ਸਭ ਤੋਂ ਵੱਧ ਪੜਿਆ ਜਾਂਦਾ ਹੈ ਨਰਿੰਦਰ ਕਪੂਰ!
ਡਾ ਤੇਜਿੰਦਰ ਵਿਰਲੀ
9464797400
ਅੱਜ ਜਿਸ ਕਿਤਾਬ ਦੀ ਚਰਚਾ ਕਰ ਰਹੇ ਹਾਂ ਉਹ ਡਾਕਟਰ ਨਰਿੰਦਰ ਸਿੰਘ ਕਪੂਰ ਹੁਰਾ ਦੀ ਲਿਖੀ ਹੋਈ " ਜਿੱਤ ਦਾ ਭਰੋਸਾ " ਇਸ ਕਿਤਾਬ ਨੂੰ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ। ਜਿਸ ਦੇ 180 ਪੰਨੇ ਹਨ ਅਤੇ ਇਸ ਦੀ ਕੀਮਤ 350 ਰੁਪਏ ਹੈ।
ਨਰਿੰਦਰ ਸਿੰਘ ਕਪੂਰ ਪੰਜਾਬੀ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਵਾਰਤਕ ਲੇਖਕ ਹੈ । ਉਸ ਦੀਆਂ ਕਿਤਾਬਾਂ ਦੇ ਪੱਕੇ ਠੱਕੇ ਪਾਠਕ ਹੁੰਦੇ ਹਨ। ਉਹਨਾਂ ਦੀ ਹਰ ਕਿਤਾਬ ਨੂੰ ਉਸੇ ਤਰ੍ਹਾਂ ਹੁੰਗਾਰਾ ਦਿੰਦੇ ਨੇ ਜਿਵੇਂ ਬੀਤੇ ਸਮੇਂ ਵਿੱਚ ਉਹਨਾਂ ਦੀ ਕਿਸੇ ਖਾਸ ਕਿਤਾਬ ਨੂੰ ਮਿਲਿਆ ਸੀ ।
ਹੱਥਲੀ ਪੁਸਤਕ ਮਈ 2025 ਵਿੱਚ ਪਹਿਲੀ ਵਾਰੀ ਪ੍ਰਕਾਸ਼ਿਤ ਹੋਈ ਤੇ ਹੱਥੋਂ ਹੱਥੀ ਵਿਕ ਜਾਣ ਦਾ ਰਿਕਾਰਡ ਕਾਇਮ ਕਰਨ ਤੋਂ ਬਾਅਦ ਜੂਨ 2025 ਵਿੱਚ ਜਾਣੀਕਿ ਅਗਲੇ ਹੀ ਮਹੀਨੇ ਇਸ ਦਾ ਦੂਸਰਾ ਐਡੀਸ਼ਨ ਛਪਦਾ ਹੈ। ਡਾ ਨਰਿੰਦਰ ਸਿੰਘ ਕਪੂਰ ਨੇ ਪੰਜਾਬੀ ਪਾਠਕਾਂ ਵਿੱਚ ਜਿਹੜੀ ਥਾਂ ਬਣਾਈ ਹੈ ਉਸ ਨੂੰ ਇਨਾਂ ਵੱਧ ਪਿਆਰ ਤੇ ਸਤਿਕਾਰ ਕਿਉਂ ਮਿਲਦਾ ? ਇਹ ਇੱਕ ਵੱਡਾ ਸਵਾਲ ਹੈ। ਇੱਕ ਪਾਸੇ ਪੰਜਾਬੀ ਦੇ ਲੇਖਕ ਤੇ ਪਬਲਿਸ਼ਰ ਇਸ ਗੱਲ ਦੀ ਦੁਹਾਈ ਦੇ ਰਹੇ ਹਨ ਕਿ ਲੋਕਾਂ ਦਾ ਪੁਸਤਕਾਂ ਤੋਂ ਮੋਹ ਭੰਗ ਹੋ ਰਿਹਾ ਹੈ ਤੇ ਦੂਸਰੇ ਬੰਨੇ ਵੱਡੀ ਗਿਣਤੀ ਵਿੱਚ ਪਾਠਕ ਨਰਿੰਦਰ ਸਿੰਘ ਕਪੂਰ ਨੂੰ ਪੜ੍ਹ ਰਹੇ ਹਨ। ਇਸ ਕਰਕੇ ਨਰਿੰਦਰ ਕਪੂਰ ਦੀ ਕਿਤਾਬ ਦਾ ਅਧਿਐਨ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
ਡਾ ਨਰਿੰਦਰ ਕਪੂਰ ਦਾ ਇੱਕ ਸਟਾਈਲ ਹੈ। ਉਨਾਂ ਦਾ ਇਹ ਸਟਾਈਲ ਬਾਕੀ ਕਿਤਾਬਾਂ ਵਾਂਗ ਇਸ ਕਿਤਾਬ ਵਿੱਚੋਂ ਵੀ ਸਪਸ਼ਟ ਦਿਖਾਈ ਦਿੰਦਾ ਹੈ । ਉਨਾਂ ਦੀਆਂ ਟੂਕਾਂ ਪੜਨ ਵਾਲੇ ਨੂੰ ਖਿਚ ਪਾਉਂਦੀਆਂ ਹਨ ਭਾਵੇਂ ਉਹ ਟੂਕਾਂ ਤਰਕ ਦੀ ਕਸੌਟੀ ਤੇ ਪੂਰਿਆਂ ਵੀ ਨਾ ਉਤਰਨ। ਉਹ ਲਿਖਦੇ ਹਨ,
ਵਕਤ ਬਹੁਤ ਕੁਝ ਸਿਖਾਉਂਦਾ ਹੈ, ਪਰ ਵਕਤ-ਸਿਰ ਨਹੀਂ ਸਿਖਾਉਂਦਾ ।
ਅਸੀਂ ਆਪਣੇ ਫੈਸਲਿਆਂ ਰਾਹੀਂ ਵਿਕਾਸ ਕਰਦੇ ਅਤੇ ਨਿਘਰਦੇ ਹਾਂ ।
ਜਦੋਂ ਸੋਚ ਬਦਲ ਜਾਂਦੀ ਹੈ ਤਾਂ ਬੰਦਾ ਹੀ ਨਹੀਂ, ਉਸ ਦੀ ਦੁਨੀਆਂ ਵੀ ਬਦਲ ਜਾਂਦੀ ਹੈ।
ਭਾਰਤ ਵਿਚ ਜਿਸ ਨੇ ਵੀ ਯੁੱਧ ਵਿਚ ਹਾਥੀ ਵਰਤੇ ਹਨ, ਉਹ ਹਾਰਿਆ ਹੈ।
ਹੁਣ ਹਰ ਥਾਂ ਨਵੀਂ ਕਿਸਮ ਦੇ ਵਲੀ-ਕੰਧਾਰੀ ਅਤੇ ਸੱਜਣ-ਠੱਗ ਮਿਲਦੇ ਹਨ ।
ਜ਼ਿੰਦਗੀ ਵਿਚ ਸਾਰੇ ਮੌਸਮ ਬਰਦਾਸ਼ਤ ਕਰਨੇ ਪੈਂਦੇ ਹਨ, ਕਰਨੇ ਵੀ ਚਾਹੀਦੇ ਹਨ।
ਘਰ-ਪਰਿਵਾਰ ਵਿਚ ਰੌਣਕ ਆਮਦਨ ਨਾਲ ਅਤੇ ਖੁਸ਼ੀ ਬਚਤ ਨਾਲ ਆਉਂਦੀ ਹੈ।
ਪੱਛੜੇ ਸਮਾਜਾਂ ਵਿਚ ਸੋਚਣ ਤੋਂ ਬਚਣ ਲਈ ਪਰੰਪਰਾ ਪਾਲੀ ਜਾਂਦੀ ਹੈ ।
ਜੇ ਗੱਲ-ਬਾਤ ਨਾਲ ਝਗੜਾ ਨਹੀਂ ਨਿਬੜਦਾ, ਤਾਂ ਮੁਕੱਦਮੇ ਨਾਲ ਵੀ ਨਹੀਂ ਨਿਬੜੇਗਾ ।
ਪੈਰਿਸ ਵਿਚ ਰਾਤ ਨੂੰ ਤਾਰੇ ਕੋਈ ਨਹੀਂ ਵੇਖਦਾ, ਉੱਥੇ ਚੰਨ ਹੀ ਚੜ੍ਹਦੇ ਹਨ !
ਕਵੀ ਅਤੇ ਕਲਾਕਾਰ ਦੀ ਪ੍ਰੇਰਨਾ ਪਤਨੀ ਕਦੇ ਨਹੀਂ, ਹਮੇਸ਼ਾ ਪ੍ਰੇਮਿਕਾ ਹੀ ਬਣਦੀ ਹੈ।
ਹੁਣ ਕਿਸੇ ਨੂੰ ਕਿਸੇ 'ਤੇ ਵਿਸ਼ਵਾਸ ਨਹੀਂ ਰਿਹਾ, ਹੁਣ ਹਰ ਕੋਈ ਇਕ ਅੱਖ ਖੋਲ੍ਹ ਕੇ ਸੌਂਦਾ ਹੈ ।
ਮਨੁੱਖ ਦੀ ਇਕਾਗਰ ਹੋਣ ਅਤੇ ਧਿਆਨ ਦੇਣ ਦੀ ਯੋਗਤਾ ਗੁਆਚਦੀ ਜਾ ਰਹੀ ਹੈ ।
ਅਜੋਕੇ ਯੁੱਗ ਵਿਚ ਜ਼ੋਰ ਨਾਲੋਂ ਤਕਨੀਕ, ਵਧੇਰੇ ਮਹੱਤਵਪੂਰਨ ਹੋ ਗਈ ਹੈ ।
ਪੜ੍ਹੋਗੇ, ਸੋਚਣ ਲੱਗ ਜਾਓਗੇ; ਸੋਚੋਗੇ, ਬੋਲਣ ਅਤੇ ਲਿਖਣ ਲੱਗ ਜਾਓਗੇ ।
ਅਧੂਰਾ ਕੰਮ ਚਿੰਤਾ ਉਪਜਾਉਂਦਾ ਹੈ ਅਤੇ ਹੋਰ ਕੰਮਾਂ ਵਿਚ ਵਿਘਨ ਪਾਉਂਦਾ ਹੈ।
ਸਾਊ ਬੰਦੇ ਹੁਣ ਪੱਛੜੀ ਜਾਤੀ ਬਣਦੇ ਜਾ ਰਹੇ ਹਨ, ਜਿਨ੍ਹਾਂ ਦੀ ਕਿਧਰੇ ਵਾਰੀ ਹੀ ਨਹੀਂ ਆਉਂਦੀ।
ਨਰਿੰਦਰ ਕਪੂਰ ਹੁਰਾਂ ਨੇ ਹੁਣ ਤੱਕ ਢੇਰਾਂ ਕਿਤਾਬਾਂ ਲਿਖੀਆਂ ਹਨ। ਸੰਸਾਰ ਭਰ ਵਿੱਚ ਵਸਦੇ ਪੰਜਾਬੀ ਜਦੋਂ ਵੀ ਭਾਰਤ ਆਉਂਦੇ ਨੇ ਤਾਂ ਉਹ ਨਰਿੰਦਰ ਸਿੰਘ ਕਪੂਰ ਦੀ ਨਵੀਂ ਕਿਤਾਬ ਦੀ ਤਲਾਸ਼ ਵਿੱਚ ਜੁੱਟ ਜਾਂਦੇ ਹਨ। ਪਰਦੇਸਾਂ ਵਿੱਚ ਵਸਦੇ ਪੰਜਾਬੀ ਪਿਛੋਕੜ ਵਾਲੇ ਸਧਾਰਨ ਲੋਕ ਕਪੂਰ ਦੇ ਪਾਠਕ ਹਨ।
ਨਰਿੰਦਰ ਸਿੰਘ ਕਪੂਰ ਨੂੰ ਜਿੰਨੀ ਸ਼ਿੱਦਤ ਨਾਲ ਪੜ੍ਹਿਆ ਜਾ ਰਿਹਾ ਉਸ ਤੋਂ ਵੱਧ ਸ਼ਿੱਦਤ ਨਾਲ ਉਸ ਨੂੰ ਸੁਣਿਆ ਵੀ ਜਾ ਰਿਹਾ ਹੈ । ਇਸ ਕਰਕੇ ਅਨੇਕਾਂ ਸਵਾਲ ਇਸ ਗੱਲ ਨਾਲ ਜੁੜਦੇ ਹਨ ਕਿ ਆਖਰ ਨਰਿੰਦਰ ਕਪੂਰ ਦੀ ਵਾਰਤਕ ਵਿੱਚ ਅਜਿਹਾ ਕੀ ਹੈ ? ਜਿਹੜਾ ਪਾਠਕਾਂ ਨੂੰ ਆਪਣੇ ਨਾਲ ਖਿੱਚੀ ਬੈਠਾ ਹੈ । ਕਪੂਰ ਹੁਰਾਂ ਦੀ ਸ਼ੈਲੀ ਵਿੱਚ ਇਨਾਂ ਦਮ ਹੈ ਕਿ ਉਹ ਪਾਠਕ ਨੂੰ ਆਪਣੇ ਨਾਲ ਰੋੜ ਕੇ ਲੈ ਜਾਣ ਦੇ ਸਮਰੱਥ ਹੈ ਜਿਵੇਂ ਹੜ ਹਰ ਨਿੱਕੀ ਮੋਟੀ ਵਸਤੂ ਨੂੰ ਆਪਣੇ ਨਾਲ ਰੋੜ ਕੇ ਲੈ ਜਾਂਦਾ ਹੈ। ਨਰਿੰਦਰ ਕਪੂਰ ਦੀ ਉਸ ਵਿਸ਼ੇਸ਼ ਸ਼ੈਲੀ ਉਸ ਦੇ ਅੰਦਾਜ਼ੇ ਬਿਆਨ ਵਿਚ ਹੈ। ਬਹੁਤੇ ਥਾਂ ਉਸਦਾ ਇਹ ਬਿਆਨ ਵਿਰੋਧਾਭਾਸੀ ਵੀ ਹੁੰਦਾ ਹੈ ।
ਜੀਵਨੀ ਮੂਲਕ ਲੇਖਾਂ ਵਿੱਚ ਜਿੱਥੇ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਵਸਤੂ ਸਪਸ਼ਟ ਹੈ ਉੱਥੇ ਉਸਦਾ ਉਸਦੇ ਵਰਤਾਂਤ ਵਿੱਚ ਰਵਾਨਗੀ ਆਉਂਦੀ ਹੈ ਉਥੇ ਉਸਦੀ ਵਾਰਤਕ ਹਮੇਸ਼ਾ ਕਾਵਿਕ ਰਹਿੰਦੀ ਹੈ ਤੇ ਵਿਚਾਰਧਾਰਕ ਹੋਣ ਦਾ ਭਰਮ ਸਿਰਜਦੀ ਹੈ। ਉਥੇ ਉਹ ਸਹਿਜ ਰੂਪ ਵਿੱਚ ਹੋ ਕੇ ਲਿਖਦਾ ਉਸਦੇ ਵੇਰਵੇ ਇੰਨੇ ਰੋਚਕ ਬਣਾ ਕੇ ਪੇਸ਼ ਕਰਦਾ ਕਿ ਇਹ ਉਸਦਾ ਵਲੱਖਣ ਅੰਦਾਜ਼ ਪਾਠਕਾਂ ਨੂੰ ਖਿੱਚ ਲੈਂਦਾ ਹੈ ।
ਨਰਿੰਦਰ ਕਪੂਰ ਦੇ ਪੁਰਖੇ ਪਾਕਿਸਤਾਨ ਚੋਂ ਉਜੜ ਕੇ ਆਏ ਜਦੋਂ 1947 ਵਿੱਚ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਨਰਿੰਦਰ ਕਪੂਰ ਦੇ ਪਰਿਵਾਰ ਦੇ ਜੀ ਦੋ ਸਾਲਾਂ ਦੇ ਨਰਿੰਦਰ ਨੂੰ ਚੁੱਕ ਕੇ ਭਾਰਤ ਵੱਲ ਪਰਤ ਰਹੇ ਸਨ ਇੱਕ ਬੱਚਾ ਜਿਹੜਾ ਉਹ ਸਫ਼ਰ ‘ਤੇ ਸੀ ਜਿਸ ਸਫਰ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਦੇਣਾ ਸੀ। ਉਸ ਦੁਖਾਂਤਕ ਵੰਡ ਦਾ ਉਸਨੂੰ ਕੁਝ ਵੀ ਯਾਦ ਨਹੀਂ। ਜਿਹੜੀਆਂ ਤਲਖ ਹਕੀਕਤਾਂ ਉਸਦੇ ਪਰਿਵਾਰ ਨੇ ਉਹਨਾਂ ਸਮਿਆਂ ਵਿੱਚ ਹੰਢਾਈਆਂ ਤੇ ਜਿਨਾਂ ਬਾਰੇ ਉਸ ਨੂੰ ਦੱਸੀਆਂ ਜਦੋਂ ਪਾਠਕ ਉਸ ਵਰਨਣ ਨੂੰ ਪੜ੍ਹਦਾ ਤੇ ਜਾਣਦਾ ਹੈ ਤਾਂ ਖੁਦ ਨੂੰ ਉਹਨਾਂ ਪਾਗਲ ਤੇ ਬੇਚੈਨ ਸਮਿਆਂ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਮਹਿਸੂਸ ਕਰਦਾ ਹੈ। ਡਾ ਨਰਿੰਦਰ ਸਿੰਘ ਕਪੂਰ ਦੇ ਮਾਪੇ ਜਦੋਂ ਸ਼ਰਨਾਰਥੀਆਂ ਦੇ ਟੋਲੇ ਨਾਲ ਭਾਰਤੀ ਪੰਜਾਬ ਵੱਲ ਆ ਹੀ ਰਹੇ ਸਨ ਤੇ ਉਸ ਵੇਲੇ ਟਰੰਕ ਦੀ ਅੱਸੀਂ ਨਰਿੰਦਰ ਦੇ ਬਾਬੇ ਦੀ ਅੱਖ ਵਿੱਚ ਵੱਜ ਜਾਣ ਨਾਲ ਬਾਬੇ ਨੂੰ ਦਿਸਣੋ ਹਟ ਗਿਆ। ਬਜ਼ੁਰਗ ਬਾਬਾ ਚੱਲਣ ਦੇ ਸਮਰੱਥ ਨਹੀਂ ਰਿਹਾ। ਸਫਰ ਦੇ ਭੱਨੇ ਬੱਚਿਆਂ ਨੂੰ ਸੰਭਾਲਦੇ ਮਾਂ ਬਾਪ ਲਈ ਬਾਪੂ ਵੀ ਸੰਭਾਲਣਾ ਹੋਰ ਮੁਸ਼ਕਿਲ ਹੋ ਰਿਹਾ ਸੀ, ਅੰਤ ਬਾਪੂ ਨੇ ਫੈਸਲਾ ਕੀਤਾ ਕਿ ਮੈਨੂੰ ਰਸਤੇ ਵਿੱਚ ਛੱਡ ਕੇ ਆਪ ਸੁਰੱਖਿਅਤ ਥਾਂ ‘ਤੇ ਚਲੇ ਜਾਓ। ਕਿਹੋ ਜਿਹੀ ਮਜਬੂਰੀ ਰਹੀ ਹੋਏਗੀ? ਕਿ ਆਪਣੇ ਚਾਰੇ ਬੱਚਿਆਂ ਨੂੰ ਲੈ ਕੇ ਨਰਿੰਦਰ ਕਪੂਰ ਦੇ ਮਾਂ ਬਾਪ ਆਪਣੇ ਬਾਪੂ ਨੂੰ ਇੱਕ ਖੂਹ ਦੇ ਕਿਨਾਰੇ ਤੇ ਛੱਡ ਕੇ ਆ ਗਏ ਇਸ ਸਦਮੇ ਨੇ ਨਰਿੰਦਰ ਕਪੂਰ ਦੇ ਬਾਪ ਨੂੰ ਮਾਨਸਿਕ ਤੌਰ ਤੇ ਤੋੜ ਦਿੱਤਾ। ਉਹ ਇਸ ਸਦਮੇ ‘ਚੋਂ ਉੱਭਰ ਨਹੀਂ ਸਕਿਆ। ਇਸੇ ਕਰਕੇ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਬਾਪੂ ਪ੍ਰਤੀ ਉਸਦੀ ਸ਼ਰਧਾ ਜ਼ਿੰਮੇਵਾਰੀ ਤੇ ਗੈਰ ਜ਼ਿੰਮੇਵਾਰੀ ਦੇ ਦਵੰਦ ਵਿੱਚੋਂ ਉਪਜੇ ਅਹਿਸਾਸ ਨੇ ਜਿਸ ਤਰ੍ਹਾਂ ਉਸਨੂੰ ਉਮਰ ਭਰ ਲਈ ਨਥਾਣਾ ਕਰ ਦਿੱਤਾ ਮਾਂ ਨੇ ਪਾਸਪੋਰਟ ਬਣਾ ਕੇ ਇੱਕ ਵਾਰੀ ਫਿਰ ਪਾਕਿਸਤਾਨ ਵਿੱਚ ਜਾ ਕੇ ਬਜ਼ੁਰਗ ਬਾਪੂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ।
ਸ਼ਰਨਾਰਥੀ ਹੋਣਾ ਆਪਣੇ ਆਪ ਵਿੱਚ ਇੱਕ ਦੁਖਾਂਤ ਹੈ,ਹੋਰ ਕਰੋੜਾਂ ਲੋਕਾਂ ਵਾਂਗ ਜਿਹੜਾ ਦੁਖਾਂਤ ਨਰਿੰਦਰ ਕਪੂਰ ਦੇ ਪਰਿਵਾਰ ਨੇ ਝੱਲਿਆ ਤੇ ਜਿਸ ਕਰਕੇ ਨਰਿੰਦਰ ਕਪੂਰ ਦੀ ਮਾਂ ਨੂੰ ਲੋਕਾਂ ਦੇ ਘਰ ਭਾਂਡੇ ਮਾਂਜਣੇ ਪਏ ਨਰਿੰਦਰ ਕਪੂਰ ਨੂੰ ਬਚਪਨ ਵਿੱਚ ਡਾਕਟਰ ਦੇ ਕਲੀਨਿਕ ਦੀ ਸਫਾਈ ਕਰਨੀ ਪਈ। ਇਸ ਸਾਰੇ ਕੰਮ ਦੇ ਮਾਹੌਲ ਵਿੱਚੋਂ ਜਿਹੜੀ ਚੀਜ਼ ਨਰਿੰਦਰ ਕਪੂਰ ਨੂੰ ਸਭ ਤੋਂ ਸੌਖੀ ਲੱਗਦੀ ਸੀ ਉਹ ਸੀ ਪੜਨਾ। ਇਸੇ ਵਿੱਚੋਂ ਉਸ ਨੂੰ ਪੜ੍ਹਨ ਦੀ ਚੇਟਕ ਲੱਗੀ।
ਹਾਦਸਿਆਂ ਦਾ ਦਰਦ ਜਿਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਪੈਰਸ ਕਦੋਂ ਜਾਓਗੇ, ਇਸ ਲੜੀ ਦੇ ਲੇਖ ਹਨ ਜਿਹੜੇ ਕਿਸੇ ਫਿਲਮ ਵੀ ਕਹਾਣੀ ਵਾਂਗ ਤੁਹਾਡੀਆਂ ਅੱਖਾਂ ਸਾਹਮਣੇ ਚਲਦੇ।
ਲੇਖਕ ਦੇ ਵਿਰੋਧਾਂਭਾਸ ਦਾ ਸਿਖਰ ਇਹ ਹੈ ਕਿ ਲੇਖਕ ਇੱਕ ਲੇਖ ਵਿੱਚ ਲਿਖਦਾ ਹੈ ਕਿ ਬੇਬੇ ਨੇ ਤਾਂ ਸਾਰੀ ਉਮਰ ਬਿਮਾਰ ਬਾਪ ਨੂੰ ਸਾਂਭਦੀ ਨੇ ਕੱਟ ਦਿੱਤੀ ਇਸ ਕਿਸਮ ਦਾ ਜ਼ਿਕਰ ਉਹ ਦੋ ਲੇਖਾਂ ਵਿੱਚ ਕਰਦਾ ਹੈ ਦੂਸਰੇ ਪਾਸੇ ਕਿਸੇ ਹੋਰ ਲੇਖ ਵਿੱਚ ਲੇਖਕ ਇਹ ਵੀ ਆਖ ਰਿਹਾ ਹੈ ਸਾਡੇ ਘਰ ਬਿਮਾਰ ਹੋਣ ਦਾ ਕਿਸੇ ਕੋਲ ਵਿਹਲ ਹੀ ਨਹੀਂ ਸੀ। ਕੀ ਲੇਖਕ ਭੁੱਲ ਚੁੱਕਾ ਕਿ ਉਸਨੇ ਕਿਸੇ ਲੇਖ ਵਿੱਚ ਇਹ ਲਿਖਿਆ ਕਿ ਮੇਰੇ ਬਾਪ ਮਾਨਸਿਕ ਰੋਗੀ ਸਨ ਤੇ ਉਹ ਸਾਰੀ ਉਮਰ ਚੁੱਪ ਰਹੇ। ਡਿਪਰੈਸ਼ਨ ਦੇ ਮਰੀਜ਼ ਹੋਣ ਕਰਕੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਜਾਂ ਨਰਿੰਦਰ ਕਪੂਰ ਮਾਨਸਿਕ ਬਿਮਾਰੀ ਨੂੰ ਬਿਮਾਰੀ ਨਹੀਂ ਸਮਝਦੇ? ਜਾਂ ਨਰਿੰਦਰ ਕਪੂਰ ਇਹ ਸਮਝਦੇ ਹਨ ਕਿ ਮੇਰੇ ਲੇਖ ਉਹਨਾਂ ਲੋਕਾਂ ਨੇ ਪੜ੍ਹਨੇ ਹਨ ਜਿਨ੍ਹਾਂ ਕੋਲ ਤਰਕ ਦੀ ਕਸਵੱਟੀ ਨਹੀਂ। ਜਿਹੜੇ ਲੋਕ ਸਵਾਲ ਕਰਨਾ ਨਹੀਂ ਜਾਣਦੇ। ਜਿਹੜੇ ਲੋਕ ਕੇਵਲ ਸਵਾਦ ਲੈਣ ਲਈ ਪੜ੍ਹਦੇ ਨੇ।
ਇਸ ਸਾਰੇ ਦੇ ਬਾਵਜੂਦ ਡਾ ਨਰਿੰਦਰ ਸਿੰਘ ਕਪੂਰ ਪੜਿਆ ਜਾ ਰਿਹਾ ਹੈ। ਉਸ ਦੇ ਪਾਠਕਾਂ ਨੂੰ ਨਵੀਂ
ਕਿਤਾਬ ਦੀਆਂ ਮੁਬਾਰਕਾਂ।
No comments:
Post a Comment