ਪੰਜ ਹਜ਼ਾ
ਰ ਸਾਲ ਪੁਰਾਣੀ ਸੱਭਿਅਤਾ ਏਦਾਂ ਖਤਮ ਨਹੀਂ ਹੁੰਦੀ।
ਡਾ ਤੇਜਿੰਦਰ ਵਿਰਲੀ
9464797400
ਅਮਰੀਕਾ ਅਤੇ ਇਰਾਨ ਜੰਗ ਬੰਦੀ ਦੌਰਾਨ ਗੱਲਬਾਤ ਦਾ ਇੱਕ ਹੋਰ ਦੌਰ ਸ਼ੁਰੂ ਹੋਇਆ ਤੇ ਖ਼ਤਮ ਵੀ ਹੋ ਗਿਆ ਜਿਸ ਤੇ ਦੁਨੀਆਂ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਇਹ ਸਪੱਸ਼ਟ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਉਸ ਸਮੇਂ ਹੋਈ ਜਦੋਂ ਦੋਨਾਂ ਧਿਰਾਂ ਵਿਚਕਾਰ ਵਿਸ਼ਵਾਸ ਦੀ ਪੂਰਨ ਘਾਟ ਹੈ, ਡਿਪਲੋਮੈਟਿਕ ਬੇਵਿਸ਼ਵਾਸੀ ਦਾ ਮਾਹੌਲ ਅਮਰੀਕਾ ਦੀਆਂ ਪਸਾਰਵਾਦੀ ਨੀਤੀਆਂ ਦੀ ਉਪਜ ਹੈ। ਕਿਉਂਕਿ ਦੋਵਾਂ ਧਿਰਾਂ ਨੇ ਪਿਛਲੇ ਸਾਲ ਦੋ ਵਾਰ ਗੱਲਬਾਤ ਕੀਤੀ ਸੀ , ਅਤੇ ਦੋਵੇਂ ਵਾਰ ਕੋਸ਼ਿਸ਼ਾਂ ਦੇ ਸਫਲ ਹੋਣ ਤੋਂ ਪਹਿਲਾਂ ਹੀ ਜੰਗ ਛਿੜ ਗਈ ਸੀ।
ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਹੈ ਕਿ ,"ਅਮਰੀਕਾ ਅਤੇ ਈਰਾਨ ਵਿਚਕਾਰ ਕੋਈ ਸਮਝੌਤਾ ਨਹੀਂ ਹੋਇਆ ਹੈ।"
ਇਸਲਾਮਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਉਨ੍ਹਾਂ ਕਿਹਾ, "ਪਾਕਿਸਤਾਨ ਨੇ ਗੱਲਬਾਤ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਚੰਗਾ ਕੰਮ ਕੀਤਾ ਤਾਂ ਜੋ ਇੱਕ ਸਮਝੌਤਾ ਹੋ ਸਕੇ।"
ਉਨ੍ਹਾਂ ਕਿਹਾ, "ਅਸੀਂ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਸਾਡੀਆਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਗੱਲਬਾਤ ਵਿੱਚ ਜੋ ਵੀ ਕਮੀਆਂ ਸਨ ਉਹ ਪਾਕਿਸਤਾਨੀਆਂ ਕਾਰਨ ਨਹੀਂ ਸਨ। ਪਾਕਿਸਤਾਨ ਨੇ ਬਹੁਤ ਵਧੀਆ ਕੰਮ ਕੀਤਾ।"
ਅਮਰੀਕੀ ਵਫਦ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਦੀ ਪ੍ਰਸ਼ੰਸਾ ਕੀਤੀ, ਤੇ ਅਮਰੀਕਾ ਲਈ ਰਵਾਨਾ ਹੋ ਗਏ ਹਨ।
ਦੁਨੀਆਂ ਦੇ ਸ਼ਾਂਤੀ ਪਸੰਦ ਲੋਕਾਂ ਨੇ ਇੱਕ ਦੁਖਦਾਈ ਵੀਡੀਓ ਦੇਖੀ ਜਿਸ ਵਿੱਚ ਅਮਰੀਕੀ ਵਫਦ ਗੱਲਬਾਤ ਖਤਮ ਕਰਕੇ ਵਾਪਸ ਮੁੜ ਰਿਹਾ ਹੈ ਉਸ ਵੀਡੀਓ ਵਿੱਚ, ਅਮਰੀਕੀ ਉਪ ਰਾਸ਼ਟਰਪਤੀ ਨੂੰ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ, ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੂੰ ਵਿਦਾਇਗੀ ਦਿੰਦੇ ਦੇਖਿਆ ਜਾ ਸਕਦਾ ਹੈ।
ਜਦੋਂ ਬੇਵਿਸ਼ਵਾਸੀ ਦਾ ਆਲਮ ਇਹ ਹੱਦ ਤੱਕ ਹੋਵੇ ਤਾਂ ਉਸ ਵੇਲੇ ਵਿਚੋਲੇ ਦੀ ਭੂਮਿਕਾ ਵੀ ਬਹੁਤ ਅਹਿਮ ਹੋ ਜਾਂਦੀ ਹੈ ਪਾਕਿਸਤਾਨ ਨੇ ਇਸ ਨੂੰ ਬਹੁਤ ਮਹੱਤਤਾ ਪੂਰਨ ਤਰੀਕੇ ਨਾਲ ਹੱਲ ਕੀਤਾ ਹੈ। ਜਦੋਂ ਅਮਰੀਕੀ ਉਪ ਰਾਸ਼ਟਰਪਤੀ ਆਪਣੇ ਵਫਦ ਨਾਲ ਇਸਲਾਮਾਬਾਦ ਪਹੁੰਚਦੇ ਹਨ ਤਾਂ ਉਸ ਵੇਲੇ ਮਨੀਰ ਹੁਰੀ ਡਿਪਲੋਮੈਟਿਕ ਡਰੈਸ ਜਾਨੀ ਕੋਰਟ ਪੈਂਟ ਵਿੱਚ ਦਿਖਾਈ ਦਿੰਦੇ ਹਨ ਤੇ ਜਿਸ ਵੇਲੇ ਇਰਾਨ ਦਾ ਵਫਦ ਆਉਂਦਾ ਹੈ ਤਾਂ ਉਸ ਵੇਲੇ ਮੁਨੀਰ ਹੁਰੀ ਫੌਜੀ ਵਰਦੀ ਵਿੱਚ ਦਿਖਾਈ ਦਿੰਦੇ ਹਨ। ਇਸ ਦੇ ਪ੍ਰਤੀਕ ਮਈ ਅਰਥ ਕਿਸੇ ਤੋਂ ਲੁਕੇ ਹੋਏ ਨਹੀਂ। ਪਾਕਿਸਤਾਨ ਦੇ ਵਾਯੂਮੰਡਲ ਵਿੱਚ ਇਰਾਨੀ ਜਹਾਜ ਦੇ ਪ੍ਰਵੇਸ਼ ਕਰਦਿਆਂ ਹੀ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਉਸ ਨੂੰ ਸੁਰੱਖਿਆ ਛਤਰੀ ਵਜੋਂ ਐਸਕਾਟ ਕੀਤਾ ਉਹ ਆਪਣੇ ਆਪ ਵਿੱਚ ਇੱਕ ਭਾਵਕ ਕਰਨ ਵਾਲਾ ਸੀਨ ਸੀ। ਤੇ ਬੇਵਿਸ਼ਵਾਸੀ ਦੇ ਆਲਮ ਵਿਚ ਸੁਰੱਖਿਆ ਦੀ ਗਰੰਟੀ। ਇਹ ਸੀਨ ਉਸ ਬੇਵਿਸ਼ਵਾਸੀ ਵਿੱਚੋਂ ਪੈਦਾ ਹੋਇਆ ਸੀ ਜਿਹੜੀ ਅਮਰੀਕਾ ਤੇ ਇਜ਼ਰਾਇਲ ਨੇ ਪਿਛਲੇ ਸਮਿਆਂ ਵਿੱਚ ਪੈਦਾ ਕਰ ਲਈ ਹੈ। ਜਿਸ ਵਿਚ ਸ਼ਾਂਤੀ ਦੀ ਗੱਲ ਕਰਨਾ ਵੀ ਮੁਸ਼ਕਲ ਹੋ ਗਿਆ ਹੈ।ਇਹ ਸਾਰੀ
ਗੱਲਬਾਤ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿੱਚ ਹੋ ਰਹੀ ਸੀ। ਦੁਨੀਆਂ ਨੇ ਨੋਟ ਕੀਤਾ ਕਿ ਅਮਰੀਕੀ ਤੇ ਇਰਾਨੀ ਵਫਦ ਇੱਕੋ ਹੋਟਲ ਵਿੱਚ ਠਹਿਰਿਆ, ਇੱਕੋ ਹੋਟਲ ਵਿੱਚ ਠਹਿਰਨ ਦਾ ਮਕਸਦ ਵੀ ਉਹ ਬੇਵਿਸ਼ਵਾਸ਼ੀ ਦਾ ਆਲਮ ਹੈ ਜਿਹੜਾ ਇਜ਼ਰਾਇਲ ਤੇ ਅਮਰੀਕਾ ਨੇ ਬਣਾਇਆ ਹੋਇਆ ਹੈ। ਕਿ ਹਮਲਾ ਗੱਲ ਕਰਨ ਆਇਆ ਤੇ ਵੀ ਹੋ ਸਕਦਾ ਹੈ।
ਗੱਲਬਾਤ ਖਤਮ ਹੋਣ ਤੋਂ ਪਹਿਲਾਂ, ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਕੀ ਨੇ ਐਕਸ 'ਤੇ ਦੱਸਿਆ ਕਿ ਪਾਕਿਸਤਾਨ ਦੀ ਸਦਭਾਵਨਾ ਅਤੇ ਵਿਚੋਲਗੀ ਹੇਠ ਅੱਜ ਸਵੇਰੇ ਸ਼ੁਰੂ ਹੋਈ ਮੁਸ਼ਕਲ ਗੱਲਬਾਤ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ। ਇਸ ਸਮੇਂ ਦੌਰਾਨ, ਦੋਵਾਂ ਧਿਰਾਂ ਵਿਚਕਾਰ ਕਈ ਸੰਦੇਸ਼ਾਂ ਅਤੇ ਲਿਖਤੀ ਡਰਾਫਟਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ।
ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਗੱਲਬਾਤ ਵਿੱਚ ਹੋਰਮੁਜ਼ ਜਲਡਮਰੂ, ਪ੍ਰਮਾਣੂ ਮੁੱਦੇ, ਜੰਗ ਦੇ ਨੁਕਸਾਨ ਲਈ ਮੁਆਵਜ਼ਾ, ਪਾਬੰਦੀਆਂ ਹਟਾਉਣ ਅਤੇ ਇਸ ਭੂਗੋਲਿਕ ਖੇਤਰ ਵਿੱਚ ਦੁਸ਼ਮਣੀ ਦੇ ਪੂਰੀ ਤਰ੍ਹਾਂ ਬੰਦ ਬਾਰੇ ਚਰਚਾ ਕੀਤੀ ਗਈ।
ਮੈਕਰੋਨ ਨੇ X 'ਤੇ ਇੱਕ ਪੋਸਟ ਵਿੱਚ ਕਿਹਾ ਕਿ ਉਸਨੇ ਮਸੂਦ ਪੇਜ਼ੇਸ਼ਕੀਅਨ ਨਾਲ ਗੱਲ ਕੀਤੀ ਅਤੇ ਸਾਰੇ ਦੇਸ਼ਾਂ ਨੂੰ ਸ਼ਾਮਲ ਕਰਨ ਵਾਲੇ ਖੇਤਰੀ ਸੁਰੱਖਿਆ ਗਰੰਟੀ ਸਮਝੌਤੇ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਸਨੇ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਵੀ ਕੀਤੀ ਅਤੇ ਲੇਬਨਾਨ ਸਮੇਤ ਜੰਗਬੰਦੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਸਵਾਲਾਂ ਦੇ ਜਵਾਬ ਵਿੱਚ, ਅਮਰੀਕਾ ਦੇ ਉਪ ਰਾਸ਼ਟਰਪਤੀ ਵੈਂਸ ਨੇ ਕਿਹਾ, "ਸਿੱਧੀ ਸੱਚਾਈ ਇਹ ਹੈ ਕਿ ਸਾਨੂੰ ਇਰਾਨ ਤੋਂ ਇੱਕ ਸਪੱਸ਼ਟ ਅਤੇ ਠੋਸ ਵਚਨਬੱਧਤਾ ਦੀ ਲੋੜ ਹੈ ਕਿ ਉਹ ਨਾ ਤਾਂ ਪ੍ਰਮਾਣੂ ਹਥਿਆਰ ਵਿਕਸਤ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਨਾ ਹੀ ਇਸਨੂੰ ਵਿਕਸਤ ਕਰਨ ਦੇ ਸਾਧਨ ਪ੍ਰਾਪਤ ਕਰੇਗਾ।"
ਵੈਂਸ ਨੇ ਕਿਹਾ ਕਿ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ "ਨਸ਼ਟ" ਹੋ ਗਿਆ ਹੈ, ਪਰ ਉਸਨੇ ਇਹ ਵੀ ਜ਼ੋਰ ਦਿੱਤਾ ਕਿ ਭਵਿੱਖ ਵਿੱਚ ਇਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ "ਮਜ਼ਬੂਤ ਅਤੇ ਬੁਨਿਆਦੀ ਰਾਜਨੀਤਿਕ ਇੱਛਾ ਸ਼ਕਤੀ" ਦੀ ਲੋੜ ਹੈ।
ਵੈਂਸ ਨੇ ਕਿਹਾ ਕਿ ਗੱਲਬਾਤ ਦੌਰਾਨ, ਇਰਾਨ ਦੀਆਂ ਕਈ ਫ੍ਰੀਜ਼ ਕੀਤੀਆਂ ਜਾਇਦਾਦਾਂ 'ਤੇ ਚਰਚਾ ਕੀਤੀ ਗਈ।
ਇਸ ਗੱਲਬਾਤ ਦੇ ਸਿਰੇ ਨਾ ਚੜਨ ਬਾਰੇ ਜਿੱਥੇ ਦੁਨੀਆਂ ਭਰ ਦੇ ਸ਼ਾਂਤੀ ਪਸੰਦ ਲੋਕਾਂ ਦੇ ਮਨਾਂ ਅੰਦਰ ਬੁਖਲਾਹਟ ਵੱਧ ਗਈ ਹੈ ਉੱਥੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਫਿਰ ਪੁਰਾਣੀ ਸੁਰ ਵਿੱਚ ਹੀ ਬਿਆਨ ਦਿੰਦਿਆਂ ਆਖਿਆ ਹੈ,
"ਅਸੀਂ ਦੇਖਾਂਗੇ ਕੀ ਹੁੰਦਾ ਹੈ,? ਪਰ ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।"ਟਰੰਪ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿਹਾ ਅਮਰੀਕਾ ਨੇ ਇਰਾਨ ਦੀ ਹਵਾਈ ਸੈਨਾ, ਜਲ ਸੈਨਾ ਅਤੇ ਲੀਡਰਸ਼ਿਪ ਨੂੰ ਤਬਾਹ ਕਰ ਦਿੱਤਾ ਹੈ ਅਤੇ ਹੁਣ ਉਹ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਲਈ ਕੰਮ ਕਰ ਰਿਹਾ ਹੈ।
ਟਰੰਪ ਨੇ ਕਿਹਾ ਕਿ ਅਮਰੀਕਾ ਇਹ ਉਨ੍ਹਾਂ ਦੇਸ਼ਾਂ ਲਈ ਕਰ ਰਿਹਾ ਹੈ ਜੋ "ਡਰ ਗਏ, ਕਮਜ਼ੋਰ ਜਾਂ ਸਸਤੇ ਸਨ। ਸਾਨੂੰ ਨਾਟੋ ਤੋਂ ਮਦਦ ਨਹੀਂ ਮਿਲੀ।"ਟਰੰਪ ਨੇ ਆਪਣੀ ਪੁਰਾਣੀ ਸੁਰ ਨੂੰ ਬਹਾਲ ਰੱਖਦਿਆਂ ਕਿਹਾ,"ਜੋ ਵੀ ਹੁੰਦਾ ਹੈ, ਅਸੀਂ ਜਿੱਤਾਂਗੇ। ਅਸੀਂ ਉਸ ਦੇਸ਼ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਹੈ।"
ਇਹ ਗੱਲਬਾਤ ਸ਼ੁਰੂ ਹੋਈ ਤੇ ਖਤਮ ਹੋ ਗਈ, ਪਰ ਇਸ ਦੇ ਵੱਡੇ ਅਰਥ ਤੇ ਵੱਡੇ ਸਨੇਹੇ ਦੁਨੀਆ ਨੇ ਦੇਖ ਲਏ ਹਨ।
ਦੁਨੀਆ ਭਰਨੇ ਦੇਖਿਆ ਕਿ ਕਿਵੇਂ ਅਮਰੀਕਾ ਦੇ ਨਾਗਰਿਕ ਟਰੰਪ ਦੀਆਂ ਪਸਾਰਵਾਦੀ ਨੀਤੀਆਂ ਦੇ ਖਿਲਾਫ ਲੱਖਾਂ ਦੀ ਗਿਣਤੀ ਵਿੱਚ ਸੜਕਾਂ ਤੇ ਆ ਗਏ ਤੇ ਉੱਥੇ ਦੂਸਰੇ ਪਾਸੇ ਇਰਾਨ ਦੀ ਪੰਜ ਹਜ਼ਾਰ ਸਾਲ ਪੁਰਾਣੀ ਸੱਭਿਅਤਾ ਨੂੰ ਖਤਮ ਕਰਨ ਦੀਆਂ ਧਮਕੀਆਂ ਦੇਣ ਵਾਲੇ ਟਰੰਪ ਦੀ ਡੈਡਲਾਈਨ ਖਤਮ ਹੁੰਦਿਆਂ ਸਾਰ ਹੀ ਇਰਾਨ ਦੇ ਕਰੋੜਾਂ ਲੋਕ ਉਸ ਐਨਰਜੀ ਸੈਂਟਰ ਦੇ ਆਲੇ ਦੁਆਲੇ ਇਕੱਤਰ ਹੋ ਗਏ ਜਿਸ ਨੂੰ ਬੰਬਾਂ ਨਾਲ ਤਬਾਹ ਕਰ ਦੇਣ ਦੀ ਧਮਕੀ ਅਮਰੀਕੀ ਰਾਸ਼ਟਰਪਤੀ ਟ੍ਰੰਪ ਨੇ ਦਿੱਤੀ ਸੀ। ਦੇਖਕੇ ਟਰੰਪ ਨੂੰ 15 ਦਿਨ ਲਈ ਯੁੱਧਬੰਦੀ ਦਾ ਐਲਾਨ ਕਰਨਾ ਪਿਆ । ਤੇ ਗੱਲਬਾਤ ਲਈ ਰਾਸਤੇ ਤਲਾਸ਼ਣਾ ਪਿਆ।
ਜਿਹੜਾ ਕੰਮ ਸੈਂਕੜੇ ਮਿਜਾਇਲਾਂ ਤੇ ਦਰਜਣਾਂ ਬੰਬ ਰਲ ਕੇ ਨਹੀਂ ਕਰ ਸਕਦੇ ਉਹ ਕੰਮ ਇੱਕ ਤਸਵੀਰ ਨੇ ਕਰ ਦਿੱਤਾ ਜਿਹੜੀ ਤਸਵੀਰ ਪਾਕਿਸਤਾਨ ਵਿੱਚ ਉਤਰਨ ਤੋਂ ਬਾਅਦ, ਇਰਾਨੀ ਸੰਸਦ ਦੇ ਸਪੀਕਰ ਅਤੇ ਗੱਲਬਾਤ ਵਿੱਚ ਸ਼ਾਮਲ ਹੋਣ ਆਏ ਇਰਾਨੀ ਨੇਤਾ ਮੁਹੰਮਦ ਬਾਕਰ ਕਾਲੀਬਾਫ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਾਂਝੀ ਕੀਤੀ ਸੀ, ਜੋ ਮਿੰਟਾਂ ਵਿੱਚ ਹੀ ਵਾਇਰਲ ਹੋ ਗਈ।
ਇਹ ਫੋਟੋ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ 'ਤੇ ਇਰਾਨੀ ਵਫ਼ਦ ਨਾਲ ਪਹੁੰਚੇ ਜਹਾਜ਼ ਦੀ ਅੰਦਰੋਂ ਲਈ ਗਈ ਸੀ।
ਫੋਟੋ ਵਿੱਚ ਜਹਾਜ਼ ਦੀਆਂ ਸੀਟਾਂ 'ਤੇ ਰੱਖੇ ਚਾਰ ਬੱਚਿਆਂ ਦੀਆਂ ਤਸਵੀਰਾਂ ਦਿਖਾਈ ਦਿੰਦੀਆਂ ਹਨ। ਫੋਟੋ ਵਿੱਚ ਜਹਾਜ ਦੀ ਸੀਟ 'ਤੇ ਸਕੂਲ ਬੈਗ 'ਤੇ ਰੱਖਿਆਂ ਗਿਆ ਹੈ, ਅਤੇ ਹਰੇਕ ਸੀਟ 'ਤੇ ਇੱਕ ਚਿੱਟਾ ਫੁੱਲ ਵੀ ਰੱਖਿਆ ਗਿਆ ਹੈ। ਯੁੱਧ ਵਿਰਾਮ ਦੀ ਗੱਲਬਾਤ ਲਈ ਆਏ ਇਰਾਨ ਦੇ ਚਾਰ ਡੇਲੀਗੇਟਾਂ ਦੇ ਨਾਲ ਉਹ 168 ਮਸੂਮ ਧੀਆਂ ਵੀ ਹਨ ਜਿਹੜੀਆਂ ਅਮਰੀਕੀ ਜੰਗ ਬਾਜਾਂ ਨੇ ਬੰਬ ਸਿੱਟ ਕੇ ਪੜ੍ਹਨ ਗਈਆਂ ਮਾਰ ਦਿੱਤੀਆਂ। ਭਾਵੇਂ ਇੱਕ ਸੰਕੇਤ ਸੀ ਪਰ ਇਹ ਸੰਕੇਤ ਉਸ 5 ਹਜਾਰ ਸਾਲ ਪੁਰਾਣੀ ਸਭਿਤਾ ਦੇ ਸੁਭਾਅ ਨੂੰ ਬਿਆਨ ਕਰਦਾ ਹੈ ਜਿਹੜੀ ਸੱਭਿਅਤਾ ਆਪਣੇ ਮਰ ਚੁੱਕਿਆ ਨੂੰ ਭੁੱਲਦੀ ਨਹੀਂ ਸਗੋਂ ਆਪਣੇ ਨਾਲ ਰੱਖਦੀ ਹੈ ਉਹਨਾਂ ਨੂੰ ਸ਼ਾਇਦ ਮਾਰਿਆ ਨਹੀਂ ਜਾ ਸਕਦਾ।
ਇਰਾਨ ਤੋਂ ਪਾਕਿਸਤਾਨ ਪਹੁੰਚੇ ਜਹਾਜ਼ ਦਾ ਨਾਮ 'ਮਿਨਾਬ 168' ਰੱਖਿਆ ਗਿਆ।
ਕਾਲੀਬਾਫ ਨੇ ਫੋਟੋਆਂ ਦੇ ਨਾਲ ਆਪਣੀ ਪੋਸਟ ਵਿੱਚ ਲਿਖਿਆ, "ਇਸ ਉਡਾਣ ਤੇ ਗੱਲਬਾਤ ਵਿੱਚ ਮੇਰੇ ਸਾਥੀ ਨੇ।" ਦੁਨੀਆ ਭਰ ਦੇ ਲੋਕ ਜਦੋਂ ਸ਼ਾਂਤੀ ਵਾਰਤਾ ਤੇ ਨਜ਼ਰਾਂ ਟਿਕਾਈ ਬੈਠੇ ਸਨ ਉਸ ਵਕਤ ਇਰਾਨ ਨੇ ਦੁਨੀਆਂ ਦਾ ਧਿਆਨ 28 ਫਰਵਰੀ ਨੂੰ ਮਿਨਾਬ ਸ਼ਹਿਰ, ਵਿੱਚ ਇੱਕ ਬੱਚਿਆਂ ਦੇ ਉਸ ਸਕੂਲ,ਵੱਲ ਕਰ ਦਿੱਤਾ ਜਿੱਥੇ ਅਮਰੀਕਾ ਤੇ ਇਜਰਾਇਲ ਨੇ ਮਿਜਾਇਲ ਹਮਲੇ ਨਾਲ ਤਬਾਹ ਕਰ ਦਿੱਤਾ ਸੀ ਤੇ ਜਿਸ ਹਮਲੇ ਵਿੱਚ ਮਸੂਮ ਬੱਚੀਆਂ ਸਮੇਤ 168 ਲੋਕ ਮਾਰੇ ਗਏ ਸਨ। ਹੁਣ ਜਦੋਂ ਸ਼ਾਂਤੀ ਦੀ ਗੱਲਬਾਤ ਹੋ ਰਹੀ ਹੈ ਤਾਂ ਉਨਾਂ ਮਾਸੂਮਾਂ ਨੂੰ ਯਾਦ ਰੱਖਣਾ ਇੱਕ ਸੱਭਿਅਤਾ ਦੀ ਗੌਰਵਮਈ ਪਰੰਪਰਾ ਦਾ ਹਿੱਸਾ ਬਣ ਗਈ ਹੈ।
ਅਮਰੀਕਾ ਇਸ ਘਟਨਾ ਦੀ ਸ਼ਰਮਿੰਦਗੀ ਤੋਂ ਬਚ ਨਹੀਂ ਸਕਦਾ । ਇਸੇ ਲਈ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੂੰ ਕਹਿਣਾ ਪਿਆ ਕਿ ਮਿਨਾਬ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜ ਹਜ਼ਾਰ ਸਾਲ ਪੁਰਾਣੀ ਸੱਭਿਅਤਾ ਪਲਾਂ ਵਿੱਚ ਖਤਮ ਨਹੀਂ ਹੁੰਦੀ। 1979 ਜਦੋਂ ਇਰਾਨ ਵਿੱਚ ਇਸਲਾਮ ਇਨਕਲਾਬ ਆਇਆ ਤੇ ਸ਼ਾਹ ਦੀ ਸਤ੍ਹਾ ਦਾ ਅੰਤ ਹੋਇਆ। ਲੋਕ ਲੜ ਰਹੇ ਸਨ ਤੇ ਸ਼ਹੀਦ ਹੋ ਰਹੇ ਸਨ।
ਤਾਂ ਪੈਰਿਸ ਤੋਂ ਖ਼ਬਰ ਆਈ ਕਿ ਦੇਸ਼ ਬਦਰ ਕੀਤੇ ਈਮਾਮ ਖਮੀਨੀ ਇਰਾਨ ਵਾਪਸ ਪਰਤ ਰਹੇ ਹਨ । ਕੰਮ ਚਲਾਉ ਪ੍ਰਧਾਨ ਮੰਤਰੀ ਬਖ਼ਤਿਆਰ ਦਾ ਬਿਆਨ ਆਇਆ - ਸਨਮਾਨਯੋਗ ਈਮਾਮ ਖਮੀਨੀ ਨੂੰ ਤਹਿਰਾਨ ਹਵਾਈ ਅੱਡੇ ਉਪਰ ਲੈਣ ਵਾਸਤੇ ਮੈਂ ਆਪ ਜਾਵਾਂਗਾ। ਈਮਾਮ ਨੇ ਕਿਹਾ, ਜੇ ਉਹ ਬਤੌਰ ਪ੍ਰਧਾਨ ਮੰਤਰੀ ਆਏਗਾ, ਮੈਂ ਉਸਨੂੰ ਨਹੀਂ ਮਿਲਾਂਗਾ। ਉਸਨੇ ਮਿਲਣਾ ਹੈ ਤਾਂ ਅਸਤੀਫ਼ਾ ਦੇ ਕੇ ਆਏ।
ਉਹ ਨਹੀਂ ਆਇਆ। ਹਵਾਈ ਅੱਡੇ ਉਪਰ ਬਹੁਤ ਵੱਡੀ ਭੀੜ ਜਮ੍ਹਾਂ ਹੋ ਗਈ। ਈਮਾਮ ਦਾ ਘਰ ਕੁੰਮ ਸ਼ਹਿਰ ਵਿੱਚ ਸੀ। ਲੋਕ ਜਾਣਦੇ ਸਨ ਕਿ ਤਹਿਰਾਨ ਤੋਂ ਉਹ ਕੁੰਮ ਹੀ ਆਏਗਾ।
ਜਿਵੇਂ ਸਾਰਾ ਇਰਾਨ ਤਹਿਰਾਨ ਤੋਂ ਕੁੰਮ ਨੂੰ ਜਾਣ ਵਾਲੀ ਸੜਕ ਦੇ ਦੋਹੀਂ ਪਾਸੀਂ ਤੁਰ ਆਇਆ । ਈਮਾਮ ਜਹਾਜ਼ਾਂ ਤੋਂ ਉਤਰਿਆ ਤਾਂ ਫੁੱਲਾਂ ਨਾਲ ਲੱਦ ਦਿੱਤਾ। ਪੁੱਛਿਆ-ਹਜ਼ੂਰ ਘਰ ਚੱਲੋਗੇ ਹੁਣ ? ਈਮਾਮ ਖੁਮੇਨੀ ਨੇ ਕਿਹਾ-ਘਰ ? ਆ ਤਾਂ ਗਿਆ ਹਾਂ ਆਪਣੇ ਘਰ।
ਇਰਾਨ ਮੇਰਾ ਘਰ ਹੈ। ਫਿਰ ਪੁੱਛਿਆ- ਤਾਂ ਵੀ। ਤਹਿਰਾਨ ਚੱਲੀਏ ਕਿ ਪਵਿੱਤਰ ਸ਼ਹਿਰ ਕੁੰਮ ? ਈਮਾਮ ਨੇ ਕਿਹਾ ਪਹਿਲੋਂ ਤਹਿਰਾਨ ਦੇ ਕਬਰਿਸਤਾਨ ਵਿਚ ਜਾਵਾਂਗਾ। ਮੇਰੇ ਹਜ਼ਾਰਾਂ ਬੱਚੇ ਬੱਚੀਆਂ ਉਥੇ ਸੁੱਤੇ ਪਏ ਹਨ। ਲੜਾਈ ਮੈਂ ਆਰੰਭ ਕੀਤੀ। ਉਹ ਇਸ ਕਰਕੇ ਲੜੇ ਕਿ ਫ਼ਤਹਿਯਾਬ ਹੋ ਕੇ ਆਪਣੇ ਈਮਾਮ ਨੂੰ ਮਿਲਾਂਗੇ। ਫ਼ਤਹਿਯਾਬ ਤਾਂ ਹੋ ਗਏ ਪਰ ਉਹ ਹੁਣ ਨਹੀਂ ਰਹੇ। ਉਨ੍ਹਾਂ ਨੂੰ ਮਿਲਣ ਕਬਰਿਸਤਾਨ ਵਿਚ ਮੈਂ ਜਾਵਾਂਗਾ। ਕਬਰਿਸਤਾਨ ਵਿਚ ਜਾ ਕੇ ਸ਼ਹੀਦਾਂ ਲਈ ਫ਼ਾਤਿਹਾ ਪੜ੍ਹ ਕੇ ਈਮਾਮ ਨੇ ਕਿਹਾ-ਮੌਤ ਪਿੱਛੋਂ ਮੇਰੀ ਕਬਰ ਮੇਰੇ ਇਸ ਪਰਿਵਾਰ ਵਿਚ ਬਣੇ। ਮੈਨੂੰ ਇਥੇ ਦਫ਼ਨ ਕਰਨਾ। ਇਥੇ ਮੈਨੂੰ ਚੈਨ ਮਿਲੇਗਾ। ਇਹ ਮੇਰੀ ਵਸੀਅਤ ਹੈ। ਨੋਟ ਕੀਤੀ ਜਾਵੇ।
ਜਿਹੜੇ ਵਤਨ ਨੂੰ ਆਪਣਾ ਘਰ ਸਮਝਣ ਤੇ ਸ਼ਹੀਦ ਹੋਇਆਂ ਨੂੰ ਆਪਣਾ ਪਰਿਵਾਰ ਉਸ ਸਭਿਅਤਾਵਾਂ ਏਦਾਂ ਖਤਮ ਨਹੀਂ ਹੁੰਦੀਆਂ।

No comments:
Post a Comment