dr t virli

dr t virli

Wednesday, 4 February 2026

ਫ਼ਲਸਤੀਨ ਦੀ ਆਵਾਜ਼

 ਪੰਜਾਬੀ ਕਵਿਤਾ ਵਿਚ ਬਿਆਨ ਹੋਇਆ ਫ਼ਲਸਤੀਨ ਦਾ ਦਰਦ 


ਡਾ ਤੇਜਿੰਦਰ ਵਿਰਲੀ 


9464797400


 ਫ਼ਲਸਤੀਨ ਦੀ ਆਵਾਜ਼


ਤੇ ਮੈਂ ਗਾਜ਼ਾ ਕਹਿਨਾ ਦੋ ਕਾਵਿ ਪੁਸਤਕਾਂ ਹਨ ਜਿਹੜੀਆਂ ਥੋੜੇ ਜਿਹੇ ਅੰਤਰਾਲ ਨਾਲ ਪੰਜਾਬੀ ਪਾਠਕਾਂ ਦੇ ਹੱਥ ਵਿਚ ਆਉਂਦੀਆਂ ਹਨ। ਫ਼ਲਸਤੀਨ ਦੀ ਆਵਾਜ਼ ਕਿਤਾਬ ਨੂੰ ਪਰਸ ਮੰਚ ਨੇ ਛਾਪਿਆ ਹੈ। 207 ਪੰਨਿਆਂ ਤੇ ਫੈਲੀ ਇਸ ਕਿਤਾਬ ਦੀ ਕੀਮਤ 200 ਰੁਪ ਰੱਖੀ ਗਈ ਹੈ। ਲੋਕ ਪੱਖੀ ਵਿਦਵਾਨ ਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਸ ਅਮੋਲਕ ਸਿੰਘ ਅਤੇ ਸ੍ਰੀ ਯਸ਼ ਪਾਲ ਨੇ ਇਹ ਕਾਵਿ ਪੁਸਤਕ ਸੰਪਾਦਿਤ ਕੀਤੀ ਹੈ ,ਪੰਜਾਬੀ ਕਵੀਆਂ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਦੇ ਕਵੀਆਂ ਦੀਆਂ ਕਵਿਤਾਵਾਂ ਵੀ ਇਸ ਪੁਸਤਕ ਵਿਚ ਦਰਜ ਹਨ, ਜਿਨ੍ਹਾਂ ਦੇ ਅਨੁਵਾਦ ਪੜ੍ਹਦਿਆਂ ਇੰਜ ਪ੍ਰਤੀਤ ਹੋਇਆ ਕਿ ਲੋਕ ਦਰਦੀ ਚਾਹੇ ਕਿਸੇ ਵੀ ਭਾਸ਼ਾ ਦਾ ਹੋਵੇ ਉਹਦਾ ਮੁਲਕ ਚਾਹੇ ਕੋਈ ਹੋਵੇ ਪਰ ਸਾਰਿਆਂ ਦੀ ਸੰਵੇਦਨਾ ਇੱਕੋ ਜਿਹੀ ਹੁੰਦੀ ਹੈ,

ਦੂਸਰੀ ਪੁਸਤਕ ਮੈ ਗਾਜ਼ਾ ਕਹਿਨਾ ਵਿੱਚ ਫਲਸਤੀਨ ਬਾਰੇ ਢੇਰਾਂ ਕਵਿਤਾਵਾਂ ਹਨ ਇਸ ਕਿਤਾਬ ਦੀ ਸੰਪਾਦਕਾ ਡਾ ਅਰਵਿੰਦਰ ਕੌਰ ਕਾਕੜਾ ਤੇ ਅਜਮੇਰ ਸੰਧੂ ਹਨ। ਇਸ ਨੂੰ ਅਦਾਰਾ ਪਰਵਾਜ਼ ਨੇ ਪ੍ਰਕਾਸ਼ਿਤ ਕੀਤਾ ਹੈ। ਇੱਕ ਹਫਤੇ ਦੇ ਅੰਤਰ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਇਹਨਾਂ ਦੋ ਹਥਲੀਆਂ ਪੁਸਤਕਾਂ ਨੇ ਆਪਣੀ ਹਾਜ਼ਰੀ ਉਹਨਾਂ ਲੁੱਟੇ ਪੁੱਟੇ ਤੇ ਕੁੱਟੇ ਜਾਂਦੇ ਲੋਕਾਂ ਦੇ ਹੱਕ ਵਿੱਚ ਲਵਾਈ ਹੈ ਇਹ ਇਤਿਹਾਸ ਦਾ ਸੁਨਹਿਰੀ ਹਰਫ਼ ਬਣਗੀਆਂ। ਜਦੋਂ ਕਦੀ ਬਾਤ ਪਿਆ ਕਰੇਗੀ ਕੌਣ ਨਿਰਦੋਸ਼ ਮਸੂਮ ਬੱਚਿਆਂ ਦੇ ਬਾਰੇ ਜਾਣ ਤੇ ਉਹਨਾਂ ਦੇ ਹੱਕ ਵਿੱਚ ਖੜਾ ਹੋ ਕੇ ਹੰਜੂ ਕੇਰਦਾ ਸੀ ਤੇ ਕੌਣ ਇਜਰਾਇਲੀ ਬੰਬਬਾਜਾਂ ਦੇ ਹੱਕ ਵਿੱਚ ਮਸਕਰੀ ਹਾਸੀ ਹੱਸਦਾ ਸੀ। ਪੰਜਾਬੀ ਸ਼ਾਇਰਾਂ ਨੇ ਆਪਣੀ ਵਿਰਾਸਤ ਨੂੰ ਅੱਗੇ ਤੋਰਿਆ ਹੈ। ਤੇ ਕਿਸੇ ਭਾਸ਼ਾ ਦੇ ਵਾਸਤੇ ਇਹ ਉਦੋਂ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ ਜਦੋਂ ਹਾਕਮ ਇਹ ਨਾ ਚਾਹੁੰਦਾ ਹੋਵੇ ਤੇ ਲੋਕ ਫਿਰ ਵੀ ਬੁੱਲਾਂ ਤੇ ਆਏ ਤਰਾਨੇ ਨੂੰ ਗੀਤ ਦੇ ਰੂਪ ਵਿੱਚ ਗਾਉਣ ਲੱਗ ਪੈਣ।

ਅਮਰੀਕਾ ਵਿੱਚ ਵੱਸਦੇ ਪੰਜਾਬੀ ਸ਼ਾਇਰ ਸੁਰਿੰਦਰ ਸੋਹਲ ਬਹੁਤ ਹੀ ਸੁਹਜਮਈ ਢੰਗ ਨਾਲ ਬਿਆਨਿਆ ਹੈ


ਧੁਖਦੀ ਧੁਖਦੀ ਰਾਤ ਪੈਂਦੀ

 ਲੂਸਾ-ਲੂਸਾ ਦਿਨ ਚੜ੍ਹੇ


ਫਟ ਗਏ ਡਰ ਨਾਲ਼ ਤਾਰੇ 

ਬਣ ਗਏ ਨੋਕੀਲੇ ਟੁਕੜੇ 

ਦਿਨ ਦੀ ਅੱਖ ਵਿਚ ਚੁਭ ਗਏ ਨੇ


ਦਹਿਸ਼ਤੀ ਆਰੇ ਨੇ

 ਕਰ ਦੋਫਾੜ ਮਾਨਵਤਾ ਦੀ ਰੂਹ


ਖ਼ੌਫ਼ ਦੀ ਸੂਲੀ 'ਤੇ ਟੰਗੀ

 ਦੋਜਖ਼ੀ ਚੌਰਾਸਤੇ ਵਿਚ


ਤੋਤਲੇ ਬੋਲਾਂ ਨੂੰ ਵਿੰਨ੍ਹੇ 

ਗੋਲੀਆਂ ਦੀ ਸ਼ੂਕ


ਚੁੱਲਿਆਂ 'ਚੋਂ 

ਉਡ ਰਿਹਾ ਗਰਦੋ-ਗੁਬਾਰ

 ਅੰਨ ਪੱਕਣ ਦੀ ਮਹਿਕ

ਕਵਿਤਾ ਬਾਰੇ ਗੱਲ ਕਰਨ ਤੋਂ ਪਹਿਲਾਂ 

ਆਓ ਫਲਸਤੀਨ ਬਾਰੇ ਕੁਝ ਇਤਿਹਾਸਿਕ ਝਾਤ ਮਾਰ ਲਈਏ। ਜਿਸ ਇਜ਼ਰਾਈਲ-ਫ਼ਲਸਤੀਨ ਸੰਘਰਸ਼ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲੱਗ ਭੱਗ ਦਸ ਲੱਖ ਤੋਂ ਵੱਧ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਜੇਕਰ ਅਤੀਤ ਵਿੱਚ ਦੇਖਿਆ ਜਾਵੇ ਤਾਂ ਇਸ ਪੂਰੇ ਵਿਵਾਦ ਦੀਆਂ ਜੜ੍ਹਾਂ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਬ੍ਰਿਟਿਸ਼ ਸਾਮਰਾਜ ਦੁਆਰਾ ਕੀਤੇ ਗਏ ਬਸਤੀਵਾਦੀ ਰਾਜ ਵਿੱਚ ਪਈਆਂ ਹਨ।


 2 ਨਵੰਬਰ 1917 ਨੂੰ ਬ੍ਰਿਟੇਨ ਦੇ ਤਤਕਾਲੀ ਵਿਦੇਸ਼ ਸਕੱਤਰ ਆਰਥਰ ਬਾਲਫ਼ੋਰ ਨੇ ਬ੍ਰਿਟਿਸ਼ ਯਹੂਦੀ ਭਾਈਚਾਰੇ ਦੇ ਪ੍ਰਮੁੱਖ ਨੂੰ ਸੰਬੋਧਿਤ ਹੁੰਦਿਆਂ ਇੱਕ ਪੱਤਰ ਲਿਖਿਆ ਸੀ।

ਪੱਤਰ ਛੋਟਾ ਸੀ - ਪਰ ਜਿਸਦੀ ਕੰਬਣੀ ਅੱਜ ਤੱਕ ਮਹਿਸੂਸ ਕੀਤੀ ਜਾਂਦੀ ਹੈ।


ਪੱਤਰ ਵਿੱਚ ਇੱਕ ਬਰਤਾਨਵੀ ਬਸਤੀਵਾਦੀਆਂ ਨੇ ਯਹੂਦੀ ਅੰਦੋਲਨ ਨੂੰ ਇੱਕ ਅਜਿਹਾ ਦੇਸ਼ ਦੇਣ ਦਾ ਵਾਅਦਾ ਕੀਤਾ, ਜਿੱਥੇ ਅਰਬ ਮੂਲ ਦੇ ਫ਼ਲਸਤੀਨੀਆਂ ਦੀ 90 ਪ੍ਰਤੀਸ਼ਤ ਤੋਂ ਵੱਧ ਅਬਾਦੀ ਰਹਿੰਦੀ ਸੀ।

ਇਹ ਪੱਤਰ ਲਿਖਣ ਦਾ ਕਾਰਨ ਪਹਿਲੀ ਸੰਸਾਰ ਜੰਗ ਵਿੱਚ ਯਹੂਦੀਆਂ ਦਾ ਪ੍ਰਭਾਵ ਵਰਤ ਕੇ ਅਮਰੀਕਾ ਨੂੰ ਬਰਤਾਨੀਆ ਦੇ ਹੱਕ ਵਿੱਚ ਭੁਗਤਣ ਜਾਂ ਨਿਰਪੱਖ ਰਹਿਣ ਲਈ ਤਿਆਰ ਕਰਨਾ ਸੀ। 


1923 ਤੋਂ 1948 ਤੱਕ ਅੰਗਰੇਜ਼ਾਂ ਨੇ ਵੱਡੇ ਪੱਧਰ 'ਤੇ ਯਹੂਦੀ ਆਵਾਸ ਦੀ ਸਹੂਲਤ ਦਿੱਤੀ - ਇਸ ਵਿੱਚੋਂ ਬਹੁਤ ਸਾਰੇ ਯਹੂਦੀ ਯੂਰਪ ਵਿੱਚੋਂ ਨਾਜ਼ੀਵਾਦ ਦੇ ਡਰੋਂ ਭੱਜ ਰਹੇ ਸਨ ।

ਯਹੂਦੀ ਆਵਾਸ ਨੂੰ ਲੈ ਕੇ ਅਰਬਾਂ ਵਿੱਚ ਰੋਸ ਸੀ 

ਵਧਦੇ ਤਣਾਅ ਦੇ ਚੱਲਦਿਆਂ ਆਖ਼ਰ ਅਰਬ ਵਿਦਰੋਹ ਹੋਇਆ, ਜੋ 1936 ਤੋਂ 1939 ਤੱਕ ਚੱਲਿਆ।


ਅਪ੍ਰੈਲ, 1936 ਵਿੱਚ ਨਵੀਂ ਬਣੀ ਅਰਬ ਰਾਸ਼ਟਰੀ ਕਮੇਟੀ ਨੇ ਫ਼ਲਸਤੀਨੀਆਂ ਨੂੰ ਬ੍ਰਿਟਿਸ਼ ਬਸਤੀਵਾਦ ਅਤੇ ਵਧਦੇ ਯਹੂਦੀ ਆਵਾਸ ਵਿਰੋਧ ਆਮ ਹੜਤਾਲ ਸ਼ੁਰੂ ਕਰਨ, ਟੈਕਸ ਨਾ ਦੇਣ ਦਾ ਸੱਦਾ ਦਿੱਤਾ ।


ਇਸ ਹੜਤਾਲ ਨੂੰ ਅੰਗਰੇਜ਼ਾਂ ਸ਼ਾਸਕਾਂ ਨੇ ਬੇਰਹਿਮੀ ਨਾਲ ਕੁਚਲ ਦਿੱਤਾ ਅਤੇ ਸਜ਼ਾ ਵਜੋਂ ਫ਼ਲਸਤੀਨੀਆਂ ਦੇ ਘਰ ਤੋੜ ਸੁੱਟੇ। 


ਵਿਦਰੋਹ ਦਾ ਦੂਜਾ ਪੜਾਅ 1937 ਦੇ ਅੰਤ ਵਿੱਚ ਸ਼ੁਰੂ ਹੋਇਆ ਅਤੇ ਇਸਦੀ ਅਗਵਾਈ ਫ਼ਲਸਤੀਨੀ ਕਿਸਾਨ ਪ੍ਰਤੀਰੋਧ ਅੰਦੋਲਨ ਨੇ ਕੀਤੀ, ਜਿਸ ਨੇ ਬ੍ਰਿਟਿਸ਼ ਫ਼ੌਜਾਂ ਅਤੇ ਬਸਤੀਵਾਦ ਨੂੰ ਨਿਸ਼ਾਨਾ ਬਣਾਇਆ।


1939 ਦੀ ਦੂਜੀ ਛਿਮਾਹੀ ਤੱਕ ਬ੍ਰਿਟੇਨ ਨੇ ਫ਼ਲਸਤੀਨ ਵਿੱਚ 30,000 ਸੈਨਿਕ ਤੈਨਾਤ ਕਰ ਦਿੱਤੇ। ਪਿੰਡਾਂ ਉੱਤੇ ਹਵਾਈ ਬੰਬਾਰੀ ਕੀਤੀ ਗਈ, ਕਰਫ਼ਿਊ ਲਗਾਇਆ ਗਿਆ, ਘਰਾਂ ਨੂੰ ਢਾਹ ਦਿੱਤਾ ਗਿਆ, 1947 ਤੱਕ ਫ਼ਲਸਤੀਨ ਵਿੱਚ ਯਹੂਦੀ ਆਬਾਦੀ 33 ਪ੍ਰਤੀਸ਼ਤ ਹੋ ਗਈ, ਪਰ ਉਨ੍ਹਾਂ ਕੋਲ ਸਿਰਫ਼ 6 % ਜ਼ਮੀਨ ਹੀ ਸੀ।


ਸੰਯੁਕਤ ਰਾਸ਼ਟਰ ਨੇ ਪ੍ਰਸਤਾਵ 181 ਨੂੰ ਅਪਣਾਇਆ, ਜਿਸ ਵਿੱਚ ਫ਼ਲਸਤੀਨ ਨੂੰ ਅਰਬ ਰਾਸ਼ਟਰ ਅਤੇ ਯਹੂਦੀ ਰਾਸ਼ਟਰ ਵਿੱਚ ਵੰਡਣ ਦਾ ਸੱਦਾ ਦਿੱਤਾ ਗਿਆ। ਫ਼ਲਸਤੀਨੀਆਂ ਨੇ ਇਸ ਯੋਜਨਾ ਦਾ ਵਿਰੋਧ ਕੀਤਾ, ਕਿਉਂਕਿ ਇਸ ਵਿੱਚ ਫ਼ਲਸਤੀਨ ਦਾ ਲਗਭਗ 55 ਪ੍ਰਤੀਸ਼ਤ ਹਿੱਸਾ ਯਹੂਦੀ ਰਾਜ ਨੂੰ ਦਿੱਤਾ ਗਿਆ ਸੀ, ਜਿਸ ਵਿੱਚ ਜ਼ਿਆਦਾਤਰ ਉਪਜਾਊ ਤੱਟੀ ਖੇਤਰ ਸ਼ਾਮਲ ਸਨ।

14 ਮਈ, 1948 ਨੂੰ ਬ੍ਰਿਟਿਸ਼ ਫ਼ਰਮਾਨ ਖ਼ਤਮ ਹੋਣ ਤੋਂ ਪਹਿਲਾਂ ਹੀ ਯਹੂਦੀ ਅਰਧ-ਸੈਨਿਕ ਬਲ ਜਨਮ ਲੈਂਦੇ ਯਹੂਦੀ ਰਾਸ਼ਟਰ ਦੀਆਂ ਸੀਮਾਵਾਂ ਦਾ ਵਿਸਤਾਰ ਕਰਨ ਲਈ ਫ਼ਲਸਤੀਨੀ ਸ਼ਹਿਰਾਂ ਅਤੇ ਪਿੰਡਾਂ ਨੂੰ ਤਬਾਹ ਕਰਨ ਲਈ ਫ਼ੌਜੀ ਮੁਹਿੰਮਾਂ ਸ਼ੁਰੂ ਕਰ ਚੁੱਕੇ ਸਨ।


ਅਪ੍ਰੈਲ 1948 ਵਿੱਚ ਯਰੂਸ਼ਲਮ ਦੇ ਬਾਹਰੀ ਇਲਾਕਿਆਂ ਵਿੱਚ ਡੇਰ ਯਾਸੀਨ ਪਿੰਡ ਵਿੱਚ 100 ਤੋਂ ਵੱਧ ਫ਼ਲਸਤੀਨੀ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ।

1947 ਤੋਂ 1949 ਤੱਕ 500 ਤੋਂ ਵੱਧ ਫ਼ਲਸਤੀਨੀ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਗਿਆ। ਲਗਭਗ 15,000 ਫ਼ਲਸਤੀਨੀ ਮਾਰੇ ਗਏ, ਯਹੂਦੀ ਅੰਦੋਲਨ ਨੇ ਫ਼ਲਸਤੀਨ ਦੇ 78 ਪ੍ਰਤੀਸ਼ਤ ਹਿੱਸੇ ਉੱਤੇ ਕਬਜ਼ਾ ਕਰ ਲਿਆ 

ਲਗਭਗ 7,50,000 ਫ਼ਲਸਤੀਨੀਆਂ ਨੂੰ ਧੱਕੇ ਨਾਲ ਉਨ੍ਹਾਂ ਦੇ ਘਰਾਂ ਵਿੱਚੋਂ ਕੱਢ ਦਿੱਤਾ ਗਿਆ।


ਅੱਜ 60 ਲੱਖ ਫ਼ਲਸਤੀਨੀ ਅਤੇ ਗੁਆਂਢੀ ਦੇਸ਼ਾਂ ਲੇਬਨਾਨ, ਸੀਰੀਆ, ਜਾਰਡਨ ਅਤੇ ਮਿਸਰ ਦੇ ਕੈਂਪਾਂ ਵਿੱਚ ਸ਼ਰਨਾਰਥੀਆਂ ਦੇ ਰੂਪ ਵਿੱਚ ਦਿਨ ਕਟੀ ਕਰ ਰਹੇ ਹਨ।


15 ਮਈ, 1948 ਨੂੰ ਇਜ਼ਰਾਈਲ ਨੇ ਆਪਣੀ ਸਥਾਪਨਾ ਦਾ ਐਲਾਨ ਕੀਤਾ। ਇਜ਼ਰਾਇਲੀ ਸੈਨਾ ਨੇ 7,50,000 ਫ਼ਲਸਤੀਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ 78% ਫਲਾਸੀਨ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ।


1964 ਵਿੱਚ ਫ਼ਲਸਤੀਨੀ ਮੁਕਤੀ ਸੰਗਠਨ (ਪੀਐਲਓ) ਦਾ ਗਠਨ ਕੀਤਾ ਗਿਆ। ਇਸ ਤੋਂ ਇੱਕ ਸਾਲ ਬਾਅਦ ਰਾਜਨੀਤਿਕ ਦਲ 'ਫ਼ਤਹਿ' ਦੀ ਸਥਾਪਨਾ ਕੀਤੀ ਗਈ।


ਦਸੰਬਰ 1967 ਵਿੱਚ ਫ਼ਲਸਤੀਨ ਦੀ ਮੁਕਤੀ ਲਈ ਮਾਰਕਸਵਾਦੀ-ਲੈਨਿਨਵਾਦੀ ਪਾਪੂਲਰ ਫ਼ਰੰਟ ਦਾ ਗਠਨ ਕੀਤਾ ਗਿਆ। ਖੱਬੇਪੱਖੀ ਸਮੂਹਾਂ ਦੁਆਰਾ ਹਮਲਿਆਂ ਅਤੇ ਜਹਾਜ਼ ਅਗਵਾ ਕਰਨ ਦਾ ਸਿਲਸਿਲਾ ਆਰੰਭ ਹੁੰਦਾ ਹੈ।ਇਨ੍ਹਾਂ ਘਟਨਾਵਾਂ ਨੇ ਫ਼ਲਸਤੀਨੀਆਂ ਦੀ ਦੁਰਦਸ਼ਾ ਵੱਲ ਦੁਨੀਆ ਦਾ ਧਿਆਨ ਖਿੱਚਿਆ।


ਦਸੰਬਰ 1987 ਵਿੱਚ ਗ਼ਾਜ਼ਾ ਪੱਟੀ ਵਿੱਚ ਇੱਕ ਇਜ਼ਰਾਈਲੀ ਟਰੱਕ ਅਤੇ ਫ਼ਲਸਤੀਨੀ ਮਜ਼ਦੂਰਾਂ ਨੂੰ ਲਿਜਾ ਰਹੀਆਂ ਦੋ ਵੈਨਾਂ ਦੀ ਟੱਕਰ ਵਿੱਚ ਚਾਰ ਫ਼ਲਸਤੀਨੀ ਮਜ਼ਦੂਰ ਮਾਰੇ ਗਏ ਤਾਂ ਫ਼ਲਸਤੀਨੀਆਂ ਨੇ ਇਜ਼ਰਾਈਲੀ ਫ਼ੌਜ ਦੇ ਟੈਂਕਾਂ ਉੱਤੇ ਪਥਰਾਅ ਕੀਤਾ ਇਸ ਦੇ ਨਾਲ ਹੀ ਵਿਰੋਧ ਪ੍ਰਦਰਸ਼ਨ ਤੇਜ਼ੀ ਨਾਲ ਵੈਸਟ ਬੈਂਕ ਤੱਕ ਫੈਲ ਗਿਆ।ਇਸੇ ਵਿਰੋਧ-ਪ੍ਰਦਰਸ਼ਨ ਨਾਲ ਹਮਾਸ ਅੰਦੋਲਨ ਦੀ ਸ਼ੁਰੂਆਤ ਵੀ ਹੋਈ, ਜੋ ਮੁਸਲਿਮ ਬ੍ਰਦਰਹੁੱਡ ਦੀ ਇੱਕ ਸ਼ਾਖ਼ਾ ਸੀ। ਇਹ ਇਜ਼ਰਾਈਲੀ ਕਬਜ਼ੇ ਦੇ ਖ਼ਿਲਾਫ਼ ਹਥਿਆਰਬੰਦ ਪ੍ਰਤੀਰੋਧ ਵਿੱਚ ਸਰਗਰਮ ਸਨ।

ਸਿਆਸਤ ਦੇ ਨਿਰੀਖਕਾਂ ਤੋਂ ਇਹ ਗੱਲ ਲੁਕੀ ਹੋਈ ਨਹੀਂ ਹੈ ਕਿ ਇਜ਼ਰਾਈਲ ਦੇ ਆਧੁਨਿਕ ਰਾਜ ਨੂੰ 1948 ਵਿੱਚ 'ਫਾਈਵ ਆਈਜ਼ ਐਂਗਲੋ ਸਫ਼ੀਅਰ' ਦੁਆਰਾ ਬਣਾਇਆ ਗਿਆ ਸੀ, ਜਿਸ ਨੇ ਫਿਰ ਹਮਾਸ ਨੂੰ ਜਨਮ ਦਿੱਤਾ ਤਾਂ ਜੋ ਪੀਐਲਓ ਵਰਗੇ ਗ਼ੈਰ-ਸੰਪਰਦਾਇਕ ਅਤੇ ਧਰਮ-'ਨਿਰਪੱਖ ਸਮੂਹ ਨੂੰ ਹਰਾਇਆ ਜਾ ਸਕੇ । ਦੋਹਾਂ ਮਾਮਲਿਆਂ ਦੇ ਪਿੱਛੇ ਉਦੇਸ਼ ਅਰਬ ਸੰਸਾਰ ਦੇ ਤੇਲ ਦੇ ਭੰਡਾਰਾਂ ਦੇ ਆਲੇ-ਦੁਆਲੇ ਉੱਭਰਦੇ ਖੱਬੇਪੱਖੀ ਜੋਸ਼ ਦੇ ਖ਼ਤਰੇ ਨੂੰ ਖ਼ਤਮ ਕਰਨਾ ਸੀ।


1988 ਵਿੱਚ ਅਰਬ ਲੀਗ ਨੇ ਪੀਐਲਓ ਨੂੰ ਫ਼ਲਸਤੀਨੀ ਲੋਕਾਂ ਦੇ ਇਕਲੌਤੇ ਪ੍ਰਤਿਨਿਧੀ ਵਜੋਂ ਮਾਨਤਾ ਦਿੱਤੀ।


ਪੀਐਲਓ ਨੇ ਦੋ-ਰਾਸ਼ਟਰ ਹੱਲ ਦੇ ਆਧਾਰ 'ਤੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਅਤੇ ਅਜਿਹੇ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ ਜਿਨ੍ਹਾਂ ਨੇ ਪ੍ਰਭਾਵਸ਼ਾਲੀ ਰੂਪ 'ਚ ਇਜ਼ਰਾਈਲ ਨੂੰ ਵੈਸਟ ਬੈਂਕ ਦੀ 60 ਪ੍ਰਤੀਸ਼ਤ ਜ਼ਮੀਨ ਅਤੇ ਖੇਤਰ ਦੀ ਜ਼ਿਆਦਾਤਰ ਜ਼ਮੀਨ ਤੇ ਜਲ-ਸਾਧਨਾਂ ਉੱਤੇ ਨਿਯੰਤਰਨ ਦੇ ਦਿੱਤਾ ।


ਪੀਏ ਨੇ ਪੂਰਬੀ ਯੇਰੂਸ਼ਲਮ ਵਿੱਚ ਆਪਣੀ ਰਾਜਧਾਨੀ ਦੇ ਨਾਲ ਵੈਸਟ ਬੈਂਕ ਅਤੇ ਗ਼ਾਜ਼ਾ ਪੱਟੀ ਵਿੱਚ ਸੁਤੰਤਰ ਰਾਜ ਚਲਾਉਣ ਵਾਲੀ ਪਹਿਲੀ ਚੁਣੀ ਹੋਈ ਫ਼ਲਸਤੀਨੀ ਸਰਕਾਰ ਲਈ ਰਾਹ ਬਣਾਉਣਾ ਸੀ, ਪਰ ਅਜਿਹਾ ਕਦੇ ਨਾ ਹੋ ਸਕਿਆ।


1995 ਵਿੱਚ ਇਜ਼ਰਾਈਲ ਨੇ ਗ਼ਾਜ਼ਾ ਪੱਟੀ ਦੇ ਚਾਰੇ ਪਾਸੇ ਇੱਕ ਇਲੈਕਟ੍ਰਾਨਿਕ ਵਾੜ ਅਤੇ ਕੰਕਰੀਟ ਦੀ ਕੰਧ ਬਣਾਈ, ਜਿਸ ਨਾਲ ਵੰਡੇ ਹੋਏ ਫ਼ਲਸਤੀਨੀ ਖੇਤਰਾਂ ਵਿਚਾਲੇ ਸੰਪਰਕ ਰੁਕ ਗਿਆ।


ਪੀਐਲਓ ਨੇਤਾ ਯਾਸਿਰ ਅਰਾਫ਼ਾਤ ਦੀ 2004 ਵਿੱਚ ਮੌਤ ਹੋ ਗਈ। ਇਸ ਤੋਂ ਇੱਕ ਸਾਲ ਬਾਅਦ ਦੂਜਾ ਇੰਤੀਫ਼ਾਦਾ ਖ਼ਤਮ ਹੋ ਗਿਆ, ਗ਼ਾਜ਼ਾ ਪੱਟੀ ਵਿੱਚ ਇਜ਼ਰਾਈਲੀ ਬਸਤੀਆਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਇਜ਼ਰਾਈਲੀ ਸੈਨਿਕਾਂ ਤੇ 9,000 ਨਿਵਾਸੀਆਂ ਨੇ ਉਪਰੋਕਤ ਖੇਤਰ ਛੱਡ ਦਿੱਤਾ।

ਇੱਕ ਸਾਲ ਬਾਅਦ ਫ਼ਲਸਤੀਨੀਆਂ ਨੇ ਪਹਿਲੀ ਵਾਰ ਆਮ ਚੋਣਾਂ ਵਿੱਚ ਵੋਟਾਂ ਪਾਈਆਂ ।


ਹਮਾਸ ਨੇ ਬਹੁ-ਮਤ ਹਾਸਲ ਕੀਤਾ। ਹਾਲਾਂਕਿ, ਫ਼ਤਹਿ-ਹਮਾਸ ਵਿਚਾਲੇ ਗ੍ਰਹਿ-ਯੁੱਧ ਛਿੜ ਗਿਆ, ਜੋ ਮਹੀਨਿਆਂ ਤੱਕ ਚੱਲਿਆ। ਇਸ ਗ੍ਰਹਿ-ਯੁੱਧ ਦੇ ਨਤੀਜੇ ਵਜੋਂ ਸੈਂਕੜੇ ਫ਼ਲਸਤੀਨੀਆਂ ਦੀ ਮੌਤ ਹੋਈ।


ਹਮਾਸ ਨੇ ਫ਼ਤਹਿ ਨੂੰ ਗ਼ਾਜ਼ਾ ਪੱਟੀ 'ਚੋਂ ਕੱਢ ਦਿੱਤਾ ਅਤੇ ਫ਼ਲਸਤੀਨੀ ਅਥਾਰਿਟੀ ਦੀ ਮੁੱਖ ਪਾਰਟੀ ਫ਼ਤਹਿ ਨੇ ਵੈਸਟ ਬੈਂਕ ਦੇ ਕੁਝ ਹਿੱਸਿਆਂ ਉੱਤੇ ਫਿਰ ਤੋਂ ਨਿਯੰਤਰਨ ਸ਼ੁਰੂ ਕਰ ਲਿਆ ।


ਜੂਨ 2007 ਵਿੱਚ ਇਜ਼ਰਾਈਲ ਨੇ ਹਮਾਸ ਉੱਤੇ 'ਅੱਤਵਾਦ' ਦਾ ਦੋਸ਼ ਲਾਉਂਦਿਆਂ ਗ਼ਾਜ਼ਾ ਪੱਟੀ ਉੱਤੇ ਜ਼ਮੀਨ, ਹਵਾਈ ਅਤੇ ਸਮੁੰਦਰੀ ਨਾਕਾਬੰਦੀ ਕਰ ਦਿੱਤੀ।


ਇਜ਼ਰਾਈਲ ਨੇ ਗ਼ਾਜ਼ਾ ਦੇ ਖ਼ਿਲਾਫ਼ ਚਾਰ ਲੰਮੇ ਫ਼ੌਜੀ ਹਮਲੇ ਕੀਤੇ ਹਨ : 2008, 2012, 2014 ਅਤੇ 2021 ਵਿੱਚ। ਇਨ੍ਹਾਂ ਫ਼ੌਜੀ ਮੁਹਿੰਮਾਂ ਵਿੱਚ ਸੈਂਕੜੇ ਬੱਚਿਆਂ ਸਮੇਤ ਹਜ਼ਾਰਾਂ ਫ਼ਲਸਤੀਨੀ ਮਾਰੇ ਗਏ ਅਤੇ ਹਜ਼ਾਰਾਂ ਘਰ, ਸਕੂਲ, ਦਫ਼ਤਰੀ ਇਮਾਰਤਾਂ ਤਬਾਹ ਹੋ ਗਏ।


ਕਿੰਨੇ ਹੀ ਸਾਲਾਂ ਤੋਂ ਫ਼ਲਸਤੀਨੀ ਆਪਣੇ ਹੀ ਦੇਸ਼ ਵਿੱਚ ਬਿਨਾਂ ਕਿਸੇ ਅਜ਼ਾਦੀ ਤੋਂ ਰਹਿ ਰਹੇ ਹਨ। ਗ਼ਰੀਬੀ, ਅਨਪੜ੍ਹਤਾ ਅਤੇ ਸਿਹਤ ਸੇਵਾਵਾਂ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਬਣੀਆਂ ਹੋਈਆਂ ਹਨ। ਪੀਣ ਵਾਲਾ ਪਾਣੀ ਉਨ੍ਹਾਂ ਦੀ ਇੱਕ ਮਹੱਤਵਪੂਰਨ ਸਮੱਸਿਆ ਹੈ । ਜੇਕਰ ਤੁਸੀਂ ਇਜ਼ਰਾਈਲੀ ਖੇਤਰ ਵਿੱਚ ਖੜ੍ਹ ਕੇ ਫ਼ਲਸਤੀਨੀ ਬਸਤੀਆਂ ਵੱਲ ਨਜ਼ਰ ਮਾਰੋਂਗੇ ਤਾਂ ਦੇਖ ਸਕੋਂਗੇ ਕਿ ਫ਼ਲਸਤੀਨੀ ਅਰਬ ਕਿਸ ਹਾਲਤ ਵਿੱਚ ਰਹਿੰਦੇ ਹਨ ਅਤੇ ਯਹੂਦੀ ਕਿਸ ਹਾਲਤ ਵਿੱਚ। 

ਫ਼ਲਸਤੀਨੀ ਲੋਕਾਂ ਨਾਲ ਗ਼ੁਲਾਮਾਂ ਵਰਗਾ ਸਲੂਕ ਕੀਤਾ ਜਾਂਦਾ ਹੈ।

ਹੁਣ ਇਜ਼ਰਾਈਲ, ਗ਼ਾਜ਼ਾ ਅਤੇ ਵੈਸਟ ਬੈਂਕ ਦੇ ਫ਼ਲਸਤੀਨੀ ਅਰਬਾਂ ਲਈ ਨਾ ਤਾਂ ਇੱਕ ਵੱਖਰਾ ਦੇਸ਼ ਬਣਾਉਣ ਦੇ ਹੱਕ ਵਿੱਚ ਹੈ ਅਤੇ ਨਾ ਹੀ ਉਨ੍ਹਾਂ ਨੂੰ ਸੁਤੰਤਰਤਾ ਦੇਣ ਦੇ। ਪਾਣੀ ਦੀਆਂ ਪਾਈਪਾਂ ਤਬਾਹ ਕਰ ਦਿੱਤੀਆਂ ਜਾਂਦੀਆਂ ਹਨ। ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਹੈ। ਇੱਕ ਪਾਸੇ ਭੋਜਨ ਵੰਡਿਆ ਜਾਂਦਾ ਹੈ ਐਨ ਉਸੇ ਵਕਤ ਭੋਜਨ ਦੀ ਲਾਈਨ ਚ ਲੱਗੇ ਨੱਥੇ ਲੋਕਾਂ ਉੱਪਰ ਬੰਬਾਰੀ ਕਰਕੇ ਮਾਰ ਦਿੱਤਾ ਜਾਂਦਾ ਹੈ ।


ਰਾਕਟ ਹਮਲਿਆਂ ਨਾਲ ਨਾਗਰਿਕਾਂ ਦਾ ਮਾਨਸਿਕ ਤਣਾਅ ਏਨਾ ਜ਼ਿਆਦਾ ਵਧ ਗਿਆ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਮਾਨਸਿਕ ਰੋਗਾਂ ਦੇ ਮਾਹਰ ਕੋਲ ਦਿਖਾਉਣਾ ਪੈਂਦਾ ਸੀ ਅਤੇ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਇਜ਼ਰਾਈਲ ਸਰਕਾਰ ਨੇ ਇਸ ਸ਼ਹਿਰ ਵਿੱਚ ਹਰ ਪਾਸੇ ਨਾਗਰਿਕ ਸੁਰੱਖਿਆ ਬੰਕਰ ਬਣਾਏ ਹੋਏ ਹਨ, ਜਿੱਥੇ ਕੋਈ ਵੀ ਵਿਅਕਤੀ 8 ਸਕਿੰਟ ਦੇ ਅੰਦਰ-ਅੰਦਰ ਦੌੜ ਕੇ ਬੰਕਰਾਂ ਵਿੱਚ ਜਾ ਸਕੇ। 

“ਫ਼ਲਸਤੀਨ ਉਸੇ ਤਰ੍ਹਾਂ ਅਰਬ ਲੋਕਾਂ ਦਾ ਹੈ, ਜਿਸ ਤਰ੍ਹਾਂ ਇੰਗਲੈਂਡ, ਅੰਗਰੇਜ਼ਾਂ ਦਾ ਅਤੇ ਫ਼ਰਾਂਸ, ਫ਼ਰਾਂਸੀਸੀਆਂ ਦਾ ਹੈ। ਅਮਰੀਕਾ ਵਿੱਚ ਇਜ਼ਰਾਈਲ ਦੇ ਵਿਰੁੱਧ ਕਈ ਵੱਡੇ ਪ੍ਰਦਰਸ਼ਨ ਹੋਏ ਹਨ ਹਾਲਾਂਕਿ, ਮੀਡੀਆ ਨੇ ਉਨ੍ਹਾਂ ਦੀ ਬਹੁਤ ਘੱਟ ਚਰਚਾ ਕੀਤੀ ਅਤੇ ਕਈ ਯਹੂਦੀਆਂ ਨੇ ਪੱਛਮ ਏਸ਼ੀਆ ਵਿੱਚ ਇਜ਼ਰਾਈਲ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ।


ਦੁਨੀਆ ਵਿੱਚ ਸ਼ਾਇਦ ਹੀ ਕੋਈ ਭਾਈਚਾਰਾ ਏਨਾ ਪੀੜਤ ਹੋਵੇ ਜਿੰਨਾ ਫ਼ਲਸਤੀਨ ਅੱਜ ਹੈ।

ਮਹਾਤਮਾ ਗਾਂਧੀ ਤੋਂ ਲੈ ਕੇ ਵਾਜਪਾਈ ਤੱਕ ਸਾਰੇ ਵੱਡੇ ਲੀਡਰਾਂ ਨੇ ਫਲਸਤੀਨ ਦੀ ਹਿਮਾਇਤ ਕੀਤੀ ਸੀ ਪਰ ਅੱਜ ਭਾਰਤੀ ਸਰਕਾਰ ਬਿਲਕੁਲ ਵਿਰੋਧੀ ਪੈਂਤੜਾ ਲੈ ਕੇ ਇਜਰਾਇਲ ਨਾਲ ਖੜੀ ਹੈ।


ਪੁਸਤਕ ਦੀ ਪਹਿਲੀ ਕਵਿਤਾ ਅਰਬੀ ਕਵੀ ਦੀ ਹੈ।

" ਕਰਾਹ ਰਹੀਆਂ ਨੇ ਮਾਵਾਂ ਪੀੜਾਂ ਨਾਲ

  ਵਰਾਏ ਜਾ ਰਹੇ ਨੇ ਬੰਬ ਬੱਚਿਆਂ ਦੇ ਸਿਰਾਂ 'ਚ 

ਅਣ ਜੰਮੇ ਨੇ ਜੋ ਅਜੇ ਕੁੱਖਾਂ ' ਚ

ਜਾ ਰਹੇ ਸਿੱਧੇ ਕਬਰਾਂ 'ਚ "

 .....ਇਹ ਸੂਰਤੇਹਾਲ ਹੈ ਸਾਡੇ ਸਮਿਆਂ 'ਚ

ਉਸ ਮੁਲਕ ਦੀ ਅਤੇ ਉਥੋਂ ਦੇ ਲੋਕਾਂ ਦੀ, ਜੀਹਨੂੰ ਫਲਸਤੀਨ ਕਹਿੰਦੇ ਹਨ, ਦੁਨੀਆਂ ਦੇ ਨਕਸ਼ੇ 'ਚ ਸੁੰਗੜਦਾ ਸੁੰਗੜਦਾ, ਜਿਹੜਾ ਏਨਾ ਕੁ ਰਹਿ ਗਿਆ ਕਿ ਹੋਰ ਨਹੀਂ ਸੁੰਘੜ ਸਕਦਾ ।

" ਵੇਦਨਾ ਪੀੜਾ ਰੋਹ

  ਫਲਸਤੀਨ ਬੋਲਦਾ ਹੈ 

  ਸਮਾਂ ਲੰਘ ਰਿਹਾ ਹੈ 

  ‌ਸੰਸਾਰ ਖੜ੍ਹਾ ਦੇਖ ਰਿਹਾ ਹੈ "

ਪੰਜਾਬੀ ਸ਼ਾਇਰ ਰਿੰਪਲ ਪ੍ਰੀਤ ਆਖਦਾ ਹੈ,


ਫਾਸ਼ੀਵਾਦ ਖਿੜ ਖਿੜਾ ਕੇ ਹੱਸਦਾ ਹੈ

ਗਾਜ਼ਾ ਦੇ ਖੰਡਰਾਂ 'ਤੇ।


ਉਹਨਾਂ ਨੂੰ ਭਰਮ ਹੈ ਕਿ ਮਨੁੱਖਤਾ ਮਰ ਜਾਵੇਗੀ।

ਉਹ ਭਰਮ ਦੇ ਮਾਰਿਓ

 ਕਦੇ ਇਤਿਹਾਸ ਦੇ ਦਰਪਣ ਅੱਗੇ

ਖੜ੍ਹ ਕੇ ਨਜ਼ਰ ਮਾਰਿਓ

 ਮਿਲੇਗਾ ਜਵਾਬ ਹਤਿਆਰਿਓ।


ਹੀਰੋਸੀਮਾ ਤੇ ਨਾਗਾਸਾਕੀ 'ਚ ਫੁੱਲ ਖਿੜੇ ਨੇ।

ਫੁੱਲ ਗਾਜ਼ਾ ਵਿੱਚ ਵੀ ਖਿੜਨਗੇ। 

ਸ਼ਾਇਰਾਂ ਸ਼ੀਰੀਂ ਫਲਸਤੀਨ ਨੂੰ ਪਰਿਭਾਸ਼ਿਤ ਕਰਦੀ ਹੈ,


ਹਰ ਚੜ੍ਹਦਾ ਦਿਨ ਨਵੀਂ ਕਿਆਮਤ ਹੈ ਜਿੱਥੇ 

ਸਾਹ ਲੈਣਾ ਹੀ ਇੱਕ ਨਿਆਮਤ ਹੈ ਜਿੱਥੇ

 ਪਰ ਨਾਬਰੀ ਫਿਰ ਵੀ ਸਲਾਮਤ ਹੈ ਜਿੱਥੇ 

ਉਹ ਹੈ ਮੇਰਾ ਫ਼ਲਸਤੀਨ।

ਪੰਜਾਬ ਦੀ ਸ਼ਾਇਰਾ ਸੁਰਿੰਦਰ ਜੈਪਾਲ ਮਾਸੂਮ ਬੱਚਿਆਂ ਨੂੰ ਜਿਸ ਅੰਦਾਜ਼ ਨਾਲ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ ਉਸ ਦਾ ਕਦੀ ਜੇ ਅਰਬੀ ਜ਼ੁਬਾਨ ਵਿੱਚ ਅਨੁਵਾਦ ਹੋ ਸਕਿਆ ਤਾਂ ਉਹ ਮਾਵਾਂ ਉਮਰ ਭਰ ਲਈ ਪੰਜਾਬੀਆਂ ਦੀ ਧਿਰ ਬਣ ਕੇ ਖੜ ਜਾਣਗੀਆਂ ਜਿਨਾਂ ਲਈ ਖੂਨ ਦੇ ਅੱਥਰੂ ਕੇਰਦੀ ਸੁਰਿੰਦਰ ਗਿੱਲ ਲਿਖਦੀ ਹੈ


ਕਬਰਾਂ ਵਿੱਚ ਪਿਆਰੇ ਰੱਖੇ

ਉੱਤੇ ਪੱਥਰ ਭਾਰੇ ਰੱਖੇ

ਪੈਰਾਂ ਉਤਲੇ ਹੂਟੇ ਮਾਟੇ

ਪੀਲ਼ੇ ਲਾਲ ਗੁਬਾਰੇ ਰੱਖੇ

ਚੁੱਪ ਦੇ ਝੰਡੇ ਵਿੱਚ ਵਲ੍ਹੇਟੇ

ਆਜ਼ਾਦੀ ਦੇ ਨਾਹਰੇ ਰੱਖੇ

ਹੰਝੂਆਂ ਦੇ ਵਿੱਚ ਧੋ ਕੇ ਲੋਰੀਆਂ

ਜਦ ਅੱਖੀਆਂ ਦੇ ਤਾਰੇ ਰੱਖੇ

ਸੁੰਨਾ-ਸੁੰਨਾ ਅੰਬਰ ਰੱਖਿਆ

ਭਰ ਸਮੁੰਦਰ ਖਾਰੇ ਰੱਖੇ।

ਹਰਵਿੰਦਰ ਭੰਡਾਲ ਆਪਣੀ ਕਵਿਤਾ ਦੇ ਰਾਹੀਂ ਯੁਧ ਦੇ ਕਾਰਨਾਂ ਦੇ ਦਵੰਦ ਨੂੰ ਬਿਆਨਦਾ ਲਿਖਦਾ ਹੈ

ਹਾਕਮ ਆਖਦਾ ਹੈ-

"ਇਹ ਜੰਗਾਂ ਦਾ ਯੁੱਗ ਨਹੀਂ”

ਤੇ ਐਨ ਉਦੋਂ ਗਾਜ਼ਾ 'ਚ ਪਾਣੀ ਉਡੀਕਦਾ

 ਸੁੱਕੇ ਨੈਣਾਂ ਵਾਲਾ ਬਾਲ

ਚੀਥੜੇ ਹੋ ਜਾਂਦਾ ਹੈ ਬੰਬ ਨਾਲ

ਬੰਬ ‘ਮੂਸਾ' ਦੇ ਮੁਲਕੋਂ ਆਇਆ ਸੀ

 ਉਂਝ ਬਾਲ ਦਾ ਨਾਂ ਵੀ ਮੂਸਾ ਸੀ


ਐਨ ਉਦੋਂ ਜਦੋਂ ਇਹ ਮਿੱਠੇ ਮਹੁਰੇ ਜਿਹੇ ਸ਼ਬਦ ਡਿੱਗੇ

ਦੂਰ ਹਰੀਆਂ ਚਰਾਂਦਾਂ 'ਚ

ਹੋ ਗਏ ਖੂਨੋ-ਖੂਨ

ਕਦੇ ਜੋ ਇੱਕ ਮੁਲਕ ਦੇ ਵਾਸੀ ਸਨ

ਜਦੋਂ ਉਚਾਰੇ ਜਾ ਰਹੇ ਸਨ

ਇਹ ਬੇਸ਼ਰਮ ਸ਼ਬਦ


ਇੱਕ ਹੋਰ ਬਿਰਤਾਂਤਕ ਕਵਿਤਾ ਦੇ ਰਾਹੀਂ ਅਮਰੀਕਾ ਚ ਰਹਿੰਦਾ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਲਿਖਦਾ ਹੈ


ਨੌ ਵਰ੍ਹਿਆਂ ਦੀ ਫ਼ਲਸਤੀਨੀ ਕੁੜੀ

ਬਾਜ਼ਾਰ ਜਾਣ ਲਈ

ਜਦੋਂ ਘਰੋਂ ਤੁਰਨ ਲੱਗੀ

ਤਾਂ ਸੱਤ ਵਰ੍ਹਿਆਂ ਦੀ ਛੋਟੀ ਭੈਣ ਨੇ

ਜਿੱਦ ਕੀਤੀ-

ਮੈਂ ਵੀ ਜਾਉਂ ਨਾਲ ਤੇਰੇ


ਨਾ ਨੀ ਨਾ ਨਿੱਕੀਏ

ਵੱਡੀ ਨੇ ਜ਼ੋਰ ਦੇ ਕੇ ਕਿਹਾ-

ਮੈਂ ਹੁਣੇ ਗਈ ਤੇ ਹੁਣੇ ਆਈ

ਤੇਰੇ ਲਈ ਕੈਂਡੀ ਲਿਆਵਾਂਗੀ


ਅਚਾਨਕ ਸਾਇਰਨ ਵੱਜਿਆ

ਤੇ ਫਿਰ ਅੱਖ ਤੇ ਫੋਰ ਵਿਚ ਧਮਾਕਾ


ਜ਼ਿੰਦਗੀਆਂ ਲਾਸ਼ਾਂ 'ਚ 

ਤੇ ਲਾਸ਼ਾਂ ਚੀਥੜਿਆਂ ਵਿੱਚ ਬਦਲ ਗਈਆਂ 

ਇਹ ਕੋਈ ਪਹਿਲੀ ਵੇਰ ਨਹੀਂ ਸੀ ਹੋਇਆ

ਇਹ ਤਾਂ ਨਿੱਤ ਦਾ ਕਰਮ ਸੀ।


ਜਹਾਜ਼ ਪਰਤ ਗਿਆ 

ਜਿੱਤ ਦੇ ਜਸ਼ਨ ਮਨਾਉਂਦਾ ਹੋਇਆ 

ਲੋਕੀ ਫਿਰ ਨਿਕਲੇ ਘਰਾਂ ਤੋਂ ਬਾਹਰ

 ਮੋਇਆਂ ਨੂੰ ਸਾਂਭਣ ਲਈ

 ਜ਼ਿੰਦਗੀ ਨੂੰ ਜਿਉਂਦਾ ਰੱਖਣ ਲਈ


ਮਾਪਿਆਂ ਨੂੰ ਫ਼ਿਕਰ ਹੋਇਆ

 ਕੁੜੀ ਘਰ ਨਹੀਂ ਪਰਤੀ 

ਅੱਲਾ ਸਭ ਖ਼ੈਰ ਕਰੇ !

ਲੱਭਣ ਨਿਕਲੇ ਤਾਂ ਛੋਟੀ ਵੀ ਨਾਲ ਤੁਰੀ

ਪਰ ਲਾਸ਼ਾਂ ਦੇ ਚੀਥੜਿਆਂ 'ਚੋਂ ਕਿਵੇਂ ਪਛਾਣ ਕਰਦੇ 

ਕੌਣ ਕਿਹੜਾ ਹੈ ?


ਪਰਤ ਰਹੇ ਸੀ ਘਰ ਨੂੰ


ਤਾਂ ਛੋਟੀ ਦੀ ਨਿਗਾਹ ਕਿਸੇ ਚੀਜ਼ 'ਤੇ ਪਈ

 ਦੌੜ ਕੇ ਉਸਨੂੰ ਚੁੱਕਿਆ ਤੇ ਆਪਣੇ ਝੱਗੇ ਥੱਲੇ ਲੁਕੋ ਲਿਆ


ਬਾਪੂ ਨੇ ਪੁੱਛਿਆ-ਤੂੰ ਕੀ ਲੁਕੋਇਆ ਹੈ?


ਕੁਝ ਵੀ ਤਾਂ ਨਹੀਂ ਉਹ ਡੌਰ-ਭੌਰ ਹੋਈ ਆਖਦੀ ਹੈ

 ਬਾਪ ਫਿਰ ਜ਼ੋਰ ਨਾਲ ਪੁੱਛਦਾ ਹੈ ਤਾਂ ਛੋਟੀ ਕਹਿੰਦੀ ਹੈ-


ਇਹ ਮੇਰੀ ਦੀਦੀ ਦੀ ਚੱਪਲ ਹੈ

 ਤੇ ਛੋਟੀ ਨੂੰ ਚੁੰਮਦੇ ਚੱਟਦੇ

ਭਰੀਆਂ ਅੱਖਾਂ ਨਾਲ ਘਰ ਪਰਤ ਜਾਂਦੇ ਹਨ


ਹਥਲੀ ਪੁਸਤਕ ਫਲਸਤੀਨ ਦੀ ਵੇਦਨਾ,ਪੀੜਾ ਤੇ ਰੋਹ ਨੂੰ ਉਨ੍ਹਾਂ ਤਮਾਸ਼ਬੀਨਾਂ ਵਾਂਗ ਚੁੱਪ ਚਾਪ ਨਹੀਂ ਵੇਖਦੀ , ਜਿਹੜੇ ਫਿਰਕੂ ਮਾਨਸਿਕਤਾ ਨਾਲ ਗਰੱਸੇ ਹੋਏ ਹਨ।


" ਨਾ ਰੋ ਬੱਚੇ 

  ਰੋ ਰੋ ਕੇ ਤੇਰੀ ਅੰਮੀ ਨੇ 

 ਅਜੇ ਹੁਣੇ ਹੀ ਅੱਖ ਲਾਈ ਹੈ 

   ਨਾ ਰੋ ਬੱਚੇ!

ਕੁਸ਼ ਚਿਰ ਪਹਿਲਾਂ ਹੀ 

ਤੇਰੇ ਅੱਬਾ ਨੇ 

ਆਪਣੇ ਗ਼ਮ ਤੋਂ 

ਖ਼ਲਾਸੀ ਪਾਈ ਹੈ "



" ਦਰਿੜ੍ਹਤਾ ਹੀ ਹੈ ਸਾਡੀ ਖਾਧ ਖੁਰਾਕ 

  ਅਸੀਂ ਨਹੀਂ ਛੱਡਾਂਗੇ ਆਪਣੀ ਮਾਤ ਭੂਮੀ 

  ਕਿਉਂ ਨਹੀਂ ਸਮਝ ਰਹੇ ਉਹ?


ਇਹ ਪੁਸਤਕਾਂ ਦੀ ਕਾਵਿਕ ਇਬਾਰਤ ਆਪਣੇ ਆਪ ਨੂੰ ਵੀ ਸੰਬੋਧਿਤ ਹੈ ਤੇ ਸਾਲਾਂ ਤੋਂ ਇਜ਼ਰਾਈਲੀ /ਅਮਰੀਕੀ ਸਾਮਰਾਜੀ ਹੱਤਿਆਰਿਆਂ ਵਲੋਂ ਫ਼ਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਨਸਲਘਾਤ ਵਿਰੁੱਧ ਮਾਨਵਤਾ ਦੀ ਆਵਾਜ਼ ਵੀ ਹੈl

 ਇਕ ਐਸੀ ਜੰਗ ਜੋ ਸੁਣੀਆਂ/ਦੇਖੀਆਂ ਜੰਗਾਂ ਨਾਲੋਂ ਬਿਲਕੁਲ ਵੱਖਰੀ ਹੈ, ਆਪਣੇ ਹੀ ਘਰ 'ਚੋਂ ਕਿਸੇ ਨੂੰ ਕੱਢਣਾ, ਘਰਾਂ ਨੂੰ ਬੰਬਾਂ ਮਿਜ਼ਾਇਲਾਂ ਨਾਲ ਥੇਹ ਕਰ ਦੇਣਾ, ਸਕੂਲਾਂ ਹਸਪਤਾਲਾਂ ਨੂੰ ਮਲਬੇ ਦੇ ਢੇਰ ਬਣਾ ਦੇਣਾ, ਭੁੱਖ ਨਾਲ ਵਿਲਕਦੇ, ਮੁੱਠੀ ਭਰ ਅਨਾਜ ਲੈਣ ਲਈ ਕਤਾਰਾਂ ਵਿੱਚ ਖੜ੍ਹੇ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦੇਣਾ, ਫਲਸਤੀਨ 'ਚ ਇਹ ਰੋਜ਼ ਦੇ ਵਰਤਾਰੇ ਹਨ, ਇਹ ਲੋਕ ਕਹਾਣੀਆਂ 'ਚ " ਬਘਿਆੜ ਵਲੋਂ ਲੇਲੇ ਨੂੰ ਖਾਣ ਲਈ ਘੜੀ" ਕਹਾਣੀ ਵਾਂਗ ਹੈ। ਇਜ਼ਰਾਈਲੀ ਹਾਕਮਾਂ ਵਲੋਂ ਮਾਰੇ ਗਏ ਉਨ੍ਹਾਂ ਹਜ਼ਾਰਾਂ ਬੱਚਿਆਂ ‌ਦਾ ਦਰਦ ਇਹਨਾਂ ਨਜ਼ਮਾਂ ਰਾਹੀਂ ਹੰਝੂਆਂ ਵਾਂਗ ਪੁਸਤਕ ਦੇ ਪੰਨਿਆਂ 'ਤੇ ਵਹਿ ਰਿਹਾ ਹੈ, ਪਰ ਨਾਲ ਹੀ ਬੰਬਾਂ ਦੀ ਗੜ੍ਹਗਹਾਰਟ 'ਚ ਵੀ ਆਪਣਾ ਪਾਠ ਯਾਦ ਕਰਦੇ ਉਨ੍ਹਾਂ ਬਹਾਦਰ ਬੱਚਿਆਂ ਦੀ ਬਾਤ ਵੀ ਪਾਉਂਦਾ ਹੈ,  

 " ਯੁੱਧ ਖੇਤਰ 'ਚ

ਰਹਿਣ ਵਾਲੇ ਬੱਚਿਆਂ ਨੇ 

ਖਿਡੌਣੇ ਦੇਖੇ ਹੀ ਨਹੀਂ ਕਦੇ 

ਉਹ ਪੈਦਾ ਹੋਏ 

ਧਮਾਕਿਆਂ ਵਿਚਕਾਰ ਹੀ 

ਤੁਰਨਾ ਸਿੱਖਦੇ ਹੀ

ਖੇਡੇ ਬੰਬਾਂ ਨਾਲ " 

ਪੁਸਤਕ ਵਿਚ ਡਾਕਟਰ ਸੁਖਪਾਲ ਸਿੰਘ ਸੰਘੇੜਾ

 ਦਾ ਪ੍ਰਸਿੱਧ ਉਪੇਰਾ"ਹਿਟਲਰ ਅਜੇ ਮਰਿਆ ਨਹੀਂ " ਵੀ ਸ਼ਾਮਲ ਹੈ।

ਪੰਜਾਬੀ ਸਾਹਿਤ ਅੰਦਰ, ਪੰਜਾਬ ਲੋਕ ਸੱਭਿਆਚਾਰਕ ਮੰਚ ਵਲੋਂ ਕੀਤਾ ਗਿਆ ਇਹ ਉਪਰਾਲਾ,ਅਸਲ ਵਿੱਚ ਸਾਡੇ ਆਪਣੇ ਮੁਲਕ ਅੰਦਰ ਹਾਕਮਾਂ ਵਲੋਂ ਥਾਂ ਥਾਂ ਬਣਾਏ ਜਾ ਰਹੇ "ਫਲਸਤੀਨ" ਦੀ ਵੀ ਆਵਾਜ਼ ਹੈ।

Tuesday, 3 February 2026

ਨਰਿੰਦਰ ਕਪੂਰ ਨੂੰ ਪੜਦਿਆਂ

 ਸਭ ਤੋਂ ਵੱਧ ਪੜਿਆ ਜਾਂਦਾ ਹੈ ਨਰਿੰਦਰ ਕਪੂਰ!


ਡਾ ਤੇਜਿੰਦਰ ਵਿਰਲੀ 

9464797400

 ਅੱਜ ਜਿਸ ਕਿਤਾਬ ਦੀ ਚਰਚਾ ਕਰ ਰਹੇ ਹਾਂ ਉਹ ਡਾਕਟਰ ਨਰਿੰਦਰ ਸਿੰਘ ਕਪੂਰ ਹੁਰਾ ਦੀ ਲਿਖੀ ਹੋਈ " ਜਿੱਤ ਦਾ ਭਰੋਸਾ " ਇਸ ਕਿਤਾਬ ਨੂੰ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ। ਜਿਸ ਦੇ 180 ਪੰਨੇ ਹਨ ਅਤੇ ਇਸ ਦੀ ਕੀਮਤ 350 ਰੁਪਏ ਹੈ।

 ਨਰਿੰਦਰ ਸਿੰਘ ਕਪੂਰ ਪੰਜਾਬੀ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਵਾਰਤਕ ਲੇਖਕ ਹੈ । ਉਸ ਦੀਆਂ ਕਿਤਾਬਾਂ ਦੇ ਪੱਕੇ ਠੱਕੇ ਪਾਠਕ ਹੁੰਦੇ ਹਨ। ਉਹਨਾਂ ਦੀ ਹਰ ਕਿਤਾਬ ਨੂੰ ਉਸੇ ਤਰ੍ਹਾਂ ਹੁੰਗਾਰਾ ਦਿੰਦੇ ਨੇ ਜਿਵੇਂ ਬੀਤੇ ਸਮੇਂ ਵਿੱਚ ਉਹਨਾਂ ਦੀ ਕਿਸੇ ਖਾਸ ਕਿਤਾਬ ਨੂੰ ਮਿਲਿਆ ਸੀ । 

ਹੱਥਲੀ ਪੁਸਤਕ ਮਈ 2025 ਵਿੱਚ ਪਹਿਲੀ ਵਾਰੀ ਪ੍ਰਕਾਸ਼ਿਤ ਹੋਈ ਤੇ ਹੱਥੋਂ ਹੱਥੀ ਵਿਕ ਜਾਣ ਦਾ ਰਿਕਾਰਡ ਕਾਇਮ ਕਰਨ ਤੋਂ ਬਾਅਦ ਜੂਨ 2025 ਵਿੱਚ ਜਾਣੀਕਿ ਅਗਲੇ ਹੀ ਮਹੀਨੇ ਇਸ ਦਾ ਦੂਸਰਾ ਐਡੀਸ਼ਨ ਛਪਦਾ ਹੈ। ਡਾ ਨਰਿੰਦਰ ਸਿੰਘ ਕਪੂਰ ਨੇ ਪੰਜਾਬੀ ਪਾਠਕਾਂ ਵਿੱਚ ਜਿਹੜੀ ਥਾਂ ਬਣਾਈ ਹੈ ਉਸ ਨੂੰ ਇਨਾਂ ਵੱਧ ਪਿਆਰ ਤੇ ਸਤਿਕਾਰ ਕਿਉਂ ਮਿਲਦਾ ? ਇਹ ਇੱਕ ਵੱਡਾ ਸਵਾਲ ਹੈ। ਇੱਕ ਪਾਸੇ ਪੰਜਾਬੀ ਦੇ ਲੇਖਕ ਤੇ ਪਬਲਿਸ਼ਰ ਇਸ ਗੱਲ ਦੀ ਦੁਹਾਈ ਦੇ ਰਹੇ ਹਨ ਕਿ ਲੋਕਾਂ ਦਾ ਪੁਸਤਕਾਂ ਤੋਂ ਮੋਹ ਭੰਗ ਹੋ ਰਿਹਾ ਹੈ ਤੇ ਦੂਸਰੇ ਬੰਨੇ ਵੱਡੀ ਗਿਣਤੀ ਵਿੱਚ ਪਾਠਕ ਨਰਿੰਦਰ ਸਿੰਘ ਕਪੂਰ ਨੂੰ ਪੜ੍ਹ ਰਹੇ ਹਨ। ਇਸ ਕਰਕੇ ਨਰਿੰਦਰ ਕਪੂਰ ਦੀ ਕਿਤਾਬ ਦਾ ਅਧਿਐਨ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। 

ਡਾ ਨਰਿੰਦਰ ਕਪੂਰ ਦਾ ਇੱਕ ਸਟਾਈਲ ਹੈ। ਉਨਾਂ ਦਾ ਇਹ ਸਟਾਈਲ ਬਾਕੀ ਕਿਤਾਬਾਂ ਵਾਂਗ ਇਸ ਕਿਤਾਬ ਵਿੱਚੋਂ ਵੀ ਸਪਸ਼ਟ ਦਿਖਾਈ ਦਿੰਦਾ ਹੈ । ਉਨਾਂ ਦੀਆਂ ਟੂਕਾਂ ਪੜਨ ਵਾਲੇ ਨੂੰ ਖਿਚ ਪਾਉਂਦੀਆਂ ਹਨ ਭਾਵੇਂ ਉਹ ਟੂਕਾਂ ਤਰਕ ਦੀ ਕਸੌਟੀ ਤੇ ਪੂਰਿਆਂ ਵੀ ਨਾ ਉਤਰਨ। ਉਹ ਲਿਖਦੇ ਹਨ,

ਵਕਤ ਬਹੁਤ ਕੁਝ ਸਿਖਾਉਂਦਾ ਹੈ, ਪਰ ਵਕਤ-ਸਿਰ ਨਹੀਂ ਸਿਖਾਉਂਦਾ ।

ਅਸੀਂ ਆਪਣੇ ਫੈਸਲਿਆਂ ਰਾਹੀਂ ਵਿਕਾਸ ਕਰਦੇ ਅਤੇ ਨਿਘਰਦੇ ਹਾਂ ।

ਜਦੋਂ ਸੋਚ ਬਦਲ ਜਾਂਦੀ ਹੈ ਤਾਂ ਬੰਦਾ ਹੀ ਨਹੀਂ, ਉਸ ਦੀ ਦੁਨੀਆਂ ਵੀ ਬਦਲ ਜਾਂਦੀ ਹੈ।

ਭਾਰਤ ਵਿਚ ਜਿਸ ਨੇ ਵੀ ਯੁੱਧ ਵਿਚ ਹਾਥੀ ਵਰਤੇ ਹਨ, ਉਹ ਹਾਰਿਆ ਹੈ।

ਹੁਣ ਹਰ ਥਾਂ ਨਵੀਂ ਕਿਸਮ ਦੇ ਵਲੀ-ਕੰਧਾਰੀ ਅਤੇ ਸੱਜਣ-ਠੱਗ ਮਿਲਦੇ ਹਨ ।

ਜ਼ਿੰਦਗੀ ਵਿਚ ਸਾਰੇ ਮੌਸਮ ਬਰਦਾਸ਼ਤ ਕਰਨੇ ਪੈਂਦੇ ਹਨ, ਕਰਨੇ ਵੀ ਚਾਹੀਦੇ ਹਨ।

ਘਰ-ਪਰਿਵਾਰ ਵਿਚ ਰੌਣਕ ਆਮਦਨ ਨਾਲ ਅਤੇ ਖੁਸ਼ੀ ਬਚਤ ਨਾਲ ਆਉਂਦੀ ਹੈ।

ਪੱਛੜੇ ਸਮਾਜਾਂ ਵਿਚ ਸੋਚਣ ਤੋਂ ਬਚਣ ਲਈ ਪਰੰਪਰਾ ਪਾਲੀ ਜਾਂਦੀ ਹੈ ।

ਜੇ ਗੱਲ-ਬਾਤ ਨਾਲ ਝਗੜਾ ਨਹੀਂ ਨਿਬੜਦਾ, ਤਾਂ ਮੁਕੱਦਮੇ ਨਾਲ ਵੀ ਨਹੀਂ ਨਿਬੜੇਗਾ ।

ਪੈਰਿਸ ਵਿਚ ਰਾਤ ਨੂੰ ਤਾਰੇ ਕੋਈ ਨਹੀਂ ਵੇਖਦਾ, ਉੱਥੇ ਚੰਨ ਹੀ ਚੜ੍ਹਦੇ ਹਨ !

ਕਵੀ ਅਤੇ ਕਲਾਕਾਰ ਦੀ ਪ੍ਰੇਰਨਾ ਪਤਨੀ ਕਦੇ ਨਹੀਂ, ਹਮੇਸ਼ਾ ਪ੍ਰੇਮਿਕਾ ਹੀ ਬਣਦੀ ਹੈ।

ਹੁਣ ਕਿਸੇ ਨੂੰ ਕਿਸੇ 'ਤੇ ਵਿਸ਼ਵਾਸ ਨਹੀਂ ਰਿਹਾ, ਹੁਣ ਹਰ ਕੋਈ ਇਕ ਅੱਖ ਖੋਲ੍ਹ ਕੇ ਸੌਂਦਾ ਹੈ ।

ਮਨੁੱਖ ਦੀ ਇਕਾਗਰ ਹੋਣ ਅਤੇ ਧਿਆਨ ਦੇਣ ਦੀ ਯੋਗਤਾ ਗੁਆਚਦੀ ਜਾ ਰਹੀ ਹੈ ।

ਅਜੋਕੇ ਯੁੱਗ ਵਿਚ ਜ਼ੋਰ ਨਾਲੋਂ ਤਕਨੀਕ, ਵਧੇਰੇ ਮਹੱਤਵਪੂਰਨ ਹੋ ਗਈ ਹੈ ।

ਪੜ੍ਹੋਗੇ, ਸੋਚਣ ਲੱਗ ਜਾਓਗੇ; ਸੋਚੋਗੇ, ਬੋਲਣ ਅਤੇ ਲਿਖਣ ਲੱਗ ਜਾਓਗੇ ।

ਅਧੂਰਾ ਕੰਮ ਚਿੰਤਾ ਉਪਜਾਉਂਦਾ ਹੈ ਅਤੇ ਹੋਰ ਕੰਮਾਂ ਵਿਚ ਵਿਘਨ ਪਾਉਂਦਾ ਹੈ।

ਸਾਊ ਬੰਦੇ ਹੁਣ ਪੱਛੜੀ ਜਾਤੀ ਬਣਦੇ ਜਾ ਰਹੇ ਹਨ, ਜਿਨ੍ਹਾਂ ਦੀ ਕਿਧਰੇ ਵਾਰੀ ਹੀ ਨਹੀਂ ਆਉਂਦੀ।

 ਨਰਿੰਦਰ ਕਪੂਰ ਹੁਰਾਂ ਨੇ ਹੁਣ ਤੱਕ ਢੇਰਾਂ ਕਿਤਾਬਾਂ ਲਿਖੀਆਂ ਹਨ। ਸੰਸਾਰ ਭਰ ਵਿੱਚ ਵਸਦੇ ਪੰਜਾਬੀ ਜਦੋਂ ਵੀ ਭਾਰਤ ਆਉਂਦੇ ਨੇ ਤਾਂ ਉਹ ਨਰਿੰਦਰ ਸਿੰਘ ਕਪੂਰ ਦੀ ਨਵੀਂ ਕਿਤਾਬ ਦੀ ਤਲਾਸ਼ ਵਿੱਚ ਜੁੱਟ ਜਾਂਦੇ ਹਨ। ਪਰਦੇਸਾਂ ਵਿੱਚ ਵਸਦੇ ਪੰਜਾਬੀ ਪਿਛੋਕੜ ਵਾਲੇ ਸਧਾਰਨ ਲੋਕ ਕਪੂਰ ਦੇ ਪਾਠਕ ਹਨ।

ਨਰਿੰਦਰ ਸਿੰਘ ਕਪੂਰ ਨੂੰ ਜਿੰਨੀ ਸ਼ਿੱਦਤ ਨਾਲ ਪੜ੍ਹਿਆ ਜਾ ਰਿਹਾ ਉਸ ਤੋਂ ਵੱਧ ਸ਼ਿੱਦਤ ਨਾਲ ਉਸ ਨੂੰ ਸੁਣਿਆ ਵੀ ਜਾ ਰਿਹਾ ਹੈ । ਇਸ ਕਰਕੇ ਅਨੇਕਾਂ ਸਵਾਲ ਇਸ ਗੱਲ ਨਾਲ ਜੁੜਦੇ ਹਨ ਕਿ ਆਖਰ ਨਰਿੰਦਰ ਕਪੂਰ ਦੀ ਵਾਰਤਕ ਵਿੱਚ ਅਜਿਹਾ ਕੀ ਹੈ ? ਜਿਹੜਾ ਪਾਠਕਾਂ ਨੂੰ ਆਪਣੇ ਨਾਲ ਖਿੱਚੀ ਬੈਠਾ ਹੈ । ਕਪੂਰ ਹੁਰਾਂ ਦੀ ਸ਼ੈਲੀ ਵਿੱਚ ਇਨਾਂ ਦਮ ਹੈ ਕਿ ਉਹ ਪਾਠਕ ਨੂੰ ਆਪਣੇ ਨਾਲ ਰੋੜ ਕੇ ਲੈ ਜਾਣ ਦੇ ਸਮਰੱਥ ਹੈ ਜਿਵੇਂ ਹੜ ਹਰ ਨਿੱਕੀ ਮੋਟੀ ਵਸਤੂ ਨੂੰ ਆਪਣੇ ਨਾਲ ਰੋੜ ਕੇ ਲੈ ਜਾਂਦਾ ਹੈ। ਨਰਿੰਦਰ ਕਪੂਰ ਦੀ ਉਸ ਵਿਸ਼ੇਸ਼ ਸ਼ੈਲੀ ਉਸ ਦੇ ਅੰਦਾਜ਼ੇ ਬਿਆਨ ਵਿਚ ਹੈ। ਬਹੁਤੇ ਥਾਂ ਉਸਦਾ ਇਹ ਬਿਆਨ ਵਿਰੋਧਾਭਾਸੀ ਵੀ ਹੁੰਦਾ ਹੈ । 

ਜੀਵਨੀ ਮੂਲਕ ਲੇਖਾਂ ਵਿੱਚ ਜਿੱਥੇ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਵਸਤੂ ਸਪਸ਼ਟ ਹੈ ਉੱਥੇ ਉਸਦਾ ਉਸਦੇ ਵਰਤਾਂਤ ਵਿੱਚ ਰਵਾਨਗੀ ਆਉਂਦੀ ਹੈ ਉਥੇ ਉਸਦੀ ਵਾਰਤਕ ਹਮੇਸ਼ਾ ਕਾਵਿਕ ਰਹਿੰਦੀ ਹੈ ਤੇ ਵਿਚਾਰਧਾਰਕ ਹੋਣ ਦਾ ਭਰਮ ਸਿਰਜਦੀ ਹੈ। ਉਥੇ ਉਹ ਸਹਿਜ ਰੂਪ ਵਿੱਚ ਹੋ ਕੇ ਲਿਖਦਾ ਉਸਦੇ ਵੇਰਵੇ ਇੰਨੇ ਰੋਚਕ ਬਣਾ ਕੇ ਪੇਸ਼ ਕਰਦਾ ਕਿ ਇਹ ਉਸਦਾ ਵਲੱਖਣ ਅੰਦਾਜ਼ ਪਾਠਕਾਂ ਨੂੰ ਖਿੱਚ ਲੈਂਦਾ ਹੈ । 

ਨਰਿੰਦਰ ਕਪੂਰ ਦੇ ਪੁਰਖੇ ਪਾਕਿਸਤਾਨ ਚੋਂ ਉਜੜ ਕੇ ਆਏ ਜਦੋਂ 1947 ਵਿੱਚ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਨਰਿੰਦਰ ਕਪੂਰ ਦੇ ਪਰਿਵਾਰ ਦੇ ਜੀ ਦੋ ਸਾਲਾਂ ਦੇ ਨਰਿੰਦਰ ਨੂੰ ਚੁੱਕ ਕੇ ਭਾਰਤ ਵੱਲ ਪਰਤ ਰਹੇ ਸਨ ਇੱਕ ਬੱਚਾ ਜਿਹੜਾ ਉਹ ਸਫ਼ਰ ‘ਤੇ ਸੀ ਜਿਸ ਸਫਰ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਦੇਣਾ ਸੀ। ਉਸ ਦੁਖਾਂਤਕ ਵੰਡ ਦਾ ਉਸਨੂੰ ਕੁਝ ਵੀ ਯਾਦ ਨਹੀਂ। ਜਿਹੜੀਆਂ ਤਲਖ ਹਕੀਕਤਾਂ ਉਸਦੇ ਪਰਿਵਾਰ ਨੇ ਉਹਨਾਂ ਸਮਿਆਂ ਵਿੱਚ ਹੰਢਾਈਆਂ ਤੇ ਜਿਨਾਂ ਬਾਰੇ ਉਸ ਨੂੰ ਦੱਸੀਆਂ ਜਦੋਂ ਪਾਠਕ ਉਸ ਵਰਨਣ ਨੂੰ ਪੜ੍ਹਦਾ ਤੇ ਜਾਣਦਾ ਹੈ ਤਾਂ ਖੁਦ ਨੂੰ ਉਹਨਾਂ ਪਾਗਲ ਤੇ ਬੇਚੈਨ ਸਮਿਆਂ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਮਹਿਸੂਸ ਕਰਦਾ ਹੈ। ਡਾ ਨਰਿੰਦਰ ਸਿੰਘ ਕਪੂਰ ਦੇ ਮਾਪੇ ਜਦੋਂ ਸ਼ਰਨਾਰਥੀਆਂ ਦੇ ਟੋਲੇ ਨਾਲ ਭਾਰਤੀ ਪੰਜਾਬ ਵੱਲ ਆ ਹੀ ਰਹੇ ਸਨ ਤੇ ਉਸ ਵੇਲੇ ਟਰੰਕ ਦੀ ਅੱਸੀਂ ਨਰਿੰਦਰ ਦੇ ਬਾਬੇ ਦੀ ਅੱਖ ਵਿੱਚ ਵੱਜ ਜਾਣ ਨਾਲ ਬਾਬੇ ਨੂੰ ਦਿਸਣੋ ਹਟ ਗਿਆ। ਬਜ਼ੁਰਗ ਬਾਬਾ ਚੱਲਣ ਦੇ ਸਮਰੱਥ ਨਹੀਂ ਰਿਹਾ। ਸਫਰ ਦੇ ਭੱਨੇ ਬੱਚਿਆਂ ਨੂੰ ਸੰਭਾਲਦੇ ਮਾਂ ਬਾਪ ਲਈ ਬਾਪੂ ਵੀ ਸੰਭਾਲਣਾ ਹੋਰ ਮੁਸ਼ਕਿਲ ਹੋ ਰਿਹਾ ਸੀ, ਅੰਤ ਬਾਪੂ ਨੇ ਫੈਸਲਾ ਕੀਤਾ ਕਿ ਮੈਨੂੰ ਰਸਤੇ ਵਿੱਚ ਛੱਡ ਕੇ ਆਪ ਸੁਰੱਖਿਅਤ ਥਾਂ ‘ਤੇ ਚਲੇ ਜਾਓ। ਕਿਹੋ ਜਿਹੀ ਮਜਬੂਰੀ ਰਹੀ ਹੋਏਗੀ? ਕਿ ਆਪਣੇ ਚਾਰੇ ਬੱਚਿਆਂ ਨੂੰ ਲੈ ਕੇ ਨਰਿੰਦਰ ਕਪੂਰ ਦੇ ਮਾਂ ਬਾਪ ਆਪਣੇ ਬਾਪੂ ਨੂੰ ਇੱਕ ਖੂਹ ਦੇ ਕਿਨਾਰੇ ਤੇ ਛੱਡ ਕੇ ਆ ਗਏ ਇਸ ਸਦਮੇ ਨੇ ਨਰਿੰਦਰ ਕਪੂਰ ਦੇ ਬਾਪ ਨੂੰ ਮਾਨਸਿਕ ਤੌਰ ਤੇ ਤੋੜ ਦਿੱਤਾ। ਉਹ ਇਸ ਸਦਮੇ ‘ਚੋਂ ਉੱਭਰ ਨਹੀਂ ਸਕਿਆ। ਇਸੇ ਕਰਕੇ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਬਾਪੂ ਪ੍ਰਤੀ ਉਸਦੀ ਸ਼ਰਧਾ ਜ਼ਿੰਮੇਵਾਰੀ ਤੇ ਗੈਰ ਜ਼ਿੰਮੇਵਾਰੀ ਦੇ ਦਵੰਦ ਵਿੱਚੋਂ ਉਪਜੇ ਅਹਿਸਾਸ ਨੇ ਜਿਸ ਤਰ੍ਹਾਂ ਉਸਨੂੰ ਉਮਰ ਭਰ ਲਈ ਨਥਾਣਾ ਕਰ ਦਿੱਤਾ ਮਾਂ ਨੇ ਪਾਸਪੋਰਟ ਬਣਾ ਕੇ ਇੱਕ ਵਾਰੀ ਫਿਰ ਪਾਕਿਸਤਾਨ ਵਿੱਚ ਜਾ ਕੇ ਬਜ਼ੁਰਗ ਬਾਪੂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ।

 ਸ਼ਰਨਾਰਥੀ ਹੋਣਾ ਆਪਣੇ ਆਪ ਵਿੱਚ ਇੱਕ ਦੁਖਾਂਤ ਹੈ,ਹੋਰ ਕਰੋੜਾਂ ਲੋਕਾਂ ਵਾਂਗ ਜਿਹੜਾ ਦੁਖਾਂਤ ਨਰਿੰਦਰ ਕਪੂਰ ਦੇ ਪਰਿਵਾਰ ਨੇ ਝੱਲਿਆ ਤੇ ਜਿਸ ਕਰਕੇ ਨਰਿੰਦਰ ਕਪੂਰ ਦੀ ਮਾਂ ਨੂੰ ਲੋਕਾਂ ਦੇ ਘਰ ਭਾਂਡੇ ਮਾਂਜਣੇ ਪਏ ਨਰਿੰਦਰ ਕਪੂਰ ਨੂੰ ਬਚਪਨ ਵਿੱਚ ਡਾਕਟਰ ਦੇ ਕਲੀਨਿਕ ਦੀ ਸਫਾਈ ਕਰਨੀ ਪਈ। ਇਸ ਸਾਰੇ ਕੰਮ ਦੇ ਮਾਹੌਲ ਵਿੱਚੋਂ ਜਿਹੜੀ ਚੀਜ਼ ਨਰਿੰਦਰ ਕਪੂਰ ਨੂੰ ਸਭ ਤੋਂ ਸੌਖੀ ਲੱਗਦੀ ਸੀ ਉਹ ਸੀ ਪੜਨਾ‌। ਇਸੇ ਵਿੱਚੋਂ ਉਸ ਨੂੰ ਪੜ੍ਹਨ ਦੀ ਚੇਟਕ ਲੱਗੀ।

ਹਾਦਸਿਆਂ ਦਾ ਦਰਦ ਜਿਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਪੈਰਸ ਕਦੋਂ ਜਾਓਗੇ, ਇਸ ਲੜੀ ਦੇ ਲੇਖ ਹਨ‌ ਜਿਹੜੇ ਕਿਸੇ ਫਿਲਮ ਵੀ ਕਹਾਣੀ ਵਾਂਗ ਤੁਹਾਡੀਆਂ ਅੱਖਾਂ ਸਾਹਮਣੇ ਚਲਦੇ।

ਲੇਖਕ ਦੇ ਵਿਰੋਧਾਂਭਾਸ ਦਾ ਸਿਖਰ ਇਹ ਹੈ ਕਿ ਲੇਖਕ ਇੱਕ ਲੇਖ ਵਿੱਚ ਲਿਖਦਾ ਹੈ ਕਿ ਬੇਬੇ ਨੇ ਤਾਂ ਸਾਰੀ ਉਮਰ ਬਿਮਾਰ ਬਾਪ ਨੂੰ ਸਾਂਭਦੀ ਨੇ ਕੱਟ ਦਿੱਤੀ ਇਸ ਕਿਸਮ ਦਾ ਜ਼ਿਕਰ ਉਹ ਦੋ ਲੇਖਾਂ ਵਿੱਚ ਕਰਦਾ ਹੈ ਦੂਸਰੇ ਪਾਸੇ ਕਿਸੇ ਹੋਰ ਲੇਖ ਵਿੱਚ ਲੇਖਕ ਇਹ ਵੀ ਆਖ ਰਿਹਾ ਹੈ ਸਾਡੇ ਘਰ ਬਿਮਾਰ ਹੋਣ ਦਾ ਕਿਸੇ ਕੋਲ ਵਿਹਲ ਹੀ ਨਹੀਂ ਸੀ। ਕੀ ਲੇਖਕ ਭੁੱਲ ਚੁੱਕਾ ਕਿ ਉਸਨੇ ਕਿਸੇ ਲੇਖ ਵਿੱਚ ਇਹ ਲਿਖਿਆ ਕਿ ਮੇਰੇ ਬਾਪ ਮਾਨਸਿਕ ਰੋਗੀ ਸਨ ਤੇ ਉਹ ਸਾਰੀ ਉਮਰ ਚੁੱਪ ਰਹੇ। ਡਿਪਰੈਸ਼ਨ ਦੇ ਮਰੀਜ਼ ਹੋਣ ਕਰਕੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਜਾਂ ਨਰਿੰਦਰ ਕਪੂਰ ਮਾਨਸਿਕ ਬਿਮਾਰੀ ਨੂੰ ਬਿਮਾਰੀ ਨਹੀਂ ਸਮਝਦੇ? ਜਾਂ ਨਰਿੰਦਰ ਕਪੂਰ ਇਹ ਸਮਝਦੇ ਹਨ ਕਿ ਮੇਰੇ ਲੇਖ ਉਹਨਾਂ ਲੋਕਾਂ ਨੇ ਪੜ੍ਹਨੇ ਹਨ ਜਿਨ੍ਹਾਂ ਕੋਲ ਤਰਕ ਦੀ ਕਸਵੱਟੀ ਨਹੀਂ। ਜਿਹੜੇ ਲੋਕ ਸਵਾਲ ਕਰਨਾ ਨਹੀਂ ਜਾਣਦੇ। ਜਿਹੜੇ ਲੋਕ ਕੇਵਲ ਸਵਾਦ ਲੈਣ ਲਈ ਪੜ੍ਹਦੇ ਨੇ।

ਇਸ ਸਾਰੇ ਦੇ ਬਾਵਜੂਦ ਡਾ ਨਰਿੰਦਰ ਸਿੰਘ ਕਪੂਰ ਪੜਿਆ ਜਾ ਰਿਹਾ ਹੈ। ਉਸ ਦੇ ਪਾਠਕਾਂ ਨੂੰ ਨਵੀਂ

 ਕਿਤਾਬ ਦੀਆਂ ਮੁਬਾਰਕਾਂ।


ਹਿੰਦੂ ਧਰਮ ਦੇ ਰਹੱਸ

  ਹਿੰਦੂ ਧਰਮ ਦੇ ਰਹੱਸ ਪੜਕੇ ਭਾਰਤ ਦੇ ਸਮਾਜ ਨੂੰ ਸਮਝਿਆ ਜਾ ਸਕਦਾ ਹੈ।


ਡਾ ਤੇਜਿੰਦਰ ਵਿਰਲੀ 9464797400


ਹਿੰਦੂ ਧਰਮ ਬਾਰੇ ਅਧਿਅਨ ਕਰਨ ਅਤੇ ਇਸ ਦਾ ਵਿਸ਼ਲੇਸ਼ਣ ਕਰਨ ਸਬੰਧੀ ਇਤਿਹਾਸ ਵਿੱਚ ਵੱਖ-ਵੱਖ ਸਮਿਆਂ ਤੇ ਵੱਖ ਵੱਖ ਹਸਤੀਆਂ ਨੇ ਜਤਨ ਕੀਤੇ ਹਨ। ਗਿਆਰਵੀਂ ਸਦੀ ਦੇ ਸ਼ੁਰੂ ਵਿੱਚ ਅਲਬਰੂਨੀ ਨੇ ਇਹਨਾਂ ਧਰਮ ਗ੍ਰੰਥਾਂ ਦਾ ਅਧਿਅਨ ਕੀਤਾ ਸੀ ਅੰਬੇਦਕਰ ਨੇ 20ਵੀਂ ਸਦੀ ਵਿੱਚ ਇਹਨਾਂ ਦਾ ਅਧਿਐਨ ਵਿਸ਼ਲੇਸ਼ਣ ਕਰਦਿਆਂ ਇਹਨਾਂ ਦੀ ਆਲੋਚਨਾ ਵੀ ਕੀਤੀ ਹੈ। ਇਹ ਕੰਮ ਇੰਨਾ ਵੱਡਾ ਸੀ ਕਿਸ ਨੂੰ ਸੰਪੰਨ ਕਰ ਸਕਣਾ ਇੱਕ ਪੂਰੀ ਸੰਸਥਾ ਦਾ ਕਾਰਜ ਸੀ। ਡਾਕਟਰ ਅੰਬੇਡਕਰ ਵਰਗੇ ਵਿਅਕਤੀ ਲਈ ਤਾਂ ਇਹ ਹੋਰ ਵੀ ਜਟਲ ਹੋਵੇਗਾ ਜਿਸ ਲਈ ਸੰਸਕ੍ਰਿਤ ਭਾਸ਼ਾ ਨੂੰ ਸਿੱਖਣਾ ਤੇ ਹਿੰਦੂ ਧਰਮ ਗ੍ਰੰਥਾਂ ਨੂੰ ਪੜਨਾ ਭਾਰਤੀ ਕਲਚਰ ਵਿੱਚ ਵਰਜਿਤ ਸੀ। ਕਿਉਂਕਿ ਅੰਬੇਡਕਰ ਭਾਰਤ ਦੇ ਜਾਤੀ ਪਾਤੀ ਪ੍ਰਬੰਧ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ ਇਸ ਲਈ ਉਹਨਾਂ ਨੇ ਭਾਸ਼ਾ ਸਿੱਖਣ ਦਾ ਕਾਰਜ ਵੀ ਕੀਤਾ ਤੇ ਉਹਨਾਂ ਹਿੰਦੂ ਗ੍ਰੰਥਾਂ ਦਾ ਅਧਿਅਨ ਵਿਸ਼ਲੇਸ਼ਣ ਵੀ ਕੀਤਾ। ਜਿੱਥੋਂ ਤੱਕ ਆਲੋਚਨਾ ਦਾ ਸਬੰਧ ਹੈ ਇਹ ਕਾਰਜ ਉਹਨਾਂ ਨੇ ਆਪਣੀ ਜਿੰਦਗੀ ਦੇ ਅਖੀਰਲੇ ਪੜਾ ਤੇ ਸੰਪੂਰਨ ਕੀਤਾ। ਰਿਡਲਸ ਆਫ ਹਿੰਦੂ ਇਜ਼ਮ ਨਾਮ ਦੀ ਪੁਸਤਕ ਇਸੇ ਕੜੀ ਦੀ ਮਹੱਤਵਪੂਰਨ ਪੁਸਤਕ ਹੈ ਜਿਸ ਦਾ ਪੰਜਾਬੀ ਵਿੱਚ ਅਨੁਵਾਦ ‘’ ਹਿੰਦੂ ਧਰਮ ਦੇ ਰਹੱਸ ” ਵਾਈਟ ਕਰੋ ਪਬਲਿਸ਼ਰ ਨੇ ਛਾਪਿਆ ਹੈ।

ਇਸ ਦਾ ਵਰਣਨ ਕਰਦੇ ਹੋਏ, ਨਾਨਕ ਚੰਦ ਰੱਤੂ ਲਿਖਦੇ ਹਨ ਕਿ “ਜਨਵਰੀ 1954 ਵਿਚ ਉਨ੍ਹਾਂ ਨੇ (ਅੰਬੇਡਕਰ ਨੇ ) 'ਰਿਡਲਜ਼ ਇਨ ਹਿੰਦੂਇਜ਼ਮ' ਲਿਖਣੀ ਸ਼ੁਰੂ ਕੀਤੀ ਅਤੇ ਇਸਨੂੰ ਨਵੰਬਰ, 1955 ਤੱਕ ਪੂਰਾ ਕਰ ਲਿਆ ਸੀ।

ਡਾ. ਅੰਬੇਡਕਰ ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ 'ਰਿਡਲਜ਼ ਇਨ ਹਿੰਦੂਇਜ਼ਮ' ਨੂੰ ਬ੍ਰਾਹਮਣਵਾਦੀਆਂ ਦੁਆਰਾ ਇਕ ਖ਼ਤਰਨਾਕ ਕਿਤਾਬ ਮੰਨਿਆ ਜਾਵੇਗਾ, ਉਹ ਇਸ ਕਿਤਾਬ ਦੇ ਵਿਰੁੱਧ ਖੜ੍ਹੇ ਹੋਣਗੇ ਅਤੇ ਅੰਬੇਡਕਰ ਨੂੰ ਇਹ ਵੀ ਖ਼ਦਸ਼ਾ ਸੀ ਕਿ ਹਿੰਦੂ ਇਸ ਪੁਸਤਕ ਦੇ ਖਰੜੇ ਨੂੰ ਨਸ਼ਟ ਵੀ ਕਰ ਸਕਦੇ ਹਨ। ਇਸ ਖਦਸ਼ੇ ਨੂੰ ਮੁੱਖ ਰੱਖ ਕੇ ਉਨ੍ਹਾਂ ਨੇ ਇਸ ਪੁਸਤਕ ਦੇ ਚਾਰ ਖਰੜੇ ਤਿਆਰ ਕਰਵਾਏ ਸਨ।


ਇਸ ਪੁਸਤਕ ਦੇ ਮੁੱਖਬੰਧ ਦੀਆਂ ਅੰਤਲੀਆਂ ਸਤਰਾਂ ਵਿਚ ਅੰਬੇਡਕਰ ਨੇ ਖੁਦ ਲਿਖਿਆ ਹੈ, "ਮੈਂ ਇਹ ਕਿਤਾਬ ਇਹ ਜਾਣਦਿਆਂ ਲਿਖੀ ਹੈ ਕਿ ਮੈਂ ਕਿੰਨਾ ਜੋਖ਼ਮ ਲੈ ਰਿਹਾ ਹਾਂ। ਮੈਂ ਇਸਦੇ ਨਤੀਜਿਆਂ ਬਾਰੇ ਚਿੰਤਤ ਨਹੀਂ ਹਾਂ। ਜੇ ਮੈਂ ਲੋਕਾਂ ਨੂੰ ਸੋਚਣ ਲਈ ਪ੍ਰੇਰਿਤ ਕਰ ਸਕਿਆ, ਤਾਂ ਮੈਨੂੰ ਬੇਹੱਦ ਖੁਸ਼ੀ ਹੋਵੇਗੀ।” (ਡਾ. ਅੰਬੇਡਕਰ, ਮੁੱਖਬੰਧ, ਪੰਨਾ 57)


ਭਾਰਤ ਵਿਚ ਬੀਤੇ ਸਮਿਆਂ ਅੰਦਰ ਇਸ ਪੁਸਤਕ ਨੂੰ ਲੈ ਕੇ ਸਖ਼ਤ ਹੰਗਾਮੇ ਵੀ ਹੋਏ । ਡਾ. ਅੰਬੇਡਕਰ ਦਾ ਖ਼ਦਸ਼ਾ ਉਦੋਂ ਸਹੀ ਸਾਬਤ ਹੋਇਆ ਜਦੋਂ ਇਹ ਪਹਿਲੀ ਵਾਰ 1987 ਵਿਚ ਬੀ. ਏ. ਡਬਲਯੂ. ਐੱਸ ਦੇ ਜਿਲਦ-4 ਵਿਚ ਪ੍ਰਕਾਸ਼ਿਤ ਹੋਈ। ਅਮਰਾਵਤੀ (ਮਹਾਰਾਸ਼ਟਰ) ਵਿਚ 1988 ਵਿਚ ਮਰਾਠਾ ਮਹਾਮੰਡਲ ਦੀ ਮੀਟਿੰਗ ਵਿਚ ਇਸ ਦੀਆਂ ਕਾਪੀਆਂ ਜਨਤਕ ਤੌਰ 'ਤੇ ਸਾੜੀਆਂ ਗਈਆਂ। ਜਦੋਂ ਸ਼ਿਵ ਸੈਨਾ ਨੇ ਬੰਬਈ (ਹੁਣ ਮੁੰਬਈ) ਵਿਚ ਇਸਦੇ ਇਕ ਚੈਪਟਰ ‘ਦ ਰਿਡਲ ਆਫ਼ ਰਾਮਾ ਐਂਡ ਕ੍ਰਿਸ਼ਨਾ' ਨੂੰ ਕਿਤਾਬ ਵਿੱਚੋਂ ਹਟਾਉਣ ਲਈ ਦੰਗਾ ਕੀਤਾ ਤਾਂ ਮਹਾਰਾਸ਼ਟਰ ਸਰਕਾਰ ਨੇ ਕਿਤਾਬ ਵਾਪਸ ਲੈ ਲਈ। ਇਸ ਦੇ ਵਿਰੋਧ ਵਿਚ ਮਹਾਰਾਸ਼ਟਰ ਭਰ ਵਿਚ ਹਜ਼ਾਰਾਂ ਦਲਿਤ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ। ਨਤੀਜੇ ਵਜੋਂ, ਇਹ ਅਧਿਆਇ ਦੁਬਾਰਾ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਸੀ, ਪਰ ਇਕ ਵਿਸ਼ੇਸ਼ ਨੋਟ ਦੇ ਨਾਲ ਕਿ “ਸਰਕਾਰ ਇਸ ਅਧਿਆਇ ਵਿਚ ਪ੍ਰਗਟਾਏ ਗਏ ਵਿਚਾਰਾਂ ਨਾਲ ਸਹਿਮਤ ਨਹੀਂ ਹੈ।” 

(ਐੱਸ. ਆਨੰਦ, 2016) ਅੱਜ ਤੱਕ ਇਸ ਵਿਸ਼ੇਸ਼ ਟਿੱਪਣੀ ਨਾਲ ਹੀ ਇਹ ਅਧਿਆਇ ਪ੍ਰਕਾਸ਼ਿਤ ਹੁੰਦਾ ਹੈ। 

ਡਾਕਟਰ ਅੰਬੇਡਕਰ ਜਦੋਂ ਇਹ ਕਿਤਾਬ ਲਿਖ ਰਹੇ ਸਨ ਉਸ ਵਕਤ ਉਹਨਾਂ ਨੇ ਹਿੰਦੂ ਧਰਮ ਦੇ ਬਾਰੇ ਵਿੱਚ ਆਪਣਾ ਅਧਿਅਨ ਲਗਭਗ ਪੂਰਾ ਕਰ ਲਿਆ ਸੀ ਤੇ ਉਹਨਾਂ ਨੇ ਇਹ ਮਨ ਬਣਾ ਲਿਆ ਸੀ ਕਿ ਉਹਨਾਂ ਨੇ ਹਰ ਹਾਲਤ ਵਿੱਚ ਹਿੰਦੂ ਧਰਮ ਤਿਆਗ ਦੇਣਾ ਜਿਸ ਦਾ ਐਲਾਨ ਉਹਨਾਂ ਨੇ ਬਹੁਤ ਵਾਰ ਪਹਿਲਾਂ ਵੀ ਕੀਤਾ ਸੀ।

13 ਅਕਤੂਬਰ 1935 ਨੂੰ ਭੀਮ ਰਾਓ ਰਾਮਜੀ ਅੰਬੇਡਕਰ ਨੇ ਯੇਵਲਾ, ਬੰਬਈ ਪ੍ਰੈਜ਼ੀਡੈਂਸੀ ਵਿਖੇ ਡਿਪਰੈਸਡ ਕਲਾਸਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ: “ਇਹ ਮੇਰੀ ਬਦਕਿਸਮਤੀ ਹੈ ਕਿ ਮੈਂ 'ਅਛੂਤ’ ਦਾ ਕਲੰਕ ਲੈ ਕੇ ਪੈਦਾ ਹੋਇਆ ਹਾਂ। ਇਸ ਵਿਚ ਮੇਰੀ ਕੋਈ ਗ਼ਲਤੀ ਨਹੀਂ ਸੀ। ਪਰ ਮੈਂ ਹਿੰਦੂ ਦੇ ਤੌਰ ਨਹੀਂ ਮਰਾਂਗਾ, ਕਿਉਂਕਿ ਇਹ ਮੇਰੇ ਹੱਥ ਵਿਚ ਹੈ।” (ਜੇਲੀਅਟ, 2013, 147)


ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ, ਅੰਬੇਡਕਰ ਨੇ ਲਗਭਗ ਪੰਜ ਲੱਖ ਪੈਰੋਕਾਰਾਂ ਦੇ ਨਾਲ ਰਸਮੀ ਤੌਰ 'ਤੇ ਬੁੱਧ ਧਰਮ ਅਪਣਾਅ ਲਿਆ। ਸਮੂਹਿਕ ਧਰਮ ਪਰਿਵਰਤਨ ਦਾ ਇਹ ਸਮਾਰੋਹ ਨਾਗਪੁਰ ਵਿਚ ਹੋਇਆ, ਦੇ ਦੇਖਿਆ ਜਾਵੇ ਤਾਂ 

ਡਾ ਅੰਬੇਡਕਰ ਇਕਦਮ ਹਿੰਦੂ ਧਰਮ ਦਾ ਤਿਆਗ ਕਰਨ ਦਾ ਮਨ ਨਹੀਂ ਬਣਾਉਂਦੇ ਸਗੋਂ ਇਸ ਦਾ ਲੰਮੇ ਸਮੇਂ ਤੱਕ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਰਹੇ।ਇਸੇ ਸੁਧਾਰ ਦੇ ਚਲਦਿਆਂ ਉਹਨਾਂ ਨੇ ਪੀਣ ਵਾਲੇ ਪਾਣੀ ਦੇ ਮੁੱਦੇ ਨੂੰ ਲੈ ਕੇ ਚਾਬਦਾਰ ਤਲਾਬ ਦਾ ਅੰਦੋਲਨ ਚਲਾਇਆ ਸੀ ਇਸੇ ਤਰਾਂ ਮੰਦਰਾਂ ਵਿੱਚ ਪ੍ਰਵੇਸ਼ ਨੂੰ ਲੈ ਕੇ ਵੀ ਉਹਨਾਂ ਨੇ ਹਿੰਦੂ ਸੰਗਠਨਾਂ ਵਿੱਚ ਚਰਚਾ ਛੇੜੀ ਸੀ ਪਰ ਹਿੰਦੂ ਜਥੇਬੰਦੀਆਂ ਇਸ ਨੂੰ ਮਾਨਤਾ ਦੇਣ ਦੀ ਬਜਾਏ ਇਸਦੇ ਵਿਰੋਧ ਵਿੱਚ ਖੜੀਆਂ ਹੋ ਗਈਆਂ ਸਨ ਜਿਸ ਦੇ ਸਿੱਟੇ ਵਜੋਂ ਅੰਦੋਲਨ ਦੇ ਨਾਲ ਨਾਲ ਹਿੰਦੂ ਰਸਮਾ ਰਿਵਾਜਾਂ ਤੇ ਗ੍ਰੰਥਾਂ ਦਾ ਅਧਿਐਨ ਕਰਨ ਦਾ ਕਾਰਜ ਜਿਹੜਾ ਭਾਵੇਂ ਬਹੁਤ ਵੱਡਾ ਤੇ ਸਮਾਂ ਲੈਣ ਵਾਲਾ ਸੀ ਉਹ ਅੰਬੇਡਕਰ ਹੋਰਾਂ ਨੂੰ ਨਾਲੋ ਨਾਲ ਕਰਨਾ ਪਿਆ। ਇਹ ਕੋਈ ਅਸਾਨ ਕਾਰਜ ਨਹੀਂ ਸੀ। ਅੰਬੇਡਕਰ ਨੇ ਬੁੱਧ ਅਤੇ ਲੁਕਾਇਤ ਦਾਰਸ਼ਨ ਦੇ ਮਾਰਗ ਤੇ ਚਲਦਿਆਂ ਜੀਵਨ ਜੀਣ ਦਾ ਨਿਰਨਾ ਸਮਾਜਿਕ ਵਿਹਾਰ ਤੇ ਧਾਰਮਿਕ ਗ੍ਰੰਥਾਂ ਦੇ ਅਧਿਐਨ ਦੇ ਸਿੱਟੇ ਵਜੋਂ ਕੱਢਿਆ ਸੀ।

ਇੱਕ ਹੋਰ ਮੁੱਦਾ ਹਿੰਦੂ ਧਰਮ ਤੇ ਹਿੰਦੂ ਧਰਮ ਦੀ ਜਕੜ ਵਿੱਚ ਆਈ ਸੰਸਕ੍ਰਿਤ ਭਾਸ਼ਾ ਬਾਰੇ ਸੀ। ਜਿਹੜਾ ਡਾ ਅੰਬੇਡਕਰ ਨੂੰ ਉਮਰ ਭਰ ਸਵਾਲ ਖੜੇ ਕਰਦਾ ਰਿਹਾ। ਆਖਰ ਜਿਸ ਭਾਸ਼ਾ ਵਿੱਚ ਹਿੰਦੂ ਧਰਮ ਦੇ ਗ੍ਰੰਥ ਵੇਦ ਆਦਿ ਲਿਖੇ ਗਏ ਉਸ ਭਾਸ਼ਾ ਨੂੰ ਸਿੱਖਣ ਦਾ ਅਧਿਕਾਰ ਦਲਿਤਾਂ ਨੂੰ ਕਿਉਂ ਨਹੀਂ ਦਿੱਤਾ ਜਾਂਦਾ? ਇਸ ਸਵਾਲ ਦੇ ਨਾਲ ਨਾਲ ਇੱਕ ਹੋਰ ਸਵਾਲ ਜਿਹੜਾ ਹੋਰ ਵੀ ਉੱਭਰਮੇ ਰੂਪ ਵਿੱਚ ਅੰਬੇਡਕਰ ਦੇ ਸਮਿਆਂ ਦੇ ਦਰਪੇਸ਼ ਸੀ ਉਹ ਸੀ ਕਿ ਹਿੰਦੂ ਧਾਰਮਿਕ ਸਥਾਨਾਂ ਦੇ ਪੁਜਾਰੀ ਆਖਰ ਬ੍ਰਾਹਮਣ ਜਾਤੀ ਦੇ ਹੀ ਕਿਉਂ ਹੁੰਦੇ ਹਨ? ਜੇ ਸ਼ੂਦਰ ਹਿੰਦੂ ਹਨ ਤਾਂ ਮੰਦਰਾਂ ਦੇ ਪੁਜਾਰੀ ਸ਼ੂਦਰ ਕਿਉਂ ਨਹੀਂ ਹੋ ਸਕਦੇ ? ਇਹ ਇੱਕ ਹੋਰ ਵੱਡਾ ਸਵਾਲ ਸੀ। ਭਾਰਤ ਦੇ ਸੰਵਿਧਾਨ ਦੀ ਧਾਰਾ 14 ਦੇ ਤਹਿਤ ਨਾਗਰਿਕਤਾ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਇਸ ਲਈ ਜੀਣ ਦਾ ਬਰਾਬਰਤਾ ਦਾ ਅਧਿਕਾਰ ਹੈ ਕੁਦਰਤੀ ਸੋਮਿਆਂ ਨੂੰ ਵਰਤਣ ਦਾ ਬਰਾਬਰਤਾ ਦਾ ਅਧਿਕਾਰ ਹੈ ਪਰ ਭਾਰਤੀ ਸੰਵਿਧਾਨ ਇਸਦੀ ਰਾਖੀ ਕਿਉਂ ਨਹੀਂ ਕਰਦਾ ? ਇਹ ਵੀ ਇੱਕ ਹੋਰ ਵੱਡਾ ਸਵਾਲ ਸੀ ਇਹ ਸਵਾਲ ਡਾਕਟਰ ਅੰਬੇਦਕਰ ਦੇ ਤੁਰ ਜਾਣ ਤੋਂ ਬਾਅਦ ਵੀ ਜਿਉਂ ਦਾ ਤਿਉਂ ਬਰਕਰਾਰ ਹੈ।

ਹੱਥਲੀ ਪੁਸਤਕ ਉਦਾਹਰਨ ਦੇ ਤੌਰ ਤੇ ਇੱਕ ਅਹਿਮ ਕੇਸ ਦਾ ਹਵਾਲਾ ਦਿੰਦੀ ਲਿਖਦੀ ਹੈ,

“ ਦਸੰਬਰ 2015 ਵਿਚ, ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਸੰਵਿਧਾਨ ਦੇ ਅਨੁਛੇਦ 16 (5) ਦਾ ਹਵਾਲਾ ਦਿੰਦੇ ਹੋਏ, ਆਪਣੇ ਫੈਸਲੇ ਵਿਚ ਕਿਹਾ, “ਪੁਜਾਰੀ ਦੇ ਅਹੁਦਿਆਂ 'ਤੇ ਨਿਯੁਕਤੀ ਵਿਚ ਕਿਸੇ ਵਿਸ਼ੇਸ਼ ਵਰਗ ਜਾਂ ਫਿਰਕੇ ਨੂੰ ਸ਼ਾਮਿਲ ਕਰਨਾ ਜਾਂ ਬਾਹਰ ਕਰਨਾ ਧਾਰਾ 14 (ਸਮਾਨਤਾ ਦੇ ਅਧਿਕਾਰ) ਦੀ ਉਲੰਘਣਾ ਨਹੀਂ ਹੈ।” ਇਸ ਫੈਸਲੇ ਨੇ ਸਿਰਫ਼ ਬ੍ਰਾਹਮਣਾਂ ਨੂੰ ਹੀ ਪੁਜਾਰੀ ਬਣਨ ਅਤੇ ਅਗਮ ਸ਼ਾਸਤਰ ਦੇ ਆਧਾਰ 'ਤੇ ਹਿੰਦੂ ਧਰਮ ਨੂੰ ਨਿਯੰਤਰਿਤ ਕਰਨ ਦਾ ਅਧਿਕਾਰ ਦਿੱਤਾ ਹੈ। ਜੇਕਰ ਕੋਈ ਗ਼ੈਰ-ਬ੍ਰਾਹਮਣ ਪੁਜਾਰੀ ਦਾ ਕੰਮ ਕਰਨ ਲਈ ਸਿੱਖਿਅਤ ਅਤੇ ਪੂਰੀ ਤਰ੍ਹਾਂ ਯੋਗ ਹੈ, ਉਹ ਆਪਣੀ ਜਾਤ ਦੇ ਕਾਰਨ ਪੁਜਾਰੀ ਨਹੀਂ ਬਣ ਸਕਦਾ। ਕਿਉਂਕਿ ਬ੍ਰਾਹਮਣਵਾਦੀ ਹਿੰਦੂ ਧਰਮ, ਜੋ ਅਧਿਆਤਮਿਕ ਮਾਮਲਿਆਂ ਵਿਚ ਲੋਕਤੰਤਰੀ ਪ੍ਰਣਾਲੀ ਨੂੰ ਸਵੀਕਾਰ ਨਹੀਂ ਕਰਦਾ ਅਤੇ ਅਸਮਾਨਤਾ ਦਾ ਪੁਜਾਰੀ ਹੈ, ਨੂੰ ਹੁਣ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਸਮਰਥਨ ਪ੍ਰਾਪਤ ਹੋ ਗਿਆ ਹੈ। 

( ਹਿੰਦੂ ਧਰਮ ਦੇ ਰਹੱਸ ਪੰਨਾ 41)

ਅੰਬੇਡਕਰ ਨੇ ਜੋਰ ਦਿਨ ਦਿਆ ਕਿਹਾ ਸੀ

 ਮੈਂ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦਾ ਹਾਂ ਕਿ ਹਿੰਦੂ ਧਰਮ ਸਨਾਤਨ (ਸਦੀਵੀ) ਨਹੀਂ ਹੈ।


 ਅੰਬੇਡਕਰ ਦੀ ਹਥਲੀ ਪੁਸਤਕ ਦਾ ਦੂਸਰਾ ਉਦੇਸ਼ ਬ੍ਰਾਹਮਣਾਂ ਦੀ ਚਲਾਕੀ ਵੱਲ ਹਿੰਦੂਆਂ ਦਾ ਧਿਆਨ ਦਿਵਾਉਣਾ ਹੈ ਤਾਂ ਜੋ ਉਹ ਖ਼ੁਦ ਸੋਚਣ ਅਤੇ ਸਮਝਣ ਕਿ ਬ੍ਰਾਹਮਣਾਂ ਨੇ ਉਨ੍ਹਾਂ ਨੂੰ ਕਿਵੇਂ ਧੋਖਾ ਦਿੱਤਾ ਅਤੇ ਗੁਮਰਾਹ ਕੀਤਾ ਹੈ।


ਇਸ ਪੁਸਤਕ ਨੂੰ ਪੜ੍ਹ ਕੇ ਪਤਾ ਲੱਗੇਗਾ ਕਿ ਬ੍ਰਾਹਮਣਾਂ ਨੇ ਆਪਣੇ ਦੇਵਤਿਆਂ ਅਤੇ ਗ੍ਰੰਥਾਂ ਨੂੰ ਵੱਖ ਵੱਖ ਸਮਿਆਂ ਦੇ ਅੰਤਰਾਲ ਨਾਲ ਕਿਵੇਂ ਕਿਵੇਂ ਬਦਲਿਆ। ਮੈਂ ਇਸ ਨੂੰ ਹਿੰਦੂ ਧਰਮ ਦੀ ਉਸ ਵਿਲੱਖਣਤਾ ਵਜੋਂ ਵੀ ਵੇਖਦਾ ਹਾਂ ਜਿਹੜਾ ਕਦੀ ਵੀ ਸੰਸਥਾਗਤ ਨਹੀਂ ਹੋਇਆ ਸਗੋਂ ਸਮਿਆਂ ਦੇ ਨਾਲ ਆਪਣੇ ਆਪ ਨੂੰ ਬਲਦਾ ਰਿਹਾ। ਇਹ ਬਦਲਾ ਭਾਵੇਂ ਮਜਬੂਰੀ ਸੀ ਤੇ ਭਾਵੇਂ ਬੇਵਸੀ। ਹਿੰਦੂ ਧਰਮ ਵਿੱਚ ਵਿਚ ਕਿਵੇਂ ਤਬਦੀਲੀਆਂ ਕੀਤੀਆਂ ਗਈਆਂ ਜਾਂ ਹੋਈਆਂ ਇਸ ਦੀ ਭਿਣਕ ਰਿਡਲਸ ਆਫ ਹਿੰਦੂਇਜ਼ਮ ਵਿੱਚੋਂ ਮਿਲਦੀ ਹੈ ,”ਕਿਸੇ ਸਮੇਂ ਉਹ ਵੈਦਿਕ ਦੇਵਤਿਆਂ ਦੇ ਉਪਾਸਕ ਸਨ। ਫਿਰ, ਇਕ ਸਮਾਂ ਆਇਆ ਜਦੋਂ ਉਨ੍ਹਾਂ ਨੇ ਵੈਦਿਕ ਦੇਵਤਿਆਂ ਨੂੰ ਛੱਡ ਦਿੱਤਾ ਅਤੇ ਗ਼ੈਰ-ਵੈਦਿਕ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕੋਈ ਉਹਨਾਂ ਨੂੰ ਪੁੱਛੇ ਕਿ ਅੱਜ ਇੰਦਰ ਕਿੱਥੇ ਹੈ ? ਵਰੁਣ ਕਿੱਥੇ ਹੈ? ਬ੍ਰਹਮਾ ਕਿੱਥੇ ਹੈ ? ਤੇ ਮਿੱਤਰ ਕਿੱਥੇ ਹੈ? ਇਹ ਸਾਰੇ ਦੇਵਤੇ ਹਨ ਜਿਨ੍ਹਾਂ ਦਾ ਵੇਦਾਂ ਵਿਚ ਜ਼ਿਕਰ ਹੈ। ਅੱਜ ਉਹ ਸਾਰੇ ਦੇਵਤੇ ਗਾਇਬ ਹੋ ਗਏ ਹਨ, ਕਿਉਂ? ਕਿਉਂਕਿ ਇੰਦਰ, ਵਰੁਣ ਅਤੇ ਬ੍ਰਹਮਾ ਦੀ ਪੂਜਾ ਹੁਣ ਕੋਈ ਲਾਹੇਵੰਦ ਧੰਦਾ ਨਹੀਂ ਰਿਹਾ। “ ( ਹਿੰਦੂ ਧਰਮ ਦੇ ਰਹੱਸ ਪੰਨਾ 52)


 

ਹਿੰਦੂ ਧਰਮ ਵਿਚ ਵੇਦਾਂ ਨੂੰ ਸਭ ਤੋਂ ਉੱਚ ਸਥਾਨ ਪ੍ਰਾਪਤ ਹੈ। ਬ੍ਰਾਹਮਣ ਗ੍ਰੰਥਾਂ ਨੇ ਵੇਦਾਂ ਨੂੰ ਇਲਾਹੀ ਅਤੇ ਰੱਬੀ ਸ਼ਬਦ ਕਿਹਾ ਹੈ। ਹਿੰਦੂ ਧਰਮ ਗ੍ਰੰਥਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ- ਸ਼ਰੁਤੀ ਅਤੇ ਸਮ੍ਰਿਤੀ। ਵੇਦਾਂ ਨੂੰ ਸ਼ਰੁਤੀ ਸਾਹਿਤ ਕਿਹਾ ਜਾਂਦਾ ਹੈ ਅਰਥਾਤ ਅਜਿਹਾ ਸਾਹਿਤ ਜੋ ਈਸ਼ਵਰ ਦੀ ਬਾਣੀ ਦੇ ਰੁੱਪ ਵਿਚ ਰਿਸ਼ੀਆਂ ਦੁਆਰਾ ਸੁਣਿਆ ਗਿਆ, ਕੰਠ (ਜੁਬਾਨੀ ਯਾਦ) ਕੀਤਾ ਗਿਆ ਅਤੇ ਬਾਅਦ ਵਿਚ ਲਿੱਪੀਬੱਧ ਕੀਤਾ ਗਿਆ। ਚਾਰ ਵੇਦ ਹਨ- ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ। ਰਿਗਵੇਦ ਦੇ ਦਸਮ ਮੰਡਲ ਦੇ ਪੁਰੁਸ਼ਸੂਕਤ ਵਿਚ ਪਹਿਲੀ ਵਾਰ ਵਰਣ ਪ੍ਰਣਾਲੀ ਦੀ ਵਿਧੀ ਦੱਸੀ ਗਈ ਹੈ। ਮਨੁਸਮ੍ਰਿਤੀ ਸ਼ੂਦਰਾਂ ਅਤੇ ਔਰਤਾਂ ਨੂੰ ਵੇਦ ਪੜ੍ਹਨ ਤੋਂ ਮਨ੍ਹਾ ਕਰਦੀ ਹੈ ਅਤੇ ਗੌਤਮ ਸਮ੍ਰਿਤੀ ਰਾਜੇ ਨੂੰ ਹੁਕਮ ਦਿੰਦੀ ਹੈ ਕਿ ਜੇ ਕੋਈ ਸ਼ੂਦਰ ਵੇਦ ਪੜ੍ਹਦਾ ਹੈ ਤਾਂ ਉਸਦੇ ਕੰਨਾਂ ਵਿਚ ਪਿੱਘਲਿਆ ਹੋਇਆ ਸ਼ੀਸ਼ਾ ਪਾਓ। 


ਵੇਦਾਂ ਵਿੱਚ ਕਰਮਕਾਂਡਾਂ ਬਾਰੇ ਭਜਨ ਦਰਜ ਹਨ ਇਹਨਾਂ ਕਰਮਕਾਂਡਾਂ ਵਿੱਚ ਹੀ ਬਲੀ ਦੇਣ ਦੀ ਪ੍ਰਥਾ ਦਾ ਜ਼ਿਕਰ ਵੀ ਬਾਰ ਬਾਰ ਆਉਂਦਾ ਹੈ ਬਲੀ ਦੇਣ ਦੀ ਗੱਲ ਇਥੋਂ ਤੱਕ ਪਹੁੰਚ ਜਾਂਦੀ ਹੈ ਕਿ ਮਨੁੱਖ ਦੀ ਬਲੀ ਵੀ ਦਿੱਤੀ ਜਾ ਸਕਦੀ ਹੈ। ਇੱਥੇ ਵੀ ਹੁਸ਼ਿਆਰੀ ਦੇਖਣ ਵਾਲੀ ਹੈ ਹੈ ਕਿ ਬ੍ਰਾਹਮਣ ਦੀ ਬਲੀ ਨਹੀਂ ਦਿੱਤੀ ਜਾ ਸਕਦੀ। 

8ਵੀਂ ਅਤੇ 6ਵੀਂ ਸਦੀ ਬੀ.ਸੀ. ਦੇ ਵਿਚਕਾਰ, ਭਾਰਤ ਵਿਚ ਬਹੁਤ ਸਾਰੇ ਪਦਾਰਥਵਾਦੀ ਦਾਰਸ਼ਨਿਕ ਅਤੇ ਵਿਚਾਰਧਾਰਾਵਾਂ ਹੋਈਆਂ ਸਨ, ਜਿਨ੍ਹਾਂ ਨੇ ਅਖੌਤੀ ਧਰਮਸ਼ਾਸਤਰ ਦੇ ਉਪਰੋਕਤ ਵਿਸ਼ਵਾਸਾਂ ਨੂੰ ਰੱਦ ਕੀਤਾ ਸੀ। ਇਹਨਾਂ ਵਿੱਚੋਂ ਇੱਕ ਫਲਸਫ਼ਾ ਚਾਰਵਾਕ ਦਾ ਵੀ ਸੀ, ਜਿਸਦਾ ਮੋਢੀ ਰਿਸ਼ੀ ਚਾਰਵਾਕ ਮੰਨਿਆ ਜਾਂਦਾ ਹੈ। ਉਸਦੇ ਫਲਸਫ਼ੇ ਨੂੰ ਲੋਕਾਇਤ ਵੀ ਕਿਹਾ ਜਾਂਦਾ ਹੈ। ਲੋਕਾਇਤ ਫਲਸਫ਼ਾ ਇਸ ਸੰਸਾਰ ਵਿਚ ਵਿਸ਼ਵਾਸ ਕਰਦਾ ਹੈ ਅਤੇ ਸਵਰਗ, ਨਰਕ ਜਾਂ ਮੁਕਤੀ ਦੀ ਧਾਰਨਾ ਵਿਚ ਵਿਸ਼ਵਾਸ ਨਹੀਂ ਕਰਦਾ ਹੈ। ਇਸ ਲਈ ਇਹ ਫਲਸਫ਼ਾ ਪੁਨਰ-ਜਨਮ ਅਤੇ ਕਰਮ ਸਿਧਾਂਤ ਵਿਚ ਵਿਸ਼ਵਾਸ ਹੀ ਨਹੀਂ ਰੱਖਦਾ ਸੀ। ਇਨ੍ਹਾਂ ਲੋਕਾਇਤ ਦੇ ਪੈਰੋਕਾਰਾਂ ਨੇ ਪੁਜਾਰੀਆਂ ਅਤੇ ਉਨ੍ਹਾਂ ਦੇ ਕਰਮ-ਕਾਂਡਾਂ ਦੀ ਵੀ ਸਖ਼ਤ ਆਲੋਚਨਾ ਕੀਤੀ ਸੀ। ਚਾਰਵਾਕਾਂ ਦੇ ਪੈਰੋਕਾਰਾਂ ਨੇ ਅਜਿਹੀਆਂ ਵਸਤੂਆਂ ਦੀ ਹੋਂਦ ਤੋਂ ਇੰਨਕਾਰ ਕੀਤਾ ਜਿਨ੍ਹਾਂ ਨੂੰ ਇੰਦਰੀਆਂ ਦੁਆਰਾ ਅਨੁਭਵ ਨਹੀਂ ਕੀਤਾ ਜਾ ਸਕਦਾ ਸੀ। ਉਸਦੇ ਫਲਸਫ਼ੇ ਨੇ ਬ੍ਰਾਹਮਣਵਾਦ ਦੇ ਮੂਲ ਸਿਧਾਂਤਾਂ ਨੂੰ ਰੱਦ ਕਰ ਦਿੱਤਾ ਸੀ, ਜਿਸ ਕਾਰਨ ਬ੍ਰਾਹਮਣ-ਪੁਜਾਰੀਆਂ ਨੇ ਉਸਦੇ ਸਾਹਿਤ ਨੂੰ ਤਬਾਹ ਕਰ ਦਿੱਤਾ ਸੀ। 


ਪਦਾਰਥਵਾਦੀਆ ਨੇ ਰਿਗ ਵੇਦ ਦੇ ਬਹੁਤ ਸਾਰੇ ਕਰਮਕਾਂਡਾਂ ਦੀ ਤਰਕ ਦੇ ਅਧਾਰ ਤੇ ਨਿਖੇਧੀ ਕੀਤੀ। ਜਿਵੇਂ ਸ਼ਰਾਧ ਕਰਨ ਨਾਲ ਸਵਰਗਵਾਸੀ ਨੂੰ ਭੋਜਨ ਛਕਾਇਆ ਜਾ ਸਕਦਾ ਹੈ ਜਿਵੇਂ ਪਸ਼ੂਆਂ ਦੀ ਬਲੀ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਭੈਣ ਭਰਾ ਜੰਮ ਤੇ ਜਮੀ ਦੇ ਆਪਸੀ ਸਬੰਧ ਬਣਾਉਣ ਦੇ ਲੰਮੇ ਸੰਵਾਦ ਨੂੰ ਵੀ ਉਹਨਾਂ ਨੇ ਆਪਣੇ ਤਰਕ ਦੇ ਅਧਾਰ ਤੇ ਰੱਦ ਕੀਤਾ। ਇਹ ਚਿੰਤਕ ਇਹਨਾਂ ਵੇਦਾਂ ਦੇ ਉਹਨਾਂ ਸਲੋਕਾਂ ਦੀ ਵੀ ਨਿਖੇਦੀ ਕਰਦੇ ਸਨ ਜਿਨਾਂ ਸਲੋਕਾਂ ਰਾਹੀਂ ਕੋਈ ਔਰਤ ਆਪਣੀ 

ਸੌਂਕਣ ਤੋਂ ਛੁਟਕਾਰਾ ਪਵਾ ਸਕਦੀ ਹੈ।


ਹਿੰਦੂ ਧਰਮ ਅਨੁਸਾਰ ਜਿਹੜੀ ਅਰਾਜਕਤਾ ਕਦੇ ਦਲਿਤ ਦੇ ਭਗਤੀ ਕਰਨ ਨਾਲ ਫੈਲ ਸਕਦੀ ਸੀ, ਕਦੇ ਦਲਿਤ ਦੇ ਸੰਸਕ੍ਰਿਤ ਸਿੱਖਣ ਨਾਲ ਫੈਲ ਸਕਦੀ ਸੀ ਤੇ ਕਦੇ ਧਾਰਮਿਕ ਗ੍ਰੰਥਾਂ ਦਾ ਅਧਿਅਨ ਕਰਨਾ ਫੈਲ ਸਕਦੀ ਸੀ। ਧਰਮਸੂਤਰ’ ਵੇਦਾਂ ਨੂੰ ਸੁਣਨ ’ਤੇ ਸ਼ੂਦਰਾਂ ਲਈ ਸਖ਼ਤ ਸਜ਼ਾ ਦਾ ਹੁਕਮ ਦਿੰਦਾ ਹੈ: ਸ਼ੂਦਰ ਦੇ (ਅੱਖਰ ਪ੍ਰਾਪਤ ਕਰਨ ਦੀ ਇੱਛਾ ਨਾਲ) ਵੇਦਾਂ ਨੂੰ ਸੁਣਨ 'ਤੇ (ਪਿਘਲੇ ਹੋਏ) ਸੀਸੇ ਅਤੇ ਸਿੱਕੇ ਨਾਲ ਉਸਦੇ ਕੰਨ ਭਰੇ ਜਾਣੇ ਚਾਹੀਦੇ ਹਨ। ਵੇਦਾਂ ਦੇ ਅੱਖਰ ਉਚਾਰਨ ਲਈ ਉਸਦੀ ਜੀਭ ਕੱਟ ਦਿੱਤੀ ਜਾਣੀ ਚਾਹੀਦੀ ਹੈ ਅਤੇ ਵੇਦ ਮੰਤਰਾਂ ਨੂੰ ਧਾਰਨ ਕਰਨ ’ਤੇ ਉਸ ਦੇ ਸਰੀਰ ਨੂੰ ਕੱਟ ਦੇਣਾ ਚਾਹੀਦਾ ਹੈ। ਜੋ ਸ਼ੂਦਰ, ਦਿਵਯ ਜਾਤੀਆਂ ਨਾਲ ਆਸਣ, ਨੀਂਦ, ਗੱਲਬਾਤ ਅਤੇ ਮਾਰਗ ਵਿਚ ਸਮਾਨਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਸਜ਼ਾ ਦਾ ਹੱਕਦਾਰ ਹੁੰਦਾ ਹੈ। (ਪਾਂਡੇ, 1966, ਪੰਨਾ 132)


ਡਾ ਅੰਬੇਡਕਰ ਨੇ ਹਿੰਦੂ ਧਰਮ ਸਬੰਧੀ ਬੁਨਿਆਦੀ ਸਵਾਲ ਉਠਾਉਂਦਿਆਂ ਕਿਹਾ

“ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਪਾਰਸੀ, ਪਾਰਸੀ ਕਿਉਂ ਹੁੰਦਾ ਹੈ, ਈਸਾਈ ਕਿਉਂ ਈਸਾਈ ਹੁੰਦਾ ਹੈ, ਮੁਸਲਮਾਨ, ਮੁਸਲਮਾਨ ਕਿਉਂ ਹੁੰਦਾ ਹੈ ਅਤੇ ਹਿੰਦੂ, ਹਿੰਦੂ ਕਿਉਂ ਹੁੰਦਾ ਹੈ। ਪਾਰਸੀਆਂ, ਈਸਾਈਆਂ ਅਤੇ ਮੁਸਲਮਾਨਾਂ ਬਾਰੇ ਸਮਝਣਾ ਆਸਾਨ ਹੈ। ਜੇਕਰ ਤੁਸੀਂ ਕਿਸੇ ਪਾਰਸੀ ਨੂੰ ਪੁੱਛੋ ਕਿ ਉਸ ਨੂੰ ਪਾਰਸੀ ਕਿਉਂ ਕਿਹਾ ਜਾਂਦਾ ਹੈ, ਤਾਂ ਉਹ ਤੁਹਾਡੇ ਸਵਾਲ ਦਾ ਜਵਾਬ ਆਸਾਨੀ ਨਾਲ ਦੇ ਦੇਵੇਗਾ। ਉਹ ਕਹੇਗਾ ਕਿ ਉਹ ਪਾਰਸੀ ਹੈ ਕਿਉਂ ਕਿ ਉਹ ਜ਼ਰਥੁਸ਼ਤਰ ਦਾ ਅਨੁਆਈ ਹੈ। ਜੇ ਇਹੀ ਸਵਾਲ ਕਿਸੇ ਮਸੀਹੀ ਨੂੰ ਪੁੱਛਿਆ ਜਾਂਦਾ ਹੈ, ਤਾਂ ਉਸਨੂੰ ਵੀ ਜਵਾਬ ਦੇਣ ਵਿਚ ਕੋਈ ਮੁਸ਼ਕਿਲ ਨਹੀਂ ਹੋਵੇਗੀ। ਉਹ ਇਕ ਈਸਾਈ ਹੈ ਕਿਉਂ ਕਿ ਉਹ ਯਿਸੂ ਮਸੀਹ ਵਿਚ ਵਿਸ਼ਵਾਸ ਰੱਖਦਾ ਹੈ। ਜੇਕਰ ਇਹੀ ਸਵਾਲ ਕਿਸੇ ਮੁਸਲਮਾਨ ਨੂੰ ਪੁੱਛਿਆ ਜਾਵੇ ਤਾਂ ਉਸਨੂੰ ਵੀ ਜਵਾਬ ਦੇਣ ਵਿਚ ਕੋਈ ਝਿਜਕ ਨਹੀਂ ਹੋਵੇਗੀ। ਉਹ ਕਹੇਗਾ ਕਿ ਉਹ ਇਸਲਾਮ ਨੂੰ ਮੰਨਦਾ ਹੈ, ਇਸ ਲਈ ਉਹ ਮੁਸਲਮਾਨ ਹੈ।” ਸੰਸਾਰ ਦੇ ਦੂਜੇ ਧਰਮਾਂ ਇਸਾਈ ਮੱਤ, ਇਸਲਾਮ, ਬੁੱਧ ਧਰਮ, ਆਦਿ, ਵਾਂਙ ਹਿੰਦੂ ਧਰਮ ਦਾ ਕੋਈ ਇਕ ਸੰਸਥਾਪਕ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਆਧਾਰ ਪੁਸਤਕ ਹੈ। ਇਸ ਦਾ ਕੋਈ ਈਸਾ ਮਸੀਹ, ਕੋਈ ਮੁਹੰਮਦ ਜਾਂ ਕੋਈ ਬੁੱਧ ਨਹੀਂ, ਕੋਈ ਬਾਈਬਲ, ਕੁਰਾਨ ਅਤੇ ਨਾ ਹੀ ਕੋਈ ਬੁੱਧ ਕਾਨੂੰਨ ਹੈ ।

ਸੱਚ ਤਾਂ ਇਹ ਹੈ ਕਿ ਇਸਦਾ ਕੋਈ ਸਿੱਧ ਪੈਗ਼ੰਬਰ ਵੀ ਨਹੀਂ । ਇਸ ਦੇ ਧਾਰਮਿਕ ਅਧਿਕਾਰੀ ਤਾਂ ਰਿਸ਼ੀ, ਅਵਤਾਰ, ਮੁਨੀ ਅਤੇ ਸ਼ੰਕਰਾ ਵਰਗੇ ਪ੍ਰਮਾਣਿਤ ਇਤਿਹਾਸਕ ਵਿਅਕਤੀ ਅਤੇ ਸੰਤ ਹੀ ਹਨ । ਪ੍ਰਾਚੀਨਤਮ ਵੇਦਾਂ ਦੇ 'ਆਦਿ' ਹੋਣ ਦੇ ਬਾਵਜੂਦ ਵੀ ਸਮਰਿਤੀਆਂ, ਗੀਤਾ, ਮਹਾਂ ਭਾਰਤ ਅਤੇ ਪੁਰਾਣ, ਆਦਿ ਵਾਸਤਵ ਵਿਚ ਵੇਦਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਪ੍ਰਮਾਣਕ ਧਾਰਮਿਕ ਗ੍ਰੰਥ ਨਹੀਂ ਹਨ । ਦਰਅਸਲ ਇਹ ਗ੍ਰੰਥ ਪਿਛਲੇ 1500 ਤੋਂ 2000 ਸਾਲ ਤਕ ਦੇ ਹਿੰਦੂ ਧਰਮ ਵਿਚ ਪਵਿੱਤਰਾਂ ਤੋਂ ਵੀ ਪਵਿੱਤਰ ਵੇਦਾਂ ਨਾਲੋਂ ਵੀ ਵਧ ਪ੍ਰਮਾਣਿਕ ਮੰਨੇ ਗਏ ਹਨ ।


ਮਨੂ ਨੇ ਮਨੁਸਮ੍ਰਿਤੀ ਦੇ ਅਧਿਆਇ 10 ਵਿਚ ਮਿਸ਼ਰਤ (ਵਰਣ- ਸੰਕਰ) ਜਾਤੀਆਂ ਦੀ ਉੱਤਪਤੀ ਦਾ ਵਿਸਤ੍ਰਿਤ ਵੇਰਵਾ ਦਿੱਤਾ ਹੈ। ਮਨੁਸਮ੍ਰਿਤੀ ਦੇ ਸ਼ਲੋਕ 5 ਤੋਂ ਲੈ ਕੇ ਸ਼ਲੋਕ 60 ਤੱਕ, ਮਿਸ਼ਰਤ ਜਾਤੀਆਂ ਦੀ ਉੱਤਪਤੀ 'ਤੇ ਕੇਂਦ੍ਰਿਤ ਹੈ। ਉਸ ਤੋਂ ਬਾਅਦ ਮਨੂ ਮਿਸ਼ਰਤ ਜਾਤੀਆਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਵਰਣਨ ਕਰਦਾ ਹੈ। ਮਨੂ ਕਹਿੰਦਾ ਹੈ ਕਿ ਜੇਕਰ ਬ੍ਰਾਹਮਣ ਦਾ ਬ੍ਰਾਹਮਣ ਵਰਣ ਵਿਚ, ਇੱਕ ਕਸ਼ੱਤਰੀ ਦਾ ਕਸ਼ੱਤਰੀ ਵਰਣ ਵਿਚ, ਇੱਕ ਵੈਸ਼ ਦਾ ਵੈਸ਼ ਵਰਣ ਵਿਚ ਅਤੇ ਇੱਕ ਸ਼ੂਦਰ ਦਾ ਸ਼ੂਦਰ ਵਰਣ ਵਿਚ ਵਿਆਹ ਹੁੰਦਾ ਹੈ, ਤਾਂ ਪੈਦਾ ਹੋਣ ਵਾਲਾ ਬੱਚਾ ਉਸੇ ਵਰਣ ਦਾ ਹੋਵੇਗਾ (ਮਨੁਸਮ੍ਰਿਤੀ 10.5)। ਪਰ ਜੇਕਰ ਵਰਣ ਤੋਂ ਬਾਹਰ ਮਰਦ ਅਤੇ ਔਰਤ ਦੇ ਜਿਨਸੀ ਸਬੰਧਾਂ ਤੋਂ ਬੱਚਾ ਪੈਦਾ ਹੁੰਦਾ ਹੈ, ਤਾਂ ਇਹ ਸੰਕਰ ਵਰਣ ਹੋਵੇਗਾ। ਮਨੂ ਵਰਣ ਸੰਕਰ ਵਿਅਕਤੀਆਂ ਦੀਆਂ ਦੋ ਸ਼੍ਰੇਣੀਆਂ ਬਣਾਉਂਦਾ ਹੈ - ਅਨੁਲੋਮ ਸਬੰਧਾਂ ਤੋਂ ਪੈਦਾ ਹੋਏ ਬੱਚੇ ਅਤੇ ਪ੍ਰਤਿਲੋਮ ਸਬੰਧਾਂ ਤੋਂ ਪੈਦਾ ਹੋਏ ਬੱਚੇ। ਜਦੋਂ ਉੱਚੇ ਵਰਣ ਵਾਲਾ ਪੁਰਸ਼ ਆਪਣੇ ਤੋਂ ਨੀਵੇਂ ਵਰਣ ਵਾਲੀ ਇਸਤਰੀ ਨਾਲ ਸਬੰਧ ਬਣਾਉਂਦਾ ਹੈ ਤਾਂ ਉਸਨੂੰ ਮਨੂ ਅਨੁਲੋਮ ਸਬੰਧ ਕਹਿੰਦਾ ਹੈ ਅਤੇ ਜੇਕਰ ਉੱਚ ਵਰਣ ਵਾਲੀ ਇਸਤਰੀ ਨੀਵੇਂ ਵਰਣ ਵਾਲੇ ਪੁਰਸ਼ ਨਾਲ ਸਬੰਧ ਬਣਾਉਂਦੀ ਹੈ ਤਾਂ ਇਸਨੂੰ ਪ੍ਰਤਿਲੋਮ ਸਬੰਧ ਕਿਹਾ ਜਾਂਦਾ ਹੈ। ਮਨੂ ਅਨੁਲੋਮ ਸਬੰਧਾਂ ਦੀ ਇਜਾਜ਼ਤ ਦਿੰਦਾ ਹੈ, ਪਰ ਪ੍ਰਤਿਲੋਮ ਸਬੰਧਾਂ ਬਾਰੇ ਬਹੁਤ ਸਖ਼ਤ ਹੈ। ਬ੍ਰਾਹਮਣ ਜਾਤੀ ਦੀ ਔਰਤ ਅਤੇ ਸ਼ੂਦਰ ਜਾਤੀ ਦੇ ਮਰਦ ਤੋਂ ਪੈਦਾ ਹੋਏ ਬੱਚੇ ਨੂੰ ਮਨੂ ਚੰਡਾਲ ਕਹਿੰਦਾ ਹੈ। (ਮਨੁਸਮ੍ਰਿਤੀ 10.30)। ਮਨੂ ਚੰਡਾਲ ਨੂੰ ਸਭ ਤੋਂ ਵਿਨਾਸ਼ਕਾਰੀ ਸ਼੍ਰੇਣੀ ਮੰਨਦਾ ਹੈ।


ਹਿੰਦੂ ਧਰਮ ਸ਼ਾਸਤਰ ਮਨੁੱਖ ਜਾਤੀ ਦੇ ਇਤਿਹਾਸ ਨੂੰ ਚਾਰ ਯੁੱਗਾਂ - ਸਤਿਯੁਗ , ਤ੍ਰੇਤਾ, ਦੁਆਪਰ ਅਤੇ ਕਲਯੁੱਗ ਵਿਚ ਵੰਡਦੇ ਹਨ। ਇਹ ਵੰਡ ਚੱਕਰਵਾਤੀ ਹੈ। ਉਨ੍ਹਾਂ ਅਨੁਸਾਰ ਇਤਿਹਾਸ ਰੇਖਿਕ ਨਹੀਂ ਸਗੋਂ ਚਕਰਵਰਤੀ ਹੁੰਦਾ ਹੈ। ਉਨ੍ਹਾਂ ਗ੍ਰੰਥਾਂ ਅਨੁਸਾਰ ਸਤਿਯੁੱਗ ਤੋਂ ਬਾਅਦ ਤ੍ਰੇਤਾ ਯੁੱਗ, ਤ੍ਰੇਤਾ ਤੋਂ ਬਾਅਦ ਦੁਆਪਰ ਯੁੱਗ ਅਤੇ ਦੁਆਪਰ ਯੁੱਗ ਤੋਂ ਬਾਅਦ ਕਲਯੁੱਗ ਆਵੇਗਾ। ਕਲਯੁੱਗ ਤੋਂ ਬਾਅਦ ਸਤਿਯੁੱਗ ਫਿਰ ਆਵੇਗਾ। ਹਿੰਦੂ ਧਰਮ ਸ਼ਾਸਤਰ ਅਨੁਸਾਰ ਇਨ੍ਹਾਂ ਯੁੱਗਾਂ ਵਿੱਚੋਂ ਸਭ ਤੋਂ ਉੱਤਮ ਅਤੇ ਮਹਾਨ ਸਤਿਯੁੱਗ ਹੈ ਅਤੇ ਸਭ ਤੋਂ ਨਖਿੱਧ ਕਲਯੁੱਗ ਹੈ। 

ਹਿੰਦੂਆਂ ਦੇ ਮੂਲ ਮਹਾਂਕਾਵਿ ਵਾਲਮੀਕਿ ਰਾਮਾਇਣ ਵਿਚ ਲਿਖਿਆ ਹੈ, "ਹੇ ਰਾਜੇ! ਪਹਿਲੇ ਸਤਿਯੁੱਗ ਵਿਚ ਕੇਵਲ ਬ੍ਰਾਹਮਣ ਹੀ ਤਪੱਸਿਆ ਕਰਦੇ ਸਨ। ਮਹਾਰਾਜ! ਉਸ ਸਮੇਂ ਗ਼ੈਰ-ਬ੍ਰਾਹਮਣ ਮਨੁੱਖ ਕਿਸੇ ਵੀ ਤਰ੍ਹਾਂ ਤਪੱਸਿਆ ਵੱਲ ਨਹੀਂ ਸੀ ਝੁਕਦਾ।" (ਵਾਲਮੀਕਿ ਰਾਮਾਇਣ, ਭਾਗ 2, ਸਰਗ 74ਵਾਂ, ਛੰਦ-9) ਸਤਿਯੁੱਗ ਦੀ ਵਿਸ਼ੇਸ਼ਤਾ ਦਾ ਵਰਣਨ ਕਰਦੇ ਹੋਏ ਵਾਲਮੀਕਿ ਰਮਾਇਣ ਕਹਿੰਦੀ ਹੈ ਕਿ "ਉਹ ਯੁੱਗ ਤਪੱਸਿਆ ਦੀ ਮਹਿਮਾ ਨਾਲ ਪ੍ਰਕਾਸ਼ਮਾਨ ਸੀ, ਜਿਸ ਵਿਚ ਬ੍ਰਾਹਮਣਾਂ ਦੀ ਪ੍ਰਧਾਨਤਾ ਸੀ। ਉਸ ਸਮੇਂ ਅਗਿਆਨਤਾ ਦਾ ਮਾਹੌਲ ਨਹੀਂ ਸੀ। ਇਸੇ ਕਰਕੇ ਉਸ ਯੁੱਗ ਦੇ ਸਾਰੇ ਮਨੁੱਖ ਅਕਾਲ - ਮੌਤ ਰਹਿਤ ਅਤੇ ਤ੍ਰਿਕਾਲਦਰਸ਼ੀ ਹੁੰਦੇ ਸਨ। (ਉਹੀ, ਸ਼ਲੋਕ-10)।


“ਸਤਿਯੁੱਗ ਤੋਂ ਬਾਅਦ ਤ੍ਰੇਤਾ ਯੁੱਗ ਆਇਆ, ਜਿਸ ਵਿਚ ਬਲਵਾਨ ਸਰੀਰ ਵਾਲੇ ਕਸ਼ਤਰੀਆਂ ਦਾ ਬੋਲਬਾਲਾ ਸੀ ਅਤੇ ਉਨ੍ਹਾਂ ਕਸ਼ੱਤਰੀਆਂ ਨੇ ਵੀ ਇਸੇ ਤਰ੍ਹਾਂ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ।”(ਉਹੀ,ਛੰਦ-11) ਅਗਲੇ ਸ਼ਲੋਕ ਵਿਚ ਵਾਲਮੀਕ ਸਪੱਸ਼ਟ ਕਰਦੇ ਹਨ ਕਿ ਤ੍ਰੇਤਾ ਯੁੱਗ ਸਤਿਯੁੱਗ ਤੋਂ ਪਤਿਤ ਯੁੱਗ ਸੀ- “ਸਤਿਯੁੱਗ ਦੇ ਲੋਕ ਤਪੱਸਿਆ ਅਤੇ ਬਹਾਦਰੀ ਦੇ ਪੱਖੋਂ ਤ੍ਰੇਤੇ ਯੁੱਗ ਵਿਚਲੇ ਮਹਾਂਪੁਰਖਾਂ ਨਾਲੋਂ ਉੱਚੇ ਸਨ।" (ਛੰਦ-12) ਰਾਮਾਇਣ ਇਸ ਗੱਲ ਨੂੰ ਰੇਖਾਂਕਿਤ ਕਰਦੀ ਹੈ ਕਿ ਸਤਿਯੁੱਗ ਵਿਚ ਜਿੱਥੇ ਬ੍ਰਾਹਮਣ ਉੱਤਮ ਅਤੇ ਖੱਤਰੀ ਨੀਵੇਂ ਸਨ, ਤ੍ਰੇਤਾ ਯੁੱਗ ਵਿਚ ਉਹ ਬਰਾਬਰ ਦੇ ਸ਼ਕਤੀਸ਼ਾਲੀ ਬਣ ਗਏ (ਉਹੀ, ਛੰਦ-13) ਰਾਮਾਇਣ ਅਨੁਸਾਰ ਸਤਿਯੁੱਗ ਵਿਚ, ਅਧਰਮ ਲਈ ਕੋਈ ਥਾਂ ਨਹੀਂ ਸੀ ਪਰ ਤ੍ਰੇਤੇ ਯੁੱਗ ਵਿਚ ਅਧਰਮ ਨੇ ਇੱਕ ਪੈਰ ਜ਼ਮੀਨ ਉੱਤੇ ਰੱਖਿਆ (ਉਹੀ, ਛੰਦ-14) ਤ੍ਰੇਤੇ ਯੁੱਗ ਦੀ ਇੱਕ ਹੋਰ ਵਿਸ਼ੇਸ਼ਤਾ ਦਾ ਵਰਣਨ ਕਰਦਿਆਂ ਰਾਮਾਇਣ ਵਿਚ ਕਿਹਾ ਗਿਆ ਹੈ ਕਿ "ਤ੍ਰੇਤੇ ਯੁੱਗ ਵਿਚ ਬ੍ਰਾਹਮਣ ਅਤੇ ਖੱਤਰੀ ਹੀ ਸਾਰੇ ਤਪੱਸਿਆ ਕਰਦੇ ਹਨ। ਹੋਰ ਵਰਣਾਂ ਦੇ ਲੋਕ ਸੇਵਾ ਦਾ ਕੰਮ ਕਰਦੇ ਹਨ(ਉਹੀ, ਛੰਦ-20)। 

ਵੈਸ਼ਾਂ ਨੇ ਖੇਤੀਬਾੜੀ ਆਦਿ ਰਾਹੀਂ ਬ੍ਰਾਹਮਣਾਂ ਆਦਿ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੂਦਰਾਂ ਨੇ ਸਾਰੇ ਵਰਣਾਂ [ਤਿੰਨਾਂ ਵਰਣਾਂ] ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। (ਉਹੀ, ਸਲੋਕ-21)


ਵਾਲਮੀਕ ਦੁਆਪਰ ਯੁੱਗ ਬਾਰੇ ਲਿਖਦੇ ਹਨ ਕਿ " ਅਧਰਮ ਧਰਤੀ 'ਤੇ ਆਪਣਾ ਦੂਜਾ ਪੈਰ ਰੱਖਦਾ ਹੈ। ਦੂਜੇ ਪੜਾਅ ਦੇ ਕਾਰਨ, ਉਸ ਯੁੱਗ ਨੂੰ ਦੁਆਪਰ' ਦਾ ਨਾਮ ਦਿੱਤਾ ਗਿਆ ਸੀ(ਉਹੀ, ਸਲੋਕ-23)। ਵਰਣ ਅਧਾਰਿਤ ਦੁਆਪਰ ਯੁੱਗ ਦੀ ਵਿਸ਼ੇਸ਼ਤਾ ਦੀ ਵਿਆਖਿਆ ਕਰਦੇ ਹੋਏ ਵਾਲਮੀਕਿ ਲਿਖਦੇ ਹਨ ਕਿ "ਦੁਆਪਰ ਯੁੱਗ ਵਿਚ, ਤਪੱਸਿਆ ਦਾ ਕਰਮ ਵੈਸ਼ ਨੂੰ ਵੀ ਪ੍ਰਾਪਤ ਹੋਇਆ। ਇਸ ਤਰਾਂ ਤਿੰਨ ਯੱਗਾਂ ਵਿਚ ਕ੍ਰਮਵਾਰ ਤਿੰਨ ਵਰਣਾਂ ਨੇ ਤਪੱਸਿਆ ਦੇ ਰੂਪ ਵਿਚ ਧਰਮ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ ।

ਕਿਉਂਕਿ ਰਾਮ ਦੇ ਯੁੱਗ (ਤੇਤਾ ਯੱਗ) ਵਿਚ ਸ਼ੁਦਰ ਨੂੰ ਤਪੱਸਿਆ ਕਰਨ ਦਾ ਅਧਿਕਾਰ ਨਹੀਂ ਸੀ ਅਤੇ ਇਸ ਯੁੱਗ ਵਿਚ ਸ਼ੰਬੂਕ ਤਪੱਸਿਆ ਕਰ ਰਿਹਾ ਸੀ. ਇਸ ਲਈ ਵਰਨਾਸ਼ਰਮ ਧਰਮ ਦੀ ਉਲੰਘਣਾ ਕਰਨ ਲਈ, ਰਾਮ ਨੇ ਆਪਣੀ ਤਲਵਾਰ ਨਾਲ ਸ਼ੰਬੂਕ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।


ਕਿਉਂਕਿ ਕਲਯੁੱਗ ਦੇ ਸੰਦਰਭ ਵਿਚ ਵਾਲਮੀਕਿ ਜੀ ਲਿਖਦੇ ਹਨ ਕਿ "ਹੇ ਨ੍ਰਿਪ ਸ਼ਿਰੋਮਣੀ! ਇੱਕ ਸਮਾਂ ਆਵੇਗਾ ਜਦੋਂ ਇੱਕ ਨੀਵੀਂ ਜਾਤ ਦਾ ਮਨੁੱਖ [ਸ਼ੂਦਰ] ਵੀ ਵੱਡੀ ਤਪੱਸਿਆ ਕਰੇਗਾ। ਉਹ ਯੁੱਗ ਕਲਯੁੱਗ ਹੋਵੇਗਾ। 


ਉਪਰੋਕਤ ਤੁਕਾਂ ਨੂੰ ਵੇਖਦਿਆਂ ਸਹਿਜੇ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਚਾਰ ਯੁੱਗਾਂ ਦੀ ਵੰਡ ਪੂਰੀ ਤਰ੍ਹਾਂ ਵਰਨਾਸ਼ਰਮ ਧਰਮ ਅਤੇ ਬ੍ਰਾਹਮਣ ਕੇਂਦਰਿਤ ਹੈ। ਕਲਯੁੱਗ ਨੂੰ ਸਭ ਤੋਂ ਪਤਿਤ ਯੁੱਗ ਕਿਹਾ ਗਿਆ ਹੈ ਕਿਉਂਕਿ ਇਸ ਵਿਚ ਸ਼ੂਦਰਾਂ ਨੇ ਬ੍ਰਾਹਮਣਾਂ, ਕਸ਼ੱਤਰੀਆਂ ਅਤੇ ਵੈਸ਼ਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਚੁਣੌਤੀ ਦੇਣਾ ਸ਼ੁਰੂ ਕਰ ਦਿੱਤਾ ਅਤੇ ਦਵਿਜ ਵਰਣਾਂ ਦੁਆਰਾ ਪ੍ਰਾਪਤ ਅਧਿਕਾਰਾਂ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ। ਗੀਤਾ ਵਿਚ ਵਾਲਮੀਕ ਵਾਂਗ ਕਲਯੁੱਗ ਦੀ ਇੱਕ ਵਿਸ਼ੇਸ਼ਤਾ ਦੱਸਦਿਆਂ ਕਿਹਾ ਗਿਆ ਹੈ ਕਿ ਇਸ ਯੁੱਗ ਵਿਚ ਸੂਦਰ ਬ੍ਰਾਹਮਣਾਂ ਦੇ ਬਰਾਬਰ ਹੋਣ ਲੱਗ ਪੈਂਦੇ ਹਨ।

ਤੁਲਸੀਦਾਸ ਲਿਖਦੇ ਹਨ ਕਿ ਕਲਯੁੱਗ ਵਿਚ ਲੋਕ ਸੰਨਿਆਸੀ ਬਣਨ ਲੱਗਦੇ ਹਨ।

( ਹਿੰਦੂ ਧਰਮ ਦੇ ਰਹੱਸ 185,186 )

ਇਹ ਪੁਸਤਕ ਸੰਖੇਪ ਵਿੱਚ ਸਮੁੱਚੇ ਹਿੰਦੂਤਵ ਨੂੰ ਸਮਝਣ ਲਈ ਅੱਜ ਦੇ ਯੁੱਗ ਵਿੱਚ ਹੋਰ ਵੀ ਵਧੇਰੇ ਪ੍ਰਸੰਗਕ ਹੋ ਜਾਂਦੀ ਹੈ ਜਦੋਂ ਹਿੰਦੂਵਾਦੀ ਸੰਕੀਰਨ ਸੋਚ ਦਿਨ ਪ੍ਰਤੀ

 ਦਿਨ ਵਿਰੋਧੀਆਂ ਪਰ ਤਿੱਖੇ ਹਮਲੇ ਕਾਰਨ ਵੱਲ ਰੁਚਿਤ ਹੋ ਰਹੀ ਹੋਵੇ।