dr t virli

dr t virli

Wednesday, 4 February 2026

ਫ਼ਲਸਤੀਨ ਦੀ ਆਵਾਜ਼

 ਪੰਜਾਬੀ ਕਵਿਤਾ ਵਿਚ ਬਿਆਨ ਹੋਇਆ ਫ਼ਲਸਤੀਨ ਦਾ ਦਰਦ 


ਡਾ ਤੇਜਿੰਦਰ ਵਿਰਲੀ 


9464797400


 ਫ਼ਲਸਤੀਨ ਦੀ ਆਵਾਜ਼


ਤੇ ਮੈਂ ਗਾਜ਼ਾ ਕਹਿਨਾ ਦੋ ਕਾਵਿ ਪੁਸਤਕਾਂ ਹਨ ਜਿਹੜੀਆਂ ਥੋੜੇ ਜਿਹੇ ਅੰਤਰਾਲ ਨਾਲ ਪੰਜਾਬੀ ਪਾਠਕਾਂ ਦੇ ਹੱਥ ਵਿਚ ਆਉਂਦੀਆਂ ਹਨ। ਫ਼ਲਸਤੀਨ ਦੀ ਆਵਾਜ਼ ਕਿਤਾਬ ਨੂੰ ਪਰਸ ਮੰਚ ਨੇ ਛਾਪਿਆ ਹੈ। 207 ਪੰਨਿਆਂ ਤੇ ਫੈਲੀ ਇਸ ਕਿਤਾਬ ਦੀ ਕੀਮਤ 200 ਰੁਪ ਰੱਖੀ ਗਈ ਹੈ। ਲੋਕ ਪੱਖੀ ਵਿਦਵਾਨ ਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਸ ਅਮੋਲਕ ਸਿੰਘ ਅਤੇ ਸ੍ਰੀ ਯਸ਼ ਪਾਲ ਨੇ ਇਹ ਕਾਵਿ ਪੁਸਤਕ ਸੰਪਾਦਿਤ ਕੀਤੀ ਹੈ ,ਪੰਜਾਬੀ ਕਵੀਆਂ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਦੇ ਕਵੀਆਂ ਦੀਆਂ ਕਵਿਤਾਵਾਂ ਵੀ ਇਸ ਪੁਸਤਕ ਵਿਚ ਦਰਜ ਹਨ, ਜਿਨ੍ਹਾਂ ਦੇ ਅਨੁਵਾਦ ਪੜ੍ਹਦਿਆਂ ਇੰਜ ਪ੍ਰਤੀਤ ਹੋਇਆ ਕਿ ਲੋਕ ਦਰਦੀ ਚਾਹੇ ਕਿਸੇ ਵੀ ਭਾਸ਼ਾ ਦਾ ਹੋਵੇ ਉਹਦਾ ਮੁਲਕ ਚਾਹੇ ਕੋਈ ਹੋਵੇ ਪਰ ਸਾਰਿਆਂ ਦੀ ਸੰਵੇਦਨਾ ਇੱਕੋ ਜਿਹੀ ਹੁੰਦੀ ਹੈ,

ਦੂਸਰੀ ਪੁਸਤਕ ਮੈ ਗਾਜ਼ਾ ਕਹਿਨਾ ਵਿੱਚ ਫਲਸਤੀਨ ਬਾਰੇ ਢੇਰਾਂ ਕਵਿਤਾਵਾਂ ਹਨ ਇਸ ਕਿਤਾਬ ਦੀ ਸੰਪਾਦਕਾ ਡਾ ਅਰਵਿੰਦਰ ਕੌਰ ਕਾਕੜਾ ਤੇ ਅਜਮੇਰ ਸੰਧੂ ਹਨ। ਇਸ ਨੂੰ ਅਦਾਰਾ ਪਰਵਾਜ਼ ਨੇ ਪ੍ਰਕਾਸ਼ਿਤ ਕੀਤਾ ਹੈ। ਇੱਕ ਹਫਤੇ ਦੇ ਅੰਤਰ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਇਹਨਾਂ ਦੋ ਹਥਲੀਆਂ ਪੁਸਤਕਾਂ ਨੇ ਆਪਣੀ ਹਾਜ਼ਰੀ ਉਹਨਾਂ ਲੁੱਟੇ ਪੁੱਟੇ ਤੇ ਕੁੱਟੇ ਜਾਂਦੇ ਲੋਕਾਂ ਦੇ ਹੱਕ ਵਿੱਚ ਲਵਾਈ ਹੈ ਇਹ ਇਤਿਹਾਸ ਦਾ ਸੁਨਹਿਰੀ ਹਰਫ਼ ਬਣਗੀਆਂ। ਜਦੋਂ ਕਦੀ ਬਾਤ ਪਿਆ ਕਰੇਗੀ ਕੌਣ ਨਿਰਦੋਸ਼ ਮਸੂਮ ਬੱਚਿਆਂ ਦੇ ਬਾਰੇ ਜਾਣ ਤੇ ਉਹਨਾਂ ਦੇ ਹੱਕ ਵਿੱਚ ਖੜਾ ਹੋ ਕੇ ਹੰਜੂ ਕੇਰਦਾ ਸੀ ਤੇ ਕੌਣ ਇਜਰਾਇਲੀ ਬੰਬਬਾਜਾਂ ਦੇ ਹੱਕ ਵਿੱਚ ਮਸਕਰੀ ਹਾਸੀ ਹੱਸਦਾ ਸੀ। ਪੰਜਾਬੀ ਸ਼ਾਇਰਾਂ ਨੇ ਆਪਣੀ ਵਿਰਾਸਤ ਨੂੰ ਅੱਗੇ ਤੋਰਿਆ ਹੈ। ਤੇ ਕਿਸੇ ਭਾਸ਼ਾ ਦੇ ਵਾਸਤੇ ਇਹ ਉਦੋਂ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ ਜਦੋਂ ਹਾਕਮ ਇਹ ਨਾ ਚਾਹੁੰਦਾ ਹੋਵੇ ਤੇ ਲੋਕ ਫਿਰ ਵੀ ਬੁੱਲਾਂ ਤੇ ਆਏ ਤਰਾਨੇ ਨੂੰ ਗੀਤ ਦੇ ਰੂਪ ਵਿੱਚ ਗਾਉਣ ਲੱਗ ਪੈਣ।

ਅਮਰੀਕਾ ਵਿੱਚ ਵੱਸਦੇ ਪੰਜਾਬੀ ਸ਼ਾਇਰ ਸੁਰਿੰਦਰ ਸੋਹਲ ਬਹੁਤ ਹੀ ਸੁਹਜਮਈ ਢੰਗ ਨਾਲ ਬਿਆਨਿਆ ਹੈ


ਧੁਖਦੀ ਧੁਖਦੀ ਰਾਤ ਪੈਂਦੀ

 ਲੂਸਾ-ਲੂਸਾ ਦਿਨ ਚੜ੍ਹੇ


ਫਟ ਗਏ ਡਰ ਨਾਲ਼ ਤਾਰੇ 

ਬਣ ਗਏ ਨੋਕੀਲੇ ਟੁਕੜੇ 

ਦਿਨ ਦੀ ਅੱਖ ਵਿਚ ਚੁਭ ਗਏ ਨੇ


ਦਹਿਸ਼ਤੀ ਆਰੇ ਨੇ

 ਕਰ ਦੋਫਾੜ ਮਾਨਵਤਾ ਦੀ ਰੂਹ


ਖ਼ੌਫ਼ ਦੀ ਸੂਲੀ 'ਤੇ ਟੰਗੀ

 ਦੋਜਖ਼ੀ ਚੌਰਾਸਤੇ ਵਿਚ


ਤੋਤਲੇ ਬੋਲਾਂ ਨੂੰ ਵਿੰਨ੍ਹੇ 

ਗੋਲੀਆਂ ਦੀ ਸ਼ੂਕ


ਚੁੱਲਿਆਂ 'ਚੋਂ 

ਉਡ ਰਿਹਾ ਗਰਦੋ-ਗੁਬਾਰ

 ਅੰਨ ਪੱਕਣ ਦੀ ਮਹਿਕ

ਕਵਿਤਾ ਬਾਰੇ ਗੱਲ ਕਰਨ ਤੋਂ ਪਹਿਲਾਂ 

ਆਓ ਫਲਸਤੀਨ ਬਾਰੇ ਕੁਝ ਇਤਿਹਾਸਿਕ ਝਾਤ ਮਾਰ ਲਈਏ। ਜਿਸ ਇਜ਼ਰਾਈਲ-ਫ਼ਲਸਤੀਨ ਸੰਘਰਸ਼ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲੱਗ ਭੱਗ ਦਸ ਲੱਖ ਤੋਂ ਵੱਧ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਜੇਕਰ ਅਤੀਤ ਵਿੱਚ ਦੇਖਿਆ ਜਾਵੇ ਤਾਂ ਇਸ ਪੂਰੇ ਵਿਵਾਦ ਦੀਆਂ ਜੜ੍ਹਾਂ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਬ੍ਰਿਟਿਸ਼ ਸਾਮਰਾਜ ਦੁਆਰਾ ਕੀਤੇ ਗਏ ਬਸਤੀਵਾਦੀ ਰਾਜ ਵਿੱਚ ਪਈਆਂ ਹਨ।


 2 ਨਵੰਬਰ 1917 ਨੂੰ ਬ੍ਰਿਟੇਨ ਦੇ ਤਤਕਾਲੀ ਵਿਦੇਸ਼ ਸਕੱਤਰ ਆਰਥਰ ਬਾਲਫ਼ੋਰ ਨੇ ਬ੍ਰਿਟਿਸ਼ ਯਹੂਦੀ ਭਾਈਚਾਰੇ ਦੇ ਪ੍ਰਮੁੱਖ ਨੂੰ ਸੰਬੋਧਿਤ ਹੁੰਦਿਆਂ ਇੱਕ ਪੱਤਰ ਲਿਖਿਆ ਸੀ।

ਪੱਤਰ ਛੋਟਾ ਸੀ - ਪਰ ਜਿਸਦੀ ਕੰਬਣੀ ਅੱਜ ਤੱਕ ਮਹਿਸੂਸ ਕੀਤੀ ਜਾਂਦੀ ਹੈ।


ਪੱਤਰ ਵਿੱਚ ਇੱਕ ਬਰਤਾਨਵੀ ਬਸਤੀਵਾਦੀਆਂ ਨੇ ਯਹੂਦੀ ਅੰਦੋਲਨ ਨੂੰ ਇੱਕ ਅਜਿਹਾ ਦੇਸ਼ ਦੇਣ ਦਾ ਵਾਅਦਾ ਕੀਤਾ, ਜਿੱਥੇ ਅਰਬ ਮੂਲ ਦੇ ਫ਼ਲਸਤੀਨੀਆਂ ਦੀ 90 ਪ੍ਰਤੀਸ਼ਤ ਤੋਂ ਵੱਧ ਅਬਾਦੀ ਰਹਿੰਦੀ ਸੀ।

ਇਹ ਪੱਤਰ ਲਿਖਣ ਦਾ ਕਾਰਨ ਪਹਿਲੀ ਸੰਸਾਰ ਜੰਗ ਵਿੱਚ ਯਹੂਦੀਆਂ ਦਾ ਪ੍ਰਭਾਵ ਵਰਤ ਕੇ ਅਮਰੀਕਾ ਨੂੰ ਬਰਤਾਨੀਆ ਦੇ ਹੱਕ ਵਿੱਚ ਭੁਗਤਣ ਜਾਂ ਨਿਰਪੱਖ ਰਹਿਣ ਲਈ ਤਿਆਰ ਕਰਨਾ ਸੀ। 


1923 ਤੋਂ 1948 ਤੱਕ ਅੰਗਰੇਜ਼ਾਂ ਨੇ ਵੱਡੇ ਪੱਧਰ 'ਤੇ ਯਹੂਦੀ ਆਵਾਸ ਦੀ ਸਹੂਲਤ ਦਿੱਤੀ - ਇਸ ਵਿੱਚੋਂ ਬਹੁਤ ਸਾਰੇ ਯਹੂਦੀ ਯੂਰਪ ਵਿੱਚੋਂ ਨਾਜ਼ੀਵਾਦ ਦੇ ਡਰੋਂ ਭੱਜ ਰਹੇ ਸਨ ।

ਯਹੂਦੀ ਆਵਾਸ ਨੂੰ ਲੈ ਕੇ ਅਰਬਾਂ ਵਿੱਚ ਰੋਸ ਸੀ 

ਵਧਦੇ ਤਣਾਅ ਦੇ ਚੱਲਦਿਆਂ ਆਖ਼ਰ ਅਰਬ ਵਿਦਰੋਹ ਹੋਇਆ, ਜੋ 1936 ਤੋਂ 1939 ਤੱਕ ਚੱਲਿਆ।


ਅਪ੍ਰੈਲ, 1936 ਵਿੱਚ ਨਵੀਂ ਬਣੀ ਅਰਬ ਰਾਸ਼ਟਰੀ ਕਮੇਟੀ ਨੇ ਫ਼ਲਸਤੀਨੀਆਂ ਨੂੰ ਬ੍ਰਿਟਿਸ਼ ਬਸਤੀਵਾਦ ਅਤੇ ਵਧਦੇ ਯਹੂਦੀ ਆਵਾਸ ਵਿਰੋਧ ਆਮ ਹੜਤਾਲ ਸ਼ੁਰੂ ਕਰਨ, ਟੈਕਸ ਨਾ ਦੇਣ ਦਾ ਸੱਦਾ ਦਿੱਤਾ ।


ਇਸ ਹੜਤਾਲ ਨੂੰ ਅੰਗਰੇਜ਼ਾਂ ਸ਼ਾਸਕਾਂ ਨੇ ਬੇਰਹਿਮੀ ਨਾਲ ਕੁਚਲ ਦਿੱਤਾ ਅਤੇ ਸਜ਼ਾ ਵਜੋਂ ਫ਼ਲਸਤੀਨੀਆਂ ਦੇ ਘਰ ਤੋੜ ਸੁੱਟੇ। 


ਵਿਦਰੋਹ ਦਾ ਦੂਜਾ ਪੜਾਅ 1937 ਦੇ ਅੰਤ ਵਿੱਚ ਸ਼ੁਰੂ ਹੋਇਆ ਅਤੇ ਇਸਦੀ ਅਗਵਾਈ ਫ਼ਲਸਤੀਨੀ ਕਿਸਾਨ ਪ੍ਰਤੀਰੋਧ ਅੰਦੋਲਨ ਨੇ ਕੀਤੀ, ਜਿਸ ਨੇ ਬ੍ਰਿਟਿਸ਼ ਫ਼ੌਜਾਂ ਅਤੇ ਬਸਤੀਵਾਦ ਨੂੰ ਨਿਸ਼ਾਨਾ ਬਣਾਇਆ।


1939 ਦੀ ਦੂਜੀ ਛਿਮਾਹੀ ਤੱਕ ਬ੍ਰਿਟੇਨ ਨੇ ਫ਼ਲਸਤੀਨ ਵਿੱਚ 30,000 ਸੈਨਿਕ ਤੈਨਾਤ ਕਰ ਦਿੱਤੇ। ਪਿੰਡਾਂ ਉੱਤੇ ਹਵਾਈ ਬੰਬਾਰੀ ਕੀਤੀ ਗਈ, ਕਰਫ਼ਿਊ ਲਗਾਇਆ ਗਿਆ, ਘਰਾਂ ਨੂੰ ਢਾਹ ਦਿੱਤਾ ਗਿਆ, 1947 ਤੱਕ ਫ਼ਲਸਤੀਨ ਵਿੱਚ ਯਹੂਦੀ ਆਬਾਦੀ 33 ਪ੍ਰਤੀਸ਼ਤ ਹੋ ਗਈ, ਪਰ ਉਨ੍ਹਾਂ ਕੋਲ ਸਿਰਫ਼ 6 % ਜ਼ਮੀਨ ਹੀ ਸੀ।


ਸੰਯੁਕਤ ਰਾਸ਼ਟਰ ਨੇ ਪ੍ਰਸਤਾਵ 181 ਨੂੰ ਅਪਣਾਇਆ, ਜਿਸ ਵਿੱਚ ਫ਼ਲਸਤੀਨ ਨੂੰ ਅਰਬ ਰਾਸ਼ਟਰ ਅਤੇ ਯਹੂਦੀ ਰਾਸ਼ਟਰ ਵਿੱਚ ਵੰਡਣ ਦਾ ਸੱਦਾ ਦਿੱਤਾ ਗਿਆ। ਫ਼ਲਸਤੀਨੀਆਂ ਨੇ ਇਸ ਯੋਜਨਾ ਦਾ ਵਿਰੋਧ ਕੀਤਾ, ਕਿਉਂਕਿ ਇਸ ਵਿੱਚ ਫ਼ਲਸਤੀਨ ਦਾ ਲਗਭਗ 55 ਪ੍ਰਤੀਸ਼ਤ ਹਿੱਸਾ ਯਹੂਦੀ ਰਾਜ ਨੂੰ ਦਿੱਤਾ ਗਿਆ ਸੀ, ਜਿਸ ਵਿੱਚ ਜ਼ਿਆਦਾਤਰ ਉਪਜਾਊ ਤੱਟੀ ਖੇਤਰ ਸ਼ਾਮਲ ਸਨ।

14 ਮਈ, 1948 ਨੂੰ ਬ੍ਰਿਟਿਸ਼ ਫ਼ਰਮਾਨ ਖ਼ਤਮ ਹੋਣ ਤੋਂ ਪਹਿਲਾਂ ਹੀ ਯਹੂਦੀ ਅਰਧ-ਸੈਨਿਕ ਬਲ ਜਨਮ ਲੈਂਦੇ ਯਹੂਦੀ ਰਾਸ਼ਟਰ ਦੀਆਂ ਸੀਮਾਵਾਂ ਦਾ ਵਿਸਤਾਰ ਕਰਨ ਲਈ ਫ਼ਲਸਤੀਨੀ ਸ਼ਹਿਰਾਂ ਅਤੇ ਪਿੰਡਾਂ ਨੂੰ ਤਬਾਹ ਕਰਨ ਲਈ ਫ਼ੌਜੀ ਮੁਹਿੰਮਾਂ ਸ਼ੁਰੂ ਕਰ ਚੁੱਕੇ ਸਨ।


ਅਪ੍ਰੈਲ 1948 ਵਿੱਚ ਯਰੂਸ਼ਲਮ ਦੇ ਬਾਹਰੀ ਇਲਾਕਿਆਂ ਵਿੱਚ ਡੇਰ ਯਾਸੀਨ ਪਿੰਡ ਵਿੱਚ 100 ਤੋਂ ਵੱਧ ਫ਼ਲਸਤੀਨੀ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ।

1947 ਤੋਂ 1949 ਤੱਕ 500 ਤੋਂ ਵੱਧ ਫ਼ਲਸਤੀਨੀ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਗਿਆ। ਲਗਭਗ 15,000 ਫ਼ਲਸਤੀਨੀ ਮਾਰੇ ਗਏ, ਯਹੂਦੀ ਅੰਦੋਲਨ ਨੇ ਫ਼ਲਸਤੀਨ ਦੇ 78 ਪ੍ਰਤੀਸ਼ਤ ਹਿੱਸੇ ਉੱਤੇ ਕਬਜ਼ਾ ਕਰ ਲਿਆ 

ਲਗਭਗ 7,50,000 ਫ਼ਲਸਤੀਨੀਆਂ ਨੂੰ ਧੱਕੇ ਨਾਲ ਉਨ੍ਹਾਂ ਦੇ ਘਰਾਂ ਵਿੱਚੋਂ ਕੱਢ ਦਿੱਤਾ ਗਿਆ।


ਅੱਜ 60 ਲੱਖ ਫ਼ਲਸਤੀਨੀ ਅਤੇ ਗੁਆਂਢੀ ਦੇਸ਼ਾਂ ਲੇਬਨਾਨ, ਸੀਰੀਆ, ਜਾਰਡਨ ਅਤੇ ਮਿਸਰ ਦੇ ਕੈਂਪਾਂ ਵਿੱਚ ਸ਼ਰਨਾਰਥੀਆਂ ਦੇ ਰੂਪ ਵਿੱਚ ਦਿਨ ਕਟੀ ਕਰ ਰਹੇ ਹਨ।


15 ਮਈ, 1948 ਨੂੰ ਇਜ਼ਰਾਈਲ ਨੇ ਆਪਣੀ ਸਥਾਪਨਾ ਦਾ ਐਲਾਨ ਕੀਤਾ। ਇਜ਼ਰਾਇਲੀ ਸੈਨਾ ਨੇ 7,50,000 ਫ਼ਲਸਤੀਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ 78% ਫਲਾਸੀਨ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ।


1964 ਵਿੱਚ ਫ਼ਲਸਤੀਨੀ ਮੁਕਤੀ ਸੰਗਠਨ (ਪੀਐਲਓ) ਦਾ ਗਠਨ ਕੀਤਾ ਗਿਆ। ਇਸ ਤੋਂ ਇੱਕ ਸਾਲ ਬਾਅਦ ਰਾਜਨੀਤਿਕ ਦਲ 'ਫ਼ਤਹਿ' ਦੀ ਸਥਾਪਨਾ ਕੀਤੀ ਗਈ।


ਦਸੰਬਰ 1967 ਵਿੱਚ ਫ਼ਲਸਤੀਨ ਦੀ ਮੁਕਤੀ ਲਈ ਮਾਰਕਸਵਾਦੀ-ਲੈਨਿਨਵਾਦੀ ਪਾਪੂਲਰ ਫ਼ਰੰਟ ਦਾ ਗਠਨ ਕੀਤਾ ਗਿਆ। ਖੱਬੇਪੱਖੀ ਸਮੂਹਾਂ ਦੁਆਰਾ ਹਮਲਿਆਂ ਅਤੇ ਜਹਾਜ਼ ਅਗਵਾ ਕਰਨ ਦਾ ਸਿਲਸਿਲਾ ਆਰੰਭ ਹੁੰਦਾ ਹੈ।ਇਨ੍ਹਾਂ ਘਟਨਾਵਾਂ ਨੇ ਫ਼ਲਸਤੀਨੀਆਂ ਦੀ ਦੁਰਦਸ਼ਾ ਵੱਲ ਦੁਨੀਆ ਦਾ ਧਿਆਨ ਖਿੱਚਿਆ।


ਦਸੰਬਰ 1987 ਵਿੱਚ ਗ਼ਾਜ਼ਾ ਪੱਟੀ ਵਿੱਚ ਇੱਕ ਇਜ਼ਰਾਈਲੀ ਟਰੱਕ ਅਤੇ ਫ਼ਲਸਤੀਨੀ ਮਜ਼ਦੂਰਾਂ ਨੂੰ ਲਿਜਾ ਰਹੀਆਂ ਦੋ ਵੈਨਾਂ ਦੀ ਟੱਕਰ ਵਿੱਚ ਚਾਰ ਫ਼ਲਸਤੀਨੀ ਮਜ਼ਦੂਰ ਮਾਰੇ ਗਏ ਤਾਂ ਫ਼ਲਸਤੀਨੀਆਂ ਨੇ ਇਜ਼ਰਾਈਲੀ ਫ਼ੌਜ ਦੇ ਟੈਂਕਾਂ ਉੱਤੇ ਪਥਰਾਅ ਕੀਤਾ ਇਸ ਦੇ ਨਾਲ ਹੀ ਵਿਰੋਧ ਪ੍ਰਦਰਸ਼ਨ ਤੇਜ਼ੀ ਨਾਲ ਵੈਸਟ ਬੈਂਕ ਤੱਕ ਫੈਲ ਗਿਆ।ਇਸੇ ਵਿਰੋਧ-ਪ੍ਰਦਰਸ਼ਨ ਨਾਲ ਹਮਾਸ ਅੰਦੋਲਨ ਦੀ ਸ਼ੁਰੂਆਤ ਵੀ ਹੋਈ, ਜੋ ਮੁਸਲਿਮ ਬ੍ਰਦਰਹੁੱਡ ਦੀ ਇੱਕ ਸ਼ਾਖ਼ਾ ਸੀ। ਇਹ ਇਜ਼ਰਾਈਲੀ ਕਬਜ਼ੇ ਦੇ ਖ਼ਿਲਾਫ਼ ਹਥਿਆਰਬੰਦ ਪ੍ਰਤੀਰੋਧ ਵਿੱਚ ਸਰਗਰਮ ਸਨ।

ਸਿਆਸਤ ਦੇ ਨਿਰੀਖਕਾਂ ਤੋਂ ਇਹ ਗੱਲ ਲੁਕੀ ਹੋਈ ਨਹੀਂ ਹੈ ਕਿ ਇਜ਼ਰਾਈਲ ਦੇ ਆਧੁਨਿਕ ਰਾਜ ਨੂੰ 1948 ਵਿੱਚ 'ਫਾਈਵ ਆਈਜ਼ ਐਂਗਲੋ ਸਫ਼ੀਅਰ' ਦੁਆਰਾ ਬਣਾਇਆ ਗਿਆ ਸੀ, ਜਿਸ ਨੇ ਫਿਰ ਹਮਾਸ ਨੂੰ ਜਨਮ ਦਿੱਤਾ ਤਾਂ ਜੋ ਪੀਐਲਓ ਵਰਗੇ ਗ਼ੈਰ-ਸੰਪਰਦਾਇਕ ਅਤੇ ਧਰਮ-'ਨਿਰਪੱਖ ਸਮੂਹ ਨੂੰ ਹਰਾਇਆ ਜਾ ਸਕੇ । ਦੋਹਾਂ ਮਾਮਲਿਆਂ ਦੇ ਪਿੱਛੇ ਉਦੇਸ਼ ਅਰਬ ਸੰਸਾਰ ਦੇ ਤੇਲ ਦੇ ਭੰਡਾਰਾਂ ਦੇ ਆਲੇ-ਦੁਆਲੇ ਉੱਭਰਦੇ ਖੱਬੇਪੱਖੀ ਜੋਸ਼ ਦੇ ਖ਼ਤਰੇ ਨੂੰ ਖ਼ਤਮ ਕਰਨਾ ਸੀ।


1988 ਵਿੱਚ ਅਰਬ ਲੀਗ ਨੇ ਪੀਐਲਓ ਨੂੰ ਫ਼ਲਸਤੀਨੀ ਲੋਕਾਂ ਦੇ ਇਕਲੌਤੇ ਪ੍ਰਤਿਨਿਧੀ ਵਜੋਂ ਮਾਨਤਾ ਦਿੱਤੀ।


ਪੀਐਲਓ ਨੇ ਦੋ-ਰਾਸ਼ਟਰ ਹੱਲ ਦੇ ਆਧਾਰ 'ਤੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਅਤੇ ਅਜਿਹੇ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ ਜਿਨ੍ਹਾਂ ਨੇ ਪ੍ਰਭਾਵਸ਼ਾਲੀ ਰੂਪ 'ਚ ਇਜ਼ਰਾਈਲ ਨੂੰ ਵੈਸਟ ਬੈਂਕ ਦੀ 60 ਪ੍ਰਤੀਸ਼ਤ ਜ਼ਮੀਨ ਅਤੇ ਖੇਤਰ ਦੀ ਜ਼ਿਆਦਾਤਰ ਜ਼ਮੀਨ ਤੇ ਜਲ-ਸਾਧਨਾਂ ਉੱਤੇ ਨਿਯੰਤਰਨ ਦੇ ਦਿੱਤਾ ।


ਪੀਏ ਨੇ ਪੂਰਬੀ ਯੇਰੂਸ਼ਲਮ ਵਿੱਚ ਆਪਣੀ ਰਾਜਧਾਨੀ ਦੇ ਨਾਲ ਵੈਸਟ ਬੈਂਕ ਅਤੇ ਗ਼ਾਜ਼ਾ ਪੱਟੀ ਵਿੱਚ ਸੁਤੰਤਰ ਰਾਜ ਚਲਾਉਣ ਵਾਲੀ ਪਹਿਲੀ ਚੁਣੀ ਹੋਈ ਫ਼ਲਸਤੀਨੀ ਸਰਕਾਰ ਲਈ ਰਾਹ ਬਣਾਉਣਾ ਸੀ, ਪਰ ਅਜਿਹਾ ਕਦੇ ਨਾ ਹੋ ਸਕਿਆ।


1995 ਵਿੱਚ ਇਜ਼ਰਾਈਲ ਨੇ ਗ਼ਾਜ਼ਾ ਪੱਟੀ ਦੇ ਚਾਰੇ ਪਾਸੇ ਇੱਕ ਇਲੈਕਟ੍ਰਾਨਿਕ ਵਾੜ ਅਤੇ ਕੰਕਰੀਟ ਦੀ ਕੰਧ ਬਣਾਈ, ਜਿਸ ਨਾਲ ਵੰਡੇ ਹੋਏ ਫ਼ਲਸਤੀਨੀ ਖੇਤਰਾਂ ਵਿਚਾਲੇ ਸੰਪਰਕ ਰੁਕ ਗਿਆ।


ਪੀਐਲਓ ਨੇਤਾ ਯਾਸਿਰ ਅਰਾਫ਼ਾਤ ਦੀ 2004 ਵਿੱਚ ਮੌਤ ਹੋ ਗਈ। ਇਸ ਤੋਂ ਇੱਕ ਸਾਲ ਬਾਅਦ ਦੂਜਾ ਇੰਤੀਫ਼ਾਦਾ ਖ਼ਤਮ ਹੋ ਗਿਆ, ਗ਼ਾਜ਼ਾ ਪੱਟੀ ਵਿੱਚ ਇਜ਼ਰਾਈਲੀ ਬਸਤੀਆਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਇਜ਼ਰਾਈਲੀ ਸੈਨਿਕਾਂ ਤੇ 9,000 ਨਿਵਾਸੀਆਂ ਨੇ ਉਪਰੋਕਤ ਖੇਤਰ ਛੱਡ ਦਿੱਤਾ।

ਇੱਕ ਸਾਲ ਬਾਅਦ ਫ਼ਲਸਤੀਨੀਆਂ ਨੇ ਪਹਿਲੀ ਵਾਰ ਆਮ ਚੋਣਾਂ ਵਿੱਚ ਵੋਟਾਂ ਪਾਈਆਂ ।


ਹਮਾਸ ਨੇ ਬਹੁ-ਮਤ ਹਾਸਲ ਕੀਤਾ। ਹਾਲਾਂਕਿ, ਫ਼ਤਹਿ-ਹਮਾਸ ਵਿਚਾਲੇ ਗ੍ਰਹਿ-ਯੁੱਧ ਛਿੜ ਗਿਆ, ਜੋ ਮਹੀਨਿਆਂ ਤੱਕ ਚੱਲਿਆ। ਇਸ ਗ੍ਰਹਿ-ਯੁੱਧ ਦੇ ਨਤੀਜੇ ਵਜੋਂ ਸੈਂਕੜੇ ਫ਼ਲਸਤੀਨੀਆਂ ਦੀ ਮੌਤ ਹੋਈ।


ਹਮਾਸ ਨੇ ਫ਼ਤਹਿ ਨੂੰ ਗ਼ਾਜ਼ਾ ਪੱਟੀ 'ਚੋਂ ਕੱਢ ਦਿੱਤਾ ਅਤੇ ਫ਼ਲਸਤੀਨੀ ਅਥਾਰਿਟੀ ਦੀ ਮੁੱਖ ਪਾਰਟੀ ਫ਼ਤਹਿ ਨੇ ਵੈਸਟ ਬੈਂਕ ਦੇ ਕੁਝ ਹਿੱਸਿਆਂ ਉੱਤੇ ਫਿਰ ਤੋਂ ਨਿਯੰਤਰਨ ਸ਼ੁਰੂ ਕਰ ਲਿਆ ।


ਜੂਨ 2007 ਵਿੱਚ ਇਜ਼ਰਾਈਲ ਨੇ ਹਮਾਸ ਉੱਤੇ 'ਅੱਤਵਾਦ' ਦਾ ਦੋਸ਼ ਲਾਉਂਦਿਆਂ ਗ਼ਾਜ਼ਾ ਪੱਟੀ ਉੱਤੇ ਜ਼ਮੀਨ, ਹਵਾਈ ਅਤੇ ਸਮੁੰਦਰੀ ਨਾਕਾਬੰਦੀ ਕਰ ਦਿੱਤੀ।


ਇਜ਼ਰਾਈਲ ਨੇ ਗ਼ਾਜ਼ਾ ਦੇ ਖ਼ਿਲਾਫ਼ ਚਾਰ ਲੰਮੇ ਫ਼ੌਜੀ ਹਮਲੇ ਕੀਤੇ ਹਨ : 2008, 2012, 2014 ਅਤੇ 2021 ਵਿੱਚ। ਇਨ੍ਹਾਂ ਫ਼ੌਜੀ ਮੁਹਿੰਮਾਂ ਵਿੱਚ ਸੈਂਕੜੇ ਬੱਚਿਆਂ ਸਮੇਤ ਹਜ਼ਾਰਾਂ ਫ਼ਲਸਤੀਨੀ ਮਾਰੇ ਗਏ ਅਤੇ ਹਜ਼ਾਰਾਂ ਘਰ, ਸਕੂਲ, ਦਫ਼ਤਰੀ ਇਮਾਰਤਾਂ ਤਬਾਹ ਹੋ ਗਏ।


ਕਿੰਨੇ ਹੀ ਸਾਲਾਂ ਤੋਂ ਫ਼ਲਸਤੀਨੀ ਆਪਣੇ ਹੀ ਦੇਸ਼ ਵਿੱਚ ਬਿਨਾਂ ਕਿਸੇ ਅਜ਼ਾਦੀ ਤੋਂ ਰਹਿ ਰਹੇ ਹਨ। ਗ਼ਰੀਬੀ, ਅਨਪੜ੍ਹਤਾ ਅਤੇ ਸਿਹਤ ਸੇਵਾਵਾਂ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਬਣੀਆਂ ਹੋਈਆਂ ਹਨ। ਪੀਣ ਵਾਲਾ ਪਾਣੀ ਉਨ੍ਹਾਂ ਦੀ ਇੱਕ ਮਹੱਤਵਪੂਰਨ ਸਮੱਸਿਆ ਹੈ । ਜੇਕਰ ਤੁਸੀਂ ਇਜ਼ਰਾਈਲੀ ਖੇਤਰ ਵਿੱਚ ਖੜ੍ਹ ਕੇ ਫ਼ਲਸਤੀਨੀ ਬਸਤੀਆਂ ਵੱਲ ਨਜ਼ਰ ਮਾਰੋਂਗੇ ਤਾਂ ਦੇਖ ਸਕੋਂਗੇ ਕਿ ਫ਼ਲਸਤੀਨੀ ਅਰਬ ਕਿਸ ਹਾਲਤ ਵਿੱਚ ਰਹਿੰਦੇ ਹਨ ਅਤੇ ਯਹੂਦੀ ਕਿਸ ਹਾਲਤ ਵਿੱਚ। 

ਫ਼ਲਸਤੀਨੀ ਲੋਕਾਂ ਨਾਲ ਗ਼ੁਲਾਮਾਂ ਵਰਗਾ ਸਲੂਕ ਕੀਤਾ ਜਾਂਦਾ ਹੈ।

ਹੁਣ ਇਜ਼ਰਾਈਲ, ਗ਼ਾਜ਼ਾ ਅਤੇ ਵੈਸਟ ਬੈਂਕ ਦੇ ਫ਼ਲਸਤੀਨੀ ਅਰਬਾਂ ਲਈ ਨਾ ਤਾਂ ਇੱਕ ਵੱਖਰਾ ਦੇਸ਼ ਬਣਾਉਣ ਦੇ ਹੱਕ ਵਿੱਚ ਹੈ ਅਤੇ ਨਾ ਹੀ ਉਨ੍ਹਾਂ ਨੂੰ ਸੁਤੰਤਰਤਾ ਦੇਣ ਦੇ। ਪਾਣੀ ਦੀਆਂ ਪਾਈਪਾਂ ਤਬਾਹ ਕਰ ਦਿੱਤੀਆਂ ਜਾਂਦੀਆਂ ਹਨ। ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਹੈ। ਇੱਕ ਪਾਸੇ ਭੋਜਨ ਵੰਡਿਆ ਜਾਂਦਾ ਹੈ ਐਨ ਉਸੇ ਵਕਤ ਭੋਜਨ ਦੀ ਲਾਈਨ ਚ ਲੱਗੇ ਨੱਥੇ ਲੋਕਾਂ ਉੱਪਰ ਬੰਬਾਰੀ ਕਰਕੇ ਮਾਰ ਦਿੱਤਾ ਜਾਂਦਾ ਹੈ ।


ਰਾਕਟ ਹਮਲਿਆਂ ਨਾਲ ਨਾਗਰਿਕਾਂ ਦਾ ਮਾਨਸਿਕ ਤਣਾਅ ਏਨਾ ਜ਼ਿਆਦਾ ਵਧ ਗਿਆ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਮਾਨਸਿਕ ਰੋਗਾਂ ਦੇ ਮਾਹਰ ਕੋਲ ਦਿਖਾਉਣਾ ਪੈਂਦਾ ਸੀ ਅਤੇ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਇਜ਼ਰਾਈਲ ਸਰਕਾਰ ਨੇ ਇਸ ਸ਼ਹਿਰ ਵਿੱਚ ਹਰ ਪਾਸੇ ਨਾਗਰਿਕ ਸੁਰੱਖਿਆ ਬੰਕਰ ਬਣਾਏ ਹੋਏ ਹਨ, ਜਿੱਥੇ ਕੋਈ ਵੀ ਵਿਅਕਤੀ 8 ਸਕਿੰਟ ਦੇ ਅੰਦਰ-ਅੰਦਰ ਦੌੜ ਕੇ ਬੰਕਰਾਂ ਵਿੱਚ ਜਾ ਸਕੇ। 

“ਫ਼ਲਸਤੀਨ ਉਸੇ ਤਰ੍ਹਾਂ ਅਰਬ ਲੋਕਾਂ ਦਾ ਹੈ, ਜਿਸ ਤਰ੍ਹਾਂ ਇੰਗਲੈਂਡ, ਅੰਗਰੇਜ਼ਾਂ ਦਾ ਅਤੇ ਫ਼ਰਾਂਸ, ਫ਼ਰਾਂਸੀਸੀਆਂ ਦਾ ਹੈ। ਅਮਰੀਕਾ ਵਿੱਚ ਇਜ਼ਰਾਈਲ ਦੇ ਵਿਰੁੱਧ ਕਈ ਵੱਡੇ ਪ੍ਰਦਰਸ਼ਨ ਹੋਏ ਹਨ ਹਾਲਾਂਕਿ, ਮੀਡੀਆ ਨੇ ਉਨ੍ਹਾਂ ਦੀ ਬਹੁਤ ਘੱਟ ਚਰਚਾ ਕੀਤੀ ਅਤੇ ਕਈ ਯਹੂਦੀਆਂ ਨੇ ਪੱਛਮ ਏਸ਼ੀਆ ਵਿੱਚ ਇਜ਼ਰਾਈਲ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ।


ਦੁਨੀਆ ਵਿੱਚ ਸ਼ਾਇਦ ਹੀ ਕੋਈ ਭਾਈਚਾਰਾ ਏਨਾ ਪੀੜਤ ਹੋਵੇ ਜਿੰਨਾ ਫ਼ਲਸਤੀਨ ਅੱਜ ਹੈ।

ਮਹਾਤਮਾ ਗਾਂਧੀ ਤੋਂ ਲੈ ਕੇ ਵਾਜਪਾਈ ਤੱਕ ਸਾਰੇ ਵੱਡੇ ਲੀਡਰਾਂ ਨੇ ਫਲਸਤੀਨ ਦੀ ਹਿਮਾਇਤ ਕੀਤੀ ਸੀ ਪਰ ਅੱਜ ਭਾਰਤੀ ਸਰਕਾਰ ਬਿਲਕੁਲ ਵਿਰੋਧੀ ਪੈਂਤੜਾ ਲੈ ਕੇ ਇਜਰਾਇਲ ਨਾਲ ਖੜੀ ਹੈ।


ਪੁਸਤਕ ਦੀ ਪਹਿਲੀ ਕਵਿਤਾ ਅਰਬੀ ਕਵੀ ਦੀ ਹੈ।

" ਕਰਾਹ ਰਹੀਆਂ ਨੇ ਮਾਵਾਂ ਪੀੜਾਂ ਨਾਲ

  ਵਰਾਏ ਜਾ ਰਹੇ ਨੇ ਬੰਬ ਬੱਚਿਆਂ ਦੇ ਸਿਰਾਂ 'ਚ 

ਅਣ ਜੰਮੇ ਨੇ ਜੋ ਅਜੇ ਕੁੱਖਾਂ ' ਚ

ਜਾ ਰਹੇ ਸਿੱਧੇ ਕਬਰਾਂ 'ਚ "

 .....ਇਹ ਸੂਰਤੇਹਾਲ ਹੈ ਸਾਡੇ ਸਮਿਆਂ 'ਚ

ਉਸ ਮੁਲਕ ਦੀ ਅਤੇ ਉਥੋਂ ਦੇ ਲੋਕਾਂ ਦੀ, ਜੀਹਨੂੰ ਫਲਸਤੀਨ ਕਹਿੰਦੇ ਹਨ, ਦੁਨੀਆਂ ਦੇ ਨਕਸ਼ੇ 'ਚ ਸੁੰਗੜਦਾ ਸੁੰਗੜਦਾ, ਜਿਹੜਾ ਏਨਾ ਕੁ ਰਹਿ ਗਿਆ ਕਿ ਹੋਰ ਨਹੀਂ ਸੁੰਘੜ ਸਕਦਾ ।

" ਵੇਦਨਾ ਪੀੜਾ ਰੋਹ

  ਫਲਸਤੀਨ ਬੋਲਦਾ ਹੈ 

  ਸਮਾਂ ਲੰਘ ਰਿਹਾ ਹੈ 

  ‌ਸੰਸਾਰ ਖੜ੍ਹਾ ਦੇਖ ਰਿਹਾ ਹੈ "

ਪੰਜਾਬੀ ਸ਼ਾਇਰ ਰਿੰਪਲ ਪ੍ਰੀਤ ਆਖਦਾ ਹੈ,


ਫਾਸ਼ੀਵਾਦ ਖਿੜ ਖਿੜਾ ਕੇ ਹੱਸਦਾ ਹੈ

ਗਾਜ਼ਾ ਦੇ ਖੰਡਰਾਂ 'ਤੇ।


ਉਹਨਾਂ ਨੂੰ ਭਰਮ ਹੈ ਕਿ ਮਨੁੱਖਤਾ ਮਰ ਜਾਵੇਗੀ।

ਉਹ ਭਰਮ ਦੇ ਮਾਰਿਓ

 ਕਦੇ ਇਤਿਹਾਸ ਦੇ ਦਰਪਣ ਅੱਗੇ

ਖੜ੍ਹ ਕੇ ਨਜ਼ਰ ਮਾਰਿਓ

 ਮਿਲੇਗਾ ਜਵਾਬ ਹਤਿਆਰਿਓ।


ਹੀਰੋਸੀਮਾ ਤੇ ਨਾਗਾਸਾਕੀ 'ਚ ਫੁੱਲ ਖਿੜੇ ਨੇ।

ਫੁੱਲ ਗਾਜ਼ਾ ਵਿੱਚ ਵੀ ਖਿੜਨਗੇ। 

ਸ਼ਾਇਰਾਂ ਸ਼ੀਰੀਂ ਫਲਸਤੀਨ ਨੂੰ ਪਰਿਭਾਸ਼ਿਤ ਕਰਦੀ ਹੈ,


ਹਰ ਚੜ੍ਹਦਾ ਦਿਨ ਨਵੀਂ ਕਿਆਮਤ ਹੈ ਜਿੱਥੇ 

ਸਾਹ ਲੈਣਾ ਹੀ ਇੱਕ ਨਿਆਮਤ ਹੈ ਜਿੱਥੇ

 ਪਰ ਨਾਬਰੀ ਫਿਰ ਵੀ ਸਲਾਮਤ ਹੈ ਜਿੱਥੇ 

ਉਹ ਹੈ ਮੇਰਾ ਫ਼ਲਸਤੀਨ।

ਪੰਜਾਬ ਦੀ ਸ਼ਾਇਰਾ ਸੁਰਿੰਦਰ ਜੈਪਾਲ ਮਾਸੂਮ ਬੱਚਿਆਂ ਨੂੰ ਜਿਸ ਅੰਦਾਜ਼ ਨਾਲ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ ਉਸ ਦਾ ਕਦੀ ਜੇ ਅਰਬੀ ਜ਼ੁਬਾਨ ਵਿੱਚ ਅਨੁਵਾਦ ਹੋ ਸਕਿਆ ਤਾਂ ਉਹ ਮਾਵਾਂ ਉਮਰ ਭਰ ਲਈ ਪੰਜਾਬੀਆਂ ਦੀ ਧਿਰ ਬਣ ਕੇ ਖੜ ਜਾਣਗੀਆਂ ਜਿਨਾਂ ਲਈ ਖੂਨ ਦੇ ਅੱਥਰੂ ਕੇਰਦੀ ਸੁਰਿੰਦਰ ਗਿੱਲ ਲਿਖਦੀ ਹੈ


ਕਬਰਾਂ ਵਿੱਚ ਪਿਆਰੇ ਰੱਖੇ

ਉੱਤੇ ਪੱਥਰ ਭਾਰੇ ਰੱਖੇ

ਪੈਰਾਂ ਉਤਲੇ ਹੂਟੇ ਮਾਟੇ

ਪੀਲ਼ੇ ਲਾਲ ਗੁਬਾਰੇ ਰੱਖੇ

ਚੁੱਪ ਦੇ ਝੰਡੇ ਵਿੱਚ ਵਲ੍ਹੇਟੇ

ਆਜ਼ਾਦੀ ਦੇ ਨਾਹਰੇ ਰੱਖੇ

ਹੰਝੂਆਂ ਦੇ ਵਿੱਚ ਧੋ ਕੇ ਲੋਰੀਆਂ

ਜਦ ਅੱਖੀਆਂ ਦੇ ਤਾਰੇ ਰੱਖੇ

ਸੁੰਨਾ-ਸੁੰਨਾ ਅੰਬਰ ਰੱਖਿਆ

ਭਰ ਸਮੁੰਦਰ ਖਾਰੇ ਰੱਖੇ।

ਹਰਵਿੰਦਰ ਭੰਡਾਲ ਆਪਣੀ ਕਵਿਤਾ ਦੇ ਰਾਹੀਂ ਯੁਧ ਦੇ ਕਾਰਨਾਂ ਦੇ ਦਵੰਦ ਨੂੰ ਬਿਆਨਦਾ ਲਿਖਦਾ ਹੈ

ਹਾਕਮ ਆਖਦਾ ਹੈ-

"ਇਹ ਜੰਗਾਂ ਦਾ ਯੁੱਗ ਨਹੀਂ”

ਤੇ ਐਨ ਉਦੋਂ ਗਾਜ਼ਾ 'ਚ ਪਾਣੀ ਉਡੀਕਦਾ

 ਸੁੱਕੇ ਨੈਣਾਂ ਵਾਲਾ ਬਾਲ

ਚੀਥੜੇ ਹੋ ਜਾਂਦਾ ਹੈ ਬੰਬ ਨਾਲ

ਬੰਬ ‘ਮੂਸਾ' ਦੇ ਮੁਲਕੋਂ ਆਇਆ ਸੀ

 ਉਂਝ ਬਾਲ ਦਾ ਨਾਂ ਵੀ ਮੂਸਾ ਸੀ


ਐਨ ਉਦੋਂ ਜਦੋਂ ਇਹ ਮਿੱਠੇ ਮਹੁਰੇ ਜਿਹੇ ਸ਼ਬਦ ਡਿੱਗੇ

ਦੂਰ ਹਰੀਆਂ ਚਰਾਂਦਾਂ 'ਚ

ਹੋ ਗਏ ਖੂਨੋ-ਖੂਨ

ਕਦੇ ਜੋ ਇੱਕ ਮੁਲਕ ਦੇ ਵਾਸੀ ਸਨ

ਜਦੋਂ ਉਚਾਰੇ ਜਾ ਰਹੇ ਸਨ

ਇਹ ਬੇਸ਼ਰਮ ਸ਼ਬਦ


ਇੱਕ ਹੋਰ ਬਿਰਤਾਂਤਕ ਕਵਿਤਾ ਦੇ ਰਾਹੀਂ ਅਮਰੀਕਾ ਚ ਰਹਿੰਦਾ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਲਿਖਦਾ ਹੈ


ਨੌ ਵਰ੍ਹਿਆਂ ਦੀ ਫ਼ਲਸਤੀਨੀ ਕੁੜੀ

ਬਾਜ਼ਾਰ ਜਾਣ ਲਈ

ਜਦੋਂ ਘਰੋਂ ਤੁਰਨ ਲੱਗੀ

ਤਾਂ ਸੱਤ ਵਰ੍ਹਿਆਂ ਦੀ ਛੋਟੀ ਭੈਣ ਨੇ

ਜਿੱਦ ਕੀਤੀ-

ਮੈਂ ਵੀ ਜਾਉਂ ਨਾਲ ਤੇਰੇ


ਨਾ ਨੀ ਨਾ ਨਿੱਕੀਏ

ਵੱਡੀ ਨੇ ਜ਼ੋਰ ਦੇ ਕੇ ਕਿਹਾ-

ਮੈਂ ਹੁਣੇ ਗਈ ਤੇ ਹੁਣੇ ਆਈ

ਤੇਰੇ ਲਈ ਕੈਂਡੀ ਲਿਆਵਾਂਗੀ


ਅਚਾਨਕ ਸਾਇਰਨ ਵੱਜਿਆ

ਤੇ ਫਿਰ ਅੱਖ ਤੇ ਫੋਰ ਵਿਚ ਧਮਾਕਾ


ਜ਼ਿੰਦਗੀਆਂ ਲਾਸ਼ਾਂ 'ਚ 

ਤੇ ਲਾਸ਼ਾਂ ਚੀਥੜਿਆਂ ਵਿੱਚ ਬਦਲ ਗਈਆਂ 

ਇਹ ਕੋਈ ਪਹਿਲੀ ਵੇਰ ਨਹੀਂ ਸੀ ਹੋਇਆ

ਇਹ ਤਾਂ ਨਿੱਤ ਦਾ ਕਰਮ ਸੀ।


ਜਹਾਜ਼ ਪਰਤ ਗਿਆ 

ਜਿੱਤ ਦੇ ਜਸ਼ਨ ਮਨਾਉਂਦਾ ਹੋਇਆ 

ਲੋਕੀ ਫਿਰ ਨਿਕਲੇ ਘਰਾਂ ਤੋਂ ਬਾਹਰ

 ਮੋਇਆਂ ਨੂੰ ਸਾਂਭਣ ਲਈ

 ਜ਼ਿੰਦਗੀ ਨੂੰ ਜਿਉਂਦਾ ਰੱਖਣ ਲਈ


ਮਾਪਿਆਂ ਨੂੰ ਫ਼ਿਕਰ ਹੋਇਆ

 ਕੁੜੀ ਘਰ ਨਹੀਂ ਪਰਤੀ 

ਅੱਲਾ ਸਭ ਖ਼ੈਰ ਕਰੇ !

ਲੱਭਣ ਨਿਕਲੇ ਤਾਂ ਛੋਟੀ ਵੀ ਨਾਲ ਤੁਰੀ

ਪਰ ਲਾਸ਼ਾਂ ਦੇ ਚੀਥੜਿਆਂ 'ਚੋਂ ਕਿਵੇਂ ਪਛਾਣ ਕਰਦੇ 

ਕੌਣ ਕਿਹੜਾ ਹੈ ?


ਪਰਤ ਰਹੇ ਸੀ ਘਰ ਨੂੰ


ਤਾਂ ਛੋਟੀ ਦੀ ਨਿਗਾਹ ਕਿਸੇ ਚੀਜ਼ 'ਤੇ ਪਈ

 ਦੌੜ ਕੇ ਉਸਨੂੰ ਚੁੱਕਿਆ ਤੇ ਆਪਣੇ ਝੱਗੇ ਥੱਲੇ ਲੁਕੋ ਲਿਆ


ਬਾਪੂ ਨੇ ਪੁੱਛਿਆ-ਤੂੰ ਕੀ ਲੁਕੋਇਆ ਹੈ?


ਕੁਝ ਵੀ ਤਾਂ ਨਹੀਂ ਉਹ ਡੌਰ-ਭੌਰ ਹੋਈ ਆਖਦੀ ਹੈ

 ਬਾਪ ਫਿਰ ਜ਼ੋਰ ਨਾਲ ਪੁੱਛਦਾ ਹੈ ਤਾਂ ਛੋਟੀ ਕਹਿੰਦੀ ਹੈ-


ਇਹ ਮੇਰੀ ਦੀਦੀ ਦੀ ਚੱਪਲ ਹੈ

 ਤੇ ਛੋਟੀ ਨੂੰ ਚੁੰਮਦੇ ਚੱਟਦੇ

ਭਰੀਆਂ ਅੱਖਾਂ ਨਾਲ ਘਰ ਪਰਤ ਜਾਂਦੇ ਹਨ


ਹਥਲੀ ਪੁਸਤਕ ਫਲਸਤੀਨ ਦੀ ਵੇਦਨਾ,ਪੀੜਾ ਤੇ ਰੋਹ ਨੂੰ ਉਨ੍ਹਾਂ ਤਮਾਸ਼ਬੀਨਾਂ ਵਾਂਗ ਚੁੱਪ ਚਾਪ ਨਹੀਂ ਵੇਖਦੀ , ਜਿਹੜੇ ਫਿਰਕੂ ਮਾਨਸਿਕਤਾ ਨਾਲ ਗਰੱਸੇ ਹੋਏ ਹਨ।


" ਨਾ ਰੋ ਬੱਚੇ 

  ਰੋ ਰੋ ਕੇ ਤੇਰੀ ਅੰਮੀ ਨੇ 

 ਅਜੇ ਹੁਣੇ ਹੀ ਅੱਖ ਲਾਈ ਹੈ 

   ਨਾ ਰੋ ਬੱਚੇ!

ਕੁਸ਼ ਚਿਰ ਪਹਿਲਾਂ ਹੀ 

ਤੇਰੇ ਅੱਬਾ ਨੇ 

ਆਪਣੇ ਗ਼ਮ ਤੋਂ 

ਖ਼ਲਾਸੀ ਪਾਈ ਹੈ "



" ਦਰਿੜ੍ਹਤਾ ਹੀ ਹੈ ਸਾਡੀ ਖਾਧ ਖੁਰਾਕ 

  ਅਸੀਂ ਨਹੀਂ ਛੱਡਾਂਗੇ ਆਪਣੀ ਮਾਤ ਭੂਮੀ 

  ਕਿਉਂ ਨਹੀਂ ਸਮਝ ਰਹੇ ਉਹ?


ਇਹ ਪੁਸਤਕਾਂ ਦੀ ਕਾਵਿਕ ਇਬਾਰਤ ਆਪਣੇ ਆਪ ਨੂੰ ਵੀ ਸੰਬੋਧਿਤ ਹੈ ਤੇ ਸਾਲਾਂ ਤੋਂ ਇਜ਼ਰਾਈਲੀ /ਅਮਰੀਕੀ ਸਾਮਰਾਜੀ ਹੱਤਿਆਰਿਆਂ ਵਲੋਂ ਫ਼ਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਨਸਲਘਾਤ ਵਿਰੁੱਧ ਮਾਨਵਤਾ ਦੀ ਆਵਾਜ਼ ਵੀ ਹੈl

 ਇਕ ਐਸੀ ਜੰਗ ਜੋ ਸੁਣੀਆਂ/ਦੇਖੀਆਂ ਜੰਗਾਂ ਨਾਲੋਂ ਬਿਲਕੁਲ ਵੱਖਰੀ ਹੈ, ਆਪਣੇ ਹੀ ਘਰ 'ਚੋਂ ਕਿਸੇ ਨੂੰ ਕੱਢਣਾ, ਘਰਾਂ ਨੂੰ ਬੰਬਾਂ ਮਿਜ਼ਾਇਲਾਂ ਨਾਲ ਥੇਹ ਕਰ ਦੇਣਾ, ਸਕੂਲਾਂ ਹਸਪਤਾਲਾਂ ਨੂੰ ਮਲਬੇ ਦੇ ਢੇਰ ਬਣਾ ਦੇਣਾ, ਭੁੱਖ ਨਾਲ ਵਿਲਕਦੇ, ਮੁੱਠੀ ਭਰ ਅਨਾਜ ਲੈਣ ਲਈ ਕਤਾਰਾਂ ਵਿੱਚ ਖੜ੍ਹੇ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦੇਣਾ, ਫਲਸਤੀਨ 'ਚ ਇਹ ਰੋਜ਼ ਦੇ ਵਰਤਾਰੇ ਹਨ, ਇਹ ਲੋਕ ਕਹਾਣੀਆਂ 'ਚ " ਬਘਿਆੜ ਵਲੋਂ ਲੇਲੇ ਨੂੰ ਖਾਣ ਲਈ ਘੜੀ" ਕਹਾਣੀ ਵਾਂਗ ਹੈ। ਇਜ਼ਰਾਈਲੀ ਹਾਕਮਾਂ ਵਲੋਂ ਮਾਰੇ ਗਏ ਉਨ੍ਹਾਂ ਹਜ਼ਾਰਾਂ ਬੱਚਿਆਂ ‌ਦਾ ਦਰਦ ਇਹਨਾਂ ਨਜ਼ਮਾਂ ਰਾਹੀਂ ਹੰਝੂਆਂ ਵਾਂਗ ਪੁਸਤਕ ਦੇ ਪੰਨਿਆਂ 'ਤੇ ਵਹਿ ਰਿਹਾ ਹੈ, ਪਰ ਨਾਲ ਹੀ ਬੰਬਾਂ ਦੀ ਗੜ੍ਹਗਹਾਰਟ 'ਚ ਵੀ ਆਪਣਾ ਪਾਠ ਯਾਦ ਕਰਦੇ ਉਨ੍ਹਾਂ ਬਹਾਦਰ ਬੱਚਿਆਂ ਦੀ ਬਾਤ ਵੀ ਪਾਉਂਦਾ ਹੈ,  

 " ਯੁੱਧ ਖੇਤਰ 'ਚ

ਰਹਿਣ ਵਾਲੇ ਬੱਚਿਆਂ ਨੇ 

ਖਿਡੌਣੇ ਦੇਖੇ ਹੀ ਨਹੀਂ ਕਦੇ 

ਉਹ ਪੈਦਾ ਹੋਏ 

ਧਮਾਕਿਆਂ ਵਿਚਕਾਰ ਹੀ 

ਤੁਰਨਾ ਸਿੱਖਦੇ ਹੀ

ਖੇਡੇ ਬੰਬਾਂ ਨਾਲ " 

ਪੁਸਤਕ ਵਿਚ ਡਾਕਟਰ ਸੁਖਪਾਲ ਸਿੰਘ ਸੰਘੇੜਾ

 ਦਾ ਪ੍ਰਸਿੱਧ ਉਪੇਰਾ"ਹਿਟਲਰ ਅਜੇ ਮਰਿਆ ਨਹੀਂ " ਵੀ ਸ਼ਾਮਲ ਹੈ।

ਪੰਜਾਬੀ ਸਾਹਿਤ ਅੰਦਰ, ਪੰਜਾਬ ਲੋਕ ਸੱਭਿਆਚਾਰਕ ਮੰਚ ਵਲੋਂ ਕੀਤਾ ਗਿਆ ਇਹ ਉਪਰਾਲਾ,ਅਸਲ ਵਿੱਚ ਸਾਡੇ ਆਪਣੇ ਮੁਲਕ ਅੰਦਰ ਹਾਕਮਾਂ ਵਲੋਂ ਥਾਂ ਥਾਂ ਬਣਾਏ ਜਾ ਰਹੇ "ਫਲਸਤੀਨ" ਦੀ ਵੀ ਆਵਾਜ਼ ਹੈ।

No comments:

Post a Comment