dr t virli

dr t virli

Sunday 3 March 2013

ਜਲ੍ਹਿਆਂ ਵਾਲੇ ਬਾਗ ਦੇ ਸ਼ਰਮਨਾਕ ਕਾਰੇ ਦੇ ਕਾਤਲਾਂ ਨੂੰ ਸਨਮਾਨਿਤ ਕਰਨ ਵਾਲੇ ਕਦੋਂ ਮੁਆਫ਼ੀ ਮੰਗਣਗੇ?


ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਆਪਣੀ ਭਾਰਤ ਯਾਤਰਾ ਦੇ ਦੌਰਾਨ ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ 'ਚ ਰੂਹਾਨੀਅਤ ਦੇ ਕੇਂਦਰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਦਰਸ਼ਨ ਕੀਤੇ। ਇਸ ਤੋਂ ਬਾਦ ਉਹ ਜਲ੍ਹਿਆਂ ਵਾਲੇ ਬਾਗ 'ਚ ਗਏ, ਜਿੱਥੇ ਉਨ੍ਹਾਂ ਨੇ ਬਰਤਾਨਵੀ ਰਾਜ ਦੀ ਬਰਬਰਤਾ ਦੇ ਸ਼ਰਮਨਾਕ ਕਾਰੇ ਬਾਰੇ ਸੋਚਿਆ ਤੇ ਮਹਿਸੂਸ ਵੀ ਕੀਤਾ। ਇਹ ਕਾਰਾ ਲੱਗਭਗ ਇਕ ਸਦੀ ਪਹਿਲਾਂ ਡਾਇਰ ਨੇ ਉਸ ਸਮੇਂ ਦੇ ਗਵਰਨਰ ਉਡਵਾਇਰ ਦੀ ਅਗਵਾਈ ਹੇਠ ਕੀਤਾ ਸੀ। ਜਿਸ 'ਚ ਨਿਰਦੋਸ਼ ਤੇ ਨਿਹੱਥੇ ਭਾਰਤੀਆਂ ਦੀਆਂ ਜਾਨਾਂ ਦੀ ਬਲੀ ਲੈ ਕੇ ਹਾਕਮ ਬੇਸ਼ਰਮ ਹਾਸਾ ਹੱਸਿਆ ਸੀ। ਭਾਰਤ ਦੀ ਆਜ਼ਾਦੀ ਦੇ ਇਤਿਹਾਸ 'ਚ ਇਸ ਸ਼ਰਮਨਾਕ ਕਾਰੇ ਦਾ ਆਪਣਾ ਇਕ ਥਾਂ ਹੈ, ਜਿਸ ਦੇ ਦੋ ਪਹਿਲੂ ਹਨ। ਇਕ ਸ਼ਰਮਨਾਕ ਹੈ ਅਤੇ ਦੂਸਰਾ ਸ਼ਾਨਾਮੱਤਾ। ਜਿਸ ਬਾਰੇ ਕੌਮਾਂ ਪੀੜੀਆਂ ਤੱਕ ਮਾਣ ਕਰਦੀਆਂ ਰਹਿਣਗੀਆਂ ਤੇ ਦੂਸਰਾ ਜਿਸ ਬਾਰੇ ਸੁਣਕੇ ਤੇ ਸੋਚ ਕੇ ਕੌਮਾਂ ਸ਼ਰਮਸਾਰ ਹੁੰਦੀਆਂ ਰਹਿਣਗੀਆਂ।


ਡੇਵਿਡ ਕੈਮਰਨ ਦੀ ਇਹ ਅੰਮ੍ਰਿਤਸਰ ਫੇਰੀ ਵਪਾਰਕ ਸੀ। ਜਿਸ ਫੇਰੀ ਦੇ ਤਹਿਤ ਉਸ ਨੇ ਬਾਸਮਤੀ ਬਣਾਉਣ ਵਾਲੀ ਇੱਕ ਕੰਪਨੀ ਨਾਲ ਵਪਾਰਕ ਸਮਝੌਤਾ ਕਰਨਾ ਸੀ, ਜਿਹੜਾ ਕੀਤਾ ਵੀ ਗਿਆ। ਇਸ ਵਪਾਰਕ ਫੇਰੀ ਨੇ ਹੀ ਉਸ ਨੂੰ ਜਲ੍ਹਿਆਂਵਾਲਾ ਬਾਗ 'ਚ ਜਾਣ ਲਈ ਸਬੱਬ ਮਹੱਈਆ ਕੀਤਾ ਸੀ। ਜਿਸ ਸਬੱਬ ਦੇ ਚਲਦੇ ਉਹ ਆਪਣੇ ਰਾਜ ਦੇ ਇਕ ਸਦੀ ਪੁਰਾਣੇ ਕਾਰੇ ਦੇ ਰੂ-ਬ-ਰੂ ਹੋਇਆ। ਜਦੋਂ ਉਸ ਨੂੰ ਇਸ ਕਾਰੇ ਬਾਰੇ ਦੱਸਿਆ ਗਿਆ ਕਿ ਡਾਇਰ ਆਪਣੇ ਹਥਿਆਰਬੰਦ ਸਾਥੀਆਂ ਦੇ ਨਾਲ ਇਕੋ ਇਕ ਰਸਤੇ 'ਚ ਖੜ ਗਿਆ ਤੇ ਉਸ ਨੇ ਉਦੋਂ ਤੱਕ ਅੰਨੇਵਾਹ ਗੋਲੀਆਂ ਚਲਾਈਆਂ ਜਦੋਂ ਤੱਕ ਲੋਕ ਮਰ ਨਹੀਂ ਗਏ ਤੇ ਜਾਂ ਗੋਲੀਆਂ ਖਤਮ ਨਹੀਂ ਹੋ ਗਈਆਂ। ਇਸ ਤਬਾਹੀ ਵਾਲੇ ਹਕੂਮਤੀ ਕਾਰੇ ਨੇ ਸਾਰੇ ਸੰਸਾਰ ਨੂੰ ਹਲਾ ਕੇ ਰੱਖ ਦਿੱਤਾ ਸੀ। ਦੁਨੀਆਂ ਦੇ ਜਮਹੂਰੀ ਦੇਸ਼ ਅਮਰੀਕਾ 'ਚ ਇਸ ਦੇ ਖਿਲਾਫ਼ ਅਮਰੀਕੀ ਲੋਕ ਐਗਨਸ ਸਮੇਡਲੇ ਦੀ ਅਗਵਾਈ ਹੇਠ ਲੋਕ ਸੜਕਾਂ ਉੱਪਰ ਨਿਕਲੇ ਸਨ। ਇਸੇ ਤਰ੍ਹਾਂ ਹੀ ਦੁਨੀਆਂ ਦੇ ਪਹਿਲੇ ਸਮਾਜਵਾਦੀ ਦੇਸ਼ ਰੂਸ ਦੀ ਸਰਕਾਰ ਦੇ ਮੁੱਖੀ ਕਾਮਰੇਡ ਵੀ. ਆਈ. ਲੈਨਿਨ ਨੇ ਵੀ ਇਸ ਕਾਰੇ ਦੀ ਨਿਖੇਧੀ ਕਰਦੇ ਬਿਆਨ ਦਿੱਤੇ ਸਨ। ਇਹ ਸਾਰਾ ਕੁਝ ਭਾਰਤੀ ਲੋਕਾਂ ਦੇ ਦਰਦ ਨੂੰ ਵੰਡਾਉਣ ਲਈ ਹੋਇਆ ਸੀ। ਜਿਸ ਦੇ ਖਿਲਾਫ਼ ਭਾਰਤ 'ਚ ਵੀ ਲੋਕ ਰੋਹ ਪੈਦਾ ਹੋਇਆ ਸੀ ਜਿਸ ਨੂੰ ਦਬਾਉਣ ਲਈ ਮਾਰਸ਼ਲ ਲਾਅ ਦਾ ਕਾਲਾ ਕਾਨੂੰਨ ਲਾਗੂ ਕਰਕੇ ਲੋਕਾਂ ਨੂੰ ਮਜਬੂਰ ਕੀਤਾ ਗਿਆ ਸੀ ਇਕ ਉਹ ਇਸ ਦਰਦ ਨੂੰ ਚੁੱਪ ਚਪੀਤੇ ਪੀ ਜਾਣ। ਜਿਵੇਂ ਮਹਾਤਮਾਂ ਗਾਂਧੀ ਨੇ ਪੀਤਾ ਸੀ। ਇਸੇ ਦੇ ਵਿਰੋਧ 'ਚ ਸਰ ਰਾਵਿੰਦਰ ਨਾਥ ਟਗੋਰ ਨੇ ਬਰਤਾਨਵੀ ਰਾਜ ਵੱਲੋਂ ਮਿਲੀ 'ਸਰ' ਦੀ ਉਪਾਧੀ ਬਰਤਾਨਵੀ ਹਕੂਮਤ ਨੂੰ ਵਾਪਸ ਕਰ ਦਿੱਤੀ ਸੀ। ਜਦੋਂਕਿ ਇਸ ਖੂਨ ਦਾ ਬਦਲਾ ਖੂਨ 'ਚ ਲੈਣ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਲਾਹੌਰ ਦੇ ਸਕੂਲ ਤੋਂ ਇਸ ਬਾਗ 'ਚ ਜਾ ਕੇ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਮਿੱਟੀ ਆਪਣੇ ਕੋਲ ਸਾਂਭ ਲਈ ਸੀ। ਇਸ ਬਰਬਰ ਕਾਰੇ ਨੇ ਬਾਲੜੇ ਊਧਮ ਸਿੰਘ ਨੂੰ ਰਾਮ ਮਹੁੰਮਦ ਸਿੰਘ ਆਜ਼ਾਦ ਬਣਨ ਦੇ ਕਠਨ ਰਾਹ ਤੋਰ ਦਿੱਤਾ ਸੀ। ਜਦੋਂ ਲੋਕ ਭਰੇ ਪੀਤੇ ਫਿਰ ਰਹੇ ਸਨ ਤਾਂ ਉਸ ਸਮੇਂ ਹਕੂਮਤ ਪ੍ਰਸਤ ਆਗੂਆਂ ਨੇ ਸਾਰੀ ਕੌਮ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਕਰਦਿਆਂ ਡਾਇਰ ਤੇ ਉਡਵਾਇਰ ਨੂੰ ਵੱਖ ਵੱਖ ਥਾਂਵਾਂ ਉਪਰ ਮਹੀਨੇ ਦੇ ਅੰਦਰ ਅੰਦਰ ਸਨਮਾਨਿਤ ਕਰਕੇ ਇਕ ਸ਼ਰਮਨਾਕ ਇਤਿਹਾਸ ਦੇ ਨਾਲ ਇਕ ਹੋਰ ਸ਼ਰਮਨਾਕ ਕਾਰਾ ਵੀ ਜੋੜ ਦਿੱਤਾ ਸੀ। ਜਿਹੜਾ ਸਦਾ ਹੀ ਸਾਡੀ ਕੌਮ ਨੂੰ ਸ਼ਰਮਸਾਰ ਕਰਦਾઠਰਹੇਗਾ ਜਦੋਂ ਜਦੋਂ ਵੀ ਜਲ੍ਹਿਆਂ ਵਾਲੇ ਬਾਗ ਦੀ ਗੱਲ ਚੱਲੇਗੀ, ਇਹ ਸ਼ਰਮਸਾਰੀ ਸਾਹਮਣੇ ਆਉਂਦੀ ਰਹੇਗੀ।

ਜਦੋਂ ਬਰਤਾਨਵੀ ਰਾਜ ਦਾ ਮੁੱਖੀ ਡੇਵਿਡ ਕੈਮਰਨ ਉਸ ਸਮੇਂ ਨੂੰ ਦੇਖ ਰਿਹਾ ਸੀ, ਉਸ ਸਮੇਂ ਉਹ ਉਸ ਦਰਦ ਨੂੰ ਮਹਿਸੂਸ ਕਰ ਰਿਹਾ ਸੀ ਜਿਹੜਾ ਬੇਕਾਸੂਰਾਂ ਨੇ ਜ਼ਾਲਮ ਪੰਜਿਆਂ 'ਚ ਅੰਤਮ ਸਮੇਂ ਮਹਿਸੂਸ ਕੀਤਾ ਹੋਵੇਗਾ। ਉਸ ਖ਼ੂਨੀ ਖੂਹ ਨੂੰ ਦੇਖ ਕੇ ਜਾਂ ਉਸ ਇਕੋ ਇਕ ਰਸਤੇ ਨੂੰ ਦੇਖ ਕੇ ਉਸ ਦੇ ਮਨ ਨੇ ਇਹ ਮਹਿਸੂਸ ਕੀਤਾ, ਜਿਸ ਦੀ ਵੇਦਨਾ ਨੂੰ ਉਹ ਯਾਤਰੂ ਪੁਸਤਕઠ'ਚ ਅੰਕਤ ਕਰਨੋਂ ਨਾ ਰਹਿ ਸਕਿਆ। ਉਸ ਨੇ ਲਿਖਿਆ 'ਜਲ੍ਹਿਆਂਵਾਲਾ ਬਾਗ ਦੀ ਘਟਨਾ ਬਰਤਾਨਵੀ ਇਤਿਹਾਸ 'ਚ ਸ਼ਰਮਨਾਕ ਘਟਨਾ ਸੀ ਇਸ ਘਟਨਾ ਨੂੰ ਭੁਲਣਾ ਨਹੀਂ ਚਾਹੀਦਾ ਉੱਥੇ ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਯੂਕੇ ਦੁਨੀਆਂ ਭਰ 'ਚ ਹੁੰਦੇ ਸ਼ਾਂਤ ਮਈ ਪ੍ਰਦਰਸ਼ਨਾਂ ਦਾ ਹਮਾਇਤੀ ਹੈ।' ਇਹ ਉਹ ਭਾਵੁਕ ਪਲ ਸਨ ਜਿਹੜੇ ਇਕ ਵਧੀਆ ਮਨੁੱਖ ਹੋਣ ਦੀ ਹੈਸੀਅਤ 'ਚ ਡੇਵਿਡ ਕੈਮਰਨ ਨੇ ਯਾਤਰੂ ਪੁਸਤਕ 'ਚ ਦਰਜ਼ ਕੀਤੇ ਪਰ ਇਕ ਰਾਜ ਦੇ ਮੁੱਖੀ ਦੀ ਹੈਸੀਅਤ 'ਚ ਡੇਵਿਡ ਕੈਮਰਨ ਨੇ ਇਕ ਸਦੀ ਪਹਿਲਾਂ ਕੀਤੇ ਇਸ ਅਪਰਾਧ ਦੀ ਨਾ ਤਾਂ ਮੁਆਫ਼ੀ ਹੀ ਮੰਗੀ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਟਿੱਪਣੀ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਕੋਲ ਦਰਜ਼ ਹੀ ਕਰਵਾਈ। ਜਿਨ੍ਹਾਂ ਕੁ ਦਰਦ ਉਹ ਇਸ ਬਾਗ ਨੂੰ ਦੇਖ ਕੇ ਮਹਿਸੂਸ ਕਰ ਸਕਿਆ ਉਸ ਲਈ ਵੀ ਦੇਸ਼ ਭਗਤ ਯਾਦਗਰ ਕਮੇਟੀ ਤੇ ਉਹ ਸਮੂਹ ਨੌਜਵਾਨ ਜਥੇਬੰਦੀਆਂ ਹੀ ਵਧਾਈ ਦੀਆਂ ਹੱਕਦਾਰ ਹਨ ਜਿਨ੍ਹਾਂ ਨੇ ਭਾਰਤ ਦੀ ਸਰਕਾਰ ਨੂੰ ਮਜਬੂਰ ਕੀਤਾ ਸੀ ਕਿ ਉਹ ਇਸ ਇਤਿਹਾਸਕ ਘਟਨਾ ਸਥਲ ਦਾ ਰੂਪ ਪਰਿਵਰਤਨ ਨਾ ਕਰੇ। ਜਦਕਿ ਭਾਰਤ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਇਸ ਨੂੰ ਬਦਲਣ ਲਈ ਯਤਨਸ਼ੀਲ ਹੀ ਨਹੀਂ ਸਗੋਂ ਪੱਬਾਂ ਭਾਰ ਹੋਈ ਪਈ ਸੀ। ਜਿਸ ਦੇ ਤਹਿਤ ਉਸ ਚਾਰ-ਪੰਜ ਫੁੱਟ ਦੇ ਰਸਤੇ ਨੂੰ ਤੋੜਕੇ ਖੁੱਲ੍ਹਾ ਕਰਨਾ ਤੇ ਸੈਰਗਾਹ ਵਜੋਂ ਇਸ ਦਾ ਪੁਨਰਨਿਰਮਾਣ ਕਰਨਾ ਸ਼ਾਮਲ ਸੀ। ਅੱਜ ਜੇ ਇਹ ਸਥਾਨ ਖੁੱਲ੍ਹੇ ਰਸਤਿਆਂ ਵਾਲਾ ਇਕ ਸੈਰਗਾਹ ਬਣ ਗਿਆ ਹੁੰਦਾ ਤਾਂ ਸ਼ਾਇਦ ਡੇਵਿਡ ਕੈਮਰੂਨ ਇਸ ਤਰ੍ਹਾਂ ਨਾ ਤਾਂ ਮਹਿਸੂਸ ਹੀ ਕਰਦਾ ਅਤੇ ਨਾ ਹੀ ਯਾਤਰੂ ਪੁਸਤਕ 'ਚ ਇਹ ਸਤਰਾਂ ਹੀ ਲਿਖਦਾ। ਜਿਨ੍ਹਾਂ ਸਤਰਾਂ ਨੇ ਭਾਰਤੀਆਂ ਦੇ ਦਿਲਾਂ ਉਪਰ ਜੇ ਮਲੱਮ ਦਾ ਕੰਮ ਨਹੀਂ ਕੀਤਾ ਤਾਂ ਘੱਟੋ ਘੱਟ ਟਕੋਰ ਦਾ ਕੰਮ ਤਾਂ ਕੀਤਾ ਹੀ ਹੈ।

ਇਸ ਘਟਨਾ ਨੇ ਅੱਜ ਸਾਰੇ ਬਿਰਤਾਂਤ ਨੂੰ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸੰਵੇਦਨਸ਼ੀਲ ਲੋਕ ਇਸ ਬਾਰੇ ਸੋਚਣ ਲੱਗ ਪਏ ਹਨ। ਖ਼ੋਜੀ ਇਸ ਬਾਰੇ ਇਤਿਹਾਸਕ ਤੱਥ ਬਿਆਨ ਕਰਨ ਲੱਗ ਪਏ ਹਨ। ਜਿਨ੍ਹਾਂ 'ਚ ਇਹ ਵੀ ਹੈ ਕਿ ਡਾਇਰ ਨਾਲ ਜਲੰਧਰ ਤੋਂ ਗਏ ਪੁਲਿਸ ਮੁਲਾਜ਼ਮਾਂ 'ਚ 150 ਦੇ ਕਰੀਬ ਆਇਰਸ਼ ਸਿਪਾਹੀ ਵੀ ਸਨ ਜਿਨ੍ਹਾਂ ਨੇ ਇਸ ਸ਼ਰਮਨਾਕ ਕਾਰੇ ਦੌਰਾਨ ਡਾਇਰ ਦੇ ਹੁਕਮ 'ਤੇ ਭਾਰਤੀਆਂ ਉੱਪਰ ਗੋਲੀਆਂ ਦਾ ਮੀਂਹ ਵਰ੍ਹਾਇਆ ਸੀ। ਐਪਰ ਭਾਰਤ ਦੇ ਗ਼ਦਰੀ ਸੂਰਬੀਰਾਂ ਦੀ ਅਮਰੀਕਾ 'ਚ ਆਇਰਸ਼ ਇਨਕਲਾਬੀਆਂ ਨਾਲ ਸਾਂਝ ਦੀ ਬਦੌਲਤ ਆਇਰਸ਼ ਆਗੂ ਡੀ ਵਲੇਰਾ ਨੇ ਇਕ ਬਿਆਨ 'ਚ ਕਿਹਾ ਸੀ ਕਿ ਇਹ 'ਆਇਰਸ਼ ਸਿਪਾਹੀਆਂ ਦਾ ਸ਼ਰਮਨਾਕ ਕਾਰਾ ਹੈ ਭਾਰਤੀਆਂ ਦੇ ਖ਼ੂਨ ਦੇ ਦਾਗ ਹੁਣ ਮੇਰੇ ਅਇਰਸ਼ ਖ਼ੂਨ ਦੇ ਨਾਲ ਹੀ ਧੋਤੇ ਜਾ ਸਕਦੇ ਹਨ ਕਿਉਂਕਿ ਇਹ ਭਾਰਤੀ ਵੀ ਆਇਰਸ਼ ਲੋਕਾਂ ਵਾਂਗ ਹੀ ਅੰਗਰੇਜ਼ਾਂ ਦੇ ਗ਼ੁਲਾਮ ਹਨ।' ਉਸ ਨੇ ਇਹ ਵੀ ਕਿਹਾ ਸੀ ਕਿ ਮੈਂ ਆਇਰਸ਼ ਸਿਪਾਹੀਆਂ ਨੂੰ ਆਪਣੇ ਵਾਂਗ ਗੁਲਾਮ ਕੌਮ ਉਪਰ ਜੁਲਮ ਨਾ ਕਰਨ ਲਈ ਅਪੀਲ ਕਰਦਾ ਹਾਂ ਉਸ ਨੇ ਆਪਣੇ ਬਿਆਨ 'ਚ ਕਿਹਾ ਸੀ ਇਕ ਆਇਰਸ਼ ਇਨਕਲਾਬੀ ਹੋਣ ਕਰਕੇ ਭਾਰਤ ਦੇ ਇਨਕਲਾਬੀਆਂ ਤੋਂ ਸ਼ਰਮਸ਼ਾਰ ਹਾਂ। ਇਸ ਬਿਆਨ ਨੂੰ ਪੜ੍ਹਕੇ ਇਸ ਕਾਰੇ 'ਚ ਸ਼ਾਮਲ ਉਹ ਆਇਰਸ਼ ਸਿਪਾਹੀ ਏਨੇ ਸ਼ਰਮਸ਼ਾਰ ਹੋਏ ਸਨ ਕਿ ਉਨ੍ਹਾਂ 'ਚੋਂ ਸਵਾ ਸੌ ਨੇ ਬਰਤਾਨਵੀ ਹਕੂਮਤ ਦੇ ਖ਼ਿਲਾਫ ਬਗਾਵਤ ਕਰ ਦਿੱਤੀ ਸੀ ਪਰ ਛੇਤੀ ਹੀ ਫੜੇ ਜਾਣ 'ਤੇ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਪੰਜਾਬੀਆਂ ਦੇ ਖ਼ੂਨ ਦੇ ਧੱਬੇ ਧੋਣ ਲਈ ਆਇਰਸ਼ ਸਿਪਾਹੀਆਂ ਦਾ ਖ਼ੂਨ ਕਾਫੀ ਨਹੀਂ ਸੀ ਤੇ ਸ਼ਾਇਦ ਇਸੇ ਲਈ ਹੀ ਊਧਮ ਸਿੰਘ ਨੂੰ ਖ਼ੂਨ ਦਾ ਬਦਲਾ ਖੂਨ 'ਚ ਲੈਣ ਲਈ ਇੰਗਲੈਂਡ ਜਾਣਾ ਪਿਆ ਤੇ ਉਹ ਉਡਵਾਇਰ ਨੂੰ ਮਾਰ ਕੇ ਹੀ ਸ਼ਾਂਤ ਹੋਇਆ।

ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ਇਸ ਫੇਰੀ ਸਮੇਂ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ ਨੇ ਇਸ ਕਿਸਮ ਦੀ ਮੰਗ ਵੀ ਨਹੀਂ ਕੀਤੀ ਕਿ ਇਸ ਸ਼ਰਮਨਾਕ ਕਾਰੇ ਬਾਰੇ ਬਰਤਾਨਵੀ ਪ੍ਰਧਾਨ ਮੰਤਰੀ ਦੀ ਹੈਸੀਅਤ 'ਚ ਉਹ ਕੋਈ ਬਿਆਨ ਦੇਣ ਅਤੇ ਭਾਰਤੀਆਂ ਤੋਂ ਇਕ ਸਦੀ ਪਹਿਲਾਂ ਕੀਤੀ ਗਲਤੀ ਦੀ ਮੁਆਫ਼ੀ ਮੰਗਣ। ਇਸ ਨੂੰ ਸ਼ਾਇਦ ਅਜੇ ਹੋਰ ਸਮਾਂ ਲੱਗੇ ਪਰ ਉਹ ਦਿਨ ਜ਼ਰੂਰ ਆਏਗਾ ਜਦੋਂ ਨਾ ਕੇਵਲ ਬਰਤਾਨਵੀ ਹਕੂਮਤ ਮੁਆਫ਼ੀ ਮੰਗੇਗੀ ਸਗੋਂ ਉਸ ਸ਼ਰਮਨਾਕ ਕਾਰੇ ਦੇ ਕਾਤਲਾਂ ਨੂੰ ਸਨਮਾਨਿਤ ਕਰਨ ਵਾਲਿਆਂ ਦੇ ਵਾਰਸ ਵੀ ਆਪਣੇ ਪੁਰਖਿਆ ਦੇ ਗੁਨਾਹ ਲਈ ਸ਼ਰਮਸ਼ਾਰ ਹੁੰਦੇ ਹੋਏ ਮੁਆਫ਼ੀ ਮੰਗਣਗੇ। ਇਸ ਵੱਡੇ ਕੰਮ ਲਈ ਇਕ ਸਦੀ ਜਾਂ ਦੋ ਸਦੀਆਂ ਕੋਈ ਵੱਡਾ ਸਮਾਂ ਨਹੀਂ ਹੋਇਆ ਕਰਦਾ, ਭਵਿੱਖ 'ਚ ਉਹ ਦਿਨ ਜ਼ਰੂਰ ਆਵੇਗਾ।
-ਡਾ. ਤੇਜਿੰਦਰ ਵਿਰਲੀ
            94647-97400      
(ਲੇਖਕ ਚਲੰਤ ਮਾਮਲਿਆਂ ਦੇ ਮਾਹਿਰ ਹਨ)

No comments:

Post a Comment