dr t virli

dr t virli

Tuesday 5 November 2013

ਦਿੱਲੀ ਵਿਧਾਨ ਸਭਾ ਦੀਆਂ ਚੋਣਾ ਤੇ ਆਮ ਆਦਮੀ ਪਾਰਟੀ

ਡਾ. ਤੇਜਿੰਦਰ ਵਿਰਲੀ (9464797400)
ਇਕ ਤੋਂ ਬਾਦ ਇਕ ਘੁਟਾਲੇ ਦਾ ਪਰਦਾਫਾਸ ਕਰਨ ਤੋਂ ਬਾਦ ਹੁਣ ਅਰਵਿੰਦ ਕੇਜਵਰੀਵਾਲ ਤੇ ਉਨ੍ਹਾਂ ਦੀ ਟੀਮ ਨੇ ‘ ਆਮ ਆਦਮੀ ਪਾਰਟੀ ’ ਬਣਉਣ ਦਾ ਐਲਾਨ ਕੀਤਾ ਸੀ। ਪਾਰਟੀ ਬਣਾਉਣ ਨੂੰ ਲੈਕੇ ਹੀ ਟੀਮ ਅੰਨਾਂ ਵਿਚ ਦੋਫਾੜ ਹੋਇਆ ਸੀ ਪਰ ਟੀਮ ਕੇਜਰੀਵਾਲ ਨੇ ਟੀਮ ਅੰਨਾਂ ਤੋਂ ਵੱਖ ਹੋਕੇ ਆਪਣੀ ਵੱਖਰੀ ਹੋਂਦ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਇਸ ਗੱਲ ਦਾ ਅਹਿਸਾਸ ਵੀ ਭਾਰਤ ਦੇ ਆਮ ਲੋਕਾਂ ਨੂੰ ਕਰਵਾ ਦਿੱਤਾ ਹੈ ਭਾਰਤ ਦੀ ਸਤਾ ਉਪਰ ਕਾਬਜ ਧਿਰਾਂ ਤੇ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀਆਂ ਰਾਜਸੀ ਧਿਰਾਂ ਦਾ ਨਾਪਾਕ ਗਠਜੋੜ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। 
   
ਅਰਵਿੰਦ ਕੇਜਰੀਵਾਲ ਨੇ ਪਿੱਛਲੇ ਦਿਨ੍ਹਾਂ ਵਿਚ ਮੀਡੀਆ ਦੇ ਸਾਹਮਣੇ ਸਬੂਤਾਂ ਸਮੇਤ ਇਲਜਾਮ ਲਾਏ ਕਿ ਸੋਨੀਆਂ ਦੇ ਜਵਾਈ ਸ਼੍ਰੀ ਰਾਬਰਟ ਵਡੇਰਾਂ ਨੇ ਸਰਕਾਰ ਦੇ ਨਾਲ ਆਪਣੀ ਨਜ਼ਦੀਕੀ ਰਿਸ਼ਤੇਦਾਰੀ ਦੇ ਪ੍ਰਭਾਵ ਕਰਕੇ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਈ ਹੈ।
ਕੇਜ਼ਰੀਵਾਲ ਦਾ ਦੂਸਰਾ ਬੰਬ ਬੀ.ਜੇ.ਪੀ ਉਪਰ ਡਿਗਿਆ, ਦੇਸ਼ ਦੀ ਵੱਡੀ ਵਿਰੋਧੀ ਧਿਰ ਦਾ ਪ੍ਰਧਾਨ ਸ਼੍ਰੀ ਨਿਤਿਨ ਗਟਕਰੀ ਕਿਵੇ ਇਕ ਸਧਾਰਨ ਵਿਅਕਤੀ ਤੋਂ ਕੁਝ ਸਾਲਾਂ ਵਿਚ ਹੀ ਮਾਲੋਂ ਮਾਲ ਹੋਕੇ ਆਮ ਤੋਂ ਖਾਸ ਹੋ ਗਿਆ। ਜੋ ਵਡੇਰਾ ਦੇ ਸੰਬੰਧ ਵਿਚ ਕਾਂਗਰਸ ਨੇ ਕੀਤਾ ਉਸੇ ਤਰ੍ਹਾਂ ਦਾ ਇਮਾਨਦਾਰੀ ਦਾ ਸਾਰਟੀਫੀਕੇਟ ਨਿਤਿਨ ਗਟਕਰੀ ਨੂੰ ਵੀ ਉਸ ਦੀ ਪਾਰਟੀ ਤੇ ਸਹਿਯੋਗੀਆਂ ਨੇ ਦੇ ਦਿੱਤਾ ਹੈ।
ਕੇਜਰੀਵਾਲ ਦਾ ਤੀਸਰਾ ਵਾਰ ਰੀਲਾਇਸ ਕੰਪਣੀ ਉਪਰ ਸੀ ਇਸ ਕੰਪਣੀ ਨੂੰ ਭਾਰਤ ਦੀਆਂ ਹੁਣ ਤੱਕ ਦੀਆਂ ਸਭ ਸਰਕਾਰਾਂ ਨੇ ਕਿਵੇਂ ਰਾਸਟਰ ਨਾਲੋਂ ਵੱਡਿਆਂ ਕੀਤਾ? ਇਸ ਦੇ ਬਦਲੇ ਵਿਚ ਰੀਲਾਇਸ ਮਦਦ ਕਰਨ ਵਾਲੀਆਂ ਧਿਰਾਂ ਨੂੰ ਕਿੱਦਾਂ ਲਾਭ ਪਹੁੰਚਾਦੀ ਹੈ। ਇਸ ਵਰਤਾਰੇ ਦੀਆਂ ਸਾਰੀਆਂ ਤੈਆਂ ਕੇਜਰੀਵਾਲ ਦੀ ਟੀਮ ਨੇ ਖੋਲ੍ਹ ਦਿੱਤੀਆਂ ਹਨ। ਭਾਂਵੇ ਰੀਲਾਇਸ ਸਮੇਤ ਸਾਰੀਆਂ ਹੀ ਧਿਰਾਂ ਨੇ ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਐਲਾਨ ਆਪੇ ਹੀ ਕਰ ਦਿੱਤਾ ਹੈ ਪਰ ਆਮ ਆਦਮੀ ਇਸ ਸਾਰੇ ਵਰਤਾਰੇ ਨੂੰ ਪੜ੍ਹ ਤੇ ਸਮਝ ਰਿਹਾ ਹੈ, ਕਿ ਦੇਸ਼ ਵਿਚ ਆਖਰ ਕੀ ਕੀ ਹੋ ਰਿਹਾ ਹੈ?
ਦੇਸ਼ ਵਿਚ ਠੱਗੀਆਂ ਮਾਰਕੇ ਕਮਾਏ ਕਾਲੇ ਧੰਨ ਦੇ ਅੰਬਾਰ ਸੰਸਾਰ ਦੀਆਂ ਵੱਖ ਵੱਖ ਬੈਂਕਾਂ ਵਿਚ ਕਿਵੇਂ ਲੱਗੇ ਹੋਏ ਹਨ? ਕੇਜਰੀਵਾਲ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਇਸ ਕਠਿਨ ਕਾਰਜ ਨੂੰ ਵੀ ਆਰੰਭ ਦਿੱਤਾ ਸੀ।
ਟੀਮ ਕੇਜਰੀਵਾਲ ਨੇ ਆਪਣੇ ਗੈਰ ਪਾਰਲੀਮਾਨੀ ਸੰਘਰਸ਼ਾਂ ਨਾਲ ਉਹ ਸਪੇਸ ਮੱਲ ਲਈ ਹੈ ਜਿਹੜੀ ਭਾਰਤ ਦੀਆਂ ਖੱਬੀਆਂ ਪਾਰਟੀਆਂ ਨੇ ਖਾਲੀ ਛੱਡੀ ਹੋਈ ਸੀ। ਕੇਜਰੀਵਾਲ ਦੀ ਪਾਰਟੀ ਦੀ ਜਿੰਨੀ ਸਮਰਥਾ ਹੈ ਉਹ ਉਸ ਤੋਂ ਵੱਧਕੇ ਕੰਮ ਕਰ ਰਹੀ ਹੈ। ਇਸ ਪਾਰਟੀ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਹੈ ਉਹ ਹੈ ਕਿ ਭਾਰਤੀ ਰਾਜਨੀਤੀ ਵਿਚ ਸਰਗਰਮ ਵੱਖ ਵੱਖ ਪਾਰਟੀਆਂ ਨੂੰ ਇਕੋਂ ਥਾਲੀ ਦੇ ਚੱਟੇ ਵੱਟੇ ਸਿੱਧ ਕਰ ਦਿੱਤਾ ਹੈ। ਜਿਨ੍ਹਾਂ ਦਾ ਰਾਜਸੀ ਪ੍ਰੋਗਰਾਮ ਇਕੋ ਹੀ ਹੈ ਪਰ ਚੋਣ ਨਿਸ਼ਾਨ ਵੱਖਰੇ ਵੱਖਰੇ ਹਨ।
ਆਮ ਆਦਮੀ ਪਾਰਟੀ ਜਮਹੂਰੀਅਤ ਦੇ ਵਿਕੇਂਦਰੀਕਰਨ ਦੇ ਸਿਧਾਂਤ ਉੱਪਰ ਖੜੀ ਹੈ। ਕੇਜ਼ਰੀਵਾਲ ਦੇ ਮੁਤਾਬਕ ਇਹ ਜਮਹੂਰੀਅਤ ਦਾ ਵਿਕੇਂਦਰੀਕਰਨ ਪਾਰਟੀ ਦੇ ਅੰਦਰ ਵੀ ਲਾਗੂ ਰਹੇਗਾ ਤੇ ਸਰਕਾਰ ਦੇ ਅੰਦਰ ਵੀ। ਪਾਰਟੀ ਦਾ ਸਾਰਾ ਕੰਮ ਪਾਰਦਰਸ਼ੀ ਹੋਵੇਗਾ ਇਸ ਸੰਬੰਧੀ ਵੀ ਐਲਾਨ ਕੀਤਾ ਗਿਆ ਹੈ।
ਦਿੱਲੀ ਵਿਚ ਜਿੱਥੋਂ ਇਸ ਟੀਮ ਦਾ ਆਗਾਜ ਹੋ ਰਿਹਾ ਹੈ। ਉੱਥੇ ਲੋਕਾਂ ਦੇ ਮਨਾਂ ਵਿਚ ਉਤਸ਼ਾਹ ਵੀ ਹੈ ਤੇ ਇਕ ਆਸ ਦੀ ਕਿਰਨ ਵੀ ਦਿਖਾਈ ਦਿੰਦੀ ਹੈ ਕਿ ਇਹ ਲੋਕ ਹੁਣ ਤਬਦੀਲੀ ਚਾਹੁੰਦੇ ਹਨ। ਸਿਆਸਤ ਦੀਆਂ ਵੱਡੀਆਂ ਹਸਤੀਆਂ ਇਸ ਗੱਲ ਦੇ ਵੀ ਸੰਕੇਤ ਦਿੰਦੀਆਂ ਹਨ ਕਿ ਆਮ ਆਦਮੀ ਪਾਰਟੀ ਨੂੰ ਇਹ ਸਭ ਕੁਝ ਏਨਾਂ ਅਸਾਨ ਨਹੀਂ। ਕਿਉਂਕਿ ਭਾਰਤੀ ਲੋਕਤੰਤਰ ਵਿਚ ਚੋਣਾ ਇਕ ਜਟਲ ਤੇ ਖਾਸ ਕਿਸਮ ਦਾ ਕਾਰਜ ਹੈ ਜਿਹੜਾ ਦੇਖਣ ਨੂੰ ਸਰਲ ਹੈ ਪਰ ਹੈ ਬੜਾ ਹੀ ਜਟਲ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਚੋਣਾ ਤੋਂ ਭੱਜ ਹੀ ਜਾਇਆ ਜਾਵੇ। ਭਾਰਤ ਦੀ ਜਮਹੂਰੀਅਤ ਨੂੰ ਇਕੋਂ ਥਾਲੀ ਦੇ ਚੱਟੇ ਵੱਟਿਆਂ ਤੋਂ ਹੀ ਖਾਸ ਕਿਸਮ ਦਾ ਖਤਰਾ ਸੀ। ਇਸੇ ਕਰਕੇ ਆਮ ਆਦਮੀ ਵੋਟ ਪਾਉਣ ਹੀ ਨਹੀਂ ਸੀ ਜਾਂਦਾ ਜੇ ਲੋਕਾਂ ਦਾ ਭਰੋਸਾ ਜਮਹੂਰੀਅਤ ਵਿਚ ਜੀਵਤ ਰੱਖਣਾ ਹੈ ਤਾਂ ਜਰੂਰੀ ਹੈ ਕਿ ਲੋਕ ਪੱਖੀ ਸਿਆਸਤ ਦਾ ਅਧਿਆਇ ਆਰੰਭ ਹੋਵੇ। ਕੀ ਇਹ ਆਰੰਭ ਆਮ ਆਦਮੀ ਪਾਰਟੀ ਦੇ ਨਾਲ ਹੁੰਦਾ ਹੈ ਜਾਂ ਨਹੀਂ? ਇਸ ਨੇ ਵੀ ਕਈ ਬੁਨਿਆਦੀ ਸਵਾਲ ਹੱਲ ਕਰਨੇ ਹਨ।
ਇਸੇ ਨਾਲ ਜੁੜਦਾ ਇਕ ਸਵਾਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਕੀ ਲੋਕਾਂ ਦੀਆਂ ਆਸਾਂ ਉਪਰ ਖਰੀ ਉਤਰਦੀ ਹੈ ਜਾਂ ਨਹੀਂ? ਕੀ ਉਹ ਹਰ ਪਾਸੇ ਫੈਲੇ ਭਰਿਸ਼ਟਾਚਾਰ ਨੂੰ ਘੱਟ ਕਰਨ ਲਈ ਕੁਝ ਕਰ ਪਾਉਂਦੀ ਹੈ ਕਿ ਨਹੀਂ? ਕੀ ਆਮ ਆਦਮੀ ਦੀਆਂ ਵਧ ਰਹੀਆਂ ਉਮੀਦਾਂ ਉੱਪਰ ਖਰੀ ਉਤਰਦੀ ਹੈ ਕਿ ਨਹੀ? ਇਹ ਬੁਨਿਆਦੀ ਸਵਾਲ ਹਨ ਜੋ ਮੰਗ ਕਰਦੇ ਹਨ ਕਿ ਪਾਰਟੀ ਅੱਗੋਂ ਕਿਸ ਪਾਸੇ ਨੂੰ ਮੋੜ ਕੱਟਦੀ ਹੈ। ਪਰ ਇਸ ਵਿਚ ਵੀ ਭੋਰਾ ਜਿਨ੍ਹਾਂ ਛੱਕ ਨਹੀਂ ਹੈ ਕਿ ਅੱਜ ਆਮ ਆਦਮੀ ਦਾ ਜੀਵਨ ਹਰ ਪਾਸੇ ਤੋਂ ਨਰਕ ਬਣਿਆ ਹੋਇਆ ਹੈ। ਉਹ ਇਸ ਨਰਕ ਵਿੱਚੋਂ ਬਾਹਰ ਨਿਕਲਣਾ ਚਾਹੰੁਦਾ ਹੈ। ਪਰ ਸਰਕਾਰ ਕੋਲ ਹੋਰ ਬੜਾ ਕੁਝ ਹੈ ਕਿ ਉਹ ਲਾਲਚ ਦੇ ਕਿ ਉਸ ਆਮ ਆਦਮੀ ਨੂੰ ਮਜਬੂਰ ਕਰ ਸਕਦੀ ਹੈ ਕਿ ਉਹ ਅਜੇ ਉਸ ਨੂੰ ਹੋਰ ਮੌਕਾ ਦੇ ਦੇਵੇ। ਜਿਸ ਤਰ੍ਹਾਂ ਪਿਛਲੇ 65 ਸਾਲਾਂ ਤੋਂ ਹੁੰਦਾ ਆ ਰਿਹਾ ਹੈ।
ਕਿਉਂਕਿ ਭਾਰਤੀ ਰਾਜਨੀਤੀ ਵਿਚ ਲੋਕਤੰਤਰ ਪੈਸੇ ਤੇ ਨਸ਼ੇ ਦੇ ਨਾਲ ਪ੍ਰਭਾਵਿਤ ਹੋ ਜਾਂਦਾ ਹੈ ਇਸ ਲਈ ਕੇਜਰੀਵਾਲ ਦੀ ਟੀਮ ਵੋਟਾਂ ਵਿਚ ਕੋਈ ਬਹੁਤ ਵਧੀਆਂ ਪ੍ਰਦਰਸ਼ਨ ਕਰ ਸਕੇਗੀ ਇਸ ਬਾਰੇ ਅਜੇ ਕੋਈ ਖਾਸ ਟਿੱਪਣੀ ਨਹੀ ਕੀਤੀ ਜਾ ਸਕਦੀ ਪਰ ਇਸ ਗੱਲ ਤੋਂ ਅੱਜ ਦੀ ਤਰੀਕ ਵਿਚ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੇਜਰੀਵਾਲ ਦਾ ਅੱਜ ਤੱਕ ਦਾ ਕੀਤਾ ਕੰਮ ਆਮ ਆਦਮੀ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ। ਭਾਰਤ ਵਿਚ ਕਾਰਜਸ਼ੀਲ ਹੋਰ ਇਮਾਨਦਾਰ ਪਾਰਟੀਆਂ ਜਿਨ੍ਹਾਂ ਦਾ ਦਾਮਨ ਸਾਫ ਹੈ ਜਿਨਾਂ ਨੇ ਕੋਲੇ ਦੀ ਖਾਨ ਵਿਚ ਰਹਿ ਕੇ ਵੀ ਆਪਣੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਉਹ ਦੇਰ ਸਵੇਰ ਟੀਮ ਕੇਜਰੀਵਾਲ ਦੀ ਧਿਰ ਬਣਨਗੀਆਂ ਜਾ ਨਹੀਂ ? ਦੇਸ਼ ਦਾ ਨੇੜਲਾ ਭਵਿੱਖ ਇਸ ਗੱਲ ਉੱਪਰ ਨਿਰਭਰ ਕਰਦਾ ਹੈ। ਨਾ ਕੇ ਦੋ ਚਾਰ ਹਫਤਿਆਂ ਵਿਚ ਆਉਂਦੀਆਂ ਚੋਣਾ ਉੱਪਰ। ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਸੰਸਦ ਨੂੰ ਜਾਂਣ ਵਾਲਾ ਰਸਤਾ ਲੋਕ ਸੰਘਰਸ਼ਾਂ ਵਿੱਚੋਂ ਦੀ ਲੰਘਕੇ ਹੀ ਜਾਂਦਾ ਹੈ। ਜਿਸ ਰਸਤੇ ੳੱੁਪਰ ਚੱਲਣ ਕਰਕੇ ਆਮ ਆਦਮੀ ਪਾਰਟੀ ਅੱਜ ਦਿਲੀ ਵਿਧਾਨ ਸਭਾ ਦੀਆਂ ਚੋਣਾ ਵਿਚ ਕਾਂਗਰਸ ਤੇ ਬੀਜੇਪੀ ਦੇ ਬਾਰਬਰ ਦੀ ਧਿਰ ਬਣਕੇ ਉਭਰੀ ਹੈ। ਭਵਿੱਖ ਵਿਚ ਹੋਏ ਤਜਰਬੇ ਇਹ ਵੀ ਦੱਸਦੇ ਹਨ ਕਿ ਰਾਜਸੀ ਤਬਦੀਲੀਆਂ ਇਕ ਦਮ ਵੀ ਆ ਜਾਂਦੀਆਂ ਹਨ। ਜਿਸ ਕਿਸਮ ਦੀਆਂ ਤਬਦੀਲੀਆਂ ਆਉਣ ਦੇ ਸੰਕੇਤ ਭਾਰਤ ਦਾ ਬੁਰਜ਼ਵਾ ਮੀਡੀਆ ਹੁਣ ਸੰਕੇਤ ਦੇਣ ਲੱਗ ਪਿਆ ਹੈ ਕਿ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਸਹਿਯੋਗ ਤੋਂ ਬਿਨ੍ਹਾਂ ਨਹੀਂ ਬਣੇਗੀ। ਇਹ ਇਕ ਬਹੁਤ ਹੀ ਵੱਡੀ ਗੱਲ ਹੈ ਕਿ ਇਮਾਨਦਾਰੀ ਨਾਲ ਚੱਲਣ ਵਾਲੀ ਪਾਰਟੀ ਦਾ ਕਾਂਗਰਸ ਤੇ ਬੀਜੇਪੀ ਵਰਗੀਆਂ ਪਾਰਟੀਆਂ ਦੇ ਬਰਾਬਰ ਆ ਕੇ ਖੜ ਜਾਣਾ ਕੋਈ ਛੋਟੀ ਜਿਹੀ ਗੱਲ ਨਹੀਂ। ਪਰ ਇਸ ਦੇ ਨਾਲ ਹੀ ਇਹ ਵੀ ਚਿੰਤਾ ਹੈ ਕਿ ਕੀ ਕੇਜ਼ਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਤਾ ਉਪਰ ਕਾਬਜ਼ ਹੋਕੇ ਆਪਣਾ ਦਾਮਨ ਸਾਫ ਰੱਖ ਸਕੇਗੀ ਭਾਂਵੇ ਕਿ ਇਸ ਪਾਰਟੀ ਦੇ ਸਾਰੇ ਹੀ ਆਗੂ ਇਮਾਨਦਾਰ ਤੇ ਸਾਫ ਸੁਥਰੀ ਸ਼ਵੀ ਵਾਲੇ ਹੀ ਹਨ। ਪਰ ਇਸ ਪਾਰਟੀ ਦਾ ਸਿਧਾਂਤਕਾਰ ਤੇ ਕਰਤਾ ਧਰਤਾ ਕੇਜ਼ਰੀਵਾਲ ਇਸ ਸਾਰੇ ਨੂੰ ਇਕੱਠਾ ਕਰਕੇ ਚਲ ਸਕੇਗਾ ਕੇ ਨਹੀਂ? ਇਹ ਬੁਨਿਆਦੀ ਸਵਾਲ ਹਨ ਜਿਹੜੇ ਤੌਖਲੇ ਖੜੇ ਕਰਦੇ ਹਨ ਕਿ ਜੇ ਇਹ ਵੋਟਾਂ ਲੈਕੇ ਬਾਕੀ ਪਾਰਟੀਆਂ ਵਰਗੇ ਹੀ ਹੋ ਜਾਣਗੇ ਤਾਂ ਲੋਕਾਂ ਦਾ ਵਿਸ਼ਵਾਸ ਕਿਸੇ ਵੀ ਇਮਾਨਦਾਰ ਫਲਸਫੇ ਵਾਲੀ ਧਿਰ ਤੋਂ ਵੀ ਉਠ ਜਾਵੇਗਾ। ਇਹ ਜਿੰਮੇਵਾਰੀ ਵੀ ਆਮ ਆਦਮੀ ਪਾਰਟੀ ਦੇ ਸਿਰ ਆਣ ਪਈ ਹੈ। ਇਹ ਤਾਂ ਵਕਤ ਨੇ ਹੀ ਦੱਸਣਾ ਹੈ ਕਿ ਪਾਰਟੀ ਇਸ ਜਿੰਮੇਵਾਰੀ ਨੂੰ ਕਿਵੇਂ ਨਿਭਾਉਂਦੀ ਹੈ? ਜਦਕਿ ਇਹ ਗੱਲ ਤਾਂ ਹੁਣ ਯਕੀਨੀ ਹੀ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਸਤਾ ਉਪਰ ਜੇ ਕਾਬਜ਼ ਨਹੀਂ ਵੀ ਹੁੰਦੀ ਤਾਂ ਵੀ ਦਿੱਲੀ ਦੀ ਵਿਧਾਨ ਸਭਾ ਵਿਚ ਇਸ ਦਾ ਰੋਲ ਰਹੇਗਾ।

No comments:

Post a Comment