dr t virli

dr t virli

Wednesday 3 July 2013

ਭਾਜਪਾ ਦਾ ਮੋਦੀਕਰਨ ਤੇ ਚੋਣਾ 2014

ਡਾ. ਤੇਜਿੰਦਰ ਵਿਰਲੀ 9464797400
ਮੋਦੀ ਨੂੰ ਪ੍ਰਧਾਨ ਮੰਤਰੀ ਬਣਦਾ ਦੇਖਣ ਦੇ ਸੁਪਨੇ ਲੈਂਦੀ ਆਰ ਐਸ ਐਸ ਤੇ ਭਾਜਪਾ ਇਕ ਤੋਂ ਬਾਦ ਦੂਸਰੇ ਸਕੰਟਾਂ ਵਿਚ ਘਿਰਦੀ ਜਾ ਰਹੀ ਹੈ। ਪਹਿਲਾਂ ਤਾਂ ਪਾਰਟੀ ਦੇ ਦਰ ਹੀ ਮੋਦੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਹਜ਼ਮ ਨਹੀਂ ਸੀ ਹੋ ਰਿਹਾ ਤੇ
ਹੁਣ ਇਹ ਬਦਹਜ਼ਮੀ ਐਨਡੀਏ ਨੂੰ ਵੀ ਹੋਣ ਲੱਗ ਪਈ ਹੈ। ਬਿਹਾਰ ਵਿੱਚੋਂ ਇਸ ਕਿਸਮ ਦੀਆਂ ਸੁਰਾਂ ਪਹਿਲਾਂ ਹੀ ਉੱਠਣੀਆਂ ਸ਼ੁਰੂ ਹੋ ਗਈਆਂ ਸਨ। ਕਾਂਗਰਸ ਇਸ ਸਾਰੇ ਵਰਤਾਰੇ ਨੂੰ ਬੜੀ ਹੀ ਖੁਸ਼ੀ ਦੇ ਨਾਲ ਦੇਖ ਰਹੀ ਹੈ। ਸ਼ਰੀਕ ਦੇ ਘਰ ’ਚ ਲੱਗੀ ਘਰੇਲੂ ਜੰਗ ਨੇ ਸਾਰੇ ਹੀ ਯੂਪੀਏ ਦੇ ਹਮਦਰਦਾਂ ਨੂੰ ਇਕ ਵਾਰੀ ਤਾਂ ਖੁਸ਼ ਕਰ ਦਿੱਤਾ ਹੈ। ਇਹ ਖੁਸੀ ਕਿਸ ਪਾਸੇ ਵੱਲ ਮੁੜਦੀ ਹੈ? ਐਨਡੀਏ ਦਾ ਕੀ ਬਣਦਾ ਹੈ? ਤੀਜਾ ਬਦਲ ਕੀ ਹੋ ਸਕਦਾ ਹੈ? ਬੀਜੇਪੀ ਦਾ ਮੋਦੀਕਰਨ ਇਸ ਨੂੰ ਕਿਸ ਪਾਸੇ ਲੈ ਕੇ ਜਾਵੇਗਾ? ਇਸ ਕਿਸਮ ਦੇ ਸਵਾਲ ਹਰ ਇਕ ਦੇ ਮਨਾਂ ਵਿਚ ਪੈਦਾ ਹੋ ਰਹੇ ਹਨ। ਜਿਹੜੇ ਪੈਦਾ ਹੋਣੇ ਕੁਦਰਤੀ ਵੀ ਸਨ। ਪਰ ਇਸ ਦੇ ਨਾਲ ਹੀ ਇਕ ਚਿੰਤਾ ਵੀ ਉੱਭਰਵੇਂ ਰੂਪ ਵਿਚ ਜਾਹਰ ਹੋਣ ਲੱਗ ਪਈ ਹੈ। ਕਿ ਭਾਰਤੀ ਸਮਾਜ ਦੀ ਜਾਤੀ ਦੇ ਆਧਾਰ ’ਤੇ ਪੱਕੀ ਵੰਡ ਹੀ ਨਾ ਹੋ ਜਾਵੇ। ਜਿਸ ਤਰ੍ਹਾਂ ਦੀ ਵੰਡ ਭਾਜਪਾ ਤੋਂ ਬਿਨਾਂ ਹੋਰ ਰਾਜਸੀ ਧਿਰਾਂ ਵੀ ਹੋਈ ਦੇਖਣੀ ਚਾਹੁੰਦੀਆਂ ਹਨ। ਇਸੇ ਡਰ ਵਿੱਚੋਂ ਹੀ ਕਾਂਗਰਸ ਨੂੰ ਖੱਬੀਆਂ ਧਿਰਾਂ ਦੀ ਮਦਦ ਮਿਲਦੀ ਹੈ। ਇਤਿਹਾਸ ਗਵਾਹ ਹੈ ਕਿ ਜੋਂ ਬੀਤੇ ਸਮਿਆਂ ਵਿਚ ਹੋਇਆ ਉਹ ਭਵਿੱਖ ਵਿਚ ਵੀ ਹੋਵੇਗਾ। ਇਸ ਲਈ ਕਾਂਗਰਸ ਨੂੰ ਮੋਦੀ ਤੋਂ ਕੋਈ ਖਤਰਾ ਨਹੀਂ ਭਾਸਦਾ।

ਹੁਣ ਇਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਭਾਜਪਾ ਨੂੰ ਪਤਾ ਹੀ ਸੀ ਪਾਰਟੀ ਤੇ ਗੱਠਬੰਧਨ ਦੇ ਅੰਦਰ ਮੋਦੀ ਬਹੁਤਿਆਂ ਨੂੰ ਮਨਜੂਰ ਨਹੀਂ ਹੋਣਾ ਤਾਂ ਪਾਰਟੀ ਨੇ ਇਹ ਇਹ ਫੈਸਲਾ ਕਿਉਂ ਲਿਆ? ਇਸ ਦਾ ਜਵਾਬ ਕੇਵਲ ਇਹ ਹੀ ਨਹੀਂ ਹੈ ਕਿ ਪਾਰਟੀ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲੀ ਆਰ ਐਸ ਐਸ ਨੇ ਇਹ ਫੈਸਲਾ ਲੈਣ ਲਈ ਪਾਰਟੀ ਨੂੰ ਮਜਬੂਰ ਕੀਤਾ ਹੈ। ਕੀ ਆਰ ਐਸ ਐਸ ਇਸ ਸਾਰੇ ਸੰਭਾਵੀ ਪ੍ਰਕਰਨ ਨੂੰ ਨਹੀਂ ਸੀ ਜਾਣਦੀ? ਕੀ ਉਸ ਨੂੰ ਇਸ ਸਭ ਦਾ ਪਤਾ ਨਹੀਂ ਸੀ? ਆਰ ਐਸ ਐਸ ਵੀ ਇਹ ਸਭ ਜਾਣਦੀ ਸੀ ਕਿ ਮੋਦੀ ਦੇ ਨਾਮ ੳੱੁਪਰ ਇਹ ਸਭ ਕੁਝ ਹੋਣਾ ਤਹਿ ਹੀ ਹੈ। ਪਰ ਉਹ ਇਸ ਤੋਂ ਵਧ ਵੀ ਜਾਣਦੀ ਸੀ ਜੋ ਭਾਰਤ ਦਾ ਆਮ ਵੋਟਰ ਨਹੀਂ ਜਾਣਦਾ।
ਪਿੱਛਲੇ ਦਸ ਸਾਲਾਂ ਤੋਂ ਸਤਾ ਤੋਂ ਬਾਹਰ ਬੈਠੇ ਭਾਜਪਾ ਤੇ ਆਰ ਐਸ ਐਸ ਨੂੰ ਇਹ ਪਤਾ ਹੈ ਕਿ ਲੋਕਾਂ ਵਿਚ ਜਾਣ ਲਈ ਕੁਝ ਨਾ ਕੁਝ ਨਵਾਂ ਹੋਣਾ ਚਾਹੀਦਾ ਹੈ। ਪਾਰਟੀ ਇਹ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਯੂਪੀਏ ਤੇ ਐਨਡੀਏ ਦੀਆਂ ਨੀਤੀਆਂ ਵਿਚ ਕੋਈ ਵੀ ਬੁਨਿਆਦੀ ਫਰਕ ਨਹੀਂ। ਦੋਵੇ ਹੀ ਗੱਠਬੰਧਨ ਆਰਥਿਕ ਤੇ ਰਾਜਸੀ ਮੁੱਦਿਆਂ ਉੱਪਰ ਇਕੋ ਜਿਹਾ ਹੀ ਸੋਚਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਨੀਤੀਆਂ ਤਾਂ ਵਿਸ਼ਵ ਬੈਂਕ ਦੀ ਸਲਾਹ ਤੇ ਅਮਰੀਕਾ ਦੀ ਹਕੂਮਤ ਦੀਆਂ ਗਾਇਡ ਲਾਇਨ ਉੱਪਰ ਹੀ ਚੱਲਣੀਆਂ ਹਨ। ਵਧ ਰਹੀ ਬੇਰੁਜ਼ਗਾਰੀ, ਫੈਲ ਰਹੇ ਭਰਿਸ਼ਟਾਚਾਰ ਤੇ ਵਧ ਰਹੀ ਭੋਜਨ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਦੋਹਾਂ ਹੀ ਗੱਠਬੰਧਨਾ ਦੇ ਕੋਲ ਕਰਨ ਲਈ ਕੋਈ ਬਹੁਤਾ ਕੁਝ ਨਹੀਂ ਹੈ। ਕੇਵਲ ਆਰਥਿਕ ਤੇ ਬਦੇਸ਼ ਨੀਤੀਆਂ ਦੇ ਮੁੱਦੇ ਉੱਪਰ ਹੀ ਇਹ ਦੋਵੇ ਪਾਰਟੀਆਂ ਇਕੋ ਤਰ੍ਹਾਂ ਨਹੀਂ ਸੋਚਦੀਆਂ ਸਗੋਂ ਐਫ.ਡੀ.ਆਈ ਤੇ ਪ੍ਰਮਾਣੂ ਪਰੋਗਰਾਮਾਂ ਦੇ ਬਾਰੇ ਵਿਚ ਵੀ ਇਨ੍ਹਾਂ ਦੀ ਇਕੋ ਹੀ ਪਹੁੰਚ ਹੈ। ਇਸ ਦੇ ਨਾਲ ਹੀ ਨਾਲ ਪਾਰਟੀਆਂ ਦੇ ਪਾਕਿ ਸਾਫ ਕਿਰਦਾਰ ਤੇ ਭਰਿਸ਼ਟਾਚਾਰ ’ਚ ਲਿਪਤ ਲੀਡਰਾਂ ਬਾਰੇ ਵੀ ਦੋਹਾਂ ਗੱਠਬੰਦਨਾਂ ਦੀ ਪਹੁੰਚ ਇਕ ਹੀ ਰਹੀ ਹੈ। ‘‘ ਇਹ ਸਾਰੇ ਦੋਸ਼ ਬੇ ਬੁਨਿਆਦ ਤੇ ਰਾਜਨੀਤੀ ਤੋਂ ਪਰੈਰਿਤ ਹਨ।’’ ਦੋਹਾਂ ਹੀ ਗੱਠਬੰਧਨਾਂ ਨੇ ਆਪਣੋ ਆਪਣੇ ਭਰਿਸ਼ਟ ਆਗੂਆਂ ਨੂੰ ਇਮਾਨਦਾਰੀ ਦੇ ਸਾਰਟੀਫੀਕੇਟ ਦੇ ਰੱਖੇ ਹਨ। ਭਾਂਵੇ ਕਿ ਦੇਸ਼ ਦਾ ਬੱਚਾ ਬੱਚਾ ਇਹ ਵੀ ਜਾਣਦਾ ਹੈ ਕਿ ਦੋਹਾਂ ਗੱਠਬੰਧਨਾ ਦੇ ਹੀ ਆਗੂਆਂ ਉੱਪਰ ਕੇਸ ਚਲ ਰਹੇ ਹਨ ਤੇ ਦੋਹਾਂ ਦੇ ਭਰਿਸ਼ਸ਼ਟ ਆਗੂਆਂ ਨੂੰ ਜੇਲ੍ਹਾਂ ਦੀ ਹਵਾ ਵੀ ਖਾਣੀ ਪਈ ਹੈ। ਹਾਂ ਇਸ ਗੱਲ ਵਿਚ ਕੋਈ ਦੂਜੀ ਰਾਏ ਨਹੀਂ ਕਿ ਯੂਪੀਏ ਦੇ ਮੁਕਾਬਲੇ ਐਨਡੀਏ ਨੂੰ ਰਾਜ ਕਰਨ ਦੇ ਘੱਟ ਮੌਕੇ ਮਿਲੇ ਇਸ ਕਰਕੇ ਇਨ੍ਹਾਂ ਨੂੰ ਮੁਕਾਬਲਤਨ ਭਿਰਸ਼ਟਾਚਾਰ ਕਰਨ ਦੇ ਮੌਕੇ ਵੀ ਘਟ ਮਿਲੇ। ਪਰ ਜੇ ਕਰ ਰਾਜ ਕਰਨ ਦੇ ਸਮੇਂ ਤੇ ਭਿਰਸ਼ਟਾਚਾਰ ਦੀ ਰੇਸ਼ੋ ਕਿਸੇ ਮੈਥੇਮੈਟੀਸਨ ਪਾਸੋਂ ਕਢਵਾਈ ਜਾਵੇ ਤਾਂ ਇਹ ਦੋਵੇ ਹੀ ਗੱਠਬੰਧਨ ਭਰਿਸ਼ਟਾਚਾਰ ਵਿਚ ਵੀ ਬਰਾਬਰ ਹੀ ਰਹੇ ਹਨ।
ਅਜਿਹੀਆਂ ਹਕੀਕੀ ਸਥਿਤੀਆਂ ਵਿਚ ਬੀਜੇਪੀ ਕੋਲ ਕਰਨ ਲਈ ਹੋਰ ਕੋਈ ਵੀ ਮੁੱਦਾ ਨਹੀਂ ਸੀ ਬਚਦਾ। ਆਪਣੇ ਪੁਰਾਣੇ ਇਤਿਹਾਸ ਤੋਂ ਸਬਕ ਲੈਂਦੇ ਹੋਏ ਉਨ੍ਹਾਂ ਦਾ ਭਾਜਪਾ ਨੂੰ ਭਗਵੇਂ ਰੰਗ ਵਿਚ ਰੰਗਣਾ ਵਾਜਵ ਹੀ ਲਗਦਾ ਹੈ। ਇਸ ਰੰਗ ਨੇ ਬੀਜੇਪੀ ਨੂੰ ਭਾਰਤ ਦੀਆਂ ਕੁਝ ਸਟੇਟਾਂ ਵਿਚ ਖੜੇ ਹੋਣ ਦੀ ਥਾਂ ਦਿਵਾਈ ਹੈ। ਜਦੋਂ ਪਾਰਟੀ ਕੋਲ ਕੋਈ ਰਾਜਸੀ ਜਾਂ ਆਰਥਿਕ ਬਦਲਵਾਂ ਪ੍ਰੋਗਰਾਮ ਹੀ ਨਾ ਹੋਵੇ ਤਾਂ ਉਹ ਹੋਰ ਕਰ ਵੀ ਕੀ ਸਕਦੀ ਸੀ? ਇਸ ਲਈ ਭਾਜਪਾ ਦਾ ਮੋਦੀਕਰਨ ਕਰਨਾ ਇਕ ਵਧੀਆ ਚੋਣਾਵੀ ਤਜ਼ਰਬਾ ਹੈ। ਜੋ ਬਾਜਪਾ ਨੇ ਕੀਤਾ। ਯੂਪੀਏ ਦੇ ਇਕ ਖੇਮੇ ਵਿਚ ਇਸ ਨਾਲ ਬੇਚੈਨੀ ਫੈਲਣੀ ਕੁਦਰਤੀ ਹੀ ਸੀ ਜੋ ਫੈਲੀ ਪਰ ਗੱਠਬੰਧਨ ਅੰਦਰ ਪੈਦਾ ਹੋਈ ਦਰਾੜ ਨੇ ਉਹ ਬੇਚੈਨੀ ਖੁਸ਼ੀ ਦੇ ਸਬੱਬ ਵਿਚ ਤਬਦੀਲ ਕਰ ਦਿੱਤੀ। ਹੁਣ ਇਹ ਬੇਚੈਨੀ ਐਨਡੀਏ ਦੇ ਗਠਬੰਧਨ ਵਿਚ ਹੈ। ਇਹ ਹੋਣੀ ਕੁਦਰਤੀ ਹੀ ਸੀ ਕਿਉਂਕਿ ਉਨ੍ਹਾਂ ਨੇ ਇਸ ਵਿਸ਼ਾਲ ਭਾਰਤ ਵਿਚ ਰਾਜਨੀਤੀ ਕਰਨੀ ਹੈ। ਸਾਰਾ ਭਾਰਤ ਨਾ ਤਾਂ ਗੁਜ਼ਰਾਤ ਵਾਂਗ ਹੈ ਤੇ ਨਾ ਹੀ ਗੁਜ਼ਰਾਤ ਵਾਲਾ ਤਜਰਬਾ ਹੀ ਭਾਰਤ ਵਿਚ ਹੋ ਸਕਦਾ ਹੈ। ਦੇਸ਼ ਦੀ ਗੈਰ ਹਿੰਦੂ ਆਬਾਦੀ ਤੋ ਮੋਦੀ ਦੇ ਨਾਮ ਉੱਪਰ ਵੋਟਾਂ ਲੈਣੀਆਂ ਮੁਸ਼ਕਲ ਹਨ। ਇਸ ਲਈ ਭਾਜਪਾ ਦਾ ਇਹ ਪੱਤਾ ਭਾਜਪਾ ਦੇ ਬਹੁਤੇ ਪੁਰਾਣੇ ਸਾਥੀਆਂ ਨੂੰ ਰਾਸ ਨਹੀਂ ਆ ਰਿਹਾ। ਉਹ ਹੁਣ ਵਿਚਾਰ ਕਰ ਰਹੇ ਹਨ ਕਿ ਉਹ ਕਿੱਧਰ ਜਾਣ? ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗਠਬੰਧਨ ਦੀ ਮਹਿਮਾਂ ਗਾਉਣ ਜਾ ਕਿਸੇ ਤੀਜੇ ਬਦਲ ਦੀ ਗੱਲ ਕਰਨ। ਇਸੇ ਕਰਕੇ ਤੀਜੇ ਬਦਲ ਦੀਆਂ ਸੁਰਾਂ ਵੀ ਉੱਚੀਆਂ ਹੋ ਰਹੀਆਂ ਹਨ। ਪਰਸਪਰ ਵਿਰੋਧੀ ਧਿਰਾਂ ਤੀਸਰੇ ਬਦਲ ਵਿਚ ਕਿਵੇਂ ਇਕੱਠੀਆਂ ਹੋ ਸਕਦੀਆਂ ਹਨ? ਕਈ ਹੋਰ ਵੱਡੇ ਸਵਾਲ ਮੂੰਹ ਅੱਢੀ ਖੜੇ ਹਨ। ਜਿਨ੍ਹਾਂ ਤੋਂ ਪਾਸਾ ਨਹੀ ਵੱਟਿਆ ਜਾ ਸਕਦਾ ਹੈ।
ਜੇ ਦੂਜੇ ਬਦਲ ਵਰਗਾ ਹੀ ਤੀਜਾ ਬਦਲ ਵੀ ਬਣਨਾ ਹੈ ਤਾਂ ਲੋਕਾਂ ਨੇ ਇਨਾਂ ਤੋਂ ਕੀ ਲੈਣਾ ਹੈ? ਲੋਕਾਂ ਦੀਆਂ ਬੁਨਿਅਦੀ ਸਮੱਸਿਆਂਵਾਂ ਦਾ ਕੋਈ ਹੱਲ ਨਹੀਂ ਹੋ ਰਿਹਾ। ਨੇਤਾ ਅਮੀਰ ਹੋ ਰਹੇ ਹਨ ਲੋਕ ਘਰੀਬ ਹੋ ਰਹੇ ਹਨ। ਗਰੀਬ ਅਮੀਰ ਦਾ ਪਾੜਾ ਹੈਰਾਨੀਜਨਕ ਹੱਦ ਤੱਕ ਵਧ ਗਿਆ ਹੈ। ਲੋਕ ਕਰਨ ਤਾਂ ਕੀ ਕਰਨ। ਇਨ੍ਹਾਂ ਲੋਕਾਂ ਦਾ ਰਾਜਨੀਤੀ ਤੋਂ ਮੋਹ ਭੰਗ ਹੋ ਰਿਹਾ ਹੈ। ਕਿਸੇ ਜਮਹੂਰੀ ਦੇਸ਼ ਲਈ ਇਸ ਤੋਂ ਵੱਡੀ ਮਾੜੀ ਖਬਰ ਹੋ ਕੀ ਹੋ ਸਕਦੀ ਹੈ। ਅਜਿਹੀ ਸਿਥਤੀ ਵਿਚ ਭਾਜਪਾ ਦਾ ਮੋਦੀਕਰਨ ਲੋਕਾਂ ਦੀਆਂ ਗੈਰ ਰਸਮੀ ਮੀਟਿੰਗਾ ਵਿਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਬੱਸਾਂ ਗੱਡੀਆਂ ਤੇ ਹੋਰ ਇਨੱਕੇ ਵੱਡੇ ਗੈਰ ਰਸਮੀ ਇਕੱਠਾਂ ਵਿਚ ਜੇ ਬੀਜੇਪੀ ਚਰਚਾ ਵਿਚ ਆਈ ਹੈ ਤਾਂ ਇਸ ਦਾ ਅੱਜ ਇਕੋ ਇਕ ਕਾਰਨ ਨਰਿੰਦਰ ਮੋਦੀ ਹੀ ਹੈ। ਨਾ ਰਾਹੁਲ ਤੇ ਨਾ ਹੀ ਕਾਂਗਰਸ ਕੋਲ ਇਸ ਦਾ ਕੋਈ ਬਦਲ ਹੈ ਲੋਕਾਂ ਦਾ ਮੋਦੀ ਦੇ ਵਿਰੋਧ ਵਿਚ ਕਾਂਗਰਸ ਜਾਂ ਰਾਹੁਲ ਨੂੰ ਚੁਣਨਾ ਮਜਬੂਰੀ ਹੈ। ਪਰ ਜਿਹੜੀ ਗੱਲ ਇਨ੍ਹਾਂ ਸਾਰੀਅੰ ਹੀ ਪਾਰਟੀਆਂ ਲਈ ਸਭ ਤੋਂ ਵਧ ਸੁਭ ਸੰਕੇਤ ਲੈ ਕੇ ਆਈ ਉਹ ਹਨ ਲੋਕਾਂ ਦੇ ਮਸਲੇ ਜਿਹੜੇ ਬਹੁਤ ਹੀ ਪਿੱਛੇ ਧੱਕੇ ਗਏ ਹਨ। ਇਸ ਤੋਂ ਵੀ ਵਧ ਕੇ ਇਸ ਨਾਲ ਲਗਭਗ ਸਾਰੀਆਂ ਹੀ ਪਾਰਟੀਆਂ ਨੂੰ ਸੁਖ ਦਾ ਸਾਹ ਇਸ ਕਰਕੇ ਵੀ ਆਇਆ ਹੈ ਕਿਉਂਕਿ ਹੁਣ ਸਵਿਸ ਬੈਂਕਾਂ ਦਾ ਕਾਲਾ ਧਨ ਵਾਪਸ ਲਿਆਉਣ ਦੀ ਮੰਗ ਨਹੀਂ ਹੋ ਰਹੀ। ਹੁਣ ਭਰਿਸ਼ਟ ਲੀਡਰਾਂ ਨੂੰ ਲੋਕਾਂ ਦੀ ਆਦਾਲਤ ਵਿਚ ਕੋਈ ਸਵਾਲ ਨਹੀਂ ਕਰੇਗਾ ਕਿ ਉਨ੍ਹਾਂ ਨੇ ਏਨ੍ਹਾਂ ਭਰਿਸ਼ਟਾਚਾਰ ਕਿਉਂ ਕੀਤਾ ਸੀ? ਇਸ ਲਈ ਭਾਜਪਾ ਦਾ ਮੋਦੀਕਰਨ ਸਮੇਤ ਭਾਜਪਾ ਦੇ ਸਾਰੀਆਂ ਹੀ ਰਾਜਸੀ ਪਾਰਟੀਆਂ ਨੂੰ ਸੂਟ ਬੈਠਦਾ ਹੈ। ਉਹ ਸਾਰੇ ਹੀ ਖੁਸ਼ ਹਨ ਕੇਵਲ ਮੁੱਠੀ ਭਰ ਦੇਸ਼ ਦੇ ਚਿੰਤਕਾਂ ਨੂੰ ਹੀ ਇਸ ਗੱਲ ਦੀ ਚਿੰਤਾ ਹੈ ਕਿ 2014 ਦੀਆਂ ਚੋਣਆ ਵਿਚ ਵੀ ਲੋਕ ਮਸਲਿਅੰ ਲਈ ਕੋਈ ਥਾਂ ਨਹੀਂ ਬਚੀ।

No comments:

Post a Comment