰਜਾਬ ਵਿਚ ਚੱਲੀ ਕੂਕਾ ਲਹਿਰ 57 ਤੋਂ ਬਾਅਦ ਚੱਲਣ ਵਾਲੀ ਪਹਿਲੀ ਵੱਡੀ ਲਹਿਰ ਸੀ, ਜਿਸ ਨੇ ਅੰਗਰੇਜ਼ੀ ਹਕੂਮਤ ਦਾ ਪੂਰੀ ਤਰ•ਾਂ ਨਾਲ ਬਾਈਕਾਟ ਕੀਤਾ। ਇਸ ਦੀਆਂ ਵੀ ਕੁਝ ਆਪਣੀਆਂ ਸੀਮਾਵਾਂ ਸਨ। ਜਿਸ ਵਿਚ ਇਹ ਸਿਮਟ ਕੇ ਰਹਿ ਗਈ। ਅੰਗਰੇਜ਼ਾਂ ਨੇ ਵੀ 1857 ਦੇ ਗ਼ਦਰ ਤੋਂ ਵੱਡੇ ਸਬਕ ਲਏ ਸਨ, ਜਿਨ•ਾਂ ਦੇ ਚਲਦਿਆਂ ਉਨਾਂ ਨੇ ਇਸ ਲਹਿਰ ਨੂੰ ਏਨੀ ਬੇਰਹਿਮੀ ਨਾਲ ਕੁਚਲਿਆ ਕਿ ਬਾਅਦ ਵਿਚ ਉੱਠਣ ਵਾਲੀਆਂ ਅੰਗਰੇਜ਼ ਵਿਰੋਧੀ ਲਹਿਰਾਂ ਲਈ ਇਹ ਦਿਲ ਦਹਿਲਾ ਦੇਣ ਵਾਲੀ ਉਦਾਹਰਣ ਬਣ ਗਈ। 
1882 ਵਿਚ ਅੰਗਰੇਜ਼ ਨੀਤੀਵਾਨ ਏ.ਓ. ਹੀਊਮ ਨੇ ਭਾਰਤ ਦੇ ਵੱਖ-ਵੱਖ ਪੁਲਿਸ ਠਾਣਿਆਂ ਦੀ ਗੁਪਤ ਰਿਪੋਰਟ ਦੇਖੀ ਤਾਂ ਉਹ ਦੰਗ ਰਹਿ ਗਿਆ।  ਥਾਂ-ਥਾਂ ਗੁਪਤ ਜਥੇਬੰਦੀਆਂ ਬਰਤਾਨਵੀ ਸ਼ਾਸਨ ਪ੍ਰਬੰਧ ਦਾ ਤਖ਼ਤਾ ਪਲਟਾਉਣ ਲਈ ਲਾਮਬੰਦ  ਹੋ ਰਹੀਂਆਂ ਸਨ।  ਉਸ ਨੇ ਆਪਣੀ ਬੇਚੈਨੀ ਵਾਇਸ ਰਾਏ ਲਾਰਡ ਡਫ਼ਰਿਨ ਨਾਲ ਸ਼ਿਮਲੇ ਦੀ ਮੀਟਿੰਗ ਵਿਚ ਸਾਂਝੀ ਕੀਤੀ।  ਦੋਹਾਂ ਨੇ ਇਹ ਫੈਸਲਾ ਕੀਤਾ ਕਿ ਆਪਣੇ ਕੰਟਰੋਲ ਹੇਠ ਚੱਲਣ ਵਾਲੀ ਇਕ ਰਾਜਸੀ ਪਾਰਟੀ ਪੈਦਾ ਕੀਤੀ ਜਾਵੇ। ਜਿਸ ਦੇ ਸਿੱਟੇ ਵਜੋਂ ਭਾਰਤ ਦੀ ਬਰਤਾਨਵੀ ਹਕੂਮਤ ਨੇ ਭਾਰਤੀ ਲੋਕਾਂ ਦੇ ਜੋਸ਼ ਨੂੰ ਠੰਡਾ ਕਰਨ ਦੇ ਇਰਾਦੇ ਨਾਲ 1885 ਵਿਚ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ। ਅੰਗਰੇਜ਼ ਨੀਤੀਵਾਨ ਏ. ਓ. ਹੀਊਮ ਦਾ ਇਹ ਮਤ ਸੀ ਕਿ ਭਾਰਤ ਦੇ ਲੋਕ ਹਿੰਸਾਤਮਿਕ ਹੋ ਕੇ ਆਪਣੀ ਗੱਲ ਕਰਨ ਦੀ ਥਾਂ ਬਰਤਾਨਵੀ ਸੰਵਿਧਾਨ ਦੀਆਂ ਬੰਧਸ਼ਾਂ ਵਿਚ ਰਹਿਕੇ ਆਪਣੀਆਂ ਮੰਗਾਂ ਮਨਵਾਉਣ ਲਈ ਉਨ•ਾਂ ਕੋਲ ਆਉਣਗੇ। ਇਸ ਨਾਲ ਜਿੱਥੇ ਉਨ•ਾਂ ਦੇ ਵਿਦਰੋਹ ਨੂੰ ਸੇਫਟੀਵਾਲ ਵਾਂਗ ਕਥਾਰਸਿਸ ਦਾ ਮੌਕਾ ਮਿਲੇਗਾ ਉੱਥੇ ਰਾਜਸੀ ਤੌਰ ਤੇ ਸੁਚੇਤ ਲੋਕਾਂ ਦੀ ਇਕ ਪੂਰੀ ਦੀ ਪੂਰੀ ਟੀਮ ਬਰਤਾਨਵੀ ਸ਼ਾਸਕਾਂ ਦੀ ਪਿੱਠ 'ਤੇ ਆਕੇ ਖੜ ਜਾਵੇਗੀ। ਲੋਕ ਵਿਦਰੋਹ ਦਾ ਕਥਾਰਸਿਸ ਕਰਨ ਵਾਲੀ ਕਾਂਗਰਸ ਪਾਰਟੀ ਨੇ ਆਪਣਾ ਕੰਮ ਮਿੱਥੇ ਹੋਏ ਪ੍ਰੋਗਰਾਮ ਦੇ ਅਨੁਸਾਰ ਕਰਨਾ ਸ਼ੁਰੂ ਕਰ ਦਿੱਤਾ । 
ਭਾਰਤ ਦੀ ਮਾੜੀ ਆਰਥਿਕ ਹਾਲਤ ਕਰਕੇ ਭਹੁਤ ਸਾਰੇ ਭਾਰਤੀ ਤੇ ਖਾਸ ਕਰਕੇ ਪੰਜਾਬੀ ਬਦੇਸ਼ਾਂ ਨੂੰ ਜਾਣੇ ਸ਼ੁਰੂ ਹੋ ਗਏ। 19 ਵੀ ਸਦੀ ਦੇ ਪਹਿਲੇ ਦਹਾਕੇ ਵਿਚ ਇਹ ਲੋਕ ਕੈਨੇਡਾ ਅਮਰੀਕਾ ਵੱਲ ਨੂੰ ਚੱਲ ਪਏ। ਉਨ•ਾਂ ਦਿਨਾਂ ਵਿਚ ਕੈਨੇਡਾ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਇੱਥੇ ਭਾਰਤ ਤੋਂ ਆਏ ਕਿਰਤੀ ਕਾਮਿਆਂ ਨੂੰ ਦੋ ਨੰਬਰ ਦੇ ਸ਼ਹਿਰੀ ਵੀ ਨਹੀਂ ਸੀ ਸਮਝਿਆ ਜਾਂਦਾ। ਕੈਨੇਡਾ ਦੀ ਸਰਹੱਦ ਦੇ ਨਾਲ ਲਗਦੇ ਅਮਰੀਕਾ ਦੇ ਸ਼ਹਿਰ ਸਿਆਟਲ ਤੋਂ ਪ੍ਰੋ. ਤਾਰਕਨਾਥ ਦਾਸ ਅਤੇ ਉਨ•ਾਂ ਦੇ ਸਾਥੀ 'ਫਰੀ ਹਿੰਦੋਸਤਾਨ' ਨਾਂ ਦਾ ਇਕ ਇਨਕਲਾਬੀ ਪਰਚਾ ਕੱਢਦੇ ਸਨ। ਕਦੇ ਕਦਾਈਂ ਉਹ ਹਿੰਦੀ, ਪੰਜਾਬੀ, ਉਰਦੂ ਅਤੇ ਮਰਾਠੀ ਵਿਚ ਇਨਕਲਾਬੀ ਸਰਕੂਲਰ ਕੱਢਿਆ ਕਰਦੇ ਸਨ। ਇਹ ਸਰਕੂਲਰ ਅਮਰੀਕਾ ਦੇ ਨਾਲ-ਨਾਲ ਕੈਨੇਡਾ ਦੇ ਹਿੰਦੋਸਤਾਨੀਆਂ ਵਿੱਚ ਵੀ ਵੰਡੇ ਜਾਂਦੇ ਸਨ।  ਤਾਰਕਨਾਥ ਦਾਸ ਇਕ ਬੰਗਾਲੀ ਨੌਜਵਾਨ ਸੀ ਜਿਹੜਾ ਬੰਗਾਲ ਦੀਆਂ ਕ੍ਰਾਂਤੀਕਾਰੀ ਲਹਿਰਾਂ ਤੋਂ ਪ੍ਰਭਾਵਿਤ ਸੀ। 
ਵਿਦੇਸ਼ਾਂ ਵਿੱਚ ਬਰਤਾਨਵੀ ਹਾਕਮਾਂ ਦੇ ਖ਼ਿਲਾਫ਼ ਜਿਹੜੀ ਜਥੇਬੰਦਕ ਲਹਿਰ ਵਿਕਸਤ ਹੋਈ ਉਸ ਵਿੱਚ ਤਾਰਕਨਾਥ ਦਾਸ ਦਾ ਮੋਢੀਆਂ ਵਾਲਾ ਸਥਾਨ ਹੈ। ਜਿਹੜੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ 'ਫਰੀ ਹਿੰਦੋਸਤਾਨ' ਪੜ•ਦੇ ਸਨ ਉਹ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਵੀ ਲੈਣ ਲੱਗ ਪਏ ਸਨ। ''3 ਅਕਤੂਬਰ 1908 ਈ. ਵਿੱਚ ਭਾਰਤ ਦੀ ਬਰਤਾਨਵੀ ਸਰਕਾਰ ਨੇ 'ਫ਼ਰੀ ਹਿੰਦੋਸਤਾਨ' ਦੀ ਭਾਰਤ ਵਿੱਚ ਦਾਖ਼ਲੇ 'ਤੇ ਪਾਬੰਦੀ ਲਾ ਦਿੱਤੀ।'' 
ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਲੱਕੜ ਦੀ ਮਿਲ ਤੇ ਕੰਮ ਕਰਦਿਆਂ ਜਿੱਥੇ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਗਿਆਨ ਹੋਇਆ ਉਥੇ ਆਜ਼ਾਦੀ ਲਈ ਸੰਘਰਸ ਕਰਦੇ ਲੋਕਾਂ ਨਾਲ ਵਾਹ ਵੀ ਪੈਣ ਲੱਗਾ। ਉਸ ਸਮੇਂ ਕੈਨੇਡਾ ਦੇ ਲੋਕ ਭਾਰਤੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਸਨ। ਇਸ ਅਪਮਾਨ ਦਾ ਅਸਲ ਕਾਰਨ ਭਾਰਤ ਦਾ ਗੁਲਾਮ ਹੋਣਾ ਸੀ। ਇਨ•ਾਂ ਮੁਸ਼ਕਲਾਂ ਤੋ ਨਜਾਤ ਪਾਉਣ ਲਈ ' ਫਰੀ ਹਿੰਦੋਸਤਾਨ ' ਹੋਕਾ ਦੇ ਰਿਹਾ ਸੀ
ਉਸ ਸਮੇਂ ਅਮਰੀਕਾ ਦੇ ਭਾਰਤੀਆਂ ਦਾ ਇਕ ਸੱਦਾ ਪੱਤਰ ਕੈਨੇਡਾ ਦੇ ਭਾਰਤੀਆਂ ਨੂੰ ਮਿਲਿਆ। ਅਮਰੀਕਾ ਦੇ ਭਾਰਤੀ ਪ੍ਰਵਾਸੀਆਂ ਦੇ ਮਸਲਿਆਂ ਬਾਰੇ ਇਕ ਅਹਿਮ ਮੀਂਿਟੰਗ ਕੈਲੇਫੋਰਨੀਆਂ ਦੇ ਸ਼ਹਿਰ ਪੋਰਟਲੈਂਡ ਵਿਚ ਕਰਨਾ ਚਾਹੁੰਦੇ ਸਨ। ਇਕੱਤਰਤਾ ਦੋਹਾਂ ਦੇਸ਼ਾਂ ਵਿਚ ਭਾਰਤੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦਾ ਕੋਈ ਪੱਕਾ ਹੱਲ ਤਲਾਸ਼ਣ ਬਾਰੇ ਸੀ । ਇਸ ਇਕੱਤਰਤਾ ਵਿਚ ਬਹੁਤ ਵੱਡੀ ਗਿਣਤੀ ਵਿਚ ਭਾਰਤੀ ਸ਼ਾਮਲ ਹੋਏ। ਇਸ ਇਕੱਤਰਤਾ ਦੀ ਖਾਸੀਅਤ ਇਹ ਸੀ ਕਿ ਇਸ ਵਿਚ ਸ਼ਾਮਲ ਸਾਰੇ ਭਾਰਤੀ ਆਪਣੇ ਧਰਮ, ਜਾਤ, ਤੇ ਫਿਰਕੇ ਤੋਂ ਉਪਰ ਉਠ ਕੇ ਸ਼ਾਮਲ ਹੋਏ ਸਨ। ਵਿਦੇਸ਼ਾਂ ਵਿਚ ਇਸ ਤਰਾਂ ਦੀ ਪਹਿਲਾਂ ਕੋਈ ਇਕੱਤਰਤਾ ਨਹੀਂ ਸੀ ਹੋਈ ਜਿਸ ਵਿਚ ਭਾਰਤੀ ਕੇਵਲ ਭਾਰਤੀ ਬਣ ਕੇ ਹੀ ਜੁੜ ਬੈਠੇ ਹੋਣ। ਇਸੇ ਇਕੱਤਰਤਾ ਨਾਲ ਹੀ ਗ਼ਦਰ ਪਾਰਟੀ ਦਾ ਅਸਲ ਵਿਚ ਮੁੱਢ ਬੱਝਾ ਸੀ। 
ਇਹ ਇਕ ਤਰ•ਾਂ ਨਾਲ ਭਾਰਤੀਆਂ ਦੇ ਸਾਂਝੇ ਮਸਲਿਆਂ ਦੀ ਪਹਿਲੀ ਪ੍ਰਤੀਨਿਧ ਮੀਟਿੰਗ ਸੀ। ਜਿਸ ਵਿਚ ਭਾਰਤ ਦੇ ਪ੍ਰਤੀਨਿਧ ਭਾਗ ਲੈ ਰਹੇ ਸਨ। ਇਸੇ ਮੀਟਿੰਗ ਨੇ ਹੀ ਇਹ ਤਹਿ ਕੀਤਾ ਕਿ ਭਾਰਤੀ ਕੇਵਲ ਆਪਣੀ ਰੋਟੀ ਰੋਜ਼ੀ ਲਈ ਹੀ ਨਹੀਂ ਲੜ• ਰਹੇ ਸਗੋਂ ਆਪਣੀ ਆਨ—ਸ਼ਾਨ ਤੇ ਇੱਜ਼ਤ ਲਈ ਵੀ ਲੜ• ਰਹੇ ਹਨ। ਇਸ ਮੀਟਿੰਗ ਨੇ ਇਹ ਵੀ ਤਹਿ ਕਰ ਲਿਆ ਸੀ ਕਿ ਭਾਰਤੀਆਂ ਦੀ ਇਸ ਦੁਰਦਸ਼ਾ ਦਾ ਇਕ ਕਾਰਨ ਇਨ•ਾਂ ਦੀ ਗੁਲਾਮੀ ਹੈ ਤੇ ਗੁਲਾਮ ਕੌਮਾਂ ਨਾਲ ਹਰ ਥਾਂ ਤੇ ਇਸ ਤਰਾਂ ਦਾ ਦੁਰ ਵਿਹਾਰ ਹੁੰਦਾ ਹੀ ਹੈ। ਕੈਨੇਡਾ ਤੇ ਅਮਰੀਕਾ ਵਿਚ ਭਾਰਤੀਆਂ ਨਾਲ ਥਾਂ ਪਰ ਥਾਂ ਦੁਰਵਿਹਾਰ ਹੁੰਦਾ ਸੀ। ਜਦ ਕੇ ਬਹੁਤੇ ਭਾਰਤੀ ਆਪਣੇ ਆਪ ਨੂੰ ਬੜੇ ਮਾਣ ਨਾਲ ਬਰਤਾਨਵੀ ਪਰਜਾ ਅਖਵਾਉਂਦੇ ਸਨ। ਇਨ•ਾਂ ਵਿਚੱੋਂ ਬਹੁਤਿਆਂ ਕੋਲ ਬਰਤਾਨਵੀ ਸਾਮਰਾਜ ਲਈ ਲੜ•ੀਆਂ ਜੰਗਾਂ 'ਚ ਮਿਲੇ ਬਹਾਦਰੀ ਦੇ ਤਮਗੇ ਸਨ, ਜਿਹੜੇ ਥਾਂ ਪਰ ਥਾਂ ਦਿਖਾਏ ਜਾਂਦੇ ਸਨ ਪਰ ਫਿਰ ਵੀ ਬਰਤਾਨੀਆਂ ਦੀ ਹੀ ਦੂਸਰੀ ਬਸਤੀ ਕੈਨੇਡਾ ਵਿਚ ਉਨ•ਾਂ ਦਾ ਅਪਮਾਨ ਹੁੰਦਾ ਸੀ। ਇਹ ਬਹਾਦਰੀ ਦੇ ਤਮਗੇ ਵੀ ਇੱਥੇ ਹੁੰਦੇ ਅਪਮਾਨ ਨੂੰ ਕੋਈ ਰੋਕ ਨਹੀਂ ਸਨ ਪਾਉਂਦੇ ਸਗੋਂ ਹੋਰ ਅਪਮਾਨ ਕਰਵਾਉਣ ਦਾ ਸਬੱਬ ਬਣਦੇ ਸਨ। ਆਜ਼ਾਦ ਮੁਲਕਾਂ ਦੇ ਲੋਕ ਆਖਦੇ, ''ਜੇ ਇਨ•ੇ ਹੀ ਬਹਾਦਰ ਹੋ ਤਾਂ ਆਪਣਾ ਦੇਸ਼ ਆਜ਼ਾਦ ਕਿਉ ਨਹੀਂ ਕਰਵਾ ਲੈਂਦੇ।'' ਇਹ ਬਹਾਦਰੀ ਦੇ ਤਮਗੇ ਗੋਰੀ ਚਮੜੀ ਵਾਲਿਆਂ ਦੇ ਬਰਾਬਰ ਹੱਕ ਦਿਵਾਉਣ ਵਿਚ ਅਸਮਰਥ ਸਨ। 
ਕੈਨੇਡਾ ਤੇ ਅਮਰੀਕਾ ਦੀ ਸਰਹੱਦ ਤੇ ਕੋਈ ਖਾਸ ਬੰਦਸ਼ਾਂ ਨਹੀਂ ਸਨ। ਲੋਕ ਇਕ ਦੇਸ਼ ਤੋਂ ਦੂਜੇ ਦੇਸ਼ ਨੂੰ ਆਰਾਮ ਨਾਲ ਹੀ ਆ ਜਾ ਸਕਦੇ ਸਨ। ਕੈਨੇਡਾ ਦੀ ਮਾੜੀ ਹਾਲਤ ਤੇ ਬੇਰੁਜ਼ਗਾਰੀ ਦੇ ਆਥਾਹ ਵਾਧੇ ਕਰਕੇ ਬਹੁਤ ਸਾਰੇ ਭਾਰਤੀ ਕੈਨੇਡਾ ਤੋਂ ਅਮਰੀਕਾ ਜਾਣ ਲੱਗੇ। ਅਮਰੀਕਾ ਸੰਸਾਰ ਦਾ ਅਜ਼ਾਦ ਖਿੱਤਾ ਸੀ। ਆਲੂਆਂ ਦੇ ਬਾਦਸ਼ਾਹ ਵਜੋਂ ਮਸ਼ਹੂਰ ਹੋ ਚੁੱਕੇ ਭਾਈ ਜਵਾਲਾ ਸਿੰਘ ਨੇ ਚਿੱਠੀ ਲਿਖ ਕੇ ਭਾਈ ਸੰਤੋਖ ਸਿੰਘ ਨੂੰ ਆਪਣੇ ਕੋਲ ਅਮਰੀਕਾ ਬੁਲਾ ਲਿਆ ਸੀ। ਕਿਉਂਕਿ ਉਹ ਨੌਜਵਾਨਾ ਨੂੰ ਪੜ•ਨ ਲਈ ਵਜ਼ੀਫੇ ਦਿੰਦੇ ਸਨ। ਉਹ ਵਿਦਿਆਰਥੀਆਂ ਦੇ ਮਨਾਂ ਅੰਦਰ ਦੇਸ਼ ਭਗਤੀ ਦੇ ਜਜ਼ਬੇ ਭਰਨ ਦੇ ਉਪਰਾਲੇ ਵੀ ਕਰਦੇ ਰਹਿੰਦੇ ਸਨ। 
ਦਸੰਬਰ 1911 ਨੂੰ ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਤੇ ਭਾਈ ਸੰਤੋਖ ਸਿੰਘ  ਹੁਰਾਂ ਨੇ ਬਾਕੀ ਸਾਥੀਆਂ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ। ਇਸ ਦਿਨ ਦੂਰੋਂ ਨੇੜਿਓ ਸਭ ਹਿੰਦੋਸਤਾਨੀ ਇਕੱਠੇ ਹੋਏ ਇਨ•ਾਂ ਵਿਚ ਹਿੰਦੂ ਮੁਸਲਮਾਨ ਸਭ ਧਰਮਾਂ ਦੇ ਲੋਕ ਹਾਜ਼ਰ ਹੋਏ ਸਨ। ਕੈਲੇਫੋਰਨੀਆਂ ਵਿਚ ਹਿੰਦੋਸਤਾਨੀਆਂ ਦਾ ਇਹ ਪਹਿਲਾ ਏਨਾਂ ਵੱਡਾ ਇਕੱਠ ਸੀ। ਇਹ ਇਕੱਠ ਤਿੰਨ ਦਿਨ ਚੱਲਿਆ ਸੀ। ਪਹਿਲੇ ਦਿਨ ਕੇਵਲ ਧਾਰਮਿਕ ਮਸਲਿਆਂ ਤੇ ਹੀ ਗੱਲ ਬਾਤ ਹੋਈ। ਮਗਰਲੇ ਦੋਵੇਂ ਦਿਨ ਦੇਸ਼ ਦੇ ਅੰਦਰੂਨੀ ਮਸਲਿਆਂ ਬਾਰੇ ਨਿੱਠ ਕੇ ਵਿਚਾਰ ਚਰਚਾ ਹੋਈ। ਇਸ ਦਿਨ ਭਾਰਤ ਤੇ ਭਾਰਤੀਆਂ ਦੇ ਰਾਜਸੀ ਮਸਲਿਆਂ ਬਾਰੇ ਇਕ ਕਮੇਟੀ ਸਰਬਸੰਮਤੀ ਨਾਲ ਬਣਾਈ ਗਈ। ਜਿਸ ਦੇ ਪ੍ਰਧਾਨ ਬਾਬਾ ਜਵਾਲਾ ਸਿੰਘ ਨੂੰ ਬਣਾਇਆ ਗਿਆ ਤੇ ਸਕੱਤਰ ਦੀਆਂ ਜਿੰਮੇਵਾਰੀਆਂ ਨੌਜਵਾਨ ਸੰਤੋਖ ਸਿੰਘ ਨੂੰ ਦਿੱਤੀਆਂ ਗਈਆਂ। ਇਸੇ ਇਕੱਠ ਨੇ ਇਹ ਫੈਸਲਾ ਲਿਆ ਕਿ ਸਮੱਸਿਆਂਵਾਂ ਦੇ ਹੱਲ ਵਾਸਤੇ ਜਿੱਥੇ ਜਥੇਬੰਦੀ ਦੀ ਅਹਿਮ ਲੋੜ ਹੈ ਉੱਥੇ ਭਾਰਤੀਆਂ ਦੇ  ਮਿਲ ਬੈਠਣ ਵਾਸਤੇ ਗੁਰੂਦੁਆਰੇ ਦੀ ਵੀ ਜਰੂਰਤ ਹੈ।  ਸੰਤੋਖ ਸਿੰਘ ਕੈਨੇਡਾ ਵਿਚ ਅਜਿਹੇ ਰਾਜਸੀ ਮਹੱਤਵ ਵਾਲੇ ਗੁਰੂਦੁਆਰੇ ਬਾਰੇ ਜਾਣਦਾ ਸੀ ਕਿ ਉਹ ਗੁਰੂਦੁਆਰਾ ਲਹਿਰ ਉਸਾਰਨ ਵਿਚ ਕਿਵੇਂ ਹਾਂ ਪੱਖੀ ਕੰਮ ਕਰ ਰਿਹਾ ਹੈ। ਇਸ ਮਕਸੱਦ ਲਈ ਸਟਾਕਟਨ ਵਿਖੇ ਇਕ ਗੁਰੂਦੁਆਰਾ ਬਣਾਉਂਣ ਦਾ ਫੈਸਲਾ ਕੀਤਾ ਗਿਆ ਜਿਸ ਦੀ ਜਿੰਮੇਵਾਰੀ ਵੀ ਸੰਤੋਖ ਸਿੰਘ ਨੂੰ ਸੌਪ ਦਿੱਤੀ ਗਈ। ਉਸ ਸਮੇਂ ਅਮਰੀਕਾ ਵਿਚ ਇਸ ਕਿਸਮ ਦੇ ਕਾਰਜ ਕਰਨੇ ਅਸਾਨ ਨਹੀਂ 
ਫਰਵਰੀ 1912 ਦੇ ਅੰਤਲੇ ਦਿਨਾਂ ਵਿਚ ਨੌਜਵਾਨ ਸੰਤੋਖ ਸਿੰਘ, ਜਵਾਲਾ ਸਿੰਘ ਤੇ ਵਿਸਾਖਾ ਸਿੰਘ ਨਾਲ ਰਲ ਕੇ ਇਕ ਇਕੱਤਰਤਾ ਵਿਚ ਗੁਰੂ ਗ੍ਰੰਥ ਸਾਹਿਬ ਮੋਹਰੇ ਖ਼ੜ•ੇ ਹੋਕੇ ਕਸਮ ਖਾਦੀ ''ਅੱਜ ਤੋਂ ਅਸੀਂ ਆਪਣਾ ਜੀਵਨ ਦੇਸ਼ ਵਾਸੀਆਂ ਦੀ ਸੇਵਾ ਤੇ ਭਾਰਤ ਦੀ ਆਜ਼ਾਦੀ ਦੇ ਸੰਗ਼ਰਾਮ ਦੇ ਲੇਖੇ ਲਾਉਂਦਾ ਹਾਂ।  ਅਸੀਂ ਕਸਮ ਖਾਂਦੇ ਹਾਂ ਕਿ ਇਸ ਉੱਚੇ ਸੁੱਚੇ ਮਨੋਰਥ ਲਈ ਆਪਣੀ ਜਾਨ ਵਾਰਨ ਤੋਂ ਵੀ ਝਿਜਕਾਂਗੇ ਨਹੀਂ। ਅਸੀਂ ਆਪਣੀ ਮਾਤਭੂਮੀ ਦੀ ਸੁਤੰਤਰਤਾ ਤੇ ਬਰਾਬਰੀ ਲਈ ਆਪਣੇ ਅੰਤਲੇ ਸਾਹਾਂ ਤੱਕ ਜੂਝਾਗੇ। ਇਹ ਮੇਰੇ ਜੀਵਨ ਦਾ ਮਿਸ਼ਨ ਹੋਵੇਗਾ।'' ਇਸ ਮੀਟਿੰਗ ਨੇ ਕੈਨੇਡਾ ਤੇ ਅਮਰੀਕਾ ਵਿਚ ਵਸਦੇ ਭਾਰਤੀਆਂ ਨੂੰ ਜਿੱਥੇ ਇਕ ਸੂਤਰ ਵਿਚ ਪਰੋਇਆ ਉੱਥੇ ਮਨੋਵਿਗਿਆਨਕ ਤਬਦੀਲੀ ਨੇ ਭਾਰਤੀਆਂ ਨੂੰ ਇਕ ਆਜ਼ਾਦ ਕੌਮ ਵਾਂਗ ਜੀਉਣ ਦਾ ਸੁਪਨਾ ਦਿੱਤਾ। 
ਅਮਰੀਕਾ ਕੈਨੇਡਾ ਵਿਚ ਵਸਦੇ ਭਾਰਤੀਆਂ ਦੀਆਂ ਆਪਣੀਆਂ ਵੀ ਕੁਝ ਸਮੱਸਿਆਵਾਂ ਸਨ। ਜਿਹੜੀਆਂ ਉਨ•ਾਂ ਨੂੰ ਹਰ ਰੋਜ਼ ਬਰਦਾਸ਼ਤ ਕਰਨੀਆਂ ਪੈਂਦੀਆਂ ਸਨ।  ਉਨ•ਾਂ ਨੂੰ ਉੱਥੇ ਜੀਉਂਦੇ ਰਹਿਣ ਲਈ ਜਥੇਬੰਦ ਹੋਣਾ ਹੀ ਪੈਣਾ ਸੀ। ਜਥੇਬੰਦੀ ਦੀ ਲੋੜ ਤੇ ਸਥਿਤੀਆਂ ਦੇ ਵਿਗਿਆਨਕ ਅਧਿਐਨ ਨੇ ਉਨ•ਾਂ ਨੂੰ ਇਸ ਤਰ•ਾਂ ਦੇ ਮਹਾਨ ਕਾਰਜ ਨਾਲ ਜੋੜ ਦਿੱਤਾ।  ਉਸ ਮਹਾਨ ਕਾਰਜ ਵਿਚ ਲੱਗੀਆਂ ਸ਼ਖ਼ਸੀਅਤਾਂ ਵੀ ਮਹਾਨ ਹੋ ਗਈਆਂ।
ਅਮਰੀਕਾ ਦੀ ਮੰਦੀ ਦੇ ਸਮੇਂ ਓਥੋਂ ਦੇ ਰੇਲਵੇ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। ਕੰਪਨੀ ਨੇ ਹਿੰਦੀ ਮਜ਼ਦੂਰਾਂ ਨੂੰ ਭਰਤੀ ਕਰ ਲਿਆ। ਇਹ ਇਕ ਵੱਡਾ ਅੰਤਰ ਵਿਰੋਧ ਸੀ ਜਿਹੜਾ ਹਿੰਦੀ ਮਜ਼ਦੂਰਾਂ ਨੂੰ ਬਰਦਾਸ਼ਤ ਕਰਨਾ ਪਿਆ। ਹਿੰਦੀ ਮਜ਼ਦੂਰਾਂ 'ਤੇ ਹਮਲੇ ਹੋਰ ਤਿੱਖੇ ਹੋ ਗਏ। ਸੰਭਾਵੀ ਟੱਕਰਾਂ ਦੀਆਂ ਸਥਿਤੀਆਂ ਨੇ ਭਾਰਤੀ ਮਜ਼ਦੂਰਾਂ ਨੂੰ ਹਰ ਵਕਤ ਤਿਆਰ ਰਹਿਣ ਲਈ ਜਿੱਥੇ ਹੋਰ ਵੱਖ ਵੱਖ ਉਪਾਅ ਕਰਨ ਲਈ ਸੁਚੇਤ ਕੀਤਾ ਉੱਥੇ ਜਥੇਬੰਧਕ ਤੌਰ 'ਤੇ ਲਾਮਬੰਦ ਹੋਣ ਦਾ ਖਿਆਲ ਵੀ ਇਸੇ ਲੋੜ ਦੀ ਮਜ਼ਬੂਰੀ ਵਿੱਚੋਂ ਹੀ ਨਿੱਕਲਿਆ।
ਅਮਰੀਕਾ ਵਿਚ ਦੋ ਕਿਸਮ ਦੀ ਮਾਨਸਿਕਤਾ ਬਣ ਗਈ। ਇਕ ਤਾਂ ਉਹ ਲੋਕ ਸਨ ਜਿਨਾਂ ਨੇ ਹਿੰਦੋਸਤਾਨੀ ਮਜ਼ਦੂਰਾਂ ਦਾ ਸਾਥ ਦਿੱਤਾ, ਕਿਉਂਕਿ ਇਨਾਂ ਹਿੰਦੋਸਤਾਨੀ ਮਜ਼ਦੂਰਾਂ ਦੇ ਉੱਥੇ ਰਹਿਣ ਨਾਲ ਉਨ•ਾਂ ਨੂੰ ਸਸਤੀ ਲੇਬਰ ਮਿਲਦੀ ਸੀ ਜਿਸ ਨਾਲ ਉਨ•ਾਂ ਨੂੰ ਆਰਥਿਕ ਲਾਭ ਹੁੰਦਾ ਸੀ। ਦੂਸਰੇ ਪਾਸੇ ਉਹ ਸਨ ਜਿਨ•ਾਂ ਦਾ ਇਨਾਂ ਹਿੰਦੋਸਤਾਨੀ ਮਜ਼ਦੂਰਾਂ ਨਾਲ ਹਿੰਸਾਤਮਕ ਯੁੱਧ ਚਲ ਰਿਹਾ ਸੀ। ਇਸ ਦਾ ਵੀ ਕਾਰਨ ੱਿਸੱਧਾ ਹੀ ਸੀ ਕਿ ਇਸ ਅੰਤਰ ਵਿਰੋਧ ਦੇ ਚੱਲਦਿਆਂ ਹਿੰਦੀ ਮਜ਼ਦੂਰ ਸਸਤੀ ਤੋਂ ਸਸਤੀ ਮਜ਼ਦੂਰੀ ਕਰਨ ਲਈ ਤਿਆਰ ਸਨ। ਅਮਰੀਕੀ ਮਜ਼ਦੂਰ ਬੇਰੁਜ਼ਗਾਰ ਹੋ ਗਏ ਸਨ ਤੇ ਇਸਦੇ ਨਾਲ ਹੀ ਮਹਿੰਗਾਈ ਦੇ ਵਧਣ ਦੇ ਬਾਵਜੂਦ ਉਹ ਸਸਤੀ ਤੋਂ ਸਸਤੀ ਲੇਬਰ ਕਰਨ ਲਈ ਤਿਆਰ ਹੋ ਰਹੇ ਸਨ। ਇਸ ਅੰਤਰਵਿਰੋਧ ਕਰਕੇ ਅਮਰੀਕਾ ਦੀ ਮਜ਼ਦੂਰ ਜਮਾਤ ਨਾਲ ਸਾਂਝ ਦੀ ਬਜਾਏ ਸ਼ਰੀਕਾ ਪੈਦਾ ਹੋ ਗਿਆ ਸੀ। ਉਥੋਂ ਦੀ ਸਰਮਾਏਦਾਰ ਜਮਾਤ ਨਾਲ ਸ਼ਰੀਕੇ ਦੀ ਬਜਾਏ ਸਾਂਝ ਪੈਦਾ ਹੋ ਗਈ । ਇਹ ਦੋਨੇ ਹੀ ਉਲਟ ਸਥਿਤੀਆਂ ਸਨ। ਇਨਾਂ ਸਥਿਤੀਆਂ ਦਾ ਦੇਰ ਸਵੇਰ ਨੁਕਸਾਨ ਹੋਣਾ ਹੀ ਸੀ।

ਇਨ•ਾਂ ਉਪਰੋਕਤ ਸਥਿਤੀਆਂ ਵਿਚ ਬਾਬਾ ਸੋਹਣ ਸਿੰਘ ਭਕਨਾ ਵਰਗੇ ਸਮਝਦਾਰ ਭਾਰਤੀਆਂ ਦਾ ਇਹ ਸੋਚਣਾ ਸੀ ਕਿ ਬੁਨਿਆਦੀ ਕਾਰਨਾਂ ਨੂੰ ਫੜਿਆ ਜਾਵੇ ਤੇ ਉਸ ਦੇ ਹੱਲ ਲਈ ਵੀ ਕੁਝ ਕੀਤਾ ਜਾਵੇ। ਬਾਬਾ ਸੋਹਣ ਸਿੰਘ ਭਕਨਾ ਜੀ ਜਿੱਥੇ ਉਮਰ ਵਿਚ ਵੱਡੇ ਸਨ ਉੱਥੇ ਉਨਾਂ ਦਾ ਪਿਛੋਕੜ ਪੰਜਾਬ ਦੀ ਕੂਕਾ ਲਹਿਰ ਦਾ ਹੋਣ ਕਰਕੇ ਉਹ ਕਿਸੇ ਘਟਨਾ ਦੀ ਤਹਿ ਹੇਠ ਕੰਮ ਕਰਦੇ ਨਿਯਮਾਂ ਨੂੰ ਸਮਝਣ ਦੇ ਕਾਬਲ ਸਨ। ਉਨ•ਾਂ ਦਾ ਮਤ ਸੀ ਕਿ ਸਾਨੂੰ ਜਾਤੀ ਭਿੰਨਤਾ ਛੱਡਕੇ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਬਾਬਾ ਜਵਾਲਾ ਸਿੰਘ ਜੀ ਦਾ ਬਾਬਾ ਸੋਹਣ ਸਿੰਘ ਭਕਨਾ ਨਾਲ ਮਿਲਾਪ ਇਕ ਇਤਿਹਾਸਕ ਘਟਨਾ ਬਣ ਗਿਆ। ਸੋ ਇਕ ਸਮਝ ਵਾਲੀ ਜਥੇਬੰਧੀ ਦੀ ਘਾਟ ਤੇ ਇਸ ਲੋੜ ਦੀ ਪੂਰਤੀ ਦੇ ਸਮਰੱਥ ਆਗੂਆਂ ਦੀ ਪਹਿਚਾਣ ਪਹਿਲੀ ਮੀਟਿੰਗ ਤੋਂ ਹੀ ਹੋਣੀ ਆਰੰਭ ਹੋ ਗਈ ਸੀ। ਜਿਹੜੇ ਭਾਰਤੀ ਇਨ•ਾਂ ਸਾਰਿਆਂ ਮਸਲਿਆਂ ਦੀ ਜੜ• ਵਜੋਂ ਭਾਰਤ ਦੇ ਬਸਤੀਵਾਦੀ ਪ੍ਰਬੰਧ ਨੂੰ ਇਸ ਦਾ ਬੁਨਿਆਦੀ ਕਾਰਨ ਸਮਝਦੇ ਸਨ। ਉਨ•ਾਂ ਵਿਚ ਹੋਰਨਾਂ ਦੇ ਨਾਲ ਨੌਜਵਾਨ ਸੰਤੋਖ ਸਿੰਘ ਵੀ ਸੀ ਜਿਨਾਂ ਨੇ ਭਾਰਤੀ ਆਜ਼ਾਦੀ ਨੂੰ ਬੁਨਿਆਦੀ ਲੋੜ ਵਜੋਂ ਚਿਤਰਦਿਆਂ ਕਿਹਾ ਸੀ ਕਿ ਆਜ਼ਾਦ ਕੌਮ ਵਾਲਾ ਸਤਿਕਾਰ ਕੇਵਲ ਆਜ਼ਾਦ ਕੌਮ ਨੂੰ ਹੀ ਮਿਲਦਾ ਹੈ ਇਸ ਕਰਕੇ ਭਾਰਤ ਮਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣਾ ਸਾਡਾ ਪਹਿਲਾ ਕੰਮ ਹੈ। ਸੰਤੋਖ ਸਿੰਘ ਨੇ ਸਪਸ਼ਟ ਕਿਹਾ ਆਜ਼ਾਦ ਕੌਮਾਂ ਹੀ ਸਤਿਕਾਰ ਦੀਆਂ ਹੱਕਦਾਰ ਹੁੰਦੀਆਂ ਹਨ ਤੇ ਬਹਾਦਰ ਕੌਮਾਂ ਆਜ਼ਾਦੀ ਲਈ ਮਰ ਮਿਟਦੀਆਂ ਹਨ ਤੇ ਇਹ ਸਤਿਕਾਰ ਮਰ ਮਰ ਕੇ ਲੈਣਾ ਪੈਂਦਾ ਹੈ।
ਏਥੇ ਜੇ.ਡੀ ਕੁਮਾਰ, ਬਾਬੂ ਹਰਨਾਮ ਸਿੰਘ ਸਾਹਰੀ, ਸ੍ਰੀ ਤਾਰਕਨਾਥ ਦਾਸ, ਸੰਤ ਤੇਜਾ ਸਿੰਘ ਆਦ ਵੀ ਆਪਣਾ ਕੰਮ ਕਰ ਰਹੇ ਸਨ। ਇਨਾਂ ਦਾ ਵੀ ਇਹ ਹੀ ਮਤ ਸੀ ਕਿ ਸਾਡੀਆਂ ਸਾਰੀਆਂ ਸਮੱਸਿਆਂਵਾਂ ਦਾ ਹਲ ਆਜ਼ਾਦੀ ਹੀ ਹੈ ਤੇ ਸਾਡੀਆਂ ਸਮੱਸਿਆਂਵਾਂ ਦੀ ਜੜ• ਬਰਤਾਨਵੀ ਬਸਤੀਵਾਦ ਦੀ ਗੁਲਾਮੀ ਹੈ। ਇਸ ਕਾਰਜ ਲਈ ਕਈ ਅਖ਼ਬਾਰ ਵੀ ਜੀ ਜਾਨ ਨਾਲ ਕੰਮ ਕਰ ਰਹੇ ਸਨ। ਜਿਨਾਂ ਵਿੱਚੋ ਸਵਦੇਸ਼ ਸੇਵਕ, ਪਰਦੇਸ਼ੀ ਖਾਲਸਾ, ਸੰਸਾਰ, ਫਰੀ ਹਿੰਦੋਸਤਾਨ ਵਰਗੀਆਂ ਅਖ਼ਬਾਰਾਂ ਵੀ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਇਕ ਮਤ ਹੋਣ ਤੇ ਹਥਿਆਬੰਦ ਵਿਦਰੋਹ ਕਰਨ ਦਾ ਹੋਕਾ ਦੇ ਰਹੀਂਆਂ ਸਨ। 
ਮਾਰਚ 1913 ਨੂੰ ਅਮਰੀਕਾ ਦੇ ਸ਼ਾਂਤ ਸਾਗਰੀ ਤੱਟ ਤੇ ਭਾਰਤੀ ਆਜ਼ਾਦੀ ਲਈ ਹਿੰਦੀ ਐਸੋਸੀਏਸ਼ਨ ਕਾਇਮ ਕੀਤੀ। ਇਸ ਵੱਡੀ ਮੀਟਿੰਗ ਵਿਚ ਸਾਰੀਆਂ ਇਕਾਈਆਂ ਦੀ ਸਾਂਝੀ ਜਥੇਬੰਦੀ ਬਣਾਕੇ ਉਸ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ ਤੇ ਜਨਰਲ ਸਕੱਤਰ ਲਾਲਾ ਹਰਦਿਆਲ ਨੂੰ ਬਣਾਇਆ ਗਿਆ। 


             ਆਸਟਰੀਆ ਵਿਖੇ 21 ਅਪ੍ਰੇਲ,1913 ਨੂੰ ਹਿੰਦੁਸਤਾਨੀ ਪਰਵਾਸੀਆਂ ਨੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸਿਫ਼ਿਕ ਕੋਸਟ' ਕਾਇਮ ਕਰ ਲਈ ਜੋ ਕੁਝ ਸਮਾਂ ਪਾਕੇ ਹਿੰਦੁਸਤਾਨ ਗ਼ਦਰ ਪਾਰਟੀ ਦੇ ਨਾਮ ਨਾਲ ਜਾਣੀ ਜਾਣ ਲੱਗ ਪਈ। 1913 ਵਿਚ ਕ੍ਰਿਸਮਿਸ ਦੀਆਂ ਛੁੱਟੀਆਂ ਦੌਰਾਨ ਇਸ ਐਸੋਸੀਏਸ਼ਨ ਦੇ ਕਰਤਾ—ਧਰਤਾ ਭਾਈ ਸੋਹਣ ਸਿੰਘ ਭਕਨਾ (ਪ੍ਰਧਾਨ), ਲਾਲਾ ਹਰਦਿਆਲ ( ਜਨਰਲ ਸਕੱਤਰ ) ਅਤੇ ਪੰਡਿਤ ਕਾਂਸ਼ੀ ਰਾਮ ਮੜੌਲੀ ( ਖਜ਼ਾਨਚੀ ) ਆਦਿ ਨੇ ਸੈਕਰਾਮੈਂਟੋ ਵਿਖੇ ਮੀਟਿੰਗ ਕਰਕੇ ਭਾਈ ਸੰਤੋਖ ਸਿੰਘ ਜੀ ਨੂੰ ਗ਼ਦਰ ਪਾਰਟੀ ਦੇ ਐਗਜ਼ਿਕਟਿਵ ਮੈਂਬਰ ਵਜੋਂ ਇਸ ਵਿਚ ਸ਼ਾਮਲ ਕਰ ਲਿਆ।
        ਲਾਲਾ ਹਰਦਿਆਲ ਦੀ ਅਗਵਾਈ ਹੇਠ 1 ਨਵੰਬਰ 1913 ਨੂੰ ਗ਼ਦਰ ਅਖਬਾਰ ਛਾਪਣਾ ਸ਼ੁਰੂ ਕੀਤਾ ਜੋ ਪਹਿਲਾਂ ਉਰਦੂ ਵਿਚ ਤੇ ਬਾਅਦ ਵਿਚ ਪੰਜਾਬੀ ਜੁਬਾਨ ਵਿਚ ਵੀ ਕੱਢਿਆ ਗਿਆ। ਇਹ ਹਫ਼ਤਾਵਾਰੀ ਅਖਬਾਰ ਸੀ ਜਿਹੜਾ ਐਸੋਸੀਏਸਨ ਦਾ ਕ੍ਰਾਂਤੀਕਾਰੀ ਸੁਨੇਹਾ ਲੈਕੇ ਘਰ ਘਰ ਜਾਣ ਲੱਗਿਆ। ਇਹ ਅਖਬਾਰ ਇਕ ਤਰ•ਾਂ ਦਾ ਇਨਕਲਾਬੀ ਹਥਿਆਰ ਹੀ ਸੀ । 
ਇਸੇ ਕਰਕੇ ਐਸੋਸੀਏਸਨ ਦਾ ਨਾਮ ਵੀ ਲੋਕਾਂ ਨੇ ਅਖਬਾਰ ਦੇ ਨਾਮ ਤੋਂ ਗ਼ਦਰ ਹੀ ਪਾ ਦਿੱਤਾ। ਗ਼ਦਰ ਕਰਨ ਵਾਲਿਆਂ ਲਈ ਗ਼ਦਰੀ ਸ਼ਬਦ ਦਾ ਪ੍ਰਯੋਗ ਹੋਣ ਲੱਗਾ। ਇਹ ਨਾਮ ਸਰਕਾਰ ਨੂੰ ਵੀ ਪਸੰਦ ਸੀ ਕਿਉਂਕਿ ਸਰਕਾਰ ਵੀ ਇਨ•ਾਂ ਨੂੰ ਹਕੂਮਤ ਦੇ ਖਿਲਾਫ ਗ਼ਦਰ ਕਰਨ ਵਾਲੇ ਨਾਂਹਵਾਚੀ ਵਿਸ਼ੇਸ਼ਣ ਦੇ ਤੌਰ ਤੇ ਵਰਤਣਾ ਚਾਹੁੰਦੀ ਸੀ। ਇਕੋ ਸ਼ਬਦ ਜੋ ਹਕੁਮਤ ਲਈ ਨਾਂਹਵਾਚੀ ਸੀ ਉਹ ਭਾਰਤ ਵਾਸੀਆਂ ਲਈ ਮਾਣ ਸਨਮਾਨ ਦਾ ਚਿੰਨ ਬਣ ਗਿਆ ਤੇ ਭਾਰਤ ਮਾਂ ਦੇ ਇਹ ਸਪੂਤ ਗ਼ਦਰੀ ਨਾਮ ਹੇਠ ਸਾਰੇ ਸੰਸਾਰ ਦੇ ਕੋਨੇ ਕੋਨੇ ਵਿਚ ਜਾਣੇ ਗਏ। ਇਹ ਅਖਬਾਰ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵਿਚ ਇਕ ਦਮ ਹਰਮਨ ਪਿਆਰਾ ਹੋ ਗਿਆ। ਅਖ਼ਬਾਰ ਵਿੱਚ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਸੀ, ਉਹ ਸਮਾਂ ਆਉਣ ਤੱਕ ਦੇਸ਼ ਨੂੰ ਬਗ਼ਾਵਤ ਲਈ ਤਿਆਰ ਕੀਤਾ ਜਾਏ, ਅਤੇ ਉਹ ਸਮਾਂ ਜਲਦੀ ਹੀ ਆਉਣ ਵਾਲਾ ਹੈ 'ਜਦੋਂ ਰਾਈਫ਼ਲ ਅਤੇ ਖੂਨ ਨੂੰ ਕਲਮ ਅਤੇ ਸਿਆਹੀ ਵਜੋਂ ਵਰਤਿਆ ਜਾਵੇਗਾ, ਅਤੇ ਅੰਗਰੇਜ਼ ਰਾਜ ਤਬਾਹ ਕਰ ਦਿੱਤਾ ਜਾਏਗਾ।
ਗ਼ਦਰ ਅਖ਼ਬਾਰ ਦਾ ਪੱਕਾ ਕਾਲਮ ਸੀ: ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ।  ਇਸ ਵਿਚ ਹਮੇਸ਼ਾ 14 ਨੁਕਤੇ ਹੁੰਦੇ ਸਨ, ਜਿਹੜੇ ਪਹਿਲੇ ਸਫ਼ੇ ਉਤੇ ਛਾਪੇ ਹੁੰਦੇ ਸਨ।  ਆਖ਼ਰੀ ਨੁਕਤਾ ਹੁੰਦਾ ਸੀ - 1857 ਦੇ ਗ਼ਦਰ ਨੂੰ 56 ਸਾਲ ਹੋ ਚੁੱਕੇ ਹਨ, ਹੁਣ ਦੂਜੇ ਗ਼ਦਰ ਦੀ ਲੋੜ ਹੈ।  ਇੱਕ ਹੋਰ ਬਕਾਇਦਾ ਫੀਚਰ ਸੀ 'ਅੰਕੋਂ ਕੀ ਗਵਾਹੀ'।  ਇਸ ਵਿੱਚ ਭਾਰਤ ਵਿਚ ਬਰਤਾਨਵੀ ਲੁੱਟ-ਖਸੁੱਟ ਦੇ ਮਾਰੂ ਸਿੱਟਿਆਂ ਨੂੰ ਉਘਾੜਿਆ ਗਿਆ ਹੁੰਦਾ ਸੀ।  ਬਰਤਾਨਵੀ ਰਾਜ ਨੂੰ ਕੌਮ ਲਈ ਇਕ ਫੋੜਾ,ਂ ਪਲੇਗ ਦਸਿਆ ਗਿਆ ਹੁੰਦਾ ।  ਇਹ ਲਿਖਿਆ ਜਾਂਦਾ ਕਿ ਜਦੋਂ ਤੱਕ ਇਸ ਨੀਚ, ਦੁਸ਼ਟ ਸਰਕਾਰ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ।
ਭਾਰਤੀਆਂ ਨੂੰ ਅਕਸਰ ਹੀ ਜ਼ੋਰ ਦੇ ਕੇ ਕਿਹਾ ਜਾਂਦਾ ਸੀ ਕਿ ਉਹ ਜਾਗਣ, ਢਿੱਲਾਪਣ ਅਤੇ ਆਰਜ਼ੀ ਆਰਾਮ ਛੱਡਣ ਅਤੇ ਤਨ, ਮਨ ਅਤੇ ਧਨ ਨਾਲ ਆਪਣੇ ਦੇਸ਼ ਦੀ ਸੇਵਾ ਕਰਨ।  ਪਹਿਲੇ ਅੰਕ ਦੇ ਹੀ ਇਕ ਲੇਖ ਵਿੱਚ ਲਿਖਿਆ ਗਿਆ ਸੀ:
ਮੇਰੇ ਯੋਧਿਓ!  ਓ ਸ਼ੇਰੋ!  ਓ ਬਹਾਦਰੋ!  ਹੋਸ਼ ਵਿਚ ਆਓ!  ਕਿੰਨੀ ਦੇਰ ਸੌਂਦੇ ਰਹੋਗੇ?  ਕਦੋਂ ਤੱਕ ਤੁਸੀਂ ਦੂਜਿਆਂ ਦੇ ਛਿੱਤਰ ਖਾਣ ਲਈ ਤਿਆਰ ਰਹੋਗੇ ਅਤੇ ਉਹਨਾਂ ਦੇ ਜ਼ੁਲਮਾਂ ਨੂੰ ਬਰਦਾਸ਼ਤ ਕਰਦੇ ਰਹੋਗੇ।
ਐ ਹਿੰਦੁਸਤਾਨ ਦੇ ਨੌਜਵਾਨੋ, ਆਪਣੇ ਵੱਲ ਦੇਖੋ, ਗੁਲਾਮੀ ਨੇ ਤੁਹਾਨੂੰ ਜਿਊਂਦੇ ਜਾਗਦੇ ਪਿੰਜਰ ਬਣਾ ਛਡਿਆ ਹੈ।  ਇਸ ਨੇ ਤੁਹਾਡਾ ਮਾਸ ਚੂੰਢ ਲਿਆ ਹੈ ਅਤੇ ਸਿਰਫ਼ ਹੱਡੀਆਂ ਰਹਿਣ ਦਿੱਤੀਆਂ ਹਨ।  ਸ਼ਰਮ ਕਰੋ!  ਸ਼ਰਮ ਕਰੋ!  ਸ਼ਰਮ ਕਰੋ!  ਜਾਗੋ ਐ ਸ਼ੇਰੋ!  ਜਾਗੋ!
ਜਾਗੋ, ਐ ਸ਼ੇਰੋ! ਹਿੰਮਤ ਕਰੋ।  ਆਪਣੇ ਦੇਸ਼ ਦੀ ਸੇਵਾ ਕਰੋ ਅਤੇ ਆਪਣਾ ਫਰਜ਼ ਨਿਭਾਓ।  ਦੁਸ਼ਮਣ ਤੁਹਾਨੂੰ ਖਾਈ ਜਾ ਰਿਹਾ ਹੈ।  ਉਸ ਨੂੰ ਮਾਰ ਮਾਰ ਕੇ ਆਪਣੇ ਦੇਸ਼ ਤੋਂ ਬਾਹਰ ਕੱਢ ਦਿਓ।  ਆਓ, ਬਹਾਦਰੋ! ਆਓ ਨਾਨਾ ਸਾਹਿਬ ਅਤੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਬਦਲਾ ਲੈਣ ਲਈ ਇਕਮੁੱਠ ਹੋ ਜਾਓ।  ਜਾਗੋ... ਮੈਂ ਤੁਹਾਨੂੰ ਪੁਕਾਰ ਰਿਹਾ ਹਾਂ।  ਜਾਗੋ!... ਆਪਣੇ ਵਡੇਰਿਆਂ ਦੀ ਇੱਜ਼ਤ ਸੰਭਾਲੋ।  ਆਪਣੇ ਆਪ ਨੂੰ ਸਿੰਘਾਂ, ਖਾਨਾਂ ਅਤੇ ਰਾਜਪੂਤਾਂ ਦੇ ਯੋਗ ਸਪੁੱਤਰ ਸਿੱਧ ਕਰੋ।... ਜੇ ਤੁਸੀਂ ਹੁਣ ਹਿੰਮਤ ਨਹੀਂ ਕਰਦੇ, ਤਾਂ ਮਗਰੋਂ ਤੁਹਾਨੂੰ ਆਪਣੇ ਹੱਥ ਮਲਣੇ ਪੈਣਗੇ।  ਇਹ ਮੌਕਾ ਤੁਹਾਡੇ ਹੱਥ ਮੁੜ ਕੇ ਨਹੀਂ ਆਏਗਾ।  ਇਸ ਲਈ ਮੇਰੀ ਆਖਰੀ ਸਲਾਹ ਤੁਹਾਨੂੰ ਇਹੀ ਹੈ!  ਉਠੋ, ਕਮਰ-ਕੱਸੇ ਕਰੋ। ਉਠੋ।  ਇਹ ਢਿੱਲ-ਮੱਠ ਦਾ ਸਮਾਂ ਨਹੀਂ।(ਡਾ. ਹਰੀਸ਼ ਕੇ. ਪੁਰੀ, ਗ਼ਦਰ ਲਹਿਰ, ਪੰਨਾ 32)
1857 ਦੇ ਗ਼ਦਰ ਨੂੰ ਮੁਕੰਮਲ ਕਰਨ ਦਾ ਸੁਪਨਾ ਗ਼ਦਰੀ ਸੂਰਬੀਰਾਂ ਨੇ ਲਿਆ ਸੀ।  ਇਨ•ੇ ਲੰਮੇ ਸਮੇਂ ਬਾਅਦ ਗ਼ਦਰ ਦੀ ਉਹੀ ਗੂੰਜ ਅੰਗਰੇਜ਼ਾਂ ਦੇ ਕੰਨਾਂ ਵਿਚ ਪੈਣੀ ਸ਼ੁਰੂ ਹੋ ਗਈ ਸੀ ਜਿਸ ਅਸਫ਼ਲ ਗ਼ਦਰ ਤੋਂ ਬਾਦ ਅੰਗਰੇਜ਼ਾਂ ਨੇ ਸੋਚਿਆ ਸੀ ਕਿ ਹੁਣ ਕੋਈ ਆਵਾਜ਼ ਨਹੀਂ ਉੱਠੇਗੀ ਉਨ•ੰ ਦੇ ਕੰਨਾਂ ਵਿਚ ਗ਼ਦਰ ਦੀ ਉਹ ਹੀ ਆਵਾਜ਼ ਪੈਣ ਲੱਗ ਪਈ। ਸ਼ਹੀਦ ਮੰਗਲ ਪਾਂਡਾ ਕਦ ਕਰਤਾਰ ਸਰਾਭਾ ਬਣ ਕੇ ਉਠ ਪਵੇਗਾ ਇਸ ਦੀ ਭਣਿਕ ਅੰਗਰੇਜ਼ਾਂ ਨੂੰ ਨਹੀਂ ਸੀ। ਇਕ ਗ਼ਦਰ ਤੋਂ ਦੂਜੇ ਗ਼ਦਰ ਦੀ ਅਮੁੱਕ ਕਹਾਣੀ ਨੇ ਇਕ ਸਦੀ ਦਾ ਸਫਰ 21 ਅਪ੍ਰੈਲ ਨੂੰ ਤਹਿ ਕਰ ਲਿਆ ਹੈ ਪਰਕ ਗ਼ਦਰ ਅਜੇ ਵੀ ਜਾਰੀ ਹੈ। 

No comments:

Post a Comment