dr t virli

dr t virli

Wednesday 31 December 2014

'ਸੰਗਰਾਮਾਂ ਦੀ ਗੱਲ ਕਰਦਾ ਝੰਡੇ ਦਾ ਗੀਤ'

ਡਾ. ਤੇਜਿੰਦਰ ਵਿਰਲੀ 7696483600
ਜਲੰਧਰ 'ਚ ਹਰ ਸਾਲ ਲਗਦੇ ਗ਼ਦਰੀ ਬਾਬਿਆਂ ਦੇ ਮੇਲੇ ਨੇ ਭੁਲ ਵਿੱਸਰ ਰਹੀ ਨੌਜਵਾਨ ਪੀੜੀ ਦੇ ਮਨ•ਾਂ ਅੰਦਰ ਗ਼ਦਰੀ ਬਾਬਿਆਂ ਦੀ ਯਾਦ ਇਕ ਵਾਰ ਫਿਰ ਤਾਜਾ ਕਰਨ ਦਾ ਇਤਿਹਾਸਕ ਕਾਰਜ ਕੀਤਾ ਹੈ। ਆਪਣੇ ਇਸ ਕਾਰਜ ਕਰਕੇ ਇਹ ਮੇਲਾ ਨਾ ਕੇਵਲ ਸਫਲ ਹੋ ਰਿਹਾ ਹੈ, ਸਗੋਂ ਇਸ ਮੇਲੇ ਦੀ ਤਰਜ 'ਤੇ ਦੇਸ਼ਾਂ ਬਦੇਸ਼ਾਂ ਵਿਚ ਵੱਖ ਵੱਖ ਥਾਂਵਾ 'ਤੇ ਵੀ ਦੇਸ਼ ਭਗਤਾਂ ਦੀ ਯਾਦ ਵਿਚ ਮੇਲੇ ਲੱਗਣੇ ਸ਼ੁਰੂ ਹੋ ਗਏ ਹਨ। ਜਲੰਧਰ ਦੇਸ਼ ਭਗਤ ਯਾਦਗਾਦ ਕਮੇਟੀ ਵੱਲੋਂ ਕਰਵਾਇਆ ਜਾਂਦਾ ਮੇਲਾ ਇਨ•ਾਂ ਸਾਰਿਆਂ ਮੇਲਿਆਂ ਦਾ ਪ੍ਰੇਰਨਾ ਸਰੋਤ ਵੀ ਹੈ ਤੇ ਵਿਚਾਰਧਾਰਕ ਕੇਂਦਰ ਬਿੰਦੂ ਵੀ।
ਇਤਿਹਾਸ ਦਾ ਇਹ ਕੈਸਾ ਅਹਿਮ ਵਰਤਾਰਾ ਹੈ, ਕਿ 1991 ਵਿਚ ਸਾਡਾ ਦੇਸ਼ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਦਾ ਭਾਗੀਦਾਰ ਬਣਦਾ ਹੈ। ਦੇਸ਼ ਦੇ ਹਾਕਮ ਦੇਸ਼ ਨੂੰ ਨਵਬਸਤੀਵਾਦ ਵੱਲ ਮੋਰੜ ਲਈ ਸੰਸਾਰ ਦੀ ਵੱਡੀ ਸਰਮਾਏਦਾਰੀ ਦੇ ਨਾਲ ਹੱਥ ਮਿਲਾਉਂਦੇ ਹਨ ਤੇ 1992 ਵਿਚ ਗ਼ਦਰੀ ਬਾਬਿਆਂ ਦੇ ਵਿਚਾਰਧਾਰਕ ਵਾਰਸ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹੋਏ ਉਨ•ਾਂ ਦੇ ਆਧੂਰੇ ਕਾਰਜ਼ ਨੂੰ ਪੂਰਾ ਕਰਨ ਦਾ ਅਹਿਦ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਾਲ ਵਿਹੜੇ ਵਿਚ ਇਕੱਤਰ ਹੁੰਦੇ ਹਨ। ਉਹ ਹਾਕਮਾਂ ਨੂੰ ਵੰਗਾਰਦੇ ਹੋਏ ਕਿ ਦੇਸ਼ ਨੂੰ ਮੁੜ ਗੁਲਾਮ ਨਹੀਂ ਹੋਣ ਦੇਣਾ ਦਾ ਅਹਿਦ ਹਰ ਸਾਲ  ਦੁਹਰਾਉਂਣ ਲਈ ਇਕੱਤਰ ਹੁੰਦੇ ਹਨ। ਸਾਰੀਆਂ ਖੱਬੀਆਂ, ਲੋਕ ਪੱਖੀ ਤੇ ਵਿਗਿਆਨਕ ਸੋਚ ਵਾਲੀਆਂ ਸ਼ਕਤੀਆਂ ਮੋਢੇ ਨਾਲ ਮੋਢਾ ਜੋੜਕੇ ਇਸ ਮੇਲੇ ਵਿਚ ਮੇਲੀ ਬਣਕੇ ਫਿਰਦੀਆਂ ਹਨ। ਇਸ ਕਿਸਮ ਦੀ ਏਕਤਾ ਭਾਰਤ ਵਿਚ ਹੋਰ ਕਿਤੇ ਵੀ ਦਿਖਾਈ ਨਹੀਂ ਦਿੰਦੀ। ਗ਼ਦਰੀ ਬਾਬਿਆਂ ਨੂੰ ਪ੍ਰਨਾਮ ਕਰਦਾ ਤੇ ਗ਼ਦਰ ਦੀ ਗੂੰਜ਼ ਦਾ ਹੋਕਾ ਦਿੰਦਾ ਇਹ ਮੇਲਾ ਜਿੱਥੇ ਸਾਲ ਭਰ ਦੀਆਂ ਸਮਾਜਕ ਰਾਜਨੀਤਿਕ ਤੇ ਆਰਥਿਤ ਸਥਿਤੀਆਂ ਦਾ ਲੇਖਾ ਜੋਖਾ ਕਰਦਾ ਹੈ ਉੱਥੇ ਇਤਿਹਾਸ ਦੇ ਗੌਰਵ ਮਈ ਪੰਨਿਆਂ ਨੂੰ ਸਿਜਦਾ ਕਰਦਾ ਹੋਇਆ ਭਵਿੱਖ ਮੁੱਖੀ ਪ੍ਰੋਗਰਾਮ ਉਲੀਕਤਾ, ਲੋਕਾਂ ਦਾ ਮਨਰੰਜਨ ਕਰਦਾ ਜਿੱਥੇ ਲੱਚਰ ਸਾਹਿਤ ਤੇ ਸਭਿਆਚਾਰ ਨੂੰ ਵੰਗਾਰਦਾ ਹੈ ਉੱਥੇ ਲੋਕਾਂ ਨੂੰ ਪੁਸਤਕਾਂ ਨਾਲ ਜੋੜਦਾ ਹੋਇਆ ਫਿਰ ਮਿਲਣ ਦਾ ਹੋਕਾਂ ਦੇਕੇ ਦੋ ਨਵੰਬਰ ਦੇ ਸਰਗੀ ਵੇਲੇ ਸਮਾਪਤ ਹੋ ਜਾਂਦਾ ਹੈ।
ਇਸ ਮੇਲੇ ਦੀ ਸਭ ਤੋਂ ਵੱਡੀ ਖਿੱਚ ਹੁੰਦਾ ਹੈ ਪਹਿਲੀ ਨਵੰਬਰ ਨੂੰ ਸਵੇਰੇ ਦਸ ਵਜੇ ਝੰਡੇ ਨੂੰ ਦਿੱਤੀ ਜਾਂਦੀ ਸਲਾਮੀ ਵੇਲੇ ਦਾ ਗੀਤ ਜਿਸ ਨੂੰ ' ਝੰਡੇ ਦਾ ਗੀਤ ' ਕਿਹਾ ਜਾਂਦਾ ਹੈ। ਇਹ ਗੀਤ 1995 ਦੇ ਮੇਲੇ ਉਪਰ ਪਹਿਲੀ ਵਾਰ ਗਾਇਆ ਸੀ। ਇਸ ਗੀਤ ਦੇ ਲੇਖਕ ਹਨ ਸਾਥੀ ਅਮੋਲਕ। ਇਹ ਗੀਤ ਇਸ ਮੇਲੇ ਦਾ ਹਾਸਲ ਬਣ ਗਿਆ। 96 ਵਾਲੇ ਮੇਲੇ ਵਿਚ ਵੀ ਇਸੇ ਗੀਤ ਨੂੰ ਹੀ ਪੇਸ਼ ਕੀਤਾ ਗਿਆ। ਹੁਣ ਇਹ ਗੀਤ ਇਕ ਸਧਾਰਨ ਗੀਤ ਨਾ ਰਹਿ ਕੇ ਇਕ ਐਕਸ਼ਨ ਗੀਤ ਬਣ ਗਿਆ। ਗੀਤ ਦੇ ਬੋਲ ਗੌਰਵਮਈ ਵਿਰਸੇ ਨਾਲ ਜੋੜਦੇ ਹੋਏ ਹੋਕਾ ਦੇ ਰਹੇ ਸਨ-
ਜਾਗੋ ਜਾਗੋ ਗੂਹੜੀ ਨੀਂਦੇ ਸੌਣ ਵਾਲਿਓ
ਕਰਕੇ ਮੁਸ਼ੱਕਤਾਂ ਕਮਾਉਣ ਵਾਲਿਓ
ਗ਼ਦਰਾਂ ਦੀ ਗੂੰਜ ਧਰਤੀ ਤੇ ਪਾ ਦਿਓ
ਉੱਠ ਕੇ ਨਗਾਰੇ ਉੱਤੇ ਚੋਟ ਲਾ ਦਿਓ।
ਸਾਂਝੀਵਾਲਤਾ ਦੇ ਗੀਤ ਗਾਉਣ ਵਾਲਿਓ
ਜਾਗੋ ਜਾਗੋ. . . .
ਇਹ ਗੀਤ ਜਿੱਥੇ ਗ਼ਦਰੀਆਂ ਦਾ ਸੁਨੇਹਾ ਦੁਹਰਾ ਰਿਹਾ ਸੀ ਉੱਥੇ ਗ਼ਦਰੀਆਂ ਦੇ ਅਧੂਰੇ ਕਾਰਜ਼ ਨੂੰ ਅੱਗੇ ਲੈ ਜਾਣ ਦਾ ਸੁਨੇਹਾ ਦੇ ਰਿਹਾ ਸੀ। ਝੰਡੇ ਗੀਤ ਨੂੰ ਏਨਾ ਵੱਡਾ ਹੁੰਗਾਰਾ ਮਿਲਿਆ ਕਿ ਇਹ ਮੇਲੇ ਦਾ ਥੀਮ ਗੀਤ ਬਣ ਗਿਆ। ਮੇਲੇ ਦੇ ਖਤਮ ਹੋ ਜਾਣ ਤੋਂ ਬਾਅਦ ਗੀਤ ਦੇ ਰੂਪ ਵਿਚ ਮੇਲੇ ਦਾ ਸੁਨੇਹਾ ਸਾਲ ਭਰ ਮੇਲੀਆਂ ਦੇ ਨਾਲ ਨਾਲ ਤੁਰਨ ਲੱਗਾ। ਲੋਕ ਇਕ ਦੂਸਰੇ ਨਾਲ ਗੱਲ ਕਰਦੇ, '' ਯਾਰ ਝੰਡੇ ਦਾ ਗੀਤ ਤਾਂ ਕਮਾਲ ਦਾ ਸੀ।'' ਜਿਸ ਨੇ ਨਹੀਂ ਸੀ ਦੇਖਿਆ ਉਹ ਝੰਡੇ ਦੇ ਗੀਤ ਦੀ ਵੀਡੀਓਗ੍ਰਾਫੀ ਮੰਗਣ ਲੱਗਾ। ਇਹ ਗੀਤ ਏਨਾਂ ਮਕਬੂਲ ਹੋਇਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਝੰਡੇ ਦਾ ਗੀਤ ਜਾਰੀ ਰੱਖਣ ਦਾ ਫੈਸਲਾ ਲੋਕਾਂ ਨੇ ਕਰਵਾਇਆ। ਗੀਤ ਦੇ ਲੇਖਕ ਸਾਥੀ ਅਮੋਲਕ ਦੀ ਪਹਿਚਾਣ ਨਾਲ ਇਕ ਹੋਰ ਕਾਰਜ ਜੁੜ ਗਿਆ ਜਿਸ ਨੇ ਲੇਖਕ ਅਮੋਲਕ ਨੂੰ ਵੀ ਵੱਖਰੀ ਪਹਿਚਾਣ ਦਾ ਸਵਾਮੀ ਬਣਾ ਦਿੱਤਾ। ਜਿੰਦਗੀ ਦੇ ਸਾਰੇ ਸੁਖ ਸਹੂਲਤਾਂ, ਰੰਗੀਨੀਆਂ ਨੂੰ ਪਾਸੇ ਰੱਖ ਕੇ ਜਿੰਦਗੀ ਦੇ ਕੋਹਜ ਨਾਲ ਮੱਥਾ ਮਾਰਨ ਵਾਲਾ ਅਮੋਲਕ ਤਲਖ ਹਕੀਤਾਂ ਦੇ ਨਾਲ ਨਾਲ ਏਨੀ ਸੰਵੇਦਨਸ਼ੀਲਤਾ ਨਾਲ  ਵੀ ਗੱਲ ਕਰ ਸਕਦਾ ਹੈ? ਤੇ ਉਹ ਵੀ ਗੀਤ ਵਰਗੀ ਵਿਧਾ ਵਿਚ? ਇਹ ਉਨਾਂ ਲੋਕਾਂ ਲਈ ਵੀ ਨਵੀਂ ਗੱਲ ਸੀ ਜਿਹੜੇ ਅਮੋਲਕ ਨੂੰ ਪਿੱਛਲੇ ਲੰਮੇ ਸਲੇਂ ਤੋਂ ਜਾਣਦੇ ਸਨ । ਜਦੋਂ ਝੰਡੇ ਦਾ ਗੀਤ ਸ਼ੁਰੂ ਹੁੰਦਾ ਤਾਂ ਲੋਕ ਗੀਤ ਨਾਲ ਇਕ ਮਿਕ ਹੋ ਜਾਂਦੇ ਹਨ ਜਿੱਥੇ ਇਹ ਅਦਾਕਾਰੀ ਤੇ ਗਾਇਕੀ ਦਾ ਕਮਾਲ ਹੈ ਉੱਥੇ ਗੀਤ ਦੀ ਸਿਰਜਣਾ ਵੀ ਕਿਸੇ ਪਾਸਿਓ ਘੱਟ ਨਹੀਂ ਸੀ ਉਹ ਲਿਖਦਾ ਹੈ-
ਚੁੰਨੀ ਰੁੱਲਦੀ ਪੱਗ ਵੀ ਰੁਲਦੀ,
ਕਿਰਤ ਚਪੇੜਾਂ ਖਾਵੇ,
ਦਿਨ ਦੀਵੀ ਹੀ ਮਾਂ ਧਰਤੀ ਦੀ,
ਪੱਤ ਕਿਉਂ ਲੁੱਟੀ ਜਾਵੇ
ਜਲਿ•ਆਂ ਵਾਲੇ ਬਾਗ 'ਚ ਖੇਡੀ,
ਐਸੀ ਖੂਨੀ ਹੋਲੀ,
ਖੂੰਨੀ ਡਾਇਰਾਂ ਜਦੋਂ ਵਰ•ਾਈ,
ਵਾਂਗ ਸੀ ਮੀਂਹ ਦੇ ਗੋਲੀ
ਲਹੂ 'ਚ ਭਿੱਜੀ ਮਿੱਟੀ ਚੁੰਮ ਕੇ,
ਨਾਲ ਜ਼ਿਗਰ ਦੇ ਲਾਈ
ਫਿਰ ਇਤਿਹਾਸ ਨੇ ਮੋੜਾ ਕੱਟਿਆ,
ਧਰਤੀ ਲਈ ਅੰਗੜਾਈ
ਕਿਰਤੀ ਲਹਿਰ ਦੀ ਫੁਲਵਾੜੀ ਵਿਚ,
ਫੁੱਲ ਖਿੜੇ ਫਿਰ ਸੂਹੇ
ਗੱਭਰੂ ਬਣਕੇ ਮਘਦੇ ਸੂਰਜ, ਆ ਗਏ ਕਿਰਤੀ ਬੂਹੇ।
ਆਜ਼ਾਦੀ ਦੇ ਆਸ਼ਕ ਗਰਜੇ
ਆ ਕੁੰਡਾ ਖੜਕਾਇਆ
ਸੁੱਤਿਆ ਸ਼ੇਰ ਜਵਾਨਾਂ ਤਾਈਂ
ਬਾਹੋਂ ਪਕੜ ਜਗਾਇਆ।
ਭਾਂਵੇ ਇਸ ਗੀਤ ਦੀ ਸਿਰਜਣ ਪ੍ਰਕਿਰਿਆ ਦਾ ਸਭ ਤੋਂ ਅਹਿਮ ਅੰਗ ਹੈ ਸਾਥੀ ਅਮੋਲਕ। ਪਰ ਜਿਸ ਨੇ ਵੀ ਇਸ ਗੀਤ ਦੀ ਸਿਰਜਣ ਪ੍ਰਕਿਰਿਆ ਦੇਖੀ ਹੈ ਉਸ ਨੂੰ ਪਤਾ ਹੈ ਇਸ ਗੀਤ ਲਈ ਕਿੰਨੀ ਵੱਡੀ ਟੀਮ ਨੇ ਖੂਨ ਪਸੀਨਾ ਇਕ ਕੀਤਾ ਹੈ। ਫਿਰ ਜਾਕੇ ਇਹ ਗੀਤ ਪ੍ਰਵਾਨ ਚੜਿਆ ਹੈ। ਅਮੋਲਕ ਆਪ ਆਖਦਾ ਹੈ, '' ਮੈਂ ਤਾਂ ਇਸ ਗੀਤ ਨੂੰ ਕਲਮਬਦ ਕੀਤਾ ਹੈ। ਇਹ ਦਰਦਨਾਕ ਗੀਤ ਮੇਰੇ ਲੋਕਾਂ ਨੇ ਆਪਣੇ ਪਿੰਡੇ 'ਤੇ ਹਡਾਇਆ ਹੈ। ਇਹ ਗੀਤ ਪ੍ਰਦੇਸ਼ਾਂ 'ਚੋ ਆਏ ਗ਼ਦਰੀ ਬਾਬਿਆਂ ਨੇ ਆਪਣੇ ਖੂਨ ਨਾਲ ਕਾਲੇ ਪਾਣੀ ਦੀਆਂ ਕੰਧਾਂ ਉੱਪਰ ਲਿਖਿਆ ਹੈ। ਇਸ ਗੀਤ ਦੀ ਜੁਬਾਨ ਬਾਬੇ ਫਰੀਦ ਦੀ ਹੈ, ਜਿਸ ਨੂੰ ਸਾਡੇ ਗੁਰੂਆਂ ਨੇ ਮਾਂਝਿਆ ਤੇ ਸਵਾਰਿਆ ਹੈ। ਇਸ ਗੀਤ ਦਾ ਸੁਹਜ ਬਾਬੇ ਭੁੱਲੇ ਦਾ ਹੈ, ਇਸ ਗੀਤ ਦਾ ਜੋਸ਼ ਚੰਡੀ ਦੀ ਵਾਰ ਦਾ ਹੈ। ਇਸ ਗੀਤ ਨੂੰ ਰਾਜ ਗੁਰੂ ਸੁਖਦੇਵ ਨੇ ਭਗਤ ਸਿੰਘ ਨਾਲ ਮਿਲਕੇ ਫਾਂਸੀ ਦੇ ਤਖਤੇ ਉਪਰ ਚੜਕੇ ਗਾਇਆ ਸੀ। ਇਹ ਗੀਤ ਕੂਕਿਆਂ ਦਾ ਹੈ ਬੱਬਰ ਅਕਾਲੀਆਂ ਦਾ ਹੈ।'' ਇਸ ਗੀਤ ਨੂੰ ਪੇਸ਼ ਕਰਦੇ ਪੰਜਾਬ ਦੇ ਵੱਡੇ ਰੰਗ ਕਰਮੀ ਮਹੀਨਾ ਮਹੀਨਾ ਦਿਨ ਰਾਤ ਇਕ ਕਰ ਦਿੰਦੇ ਹਨ। ਇਸ ਗੀਤ ਦਾ ਇਕ ਇਕ ਬੋਲ ਲੋਕਾਂ ਦੇ ਸਾਹਾਂ ਵਿੱਚੋਂ ਦੀ ਲੰਘਿਆ ਹੈ। ਤੇ ਜਦੋਂ ਪਹਿਲੀ ਨਵੰਬਰ ਨੂੰ ਲੋਕਾਂ ਦਾ ਵੱਡਾ ਹਜੂਮ ਇਸ ਝੰਡੇ ਦੇ ਗੀਤ ਨੂੰ ਸੁਣਨ, ਦੇਖਣ ਲਈ ਦੇਸ਼ ਭਗਤ ਯਾਦਗਾਰ ਦੇ ਵਹਿੜੇ ਵਿਚ ਸਵੇਰੇ ਹੀ ਆਪਣੇ ਲਈ ਸੀਟਾਂ ਰਾਖਵੀਆਂ ਕਰ ਲੈਂਦਾ ਹੈ ਤਾਂ ਦੇਸ਼ ਭਗਤ ਯਾਦਗਾਰ ਹਾਲ ਦਾ ਵਿਸ਼ਾਲ ਵਿਹੜਾ ਵੀ ਨਿੱਕਾ ਨਿੱਕਾ ਲੱਗਣ ਲੱਗਦਾ ਹੈ। ਸੰਗਰਾਮਾਂ ਦੀ ਗੱਲ ਕਰਦਾ ਗੀਤ ਮੇਲੀਆਂ ਦੀਆਂ ਰਗਾਂ ਵਿਚ ਜੋਸ਼ ਭਰਦਾ ਹੈ-ਅੱਜ ਰਾਤ ਹਨੇਰੀ ਕੂਕ ਰਹੀ, ਕੋਈ ਬਾਤ ਪਾਏ ਸੰਗਰਾਮਾਂ ਦੀ
ਉਠ ਜਾਗ ਜ਼ਰਾ ਦੇ ਅਵਾਜ਼ ਜ਼ਰਾ, ਅੱਜ ਗ਼ਦਰਾਂ ਦੇ ਪੈਗਾਮਾਂ ਦੀ।
ਅੱਜ ਫੇਰ ਫ਼ਰੰਗੀ ਘੂਰ ਰਿਹਾ, ਤੇਰੇ ਵਤਨੀ ਛਾਉਣੀਆਂ ਪਾਈਆਂ ਨੇ
ਤੇਰਾ ਪਿੰਜਰ, ਮਾਸ ਵੀ ਨੋਚਣ ਲਈ, ਗਿਰਝਾ ਦੀਆਂ ਡਾਰਾ ਆਈਆਂ ਨੇ
ਉਠ ਝਾਤੀ ਮਾਰ ਬਣਾ ਧਰਿਐ, ਤੇਰਾ ਵਤਨ ਮੰਡੀ ਇਨਸਾਨਾ ਦੀ
ਅੱਜ ਰਾਤ ਹਨੇਰੀ ਕੂਕ ਰਹੀ, ਕੋਈ ਬਾਤ ਪਾਏ ਸੰਗਰਾਮਾਂ ਦੀ।
ਹਰ ਸਾਲ ਇਸ ਗੀਤ ਦਾ ਵਿਸਥਾਰ ਹੁੰਦਾ ਹੈ ਹਰ ਸਾਲ ਦੀਆਂ ਘਟਨਾਵਾਂ ਭਾਂਵੇ ਉਹ ਰਾਸ਼ਟਰੀ ਹੋਣ, ਭਾਂਵੇ ਅੰਤਰਰਾਸ਼ਟਰੀ ਉਹ ਗੀਤ ਦਾ ਵਿਸ਼ਾ ਵਸਤੂ ਬਣਦੀਆਂ ਹਨ। ਮਾਲਟਾ ਦੇ ਸਾਗਰਾਂ ਵਿਚ ਡੁੱਬਦੇ ਭਾਰਤੀ ਨੌਜਵਾਨਾਂ ਦਾ ਦਰਦ, ਦਹਿਸ਼ਤਗਰਦੀ ਦੀ ਭੇਟ ਚੜਦੇ ਲੋਕ, ਸਾਮਰਾਜੀ ਧਿਰਾਂ ਨਾਲ ਸਾਂਝ ਪਾਉਂਦੀਆਂ ਸਰਕਾਰਾਂ, ਰੁਜ਼ਗਾਰ ਮੰਗਦੇ ਤੇ ਪੁਲਿਸ ਦੀ ਕੁੱਟ ਖਾਂਦੇ ਨੌਜਵਾਨ, ਖੁਦਕਸ਼ੀਆਂ ਕਰਦੀ ਕਿਸਾਨੀ, 65 ਸਾਲਾਂ ਦੀ ਆਜ਼ਾਦੀ ਜਹਿੜੀ ਟਾਟਿਆਂ ਬਾਟਿਆਂ ਦੀ ਰਖੇਲ ਬਣਕੇ ਰਹਿ ਗਈ ਹੈ ਸਭ ਇਸ ਗੀਤ ਦਾ ਅੰਗ ਬਣਦੇ ਹਨ। ਹੱਕਾਂ ਲਈ ਲੜਦੇ ਲੋਕ, ਕਾਲੇ ਪਾਣੀਆਂ ਦੇ ਦਰਦ, ਗ਼ਦਰੀ ਬਾਬਿਆਂ ਦਾ ਅਮਰ ਸੁਨੇਹਾ, ਭਗਤ ਸਿੰਘ ਦੀ ਸ਼ਹਾਦਤ ਤੇ ਪ੍ਰਦੇਸ਼ਾਂ ਨੂੰ ਉਡਾਰੀ ਮਾਰਦੀ ਜਵਾਨੀ ਸਭ ਇਸ ਗੀਤ ਵਿਚ ਪੇਸ਼ ਹੁੰਦੇ ਹਨ। ਉਹ ਲਿਖਦਾ ਹੈ-
ਅਜੇ ਹੈ ਬਾਤ ਅਧੂਰੀ, ਕਿਰਤੀ ਅਮਰ ਕਹਾਣੀ ਦੀ
ਸਮਿਆਂ ਨੂੰ ਹੈ ਲੋੜ, ਕਿ ਬਦਲੇ ਤੋਰ ਜੁਆਨੀ ਦੀ
ਕਿਰਤੀ ਕੋਲੇ ਹੈਨਹੀਂ ਯਾਰੋ ਸਿਆੜ ਜਮੀਨਾਂ ਦਾ
ਬੇਰੁਜ਼ਗਾਰਾਂ ਦੇ ਲਈ, ਪੈ ਗਿਆ ਕਾਲ ਮਸ਼ੀਨਾ ਦਾ
ਬਾਪੂ ਦੀ ਪੱਗ ਰੁਲ ਗਈ, ਪੈ ਗਿਆ ਭੋਗ ਜ਼ਮੀਨਾਂ ਦਾ
ਤਾਂਹੀ ਮਟਕ ਨਾਲ ਤੁਰਨਾ, ਫੱਬਦਾ ਨਹੀਂ ਸ਼ੌਕੀਨਾ ਦਾ
ਨਵੀਂ ਇਬਾਰਤ ਲਿਖਣੀ ਪੈਣੀ ਫਿਰ ਕੁਰਬਾਨੀ ਦੀ
ਸਮਿਆਂ ਨੂੰ ਹੈ ਲੋੜ ਕਿ ਬਦਲੇ ਤੋਰ ਜੁਆਨੀ ਦੀ।
ਸੌ ਤੋਂ ਵਧ ਕਲਾਕਾਰਾਂ ਦਾ ਕਾਫਲਾ ਜਦੋਂ ਪੰਜਾਬ ਦੇ ਕਿਰਤੀ ਲੋਕਾਂ ਦੇ ਨਾਟਕਕਾਰਾਂ ਦੇ ਹੱਥਾਂ ਦੀ ਛੋਹ ਪਾਕੇ ਯਾਦਗਾਰ ਹਾਲ ਦੇ ਵੱਡੇ ਘਾਹ ਵਾਲੇ ਮੈਦਾਨ ਵਿਚ ਆਉਂਦਾ ਹੈ ਦੇਸ਼ ਦੀਆਂ ਸਰਕਾਰਾਂ ਵੱਲੋਂ 26 ਜਨਵਰੀ ਤੇ 15 ਅਗਸਤ ਨੂੰ ਕਰਵਾਏ ਜਾਦੇ ਪ੍ਰੋਗਰਾਮ ਫਿੱਕੇ ਲਗਦੇ ਹਨ। ਮਾਸੂਮ ਬੱਚਿਆਂ ਤੋਂ ਲੈਕੇ ਬੁੱਢਿਆਂ ਦੇ ਰੋਲ ਕਰਦੇ ਵੱਖ ਵੱਖ ਉਮਰ ਦੇ ਮੁੰਡੇ ਕੁੜੀਆਂ ਮਹੀਨੇ ਭਰ ਦੀ ਰੀਹਸਲ ਦਾ ਜਦੋਂ ਮੁਜਾਹਰਾ ਕਰ ਰਹੇ ਹੁੰਦੇ ਹਨ ਤਾਂ ਉਸ ਵਕਤ ਕੋਈ ਰੋ ਰਿਹਾ ਹੁੰਦਾ ਹੈ। ਕੋਈ ਅੱਖਾਂ ਦੇ ਅੱਥਰੂ ਪੂਝ ਰਿਹਾ ਹੁੰਦਾ ਹੈ। ਹਰ ਅੱਖ ਇਸ ਨਾਟ ਗੀਤ ਨੂੰ ਮਾਣਦੀ ਹੋਈ ਇਤਿਹਾਸ ਵਿਚ ਗਵਾਚ ਜਾਂਦੀ ਹੈ। ਭਵਿੱਖ ਵਿਚ ਲੜਨ ਦਾ ਅਹਿਦ ਉਨ•ਾਂ ਨੂੰ ਗ਼ਦਰ ਦੇ ਅਮਰ ਸੁਨੇਹੇ ਨਾਲ ਜੋੜਦਾ ਹੈ ਕਿ ਜਦ ਤਕ ਕਿਰਤ ਦੀ ਲੁੱਟ ਹੁੰਦੀ ਰਹਿਣੀ ਹੈ ਗ਼ਦਰ ਜਾਰੀ ਰਹਿਣਾ ਹੈ। ਅਮੋਲਕ ਲਿਖਦਾ ਹੈ-
ਸੁਣੀ ਗ਼ਦਰ ਕਹਾਣੀ ਲੋਕਾਂ ਵੇ
ਸਾਡਾ ਗਲੀ ਗਲੀ ਏਹ ਹੋਕਾ ਵੇ
ਅਸਾਂ ਗੂੰਜ਼ ਗ਼ਦਰ ਦੀ ਪਾਵਾਂਗੇ
ਅਸਾਂ ਕਾਲਖ ਦੂਰ ਭਜਾਵਾਂਗੇ
ਸਹੁੰ ਗ਼ਦਰੀ ਅਮਰ ਸ਼ਹੀਦਾ ਦੀ,
ਝੰਡਾ ਗ਼ਦਰਾਂ ਦਾ ਲਹਿਰਾਵਾਂਗੇ
ਧਰਤੀ ਨੂੰ ਸਵਰਗ ਬਣਾਵਾਗੇ , ਸਹੁੰ ਗ਼ਦਰੀ ਅਮਰ ਸ਼ਹੀਦਾ ਦੀ,£
ਹੁਣ ਇਸ ਗ਼ਦਰੀ ਮੇਲੇ ਤੇ ਝੰਡੇ ਦੇ ਗੀਤ ਨੂੰ ਇਕ ਦੂਸਰੇ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਮੇਲੇ ਦੀ ਤਰਜ਼ 'ਤੇ ਦੇਸ਼ਾਂ ਬਦੇਸਾਂ ਵਿਚ ਲਗਦੇ ਹੋਰ ਮੇਲੇ ਵੀ ਝੰਡੇ ਨੂੰ ਸਲਾਮੀ ਦੇਣ ਸਮੇਂ ਝੰਡੇ ਦੇ ਗੀਤ ਦੀ ਰੀਕਾਡਿੰਗ ਵਜਾਉਣ ਦਾ ਕਰਾਜ ਜਰੂਰ ਕਰਦੇ ਹਨ। ਕਿਉਕਿ ਇਹ ਗੀਤ
Îਮੇਲੇ ਨੂੰ ਸਾਰ ਤੱਤ ਵਿਚ ਪੇਸ਼ ਕਰਨ ਦੇ ਸਮਰੱਥ ਹੁੰਦਾ ਹੈ-
Îਮੇਲਾ ਗ਼ਦਰੀ ਸਵਾਲਾ ਦੇ ਜਵਾਬ ਮੰਗਦਾ
ਕੌਣ ਜ਼ਿੰਦਗੀ ਅਸਾਡੀ ਸੂਲੀ ਉੱਤੇ ਟੰਗਦਾ।
ਕਹਿੰਦੇ '' ਖਾਓ-ਪੀਓ ਐਸ਼ ਕਰੋ ਮਿਤਰੋ ''
ਪਰ ਹੱਕਾਂ ਦੇ ਮੈਦਾਨ 'ਚ ਨਾ ਨਿੱਤਰੋ
ਗੱਲ ਦਿਲ ਦੀ ਡਾਇਰੀ ਦੇ ਉੱਤੇ ਲਿਖ ਲਓ
ਪੜੋ• ਪਾਠ ਯਾਰੋ ਲੋਕਾਂ ਵਾਲੀ ਜੰਗ ਦਾ। . . . .
ਸੀਸੀ ਤਲੀ 'ਤੇ ਟਿਕਾਉਣਾ ਕੋਈ ਸਿਖਾ ਗਿਅ 
ਤੁਸੀਂ ਤਲੀਆਂ 'ਤੇ ਜਰਦਾ ਟਿਕਾ ਲਿਆ
ਨਸ਼ਾ ਚੜਦੀ ਜੁਆਨੀ ਤਾਈ ਖਾ ਗਿਆ
ਖੁੱਲੇ• ਅੱਖ ਨਹੀਂਉ, ਨਸ਼ੇ ਬਿਨ•ਾਂ ਝੱਟ ਲੰਘਦਾ। . . . . .
ਗ਼ਦਰੀ ਬਾਬਿਆਂ ਦੇ ਇਸ ਮੇਲੇ ਦਾ ਜਿੱਥੇ ਆਪਣਾ ਇਕ ਸ਼ਾਂਨਾ ਮੱਤਾ ਇਤਿਹਾਸ ਹੈ ਉੱਥੇ ਝੰਡੇ ਦਾ ਗੀਤ ਕੋਈ ਘੱਟ ਮਹੱਤਵ ਦਾ ਲਖਾਇਕ ਨਹੀਂ। ਇਸ ਹਰ ਸਾਲ ਲਗਦੇ  ਮੇਲੇ ਉਪਰ ਪੇਸ਼ ਕੀਤੇ ਜਾ ਰਹੇ ਗੀਤ ਇਕੱਠੇ ਕਰਕੇ ਸਾਂਭਣ ਦਾ ਕਾਰਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕੀਤਾ ਹੈ ਇਹ ਕਾਰਜ਼ ਨੂੰ ਖੁਦ ਅਮੋਲਕ ਹੁਰਾਂ ਨੇ ਹੀ  ਕੀਤਾ ਹੈ। ਉਨ•ਾਂ ਨੇ ਇਸ ਕਾਰਜ਼ ਨੂੰ ਉਸੇ ਤਰਤੀਬ ਨਾਲ ਹੀ ਕੀਤਾ ਹੈ ਜਿਸ ਨਾਲ ਇਹ ਲਿਖੇ ਤੇ ਪੇਸ਼ ਹੋਏ ਹਨ। ਇਸ ਗੀਤ ਲਈ ਖੂਨ ਪਸੀਨਾ ਵਹਾਉਣ ਵਾਲੇ ਕਿਰਤੀ ਕਲਾਕਾਰਾਂ ਨੂੰ ਇਸ ਗੀਤ ਨੂੰ ਅੰਜ਼ਾਮ ਦੇਣ ਵਾਲੇ ਕਿਰਤੀਆਂ ਨੂੰ ਬਣਦੀ ਥਾਂ ਦੇ ਕੇ ਇਸ ਕਾਰਜ ਨੂੰ ਸਮੂਹ ਨਾਲ ਜੋੜਨ ਦਾ ਮਾਣ ਬਕਸ਼ਿਆ ਹੈ। ਇਹ ਲੋਕਾਂ ਲਈ ਜੀਵਨ ਦਾ ਪੱਲ ਪੱਲ ਲਾ ਦੇਣ ਵਾਲਾ ਅਮੋਲਕ ਹੀ ਕਰ ਸਕਦਾ ਸੀ। ਇਸ ਲਈ ਦੇਸ਼ ਭਗਤ ਯਾਦਗਾਰ ਕਮੇਟੀ ਤੇ ਅਮੋਲਕ ਹੁਰੀ ਉਨ•ਾਂ ਸੈਕੜੇ ਕਿਰਤੀ ਕਲਾਕਾਰਾਂ ਦੇ ਨਾਲ ਵਧਾਈ ਦੇ ਹੱਕਦਾਰ ਹਨ ਜਿਨ•ਾਂ ਨੇ ਇਨਾਂ ਗੀਤਾਂ ਨੂੰ ਜੀਅ ਜਾਨ ਨਾਲ ਪੇਸ਼ ਕਰਕੇ ਅੱਜ਼ ਦੇ ਲੱਚਰ ਸਾਹਿਤ ਦੇ ਮੁਕਾਬਲੇ ਖੜੇ ਹੋਣ ਦਾ ਆਪਣਾ ਬਦਲ ਪੇਸ਼ ਕੀਤਾ ਹੈ। ਸ਼ਾਲਾ ਇਹ ' ਝੰਡੇ ਦਾ ਗੀਤ ' ਲੋਕਾਂ ਦਾ ਗੀਤ ਬਣ ਜਾਵੇ। ਮੈਂ ਇਸ ਸਾਂਬਣ ਜੋਗ ਪੁਸਤਕ ਲਈ ਲੇਖਕ ਤੇ ਪ੍ਰਕਾਸ਼ਕ ਨੂੰ ਵਧਾਈ ਪੇਸ਼ ਕਰਦਾ ਹਾਂ।

No comments:

Post a Comment